ਸੁਪ੍ਰੀਤ ਸੈਣੀ
ਅਨੁਵਾਦ-ਕਮਲ ਦੁਸਾਂਝ
ਬ੍ਰਹਿਮੰਡ ਦੀ ਇਸ ਵਿਸ਼ਾਲਤਾ ਵਿੱਚ ਅਸੀਂ ਅਕਸਰ ਸੋਚਦੇ ਹਾਂ ਕਿ ਕੀ ਕਿਸੇ ਹੋਰ ਥਾਂ ’ਤੇ ਵੀ ਜੀਵਨ ਹੈ? ਜੇ ਹੈ ਤਾਂ ਕੀ ਉੱਥੇ ਜੀਵ ਇਸ ਤਰ੍ਹਾਂ ਹੀ ਦਿਖਦੇ ਹੋਣਗੇ ਜਿਵੇਂ ਅਸੀਂ? ਕੀ ਅਸੀਂ ਉਨ੍ਹਾਂ ਨਾਲ ਗੱਲ ਕਰ ਸਕਦੇ ਹਾਂ? ਇਹ ਸਵਾਲ ਬਹੁਤ ਗਹਿਰੇ ਹਨ ਅਤੇ ਸ਼ਾਇਦ ਇਨ੍ਹਾਂ ਦੇ ਜਵਾਬ ਸਾਨੂੰ ਕਾਫ਼ੀ ਸਮੇਂ ਬਾਅਦ ਮਿਲਣ। ਇਸ ਲਿਖਤ ਵਿੱਚ ਅਸੀਂ ਆਪਣੀ ਧਰਤੀ ’ਤੇ ਜੀਵਨ ਦੀ ਸ਼ੁਰੂਆਤ ਬਾਰੇ ਗੱਲ ਕਰਾਂਗੇ। ਇਹ ਕਹਾਣੀ ਨਾ ਸਿਰਫ਼ ਵਿਗਿਆਨਕ ਹੈ, ਬਲਕਿ ਬਹੁਤ ਰੋਮਾਂਚਕ ਵੀ ਹੈ।
ਧਰਤੀ ਦੀ ਉਮਰ ਲਗਭਗ 4.5 ਅਰਬ ਸਾਲ ਮੰਨੀ ਜਾਂਦੀ ਹੈ। ਇਹ ਅੰਕੜਾ ਸੁਣ ਕੇ ਮਨੁੱਖੀ ਦਿਮਾਗ ਹੀ ਚੱਕਰ ਖਾ ਜਾਂਦਾ ਹੈ, ਕਿਉਂਕਿ ਅਸੀਂ ਆਪਣੇ ਜੀਵਨ ਨੂੰ ਸਾਲਾਂ ਵਿੱਚ ਗਿਣਦੇ ਹਾਂ, ਪਰ ਇਨ੍ਹਾਂ ਅਰਬਾਂ ਸਾਲਾਂ ਦੀ ਕਲਪਨਾ ਕਰਨਾ ਬਹੁਤ ਔਖਾ ਹੈ।
ਇਨ੍ਹਾਂ 4.5 ਅਰਬ ਸਾਲਾਂ ਵਿੱਚ ਜੀਵਨ ਕਦੋਂ ਸ਼ੁਰੂ ਹੋਇਆ?
ਵਿਗਿਆਨੀ ਕਹਿੰਦੇ ਹਨ ਕਿ ਜੀਵਨ ਦੀ ਸ਼ੁਰੂਆਤ ਲਗਭਗ 4 ਅਰਬ ਸਾਲ ਪਹਿਲਾਂ ਹੋਈ। ਇਹ ਇੱਕ ਅਜਿਹੀ ਘਟਨਾ ਸੀ, ਜੋ ਬਹੁਤ ਸਾਧਾਰਨ ਜਾਪਦੀ ਹੈ ਪਰ ਇਸ ਨੇ ਪੂਰੀ ਧਰਤੀ ਨੂੰ ਬਦਲ ਦਿੱਤਾ।
ਜੀਵਨ ਕਿੱਥੇ ਸ਼ੁਰੂ ਹੋਇਆ? ਵਿਗਿਆਨੀਆਂ ਵਿੱਚ ਇਸ ਬਾਰੇ ਵੱਖ-ਵੱਖ ਰਾਵਾਂ ਹਨ। ਇੱਕ ਮੁੱਖ ਥਿਊਰੀ ਕਹਿੰਦੀ ਹੈ ਕਿ ਇਹ ਸਮੁੰਦਰਾਂ ਦੀ ਸਤਹਿ ’ਤੇ ਹੋਇਆ। ਕਲਪਨਾ ਕਰੋ, ਧਰਤੀ ਨਵੀਂ-ਨਵੀਂ ਬਣੀ ਸੀ। ਇਸ ਦੀ ਸਤਹਿ ਗਰਮ ਚੰਗਿਆੜੀ ਵਾਂਗ ਪਿਘਲੀ ਹੋਈ ਸੀ। ਅੱਗ ਦੇ ਗੋਲੇ ਵਾਂਗ ਚੱਲ ਰਹੀਆਂ ਹਵਾਵਾਂ ਅਤੇ ਬਿਜਲੀਆਂ ਨਾਲ ਭਰਪੂਰ ਆਬੋਹਵਾ ਵਿੱਚ ਕੋਈ ਵੀ ਜੀਵਨ ਨਹੀਂ ਰਹਿ ਸਕਦਾ ਸੀ; ਪਰ ਜਦੋਂ ਧਰਤੀ ਠੰਡੀ ਹੋਈ ਅਤੇ ਸਮੁੰਦਰ ਬਣੇ, ਤਾਂ ਉੱਥੇ ਰਸਾਇਣਕ ਪ੍ਰਕਿਰਿਆਵਾਂ ਸ਼ੁਰੂ ਹੋਈਆਂ। ਇਨ੍ਹਾਂ ਵਿੱਚ ਪਾਣੀ, ਗੈਸਾਂ ਅਤੇ ਗਰਮੀ ਨੇ ਮਿਲ ਕੇ ਛੋਟੇ-ਛੋਟੇ ਅਣੂ ਬਣਾਏ, ਜਿਹੜੇ ਅੰਤ ਵਿੱਚ ਜੀਵਨ ਦੇ ਪਹਿਲੇ ਰੂਪ ਬਣ ਗਏ।
ਇੱਕ ਮਸ਼ਹੂਰ ਖੋਜ, ਜਿਸ ਨੂੰ ਮਿਲਰ-ਯੂਰੀ ਖੋਜ ਕਿਹਾ ਜਾਂਦਾ ਹੈ, ਨੇ ਇਹ ਵਿਖਾਇਆ ਕਿ ਧਰਤੀ ਦੀ ਪੁਰਾਣੀ ਆਬੋਹਵਾ ਵਿੱਚ ਬਿਜਲੀ ਦੀਆਂ ਕਿਰਨਾਂ ਨਾਲ ਗੈਸਾਂ ਮਿਲ ਕੇ ਅਮੀਨੋ ਐਸਿਡ ਬਣਾ ਸਕਦੀਆਂ ਹਨ। ਇਹ ਅਮੀਨੋ ਐਸਿਡ ਪ੍ਰੋਟੀਨਾਂ ਦੀ ਬਣਤਰ ਹਨ ਅਤੇ ਪ੍ਰੋਟੀਨ ਹੀ ਜੀਵਨ ਦੀ ਨੀਂਹ ਹਨ। ਇਸ ਤਰ੍ਹਾਂ ਸਮੁੰਦਰਾਂ ਵਿੱਚ ਇਹ ਰਸਾਇਣਕ ‘ਸੂਪ’ ਬਣਿਆ, ਜਿਸ ਨੇ ਪਹਿਲੇ ਜੀਵਾਂ ਨੂੰ ਜਨਮ ਦਿੱਤਾ। ਕੁਝ ਵਿਗਿਆਨੀ ਕਹਿੰਦੇ ਹਨ ਕਿ ਇਹ ਹਾਈਡਰੋਥਰਮਲ ਵੈਂਟਸ (ਗਰਮ ਪਾਣੀ ਦੇ ਫੁਹਾਰੇ) ਵਿੱਚ ਵੀ ਹੋ ਸਕਦਾ ਹੈ, ਜਿੱਥੇ ਧਰਤੀ ਦੇ ਅੰਦਰੋਂ ਗਰਮ ਪਾਣੀ ਬਾਹਰ ਨਿਕਲਦਾ ਹੈ ਅਤੇ ਰਸਾਇਣਕ ਊਰਜਾ ਪ੍ਰਦਾਨ ਕਰਦਾ ਹੈ। ਇਹ ਸਭ ਇਹ ਦੱਸਦਾ ਹੈ ਕਿ ਜੀਵਨ ਦੀ ਸ਼ੁਰੂਆਤ ਬਹੁਤ ਜਲਦੀ ਹੋ ਗਈ, ਧਰਤੀ ਬਣਨ ਤੋਂ ਬੱਸ ਕੁਝ ਕਰੋੜ ਸਾਲਾਂ ਵਿੱਚ।
ਪਹਿਲੇ ਜੀਵ ਕੀ ਸਨ?
ਉਨ੍ਹਾਂ ਨੂੰ ਪ੍ਰੋਕੈਰੀਓਟ ਕਿਹਾ ਜਾਂਦਾ ਹੈ। ਇਹ ਬਹੁਤ ਸਾਧਾਰਨ ਸੈੱਲ ਹਨ, ਜਿਨ੍ਹਾਂ ਵਿੱਚ ਕੋਈ ਨਿਊਕਲੀਅਸ (ਕੇਂਦਰਕ) ਨਹੀਂ ਹੁੰਦਾ। ਨਿਊਕਲੀਅਸ ਉਹ ਹਿੱਸਾ ਹੈ, ਜਿੱਥੇ ਜੀਵ ਦੀ ਜਾਣਕਾਰੀ (ਡੀ.ਐਨ.ਏ.) ਰੱਖੀ ਜਾਂਦੀ ਹੈ। ਇਹ ਪ੍ਰੋਕੈਰੀਓਟ ਦੋ ਤਰ੍ਹਾਂ ਦੇ ਸਨ: ਬੈਕਟੀਰੀਆ ਅਤੇ ਆਰਕੀਆ। ਬੈਕਟੀਰੀਆ ਉਹੀ ਹਨ, ਜਿਹੜੇ ਅਸੀਂ ਇਨਫੈਕਸ਼ਨ ਵਿੱਚ ਐਂਟੀਬਾਇਓਟਿਕ ਨਾਲ ਮਾਰਦੇ ਹਾਂ। ਇਹ ਬਹੁਤ ਛੋਟੇ ਹਨ, ਇੱਕ ਕੀੜੀ ਵਿੱਚ ਲੱਖਾਂ ਰਹਿ ਸਕਦੇ ਹਨ। ਆਰਕੀਆ ਵੀ ਇਸੇ ਤਰ੍ਹਾਂ ਸਨ, ਪਰ ਉਹ ਬਹੁਤ ਗਰਮ ਜਾਂ ਖਾਰੇ ਪਾਣੀ ਵਿੱਚ ਰਹਿ ਸਕਦੇ ਸਨ, ਜਿਵੇਂ ਕਿ ਗਰਮ ਝਰਨਿਆਂ ਵਿੱਚ।
ਪਹਿਲੇ 2 ਅਰਬ ਸਾਲ ਤੱਕ ਧਰਤੀ ’ਤੇ ਇਨ੍ਹਾਂ ਦਾ ਰਾਜ ਰਿਹਾ। ਉਹ ਸਮੁੰਦਰਾਂ ਵਿੱਚ ਤੈਰਦੇ ਰਹੇ, ਆਕਸੀਜਨ ਬਣਾਉਂਦੇ ਰਹੇ। ਇੱਕ ਵੱਡੀ ਘਟਨਾ ਹੋਈ ਜਦੋਂ ਬੈਕਟੀਰੀਆ ਨੇ ਫੋਟੋਸਿੰਥੈਸਿਸ ਸਿੱਖ ਲਿਆ, ਯਾਨੀ ਰੋਸ਼ਨੀ ਨਾਲ ਖਾਣਾ ਬਣਾਉਣਾ। ਇਸ ਨਾਲ ਧਰਤੀ ’ਤੇ ਆਕਸੀਜਨ ਵਧੀ ਅਤੇ ਵਾਤਾਵਰਣ ਬਦਲ ਗਿਆ, ਪਰ ਇਨ੍ਹਾਂ ਵਿੱਚ ਕੋਈ ਵੱਡੇ ਜੀਵ ਨਹੀਂ ਬਣੇ, ਕਿਉਂਕਿ ਉਨ੍ਹਾਂ ਦੀ ਊਰਜਾ ਘੱਟ ਸੀ। ਇਹ ਸਮਾਂ ਧਰਤੀ ਦੇ ਇਤਿਹਾਸ ਦਾ ‘ਮਾਈਕ੍ਰੋਬੀਅਲ ਯੁੱਗ’ ਕਿਹਾ ਜਾਂਦਾ ਹੈ, ਜਿੱਥੇ ਸਿਰਫ਼ ਛੋਟੇ ਜੀਵ ਹੀ ਸਨ।
ਅੱਜ ਵੀ ਇਹ ਬੈਕਟੀਰੀਆ ਅਤੇ ਆਰਕੀਆ ਧਰਤੀ ’ਤੇ ਹਨ, ਅਸੀਂ ਉਨ੍ਹਾਂ ਨੂੰ ਦੇਖ ਨਹੀਂ ਪਾਉਂਦੇ ਪਰ ਉਹ ਸਾਡਾ ਭੋਜਨ ਪਚਾਉਣ ਵਿੱਚ ਮਦਦ ਕਰਦੇ ਹਨ ਜਾਂ ਮਿੱਟੀ ਨੂੰ ਜ਼ਰਖੇਜ਼ ਬਣਾਉਂਦੇ ਹਨ। ਇਨ੍ਹਾਂ ਨੇ ਹੀ ਧਰਤੀ ਨੂੰ ਜੀਵਨ ਲਈ ਤਿਆਰ ਕੀਤਾ।
ਪਰ ਵੱਡੇ ਜੀਵ ਕਿਵੇਂ ਆਏ?
ਇਹ ਇੱਕ ਅਜੀਬ ਘਟਨਾ ਨਾਲ ਹੋਇਆ। ਲਗਭਗ 2 ਅਰਬ ਸਾਲ ਪਹਿਲਾਂ, ਇੱਕ ਆਰਕੀਆ ਨੇ ਇੱਕ ਬੈਕਟੀਰੀਆ ਨੂੰ ਖਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪੂਰਾ ਹਜ਼ਮ ਨਹੀਂ ਕੀਤਾ। ਬੈਕਟੀਰੀਆ ਉਸ ਦੇ ਅੰਦਰ ਜੀਉਂਦਾ ਰਿਹਾ ਅਤੇ ਇੱਕ ਸਮਝੌਤਾ ਹੋ ਗਿਆ। ਇਸ ਨੂੰ ਐਂਡੋਸਿੰਬਾਇਓਸਿਸ ਕਿਹਾ ਜਾਂਦਾ ਹੈ।
ਇਸ ਨਾਲ ਇੱਕ ਨਵਾਂ ਸੈਲ ਬਣਿਆ, ਜਿਸ ਨੂੰ ਯੂਕੈਰੀਓਟ ਕਿਹਾ ਜਾਂਦਾ ਹੈ। ਇਸ ਵਿੱਚ ਨਿਊਕਲੀਅਸ ਹੈ ਅਤੇ ਬੈਕਟੀਰੀਆ ਉਸ ਦਾ ਮਾਈਟੋਕੌਂਡ੍ਰੀਆ ਬਣ ਗਿਆ। ਮਾਈਟੋਕੌਂਡ੍ਰੀਆ ਸੈੱਲ ਦਾ ਬਿਜਲੀ ਘਰ ਹੈ, ਜਿੱਥੇ ਊਰਜਾ ਬਣਾਈ ਜਾਂਦੀ ਹੈ। ਪਹਿਲਾਂ ਸੈੱਲਾਂ ਵਿੱਚ ਊਰਜਾ ਘੱਟ ਸੀ, ਪਰ ਹੁਣ ਇਹ ਵਧ ਗਈ। ਇਸ ਨਾਲ ਵੱਡੇ ਅਤੇ ਗੁੰਝਲਦਾਰ ਜੀਵ ਬਣਨੇ ਸ਼ੁਰੂ ਹੋ ਗਏ। ਅਸੀਂ ਆਪਣੇ ਆਲੇ-ਦੁਆਲੇ ਵੇਖੀਏ; ਰੁੱਖ, ਪੌਦੇ, ਜਾਨਵਰ, ਪੰਛੀ ਅਤੇ ਆਪਾਂ ਆਪ– ਸਭ ਇਨ੍ਹਾਂ ਯੂਕੈਰੀਓਟ ਸੈੱਲਾਂ ਤੋਂ ਬਣੇ ਹਨ। ਇਹ ਘਟਨਾ ਧਰਤੀ ’ਤੇ ਜੀਵਨ ਨੂੰ ਇੱਕ ਨਵਾਂ ਮੋੜ ਦੇ ਗਈ।
ਪਰ ਇਹਦੇ ਲਈ ਕਿਉਂ 2 ਅਰਬ ਸਾਲ ਲੱਗ ਗਏ? ਇਹ ਇੱਕ ਰਹੱਸ ਹੈ।
ਸ਼ਾਇਦ ਆਬੋਹਵਾ ਵਿੱਚ ਆਕਸੀਜਨ ਦੇ ਵਧਣ ਦੀ ਰਫ਼ਤਾਰ ਮੱਠੀ ਸੀ ਜਾਂ ਰਸਾਇਣਕ ਸੰਤੁਲਨ ਬਣਨ ਵਿੱਚ ਸਮਾਂ ਲੱਗਾ। ਕੁਝ ਵਿਗਿਆਨੀ ਕਹਿੰਦੇ ਹਨ ਕਿ ਇਹ ਇੱਕ ਬਹੁਤ ਖਾਸ ਘਟਨਾ ਸੀ, ਜੋ ਸ਼ਾਇਦ ਹਰ ਜਗ੍ਹਾ ਨਾ ਹੋਵੇ।
ਜੇ ਬ੍ਰਹਿਮੰਡ ਵਿੱਚ ਕਿਤੇ ਹੋਰ ਜੀਵਨ ਹੈ ਤਾਂ ਕੀ ਉੱਥੇ ਵੀ ਇਹੋ ਜਿਹਾ ਹੋਇਆ? ਅਸੀਂ ਨਹੀਂ ਜਾਣਦੇ, ਪਰ ਇਹ ਸੋਚਣ ਵਿੱਚ ਆਨੰਦ ਆਉਂਦਾ ਹੈ। ਅੱਜ ਵੀ ਵਿਗਿਆਨੀ ਇਹ ਖੋਜ ਰਹੇ ਹਨ ਕਿ ਇਹ ਐਂਡੋਸਿੰਬਾਇਓਸਿਸ ਕਿਵੇਂ ਹੋਈ। ਲੈਬ ਵਿੱਚ ਉਹ ਸੈਲਾਂ ਨੂੰ ਜੋੜ ਕੇ ਵੇਖ ਰਹੇ ਹਨ।
ਧਰਤੀ ’ਤੇ ਜੀਵਨ ਦੀ ਕਹਾਣੀ ਵਿੱਚ ਇੱਕ ਹੋਰ ਵੱਡਾ ਮੋੜ ਆਇਆ ਲਗਭਗ 6.5 ਕਰੋੜ ਸਾਲ ਪਹਿਲਾਂ। ਇੱਕ ਵਿਸ਼ਾਲ ਉਲਕਾ ਪਿੰਡ ਮੈਕਸੀਕੋ ਦੇ ਨੇੜੇ ਆ ਡਿੱਗਾ। ਇਸ ਨਾਲ ਧਰਤੀ ਧੁਖਣ ਲੱਗੀ, ਅੱਗ ਲੱਗ ਗਈ ਅਤੇ ਹਵਾ ਵਿੱਚ ਧੂੰਆਂ ਭਰ ਗਿਆ। ਇਹ ਇੱਕ ਵਿਸ਼ਵਵਿਆਪੀ ਆਫ਼ਤ ਸੀ। ਇਸ ਨਾਲ ਡਾਇਨਾਸੌਰ ਵੀ ਖ਼ਤਮ ਹੋ ਗਏ, ਜੋ ਧਰਤੀ ’ਤੇ ਦਬਦਬਾ ਰੱਖਦੇ ਸਨ। ਡਾਇਨਾਸੌਰ ਵੱਡੇ ਜਾਨਵਰ ਸਨ– ਕੁਝ ਉੱਡਦੇ, ਕੁਝ ਤੈਰਦੇ; ਉਨ੍ਹਾਂ ਨੂੰ ਭੁੱਖ ਲੱਗਦੀ ਤਾਂ ਉਹ ਸਭ ਕੁਝ ਖਾ ਜਾਂਦੇ।
ਇਸ ਆਫ਼ਤ ਨਾਲ ਬਹੁਤ ਸਾਰੀਆਂ ਜੀਵ ਕਿਸਮਾਂ ਖ਼ਤਮ ਹੋ ਗਈਆਂ, ਪਰ ਜੋ ਬਚ ਗਏ, ਉਨ੍ਹਾਂ ਨੂੰ ਨਵਾਂ ਮੌਕਾ ਮਿਲਿਆ। ਛੋਟੇ ਜਾਨਵਰ, ਜਿਹੜੇ ਚੂਹਿਆਂ ਵਾਂਗ ਸਨ, ਉਹ ਲੁਕ ਕੇ ਬਚ ਗਏ। ਇਹ ਪਹਿਲੇ ਜੀਵਾਂ ਦੇ ਪੂਰਵਜ ਸਨ। ਡਾਇਨਾਸੌਰ ਖ਼ਤਮ ਹੋਣ ਤੋਂ ਬਾਅਦ ਧਰਤੀ ਖਾਲੀ ਹੋ ਗਈ। ਪੌਦੇ ਵਧੇ, ਨਦੀਆਂ ਵਗੀਆਂ ਅਤੇ ਇਨ੍ਹਾਂ ਛੋਟੇ ਜਾਨਵਰਾਂ ਨੇ ਵਿਕਸਿਤ ਹੋਣਾ ਸ਼ੁਰੂ ਕੀਤਾ। ਲੱਖਾਂ ਸਾਲਾਂ ਵਿੱਚ ਉਹ ਵੱਡੇ ਹੋ ਗਏ, ਵੱਖ-ਵੱਖ ਰੂਪ ਲੈ ਲਏ। ਅੰਤ ਵਿੱਚ, ਇੱਕ ਸ਼ਾਖਾ ਨੇ ਮਨੁੱਖ ਬਣਾਏ। ਅੱਜ ਅਸੀਂ ਧਰਤੀ ਦੀ ਸਭ ਤੋਂ ਤਾਕਤਵਰ ਪ੍ਰਜਾਤੀ ਹਾਂ–ਅਸੀਂ ਵਿਗਿਆਨ ਦੇ ਸਹਾਰੇ ਨਵੀਂ ਤਕਨੀਕ ਅਤੇ ਸ਼ਹਿਰ ਬਣਾ ਰਹੇ ਹਾਂ।
ਪਰ ਜੇ ਉਹ ਉਲਕਾ ਨਾ ਡਿੱਗੀ ਹੁੰਦੀ ਤਾਂ?
ਸ਼ਾਇਦ ਡਾਇਨਾਸੌਰ ਅੱਜ ਵੀ ਰਹਿੰਦੇ ਹੁੰਦੇ ਅਤੇ ਅਸੀਂ ਨਾ ਹੁੰਦੇ। ਇਹ ਵਿਕਾਸ ਦੀ ਇੱਕ ਚੰਗਿਆੜੀ ਵਾਂਗ ਹੈ– ਛੋਟੀਆਂ ਘਟਨਾਵਾਂ ਵੱਡੇ ਬਦਲਾਅ ਲਿਆਉਂਦੀਆਂ ਹਨ। ਵਿਗਿਆਨੀ ਇਨ੍ਹਾਂ ਬਦਲਾਵਾਂ ਤੋਂ ਹੀ ਪੜ੍ਹਦੇ ਹਨ ਕਿ ਕਿਵੇਂ ਪ੍ਰਜਾਤੀਆਂ ਬਦਲੀਆਂ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਨਾ ਸਿਰਫ਼ ਅਜੀਬ ਹੈ ਬਲਕਿ ਨਾਜ਼ੁਕ ਵੀ ਹੈ।
ਅੱਜ ਵੀ ਵਿਗਿਆਨੀ ਜੀਵਨ ਦੀ ਉਪਜ ਨੂੰ ਸਮਝਣ ਲਈ ਲੈਬਾਂ ਵਿੱਚ ਕੰਮ ਕਰ ਰਹੇ ਹਨ। ਨਾਸਾ ਵਰਗੀਆਂ ਸੰਸਥਾਵਾਂ ਮੰਗਲ ਗ੍ਰਹਿ ’ਤੇ ਜੀਵਨ ਦੀ ਖੋਜ ਕਰ ਰਹੀਆਂ ਹਨ। ਜੇ ਅਸੀਂ ਧਰਤੀ ’ਤੇ ਜੀਵਨ ਨੂੰ ਸਮਝ ਲਈਏ ਤਾਂ ਸ਼ਾਇਦ ਬ੍ਰਹਿਮੰਡ ਵਿੱਚ ਹੋਰਨਾਂ ਨੂੰ ਵੀ ਲੱਭ ਸਕੀਏ। ਇਹ ਕਹਾਣੀ ਅਜੇ ਅਧੂਰੀ ਹੈ, ਪਰ ਇਹ ਸਾਨੂੰ ਉਮੀਦ ਦਿੰਦੀ ਹੈ ਕਿ ਜੀਵਨ ਇੱਕ ਅਦਭੁਤ ਰਹੱਸ ਹੈ।
—
(ਲੇਖਕ ਆਈ.ਆਈ.ਟੀ. ਬੰਬਈ ਵਿੱਚ ਪ੍ਰੋਫੈਸਰ ਹਨ)
