ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅਤੇ ਲਾਹੌਰ ਮਿਊਜ਼ੀਅਮ ਦੇਖਦਿਆਂ…

ਅਧਿਆਤਮਕ ਰੰਗ ਆਮ-ਖਾਸ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਸੱਤਵੀਂ ਕਿਸ਼ਤ, ਜਿਸ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅਤੇ ਲਾਹੌਰ ਮਿਊਜ਼ੀਅਮ ਦਾ ਸੰਖੇਪ ਵੇਰਵਾ ਦਰਜ ਹੈ…

ਰਵਿੰਦਰ ਸਹਿਰਾਅ
ਫੋਨ: 219-900-1115

29 ਨਵੰਬਰ 2022 ਅਸੀਂ ਲਾਹੌਰ ਲਈ ਰੱਖਿਆ ਹੋਇਆ ਸੀ। ਅਸੀਂ ਦੋ-ਤਿੰਨ ਥਾਵਾਂ ਦੇਖਣੀਆਂ ਸਨ, ਜਿਨ੍ਹਾਂ ਵਿੱਚ ਸ਼ਾਹੀ ਕਿਲ੍ਹਾ, ਮਿਊਜ਼ੀਅਮ, ਸ਼ਾਦਮਾਨ ਚੌਕ ਅਤੇ ਗੁਰੂਘਰ ਡੇਰਾ ਸਾਹਿਬ ਸ਼ਾਮਿਲ ਸਨ। ਦੇਖਣ ਵਾਲੀਆਂ ਤਾਂ ਹੋਰ ਵੀ ਬਹੁਤ ਥਾਵਾਂ ਹਨ, ਪਰ ਇੱਕ ਦਿਨ ਵਿੱਚ ਏਨਾ ਦੇਖਣਾ ਵੀ ਹਿੰਮਤ ਵਾਲਾ ਕੰਮ ਹੀ ਕਿਹਾ ਜਾ ਸਕਦਾ ਹੈ। ਇਕੱਲੇ ਸ਼ਾਹੀ ਕਿਲ੍ਹੇ ਨੂੰ ਹੀ ਪੂਰਾ ਇੱਕ ਦਿਨ ਤਾਂ ਜ਼ਰੂਰ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਅਤੇ ਗੁਰਦੁਆਰਾ ਡੇਰਾ ਸਾਹਿਬ ਤਾਂ ਬਿਲਕੁਲ ਆਹਮਣੇ-ਸਾਹਮਣੇ ਹਨ। ਸੋ, ਅਸੀਂ ਬਿਨਾਂ ਕਿਸੇ ਨੂੰ ਨਾਲ਼ ਲਿਆਂ, ਡਰਾਇਵਰ ਅਜਾਜ ਨੂੰ ਕਿਹਾ- ਚਲੋ, ਪਹਿਲਾਂ ਸ਼ਹੀਦੀ ਅਸਥਾਨ ਚੱਲਦੇ ਆਂ। ਕਹਿੰਦਾ, ਜੀ ਨਾਲ਼ ਈ ਬਾਦਸ਼ਾਹੀ ਮਸਜਿਦ ਵੀ ਹੈ। ਮੈਂ ਕਿਹਾ, ਜ਼ਰੂਰ ਦੇਖਾਂਗੇ ਪਰ ਇੱਕ ਦਿਨ ਵਿੱਚ ਤਾਂ ਇਹ ਮੁਸ਼ਕਿਲ ਹੈ। ਅਜਾਜ ਇੱਕ ਸਿੱਧਾ ਸਾਦਾ ਜਿਹਾ ਬੰਦਾ ਪਿੰਡ ’ਚੋਂ ਉੱਠ ਕੇ ਨੌਕਰੀ ਕਰਨ ਲਾਹੌਰ ਆਇਆ ਹੋਇਆ ਹੈ। ਆਪਣੇ ਮਾਲਕ ਤੋਂ ਬਹੁਤ ਤੰਗ ਹੈ, ਪਰ ਮਜਬੂਰੀ ਕਰਕੇ ਉਹਨੂੰ ਛੱਡ ਵੀ ਨਹੀਂ ਸਕਦਾ। ਅਸੀਂ ਯੂਨੀਅਨ ਵਿੱਚ ਕੰਮ ਕੀਤਾ ਹੋਣ ਕਾਰਨ ਅਜਿਹੇ ਬੰਦਿਆਂ ਦੀ ਮਾਨਸਿਕਤਾ ਨੂੰ ਸਮਝਦੇ ਹਾਂ। ਉਸ ਨਾਲ਼ ਬੰਦਿਆਂ ਵਾਂਗ (ਪਰਿਵਾਰ) ਬੋਲਦੇ ਚਾਲਦੇ ਤੇ ਖਾਂਦੇ-ਪੀਂਦੇ ਹਾਂ। ਉਹ ਦੱਸਦਾ ਹੈ ਕਿ ਏਦਾਂ ਦਾ ਵਿਹਾਰ ਤਾਂ ਅੱਜ ਤਕ ਕਿਸੇ ਬਾਹਰਲੇ ਨੇ ਤਾਂ ਕੀ ਕਿਸੇ ਸਾਡੇ ਮੁਸਲਿਮ ਭਾਈਚਾਰੇ ਨੇ ਵੀ ਨਹੀਂ ਕੀਤਾ। ਕਦੀ-ਕਦੀ ਸਾਡੇ ਨਾਲ਼ ਬਹਿ ਕੇ ਖਾਂਦਿਆਂ ਉਹਦੀਆਂ ਅੱਖਾਂ ਛਲਕਦੀਆਂ ਦੇਖੀਆਂ।
ਖ਼ੈਰ… ਅਸੀਂ ਸ਼ਹੀਦੀ ਅਸਥਾਨ ’ਤੇ ਪਹੁੰਚੇ। ਗੁਰਦੁਆਰੇ ’ਚ ਟੁੱਟ-ਭੱਜ ਦਾ ਕੰਮ (ਰੈਨੋਵੇਸ਼ਨ) ਚੱਲ ਰਿਹਾ ਸੀ। ਅਸੀਂ ਉੱਥੋਂ ਦੇ ਸੇਵਾਦਾਰ ਨਾਲ਼ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਪੁਰਾਣੀ ਇਮਾਰਤ ਉਸੇ ਤਰ੍ਹਾਂ ਸਾਂਭ ਕੇ ਰੱਖੀ ਜਾ ਰਹੀ ਹੈ। ਇੱਕ ਵੱਡੇ ਹਾਲ ਦੀ ਉਸਾਰੀ ਚੱਲ ਰਹੀ ਹੋਣ ਕਰਕੇ ਥੋੜ੍ਹੀ ਜਿਹੀ ਦਿੱਕਤ ਦਾ ਸਾਹਮਣਾ ਕੀਤਾ ਜਾ ਸਕਦਾ। ਮੈਂ ਕਹਿੰਦਾ ਹਾਂ, ਜੀ ਫ਼ਿਕਰ ਨਾ ਕਰੋ, ਅਸੀਂ ਤਾਂ ਇਸ ਮਹਾਨ ਅਸਥਾਨ ਦੇ ਦੀਦਾਰੇ ਹੀ ਕਰਨੇ ਹਨ।
ਥੋੜ੍ਹਾ ਜਿਹਾ ਇਹਦੇ ਇਤਿਹਾਸ ਵਿੱਚੋਂ ਵੀ ਗੁਜ਼ਰ ਲਈਏ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਉਨ੍ਹਾਂ ਦਾ ਜੀਵਨ ਕਾਲ 1563-1606 ਈ. ਦਾ ਮੰਨਿਆ ਗਿਆ ਹੈ। ਉਨ੍ਹਾਂ ਸਿੱਖ ਇਤਿਹਾਸ ਵਿੱਚ ਕਈ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਸਾਈਂ ਮੀਆਂ ਮੀਰ (ਜਿਨ੍ਹਾਂ ਦਾ ਜੀਵਨ ਕਾਲ 1550 ਤੋਂ 11 ਅਗਸਤ 1635 ਦਾ ਦੱਸਿਆ ਗਿਆ ਹੈ) ਨਾਲ਼ ਉਨ੍ਹਾਂ ਦਾ ਬਹੁਤ ਪਿਆਰ ਸੀ। ਸਾਈਂ ਜੀ ਉਸ ਸਮੇਂ ਦੇ ਉੱਚ ਕੋਟੀ ਦੇ ਦਰਵੇਸ਼ ਫ਼ਕੀਰ ਸਨ। ਗੁਰੂ ਜੀ ਨੇ ਜਦ 3 ਜਨਵਰੀ 1588 ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਉਸਾਰੀ ਕਰਨੀ ਸੀ ਤਾਂ ਉਨ੍ਹਾਂ ਨੇ ਉਸ ਦੀ ਨੀਂਹ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ। ਇਹ ਇੱਕ ਬਹੁਤ ਹੀ ਦੂਰ ਦ੍ਰਿਸ਼ਟੀ ਵਾਲਾ ਕਦਮ ਸੀ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਦੂਰ-ਦੁਰਾਡੇ ਰਹਿੰਦੇ ਭਗਤਾਂ ਦੀ ਬਾਣੀ/ਰਚਨਾ ਇਕੱਠੀ ਕਰਕੇ ਇਸ ਵਿੱਚ ਸ਼ਾਮਲ ਕੀਤੀ। ਹਰਿਮੰਦਰ ਸਾਹਿਬ ਦੇ ਨਾਲ਼ ਉਨ੍ਹਾਂ ਨੇ ਤਰਨਤਾਰਨ ਸਾਹਿਬ ਦੀ ਵੀ ਉਸਾਰੀ ਕੀਤੀ ਦੱਸੀ ਜਾਂਦੀ ਹੈ।
ਉਨ੍ਹਾਂ ਨੂੰ ਸ਼ਹੀਦ ਕਰਨ ਦੇ ਇਤਿਹਾਸਕਾਰ ਕਈ ਕਾਰਨ ਦੱਸਦੇ ਹਨ। ਵੱਡਾ ਭਰਾ ਪ੍ਰਿਥੀ ਚੰਦ ਦੁਨਿਆਵੀ ਤੌਰ ’ਤੇ ਬਹੁਤ ਸਿਆਣਾ ਤੇ ਚਲਾਕ ਸੀ। ਉਹ ਚਾਹੁੰਦਾ ਸੀ ਕਿ ਗੱਦੀ ਉਸ ਕੋਲ ਰਵ੍ਹੇ; ਪਰ ਗੁਰੂ ਰਾਮਦਾਸ ਜੀ ਨੂੰ ਉਸਦੇ ਹੰਕਾਰ ਦਾ ਗਿਆਨ ਸੀ। ਇੱਕ ਹੋਰ ਨਾਮ ਆਉਂਦਾ ਹੈ, ਚੰਦੂ ਸ਼ਾਹ। ਉਹ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਜੀ ਦੇ ਲੜਕੇ ਗੁਰੂ ਹਰਿਗੋਬਿੰਦ ਜੀ ਨਾਲ਼ ਕਰਨਾ ਚਾਹੁੰਦਾ ਸੀ। ਸਿੱਖ ਇਸ ਰਿਸ਼ਤੇ ਦੇ ਵਿਰੁੱਧ ਸਨ; ਕਿਉਂਕਿ ਚੰਦੂ ਸ਼ਾਹ ਮਹਾਂ ਲਾਲਚੀ ਅਤੇ ਮੱਕਾਰ ਸੀ। ਇਸ ਕਰਕੇ ਉਹ ਵੀ ਗੁਰੂ ਜੀ ਦੇ ਖ਼ਿਲਾਫ਼ ਸੀ। ਪਰ ਸਭ ਤੋਂ ਵੱਡਾ ਕਾਰਨ ਬਾਦਸ਼ਾਹ ਜਹਾਂਗੀਰ ਦੇ ਪੁੱਤਰ ਖੁਸਰੋ ਦਾ ਉਸ ਤੋਂ ਬਾਗ਼ੀ ਹੋ ਕੇ ਦਿੱਲੀ ਤੋਂ ਭੱਜ ਨਿਕਲਣਾ ਸੀ। ਪ੍ਰਿਥੀ ਚੰਦ ਅਤੇ ਚੰਦੂ ਸ਼ਾਹ ਬਾਦਸ਼ਾਹ ਕੋਲ ਸ਼ਿਕਾਇਤਾਂ ਤਾਂ ਪਹਿਲਾਂ ਹੀ ਪਹੁੰਚਾ ਰਹੇ ਸਨ ਕਿ ਇੱਕ ਸਿੱਖ ਲੋਕਾਂ ਨੂੰ ਤੁਹਾਡੇ ਖ਼ਿਲਾਫ਼ ਭੜਕਾ ਰਿਹਾ ਹੈ, ਪਰ ਜਦੋਂ ਖੁਸਰੋ ਬਾਗ਼ੀ ਹੋ ਕੇ ਲਾਹੌਰ ਵੱਲ ਭੱਜ ਨਿਕਲਿਆ ਤਾਂ ਉਨ੍ਹਾਂ ਨੂੰ ਵਧੀਆ ਮੌਕਾ ਹੱਥ ਆ ਗਿਆ। ਉਨ੍ਹਾਂ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਨੇ ਖੁਸਰੋ ਨੂੰ ਪਨਾਹ ਦਿੱਤੀ ਹੈ। ਬਾਦਸ਼ਾਹ ਭੜਕ ਪਿਆ। ਗੁਰੂ ਜੀ ਨੂੰ ਦਰਬਾਰ ਵਿੱਚ ਸੱਦਿਆ ਗਿਆ। ਗੁਰੂ ਜੀ ਨੂੰ ਸਜ਼ਾ ਸੁਣਾਈ ਗਈ। ਤੁਜ਼ਕੇ ਜਹਾਂਗੀਰੀ ਵਿੱਚ ਦਰਜ ਹੈ ਕਿ ਉਸਨੇ ‘ਬਸ਼ਿਯਾਸਤ-ਵ-ਬ-ਯਾਸਾ’ ਤਹਿਤ ਦੰਡ ਦਿੱਤਾ। ਇਤਿਹਾਸਕਾਰ ਦੱਸਦੇ ਹਨ ਕਿ ‘ਯਾਸਾ’ ਤਹਿਤ ਦੰਡ ਕਿਸੇ ਸਿਆਸੀ ਵਿਰੋਧੀ ਨੂੰ ਹੀ ਦਿੱਤਾ ਜਾ ਸਕਦਾ ਸੀ।
ਇਤਿਹਾਸ ਦੱਸਦਾ ਹੈ ਕਿ ਗੁਰੂ ਜੀ ਨੂੰ ਛੇ ਦਿਨ ਭੁੱਖੇ-ਪਿਆਸੇ ਰੱਖਣ ਤੋਂ ਬਾਅਦ (ਲਾਲ ਖੂਹੀ ਵਿੱਚ) ਤੱਤੀ ਤਵੀ ਉਪਰ ਬਿਠਾ ਕੇ ਸਿਰ ਉੱਪਰ ਤੱਤੀ ਰੇਤ ਪਾਈ ਗਈ। ਇੱਥੇ ਇਹ ਵੀ ਦੱਸ ਦੇਈਏ ਕਿ ਲਾਲ ਖੂਹੀ ਵਿੱਚ (ਜੋ ਕਿ ਬਾਦਸ਼ਾਹੀ ਮਸਜਦ ਦੇ ਨਜ਼ਦੀਕ ਹੀ ਹੈ) ਕੈਦ ਸਮੇਂ ਸਾਈਂ ਮੀਆਂ ਮੀਰ ਜੀ ਗੁਰੂ ਜੀ ਨੂੰ ਚੋਰੀ-ਚੋਰੀ ਕੁਝ ਮਿਠਾਈ ਵਰਗੀ ਸ਼ੈਅ (ਕਹਿੰਦੇ ਤਾਂ ਬਰਫ਼ੀ ਹਨ) ਪਹੁੰਚਾਣ ਦਾ ਵੀ ਯਤਨ ਕਰਦੇ ਰਹੇ ਸਨ। ਕਿਉਂਕਿ ਉਨ੍ਹਾਂ ਦਾ ਰੁਤਬਾ ਬਹੁਤ ਉੱਚਾ ਸੀ ਤੇ ਸਿਪਾਹੀ ਸ਼ੱਕ ਵੀ ਨਹੀਂ ਸਨ ਕਰਦੇ। ਦੱਸਿਆ ਜਾਂਦਾ ਹੈ ਕਿ ਜਦੋਂ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ਼ ਭਰ ਗਿਆ ਅਤੇ ਉਹ ਬੇਹੋਸ਼ ਹੋ ਗਏ ਤਾਂ ਉਨ੍ਹਾਂ ਨੂੰ ਦਰਿਆ ਰਾਵੀ ਵਿੱਚ ਰੋੜ੍ਹ ਦਿੱਤਾ ਗਿਆ ਤੇ ਉਹ ਮੁੜ ਕਦੀ ਨਹੀਂ ਦੇਖੇ ਗਏ। ਦਰਿਆ ਰਾਵੀ ਉਦੋਂ ਲਾਹੌਰ ਦੀਆਂ ਕੰਧਾਂ ਨਾਲ਼ ਖਹਿ ਕੇ ਵਗਦਾ ਸੀ। ਇਹ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ। ਉਨ੍ਹਾਂ ਬੰਨ੍ਹ ਲਾ ਕੇ ਰਾਵੀ ਦਾ ਮੁਹਾਣ ਵੀ ਪਰ੍ਹਾਂ ਦੀ ਮੋੜ ਦਿੱਤਾ ਤਾਂ ਕਿ ਗੁਰੂ ਜੀ ਦੇ ਸ਼ਹਾਦਤ ਵਾਲੀ ਥਾਂ ਨੂੰ ਨੁਕਸਾਨ ਨਾ ਪਹੁੰਚ ਸਕੇ। ਸੰਤ ਰਾਮ ਉਦਾਸੀ ਨੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਬਾਰੇ ਤਾਹੀਉਂ ਲਿਖਿਆ ਸੀ:
ਤੱਤੀ ਤਵੀ ਤੱਤੀ ਰੇਤ, ਤੱਤੀਉ ਸੀ ਵਗਦੀ ਹਵਾ
ਦੁਨੀਆਂ ਦਾ ਸੇਕ ਸਾਰਾ ਤੱਤੀਏ ਹਕੂਮਤੇ ਨੀ
ਇੱਕੋ ਦੇ ਨਾਂਅ ਲਿਖ ਧਰਿਆ।

ਮਹਾਰਾਜਾ ਰਣਜੀਤ ਸਿੰਘ ਦੀ ਸਮਾਧ
ਗੁਰਦੁਆਰਾ ਸ਼ਹੀਦੀ ਅਸਥਾਨ ਡੇਰਾ ਸਾਹਿਬ ਦੇ ਸਾਹਮਣੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ। ਰਣਜੀਤ ਸਿੰਘ (1780-1839) ਦਾ ਕਾਲ ਸੁਨਹਿਰੀ ਕਾਲ ਵਜੋਂ ਜਾਣਿਆ ਜਾਂਦਾ ਹੈ। ਉਸਦੀ ਸਮਾਧ ਦੀ ਤਾਮੀਰ ਉਸਦੇ ਪੁੱਤਰ ਖੜਕ ਸਿੰਘ ਨੇ ਕਰਵਾਈ। ਇਸਨੂੰ ਪੂਰੇ ਹੁੰਦਿਆਂ ਨੌਂ ਸਾਲ ਲੱਗੇ ਦੱਸੇ ਜਾਂਦੇ ਹਨ।
ਔਰੰਗਜ਼ੇਬ ਦੇ ਮਗਰੋਂ ਮੁਗ਼ਲ ਕਾਲ ਦਾ ਪਤਨ ਸ਼ੁਰੂ ਹੋਣਾ ਹੋ ਗਿਆ ਤਾਂ ਸਿੱਖ ਮਿਸਲਾਂ ਦੇ ਸਰਦਾਰ ਆਜ਼ਾਦਾਨਾ ਤੋਰ ’ਤੇ ਰਾਜ ਕਰਨ ਲੱਗ ਪਏ ਸਨ। ਇਹ ਸਮਾਂ 1762 ਤੋਂ 1799 ਦਾ ਦੱਸਿਆ ਜਾਂਦਾ ਹੈ। ਅਫ਼ਗਾਨ ਸ਼ਾਸਕ ਸ਼ਾਹ ਦੁੱਰਾਨੀ ਨਾਲ਼ ਯੁੱਧ ਕਰਕੇ ਉਸਨੂੰ ਪੰਜਾਬੋਂ ਬਾਹਰ ਕੱਢਣ ਨਾਲ਼ ਰਣਜੀਤ ਸਿੰਘ ਦੀ ਤਾਕਤ ਦਾ ਪਤਾ ਚੱਲਦਾ ਹੈ। ਛੋਟੀਆਂ-ਛੋਟੀਆਂ ਮਿਸਲਾਂ ਦੇ ਰਾਜਿਆਂ ਨੂੰ ਕਿਤੇ ਪਿਆਰ ਨਾਲ਼, ਕਿਤੇ ਧੱਕੇ ਨਾਲ਼ ਅਤੇ ਕਿਤੇ ਰਿਸ਼ਤੇਦਾਰੀ ਰਾਹੀਂ ਇਕੱਠੇ ਕਰਨਾ ਰਣਜੀਤ ਸਿੰਘ ਦੀ ਦੂਰ-ਅੰਦੇਸ਼ੀ ਕਹੀ ਜਾਂਦੀ ਹੈ। ਆਖ਼ਰ 12 ਅਪ੍ਰੈਲ 1801 ਨੂੰ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਐਲਾਨ ਦਿੱਤਾ ਗਿਆ।
ਕਈ ਲੋਕ ਅੱਜ ਵੀ ਰਾਜੇ ਨੂੰ ਅੱਯਾਸ਼ ਮੰਨਦੇ ਹਨ। ਉਸਨੇ ਕਿੰਨੇ ਹੀ ਵਿਆਹ ਕਰਵਾਏ। ਸਾਰੇ ਇਤਿਹਾਸਕਾਰਾਂ ਦੀ ਵੱਖ-ਵੱਖ ਰਾਇ ਹੈ। ਉਸਦਾ ਪਹਿਲਾ ਵਿਆਹ ਪੰਦਰਾਂ ਸਾਲ ਦੀ ਉਮਰ ਵਿੱਚ ਮਹਿਤਾਬ ਕੌਰ ਨਾਲ਼ ਹੋਇਆ ਦੱਸਿਆ ਜਾਂਦਾ ਹੈ। ਜਿਹਦੀ ਮੌਤ 1813 ਵਿੱਚ ਹੋਈ। ਦੂਜੇ ਵਿਆਹ, ਜੋ ਦਾਤਾਰ ਕੌਰ ਨਾਲ਼ ਹੋਇਆ, ਵਿੱਚੋਂ 1801 ਨੂੰ ਖੜਕ ਸਿੰਘ ਨੇ ਜਨਮ ਲਿਆ। ਆਖ਼ਰੀ ਵਿਆਹ ਜਿੰਦ ਕੌਰ ਨਾਲ਼ ਦੱਸਿਆ ਜਾਂਦਾ ਹੈ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਆਖ਼ਿਰ 1838 ਨੂੰ ਦਲੀਪ ਸਿੰਘ ਨੇ ਜਨਮ ਲਿਆ, ਜੋ ਸਿੱਖ ਸਾਮਰਾਜ ਦਾ ਅਖ਼ੀਰਲਾ ਮਹਾਰਾਜਾ ਬਣਿਆ।
ਆਖ਼ਰ 27 ਜੂਨ 1839 ਨੂੰ ਸਿੱਖ ਸਾਮਰਾਜ ਦੇ ਮਹਾਰਾਜੇ ਦੀ ਮੌਤ ਹੋ ਗਈ। ਖੜਕ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਸਮਾਧ ਦਲੀਪ ਸਿੰਘ ਵੱਲੋਂ ਪੂਰੀ ਕੀਤੀ ਜਾਂਦੀ ਹੈ।

ਲਾਹੌਰ ਮਿਊਜ਼ੀਅਮ
ਲਾਹੌਰ ਮਿਊਜ਼ੀਅਮ ਦੇ ਗੇਟ ਸਾਹਮਣੇ ਉਤਰੇ ਤਾਂ ਉੱਥੇ ਕਾਫ਼ੀ ਚਹਿਲ-ਪਹਿਲ ਸੀ। ਜਿਵੇਂ ਕਿ ਆਮ ਅਜਾਇਬਘਰਾਂ ਦੇ ਅੰਦਰ-ਬਾਹਰ ਹਰ ਥਾਂ ਦੇਖਣ ਨੂੰ ਆਮ ਮਿਲਦੀ ਹੈ। ਅਜਾਜ ਗੱਡੀ ਪਾਰਕ ਕਰਨ ਚਲਾ ਗਿਆ। ਸਿਕਿਉਰਿਟੀ ਵਾਲੇ ਸਾਨੂੰ ਟਿਕਟਾਂ ਵਾਲੇ ਕਾਊਂਟਰ ਵੱਲ ਨੂੰ ਇਸ਼ਾਰਾ ਕਰਨ ਲੱਗੇ (ਇੱਥੇ ਇਸ਼ਾਰਾ ਟ੍ਰੈਫ਼ਿਕ ਲਾਈਟਾਂ ਨੂੰ ਕਿਹਾ ਜਾਂਦਾ ਹੈ); ਪਰ ਸਾਡਾ ਇਸ਼ਾਰੇ ਦਾ ਮਤਲਬ ਉਂਗਲ ਦੇ ਉਸ ਇਸ਼ਾਰੇ ਵੱਲ ਹੈ, ਜੋ ਸਾਨੂੰ ਟਿਕਟਾਂ ਖ਼ਰੀਦਣ ਵੱਲ ਭੇਜ ਰਿਹਾ ਸੀ। ਅਸੀਂ ਟਿਕਟ ਖਿੜਕੀ ਦੇ ਸਾਹਮਣੇ ਪੁੱਜੇ। ਵਿਦੇਸ਼ੀਆਂ ਵਾਸਤੇ ਟਿਕਟ ਦੀ ਕੀਮਤ ਹਜ਼ਾਰ ਰੁਪਏ ਹੈ। ਅਸੀਂ ਅੰਦਰ ਗਏ, ਪਰ ਹਰ ਥਾਂ ਦਰਵਾਜ਼ੇ ਉੱਪਰ ਖੜ੍ਹੇ ਮੁਲਾਜ਼ਮ ਸਾਡੇ ਵੱਲ ਹੈਰਤ ਭਰੀਆਂ ਨਜ਼ਰਾਂ ਨਾਲ਼ ਦੇਖਦੇ ਸਨ। ਕਈ ਪੁੱਛਦੇ ਸਨ ਕਿ ਕਿਹੜੇ ਮੁਲਕ ’ਚੋਂ ਆਏ ਹੋ? ਕਿਤੇ ਅਸੀਂ ਇੰਡੀਆ ਤੋਂ ਅਤੇ ਕਿਤੇ ਅਮੈਰਿਕਾ ਤੋਂ ਕਹਿ ਦਿੱਤਾ।
ਇਹ ਮਿਊਜ਼ੀਅਮ ਪਹਿਲੀ ਵੇਰ 1865 ਵਿੱਚ ਖੋਲਿ੍ਹਆ ਗਿਆ ਸੀ, ਛੋਟਾ ਸੀ ਤੇ ਫੇਰ 1894 ਵਿੱਚ ਖੋਲਿ੍ਹਆ ਗਿਆ। ਹਰ ਗੈਲਰੀ ਹੈ ਈ ਬੜੀ ਖ਼ੂਬਸੂਰਤ। ’ਕੱਲੀ-’ਕੱਲੀ ਚੀਜ਼ ਦੇਖਣ ਲੱਗਦੇ ਤਾਂ ਦੋ ਦਿਨ ਚਾਹੀਦੇ ਸਨ। ਸਿੱਖ ਸਾਮਰਾਜ ਦੇ ਕਾਲ ਦੀਆਂ, ਗੁਰੂਆਂ ਦੇ ਕਾਲ ਦੀਆਂ, ਅੰਗਰੇਜ਼ੀ ਸਾਮਰਾਜ ਦੀਆਂ ਅਤੇ ਮੌਡਰਨ ਹਿਸਟਰੀ ਦੀਆਂ ਅਨੇਕਾਂ ਗੈਲਰੀਆਂ ਹਨ। ਨੀਰੂ ਥੱਕ ਗਈ ਸੀ ਤੇ ਉਪਰਲੀ ਮੰਜ਼ਿਲ ਵੱਲ ਨਹੀਂ ਸੀ ਜਾਣਾ ਚਾਹੁੰਦੀ। ਮੈਂ ਇਕੱਲਾ ਹੀ ਉੱਪਰ ਗਿਆ। ਅਚਾਨਕ ਪਹਿਲਾਂ ਨਿੱਕੀਆਂ ਸਕੂਲੀ ਬੱਚੀਆਂ ਅਤੇ ਫਿਰ ਨਿੱਕੇ ਬੱਚਿਆਂ ਦਾ ਗਰੁੱਪ ਮੇਰੇ ਦੁਆਲ਼ੇ ਇਕੱਠਾ ਹੋ ਗਿਆ ਤੇ ਫ਼ੋਟੋ ਖਿਚਵਾਉਣ ਦੀ ਮੰਗ ਕਰਨ ਲੱਗਾ। ਮੈਂ ਹਾਂ ਕਰ ਪੁੱਛiਆ, ਤੁਹਾਨੂੰ ਪਤੈ ਕਿ ਮੈਂ ਕੌਣ ਹਾਂ? ਸਾਰੇ ਇੱਕ ਆਵਾਜ਼ ਵਿੱਚ ਬੋਲਦੇ ਹਨ, ਯੈਸ ਸਰ ਤੁਸੀਂ ਸਿੱਖ ਹੋ? ਮੈਂ ਮਨ ਹੀ ਮਨ ਹੱਸਦਾ ਹਾਂ ਕਿ ਸਿੱਖ ਤਾਂ ਪਤਾ ਨਹੀਂ ਮੈਂ ਕਿੰਨਾ ਕੁ ਹਾਂ, ਪਰ ਸਿਰ ਉੱਪਰ ਪੱਗ ਕਰਕੇ ਸਰਦਾਰ ਜ਼ਰੂਰ ਹਾਂ। ਭੋਲੇ ਬੱਚਿਉ, ਤੁਸੀਂ ਨਹੀਂ ਸਮਝ ਸਕਦੇ ਕਿ ਸਿੱਖੀ ਕਿੰਨੀ ਔਖੀ ਹੈ। ਅਸੀਂ ਮਜ਼ਹਬਾਂ ਜਾਂ ਧਰਮਾਂ ਨੂੰ ਪੌਸ਼ਾਕਾਂ ਵਿੱਚ ਵੰਡ ਲਿਆ ਹੈ। ਚੜ੍ਹਦੇ ਪੰਜਾਬ ਵਿੱਚ ਚੱਲੇ ਕਾਲੇ ਦੌਰ ਸਮੇਂ ਕਿੰਨੇ ਹੀ ਇਨਸਾਨ ਏਸੇ ਲਈ ਮਾਰ ਦਿੱਤੇ ਗਏ ਕਿ ਜਾਂ ਤਾਂ ਉਨ੍ਹਾਂ ਦੇ ਸਿਰ ਉੱਪਰ ਪੱਗ ਸੀ ਤੇ ਜਾਂ ਉਨ੍ਹਾਂ ਦੇ ਵਾਲ ਕੱਟੇ ਹੋਏ ਸਨ।
ਤ੍ਰਿਸ਼ੂਲ ਤੇ ਕਿਰਪਾਨ ਚੱਲਦੀ ਬੱਸ ਸ਼ਕਲ ਨੂੰ ਦੇਖ ਕੇ,
ਕਾਤਲਾਂ ਦੀ ਚੋਣ ਦਾ ਇਹ ਢੰਗ ਕੇਹਾ ਆ ਗਿਆ।
ਅਚਾਨਕ ਮੇਰੀ ਸੁਰਤੀ, ਮੁੜ ਬੱਚਿਆਂ ਵੱਲ ਮੁੜੀ। ਮੈਂ ਖ਼ੁਸ਼, ਬੱਚੇ ਖ਼ੁਸ਼ ਤੇ ਉਨ੍ਹਾਂ ਆਏ ਅਧਿਆਪਕਾਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ, ਇਸ ਗੱਲ ਦੀ ਹੋਰ ਵੀ ਜ਼ਿਆਦਾ ਖ਼ੁਸ਼ੀ ਸੀ। ਅਜਾਇਬ ਘਰ ਦੀ ਹਰ ਵਸਤ ਨਾਲ਼ੋਂ ਸੈਂਕੜੇ ਗੁਣਾਂ ਮਹਿੰਗੇ ਇਹ ਬੱਚੇ ਤੇ ਉਨ੍ਹਾਂ ਦੀ ਮੁਸਕਾਨ ਲੱਗੀ।
ਹੇਠਾਂ ਪੌੜੀਆਂ ਉਤਰਨ ’ਤੇ ਸੁਰੱਖਿਆ ਮੁਲਾਜ਼ਮ ਦੋ ਵੀਹ-ਪੱਝੀ ਸਾਲ ਦੀਆਂ ਬੀਬੀਆਂ ਮੇਰੇ ਵੱਲ ਇਉਂ ਦੇਖ ਰਹੀਆਂ ਸਨ ਜਿਵੇਂ ਕੁਝ ਕਹਿਣਾ ਚਾਹੁੰਦੀਆਂ ਹੋਣ। ਮੈਂ ਨੀਰੂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿ ਏਥੇ ਈ ਕਿਤੇ ਨੇੜੇ-ਤੇੜੇ ਹੋਵੇਗੀ। ਇੱਕ ਬੀਬੀ ਕਹਿੰਦੀ, “ਸਰ ਫ਼ੋਟੋ ਕਰਵਾਣਾ ਚਾਹੁੰਦੀਆਂ।” ਜ਼ਰੂਰ, ਮੈਂ ਕਿਹਾ ਪਰ ਮੇਰੀ ਵਾਈਫ਼ ਨੂੰ ਆ ਲੈਣ ਦਿਉ। ਦੂਜੀ ਝੱਟ ਜਾ ਕੇ ਲੈ ਆਉਂਦੀ ਹੈ। ਉਹਨੂੰ ਪਤਾ ਸੀ ਕਿ ਉਹ ਕਿੱਥੇ ਖੜ੍ਹੀ ਹੈ। ਕਹਿੰਦੀਆਂ, “ਬਹੁਤ ਘੱਟ ਲੋਕ (ਸਰਦਾਰ) ਹਨ, ਜੋ ਐਹੋ ਜਿਹੀਆਂ ਥਾਵਾਂ ’ਤੇ ਆਉਂਦੇ ਹਨ।” ਮੈਂ ਉਨ੍ਹਾਂ ਦਾ ਇਸ਼ਾਰਾ ਸਮਝ ਗਿਆ ਕਿ ਸਾਡੇ ਬਹੁਤੇ ਲੋਕ ਤਾਂ ਗੁਰੂਘਰਾਂ ਵਿੱਚ ਮੱਥਾ ਟੇਕਣ ਜਾਂ ਖ਼ਰੀਦੋ-ਫ਼ਰੋਖ਼ਤ ਕਰਨ ਹੀ ਆਉਂਦੇ ਹਨ। ਉਨ੍ਹਾਂ ਤੋਂ ਵਿਦਾਅ ਹੋਏ ਤੇ ਅੱਗੇ ਇੱਕ ਮੌਲ ਵਿੱਚੋਂ ਕੁਝ ਨਿੱਕੀਆਂ-ਨਿੱਕੀਆਂ ਚੀਜ਼ਾਂ ਲੈਣ ਲਈ ਰੁਕੇ। ਇਹ ਗੁੱਲਬਰਗ ਦਾ ਇਕ ਮੌਲ ਹੈ। ਦੋ ਮੰਜ਼ਿਲਾ, ਐਲੀਵੇਟਰ ਲੱਗੇ ਹੋਏ ਹਨ, ਸਾਫ਼ ਸੁਥਰਾ, ਅਮੈਰਿਕਾ ਦਾ ਭੁਲੇਖਾ ਪਾ ਰਿਹਾ। ਚੈਕ ਆਊਟ (ਪੈਸੇ ਦੇਣ ਲਈ) ਕੋਲ ਜਾਂਦੇ ਹਾਂ ਤਾਂ ਨੌਜਵਾਨ ਮੈਨੇਜਰ ਤੇ ਉਹਦੇ ਦੋ-ਤਿੰਨ ਹੋਰ ਮੁਲਾਜ਼ਮ ਸਾਡੇ ਮੋਹਰੇ ਖੜ੍ਹ ਜਾਂਦੇ ਹਨ। ਹੱਥਾਂ ਵਿੱਚ ਕੁਝ ਫੜਿਆ ਹੋਇਆ ਹੈ। ‘ਸਾਸਰੀਕਾਲ ਸਰਦਾਰ ਜੀ!’ ਅਸੀਂ ਕਹਿੰਦੇ ਆਂ, ‘ਅਸਲਾਮਾ ਲੇਕਮ ਜੀ!’ ‘ਜੀ ਪਲੀਜ਼ ਆਹ ਡਰਿੰਕ ਜ਼ਰੂਰ ਪੀਵੋ ਤੇ ਅਸੀਂ ਤੁਹਾਥੋਂ ਕੋਈ ਪੈਸਾ ਨਹੀਂ ਲੈਣਾ।’ ਮੇਰੀਆਂ ਅੱਖਾਂ ਨਮ ਹੋ ਗਈਆਂ, ਸ਼ੁਕਰੀਆ ਵੀ ਨਾ ਬੋਲਿਆ ਗਿਆ।

Leave a Reply

Your email address will not be published. Required fields are marked *