*ਡਾ. ਪ੍ਰਿਮਲ ਕੌਰ (ਐਮ.ਡੀ.) ਚੇਅਰਵੁਮੈਨ ਅਤੇ ਬਿਕਰਮ ਸਿੰਘ ਸੋਹੀ ਪ੍ਰਧਾਨ ਨਿਯੁਕਤ
ਸ਼ਿਕਾਗੋ: ਸ਼ਿਕਾਗੋਲੈਂਡ ਖੇਤਰ ਵਿੱਚ ਪੰਜਾਬੀ ਸੱਭਿਆਚਾਰ, ਭਾਸ਼ਾ, ਸਿੱਖਿਆ, ਖੇਡਾਂ ਅਤੇ ਪ੍ਰਦਰਸ਼ਨ ਕਲਾਵਾਂ ਦੀ ਤਰੱਕੀ ਲਈ ਸਮਰਪਿਤ ਪ੍ਰਸਿੱਧ ਗੈਰ-ਮੁਨਾਫ਼ਾ ਸੰਸਥਾ- ਪੰਜਾਬੀ ਸੱਭਿਆਚਾਰਕ ਸੁਸਾਇਟੀ ਆਫ਼ ਸ਼ਿਕਾਗੋ (ਪੀ.ਸੀ.ਐਸ.) ਨੇ 2026 ਲਈ ਆਪਣੇ ਕਾਰਜਕਾਰੀ ਬੋਰਡ ਦੇ ਗਠਨ ਦਾ ਐਲਾਨ ਕੀਤਾ ਹੈ। ਨਵੀਂ ਚੋਣ ਮੁਤਾਬਕ ਡਾ. ਪ੍ਰਿਮਲ ਕੌਰ (ਐਮ.ਡੀ.) ਨੂੰ ਸੰਸਥਾ ਦਾ ਚੇਅਰਵੁਮੈਨ ਅਤੇ ਬਿਕਰਮ ਸਿੰਘ ਸੋਹੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ 2026 ਲਈ ਪੀ.ਸੀ.ਐਸ. ਕਾਰਜਕਾਰੀ ਬੋਰਡ ਵਿੱਚ ਸ਼ਾਮਲ ਹਨ: ਉਪ ਪ੍ਰਧਾਨ- ਗੁਰਲਾਲ ਸਿੰਘ ਭੱਠਲ, ਕਾਰਜਕਾਰੀ ਸਕੱਤਰ- ਗੁਰਪ੍ਰੀਤ ਸਿੰਘ ਸਿੱਧੂ, ਵਿੱਤ ਨਿਰਦੇਸ਼ਕ- ਜਿਗਰਦੀਪ ਸਿੰਘ ਢਿੱਲੋਂ, ਡਾਇਰੈਕਟਰ ਐਟ ਲਾਰਜ- ਪਰਮਜੋਤ ਸਿੰਘ ਪਰਮਾਰ, ਆਈ.ਟੀ. ਡਾਇਰੈਕਟਰ- ਅਮਿਤਪਾਲ ਸਿੰਘ ਗਿੱਲ, ਯੂਥ ਡਾਇਰੈਕਟਰ: ਤੇਜਵੀਰ ਸਿੰਘ ਸੂਦਨ, ਮਹਿਲਾ ਸਸ਼ਕਤੀਕਰਨ ਡਾਇਰੈਕਟਰ- ਪਰਮਵੀਰ ਕੌਰ, ਅੰਤਰ-ਸਮਾਜਿਕ ਡਾਇਰੈਕਟਰ- ਕੇਵਿਨਦੀਪ ਸਿੰਘ ਅਟਵਾਲ ਅਤੇ ਸਾਬਕਾ ਪ੍ਰਧਾਨ ਨਵਤੇਜ ਸਿੰਘ ਸੋਹੀ।
ਡਾ. ਪ੍ਰਿਮਲ ਕੌਰ ਐਮ.ਡੀ., ਐਮ.ਬੀ.ਏ., ਇੱਕ ਪ੍ਰਤਿਸ਼ਠਾਵਾਨ ਬਾਇਓਟੈਕ ਕਾਰਜਕਾਰੀ, ਬਾਇਓਫਾਰਮਾ ਉਦਯੋਗ ਵਿੱਚ 15 ਸਾਲਾਂ ਤੋਂ ਵੱਧ ਦਾ ਤਜਰਬਾ ਰੱਖਦੇ ਹਨ ਅਤੇ ਵਰਤਮਾਨ ਵਿੱਚ ਐਬਵੀ ਵਿਖੇ ਗਲੋਬਲ ਡਿਵੈਲਪਮੈਂਟ ਆਫ਼ ਇਮਯੂਨੋਲੋਜੀ, ਨਿਊਰੋਸਾਇੰਸ, ਆਈ ਕੇਅਰ ਤੇ ਸਪੈਸ਼ਲਿਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਜੋਂ ਸੇਵਾ ਨਿਭਾਅ ਰਹੇ ਹਨ। ਡਾ. ਪ੍ਰਿਮਲ ਕੌਰ ਨੇ ਆਪਣੀ ਐਮ.ਡੀ. ਸਰਕਾਰੀ ਮੈਡੀਕਲ ਕਾਲਜ, ਪਟਿਆਲਾ (ਪੰਜਾਬ), ਰਾਇਮੈਟੋਲੋਜੀ ਸਿਖਲਾਈ ਟੈਂਪਲ ਯੂਨੀਵਰਸਿਟੀ ਫਿਲਾਡੈਲਫੀਆ ਅਤੇ ਐਮ.ਬੀ.ਏ. ਟੈਂਪਲ ਯੂਨੀਵਰਸਿਟੀ ਫੌਕਸ ਸਕੂਲ ਆਫ਼ ਬਿਜ਼ਨਸ, ਫਿਲਾਡੈਲਫੀਆ ਤੋਂ ਪ੍ਰਾਪਤ ਕੀਤੀ। ਡਾ. ਪ੍ਰਿਮਲ ਕੌਰ ਗਲੋਬਲ ਵਿਕਾਸ ਪ੍ਰਤਿਭਾ ਅਤੇ ਮਹਿਲਾ ਲੀਡਰਸ਼ਿੱਪ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ ਅਤੇ ਉਭਰ ਰਹੇ ਨੌਜਵਾਨਾਂ ਨੂੰ ਆਪਣੇ ਕਰੀਅਰ ਦੇ ਮਾਰਗਾਂ ਨੂੰ ਭਰੋਸੇ ਨਾਲ ਨੇਵੀਗੇਟ ਕਰਨ ਲਈ ਸਰਗਰਮੀ ਨਾਲ ਸਲਾਹ ਦਿੰਦੇ ਹਨ।
ਪੀ.ਸੀ.ਐਸ. ਬੋਰਡ ਦੇ ਕਾਰਜਾਂ ਦੀ ਅਗਵਾਈ ਪ੍ਰਧਾਨ ਵਜੋਂ ਬਿਕਰਮ ਸਿੰਘ ਸੋਹੀ ਕਰ ਰਹੇ ਹਨ, ਜੋ ਕਿ ਇੱਕ ਤਜਰਬੇਕਾਰ ਯੋਗਦਾਨ ਪਾਉਣ ਵਾਲੇ ਅਤੇ ਪੀ.ਸੀ.ਐਸ. ਦੇ ਵਚਨਬੱਧ ਮੈਂਬਰ ਹਨ। ਉਹ ਇਸ ਭੂਮਿਕਾ ਲਈ ਵਿਆਪਕ ਲੀਡਰਸ਼ਿਪ ਅਨੁਭਵ ਅਤੇ ਇੱਕ ਮਜਬੂਤ ਸੱਭਿਆਚਾਰਕ ਦ੍ਰਿਸ਼ਟੀਕੋਣ ਲਿਆਉਂਦੇ ਹਨ। ਸ਼੍ਰੀ ਸੋਹੀ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸਮੇਤ ਕਈ ਪੀ.ਸੀ.ਐਸ. ਬੋਰਡ ਅਹੁਦਿਆਂ `ਤੇ ਸੇਵਾ ਨਿਭਾਅ ਚੁੱਕੇ ਹਨ ਅਤੇ ਵਰਤਮਾਨ ਵਿੱਚ ਪੈਂਪਰਡ ਸ਼ੈੱਫ – ਏ ਬਰਕਸ਼ਾਇਰ ਹੈਥਵੇ ਕੰਪਨੀ ਵਿੱਚ ਮੁੱਖ ਸੰਚਾਲਨ ਅਧਿਕਾਰੀ ਦਾ ਅਹੁਦਾ ਸੰਭਾਲਦੇ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ (ਪੰਜਾਬ) ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਬੈਚਲਰ ਡਿਗਰੀ ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੈਕਰਾਮੈਂਟੋ (ਕੈਲੀਫੋਰਨੀਆ) ਤੋਂ ਡਿਜ਼ਾਈਨ ਅਤੇ ਨਿਰਮਾਣ ਵਿੱਚ ਐਮ.ਐਸ.ਐਮ.ਈ. ਡਿਗਰੀ ਪ੍ਰਾਪਤ ਕੀਤੀ।
ਨਵ-ਨਿਯੁਕਤ ਪ੍ਰਧਾਨ ਬਿਕਰਮ ਸਿੰਘ ਸੋਹੀ ਨੇ ਕਿਹਾ ਕਿ ਅਸੀਂ ਸਾਲ ਭਰ ਆਪਣੇ ਦਸਤਖਤ ਵਾਲੇ ਫਲੈਗਸ਼ਿਪ ਸਮਾਗਮਾਂ ਅਤੇ ਹੋਰ ਬਹੁਤ ਸਾਰੀਆਂ ਪਹਿਲਕਦਮੀਆਂ ਰਾਹੀਂ ਆਪਣੀ ਜੀਵੰਤ ਸੱਭਿਆਚਾਰਕ ਵਿਰਾਸਤ ਨੂੰ ਸਾਂਝਾ ਕਰਨ ਅਤੇ ਉੱਚਾ ਚੁੱਕਣ ਲਈ ਉਤਸੁਕ ਹਾਂ।
ਪਿਛਲੇ ਸਾਲ ਡਾ. ਪਰਮ ਪੁਨੀਤ ਸਿੰਘ ਚੇਅਰਮੈਨ ਅਤੇ ਨਵਤੇਜ ਸਿੰਘ ਸੋਹੀ ਪ੍ਰਧਾਨ ਸਨ। ਇਸ ਦੌਰਾਨ ਪੀ.ਸੀ.ਐਸ. ਬੋਰਡ ਆਫ਼ ਗਵਰਨਰਜ਼ ਦੇ ਮੈਂਬਰ ਰਾਜਿੰਦਰ ਸਿੰਘ ਮਾਗੋ ਨੇ ਕਿਹਾ ਸਾਬਕਾ ਚੇਅਰਮੈਨ ਡਾ. ਪਰਮ ਪੁਨੀਤ ਸਿੰਘ ਅਤੇ ਸਾਬਕਾ ਪ੍ਰਧਾਨ ਨਵਤੇਜ ਸਿੰਘ ਸੋਹੀ ਦੇ ਕਾਰਜਕਾਲ ਸਾਲ 2025 ਦੌਰਾਨ ਉਨ੍ਹਾਂ ਦੀ ਸ਼ਾਨਦਾਰ ਅਗਵਾਈ, ਸਮਰਪਣ ਅਤੇ ਯੋਗਦਾਨ ਲਈ ਸੰਸਥਾ ਉਨ੍ਹਾਂ ਦੀ ਧੰਨਵਾਦੀ ਹੈ।
ਪੀ.ਸੀ.ਐਸ. ਦੇ ਅਗਾਮੀ ਪ੍ਰੋਗਰਾਮ
“ਪੀ.ਸੀ.ਐਸ. ਡਰਾਇੰਗ ਆਰਟਸ ਮੁਕਾਬਲਾ” 18 ਜਨਵਰੀ 2026 ਨੂੰ ਨੈਸ਼ਨਲ ਇੰਡੀਆ ਹੱਬ, ਸ਼ਾਮਬਰਗ ਵਿਖੇ ਸਵੇਰੇ 10 ਤੋਂ ਦੁਪਹਿਰ 2 ਵਜੇ ਦਰਮਿਆਨ ਹੋਵੇਗਾ। ਇਹ ਮੁਕਾਬਲਾ ਐਲੀਮੈਂਟਰੀ, ਮਿਡਲ ਅਤੇ ਹਾਈ ਸਕੂਲ ਵਰਗ ਦੇ ਬੱਚਿਆਂ ਦਾ ਹੋਵੇਗਾ। ਹਰ ਵਰਗ ਵਿੱਚ ਜੇਤੂ ਬੱਚਿਆਂ ਨੂੰ ਦਿਲਚਸਪ ਇਨਾਮ ਦਿੱਤੇ ਜਾਣਗੇ। ਸੰਸਥਾ ਅਨੁਸਾਰ ਪ੍ਰਤੀ ਭਾਗੀਦਾਰ ਇੱਕ ਡਰਾਇੰਗ, ਅਸਲੀ ਕਲਾਕਾਰੀ ਥੀਮ ਜਾਂ ਪ੍ਰਦਾਨ ਕੀਤੇ ਗਏ ਟੈਂਪਲੇਟ `ਤੇ ਹੋਣੀ ਚਾਹੀਦੀ ਹੈ। ਸਾਰੇ ਪ੍ਰਤੀਯੋਗੀਆਂ ਦਾ ਨਿਰਣਾ ਉਨ੍ਹਾਂ ਦੀ ਅਸਲ ਕਲਾਕਾਰੀ ਅਤੇ ਕਲਾਤਮਕ ਮੁੱਲ ਦੇ ਆਧਾਰ `ਤੇ ਕੀਤਾ ਜਾਵੇਗਾ। ਡਰਾਇੰਗ ਲਈ ਪੈਨਸਿਲ, ਚਾਰਕੋਲ, ਤੇਲ, ਪਾਣੀ ਦੇ ਰੰਗ ਆਦਿ ਕੋਈ ਵੀ ਮਾਧਿਅਮ ਸਵੀਕਾਰਯੋਗ ਹੋਵੇਗਾ। ਫੋਟੋਆਂ ਜਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਤਸਵੀਰਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਸਾਰੇ ਭਾਗੀਦਾਰਾਂ ਨੂੰ ਇੱਕ ਡਰਾਇੰਗ ਸ਼ੀਟ ਅਤੇ ਮੁਢਲੀ ਰੰਗ ਸਮੱਗਰੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਸਾਰੇ ਭਾਗੀਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਦੁਪਹਿਰ ਦਾ ਖਾਣਾ ਪ੍ਰਦਾਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ “ਰੰਗਲਾ ਪੰਜਾਬ 2026” ਸ਼ਨੀਵਾਰ, 25 ਅਪ੍ਰੈਲ 2026 ਨੂੰ ਗੇਟਵੇ ਥੀਏਟਰ, ਕੋਪਰਨਿਕਸ ਸੈਂਟਰ (5216 ਵੈਸਟ ਲਾਰੈਂਸ ਐਵੇਨਿਊ, ਸ਼ਿਕਾਗੋ) ਵਿਖੇ ਹੋਵੇਗਾ, ਜਿਸ ਦੌਰਾਨ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਅਤੇ ਨੌਜਵਾਨਾਂ ਦੀਆਂ ਭੰਗੜਾ-ਗਿੱਧਾ ਟੀਮਾਂ, ਕੋਰਿਓਗ੍ਰਾਫੀ ਅਤੇ ਹੋਰ ਆਈਟਮਾਂ ਪੇਸ਼ ਹੋਣਗੀਆਂ।
ਰਜਿਸਟਰੇਸ਼ਨ ਕਰਨ ਜਾਂ ਹੋਰ ਜਾਣਕਾਰੀ ਲੈਣ ਲਈ ਫੋਨ: (847) 359-5727 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੀ.ਸੀ.ਐਸ. ਜਨਵਰੀ ਵਿੱਚ ਵਿਦਿਆਰਥੀਆਂ ਲਈ ਪੰਜਾਬੀ ਕਲਾ ਡਰਾਇੰਗ ਮੁਕਾਬਲਾ, ਫਰਵਰੀ ਵਿੱਚ ਪੰਜਾਬੀ ਮਾਂ ਬੋਲੀ ਮਹੀਨਾ, ਫਰਵਰੀ ਵਿੱਚ ਏਸ਼ੀਅਨ ਅਮਰੀਕਨ ਕੋਲੀਸ਼ਨ ਆਫ਼ ਸ਼ਿਕਾਗੋ ਸਮਾਗਮ ਵਿੱਚ ਭਾਗੀਦਾਰੀ, ਅਪ੍ਰੈਲ ਵਿੱਚ ਰੰਗਲਾ ਪੰਜਾਬ – ਵਿਸਾਖੀ ਦਾ ਜਸ਼ਨ, ਗਰਮੀਆਂ ਵਿੱਚ ਗ੍ਰੈਜੂਏਸ਼ਨ ਨਾਈਟ, ਪਤਝੜ ਵਿੱਚ ਵਿਦਿਆਰਥੀਆਂ ਲਈ ਭਾਸ਼ਣ ਮੁਕਾਬਲਾ ਅਤੇ ਨਵੰਬਰ ਵਿੱਚ ਸ਼ਿਕਾਗੋ ਥੈਂਕਸਗਿਵਿੰਗ ਡੇਅ ਪਰੇਡ ਵਿੱਚ ਭਾਗੀਦਾਰੀ ਵਰਗੇ ਸਾਲ ਭਰ ਦੇ ਪ੍ਰੋਗਰਾਮਾਂ ਰਾਹੀਂ ਪੰਜਾਬੀ ਵਿਰਾਸਤ ਦਾ ਜਸ਼ਨ ਮਨਾਉਣ ਲਈ ਆਪਣੀ ਵਚਨਬੱਧਤਾ ਜਾਰੀ ਰੱਖਦੀ ਹੈ। ਸੰਸਥਾ ਅਨੁਸਾਰ ਇਹ ਇੱਕ ਗੈਰ-ਮੁਨਾਫ਼ਾ 501(ਛ)(3) ਪੂਰੀ ਤਰ੍ਹਾਂ ਸਵੈ-ਇੱਛੁਕ ਭਾਈਚਾਰਕ ਸੇਵਾ ਸੰਸਥਾ ਹੈ, ਜੋ ਸ਼ਿਕਾਗੋ ਮੈਟਰੋਪਾਲੀਟਨ ਖੇਤਰ ਅਤੇ ਇਸ ਤੋਂ ਬਾਹਰ ਪੰਜਾਬੀ ਸੱਭਿਆਚਾਰ, ਪ੍ਰਦਰਸ਼ਨ ਕਲਾ, ਭਾਸ਼ਾ, ਸਿੱਖਿਆ, ਖੇਡਾਂ ਤੇ ਨਾਗਰਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।
