ਨਿੱਕੇ–ਨਿੱਕੇ ਕਦਮ ਬਣਦੇ ਹਨ ਵੱਡੀਆਂ ਮੰਜ਼ਿਲਾਂ ਸਰ ਕਰਨ ਦਾ ਜ਼ਰੀਆ

ਆਮ-ਖਾਸ

ਅਸ਼ਵਨੀ ਚਤਰਥ
ਫੋਨ: +91-6284220595
ਜ਼ਿੰਦਗੀ ’ਚ ਅਕਸਰ ਵੱਡੇ ਟੀਚਿਆਂ ਦੀ ਪੂਰਤੀ ਦੀ ਸ਼ੁਰੂਆਤ ਛੋਟੇ–ਛੋਟੇ ਕਦਮਾਂ ਨਾਲ ਹੀ ਹੁੰਦੀ ਹੈ। ਕੀਤੇ ਗਏ ਨਿੱਕੇ–ਨਿੱਕੇ ਸੁਧਾਰ ਮਿਲ ਕੇ ਹੀ ਵੱਡੇ ਪ੍ਰਭਾਵ ਪੈਦਾ ਕਰਦੇ ਹਨ। ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਜੇਕਰ ਕਿਸੇ ਵੱਡੇ ਕੰਮ ਨੂੰ ਛੋਟੇ–ਛੋਟੇ ਹਿੱਸਿਆਂ ਵਿੱਚ ਵੰਡ ਕੇ ਕਰ ਲਿਆ ਜਾਏ ਤਾਂ ਕੰਮ ਆਸਾਨ ਹੋ ਜਾਂਦਾ ਹੈ।

ਮਨੋਵਿਗਿਆਨਕ ਤੌਰ `ਤੇ ਵੀ ਛੋਟੀਆਂ–ਛੋਟੀਆਂ ਪ੍ਰਾਪਤੀਆਂ ਆਦਮੀ ਦੇ ਮਨੋਬਲ ਨੂੰ ਤਕੜਾ ਕਰਦੀਆਂ ਹਨ ਅਤੇ ਇਸੇ ਮਜਬੂਤ ਮਨੋਬਲ ਦੇ ਆਸਰੇ ਆਦਮੀ ਵੱਡੀਆਂ ਚੁਣੌਤੀਆਂ ਨੂੰ ਪਾਰ ਕਰ ਸਕਦਾ ਹੈ। ਇਸ ਲਈ ਜ਼ਿੰਦਗੀ ’ਚ ਕਿਸੇ ਵੀ ਕੰਮ ਵਿੱਚ ਪਰਿਪੱਕਤਾ ਹਾਸਲ ਕਰਨ ਲਈ ਹਮੇਸ਼ਾ ਸ਼ੁਰੂਆਤ ਨਿੱਕੇ ਕਦਮਾਂ ਨਾਲ ਹੀ ਕਰਨੀ ਚਾਹੀਦੀ ਹੈ। ਹਕੀਕੀ ਜ਼ਿੰਦਗੀ ਦੀ ਇਹ ਵੀ ਵਾਸਤਵਿਕਤਾ ਹੈ ਕਿ ਕਦੀ ਵੀ ਕੋਈ ਆਦਮੀ ਆਪਣੇ ਖੇਤਰ ਵਿੱਚ ਪੂਰੀ ਤਰ੍ਹਾਂ ਪਰਿਪੱਕ ਨਹੀਂ ਹੁੰਦਾ, ਭਾਵ ਉਸ ਵਿੱਚ ਕੁਝ ਨਾ ਕੁਝ ਸੁਧਾਰ ਕੀਤੇ ਜਾਣ ਦੀ ਸੰਭਾਵਨਾ ਰਹਿੰਦੀ ਹੀ ਰਹਿੰਦੀ ਹੈ। ਇਸ ਲਈ ਸਾਨੂੰ ਜ਼ਿੰਦਗੀ ਵਿੱਚ ਲਗਾਤਾਰ ਆਪਣੀਆਂ ਊਣਤਾਈਆਂ ਨੂੰ ਦੂਰ ਕਰਦੇ ਰਹਿਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਡੀ ਜ਼ਿੰਦਗੀ ’ਚੋਂ ਨਿਰਾਸ਼ਾ ਘਟਦੀ ਹੈ ਅਤੇ ਸਰੀਰ ਅੰਦਰ ਨਵੀਂ ਤੇ ਉਸਾਰੂ ਊਰਜਾ ਦਾ ਪ੍ਰਵਾਹ ਹੁੰਦਾ ਹੈ ਅਤੇ ਜ਼ਿਦਗੀ ਨੂੰ ਜ਼ਿੰਦਾਦਿਲੀ ਨਾਲ ਜਿਊਣ ਦੀ ਤੇ ਸਮਾਜ ਲਈ ਕੁਝ ਚੰਗਾ ਕਰਨ ਦੀ ਇੱਛਾ ਪੈਦਾ ਹੁੰਦੀ ਹੈ। ਇੱਥੇ ਬਾਲੀਵੁੱਡ ਦੇ ਸਿਤਾਰੇ ਆਮਿਰ ਖਾਂ ਦਾ ਜ਼ਿਕਰ ਕਰਨਾ ਬਣਦਾ ਹੈ। ਉਹ ਫ਼ਿਲਮ ਇੰਡਸਟਰੀ ਦਾ ਇੱਕ ਚੋਟੀ ਦਾ ਅਭਿਨੇਤਾ, ਨਾਮਵਰ ਨਿਰਦੇਸ਼ਕ ਅਤੇ ਇੱਕ ਉੱਘਾ ਫ਼ਿਲਮ ਨਿਰਮਾਤਾ ਹੈ। ਉਸ ਨੂੰ ਫ਼ਿਲਮ ਜਗਤ ਦਾ ‘ਮਿਸਟਰ ਪਰਫੈੱਕਸ਼ਨਿਸਟ’ ਭਾਵ ਕਿ ਆਪਣੇ ਖੇਤਰ ਦੀਆਂ ਸਭਨਾਂ ਕਲਾਵਾਂ ਵਿੱਚ ਪਰਿਪੱਕ ਸ਼ਖ਼ਸੀਅਤ ਵਾਲਾ ਸਿਤਾਰਾ ਆਖਿਆ ਜਾਂਦਾ ਹੈ; ਪਰ ਉਸ ਦਾ ਵੀ ਇਹ ਕਹਿਣਾ ਹੈ ਕਿ ਉਹ ਵੀ ਰੋਜ਼ਾਨਾ ਨਵੇਂ ਤੋਂ ਨਵੇਂ ਲੋਕਾਂ ਨੂੰ ਮਿਲਦਾ ਹੈ ਅਤੇ ਉਨ੍ਹਾਂ ਕੋਲੋਂ ਕੁਝ ਨਵੇਂ ਤੋਂ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ।
ਜ਼ਿੰਦਗੀ ਵਿੱਚ ਪਰਿਪੱਕਤਾ ਹਾਸਿਲ ਕਰਨ ਲਈ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਹਾਂ-ਪੱਖੀ ਨਜ਼ਰੀਏ ਨਾਲ ਤੱਕਣਾ ਚਾਹੀਦਾ ਹੈ। ਜਿਵੇਂ ਚੜ੍ਹਦਾ ਸੂਰਜ, ਚੱਲਦੇ ਫਿਰਦੇ ਬੱਦਲ ਅਤੇ ਆਲੇ-ਦੁਆਲੇ ਫੈਲੀ ਹੋਈ ਹਰਿਆਵਲ ਆਦਮੀ ਵਿੱਚ ਨਵਾਂ ਉਤਸ਼ਾਹ ਪੈਦਾ ਕਰਦੀ ਹੈ। ਇਨ੍ਹਾਂ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਮਨ ਨਾਲ ਇੱਕ–ਮਿੱਕ ਕਰ ਕੇ ਆਪਣੇ ਅੰਦਰ ਨਵਾਂ ਜੋਸ਼ ਜਗਾਉਣਾ ਚਾਹੀਦਾ ਹੈ। ਕਿਸੇ ਛੋਟੇ ਬੱਚੇ ਦੇ ਚਿਹਰੇ ਦੀ ਕੋਮਲਤਾ ਅਤੇ ਨਿਰਮਲਤਾ ਮਨੁੱਖ ਅੰਦਰ ਜ਼ਿੰਦਗੀ ਜਿਊਣ ਲਈ ਨਵੀਂ ਤਾਕਤ ਅਤੇ ਨਵਾਂ ਉਤਸ਼ਾਹ ਭਰ ਦਿੰਦੀ ਹੈ। ਜ਼ਿੰਦਗੀ ਵਿੱਚ ਕਈ ਵਾਰ ਸਾਡਾ ਕਿਸੇ ਅਜਿਹੇ ਆਦਮੀ ਨਾਲ ਟਾਕਰਾ ਹੋ ਜਾਂਦਾ ਹੈ, ਜਿਸ ਨੇ ਅਨੇਕਾਂ ਹੀ ਭਾਸ਼ਾਵਾਂ ਸਿੱਖੀਆਂ ਹੋਈਆਂ ਹਨ ਜਾਂ ਕੋਈ ਹੋਰ ਆਦਮੀ ਜਿਸ ਨੇ ਕਿੰਨੀਆਂ ਹੀ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ। ਅਜਿਹੇ ਆਦਮੀ ਸਾਡੇ ਅੰਦਰੋਂ ਢਾਹੁੰਦੇ ਵਿਚਾਰਾਂ ਨੂੰ ਬਾਹਰ ਕੱਢ ਕੇ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ। ਸਾਨੂੰ ਐਸੇ ਲੋਕਾਂ ਕੋਲੋਂ ਨਵੇਂ ਕੰਮ ਕਰਨ ਦੀ ਪ੍ਰੇਰਣਾ ਵੀ ਮਿਲਦੀ ਹੈ।
ਵਿਦਵਾਨਾਂ ਦਾ ਵੀ ਇਹ ਕਹਿਣਾ ਹੈ ਕਿ ਕੋਈ ਵੀ ਆਦਮੀ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਮੁਕੰਮਲ ਤਾਂ ਨਹੀਂ ਬਣ ਸਕਦਾ, ਪਰ ਆਪਣੀਆਂ ਛੋਟੀਆਂ–ਛੋਟੀਆਂ ਕਮੀਆਂ ਨੂੰ ਦੂਰ ਕਰਕੇ ਆਪਣੀਆਂ ਊਣਤਾਈਆਂ ਨੂੰ ਘਟਾਅ ਜ਼ਰੂਰ ਸਕਦਾ ਹੈ। ਇੱਕ ਸਮਾਜਿਕ ਮਨੁੱਖ ਦੀ ਇਹੀ ਇੱਕ ਸੱਚਾਈ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਨਿਰਵਿਘਨ ਤਰੱਕੀ ਕਰਦੇ ਰਹਿਣ ਦੀ ਅਤੇ ਉੱਚੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਲਗਾਤਾਰ ਇੱਛਾ ਕਰਦਾ ਰਹਿੰਦਾ ਹੈ; ਪਰ ਇਹ ਤਾਂ ਹੀ ਸੰਭਵ ਹੈ ਜੇਕਰ ਉਹ ਆਪਣੇ ਅੰਦਰੋਂ ਮਾੜੀਆਂ ਆਦਤਾਂ ਤੋਂ ਛੁਟਕਾਰਾ ਪਾ ਕੇ ਅਤੇ ਚੰਗੀਆਂ ਆਦਤਾਂ ਨੂੰ ਜੀਵਨ ਵਿੱਚ ਧਾਰਨ ਕਰੇ। ਜਿਵੇਂ ਕਿ ਸਾਨੂੰ ਆਪਣੇ ਜੀਵਨ ਵਿੱਚ ਸਿਰਜਾਣਤਮਕਤਾ ਲਿਆਉਣ ਲਈ ਰੋਜ਼ਾਨਾ ਦੀ ਅਕਾਊ ਜ਼ਿੰਦਗੀ ਵਿੱਚ ਨਵੇਂ ਸ਼ੌਕ ਪੈਦਾ ਕਰਨੇ ਚਾਹੀਦੇ ਹਨ- ਜਿਵੇਂ ਪੇਟਿੰਗ ਕਰਨਾ, ਡਾਂਸਿੰਗ, ਤੈਰਾਕੀ, ਬਗੀਚੀ ਸੰਵਾਰਨਾ, ਦੌੜ ਲਗਾਉਣਾ, ਯੋਗਾ ਕਰਨਾ ਆਦਿ। ਅਜਿਹੇ ਸ਼ੌਕ ਸਾਡੀ ਜ਼ਿੰਦਗੀ ਵਿੱਚ ਨਵੀਂ ਊਰਜਾ ਪੈਦਾ ਕਰਦੇ ਹਨ। ਮਨੋ–ਵਿਗਿਆਨੀਆਂ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਹਰੇਕ ਆਦਮੀ ਵਿੱਚ ਕੋਈ ਨਾ ਕੋਈ ਹੁਨਰ ਤਾਂ ਜ਼ਰੂਰ ਲੁਕਿਆ ਹੁੰਦਾ ਹੈ, ਲੋੜ ਹੁੰਦੀ ਹੈ ਉਸ ਨੂੰ ਪਛਾਣ ਕੇ ਆਪਣੀ ਅਮਲੀ ਜ਼ਿੰਦਗੀ ਵਿੱਚ ਧਾਰਨ ਕਰਨ ਦੀ। ਆਦਮੀ ਨੂੰ ਚਾਹੀਦਾ ਹੈ ਕਿ ਆਪਣੀਆਂ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਸਵੀਕਾਰੇ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ। ਕਾਮਯਾਬ ਲੋਕਾਂ ਦੀ ਜ਼ਿੰਦਗੀ ਦੂਜਿਆਂ ਲਈ ਪ੍ਰੇਰਣਾ ਦਾ ਸ੍ਰੋਤ ਹੁੰਦੀ ਹੈ, ਉਨ੍ਹਾਂ ਕੋਲੋਂ ਸੇਧ ਲੈ ਕੇ ਉਨ੍ਹਾਂ ਦੀਆਂ ਚੰਗੀਆਂ ਆਦਤਾਂ ਨੂੰ ਧਾਰਨ ਕੀਤਾ ਜਾਵੇ। ਬੀਤੇ ਸਮੇਂ ਦੀ ਕਿਸੇ ਵੀ ਮਾੜੀ ਘਟਨਾ ਨੂੰ ਜਲਦੀ ਤੋਂ ਜਲਦੀ ਦਿਮਾਗ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਇਸ ਨਾਲ ਜੀਵਨ ਵਿੱਚੋਂ ਨਾਂਹ–ਪੱਖੀ ਊਰਜਾ ਘੱਟਦੀ ਹੈ ਅਤੇ ਸਰੀਰ ਵਿੱਚ ਸਿਰਜਣਾਤਮਕ ਊਰਜਾ ਦਾਖ਼ਲ ਹੁੰਦੀ ਹੈ। ਮੋਬਾਇਲ ਉੱਤੇ ਚੈਟ ਕਰਨ ਜਾਂ ਵਿਹਲੀਆਂ ਗੱਲਾਂ ਵਿੱਚ ਸਮਾਂ ਖ਼ਰਾਬ ਕਰਨ ਦੀ ਬਜਾਏ ਅਜਿਹੇ ਕਿਸੇ ਮਨਪਸੰਦ ਕੰਮ ਜਾਂ ਕਾਰੋਬਾਰ ਵਿੱਚ ਸਮਾਂ ਬਤੀਤ ਕੀਤਾ ਜਾਵੇ, ਜਿਸ ਨਾਲ ਮਨ ਵੀ ਲੱਗਾ ਰਹੇ ਅਤੇ ਕਮਾਈ ਵੀ ਹੋ ਸਕੇ। ਨਾਂਹ-ਪੱਖੀ ਆਦਤਾਂ ਜਿਵੇਂ ਲੋੜ ਤੋਂ ਵੱਧ ਸੌਣਾ, ਵਿਹਲੇ ਬੈਠੇ ਰਹਿਣਾ, ਕੰਮ ਉੱਤੇ ਲੇਟ ਪਹੁੰਚਣਾ ਅਤੇ ਕੋਈ ਨਸ਼ਾ ਕਰਨਾ ਆਦਿ ਤੋਂ ਛੁਟਕਾਰਾ ਪਾਇਆ ਜਾਵੇ। ਕੋਸ਼ਿਸ਼ ਕੀਤੀ ਜਾਏ ਕਿ ਨਾਂਹ-ਪੱਖੀ ਵਿਚਾਰਾਂ ਅਤੇ ਆਦਤਾਂ ਵਾਲੇ ਲੋਕਾਂ ਦੀ ਸੰਗਤ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾਇਆ ਜਾਏ। ਅਜਿਹੇ ਲੋਕ ਜੋ ਤੁਹਾਡੇ ਲਈ ਮਾੜੀ ਸੋਚ ਰੱਖਦੇ ਹਨ, ਉਨ੍ਹਾਂ ਦੀ ਗਲਤੀ ਨੂੰ ਭੁਲਾ ਕੇ ਉਨ੍ਹਾਂ ਨਾਲ ਹਮਦਰਦੀ ਰੱਖੀ ਜਾਏ ਅਤੇ ਪ੍ਰੇਮ-ਪਿਆਰ ਵਾਲਾ ਵਤੀਰਾ ਅਖਤਿਆਰ ਕੀਤਾ ਜਾਏ। ਆਲੇ-ਦੁਆਲੇ ਦੇ ਲੋੜਵੰਦ ਲੋਕਾਂ ਨਾਲ ਹਮਦਰਦੀ ਕੀਤੀ ਜਾਏ ਅਤੇ ਸਮਰੱਥਾ ਅਨੁਸਾਰ ਉਨ੍ਹਾਂ ਦੀ ਮਦਦ ਵੀ ਕੀਤੀ ਜਾਏ। ਰੋਜ਼ਾਨਾ ਦੀ ਜ਼ਿੰਦਗੀ ਨੂੰ ਦਿਲਚਸਪ ਬਣਾਉਣ ਲਈ ਸੈਰ ਕਰਨਾ, ਕਸਰਤ ਕਰਨਾ, ਜਾਗਿੰਗ ਕਰਨਾ, ਪ੍ਰਮਾਤਮਾ ਵਿੱਚ ਧਿਆਨ-ਬਿਰਤੀ ਲਗਾਉਣਾ, ਚਿੰਤਨ ਕਰਨਾ ਅਤੇ ਜਿੰਮ ਜਾਣਾ ਆਦਿ ਕੰਮਾਂ ਵਿੱਚ ਸਮਾਂ ਬਤੀਤ ਕਰਨ ਨਾਲ ਤਨ-ਮਨ ਵਿੱਚ ਤਾਜ਼ਗੀ ਪੈਦਾ ਹੁੰਦੀ ਹੈ। ਕਿਸੇ ਵੀ ਅਕਾਊ ਕੰਮ ਵਿੱਚ ਲੰਮਾ ਸਮਾਂ ਬਤੀਤ ਕਰਨ ਤੋਂ ਬਾਅਦ ਕੁਝ ਸਮੇਂ ਲਈ ਛੁੱਟੀ ਦਾ ਅਨੰਦ ਲੈਣਾ ਚਾਹੀਦਾ ਹੈ, ਜਿਸ ਨਾਲ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਲਈ ਨਵੀਂ ਊਰਜਾ ਮਿਲਦੀ ਹੈ। ਕੋਈ ਨਵੀਂ ਭਾਸ਼ਾ ਸਿੱਖਣ ਨਾਲ ਮਨ ਨੂੰ ਨਵਾਂ ਉਤਸ਼ਾਹ ਪ੍ਰਾਪਤ ਹੁੰਦਾ ਹੈ। ਰੋਜ਼ਾਨਾ ਇੱਕ ਬੁਰੀ ਆਦਤ ਛੱਡ ਕੇ ਕੋਈ ਉਸਾਰੂ ਕੰਮ ਵਿੱਚ ਧਿਆਨ ਲਗਾਉਣਾ ਚਾਹੀਦਾ ਹੈ। ਔਖੇ ਕੰਮ ਨੂੰ ਸ਼ੁਰੂ ਕਰਨ ਲੱਗਿਆਂ ਉਸ ਦੇ ਨਤੀਜਿਆਂ ਬਾਰੇ ਨਾ ਸੋਚਿਆ ਜਾਏ। ਆਪਣੇ ਆਲੇ-ਦੁਆਲੇ ਦੇ ਪ੍ਰੇਸ਼ਾਨੀ ਦੇਣ ਵਾਲੇ ਲੋਕਾਂ ਨੂੰ ਨਜਿੱਠਣ ਦੀ ਜਾਚ ਸਿੱਖੀ ਜਾਏ ਜਾਂ ਫਿਰ ਉਨ੍ਹਾਂ ਤੋਂ ਦੂਰੀ ਹੀ ਬਣਾ ਕੇ ਰੱਖੀ ਜਾਏ। ਅਜੋਕੇ ਸਮੇਂ ਵਿੱਚ ਤਕਨਾਲੋਜੀ ਹਰ ਰੋਜ਼ ਬਦਲ ਰਹੀ ਹੈ, ਵਿਹਲੇ ਸਮੇਂ ਵਿੱਚ ਰੋਜ਼ਾਨਾ ਤਕਨਾਲੋਜੀ ਦੀ ਕੋਈ ਨਵੀਂ ਗੱਲ ਸਿੱਖੀ ਜਾਏ।

Leave a Reply

Your email address will not be published. Required fields are marked *