‘ਸ਼ਹਿਰ ਮੇਰੇ `ਚ ਹਵਾ ’ਤੇ ਚੜ੍ਹ ਕੇ ਇਹ ਕਿਹੜਾ ਦਿਓ ਆਇਆ ਹੈ?’

ਆਮ-ਖਾਸ

ਸੁਸ਼ੀਲ ਦੁਸਾਂਝ
ਫੋਨ:+91-9888799870
ਦੁਨੀਆ ਤਰੱਕੀ ’ਤੇ ਹੈ, ਨਾਲ ਹੀ ਅੰਧ-ਵਿਸ਼ਵਾਸ ਵੀ।
ਜੇ ਇਹ ਕਿਹਾ ਜਾਵੇ ਕਿ ਨਵੀਆਂ ਵਿਗਿਆਨਕ ਤਕਨੀਕਾਂ ਦੀ ਘਨੇੜੀ ਚੜ੍ਹ ਕੇ ਅੰਧ-ਵਿਸ਼ਵਾਸ ਕਈ ਮੀਲ ਲੰਮੀਆਂ ਛਾਲਾਂ ਮਾਰ ਰਿਹਾ ਹੈ ਤਾਂ ਸ਼ਾਇਦ ਤੁਰੰਤ ਯਕੀਨ ਨਾ ਆਵੇ, ਪਰ ਥੋੜ੍ਹਾ ਗਹੁ ਨਾਲ ਆਪਣੇ ਆਲੇ-ਦੁਆਲੇ ਤੱਕਿਆਂ ਹੀ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ।

ਇਹ ਕਿਵੇਂ ਹੋ ਸਕਦਾ ਹੈ?
ਵਿਗਿਆਨ ਦਾ ਯੁੱਗ ਤਾਂ ਅੰਧ-ਵਿਸ਼ਵਾਸਾਂ ਦੀ ਮੌਤ ਦਾ ਸਬੱਬ ਬਣਨਾ ਚਾਹੀਦਾ ਹੈ, ਪਰ ਇੱਥੇ ਸਭ ਕੁਝ ਹੀ ਉਲਟਾ ਹੋ ਰਿਹਾ ਹੈ। ਜਿੱਥੇ-ਜਿੱਥੇ ਵਿਗਿਆਨ ਨਵੀਆਂ ਸਿਖਰਾਂ ਛੂਹ ਰਿਹਾ ਹੈ, ਨਵੀਂ ਤੋਂ ਨਵੀਂ ਤਕਨੀਕ ਤਰੱਕੀ ਦੇ ਅਸੀਮ ਰਸਤੇ ਖੋਲ੍ਹ ਰਹੀ ਹੈ, ਮਨੁੱਖ ਚੰਨ ਦੇ ਨਾਲ-ਨਾਲ ਮੰਗਲ ਉਤੇ ਵੀ ਘਰ ਵਸਾਉਣ ਦੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਯਤਨ ਕਰ ਰਿਹਾ ਹੈ, ਉੱਥੇ-ਉੱਥੇ ਸਾਡੇ ਡਰਾਂ ਅੱਗੇ ਅੰਧ-ਵਿਸ਼ਵਾਸਾਂ ਦੀ ਦਸਤਕ ਵੀ ਤੇਜ਼ ਹੁੰਦੀ ਜਾ ਰਹੀ ਹੈ। ਬੜਾ ਅਜੀਬ ਅਤੇ ਹੈਰਾਨ ਕਰਨ ਵਾਲਾ ਵਰਤਾਰਾ ਹੈ ਇਹ। ਇਸ ਵਰਤਾਰੇ ਨੂੰ ਸਮਝਣ ਲਈ ਥੋੜ੍ਹਾ ਪਿੱਛੇ ਮੁੜ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਤਕਨੀਕ ਨੇ ਸਾਡੀ ਜ਼ਿੰਦਗੀ ਨੂੰ ਸੌਖਾ ਬਣਾਇਆ ਹੈ, ਪਰ ਉਸੇ ਤਕਨੀਕ ਨੂੰ ਵਰਤ ਕੇ ਅੰਧ-ਵਿਸ਼ਵਾਸਾਂ ਨੂੰ ਨਵਾਂ ਜੀਵਨ ਮਿਲ ਰਿਹਾ ਹੈ। ਪਹਿਲਾਂ ਜਿੱਥੇ ਲੋਕ ਪਿੰਡਾਂ ਵਿੱਚ ਬੈਠੇ ਬਾਬਿਆਂ ਕੋਲ ਜਾਂਦੇ ਸਨ, ਹੁਣ ਉਹੀ ਬਾਬੇ ਮੋਬਾਇਲ ਅੱਗੇ ਆ ਗਏ ਹਨ। ਇਹ ਬਦਲਾਅ ਸਿਰਫ਼ ਰੂਪ ਵਿੱਚ ਨਹੀਂ, ਗਤੀ ਵਿੱਚ ਵੀ ਹੈ- ਪਹਿਲਾਂ ਇੱਕ ਚਿੱਠੀ ਨੂੰ ਪਹੁੰਚਣ ਵਿੱਚ ਕਈ ਕਈ ਦਿਨ ਲੱਗਦੇ ਸਨ, ਹੁਣ ਇੱਕ ਕਲਿੱਕ ਨਾਲ ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ।
ਦਰਅਸਲ, ਇਹ ਗੱਲਾਂ ਕਰਨ ਦਾ ਸਬੱਬ ਬਣਿਆ ਹੈ ਮੇਰੇ ਮੋਬਾਇਲ ਫ਼ੋਨ ਅੱਗੇ ਆਇਆ ਇੱਕ ਵ੍ਹੱਟਸਐਪ ਮੈਸੇਜ। ਇਹ ਮੈਸੇਜ ਤੁਸੀਂ ਵੀ ਪੜ੍ਹੋ-
‘ਜੈ ਭੋਲੇ ਨਾਥ। ਭੋਲੇ ਨਾਥ- ਸਭ ਕੇ ਸਾਥ। ਇਹ ਮੈਸੇਜ ਹੁਣੇ ਆਪਣੇ 20 ਦੋਸਤਾਂ ਨੂੰ ਕਰੋ ਤਾਂ ਸਿਰਫ਼ 7 ਘੰਟਿਆਂ ਵਿੱਚ ਤੁਹਾਨੂੰ ਅਪਾਰ ਖ਼ੁਸ਼ੀਆਂ ਦਾ ਭੰਡਾਰ ਮਿਲੇਗਾ। ਤੁਹਾਡੀ ਹਰ ਇੱਛਾ ਪੂਰੀ ਹੋਵੇਗੀ, ਪਰ ਜੇ ਤੁਸੀਂ ਇਹ ਮੈਸੇਜ ਨਹੀਂ ਭੇਜੋਗੇ ਤਾਂ ਅਗਲੇ 7 ਸਾਲ ਤੁਹਾਡੇ ਬੁਰੇ ਲੰਘਣਗੇ। -ਜੈ ਭੋਲੇ ਨਾਥ।’
ਇਹ ਮੈਸੇਜ ਪੜ੍ਹ ਕੇ ਬਹੁਤ ਸਾਰੇ ਪਾਠਕਾਂ ਨੂੰ ਯਾਦ ਆਏ ਹੋਣਗੇ ਉਹ ਪੋਸਟ ਕਾਰਡ ਜਿਹੜੇ ਅਕਸਰ ਹੀ ਡਾਕੀਆ ਘਰਾਂ ਵਿੱਚ ਦੇ ਜਾਂਦਾ ਸੀ। ਲਗਭਗ ਇਸੇ ਇਬਾਰਤ ਵਾਲੇ ਕਾਰਡਾਂ ਵਿੱਚ ‘ਜੈ ਭੋਲੇ ਨਾਥ’, ‘ਜੈ ਸੰਤੋਸ਼ੀ ਮਾਤਾ’ ਅਤੇ ‘ਜੈ ਹਨੂਮਾਨ’ ਤੋਂ ਗੱਲ ਸ਼ੁਰੂ ਕਰ ਕੇ ਇਸੇ ਤਰ੍ਹਾਂ ਅੱਗੇ ਆਪਣੇ ਰਿਸ਼ਤੇਦਾਰਾਂ ਅਤੇ ਸਬੰਧੀਆਂ ਨੂੰ ਚਿੱਠੀਆਂ ਲਿਖਣ ਦੀ ਸਖ਼ਤ ਹਦਾਇਤ ਕੀਤੀ ਹੁੰਦੀ ਸੀ। ਉਸ ਸਮੇਂ ਲੋਕ ਡਰ ਕੇ ਉਹ ਕਾਰਡ ਅੱਗੇ ਭੇਜਦੇ ਸਨ, ਪਰ ਹੁਣ ਮੋਬਾਇਲ ਨੇ ਇਸ ਨੂੰ ਤੇਜ਼ ਕਰ ਦਿੱਤਾ ਹੈ- ਇੱਕ ਸੈਕਿੰਡ ਵਿੱਚ ਲੱਖਾਂ ਲੋਕਾਂ ਤੱਕ ਪਹੁੰਚ ਅਤੇ ਡਰ ਵੀ ਵਧ ਗਿਆ ਹੈ, ਕਿਉਂਕਿ ਹਰ ਕੋਈ ਆਪਣੇ ਫ਼ੋਨ ਵਿੱਚ ਵੇਖ ਰਿਹਾ ਹੈ। ਇਹੀ ਹੈ ਅੰਧ-ਵਿਸ਼ਵਾਸ ਦਾ ਤਕਨੀਕ ਦੀ ਘਨੇੜੀ ਚੜ੍ਹਨਾ। ਇਹੀ ਹੈ ਸ਼ਰਧਾ ਦਾ ਸੋਸ਼ਣ; ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸ਼ਰਧਾ ਦਾ ਸੋਸ਼ਣ ਕਰ ਕੌਣ ਰਿਹਾ ਹੈ?
ਦਰਅਸਲ ਮੋਬਾਇਲ ਕੰਪਨੀਆਂ ਸਾਡੀ ਹਰ ਉਸ ਕਮਜ਼ੋਰੀ ਦੀ ਪਛਾਣ ਕਰਨ ਦੇ ਉਚੇਚੇ ਯਤਨ ਕਰਦੀਆਂ ਹਨ, ਜੋ ਉਨ੍ਹਾਂ ਦੀਆਂ ਤਿਜੌਰੀਆਂ ਭਰਨ ਵਿੱਚ ਸਹਾਈ ਸਿੱਧ ਹੁੰਦੀ ਹੈ। ਉਹ ਡਾਟਾ ਵਿਸ਼ਲੇਸ਼ਣ ਕਰਦੀਆਂ ਹਨ, ਵੇਖਦੀਆਂ ਹਨ ਕਿ ਕਿਹੜੇ ਸਮੇਂ ਲੋਕ ਕਿਹੜੇ ਮੈਸੇਜ ਅੱਗੇ ਭੇਜਦੇ ਹਨ ਅਤੇ ਉਸੇ ਅਨੁਸਾਰ ਨਵੇਂ ਮੈਸੇਜ ਬਣਾਉਂਦੀਆਂ ਹਨ। ਸ਼ਰਧਾ ਭਾਰਤੀ ਸਮਾਜ ਦੇ ਮੂਲ ਵਿੱਚ ਬੈਠੀ ਹੈ। ਭਾਰਤ ਵਿੱਚ ਆ ਰਹੇ ਹਰ ਬਹੁ ਕੌਮੀ ਲੁਟੇਰੇ ਅਤੇ ਘਰੇਲੂ ਵਪਾਰੀ ਵੀ ਚੰਗੀ ਤਰ੍ਹਾਂ ਇਹ ਗੱਲ ਜਾਣਦੇ ਹਨ ਕਿ ਭਾਰਤੀਆਂ ਦੇ ਬੋਝੇ ਖਾਲੀ ਕਰਵਾਉਣ ਦਾ ਸਭ ਤੋਂ ਆਸਾਨ ਤਰੀਕਾ ਇਨ੍ਹਾਂ ਦੇ ਵੱਖ-ਵੱਖ ‘ਈਸ਼ਵਰਾਂ’ ਰਾਹੀਂ ਇਨ੍ਹਾਂ ਨੂੰ ਸੰਬੋਧਨ ਹੋਣਾ ਹੈ। ਐੱਸ.ਐੱਮ.ਐੱਸ. ਜਾਂ ਵ੍ਹੱਟਸਐਪ ਮੈਸੇਜ ਤਾਂ ਇੱਕ ਛੋਟੀ ਜਿਹੀ ਮਿਸਾਲ ਹੈ। ਬੜਾ ਵਿਸ਼ਾਲ ਨੈਟਵਰਕ ਹੈ ਅੰਧ-ਵਿਸ਼ਵਾਸ ਦੇ ਕਾਰੋਬਾਰ ਦਾ। ਹਰ ਨਵੀਂ ਤਕਨੀਕ ਨੂੰ ਅੰਧ-ਵਿਸ਼ਵਾਸਾਂ ਦਾ ਹਨੇਰਾ ਵਧਾਉਣ ਵਿੱਚ ਵਰਤਿਆ ਜਾਣ ਲੱਗਾ ਹੈ। ਅੱਜ ਕੱਲ ਜੋਤਿਸ਼ ਕੇਵਲ ਹੱਥਾਂ ਦੀਆਂ ਰੇਖਾਵਾਂ ਤੱਕ ਹੀ ਸੀਮਤ ਨਹੀਂ ਰਹਿ ਗਿਆ, ਜੋਤਿਸ਼ ਦਾ ਕਾਰੋਬਾਰ ਕੰਪਿਊਟਰ ਦੇ ਆਸਰੇ ‘ਨਵੀਂਆਂ ਮੰਜ਼ਲਾਂ’ ਛੂਹ ਰਿਹਾ ਹੈ। ਜਨਮ-ਕੁੰਡਲੀਆਂ ਹੁਣ ਕੰਪਿਊਟਰ ਤਿਆਰ ਕਰਦਾ ਹੈ ਅਤੇ ਐਪਸ ਰਾਹੀਂ ਸੈਕਿੰਡਾਂ ਵਿੱਚ ਭਵਿੱਖ ਦੱਸਿਆ ਜਾਂਦਾ ਹੈ। ਮੋਬਾਇਲ ਫ਼ੋਨ ਸਿਰਫ਼ ਸੁਖ-ਸੁਨੇਹੇ ਲਈ ਹੀ ਨਹੀਂ ਹਨ, ਤੁਸੀਂ ਮੋਬਾਇਲ ਰਾਹੀਂ ਆਪਣਾ ‘ਭਵਿੱਖ’ ਜਾਣ ਸਕਦੇ ਹੋ- ਹਾਰੋਸਕੋਪ ਐਪਸ, ਰਾਸ਼ੀਫਲ ਵਾਲੇ ਮੈਸੇਜ- ਸਭ ਕੁਝ ਪੈਸੇ ਕਮਾਉਣ ਲਈ। ਵੱਖ-ਵੱਖ ਟੀ.ਵੀ. ਚੈਨਲਾਂ ਅੱਗੇ ਚਲਦੇ ਘੋਰ ਅੰਧ-ਵਿਸ਼ਵਾਸੀ ਸੀਰੀਅਲਾਂ ਨੇ ਤਕਨੀਕ ਦੀ ਵਰਤੋਂ/ਦੁਰਵਰਤੋਂ ਅੱਗੇ ਸਵਾਲ ਖੜੇ ਕਰ ਦਿੱਤੇ ਹਨ।
ਇੱਕ ਰਿਪੋਰਟ ਮੁਤਾਬਕ ਕੰਪਿਊਟਰ ਨਾਲ ਸਿਰਫ਼ ਜਨਮ-ਕੁੰਡਲੀ ਬਣਾਉਣ ਦਾ ਕਾਰੋਬਾਰ ਹੀ 5000 ਕਰੋੜ ਰੁਪਏ ਤੋਂ ਵੱਧ ਗਿਆ ਹੈ। ਇਸ ਰਿਪੋਰਟ ਮੁਤਾਬਕ ਹੀ ਇਸ ਵੇਲੇ ਸਾਡੇ ਮੁਲਕ ਵਿੱਚ ਲੱਗਭਗ 10 ਲੱਖ ਜੋਤਿਸ਼ੀ ਹਨ, ਜਿਨ੍ਹਾਂ ਦੀ ਆਮਦਨੀ 50 ਹਜ਼ਾਰ ਰੁਪਏ ਤੋਂ ਲੈ ਕੇ 10 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਹੈ। ਇਨ੍ਹਾਂ ਤੋਂ ਇਲਾਵਾ ਲੱਖਾਂ ਹੋਰ ਛੋਟੇ-ਮੋਟੇ ਜੋਤਿਸ਼ੀ ਹਨ, ਜੋ ਪਿੰਡਾਂ/ਕਸਬਿਆਂ ਵਿੱਚ ਤੁਰੇ ਫਿਰਦੇ ਹਨ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ। ਇਹ ਅੰਕੜੇ ਸਿਰਫ਼ ਅਧਿਕਾਰਤ ਹਨ, ਅਸਲ ਵਿੱਚ ਇਹ ਕਾਰੋਬਾਰ ਕਿਤੇ ਵੱਡਾ ਹੈ।
ਵੱਡੀ ਹੈਰਾਨੀ ਅਤੇ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਅੰਧ-ਵਿਸ਼ਵਾਸ ਦਾ ਕਾਰੋਬਾਰ ਨਵੀਆਂ ਤਕਨੀਕਾਂ ਰਾਹੀਂ ਚੱਲ ਰਿਹਾ ਹੈ, ਤਾਂ ਇਸਨੂੰ ਚਲਾਉਣ ਵਾਲੇ ਲਾਜ਼ਮੀ ਤੌਰ ’ਤੇ ਪੜ੍ਹੇ-ਲਿਖੇ ਲੋਕ ਹੀ ਹੋਣਗੇ। ਉਹ ਸਾਫਟਵੇਅਰ ਬਣਾਉਂਦੇ ਹਨ, ਐਪਸ ਡਿਜ਼ਾਈਨ ਕਰਦੇ ਹਨ, ਮਾਰਕੀਟਿੰਗ ਕਰਦੇ ਹਨ। ਦਰਅਸਲ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਪੜ੍ਹੇ-ਲਿਖੇ ਹੋਣਾ ਅਤੇ ਚੇਤੰਨ ਹੋ ਕੇ ਆਪਣੇ ਆਲੇ-ਦੁਆਲੇ ਨੂੰ ਅੰਧ-ਵਿਸ਼ਵਾਸਾਂ ਤੋਂ ਮੁਕਤ ਕਰਵਾਉਣ ਦੀ ਕੋਸ਼ਿਸ਼ ਵਿੱਚ ਜੁਟਣਾ, ਦੋ ਵੱਖੋ-ਵੱਖਰੀਆਂ ਗੱਲਾਂ ਹਨ। ਬਹੁਤ ਸਾਰੇ ਇੰਜੀਨੀਅਰ, ਡਾਕਟਰ, ਪ੍ਰੋਫੈਸਰ ਵੀ ਆਪਣੀ ਜ਼ਿੰਦਗੀ ਵਿੱਚ ਅੰਧ-ਵਿਸ਼ਵਾਸਾਂ ਵਿੱਚ ਫਸੇ ਹੋਏ ਹਨ- ਉਹ ਜੋਤਿਸ਼ੀ ਕੋਲ ਜਾਂਦੇ ਹਨ, ਰਤਨ/ਨਗ ਪਹਿਨਦੇ ਹਨ। ਇਸ ਤਰ੍ਹਾਂ ਇਹ ਪੜ੍ਹੇ-ਲਿਖੇ ਲੋਕ ਵੀ ਤਕਨੀਕ ਨਾਲ ਅੰਧ-ਵਿਸ਼ਵਾਸ ਫੈਲਾਉਣ ਵਿੱਚ ਮਦਦ ਕਰ ਰਹੇ ਹਨ।
ਆਪਣੇ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਇਥੇ ਵੀ ਅੰਧ-ਵਿਸ਼ਵਾਸਾਂ ਦੇ ਖੂਬ ਝੱਖੜ ਝੁੱਲ ਰਹੇ ਹਨ। ਪਿਛੇ ਜਿਹੇ ਪੰਜਾਬ ਵਿੱਚ ਉੱਠੀ ਤਰਕਸ਼ੀਲ ਲਹਿਰ ਨੇ ਅੰਧ-ਵਿਸ਼ਵਾਸਾਂ ਦੀ ਇਸ ਹਨੇਰੀ ਨੂੰ ਠੱਲ੍ਹਣ ਲਈ ਇੱਕ ਬੱਝਵੀਂ ਕੋਸ਼ਿਸ਼ ਕੀਤੀ ਸੀ, ਪਰ ਇਸਦੀ ਲਗਾਤਾਰਤਾ ਕਾਇਮ ਨਹੀਂ ਰਹਿ ਸਕੀ। ਉਸ ਲਹਿਰ ਨੇ ਲੋਕਾਂ ਨੂੰ ਜਾਗਰੂਕ ਕੀਤਾ, ਪਰ ਅੱਜ ਫਿਰ ਉਹੀ ਬਾਬੇ, ਉਹੀ ਝਾੜ-ਫੂਕ, ਉਹੀ ਤੰਤਰ-ਮੰਤਰ। ਪੰਜਾਬ ਦੇ ਨਾਲ-ਨਾਲ ਸਾਡੇ ਸਾਰੇ ਮੁਲਕ ਨੂੰ ਇਸ ਵਕਤ ਇੱਕ ਮਜਬੂਤ ਤਰਕਸ਼ੀਲ ਲਹਿਰ ਦੀ ਲੋੜ ਹੈ। ਸਾਡੇ ਲੋਕਾਂ ਦੀ ਆਸਥਾ ਨੂੰ ਮੁਨਾਫ਼ਾਖੋਰ ਕੰਪਨੀਆਂ ਨੇ ਨਿਸ਼ਾਨਾ ਬਣਾ ਲਿਆ ਹੈ। ਇਨ੍ਹਾਂ ਕੰਪਨੀਆਂ ਨੇ ਸ਼ਰਧਾ ਨੂੰ ਮੁਨਾਫ਼ੇ ਵਿੱਚ ਤਬਦੀਲ ਕਰਨ ਦੀਆਂ ਜੁਗਤਾਂ ਲੱਭਣ ਲਈ ਹੀ ਵਿਸ਼ੇਸ਼ ਭਰਤੀਆਂ ਕੀਤੀਆਂ ਹੋਣੀਆਂ ਹਨ। ਇਨ੍ਹਾਂ ਦੇ ਇਹ ‘ਵਿਸ਼ੇਸ਼ ਕਰਮਚਾਰੀ’ ਸਿਰਫ਼ ਇਹ ਹੀ ਸੋਚਦੇ ਰਹਿੰਦੇ ਹਨ ਕਿ ਭਾਰਤੀ ਜਨ-ਮਾਨਸ ਵਿੱਚ ਵਸੇ ‘ਰੱਬ’ ਨੂੰ ਕੰਪਨੀ ਦੇ ਮੁਨਾਫ਼ੇ ਲਈ ਕਿਵੇਂ ਵਰਤਣਾ ਹੈ। ਮੋਬਾਇਲ ਕੰਪਨੀਆਂ ਨੇ ਬਾਕਾਇਦਾ ਲਤੀਫੇਬਾਜ਼ਾਂ ਦੀ ਭਰਤੀ ਕੀਤੀ ਹੋਈ ਹੈ। ਉਹ ਹਰ ਪਲ ਬੈਠੇ ਨਵੇਂ-ਨਵੇਂ ਅਤੇ ਕਈ ਵੇਰ ਬਹੁਤ ਹੀ ਘਟੀਆ ਲਤੀਫ਼ੇ ਘੜਦੇ ਰਹਿੰਦੇ ਹਨ ਤੇ ਆਪਣੇ ਗਾਹਕਾਂ ਨੂੰ ਭੇਜਦੇ ਰਹਿੰਦੇ ਹਨ। ਅੱਗੋਂ ‘ਮੋਬਾਇਲ ਨਸ਼ੱਈ’ ਇਨ੍ਹਾਂ ਲਤੀਫ਼ਿਆਂ ਨੂੰ ਆਪਣੇ ਜਾਣ-ਪਛਾਣ ਵਾਲਿਆਂ ਨੂੰ ਭੇਜਦੇ ਹਨ। ਇਸ ਤਰ੍ਹਾਂ ਇੱਕ ਪੂਰਾ ਸਾਈਕਲ ਚੱਲਦਾ ਹੈ ਤੇ ਗਾਹਕਾਂ ਦੇ ਮੋਬਾਇਲ ਬਿਲਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾਂਦਾ ਹੈ। ਗਾਹਕ ਸੁਆਦ-ਸੁਆਦ ਵਿੱਚ ਹੀ ਠੱਗਿਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਸ਼ਰਧਾਵਾਨ ਵਿਅਕਤੀਆਂ ਦਾ ਸੋਸ਼ਣ ਹੁੰਦਾ ਹੈ। ਜਿਹੜੇ ਐੱਸ.ਐੱਮ.ਐੱਸ. ਜਾਂ ਵ੍ਹੱਟਸਐਪ ਮੈਸੇਜ ਤੁਹਾਨੂੰ ਆਉਂਦੇ ਹਨ, ਕਿਤੇ ਇਹ ਨਾ ਸਮਝ ਲੈਣਾ ਕਿ ਖ਼ਬਰੇ ਇਹ ਤੁਹਾਡੇ ਕਿਸੇ ਮਿੱਤਰ/ਬੇਲੀ ਦੇ ਦਿਮਾਗ ਦੀ ਉਪਜ ਹਨ; ਇਹਦੇ ਪਿੱਛੇ ਹਿਲਦੀ ਤਾਰ ਨੂੰ ਪਛਾਨਣ ਦੀ ਲੋੜ ਹੈ। ਇਹ ਤਾਰ ਕੰਪਨੀਆਂ ਦੀਆਂ ਮਾਰਕੀਟਿੰਗ ਟੀਮਾਂ ਤੱਕ ਜਾਂਦੀ ਹੈ, ਜੋ ਡਾਟਾ ਵੇਖ ਕੇ ਅਜਿਹੇ ਮੈਸੇਜ ਬਣਾਉਂਦੀਆਂ ਹਨ। ਮੈਨੂੰ ‘ਜੈ ਭੋਲੇ ਨਾਥ’ ਮੈਸੇਜ ਕਰਨ ਵਾਲੇ ਨੇ ਹੁਕਮ ਲਾਇਆ ਸੀ ਕਿ ਇਹ ਅਗਾਂਹ 20 ਜਣਿਆਂ ਨੂੰ ਕਰੋ, ਪਰ ਮੈਂ ਤੁਹਾਨੂੰ ਬਿਲਕੁਲ ਨਹੀਂ ਕਹਿਣਾ ਕਿ ਇਹ ਲੇਖ ਆਪਣੇ ਦੋਸਤਾਂ-ਮਿਤਰਾਂ ਨੂੰ ਪੜ੍ਹਾਓ। ਬਲਕਿ ਇਸ ਨੂੰ ਪੜ੍ਹ ਕੇ ਸੋਚੋ ਅਤੇ ਅਗਲੀ ਵਾਰ ਅਜਿਹਾ ਮੈਸੇਜ ਆਵੇ ਤਾਂ ਡਿਲੀਟ ਕਰੋ।
ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਦਾ ਇੱਕ ਸ਼ਿਅਰ ਮੁਲਾਹਜ਼ਾ ਫਰਮਾਓ,
‘ਸ਼ਹਿਰ ਮੇਰੇ `ਚ ਹਵਾ ’ਤੇ ਚੜ੍ਹ ਕੇ ਇਹ ਕਿਹੜਾ ਦਿਓ ਆਇਆ ਹੈ?
ਨਵੀਂ ਸਵੇਰ ਦੇ ਮੱਥੇ ਅੱਗੇ ਜੋ ਕਾਲਖ ਲਾਉਣਾ ਚਾਹੁੰਦਾ ਹੈ।’

Leave a Reply

Your email address will not be published. Required fields are marked *