ਹਾਈਕੋਰਟ ਵਿੱਚ ਮੁਸ਼ਾਇਰਾ ਅਤੇ ਗੌਰਮਿੰਟ ਕਾਲਜ ਯੂਨੀਵਰਸਿਟੀ ਦੀ ਫੇਰੀ

ਆਮ-ਖਾਸ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਛੇਵੀਂ ਕਿਸ਼ਤ, ਜਿਸ ਵਿੱਚ ਹਾਈਕੋਰਟ ਦੇ ਮੁਸ਼ਾਇਰੇ ਅਤੇ ਗੌਰਮਿੰਟ ਕਾਲਜ ਯੂਨੀਵਰਸਿਟੀ ਦੀ ਫੇਰੀ ਦਾ ਸੰਖੇਪ ਵੇਰਵਾ ਦਰਜ ਹੈ…

ਰਵਿੰਦਰ ਸਹਿਰਾਅ

ਅਸੀਂ ਟੀ ਹਾਊਸ ’ਚੋਂ ਬਾਹਰ ਨਿਕਲੇ ਤਾਂ ਤਾਹਿਰ ਸੰਧੂ ਜਿਵੇਂ ਭੰਬੀਰੀ ਬਣਿਆ ਹੋਇਆ ਸੀ। ਕਹਿੰਦਾ, ‘ਭਾਜੀ ਜਲਦੀ-ਜਲਦੀ ਕਾਰ ਵਿੱਚ ਬੈਠੋ, ਆਪਾਂ ਇੱਕ ਬਹੁਤ ਹੀ ਜ਼ਰੂਰੀ ਥਾਂ ਜਾਣਾ ਹੈ। ਪਹਿਲਾਂ ਹੀ ਬੜੇ ਲੇਟ ਹੋ ਗਏ ਆਂ।’ ਮੈਂ ਸੋਚਾਂ ਕਿ ਅੱਜ ਤਾਹਿਰ ਨੂੰ ਕੀ ਹੋ ਗਿਆ ਹੈ। ਇਹ ਸ਼ੁੱਕਰਵਾਰ ਦੀ ਸ਼ਾਮ ਸੀ ਤੇ ਦਸੰਬਰ ਦੀ ਦੋ ਤਰੀਕ।
ਅਸੀਂ ਜਿੰਨੀ ਕੁ ਫੁਰਤੀ ਕਰ ਸਕਦੇ ਸੀ, ਕਾਰ ਵਿੱਚ ਬੈਠੇ। ਬੱਸ ਬਹਿਣ ਦੀ ਦੇਰ ਸੀ ਕਿ ਤਾਹਿਰ ਦੀ ਨਿੱਕੀ ਜਿਹੀ ਕਾਰ ਨ੍ਹੇਰੀਆਂ ਗਲੀਆਂ ਨੂੰ ਬੁਲਟ ਟਰੇਨ ਵਾਂਗ ਚੀਰਦੀ ਜਾ ਰਹੀ ਸੀ। ਅਚਾਨਕ ਇੱਕ ਵੱਡੇ ਸਾਰੇ ਬੰਦ ਗੇਟ ਮੂਹਰੇ ਕਾਰ ਰੁਕੀ। ਤਾਹਿਰ ਨੇ ਨਿੱਕੀ ਮੋਰੀ (ਵਿੰਡੋ) ’ਚੋਂ ਅੰਦਰ ਖੜ੍ਹੇ ਸਿਪਾਹੀਆਂ ਨਾਲ਼ ਗੱਲ ਕੀਤੀ। ਉਨ੍ਹਾਂ ਗੇਟ ਖੋਲਿ੍ਹਆ, ਤਾਹਿਰ ਅੰਦਰ ਗਿਆ ਤੇ ਛੇਤੀ ਹੀ ਬਾਹਰ ਆ ਗਿਆ। ਹੁਣ ਸਾਰਾ ਗੇਟ ਖੁੱਲ੍ਹ ਚੁੱਕਿਆ ਸੀ। ਉਹਨੇ ਕਾਰ ਅੰਦਰ ਲੰਘਾਈ ਅਤੇ ਜਿੱਥੇ ਵੀ ਜਗ੍ਹਾ ਮਿਲੀ, ਕਾਰ ਪਾਰਕ ਕਰ ਦਿੱਤੀ। ਇਹ ਲਾਹੌਰ ਹਾਈਕੋਰਟ ਦਾ ਕੰਪਲੈਕਸ ਸੀ। ਕਿਤੇ ਚਾਨਣੀ, ਕਿਤੇ ਨ੍ਹੇਰਾ ਤੇ ਵੱਡੇ-ਵੱਡੇ ਦਰਖ਼ਤਾਂ ਦਾ ਸਾਇਆ। ਕਈ ਬਿਲਡਿੰਗਾਂ ਅਤੇ ਅਸੀਂ ਤਾਹਿਰ ਦੇ ਮਗਰ-ਮਗਰ ਕਾਹਲੇ ਕਦਮੀਂ ਤੁਰੇ ਜਾ ਰਹੇ ਸੀ।
ਹੁਣ ਅਸੀਂ ਇੱਕ ਵੱਡੇ ਹਾਲ ਦੇ ਦਰਵਾਜ਼ੇ ਮੋਹਰੇ ਸਾਂ। ਤਾਹਿਰ ਬਾਹਰ ਹਾਲਵੇਅ ਵਿੱਚ ਜੁੱਤੀ ਉਤਾਰਨ ਲੱਗਿਆ ਤੇ ਸਾਨੂੰ ਵੀ ਅਜਿਹਾ ਕਰਨ ਦਾ ਇਸ਼ਾਰਾ ਕੀਤਾ। ਬਾਹਰ ਜੋੜਿਆਂ ਦੀਆਂ ਕਤਾਰਾਂ ਇੰਜ ਲੱਗੀਆਂ ਪਈਆਂ ਹਨ ਜਿਵੇਂ ਕਿਸੇ ਵੱਡੇ ਮੇਲੇ ’ਤੇ ਲੋਕਾਂ ਨੇ ਅਦਬ ਵਜੋਂ ਲਾਹੀਆਂ ਹੋਣ ਅਤੇ ਅੰਦਰ ਕੋਈ ਧਾਰਮਿਕ ਸਮਾਗਮ ਚੱਲ ਰਿਹਾ ਹੋਵੇ।
ਤਾਹਿਰ ਕਾਹਲੀ ਨਾਲ਼ ਹਾਲ ਦੇ ਅੰਦਰ ਜਾ ਕੇ ਮੁੜਿਆ ਤੇ ਸਾਨੂੰ ਅੰਦਰ ਲੈ ਗਿਆ। ਅੰਦਰ ਵੜਦਿਆਂ ਹੀ ਸਟੇਜ ਤੋਂ ਆਵਾਜ਼ ਆਈ, ‘ਹਾਜ਼ਰੀਨ ਹਮਾਰੇ ਬੀਚ ਅਮੈਰਿਕਾ ਸੇ ਸ਼ਾਇਰ ਰਵਿੰਦਰ ਸਹਿਰਾਅ, ਔਰ ਉਨਕੀ ਵਾਈਫ਼ ਭੀ ਤਸ਼ਰੀਫ਼ ਲਾ ਰਹੇ ਹੈਂ।’ ਮੈਂ ਹੈਰਾਨ ਸੀ, ਕਿਉਂਕਿ ਮੈਨੂੰ ਇਸਦਾ ਕੋਈ ਇਲਮ ਤਕ ਨਹੀਂ ਸੀ। ਸ਼ਾਇਦ ਤਾਹਿਰ ਮੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਹਾਲ ਵਿੱਚ ਤਾੜੀਆਂ ਵੱਜ ਰਹੀਆਂ ਹਨ। ਤਿੰਨ-ਚਾਰ ਸੌ ਦੇ ਕਰੀਬ ਲੋਕੀਂ ਭੁੰਜੇ ਹੀ ਗੱਦਿਆਂ ਉਪਰ ਵੱਡੇ ਗੋਲ ਸਰਾਹਣਿਆਂ ਦੀ ਢੋਅ ਲਾਈ ਬੈਠੇ ਸਨ। ਹਾਲ ਦੇ ਇੱਕ ਪਾਸੇ ਕੰਧ ਨਾਲ਼ ਬਣੇ ਬੈਂਚਾਂ ਉੱਪਰ ਬੀਬੀਆਂ ਬੈਠੀਆਂ ਸਨ। ਬਾਅਦ ’ਚ ਪਤਾ ਲੱਗਾ ਕਿ ਇਹ ਸਾਰੇ ਦੇ ਸਾਰੇ ਸਰੋਤੇ ਅਤੇ ਸ਼ਾਇਰ ਹਾਈਕੋਰਟ ਦੇ ਵਕੀਲ ਹਨ। ਸਿਰਫ਼ ਸਦਾਰਿਤ ਕਰਨ ਲਈ ਹੀ ਹਰ ਸਾਲ ਸਾਲਾਨਾ ਮੁਸ਼ਾਇਰੇ ਵਿੱਚ ਕੋਈ ਨਾਮਵਰ ਸ਼ਾਇਰ ਸੱਦਿਆ ਜਾਂਦਾ ਹੈ। ਮੁਸ਼ਾਇਰੇ ਦੀ ਸਦਾਰਤ ਆਲਮੀ ਪ੍ਰਸਿੱਧੀ ਵਾਲੇ ਮਜ਼ਾਹੀਆ ਸ਼ਾਇਰ ਜਨਾਬ ਅਨਵਰ ਮਸੂਦ ਸਾਹਿਬ ਕਰ ਰਹੇ ਸਨ।
ਤਾਹਿਰ ਨੇ ਨੀਰੂ ਨੂੰ ਵਕੀਲ ਬੀਬੀਆਂ ਕੋਲ ਬਿਠਾ ਦਿੱਤਾ ਤੇ ਮੈਨੂੰ ਸਟੇਜ ਉੱਪਰ ਲੈ ਗਿਆ। ਤਾਹਿਰ ਦੀ ਪਹਿਲ-ਕਦਮੀ ਨਾਲ਼ ਹੀ ਇਹ ਮੁਸ਼ਾਇਰਾ ਸ਼ੁਰੂ ਕੀਤਾ ਗਿਆ ਸੀ। ਤੇ ਕਈ ਵਰਿ੍ਹਆਂ ਤੋਂ ਲਗਾਤਾਰ ਚਲਦਾ ਆ ਰਿਹਾ ਸੀ। ਸਾਰੇ ਵਕੀਲਾਂ ’ਚ ਤਾਹਿਰ ਦਾ ਬਹੁਤ ਮਾਣ ਸਤਿਕਾਰ ਹੈ। ਅਸੀਂ ਲੇਟ ਸੀ ਤੇ ਮੁਸ਼ਾਇਰਾ ਹੁਣ ਆਪਣੇ ਅੰਤਲੇ ਪੜਾਅ ’ਤੇ ਸੀ। ਜਨਾਬ ਅਨਵਰ ਮਸਊਦ ਦਾ ਨਾਂ ਸਟੇਜ ਤੋਂ ਬੋਲਿਆ ਜਾ ਚੁੱਕਿਆ ਸੀ। ਬੱਸ ਫੇਰ ਕੀ ਸੀ, ਇੱਕ ਤੋਂ ਬਾਅਦ ਇੱਕ ਪੰਜਾਬੀ, ਉਰਦੂ ਦੀਆਂ ਨਜ਼ਮਾਂ ਆਉਂਦੀਆਂ ਗਈਆਂ ਤੇ ਸਾਰਾ ਹਾਲ ਹਾਸਿਆਂ ਨਾਲ਼ ਲੋਟ-ਪੋਟ ਹੋਈ ਗਿਆ। ਉਨ੍ਹਾਂ ਦੀ ਨਜ਼ਮ ‘ਬੁਨੈਣ’ ਦੀ ਵਾਰ-ਵਾਰ ਮੰਗ ਹੋ ਰਹੀ ਸੀ। ਜਨਾਬ ਅਨਵਰ ਮਸਊਦ ਦਾ ਜਨਮ 8 ਨਵੰਬਰ 1935 ਨੂੰ ਗੁਜਰਾਤ (ਪੰਜਾਬ) ਵਿੱਚ ਹੋਇਆ। ਐਮ.ਏ. ਕਰਨ ਤੋਂ ਬਾਅਦ ਉਹ ਪੜ੍ਹਾਉਂਦੇ ਵੀ ਰਹੇ। 85 ਸਾਲਾਂ ਦੀ ਉਮਰ ਵਿੱਚ ਸਿਹਤ ਭਾਵੇਂ ਥੋੜ੍ਹੀ ਢਿੱਲੀ ਹੋ ਗਈ, ਪਰ ਆਵਾਜ਼ ਉਸੇ ਤਰ੍ਹਾਂ ਕਾਇਮ ਹੈ। ਪੰਜਾਬੀ ਸ਼ਾਇਰੀ ਦੀਆਂ ਉਨ੍ਹਾਂ ਦੀਆਂ ਦੋ ਕਿਤਾਬਾਂ ‘ਮੇਲਾ ਅੱਖੀਆਂ ਦਾ’ ਤੇ ‘ਹੁਣ ਕੀ ਕਰੀਏ’ ਛਪ ਚੁੱਕੀਆਂ ਹਨ। ਨਜ਼ਮ ਬੁਨੈਣ:
ਬੁਨੈਣ ਲੈਣ ਜਾਂਦੇ ਓ ਤੇ ਬੁਨੈਣ ਲੈ ਕੇ ਆਂਦੇ ਓ
ਪਾਂਦੇ ਓ ਤੇ ਪੈਂਦੀ ਨਹੀਂ, ਲਾਂਹਦੇ ਓ ਤੇ ਲਹਿੰਦੀ ਨਹੀਂ
ਲਹਿ ਜਾਏ ਤੇ ਦੂਜੀ ਵਾਰੀ ਪਾਣ ਜੋਗੀ ਰਹਿੰਦੀ ਨਹੀਂ।
ਇਸੇ ਤਰ੍ਹਾਂ ਉਹ ਨਜ਼ਮਾਂ ਸੁਣਾਈ ਗਏ ਤੇ ਲੋਕੀਂ ਲੋਟ-ਪੋਟ ਹੁੰਦੇ ਰਹੇ। ਅੱਧਾ ਘੰਟਾ ਉਨ੍ਹਾਂ ਹਾਸਿਆਂ ਦੀ ਛਹਿਬਰ ਲਾਈ ਰੱਖੀ। ਉਨ੍ਹਾਂ ਤੋਂ ਬਾਅਦ ਕਿਉਂਕਿ ਅਸੀਂ ਲੇਟ ਪਹੁੰਚੇ ਸੀ, ਮੈਨੂੰ ਕੁਝ ਸੁਣਾਉਣ ਲਈ ਕਿਹਾ। ਮੈਂ ਨਿਮਰਤਾ ਸਹਿਤ ਨਾਂਹ ਕਰ ਦਿੱਤੀ। ਏਡੇ ਵੱਡੇ ਸ਼ਾਇਰ ਨੂੰ ਸੁਣਨ ਤੋਂ ਬਾਅਦ ਇਸਦੀ ਕੋਈ ਤੁਕ ਨਹੀਂ ਸੀ ਬਣਦੀ। ਉਨ੍ਹਾਂ ਨਾਲ਼ ਫ਼ੋਟੋਆਂ ਕਰਵਾਈਆਂ। ਉਨ੍ਹਾਂ ਨੇ ਸਰਸਰੀ ਜਿਹੇ ਮੇਰਾ ਹਾਲ-ਚਾਲ ਪੁੱਛਿਆ। ਕੁਝ ਏਧਰ-ਓਧਰ ਦੀਆਂ ਹੋਰ ਗੱਲਾਂ ਹੋਈਆਂ।
ਥੱਲੇ ਆਏ ਤਾਂ ਦੇਖਿਆ ਨੌਜਵਾਨ ਵਕੀਲ ਬੀਬੀਆਂ ਨੀਰੂ ਨਾਲ਼ ਇੰਜ ਘੁਲ-ਮਿਲ ਗਈਆਂ ਸਨ ਜਿਵੇਂ ਲੰਮੀ ਦੇਰ ਤੋਂ ਜਾਣਦੀਆਂ ਹੋਣ। ਉਹ ਨੀਰੂ ਨੂੰ ‘ਭਾਬੀ ਜੀ’ ਕਹਿ ਕੇ ਬੁਲਾ ਰਹੀਆਂ ਸਨ। ਉਨ੍ਹਾਂ ਸਾਡੇ ਫ਼ੋਨ ਨੰਬਰ ਵੀ ਲਏ ਅਤੇ ਸਾਡੇ ਨਾਲ਼ ਤਸਵੀਰਾਂ ਵੀ ਖਿਚਵਾਈਆਂ। ਕੁਝ ਨੌਜਵਾਨ ਵਕੀਲ ਤੇ ਉਹ ਬੀਬੀਆਂ ਜ਼ਿੱਦ ਕਰਨ ਲੱਗੇ ਕਿ ਚਲੋ ਹੁਣ ਤਾਂ ਤੁਹਾਨੂੰ ਕੁਝ ਸੁਣਾਉਣਾ ਹੀ ਪੈਣੈ। ਮੈਂ ਆਪਣੀ ਨਜ਼ਮ ‘ਲਾਹੌਰ ਵਸੇਂਦੀਉ ਕੁੜੀਉ ਕਦੇ ਅੰਬਰਸਰ ਵੀ ਆਉ’ ਸੁਣਾਈ।
ਮਾਨਸਿਕ ਤਣਾਉ ਨਾਲ਼ ਭਰੇ ਕਿੱਤੇ ਵਾਲੇ ਇਨ੍ਹਾਂ ਵਕੀਲਾਂ ਦਾ ਸ਼ਾਇਰੀ ਨਾਲ਼ ਜੁੜਨਾ ਚੰਗਾ ਲੱਗਿਆ। ਏਥੇ ਮੈਨੂੰ ਹੁਸ਼ਿਆਰਪੁਰ ਦੇ ਸਾਡੇ ਵਕੀਲ ਸ਼ਾਇਰ ਰਘਬੀਰ ਸਿੰਘ ਟੇਰਕੀਆਣਾ ਦੀ ਯਾਦ ਆਈ, ਜੋ ਹਰ ਸਾਲ ਨਵੇਂ ਵਰ੍ਹੇ ’ਤੇ ਹੋਰ ਲੇਖਕਾਂ ਨੂੰ ਕਵਿਤਾ ਵਿੱਚ ਵਧਾਈ ਅਤੇ ਪਿਛਲੇ ਸਾਲ ਦਾ ਲੇਖਾ-ਜੋਖਾ ਕਰ ਕੇ ਭੇਜਦਾ ਹੈ। ਹਰ ਸਾਲ ਪ੍ਰੋ. ਮੋਹਨ ਸਿੰਘ ਔਜਲਾ ਦੀ ਯਾਦ ਵਿੱਚ ਬਹੁ-ਭਾਸ਼ੀ ਮੁਸ਼ਾਇਰਾ ਵੀ ਕਰਾਉਂਦਾ ਹੈ। ਤਾਹਿਰ ਸੰਧੂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਅੱਠਵਾਂ ਸਾਲਾਨਾ ਮੁਸ਼ਾਇਰਾ ਸੀ। ਰਾਤ ਨੂੰ ਵਕੀਲਾਂ ਨਾਲ਼ ਸਾਨੂੰ ਡਿਨਰ ਵੀ ਕਰਵਾਇਆ ਗਿਆ। ਕਈਆਂ ਨੇ ਸਾਡੀ ਫੇਰੀ ਬਾਰੇ ਸਵਾਲ ਵੀ ਕੀਤੇ ਕਿ ਕਿਵੇਂ ਦਾ ਲੱਗ ਰਿਹਾ ਹੈ। ਮੈਂ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਬਹੁਤ ਸੁਖਾਵਾਂ ਲੱਗ ਰਿਹਾ ਹੈ। ਵਾਰਿਸ ਸ਼ਾਹ ਦੀ ਗੱਲ ਕਰਦਿਆਂ ਮੈਂ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਵਿਰਸੇ ਵਿੱਚ ਏਡਾ ਵੱਡਾ ਸ਼ਾਇਰ ਮਿਲਿਆ ਹੈ।
ਖਾਣੇ ਤੋਂ ਬਾਅਦ ਤਾਹਿਰ ਨੇ ਇੱਕ ਅਜਿਹੇ ਅਵਾਮੀ ਸ਼ਾਇਰ ਨਾਲ਼ ਮੁਲਾਕਾਤ ਕਰਾਈ, ਜੋ ਪਾਸ਼ ਅਤੇ ਸ਼ਿਵ ਦਾ ਫ਼ੈਨ ਹੈ। ਸਹੀ ਮਾਅਨਿਆਂ ’ਚ ਲੋਕ ਕਵੀ। ਨਾਂ ਹੈ ਉਹਦਾ ਅਕਰਮ ਆਰੀਫ਼ੀ। ਰੋਜ਼ੀ ਰੋਟੀ ਲਈ ਸੰਘਰਸ਼ ਕਰਦਾ ਪ੍ਰੋਲੇਤਾਰੀ ਸ਼ਾਇਰ। ਤਰੁੰਨਮ ’ਚ ਗਾਉਂਦਾ ਹੈ:
ਕੰਧਾਂ ਉਹਲੇ ਲੁਕਦੀ ਕਿਉਂ ਏਂ
ਮਗਰੋਂ ਅੱਡੀਆਂ ਚੁੱਕਦੀ ਕਿਉਂ ਏਂ

ਪਾਣੀ ਏਥੇ ਮਿਲਦਾ ਕਿਉਂ ਨਹੀਂ
ਖੇਤੀ ਏਥੇ ਸੁੱਕਦੀ ਕਿਉਂ ਏਂ

ਛੱਤਾਂ ਪਈਆਂ ਟੀਨ ਦੀਆਂ
ਸੱਧਰਾਂ ਵੇਖੋ ਜੀਨ ਦੀਆਂ

ਪੈਸਾ ਧੇਲਾ ਬੋਲਣ ਦਾ
ਗੱਲਾਂ ਵੇਖੋ ਦੀਨ ਦੀਆਂ।
ਤਾਹਿਰ ਦੇ ਕਹਿਣ ’ਤੇ ਉਸਦੀ ਥੋੜ੍ਹੀ ਬਹੁਤੀ ਮਦਦ ਕਰਕੇ ਸ਼ਾਬਾਸ਼ ਦਿੱਤੀ। ਇਹ ਪ੍ਰੋਗਰਾਮ ਨਿਵੇਕਲਾ ਸੀ।

ਗੌਰਮਿੰਟ ਕਾਲਜ ਯੂਨੀਵਰਸਿਟੀ ਵਿੱਚ
ਦਸੰਬਰ ਪੰਜ ਦਾ ਦਿਨ ਅਸੀਂ ਲਾਹੌਰ ਲਈ ਰਾਖਵਾਂ ਰੱਖਿਆ ਹੋਇਆ ਸੀ। ਪ੍ਰੋ. (ਡਾ.) ਕਲਿਆਣ ਸਿੰਘ ਅਤੇ ਤਾਹਿਰ ਸੰਧੂ ਨੇ ਸਾਨੂੰ ਪੰਜਾਬ ਯੂਨੀਵਰਸਿਟੀ ਦਾ ਗੇੜਾ ਲਵਾਉਣਾ ਸੀ। ਗੌਰਮਿੰਟ ਕਾਲਜ ਲਾਹੌਰ ਪਾਕਿਸਤਾਨ ਦੀਆਂ ਨਾਮਣੇ ਵਾਲੀਆਂ ਸੰਸਥਾਵਾਂ ਵਿੱਚ ਗਿਣਿਆ ਜਾਂਦਾ ਹੈ। ਇਸ ਦੀ ਸਥਾਪਨਾ ਸੰਨ 1864 ਵਿੱਚ ਬ੍ਰਿਟਿਸ਼ ਰਾਜ ਵੇਲੇ ਹੋਈ ਸੀ। 2002 ਵਿੱਚ ਇਸਨੂੰ ਯੂਨੀਵਰਸਿਟੀ ਬਣਾ ਦਿੱਤਾ ਗਿਆ। ਇਸ ਵਿੱਚ ਕੋਈ ਬਾਰਾਂ ਹਜ਼ਾਰ ਦੇ ਆਸ-ਪਾਸ ਵਿਦਿਆਰਥੀ ਵਿਦਿਆ ਪ੍ਰਾਪਤ ਕਰ ਰਹੇ ਹਨ। 1882 ਵਿੱਚ ਇਸ ਇਤਿਹਾਸਕ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਨਾਲ਼ ਜੋੜਿਆ ਗਿਆ ਸੀ। ਇਸ ਦਾ ਮਾਟੋ ‘ਲੋਕਾਂ ਨੂੰ ਕੱਲ੍ਹ ਵਾਸਤੇ ਸਿੱਖਿਅਤ ਕਰਨਾ’ (ਓਦੁਚਅਟਨਿਗ ਪੲੋਪਲੲ ਾੋਰ ਟੋਮੋਰਰੋੱ) ਹੈ। ਇਸ ਦੀ ਇਤਿਹਾਸਕ ਮਹੱਤਤਾ ਨੂੰ ਦੇਖਦਿਆਂ ਭਾਵੇਂ ਇਹ ਹੁਣ ਖ਼ੁਦ ਯੂਨੀਵਰਸਿਟੀ ਬਣ ਗਿਆ ਹੈ, ਫਿਰ ਵੀ ਇਸ ਦਾ ਨਾਂ ਗੌਰਮਿੰਟ ਕਾਲਜ ਯੂਨੀਵਰਸਿਟੀ ਰੱਖਿਆ ਗਿਆ ਹੈ।
ਫ਼ੈਜ਼ ਅਹਿਮਦ ਫ਼ੈਜ਼, ਹਰਗੋਬਿੰਦ ਖੋਰਾਣਾ, ਸਰ ਮੁਹੰਮਦ ਇਕਬਾਲ, ਮਸਤੰਸਰ ਹੁਸੈਨ ਤਰਾਰ, ਅਸ਼ਫਾਕ ਅਹਿਮਦ, ਮਿਰਜ਼ਾ ਬੇਗ, ਵਾਸਿਫ਼ ਅਲੀ ਵਾਸਿਫ਼, ਖ਼ੁਸ਼ਵੰਤ ਸਿੰਘ, ਮੰਜੂਰ ਏਜਾਜ਼, ਮੁਸ਼ਤਾਕ ਸੂਫ਼ੀ ਆਦਿ ਨਾਮਣੇ ਵਾਲੇ ਅਦੀਬ ਇਸ ਇਤਿਹਾਸਕ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ। ਸਿਆਸੀ ਵਿਅਕਤੀਆਂ ’ਚੋਂ ਮੁਹੰਮਦ ਜ਼ਫ਼ਰਉੱਲਾ ਖਾਂ (ਸਾਬਕਾ ਰਾਸ਼ਟਰਪਤੀ), ਮੁਹੰਮਦ ਅਲੀ ਜਿਨਾਹ (ਰਾਸ਼ਟਰ ਪਿਤਾ), ਨਵਾਜ਼ ਸ਼ਰੀਫ਼ (ਸਾਬਕਾ ਪ੍ਰਾਈਮ ਮਨਿਸਟਰ), ਯੂਸਫ਼ ਰਜ਼ਾ ਗਿਲਾਨੀ (ਸਾਬਕਾ ਪ੍ਰਾਈਮ ਮਨਿਸਟਰ), ਸਵਰਨ ਸਿੰਘ (ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ), ਖ਼ੁਰਸ਼ੀਦ ਮਹਿਮੂਦ ਕਸੂਰੀ (ਸਾਬਕਾ ਵਿਦੇਸ਼ ਮੰਤਰੀ) ਆਦਿ ਵੀ ਇਸ ਕਾਲਜ ਵਿੱਚ ਕਿਸੇ ਨਾ ਕਿਸੇ ਸਮੇਂ ਵਿਦਿਆਰਥੀ ਰਹੇ। ਫ਼ਿਲਮੀ ਕਲਾਕਾਰ ਦੇਵ ਅਨੰਦ, ਬਲਰਾਜ ਸਾਹਨੀ, ਅਹਿਸਾਨ ਖ਼ਾਨ ਤੇ ਉਸਮਾਨ ਪੀਰਜ਼ਾਦਾ ਵੀ ਇੱਥੇ ਪੜ੍ਹਦੇ ਰਹੇ। ਨਜ਼ਮ ਸੇਠੀ ਤੇ ਆਫ਼ਤਾਬ ਇਕਬਾਲ ਜਿਹੇ ਪੱਤਰਕਾਰ ਵੀ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ। ਹੋਰ ਵੀ ਕਈ ਜ਼ਿਕਰਯੋਗ ਸ਼ਖ਼ਸੀਅਤਾਂ ਨੇ ਇਸ ਨਾਮਣੇ ਵਾਲੇ ਕਾਲਜ ਵਿੱਚੋਂ ਆਪਣੀ ਵਿਦਿਆ ਮੁਕੰਮਲ ਕੀਤੀ।
ਇਸ ਇਤਿਹਾਸਕ ਕਾਲਜ ਵਿੱਚ ਦਾਖ਼ਲ ਹੋ ਕੇ ਸਾਨੂੰ ਪਹਿਲਾਂ ਡਾ. ਨਵੀਦ ਸ਼ਹਿਯਾਦ (ਚੇਅਰ ਪਰਸਨ ਡਾ. ਫ਼ਰੀਦ ਚੇਅਰ) ਦੇ ਦਫ਼ਤਰ ਵਿੱਚ ਲਿਜਾਇਆ ਗਿਆ। ਡਾ.। ਸ਼ਹਿਯਾਦ ਬੜੇ ਨਿੱਘੇ ਸੁਭਾਅ ਦੇ ਮਾਲਕ ਹਨ। ਚਾਹ ਪੀਣ ਤੋਂ ਬਾਅਦ ਉਨ੍ਹਾਂ ਆਪਣੀਆਂ ਕੁਝ ਕਿਤਾਬਾਂ ਮੈਨੂੰ ਦਿੱਤੀਆਂ। ਤਾਹਿਰ ਸੰਧੂ ਤੇ ਪ੍ਰੋ. ਕਲਿਆਣ ਸਿੰਘ ਨੇ ਉਨ੍ਹਾਂ ਦੀ ਨਿਗਰਾਨੀ ਹੇਠ ਐੱਮ.ਫਿਲ ਕੀਤੀ ਸੀ। ਡਾ. ਨਬੀਲਾ ਰਹਿਮਾਨ ਨੂੰ ਵੀ ਤਾਹਿਰ ਨੇ ਫ਼ੋਨ ਕਰ ਦਿੱਤਾ ਸੀ। ਅੱਜ ਕੱਲ੍ਹ ਉਹ ਝੰਗ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਕੁਝ ਦਿਨ ਇੱਥੇ ਪੀਐੱਚ.ਡੀ. ਦੀਆਂ ਕਲਾਸਾਂ ਲੈਂਦੇ ਹਨ। ਉਹ ਵੀ ਡਾ. ਸ਼ਹਿਯਾਦ ਦੇ ਦਫ਼ਤਰ ਵਿੱਚ ਆ ਗਏ। ਤਾਹਿਰ ਵੀ ਉਨ੍ਹਾਂ ਕੋਲੋਂ ਪੀਐੱਚ.ਡੀ. ਕਰ ਰਿਹੈ। ਅੱਜ ਵੀ ਉਸਦੀ ਕਲਾਸ ਸੀ। ਤਾਹਿਰ ਨੇ ਹੱਸਦਿਆਂ ਕਿਹਾ, “ਮੈਡਮ ਮੇਰੀ ਹਾਜ਼ਰੀ ਲਾ ਦਿਉਗੇ, ਕਿਉਂਕਿ ਅੱਜ ਮੈਂ ਰਵਿੰਦਰ ਸਹਿਰਾਅ ਹੋਰਾਂ ਨਾਲ਼ ਰਹਿਣਾ।” ਅੱਗਿਉਂ ਡਾ. ਨਬੀਲਾ ਨੇ ਵੀ ਉਸੇ ਅੰਦਾਜ਼ ਵਿੱਚ ਆਖਿਆ, “ਜ਼ਰੂਰ… ਪਰ ਜੇ ਰਵਿੰਦਰ ਤੇ ਭਾਬੀ ਜੀ (ਨੀਰੂ) ਕਹਿਣ ਤਾਂ…।” ਅਸੀਂ ਸਾਰੇ ਖਿੜ ਖਿੜਾ ਕੇ ਹੱਸ ਪਏ।
ਹੋਰ ਡਿਪਾਰਟਮੈਂਟਾਂ ਤੋਂ ਇਲਾਵਾ ਸਾਨੂੰ ਲਾਇਬ੍ਰੇਰੀ ਵੀ ਦਿਖਾਈ। ਡਾ. ਆਸਮਾ ਕਾਦਰੀ (ਜੋ ਨਾਨਕ ਤੇ ਫ਼ਰੀਦ ਉੱਪਰ ਵਿਸ਼ੇਸ਼ ਮਾਹਿਰ ਹਨ) ਦੇ ਦਫ਼ਤਰ ਵਿੱਚ ਵੀ ਗਏ। ਡਾ. ਆਸਮਾ, ਨਜ਼ਮ ਹੁਸੈਨ ਸੱਯਦ ਦੀ ਖ਼ਾਸ ਚਹੇਤੀ ਹਨ। ਉਨ੍ਹਾਂ ਕੋਲੋਂ ਹੀ ਬਾਬਾ ਫ਼ਰੀਦ ਅਤੇ ਬਾਬਾ ਨਾਨਕ ਉੱਪਰ ਬਹੁਤ ਵਡਮੁੱਲੀ ਖੋਜ ਕਰਕੇ ਲੋਕਾਂ ਨਾਲ਼ ਸਾਂਝੀ ਕਰ ਰਹੇ ਹਨ। ਇੰਗਲੈਂਡ, ਕੈਨੇਡਾ ਤੇ ਅਮਰੀਕਾ ਦੇ ਸਿੱਖ ਭਾਈਚਾਰੇ ਵਿੱਚ ਉਹ ਬਹੁਤ ਇੱਜ਼ਤ ਵਾਲੀ ਅਦੀਬ ਦਾ ਦਰਜਾ ਰੱਖਦੇ ਹਨ। ਇੱਥੋਂ ਦੇ ਗੁਰੂਘਰਾਂ ਵਿੱਚ ਵੀ ਉਹ ਅਕਸਰ ਹੀ ਆਪਣੇ ਭਾਸ਼ਣ ਦਿੰਦੇ ਰਹਿੰਦੇ ਹਨ।
ਅਸੀਂ ਡਾ. ਨਬੀਲਾ ਦੇ ਪੀਐੱਚ.ਡੀ. ਕਰ ਰਹੇ ਵਿਦਿਆਰਥੀਆਂ ਨੂੰ ਵੀ ਮਿਲੇ ਅਤੇ ਉਨ੍ਹਾਂ ਨਾਲ਼ ਤਸਵੀਰਾਂ ਵੀ ਲਈਆਂ। ਹੋਰ ਵੀ ਕਈ ਅਧਿਆਪਕਾਂ ਨਾਲ਼ ਸਰਸਰੀ ਜਿਹੀ ਮੁਲਾਕਾਤ ਹੋਈ। ਇਹ ਫੇਰੀ ਯਾਦਗਾਰੀ ਹੋ ਨਿੱਬੜੀ।

Leave a Reply

Your email address will not be published. Required fields are marked *