ਸੁਖਜੀਤ ਸਿੰਘ ਵਿਰਕ
(ਸੇਵਾਮੁਕਤ ਡੀ.ਐੱਸ.ਪੀ.)
ਫੋਨ:+91-9815897878
ਪੰਜਾਬ ਦੇ ਅਮਨ ਕਾਨੂੰਨ ਦੀ ਵਿਵਸਥਾ ਅਤੇ ਲੋਕਾਂ ਦੇ ਜਾਨ-ਮਾਲ ਦੀ ਰਖਵਾਲੀ ਕਰਨ ਵਾਲਾ ਪੁਲਿਸ ਮਹਿਕਮਾ ਅਕਸਰ ਹੀ ਕਿਸੇ ਨਾ ਕਿਸੇ ਵਾਦ-ਵਿਵਾਦ ਵਿੱਚ ਘਿਰਿਆ ਸੁਰਖੀਆਂ ਵਿੱਚ ਬਣਿਆ ਰਹਿੰਦੈ, ਪੁਲਿਸ ਮੁਲਾਜ਼ਮ ਜਾਂ ਅਫਸਰ ਤੋਂ ਅਚੇਤ ਹੋਈ ਗਲਤੀ ਨੂੰ ਵੀ ਵਿਸ਼ੇਸ਼ ਬਣਾ ਕੇ ਉਭਾਰਨ ਵਿੱਚ ਹਰੇਕ ਵਰਗ ਦੇ ਲੋਕ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਨ, ਜਦੋਂ ਕਿ ਉਹ ਅਤੀ ਮੁਸ਼ਕਿਲ ਹਾਲਾਤ ਅਤੇ ਦੁਸ਼ਵਾਰੀਆਂ ਵਿੱਚ ਕੰਮ ਕਰਦੇ ਹੋਏ ਜ਼ਿੰਮੇਵਾਰੀਆਂ ਨਿਭਾਉਂਦੇ ਹਨ।
ਚੌਵੀ ਘੰਟੇ ਲੋਕ ਸੇਵਾ ਹਿੱਤ ਥਾਣਿਆਂ ਵਿੱਚ ਹਾਜ਼ਰ ਪੁਲਿਸ ਮੁਲਾਜ਼ਮਾਂ ਕੋਲ ਹਰ ਕੋਈ ਆਪਣੇ ਕੰਮ ਅਤੇ ਦੁੱਖ-ਦਰਦ ਬਿਆਨ ਕਰਨ ਲਈ ਹੀ ਜਾਂਦੈ, ਪਰ ਇਨ੍ਹਾਂ ਦੇ ਦੁੱਖ-ਦਰਦ ਕੋਈ ਵੀ ਵਰਗ ਜਾਣਨ, ਸੁਣਨ ਜਾਂ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਹਾਲਾਂਕਿ ਕਿਸੇ ਵੀ ਮੁਸ਼ਕਿਲ ਦੀ ਘੜੀ ਵਿੱਚ ਪੁਲਿਸ ਨੂੰ ਰੱਬ ਤੋਂ ਵੀ ਪਹਿਲਾਂ ਯਾਦ ਕੀਤਾ ਜਾਂਦੈ ਅਤੇ ਪੁਲਿਸ ਅਤੀ ਸੀਮਤ ਸਹੂਲਤਾਂ ਦੇ ਬਾਵਜੂਦ ਆਪਣੀ ਸਮਰੱਥਾ ਤੋਂ ਕਿਤੇ ਵੱਧ ਤੇ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਆਪਣੇ ਮੋਢਿਆਂ `ਤੇ ਚੁੱਕ ਰਹੀ ਹੈ।
ਦਹਾਕਿਆਂ ਪੁਰਾਣੀ ਮਨਜ਼ੂਰ-ਸੁæਦਾ ਨਫਰੀ ਥਾਣਿਆਂ ਵਿੱਚ ਅੱਜ ਵੀ ਪੂਰੀ ਨਹੀਂ। ਨਫਰੀ ਦੀ ਵੱਡੀ ਘਾਟ ਕਾਰਨ ਇੱਕ-ਇੱਕ ਕਰਮਚਾਰੀ ਚਾਰ-ਚਾਰ ਕਰਮਚਾਰੀਆਂ ਜਿੰਨਾ ਕੰਮ ਕਰ ਰਿਹੈ। ਹਫਤਾਵਾਰੀ ਰੈਸਟ ਦਾ ਫਾਰਮੂਲਾ ਵੀ ਜਮੀਨੀ ਪੱਧਰ `ਤੇ ਕਦੇ ਲਾਗੂ ਨਹੀਂ ਹੋ ਸਕਿਆ। ਅਤੀ ਜਰੂਰੀ ਤੇ ਮੁਸੀਬਤ ਦੇ ਹਾਲਾਤ ਵਿੱਚ ਵੀ ਛੁੱਟੀ ਮੁਸ਼ਕਿਲ ਨਾਲ ਮਿਲਦੀ ਹੈ ਅਤੇ ਆਰਾਮ ਜਾਂ ਨੀਂਦ ਪੂਰੀ ਕਰਨ ਦਾ ਵੀ ਪੂਰਾ ਵਕਤ ਨਹੀਂ ਮਿਲਦਾ। ਨਤੀਜਤਨ ਪੁਲਿਸ ਕਰਮਚਾਰੀ ਅਕਸਰ ਹੀ ਥੱਕੇ, ਬੇਚੈਨ, ਖਿਝੇ, ਖੁਸ਼ਕ ਅਤੇ ਰੁੱਖੇ ਰਵੱਈਏ ਨਾਲ ਮਿਲਦੇ ਹਨ। ਬੇਆਰਾਮੀ ਅਤੇ ਕਈ ਤਰ੍ਹਾਂ ਦੇ ਹੋਰ ਦਬਾਅ ਕਾਰਨ ਬਹੁਤ ਸਾਰੇ ਪੁਲਿਸ ਕਰਮਚਾਰੀ ਸੂæਗਰ, ਬਲੱਡ ਪ੍ਰੈਸ਼ਰ, ਹਿਰਦੇ ਰੋਗ, ਡਿਪਰੈਸ਼ਨ ਸਮੇਤ ਕਈ ਹੋਰ ਘਾਤਕ ਬਿਮਾਰੀਆਂ ਦੇ ਸ਼ਿਕਾਰ ਹਨ। ਆਪਣੇ ਦੁੱਖਾਂ-ਦਰਦਾਂ ਨੂੰ ਅੰਦਰੇ-ਅੰਦਰ ਘੁੱਟ ਕੇ ਲਗਭਗ ਸਾਰੇ ਹੀ ਕਰਮਚਾਰੀ ਅਤੇ ਅਫਸਰ ਜੋ ਜਮੀਨੀ ਪੱਧਰ `ਤੇ ਡਿਊਟੀ ਕਰਦੇ ਹਨ, ਵੱਡੇ ਪੱਧਰ `ਤੇ ਤਣਾਅ ਵਿੱਚ ਰਹਿੰਦੇ ਹਨ।
ਇਹ ਹਾਲਾਤ ਅੱਖੀਂ ਵੇਖੇ ਅਤੇ ਹੰਢਾਏ ਹੋਣ ਕਾਰਨ ਇਨ੍ਹਾਂ ਨੂੰ ਤਣਾਅ ਤੋਂ ਮੁਕਤ ਰਹਿਣ ਦੀਆਂ ਵਿਧੀਆਂ ਸਿਖਾਉਣ ਦਾ ਖਿਆਲ ਆਇਆ, ਜੋ ਮੈਂ ਖੁਦ ਸਿੱਖੀਆਂ ਅਤੇ ਅਪਣਾਈਆਂ ਹਨ। ਪਿਛਲੇ ਦਿਨੀਂ ਇਸ ਬਾਰੇ ਪੀ.ਪੀ.ਏ. ਫਿਲੌਰ ਦੇ ਸੰਬੰਧਿਤ ਵਿਭਾਗ ਦੇ ਮੁਖੀ ਡਾਕਟਰ ਜਸਵਿੰਦਰ ਸਿੰਘ ਨਾਲ ਫੋਨ `ਤੇ ਗੱਲ ਕੀਤੀ ਤਾਂ ਉਨ੍ਹਾਂ ਖੁੱਲੇ ਦਿਲ ਨਾਲ ਸਵਾਗਤ ਕਰਦੇ ਹੋਏ ਤੁਰੰਤ ਹਾਂ ਕਰ ਦਿੱਤੀ, ਮਿਥੇ ਸਮੇਂ `ਤੇ ਪੁੱਜੇ ਸਾਡੇ ਟੀਮ ਮੈਂਬਰਾਂ ਨਾਲ ਰਸਮੀ ਜਾਣ-ਪਛਾਣ ਉਪਰੰਤ ਬਿਨਾ ਰੁਕੇ ਲਗਾਤਾਰ ਪੰਜ ਘੰਟੇ ਚੱਲੇ ਸੰਵਾਦ ਵਿੱਚ ਟੀਮ ਦੇ ਮੁੱਖ ਬੁਲਾਰੇ ਪ੍ਰਸਿੱਧ ਹਿਪਨੌਟਿਸਟ ਹਰਮਨ ਸਿੰਘ ਨੇ ਜਦੋਂ ਮਿੱਠ ਬੋਲੜੇ ਅੰਦਾਜ਼ ਵਿੱਚ ਰੂਹਾਂ ਦੀ ਭਾਵਨਾਤਮਕ ਸਾਂਝ ਪਾਉਂਦੇ ਹੋਏ ਇੱਕ ਹਜ਼ਾਰ ਦੇ ਕਰੀਬ ਹਾਜ਼ਰ ਕਰਮਚਾਰੀਆਂ ਨੂੰ ਆਪਣੇ ਅੰਦਰ ਘੁੱਟ ਕੇ ਰੱਖੇ ਦੁੱਖ-ਦਰਦ, ਸ਼ਿਕਵੇ, ਡਰ ਅਤੇ ਵਲਵਲੇ ਖੁਲ੍ਹੇਆਮ ਵਿਅਕਤ ਕਰਨ ਦਾ ਮੌਕਾ ਦਿੱਤਾ ਤਾਂ ਸ਼ਾਇਦ ਪੀ.ਪੀ.ਏ. ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਵਾਪਰਿਆ ਕਿ ਕੁਰੱਖਤ ਅਤੇ ਰੁੱਖੇ ਸਮਝੇ ਜਾਂਦੇ ਪਰ ਭਾਵੁਕ ਹੋਏ ਪੁਲਿਸ ਵਾਲੇ ਵੱਡੀ ਗਿਣਤੀ ਵਿੱਚ ਕੁਰਸੀਆਂ ਤੋਂ ਉੱਠ ਕੇ ਆਪਣੇ ਵਲਵਲੇ ਪ੍ਰਗਟਾਉਂਦੇ ਹੋਏ ਸਾਡੇ ਗਲ ਲੱਗ ਕੇ ਫੁੱਟ ਫੁੱਟ ਕੇ ਇੰਜ ਰੋਅ ਪਏ, ਜਿਵੇਂ ਕਿਸੇ ਆਪਣੇ ਨੇ ਉਨ੍ਹਾਂ ਦੇ ਦੁੱਖ-ਦਰਦ ਅਤੇ ਭਾਵਨਾਵਾਂ ਸਮਝਦੇ ਹੋਏ ਕਲਾਵੇ ਵਿੱਚ ਲੈ ਕੇ ਉਨ੍ਹਾਂ ਦੀਆਂ ਦੁੱਖਦੀਆਂ ਰਗਾਂ `ਤੇ ਮੱਲ੍ਹਮ ਲਾਉਂਦਾ ਮਲੂਕੜਾ ਹੱਥ ਰੱਖ ਦਿੱਤਾ ਹੋਵੇ।
ਮਨ ਹੌਲਾ ਅਤੇ ਸੰਵਾਦ ਦੀ ਸਾਂਝ ਗੂੜ੍ਹੀ ਹੋਣ ਉਪਰੰਤ ਸਾਡੇ ਅਸਲ ਮਕਸਦ ਦੀ ਵਿਉਂਤ ਅਨੁਸਾਰ ਤਣਾਅ ਤੋਂ ਮੁਕਤ ਹੋਣ ਦੀਆਂ ਵਿਧੀਆਂ ਬਾਰੇ ਦੱਸਣ ਦਾ ਮਾਹੌਲ ਬਣਿਆ ਤਾਂ ਸਭਨਾਂ ਨੇ ਬਹੁਤ ਹੀ ਉਤਸੁਕਤਾ ਅਤੇ ਦਿਲਚਸਪੀ ਨਾਲ ਸਾਰੇ ਢੰਗ ਤਰੀਕੇ ਸਿੱਖੇ, ਬਹੁਤ ਸਾਰੇ ਕਰਮਚਾਰੀ ਤਾਂ ਦੱਸੇ ਗਏ ਤਰੀਕੇ ਮੌਕੇ `ਤੇ ਹੀ ਆਪਣੇ ਉਤੇ ਅਜਮਾਉਂਦਿਆਂ ਤੁਰਤ ਫੁਰਤ ਮਣਾਂ ਮੂੰਹੀਂ ਬੋਝ ਤੋਂ ਨਵਿਰਤ ਅਤੇ ਮੰਤਰ-ਮੁਗਧ ਹੋ ਆਲੇ-ਦੁਆਲੇ ਤੋਂ ਬੇਫਿਕਰ ਕਿਸੇ ਅਦੁੱਤੀ ਆਨੰਦ ਵਿੱਚ ਖੋਅ ਗਏ; ਕੁਝ ਖੁਸ਼ੀ ਵਿੱਚ ਨੱਚਣ ਲੱਗੇ। ਸਾਡੀ ਆਸ ਤੋਂ ਕਿਤੇ ਵੱਧ ਕਿਸੇ ਕ੍ਰਿਸ਼ਮੇ ਵਾਂਗ ਵਾਪਰੇ ਇਸ ਨਿਵੇਕਲੇ ਅਨੁਭਵ ਨਾਲ ਭਰਪੂਰ ਖੁਸ਼ੀ ਵਿੱਚ ਝੂਮਦੇ ਪੁਲਿਸ ਕਰਮਚਾਰੀ ਸ਼ਾਇਦ ਪਹਿਲੀ ਵਾਰ ਜ਼ਿੰਦਗੀ ਦਾ ਅਜਿਹਾ ਅਸਲ ਆਨੰਦ ਮਾਣ ਰਹੇ ਸਨ, ਜੋ ਖਾਕੀ ਵਰਦੀ ਦੀਆਂ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਕਿਧਰੇ ਡੂੰਘਾ ਦੱਬ ਗਿਆ ਸੀ। ਬਹੁਤ ਸਾਰੇ ਮੁਲਾਜ਼ਮ ਅੱਖਾਂ ਵਿੱਚ ਅੱਥਰੂ ਲਈ ਗਿਲਾ ਕਰ ਰਹੇ ਸਨ ਕਿ ਇਸ ਅਤੀ ਲੋੜੀਂਦੇ ਵਿਸ਼ੇ ਸੰਬੰਧੀ ਪ੍ਰੋਗਰਾਮ ਲੈ ਕੇ ਆਉਣ ਵਿੱਚ ਅਸੀਂ ਦੇਰੀ ਕਿਉਂ ਕੀਤੀ!
ਪ੍ਰੋਗਰਾਮ ਸੰਪੰਨ ਹੋਣ ਤੱਕ ਜੀਵਨ ਜਾਚ ਵਿੱਚ ਇੱਕ ਨਵੀਂ ਪ੍ਰਭਾਤ ਦੀ ਸ਼ੁਰੂਆਤ ਹੋਣ `ਤੇ ਨਮ ਅੱਖਾਂ ਪਰ ਅਤਿਅੰਤ ਖੁਸ਼ੀ ਨਾਲ ਤੱਕਦੇ ਮੁਲਾਜ਼ਮ ਵਿਦਾ ਹੋਣ ਵੇਲੇ ਸਾਡੇ ਮੁੜ ਮੁੜ ਗਲੇ ਮਿਲ ਕੇ ਫਿਰ ਮਿਲਣ ਦਾ ਵਾਅਦਾ ਵਾਰ ਵਾਰ ਮੰਗ ਰਹੇ ਸਨ। ਉਲੀਕੇ ਗਏ ਮਕਸਦ ਨੂੰ ਪੂਰਾ ਹੁੰਦਾ ਵੇਖ ਅਸੀਂ ਵੀ ਉਤਸ਼ਾਹਿਤ ਹੋਏ ਅੰਤਾਂ ਦਾ ਸਕੂਨ ਮਹਿਸੂਸ ਕਰ ਰਹੇ ਸਾਂ। ਉਮੀਦ ਹੈ, ਇਹ ਛੋਟੀ ਜਿਹੀ ਕੋਸ਼ਿਸ਼ ਆਉਣ ਵਾਲੇ ਸਮੇਂ ਵਿੱਚ ਪੁਲਿਸ ਦੀ ਬੇਰੰਗ ਜ਼ਿੰਦਗੀ ਵਿੱਚ ਕਿਸੇ ਸਤਰੰਗੀ ਪੀਂਘ ਦੇ ਰੰਗ ਬਣ ਕੇ ਆਚਾਰ ਵਿਹਾਰ ਵਿੱਚ ਵੱਡੇ ਸੁਧਾਰ ਦੀ ਇੱਕ ਨਵੀਂ ਸ਼ੁਰੂਆਤ ਜਰੂਰ ਕਰੇਗੀ।
