ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ ਅਤੇ ਨਨਕਾਣਾ ਸਾਹਿਬ ਸਾਂਝਾ ਮੁਕੱਦਸ ਅਸਥਾਨ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਤੀਜੀ ਕਿਸ਼ਤ, ਜਿਸ ਵਿੱਚ ਸ਼ਾਦਮਾਨ ਚੌਕ ਦੇ ਜ਼ਿਕਰ ਤੋਂ ਇਲਾਵਾ ਪਿਲਾਕ ਅਤੇ ਨਨਕਾਣਾ ਸਾਹਿਬ ਦੀ ਫੇਰੀ ਦਾ ਸੰਖੇਪ ਵੇਰਵਾ ਦਰਜ ਹੈ…
ਰਵਿੰਦਰ ਸਹਿਰਾਅ
ਸਾਡਾ ਹੋਟਲ ਓਬੈਨ, ਸ਼ਹਿਰ ਦੇ ਕੇਂਦਰੀ ਸਥਾਨ ਗੁਲਬਰਗ ਵਿੱਚ ਸੀ। ਦਰਅਸਲ ਬਹੁਤੇ ਚੰਗੇ ਜਾਂ ਦਰਮਿਆਨੇ ਦਰਜੇ ਦੇ ਹੋਟਲ ਗੁਲਬਰਗ ਵਿੱਚ ਹੀ ਹਨ। ਇਹ ਹੋਟਲ ਸਾਨੂੰ ਸਾਡੇ ਦੋਸਤ ਤਾਹਿਰ ਸੰਧੂ ਦੇ ਉਸਤਾਦ ਜੋ ਸੁਪਰੀਮ ਕੋਰਟ ਦੇ ਵਕੀਲ ਹਨ, ਨੇ ਕੁਛ ਰਿਆਇਤ ਦੇ ਦੁਆਇਆ। ਹੋਟਲ ਵਾਲੇ, ਵਕੀਲ ਸਾਹਿਬ ਦੇ ਕਲਾਇੰਟ ਹਨ। ਉਹ ਖ਼ੁਦ ਵੀ ਬੜੇ ਰੁਝੇਵਿਆਂ ਦੇ ਬਾਵਜੂਦ ਮੈਨੂੰ ਮਿਲੇ। ਇੱਕ ਨਿੱਕੀ ਜਿਹੀ ਸੌਗ਼ਾਤ ਅਸੀਂ ਚੜ੍ਹਦੇ ਪੰਜਾਬ ’ਚੋਂ ਉਨ੍ਹਾਂ ਦੇ ਬਜ਼ੁਰਗ ਵਾਲਿਦ ਸਾਹਿਬ ਵਾਸਤੇ ਲੈ ਕੇ ਗਏ ਸੀ, ਉਹ ਉਸਦਾ ਸ਼ੁਕਰੀਆ ਕਰਨਾ ਚਾਹੁੰਦੇ ਸਨ। ਹੈ ਤਾਂ ਉਹ ਸੌਗ਼ਾਤ ਬੜੀ ਮਾਮੂਲੀ ਸੀ, ਪਰ ਉਸਦੇ ਵਾਲਿਦ ਸਾਹਿਬ ਲਈ ਉਹ ਵਡਮੁੱਲੀ ਸੀ। ਸਾਨੂੰ ਇਹ ਵੀ ਡਰ ਸੀ ਕਿ ਇਮੀਗ੍ਰੇਸ਼ਨ ਵਾਲੇ ਕਿਤੇ ਸਮਾਨ ’ਚੋਂ ਕਢਵਾ ਨਾ ਲੈਣ, ਪਰ ਸਹੀ ਸਲਾਮਤ ਲਿਜਾ ਕੇ ਅਸੀਂ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਸੀ। ਖ਼ੈਰ! ਗੱਲ ਤਾਂ ਆਪਾਂ ਸ਼ਾਦਮਾਨ ਚੌਕ ਦੀ ਕਰ ਰਹੇ ਸੀ। ਸ਼ਾਦਮਾਨ ਨਾਂ ਦੀ ਇੱਕ ਕਲੋਨੀ ਹੈ। ਗੁਲਬਰਗ ਤੋਂ ਕੋਈ ਪੰਜ ਕੁ ਕਿਲੋਮੀਟਰ ਦੂਰ ਹੈ ਇਹ। ਉਸ ਕਲੋਨੀ ਵਿੱਚ ਇੱਕ ਚੌਕ ਹੈ, ਜਿਸ ਨੂੰ ਸ਼ਾਦਮਾਨ ਚੌਕ ਕਿਹਾ ਜਾਂਦਾ ਹੈ। ਸ਼ਾਦਮਾਨ ਦਾ ਲਫ਼ਜ਼ੀ ਮਾਇਨਾ ਹੈ- ਖ਼ੁਸ਼ੀਆਂ ਭਰਿਆ।
ਸ਼ਾਇਦ ਬਹੁਤੇ ਲੋਕ ਨਾ ਜਾਣਦੇ ਹੋਣ ਜਿਵੇਂ ਕਿ ਮੈਂ ਵੀ ਸ਼ਾਦਮਾਨ ਚੌਕ ਦਾ ਨਾਂ ਤਾਂ ਸੁਣਿਆ ਹੋਇਆ ਸੀ, ਪਰ ਇਸ ਪਿੱਛੇ ਕੀ ਕਹਾਣੀ ਹੈ, ਨਹੀਂ ਜਾਣਦਾ ਸੀ। ਸ਼ਾਦਮਾਨ ਚੌਕ ਵਾਲੀ ਥਾਂ ਕਿਸੇ ਵੇਲੇ ਲਾਹੌਰ ਸੈਂਟਰਲ ਜੇਲ੍ਹ ਦਾ ਉਹ ਹਿੱਸਾ ਹੁੰਦਾ ਸੀ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦਿੱਤੀ ਗਈ ਸੀ- ਮਿੱਥੇ ਹੋਏ ਟਾਈਮ ਤੋਂ ਬਾਰਾਂ ਘੰਟੇ ਪਹਿਲਾਂ। 23 ਮਾਰਚ 1931 ਵਾਲੇ ਦਿਨ ਸ਼ਹਿਰ ਵਿੱਚ ਹਾਹਾਕਾਰ ਮਚ ਗਈ। ਦੱਸਦੇ ਹਨ, ਪੰਜਾਹ ਹਜ਼ਾਰ ਦੇ ਕਰੀਬ ਲੋਕ ਇਕੱਠੇ ਹੋ ਗਏ। ਬ੍ਰਿਟਿਸ਼ ਹਾਕਮਾਂ ਨੇ ਚੋਰੀ-ਚੋਰੀ ਜੇਲ੍ਹ ਦੇ ਪਿਛਲੇ ਦਰਵਾਜ਼ੇ ਥਾਣੀਂ ਲਾਸ਼ਾਂ ਦੇ ਟੁਕੜੇ-ਟੁਕੜੇ ਕਰ ਕੇ ਸਤਲੁਜ ਕੰਢੇ ਹੁਸੈਨੀਵਾਲਾ ਕੋਲ ਲਿਜਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ।
1961 ਵਿੱਚ ਪਾਕਿ ਹਕੂਮਤ ਨੇ ਅੱਧੀ ਜੇਲ੍ਹ ਨੂੰ ਢਾਹ ਕੇ ਇਸ ਥਾਂ ਗੌਰਮਿੰਟ ਔਫ਼ੀਸਰਜ਼ ਰੈਜ਼ੀਡੈਂਟ ਕਲੋਨੀ ਬਣਾ ਦਿੱਤੀ। ਫ਼ਾਂਸੀ ਦੀ ਕੋਠੜੀ ਵਾਲੀ ਜਗ੍ਹਾ ਵੀ ਇਸੇ ਦੀ ਲਪੇਟ ਵਿੱਚ ਆ ਗਈ। ਉਦੋਂ ਤੋਂ ਲੈ ਕੇ ਹੀ ਹਰ ਸਾਲ ਤਰੱਕੀ-ਪਸੰਦ ਲੋਕ ਇਸ ਥਾਂ ਇਕੱਠੇ ਹੋ ਕੇ ਇਸ ਚੌਕ ਦਾ ਨਾਂ ਬਦਲ ਕੇ ‘ਸ਼ਹੀਦ ਭਗਤ ਸਿੰਘ ਚੌਕ’ ਰੱਖਣ ਦੀ ਮੰਗ ਕਰ ਰਹੇ ਹਨ। ਲਾਹੌਰ ਹਾਈਕੋਰਟ ਵਿੱਚ ਐਡਵੋਕੇਟ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ 2018 ਵਿੱਚ ਪਟੀਸ਼ਨ ਦਾਖ਼ਿਲ ਕੀਤੀ ਸੀ। ਹਾਈਕੋਰਟ ਦੇ ਜੱਜ ਨੇ ਉਸਨੂੰ ਜਾਇਜ਼ ਮੰਨਦਿਆਂ ਕਿਹਾ ਸੀ ਕਿ ਇਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ’ਤੇ ਰੱਖਣਾ ਦਰੁਸਤ ਹੈ। ਉਸਨੇ ਪ੍ਰਸ਼ਾਸਕਾਂ ਨੂੰ ਹੁਕਮ ਕੀਤਾ ਸੀ ਕਿ ਇਸ ਉਪਰ ਤੁਰੰਤ ਅਮਲ ਕੀਤਾ ਜਾਵੇ, ਪਰ ਪਰਨਾਲਾ ਅਜੇ ਉੱਥੇ ਦਾ ਉੱਥੇ ਹੀ ਹੈ। ਮੈਂ ਆਪਣੀ ਨਜ਼ਮ ਲਾਹੌਰ ਵਸੇਂਦੀਉ ਕੁੜੀਉ’ ਵਿੱਚ ਇਸ ਦਾ ਜ਼ਿਕਰ ਵੀ ਕੀਤਾ ਸੀ:
ਲਾਹੌਰ ਵਸੇਂਦੀਉ ਕੁੜੀਉ
ਕਦੇ ਅੰਬਰਸਰ ਵੀ ਆਉ।
ਸ਼ਹਿਰ ਦੇ ਗਲੀ ਮੁਹੱਲੇ ਅੰਦਰੋਂ
ਲਾਲ ਖੂਹੀ* ਬਾਜ਼ਾਰ ਦੇ ਵਿੱਚੋਂ
ਸ਼ਾਦਮਾਨ ਚੌਕ ’ਚੋਂ ਲੰਘਦਿਆਂ
ਜਿੰਨੇ ਵੀ ਗ਼ਮ, ਗੁੱਸੇ ਲੱਭਣ
ਝੋਲੀਆਂ ਭਰ ਕੇ ਲਿਆਉ।
ਕਦੇ ਅੰਬਰਸਰ ਵੀ ਆਉ।
(*ਸ਼ਹਾਦਤ ਤੋਂ ਪਹਿਲਾਂ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਛੇ ਦਿਨ ਭੁੱਖੇ ਪਿਆਸੇ ਰੱਖਿਆ ਗਿਆ ਸੀ।)
ਕਈਆਂ ਦਾ ਮੰਨਣਾ ਹੈ ਕਿ ਕਾਗਜ਼ਾਂ ਵਿੱਚ ਇਸ ਨੂੰ ਸ਼ਹੀਦ ਭਗਤ ਸਿੰਘ ਚੌਕ ਮੰਨ ਤਾਂ ਲਿਆ ਗਿਆ ਹੈ, ਪਰ ਅਜੇ ਉਥੇ ਬਾਕਾਇਦਾ ਬੋਰਡ ਲੱਗਣਾ ਬਾਕੀ ਹੈ। ਇਸ ਗੱਲ ਦੀ ਪੁਸ਼ਟੀ ਤਰੱਕੀ ਪਸੰਦ ਲੇਖਕ ਤੇ ਐਕਟਵਿਸਟ ਐਡਵੋਕੇਟ ਤਾਹਿਰ ਸੰਧੂ ਨੇ ਵੀ ਕੀਤੀ। ਦੇਖੋ ਹਕੂਮਤ ਕਦੋਂ ਜਾਗਦੀ ਹੈ।
ਪਿਲਾਕ ਵਿੱਚ ਮੁਸ਼ਤਾਕ ਸੂਫ਼ੀ ਦੀ ਕਿਤਾਬ ਦਾ ਮੂੰਹ ਵਿਖਾਲਾ
29 ਨਵੰਬਰ ਦੀ ਸ਼ਾਮ ਨੂੰ ਹੀ ਪਿਲਾਕ (ਪੰਜਾਬ ਇੰਸਟੀਚਿਊਟ ਔਫ਼ ਲੈਂਗੂਏਜ, ਆਰਟ ਐਂਡ ਕਲਚਰ) ਵਿੱਚ ਇੱਕ ਮੀਟਿੰਗ ਰੱਖੀ ਗਈ। ਪਿਲਾਕ ਇੱਕ ਬੜਾ ਹੀ ਮਹੱਤਵਪੂਰਨ ਨੀਮ ਸਰਕਾਰੀ ਅਦਾਰਾ ਹੈ। ਇਸ ਨੂੰ 2000 ਵਿੱਚ ਉਸਾਰਿਆ ਗਿਆ ਸੀ। ਇਸ ਦੀ ਵੱਡ-ਆਕਾਰੀ ਇਮਾਰਤ ਵਿੱਚ ਕਈ ਹੋਰ ਸੈਕਸ਼ਨ ਹਨ, ਜਿਨ੍ਹਾਂ ਵਿੱਚ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ, ਵਿਰਸਾ ਅਤੇ ਪੰਜਾਬੀ ਪਿਆਰਿਆਂ ਦੇ ਇਕੱਠ ਕਰਨ ਦਾ ਪੂਰਾ ਪ੍ਰਬੰਧ ਹੈ। ਇੱਥੇ ਗੁਰਮੁਖੀ ਦੀਆਂ ਕਲਾਸਾਂ ਲਾਉਣ ਦੇ ਕੋਰਸਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦੀ ਡਾਇਰੈਕਟਰ ਜਨਰਲ ਡਾ. ਸੁਗਰਾ ਸਦੱਫ ਅਤੇ ਉਸਦੇ ਸਹਾਇਕ ਡਾਇਰੈਕਟਰ ਡਾ. ਖ਼ਾਕਾਨ ਹੈਦਰ ਤੇ ਅਕਰਮ ਚੌਧਰੀ ਹਨ। ਇਹ ਅਹੁਦੇਦਾਰ ਆਪਣਾ ਸਮਾਂ ਪੂਰਾ ਕਰਨ ਤੋਂ ਬਾਅਦ ਬਦਲਦੇ ਰਹਿੰਦੇ ਹਨ। ਇਸ ਅੰਦਰ ਵੜਦਿਆਂ ਅਤੇ ਬਾਹਰੋਂ ਦੇਖਿਆਂ ਪੰਜਾਬੀ ਭਵਨ ਨਵੀਂ ਦਿੱਲੀ ਦਾ ਭੁਲੇਖਾ ਪੈਂਦਾ ਹੈ।
ਮੁਸ਼ਤਾਕ ਸੂਫ਼ੀ ਹੋਰਾਂ ਦੀ ਕਿਤਾਬ (ਨਜ਼ਮਾਂ) ‘ਖੰਭ ਸੁਨੇਹਾ’ ਅਸੀਂ ਗੁਰਮੁਖੀ ਲਿਪੀ ’ਚ ਉਤਾਰਾ ਕਰਕੇ ਨਾਲ਼ ਲੈ ਕੇ ਗਏ ਸੀ। ਜਾਵੇਦ ਬੂਟਾ ਤੇ ਸੁਰਿੰਦਰ ਸੋਹਲ ਨੇ ਮੇਰੀ ਅਰਜ਼ `ਤੇ ਇਸ ਨੂੰ ਉਲਥਾਇਆ ਅਤੇ ਸਤੀਸ਼ ਗੁਲਾਟੀ ਨੇ ਬੜੀ ਹੀ ਰੀਝ ਨਾਲ਼ ਇਸ ਨੂੰ ਛਾਪਿਆ ਸੀ। ਕਿਤਾਬ ਰਿਲੀਜ਼ ਕਰਨ ਸਬੰਧੀ ਇੱਕ ਭਰਵੇਂ ਇਕੱਠ ਵਿੱਚ ਲਹਿੰਦੇ ਪੰਜਾਬ ਦੀਆਂ ਨਾਮਵਰ ਪੰਜਾਬੀ ਸ਼ਖ਼ਸੀਅਤਾਂ ਨੇ ਹਾਜ਼ਰੀ ਲੁਆਈ। ਮੇਰਾ ਅਤੇ ਨੀਰੂ ਦਾ ਸਵਾਗਤ ਕੀਤਾ ਗਿਆ। ਫਿਰ ਮੈਨੂੰ ਕੁਝ ਕਹਿਣ ਅਤੇ ਕੁਝ ਨਜ਼ਮਾਂ ਸੁਣਾਉਣ ਦੀ ਗੁਜ਼ਾਰਿਸ਼ ਕੀਤੀ ਗਈ। ਮੈਂ ਜ਼ਿਆਦਾ ਪੰਜਾਬੀ ਬੋਲੀ ਅਤੇ ਦੋਹਾਂ ਪੰਜਾਬਾਂ ਦੀ ਸਾਂਝ ਹੋਰ ਵਧਾਉਣ ’ਤੇ ਜ਼ੋਰ ਦਿੱਤਾ। ਬੋਲੀ ਤੇ ਸੱਭਿਆਚਾਰ ਹੀ ਇੱਕ ਤਕੜਾ ਜ਼ਰੀਆ ਹੈ, ਜਿਸ ਨਾਲ਼ ਦੋਹਾਂ ਪੰਜਾਬਾਂ ਦੇ ਅਦੀਬਾਂ ਦੇ ਨਾਲ਼ ਆਮ ਲੋਕਾਂ ਨੂੰ ਵੀ ਨਾਲ਼ ਜੋੜਿਆ ਜਾ ਸਕਦਾ ਹੈ। ਆਮ ਲੋਕ ਤਾਂ ਚਾਹੁੰਦੇ ਹਨ, ਪਰ ਹੰਭਲਾ ਅਦੀਬਾਂ ਨੂੰ ਮਾਰਨਾ ਪੈਣਾ ਹੈ। ਪਿਛਲੇ ਤਿੰਨ ਦਿਨਾਂ ਦੇ ਤਜਰਬੇ ਦਾ ਜ਼ਿਕਰ ਕਰਦਿਆਂ ਮੈਂ ਕਿਹਾ ਕਿ ਸਾਨੂੰ ਜਿੰਨਾ ਪਿਆਰ ਏਧਰ ਮਿਲ ਰਿਹਾ ਹੈ, ਉਹ ਬਿਆਨਣ ਤੋਂ ਬਾਹਰ ਹੈ। ਸਾਨੂੰ ਦੋਹਾਂ ਪੰਜਾਬਾਂ ਦੇ ਲੋਕ-ਪੱਖੀ ਲੇਖਕਾਂ ਦੀਆਂ ਲਿਖ਼ਤਾਂ ਉਲਥਾ ਕੇ ਲੋਕਾਂ ਤਕ ਪਹੁੰਚਾਣੀਆਂ ਚਾਹੀਦੀਆਂ ਹਨ। ਇਸ ਵਿੱਚ ਪਿਲਾਕ ਵਰਗੇ ਅਦਾਰੇ ਅਹਿਮ ਰੋਲ ਨਿਭਾਅ ਸਕਦੇ ਹਨ। ਹਾਜ਼ਰ ਅਦੀਬਾਂ ਨੇ ਮੇਰੇ ਸੁਝਾਅ ਪਸੰਦ ਕੀਤੇ। ਫਿਰ ਮੈਂ ਕੁਝ ਨਜ਼ਮਾਂ ਸੁਣਾਈਆਂ। ‘ਲਾਹੌਰ ਵਸੇਂਦੀਉ ਕੁੜੀਉ’ ਨਜ਼ਮ ਨੂੰ ਵਾਹਵਾ ਪਸੰਦ ਕੀਤਾ ਗਿਆ। ਡਾ. ਸੁਗਰਾ ਸਦੱਫ ਨੇ ਤਾਂ ਮੇਰੇ ਨਾਂ ਦੀ ਵੀ ਤਾਰੀਫ਼ ਕਰ ਦਿੱਤੀ।
ਹੋਰਨਾਂ ਤੋਂ ਇਲਾਵਾ ਇਸ ਇਕੱਠ (ਮਿਲਣੀ) ਵਿੱਚ ਮੁਸਤਾਕ ਸੂਫ਼ੀ, ਤਾਹਿਰ ਸੰਧੂ, ਪ੍ਰੋ. ਕਲਿਆਣ ਸਿੰਘ ਕਲਿਆਣ, ਬਾਬਾ ਨਜ਼ਮੀ, ਸੁਗਰਾ ਸਦੱਫ (ਡਾ.), ਖ਼ਾਕਾਨ ਹੈਦਰ ਅਲੀ, ਅਕਰਮ ਚੌਧਰੀ (ਦੋਵੇਂ ਸਹਾਇਕ ਡਾਇਰੈਕਟਰ), ਨਦੀਮ ਅਹਿਮਦ, ਅਫ਼ਜ਼ਲ ਸਾਹਿਰ, ਇਕਬਾਲ ਕੈਸਰ, ਰੁਬੀਨਾ ਗੋਗੀ, ਸੁਪਰੀਮ ਕੋਰਟ ਦੇ ਵਕੀਲ ਕਾਜੀ ਜ਼ਿਆ ਸਾਹਿਬ, ਸਈਦਾ ਦੀਪ, ਸਰਵਤ ਮੁਹਦੀਉਦੀਨ, ਪਰਬੀਨ ਆਪਾ (ਸਕੱਤਰ ਪੰਜਾਬੀ ਅਦਬੀ ਬੋਰਡ), ਸੁਲੇਖ ਪ੍ਰਕਾਸ਼ਨ ਤੋਂ ਹਫ਼ੀਜ ਤੇ ਸ਼ਾਹਜੇਬ, ਰਾਜਾ ਸਾਦਿਕ ਉੱਲਾ, ਮੀਆਂ ਸਰਫ਼ਰਾਜ (ਪੱਤਰਕਾਰ) ਤੇ ਹੋਰ ਵੀ ਕਈ ਸੱਜਣ ਹਾਜ਼ਰ ਸਨ। ਮੀਟਿੰਗ ਖ਼ਤਮ ਹੋਣ ਵਾਲੀ ਸੀ ਕਿ ਅਮੈਰਿਕਾ ਤੋਂ ਅਸ਼ੋਕ ਭੌਰਾ ਵੀ ਕੁਝ ਅਦੀਬਾਂ ਨਾਲ਼ ਸ਼ਾਮਲ ਹੋ ਗਏ। ਸੁਕੀਰਤ ਜੋ ਪਹਿਲਾਂ ਤੋਂ ਹੀ ਲਾਹੌਰ ਵਿੱਚ ਸਨ, ਪਰ ਉਸ ਦਿਨ ਕਿਸੇ ਹੋਰ ਰੁਝੇਵੇਂ ਕਾਰਨ ਦੂਜੇ ਸ਼ਹਿਰ ’ਚ ਹੋਣ ਕਾਰਨ ਸ਼ਾਮਲ ਨਾ ਹੋ ਸਕੇ।
ਅਖ਼ੀਰ ਵਿੱਚ ਮੁਸ਼ਤਾਕ ਸੂਫ਼ੀ ਹੋਰਾਂ ਦੀ ਨਜ਼ਮਾਂ ਦੀ ਕਿਤਾਬ ‘ਖੰਭ ਸੁਨੇਹਾ’ (ਗੁਰਮੁਖੀ ਉਲੱਥਾ) ਦਾ ਮੂੰਹ ਵਿਖਾਲਾ ਕੀਤਾ ਗਿਆ। ਸੂਫ਼ੀ ਹੋਰੀਂ ਕੁਝ ਨਜ਼ਮਾਂ ਵੀ ਸੁਣਾਈਆਂ। ਉਨ੍ਹਾਂ ਦੀਆਂ ਨਜ਼ਮਾਂ ਬਾਰੇ ਬੜੀਆਂ ਢੁਕਵੀਆਂ ਗੱਲਾਂ ਹੋਈਆਂ। ਖ਼ਾਸ ਕਰਕੇ ਡਾ. ਆਤਮਜੀਤ (ਸ਼ਿਕਾਗੋ) ਦੇ ਰਿਕਾਰਡ ਕੀਤੇ ਵਿਚਾਰ ਸਭ ਨੂੰ ਸੁਣਾਏ ਗਏ। ਮੁਸ਼ਤਾਕ ਸੂਫ਼ੀ ਹੋਰਾਂ ਉਨ੍ਹਾਂ ਦਾ ਉਚੇਚਾ ਸ਼ੁਕਰੀਆ ਅਦਾ ਕੀਤਾ ਤੇ ਮੈਨੂੰ ਉਚੇਚਾ ਕਿਹਾ ਕਿ ਜਾ ਕੇ ਮੇਰੇ ਵੱਲੋਂ ਫਿਰ ਸ਼ੁਕਰੀਆ ਅਦਾ ਕਰਨਾ।
ਇਸ ਤੋਂ ਇਲਾਵਾ ਸੁਰਿੰਦਰ ਸੋਹਲ ਦਾ ਨਾਵਲ ‘ਖ਼ਜ਼ਾਨੇ ਦਾ ਭੇਤ’ ਜੋ ਸ਼ਾਹਮੁਖੀ ’ਚ ਉਲਥਾਇਆ ਗਿਆ ਸੀ, ਵੀ ਰਿਲੀਜ਼ ਕੀਤਾ ਗਿਆ। ਪ੍ਰਕਾਸ਼ਕ ਹਫ਼ੀਜ਼ ਅਤੇ ਇਕਬਾਲ ਕੈਸਰ ਨੇ ਨਾਵਲ ਬਾਰੇ ਆਪਣੇ ਵਿਚਾਰ ਰੱਖੇ। ਲਹਿੰਦੇ ਪੰਜਾਬ ਦੇ ਇਨ੍ਹਾਂ ਸੁਲਝੇ ਹੋਏ ਅਦੀਬਾਂ ਨਾਲ਼ ਮਿਲ ਬੈਠਣਾ ਬੜਾ ਸੁਖਾਵਾਂ ਰਿਹਾ।
ਨਨਕਾਣਾ ਸਾਹਿਬ
ਅਸੀਂ ਮੁਸ਼ਤਾਕ ਹੋਰਾਂ ਨੂੰ ਆਰਾਮ ਕਰਨ ਲਈ ਆਖ ਦਿੱਤਾ ਸੀ। ਤਾਹਿਰ ਨੇ ਅਦਾਲਤੀ ਰੁਝੇਵਿਆਂ ਵਿੱਚੋਂ ਫ਼ੁਰਸਤ ਨਾ ਮਿਲਣ ਕਾਰਨ ਆਪਣੇ ਭਾਣਜੇ ਸ਼ਾਹਜ਼ੇਬ ਨੂੰ ਸਾਡੇ ਨਾਲ਼ ਭੇਜਿਆ। ਨਾਲ਼ ਹੀ ਪ੍ਰੋ. ਕਲਿਆਣ ਸਿੰਘ ਕਲਿਆਣ, ਜੋ ਪੰਜਾਬੀ ਪੜ੍ਹਾਉਂਦੇ ਹਨ, ਨੂੰ ਸਾਡੇ ਬਾਰੇ ਦੱਸ ਦਿੱਤਾ ਸੀ। ਪ੍ਰੋ. ਕਲਿਆਣ ਨਨਕਾਣਾ ਸਾਹਿਬ ਦੇ ਜੰਮਪਲ ਹਨ ਅਤੇ ਉਨ੍ਹਾਂ ਦੇ ਵੱਡੇ ਭਰਾ ਸ. ਦਇਆ ਸਿੰਘ ਨਨਕਾਣਾ ਸਾਹਿਬ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ। ਲਾਹੌਰ ਤੋਂ ਨਨਕਾਣਾ ਸਾਹਿਬ ਕੋਈ 90 ਕਿਲੋਮੀਟਰ ਹੈ। ਅਸੀਂ ਡੇਢ ਕੁ ਘੰਟੇ ਵਿੱਚ ਉਥੇ ਪਹੁੰਚ ਗਏ। ਮੋਟਰਵੇ ’ਤੇ ਵਕਤ ਤਾਂ ਭਾਵੇਂ ਘੱਟ ਲੱਗਦਾ ਹੈ, ਪਰ ਲਾਹੌਰ ’ਚੋਂ ਨਿਕਲਦਿਆਂ ਕਾਫ਼ੀ ਸਮਾਂ ਖਾ ਜਾਂਦਾ ਹੈ। ਫਿਰ ਹਰ ਰੋਜ਼ ਤੁਰਨ ਤੋਂ ਪਹਿਲਾਂ ਗੈਸ ਸਟੇਸ਼ਨ ’ਤੇ ਰੁਕਣਾ ਅਤੇ ਅਜਾਜ ਕੋਲੋਂ ਰਾਤੀਂ ਉਸ ਦੇ ਮਾਲਕ ਨਾਲ਼ ਹੋਈ ਤੂੰ-ਤੂੰ, ਮੈਂ-ਮੈਂ ਦੀ ਕਹਾਣੀ ਸੁਣਨੀ ਪੈਂਦੀ।
ਹੁਣ ਅਸੀਂ ਗੁਰੂਘਰ ਦੇ ਮੁੱਖ ਦਰਵਾਜ਼ੇ ਮੋਹਰੇ ਹਾਂ। ਹਰ ਗੁਰੂ ਘਰ ਅੱਗੇ ਸੁਰੱਖਿਆ ਵਜੋਂ ਪੁਲਿਸ ਦੀ ਟੁਕੜੀ ਬਿਠਾਈ ਜਾਂਦੀ ਹੈ, ਜੋ ਤੁਹਾਡੇ ਪਾਸਪੋਰਟ ਅਤੇ ਵੀਜ਼ੇ ਚੈੱਕ ਕਰਦੇ ਹਨ। ਨਾਲ਼ ਹੀ ਵਕਫ਼ ਬੋਰਡ ਦੇ ਮੁਲਾਜ਼ਮ ਵੀ ਹਰ ਜਗ੍ਹਾ ਹੀ ਹੁੰਦੇ ਹਨ। ਸਾਡੇ ਕਾਗਜ਼ਾਤ ਦੇਖਣ ਤੋਂ ਬਾਅਦ ਪੁਲਿਸ ਅਫ਼ਸਰ ਵਕਫ਼ ਬੋਰਡ ਦੇ ਇੱਕ ਮੁਲਾਜ਼ਮ ਮੁਹੰਮਦ ਲਤੀਫ਼ ਨੂੰ ਬੁਲਾ ਕੇ ਸਾਡੇ ਨਾਲ਼ ਭੇਜਦਿਆਂ ਕਹਿੰਦਾ ਹੈ ਕਿ ਜਾਉ ਇਨ੍ਹਾਂ ਨੂੰ ਭਾਈ ਦਇਆ ਸਿੰਘ ਕੋਲ ਲੈ ਜਾਉ। ਸਾਨੂੰ ਮਿਲ ਕੇ ਭਾਈ ਸਾਹਿਬ ਨੇ ਆਦਰ ਨਾਲ਼ ਬਿਠਾਇਆ ਅਤੇ ਪੰਜ-ਸੱਤ ਮਿੰਟ ਗੱਲਬਾਤ ਕੀਤੀ ਤੇ ਸਿਰੋਪਾਉ ਨਾਲ਼ ਸਾਡਾ ਮਾਣ ਕੀਤਾ।
ਬਾਹਰ ਖੁੱਲ੍ਹੇ ਵਿਹੜੇ ਵਿੱਚ ਜੰਡ ਦਾ ਉਹ ਸਦੀਆਂ ਪੁਰਾਣਾ ਰੁੱਖ ਅਜੇ ਵੀ ਖੜ੍ਹਾ ਹੈ, ਜਿੱਥੇ ਗੁਰੂਘਰ ਮੁਕਤ ਕਰਾਉਣ ਆਏ ਸਿੰਘ ਨੂੰ ਬੰਨ੍ਹ ਕੇ ਗੋਲੀਆਂ ਮਾਰੀਆਂ ਗਈਆਂ ਸਨ। ਕੰਧਾਂ ਉੱਪਰ ਗੋਲੀਆਂ ਦੇ ਨਿਸ਼ਾਨ ਅਜੇ ਵੀ ਹਨ। ਮਹੰਤ ਨਰੈਣ ਦਾਸ ਅਤੇ ਪੁਲਿਸ (ਅੰਗਰੇਜ਼ੀ ਸਰਕਾਰ) ਨੂੰ ਸਿੰਘਾਂ ਦੀਆਂ ਕੁਰਬਾਨੀਆਂ ਅੱਗੇ ਹਾਰ ਮੰਨਣੀ ਪਈ। ਗੁਰੂਘਰ ਦੀਆਂ ਚਾਬੀਆਂ ਵੀ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ। ਲੰਗਰ ਹਾਲ ’ਚੋਂ ਲੋੜ ਮੁਤਾਬਕ ਛਕਣ ਅਤੇ ਤਿਲ-ਫੁੱਲ ਭੇਟ ਕਰਨ ਤੋਂ ਬਾਅਦ ਅਸੀਂ ਸਾਰਿਆਂ ਦਾ ਫਿਰ ਧੰਨਵਾਦ ਕੀਤਾ। ਆਪਣੇ ਪਾਸਪੋਰਟ ਤੇ ਵੀਜ਼ਾ ਆਦਿ ਲੈ ਕੇ ਅਗਲੇ ਪੜਾਅ ਲਈ ਤੁਰ ਪਏ। ਸ਼ਾਹਜ਼ੇਬ ਲਈ ਸਭ ਨਵਾਂ ਸੀ, ਪਰ ਉਹ ਬਹੁਤ ਖ਼ੁਸ਼ ਸੀ।
ਬਾਬੇ ਨਾਨਕ ਦਾ ਜਨਮ ਅਸਥਾਨ ਨਨਕਾਣਾ ਸਾਹਿਬ
30 ਨਵੰਬਰ 2022 ਦਿਨ ਬੁੱਧਵਾਰ। ਬਾਬਰ ਨੂੰ ਜਾਬਰ ਕਹਿਣ ਵਾਲੇ ਜਗਤ ਗੁਰੂ, ਪੀਰਾਂ ਦੇ ਪੀਰ, ਰਾਜਿਆਂ ਨੂੰ ਸ਼ੀਂਹ ਅਤੇ ਮੁਕੱਦਮਾਂ ਨੂੰ ਕੁੱਤੇ ਕਹਿਣ ਵਾਲੇ ਬਾਬੇ ਨਾਨਕ ਦੀ ਜੰਮਣ ਭੋਇੰ ਦੀ ਅਸੀਂ ਜ਼ਿਆਰਤ ਕੀਤੀ। ਅਸੀਂ ਦੋ ਪੜਾਅ ਹੋਰ ਕਰਨੇ ਸਨ- ਗੁਰੂ ਘਰ ਸੱਚਾ ਸੌਦਾ (ਚੂੜ੍ਹਕਾਣਾ) ਅਤੇ ਵਾਰਿਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖ਼ਾਂ। ਨਨਕਾਣਾ ਸਾਹਿਬ ਤੋਂ ਲਾਹੌਰ ਵਾਪਸੀ ਦੇ ਰਾਹ ਵਿੱਚ ਹੀ ਪੈਂਦੇ ਹਨ ਇਹ ਦੋਵੇਂ ਥਾਂ।
ਜਦੋਂ ਬਾਬਾ ਨਾਨਕ ਪੈਦਾ ਹੋਏ ਤਾਂ ਇਸਦਾ ਨਾਮ ਰਾਇ ਭੋਇੰ ਦੀ ਤਲਵੰਡੀ ਹੁੰਦਾ ਸੀ, ਬਾਬੇ ਦੇ ਜਨਮ ਬਾਰੇ ਵੀ ਸਿੱਖ ਇਤਿਹਾਸਕਾਰਾਂ ਨੇ ਆਮ ਲੋਕਾਂ ਨੂੰ ਭੰਬਲਭੂਸਿਆਂ ਵਿੱਚ ਪਾਇਆ ਹੋਇਆ ਹੈ। ਜਿਵੇਂ ਵੈਸਾਖੀ ਅਤੇ ਹੋਰ ਗੁਰੂਆਂ ਦੇ ਦਿਨਾਂ ਸੁਦਾਂ ਬਾਰੇ। ਨਾਨਕ ਸ਼ਾਹੀ ਕੈਲੰਡਰ (2003) ਮੁਤਾਬਕ ਬਾਬਾ ਜੀ 1 ਵੈਸਾਖ ਅਤੇ ਬਿਕਰਮੀ ਨਾਨਕਸ਼ਾਹੀ ਕੈਲੰਡਰ ਮੁਤਾਬਕ ਕੱਤਕ ਦੀ ਪੂਰਨਮਾਸ਼ੀ (ਅਕਤੂਬਰ-ਨਵੰਬਰ) ਵਿਚਾਲੇ ਅਲੱਗ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਇਨ੍ਹਾਂ ਦੇ ਜੋਤੀ-ਜੋਤ ਸਮਾਉਣ ਬਾਰੇ ਵੀ ਇਨ੍ਹਾਂ ਮਹਾਂਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਹਨ। 24 ਸਤੰਬਰ 1487 ਨੂੰ ਬਾਬਾ ਜੀ ਦਾ ਵਿਆਹ ਬਟਾਲੇ ਮਾਤਾ ਸੁਲੱਖਣੀ ਨਾਲ਼ ਹੋਇਆ। ਇਨ੍ਹਾਂ ਦੇ ਦੋ ਪੁੱਤਰਾਂ- ਸ੍ਰੀ ਚੰਦ ਅਤੇ ਲੱਖਮੀ ਦਾਸ ਨੇ ਜਨਮ ਲਿਆ। ਸ੍ਰੀ ਚੰਦ ਬਾਅਦ ਵਿੱਚ ਉਦਾਸੀ ਸੰਪਰਦਾ ਦੇ ਸੰਸਥਾਪਕ ਬਣੇ। ਬਾਬਾ ਜੀ ਨੇ ਲੋਕਾਈ ਨੂੰ ਸੁਧਾਰਨ, ਵਹਿਮਾਂ-ਭਰਮਾਂ ਤੇ ਕਰਾਮਾਤਾਂ ਦਾ ਭਾਂਡਾ ਤੋੜਨ ਲਈ ਚਾਰ ਲੰਮੀਆਂ ਉਦਾਸੀਆਂ ਕੀਤੀਆਂ। ਭਾਈ ਮਰਦਾਨਾ ਨੇ ਆਪਣੇ ਗਰੀਬੜੇ ਟੱਬਰ ਦੀ ਪ੍ਰਵਾਹ ਕੀਤੇ ਬਿਨਾ ਬਾਬਾ ਜੀ ਦਾ ਇਨ੍ਹਾਂ ਉਦਾਸੀਆਂ ਵਿੱਚ ਸਾਥ ਦਿੱਤਾ। ਵੰਡ ਛਕੋ, ਨਾਮ ਜਪੋ ਤੇ ਕਿਰਤ ਕਰੋ- ਉਨ੍ਹਾਂ ਦੇ ਤਿੰਨ ਮੂਲ ਸਿਧਾਂਤ ਸਨ।
ਬਾਬਾ ਜੀ ਦੀ ਸਭ ਤੋਂ ਵੱਡੀ ਗੱਲ ਗੋਸ਼ਿਟ ਕਰਨਾ ਸੀ। ਉਹ ਆਪਣੇ ਵਿਰੋਧੀ ਵਿਚਾਰਾਂ ਵਾਲੇ ਨੂੰ ਡਾਂਗ ਜਾਂ ਬੰਦੂਕ ਨਾਲ਼ ਨਹੀਂ, ਤਰਕ ਨਾਲ਼ ਸਮਝਾਉਂਦੇ ਸਨ। ਅੱਜ ਕੱਲ੍ਹ ਦੇ ਸਿੱਖਾਂ ਜੋ ਗੋਲਕਾਂ ਤੇ ਗੁਰੂ ਘਰਾਂ ਦੀਆਂ ਚੌਧਰਾਂ ਖ਼ਾਤਰ ਇੱਕ ਦੂਜੇ ਦੀਆਂ ਪੱਗਾਂ ਲਾਹੁਣ ਤੱਕ ਜਾ ਰਹੇ ਹਨ, ਬਾਰੇ ਬਾਬਾ ਜੀ ਕਹਿੰਦੇ ਹਨ:
ਜਬ ਲਗ ਦੁਨੀਆ ਰਹੀਐ ਨਾਨਕ
ਕਿਛੁ ਸੁਣੀਐ ਕਿਛੁ ਕਹੀਐ॥
