ਧਰਤੀ ਵਾਸੀਆਂ ਲਈ ਵਰਦਾਨ ਵੀ ਹਨ ‘ਜਵਾਲਾਮੁਖੀ’

ਆਮ-ਖਾਸ

ਅਸ਼ਵਨੀ ਚਤਰਥ, ਬਟਾਲਾ
ਫੋਨ:+91-6284220595
ਸੰਸਾਰ ਭਰ ਵਿੱਚ ਕਿਸੇ ਨਾ ਕਿਸੇ ਥਾਂ ਉੱਤੇ ਜਵਾਲਾਮੁਖੀਆਂ ਦੇ ਫੁੱਟਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਅਜਿਹੇ ਹਾਦਸੇ ਵੀ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਵਿੱਚ ਜਵਾਲਾਮੁਖੀਆਂ ਵਿੱਚੋਂ ਨਿਕਲਦਾ ਗਰਮ ਲਾਵਾ ਆਬਾਦੀ ਵਾਲੇ ਇਲਾਕਿਆਂ ਵਿੱਚ ਪਹੁੰਚ ਕੇ ਜਾਨੀ ਅਤੇ ਮਾਲੀ ਨੁਕਸਾਨ ਕਰਦਾ ਹੈ।

ਅਸਲ ਵਿੱਚ ਜਵਾਲਾਮੁਖੀਆਂ ਦੇ ਫੁੱਟਣ ਦਾ ਇਤਿਹਾਸ ਕਰੋੜਾਂ ਸਾਲ ਪੁਰਾਣਾ ਹੈ, ਪਰ ਜੇਕਰ ਪਿਛਲੇ ਦੋ ਕੁ ਸੌ ਸਾਲ ਪਰਾਣੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸੰਨ 1815 ਵਿੱਚ ਇੰਡੋਨੇਸ਼ੀਆ ਦੇ ‘ਸੰਭਾਵਾ’ ਅਤੇ ‘ਤੰਬੋਰਾ ਟਾਪੂੂਆਂ’ ਵਿੱਚ ਫੁੱਟੇ ਜਵਾਲਾਮੁਖੀਆਂ ਵਿੱਚ ਲੱਖਾਂ ਲੋਕਾਂ ਦੀ ਮੌਤ ਹੋਈ ਸੀ ਅਤੇ ਵੱਡੇ ਪੱਧਰ ਦਾ ਮਾਲੀ ਨੁਕਸਾਨ ਵੀ ਹੋਇਆ ਸੀ। 27 ਅਗਸਤ 1883 ਨੂੂੰ ‘ਕਰਾਕਾਟੋਆ ਟਾਪੂ’ ਵਿਖੇ ਉੱਠੇ ਜਵਾਲਾਮੁਖੀ ਵਿੱਚ ਵੀ ਛੱਤੀ ਹਜ਼ਾਰ ਦੇ ਕਰੀਬ ਲੋਕਾਂ ਦੀ ਜਾਨ ਗਈ ਸੀ। ਜਵਾਲਾਮੁਖੀਆਂ ਦੀ ਭਿਆਨਕਤਾ ਦਾ ਪਤਾ ਮਈ 1902 ਦੀ ਘਟਨਾ ਤੋਂ ਲੱਗਦਾ ਹੈ, ਜਿਸ ਵਿੱਚ ਵੈੱਸਟ ਇੰਡੀਜ਼ ਦੇ ‘ਮਾਰਟੀਨੀਕ ਟਾਪੂੂ’ ਵਿੱਚ ਫੁੱਟੇ ‘ਮਾਊਂਟ ਪੇਲੇ’ ਨਾਂ ਦੇ ਜਵਾਲਾਮੁਖੀ ਨੇ ਸੈਂਟ-ਪੀਅਰ ਨਾਂ ਦਾ ਪੂਰਾ ਸ਼ਹਿਰ ਹੀ ਤਬਾਹ ਕਰ ਦਿੱਤਾ ਸੀ। ਸੰਨ 1980 ਵਿੱਚ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਨੇੜੇ ‘ਮਾਊਂਟ ਹੈਲਨਸ’ ਨਾਂ ਦੀ ਪਹਾੜੀ ਚੋਟੀ ਉੱਤੇ ਫੁੱਟੇ ਜਵਾਲਾਮੁਖੀ ਨੇ 57 ਲੋਕਾਂ ਦੀ ਜਾਨ ਲੈ ਲਈ ਸੀ ਅਤੇ ਸਾਲ 1985 ਵਿੱਚ ਕੋਲੰਬੀਆ ਦੇ ‘ਐਂਡੀਸ’ ਪਹਾੜੀਆਂ ਵਿੱਚ ਲਾਵਾ ਫੁੱਟਣ ਨਾਲ 23 ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਸਨ ਅਤੇ 5000 ਦੇ ਕਰੀਬ ਘਰਾਂ ਦੀ ਤਬਾਹੀ ਵੀ ਹੋਈ ਸੀ।
ਲਾਵਾ ਫੁੱਟਣ ਦੀ ਇੱਕ ਹੋਰ ਘਟਨਾ ਸਪੇਨ ਦੇ ‘ਲਾ-ਪਾਲਮਾ’ ਦੀ ਹੈ, ਜਿੱਥੇ 19 ਸਤੰਬਰ 2021 ਨੂੰ ਫੁੱਟੇ ਜਵਾਲਾਮੁਖੀ ਨੇ 2600 ਦੇ ਕਰੀਬ ਇਮਾਰਤਾਂ ਦਾ ਨੁਕਸਾਨ ਕਰ ਦਿੱਤਾ ਸੀ ਅਤੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਸੀ। ਜਵਾਲਾਮੁਖੀ ਫੁੱਟਣ ਦੀ ਇੱਕ ਘਟਨਾ ਆਈਸਲੈਂਡ ਦੇ ‘ਰਿਕਜੇਨਸ ਪਰਾਇਦੀਪ’ ਦੀ ਵੀ ਹੈ, ਜਦੋਂ 8 ਫ਼ਰਵਰੀ 2024 ਨੂੰ ਫੁੱਟੇ ਜਵਾਲਾਮੁਖੀ ਦੌਰਾਨ ਸੰਤਰੀ ਰੰਗ ਦਾ ਲਾਵਾ 80 ਮੀਟਰ ਹਵਾ ਵਿੱਚ ਉਡਦਾ ਵੇਖਿਆ ਗਿਆ ਸੀ। ਇਸ ਘਟਨਾ ਨੇ ਸਰਦੀ ਦੇ ਮੌਸਮ ਵਿੱਚ ਕੀਤੀ ਜਾਂਦੀ ਗਰਮ ਪਾਣੀ ਦੀ ਪੂਰਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਇਸ ਇਲਾਕੇ ਵਿੱਚ ਲਾਵਾ ਫੁੱਟਣ ਦੀ ਦੋ ਮਹੀਨਿਆਂ ਦੌਰਾਨ ਇਹ ਤੀਜੀ ਘਟਨਾ ਸੀ।
ਈਥੋਪੀਆ ਦੇ ਅਫਾਰ ਇਲਾਕੇ ਵਿੱਚ 23 ਨਵੰਬਰ 2025 ਦੇ ਜਵਾਲਾਮੁਖੀ ਦੇ ਫੱਟਣ ਦੀ ਘਟਨਾ ਨੇ ਇਸ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ, ਕਿਉਂਕਿ ਇਹ ਘਟਨਾ ਕਰੀਬ ਦਸ ਹਜ਼ਾਰ ਸਾਲ ਬਾਅਦ ਵਾਪਰੀ ਸੀ। ਇਸ ’ਚੋਂ ਨਿਕਲੇ ਗੈਸਾਂ ਅਤੇ ਕਾਲਖ ਦੇ ਬੱਦਲ ਅਸਮਾਨ ਵਿੱਚ 14 ਕਿਲੋਮੀਟਰ ਤੱਕ ਉੱਚੇ ਪਹੁੰਚ ਗਏ ਸਨ। ਹਾਇਲੀ ਗੂਬੀ ਨਾਂ ਦੇ ਜਵਾਲਾਮੁਖੀ ’ਚੋਂ ਨਿਕਲੇ ਲਾਵੇ ਨੇ ਅਕਾਸ਼ ਵਿੱਚ 53,000 ਵਰਗ ਕਿਲੋਮੀਟਰ ਖੇਤਰ ਵਿੱਚ ਸਲਫਰ ਡਾਈਆਕਸਾਈਡ ਗੈਸ ਅਤੇ ਕਾਲਖ ਦੇ ਬਦਲ ਬਣਾ ਦਿੱਤੇ ਸਨ, ਜਿਨ੍ਹਾਂ ਦਾ ਪ੍ਰਭਾਵ ਅਗਲੇ ਦਿਨਾਂ ਵਿਚ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੀ ਵੇਖਿਆ ਗਿਆ ਸੀ।
ਉਕਤ ਸਾਰੇ ਵਿਨਾਸ਼ਕਾਰੀ ਪ੍ਰਭਾਵਾਂ ਦੇ ਬਾਵਜੂਦ ਜਵਾਲਾਮੁਖੀਆਂ ਨੇ ਧਰਤੀ ਉੱਤੇ ਜੀਵਨ ਦੀ ਉਤਪਤੀ ਅਤੇ ਇਸ ਉੱਤੇ ਰਹਿੰਦੇ ਜੀਵਾਂ ਦੀਆਂ ਜੀਵਨ ਕਿਰਿਆਵਾਂ ਨੂੰ ਚਾਲੂ ਰੱਖਣ ਵਿੱਚ ਵੱਡੀ ਅਤੇ ਅਹਿਮ ਭੂਮਿਕਾ ਨਿਭਾਈ ਹੈ। ਇਹ ਗੱਲ ਵਿਗਿਆਨਕ ਖੋਜਾਂ ਨੇ ਵੀ ਸਿੱਧ ਕੀਤੀ ਹੈ। ਮੀਡੀਆ ਉੱਤੇ ਵਿਖਾਏ ਜਾਂਦੇ ਦ੍ਰਿਸ਼ਾਂ ਦੇ ਆਧਾਰ ਉੱਤੇ ਆਮ ਲੋਕਾਂ ਵਿੱਚ ਜਵਾਲਾਮੁਖੀਆਂ ਦੀ ਧਾਰਨਾ ਨੁਕਸਾਨ ਕਰਨ ਵਾਲੇ ਇੱਕ ਦੈਂਤ ਦੀ ਨਿਆਈਂ ਬਣੀ ਹੋਈ ਹੈ, ਜਦ ਕਿ ਸੱਚਾਈ ਇਸ ਤੋਂ ਬਿਲਕੁਲ ਵੱਖਰੀ ਹੈ। ਅਸਲ ਵਿੱਚ ਜਵਾਲਾਮੁਖੀਆਂ ਨੇ ਮਨੁੱਖਾਂ ਅਤੇ ਹੋਰ ਜੀਵਾਂ ਦੇ ਜਿਊਂਦੇ ਰਹਿਣ ਅਤੇ ਵਧਣ-ਫੁੱਲਣ ਲਈ ਵੱਡੀ ਭੂਮਿਕਾ ਨਿਭਾਈ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਪੁਰਾਣੇ ਸਮੇਂ ਵਿੱਚ ਫੁੱਟਦੇ ਰਹੇ ਜਵਾਲਾਮੁਖੀਆਂ ਨੇ ਧਰਤੀ ਉੱਤੇ ਨਵੀਂ ਜ਼ਮੀਨ ਦਾ ਨਿਰਮਾਣ ਵੀ ਕੀਤਾ ਸੀ, ਜੋ ਕਿ ਹੋਰ ਕਿਸੇ ਵੀ ਕੁਦਰਤੀ ਜਾਂ ਗੈਰ-ਕੁਦਰਤੀ ਵਰਤਾਰੇ ਵੱਲੋਂ ਕਰਨਾ ਅਸੰਭਵ ਕੰਮ ਹੈ। ਇਸ ਦੀ ਇੱਕ ਮੌਜੂਦਾ ਅਤੇ ਵੱਡੀ ਉਦਾਹਰਨ ਅਮਰੀਕੀ ਸਟੇਟ ‘ਹਵਾਈ’ ਦੀ ਹੈ। ਅਨੇਕਾਂ ਟਾਪੂਆਂ ਤੋਂ ਬਣੇ ਇਸ ਪ੍ਰਦੇਸ਼ ਦੀ ਤਕਰੀਬਨ ਸਾਰੀ ਜ਼ਮੀਨ ਜਵਾਲਾਮੁਖੀਆਂ ਵਿੱਚੋਂ ਨਿਕਲੇ ਲਾਵੇ ਦੇ ਸਮੁੰਦਰ ਵਿੱਚ ਡਿੱਗਣ ਨਾਲ ਬਣੀ ਸੀ।
ਜਵਾਲਾਮੁਖੀਆਂ ਦੇ ਫੁੱਟਣ ਦਾ ਇੱਕ ਹੋਰ ਫ਼ਾਇਦਾ ਇਹ ਵੀ ਹੈ ਕਿ ਇਹ ਆਪਣੇ ਨੇੜੇ-ਤੇੜੇ ਦੀ ਜ਼ਮੀਨ ਨੂੰ ਉਪਜਾਊ ਬਣਾਉਂਦੇ ਹਨ। ਵੱਖ-ਵੱਖ ਸਮਿਆਂ `ਤੇ ਫੁੱਟਦੇ ਜਵਾਲਾਮੁਖੀਆਂ ਦੇ ਨਾਲ ਨਿਕਲਦੇ ਖਣਿਜ ਪਦਾਰਥਾਂ ਦੀ ਸਹਾਇਤਾ ਨਾਲ ਜਪਾਨ, ਇੰਡੋਨੇਸ਼ੀਆ ਅਤੇ ਫ਼ਿਲੀਪੀਨਜ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਹਜ਼ਾਰਾਂ ਵਰਗ ਕਿਲੋਮੀਟਰ ਜ਼ਮੀਨ ਨੂੰ ਉਪਜਾਊ ਬਣਾਉਣ ਦੀਆਂ ਘਟਨਾਵਾਂ ਇਸ ਦੀਆਂ ਜਿਊਂਦੀਆਂ-ਜਾਗਦੀਆਂ ਉਦਾਹਰਨਾਂ ਹਨ। ਵਿਸ਼ਵ ਪ੍ਰਸਿੱਧ ਭੂ-ਵਿਗਿਆਨੀ ਡਾ. ਟਰੇਸੀ ਗਰੇਗ ਅਨੁਸਾਰ ਜਵਾਲਾਮੁਖੀਆਂ ਤੋਂ ਨਿਕਲਦਾ ਲਾਵਾ ਸਲਫਰ, ਤਾਂਬਾ, ਸਿਲੀਕਾਨ, ਐਲਮੀਨੀਅਮ, ਲੋਹਾ, ਮੈਗਨੀਸ਼ੀਅਮ ਅਤੇ ਫਾਸਫੋਰਸ ਜਿਹੇ ਖਣਿਜ ਪਦਾਰਥ ਪ੍ਰਦਾਨ ਕਰਨ ਦੇ ਨਾਲ-ਨਾਲ ਸੀਮੇਂਟ ਤਿਆਰ ਕਰਨ ਵਾਲੇ ਕੱਚੇ ਪਦਾਰਥ ਵੀ ਮੁਹੱਈਆ ਕਰਾਉਂਦਾ ਹੈ। ਵਿਗਿਆਨਕ ਖੋਜਾਂ ਨੇ ਸਿੱਧ ਕਰ ਦਿੱਤਾ ਹੈ ਕਿ ਕਰੋੜਾਂ ਸਾਲ ਪਹਿਲਾਂ ਫੁੱਟੇ ਜਵਾਲਾਮੁਖੀਆਂ ਨੇ ਹੀ ਧਰਤੀ ਦਾ ਵਾਯੂਮੰਡਲ ਤਿਆਰ ਕੀਤਾ ਸੀ। ਡਾ. ਗਰੇਗ ਦਾ ਮੰਨਣਾ ਹੈ ਕਿ ਜਵਾਲਾਮੁਖੀਆਂ ਤੋਂ ਨਿਕਲੀਆਂ ਗੈਸਾਂ ਨੇ ਧਰਤੀ ਦੇ ਤਾਪਮਾਨ ਨੂੰ ਠੰਡਾ ਰੱਖਣ ਵਿੱਚ ਮਹੱਤਵਪੂੂਰਨ ਭੂਮਿਕਾ ਨਿਭਾਈ ਸੀ।
ਜਵਾਲਾਮੁਖੀਆਂ ਦੀ ਸਭ ਤੋਂ ਵੱਡੀ ਭੂਮਿਕਾ ਧਰਤੀ ਉੱਤੇ ਪਾਣੀ ਦਾ ਨਿਰਮਾਣ ਕਰਨ ਦੀ ਹੈ। ‘ਕੰਕਾਰਡ’ ਯੂਨੀਵਰਸਿਟੀ ਦੇ ਉੱਘੇ ਵਿਗਿਆਨੀ ਜੈਨਿਨ ਕਰਿੱਪਨਰ ਦਾ ਕਹਿਣਾ ਹੈ ਕਿ ਜਵਾਲਾਮੁਖੀ ਦੇ ਫੁੱਟਣ ਨਾਲ ਧਰਤੀ ਵਿੱਚੋਂ ਨਿਕਲੇ ਲਾਵੇ ਨਾਲ ਜਲ-ਵਾਸ਼ਪ ਧਰਤੀ ਉੱਤੇ ਆਏ ਸਨ, ਜਿਸ ਨਾਲ ਧਰਤੀ ਉੱਤੇ ਪਾਣੀ ਦੇ ਸੋਮੇ ਪੈਦਾ ਹੋਏ ਸਨ। ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਧਰਤੀ ਉੱਤੇ ਜੀਵਨ ਦੀ ਉਤਪਤੀ ਪਾਣੀ ਵਿੱਚ ਹੀ ਹੋਈ ਸੀ ਅਤੇ ਸਮੂਹ ਜੀਵਾਂ ਲਈ ਜਲ ਹਰ ਵਕਤ ਜਿਊੁਂਦੇ ਰਹਿਣ ਲਈ ਜ਼ਰੂਰੀ ਵੀ ਹੈ। ਇਸ ਪ੍ਰਕਾਰ ਧਰਤੀ ਉੱਤੇ ਜੀਵਨ ਪੈਦਾ ਕਰਨ ਅਤੇ ਜੀਵਨ ਦੀ ਪ੍ਰਕਿਰਿਆ ਨਿਰੰਤਰ ਚੱਲਦੇ ਰਹਿਣ ਵਿੱਚ ਜਵਾਲਾਮੁਖੀਆਂ ਦੀ ਵੱਡੀ ਭੂਮਿਕਾ ਸਿੱਧ ਹੁੰਦੀ ਹੈ।
ਭੂ–ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਉੱਤੇ ਫੁੱਟਦੇ ਕੁੱਲ ਜਵਾਲਾਮੁਖੀਆਂ ਵਿੱਚੋਂ 80 ਫ਼ੀਸਦ ਦੇ ਕਰੀਬ ਜਵਾਲਾਮੁਖੀ ਸਮੁੰਦਰਾਂ ਵਿੱਚ ਅਤੇ 20 ਫ਼ੀਸਦ ਜ਼ਮੀਨ ਉੱਤੇ ਫੁੱਟਦੇ ਹਨ। ਇੱਕ ਅਨੁਮਾਨ ਅਨੁਸਾਰ ਧਰਤੀ ਦੇ ਜ਼ਮੀਨੀ ਇਲਾਕੇ ਵਿੱਚ 1500 ਦੇ ਕਰੀਬ ਸਰਗਰਮ ਜਵਾਲਾਮੁਖੀ ਮੌਜੂਦ ਹਨ, ਜੋ ਵੱਖ-ਵੱਖ ਸਮਿਆਂ ਉੱਤੇ ਫੁੱਟ ਕੇ ਆਪਣੇ ਵਿੱਚੋਂ ਲਾਵਾ ਛੱਡਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ 900 ਦੇ ਕਰੀਬ ਜਵਾਲਾਮੁਖੀ ਤਾਂ ਪ੍ਰਸ਼ਾਂਤ ਮਹਾਂਸਾਗਰ ਦੁਆਲੇ ਘੋੜੇ ਦੇ ਖੁਰ ਵਰਗੀ ਇੱਕ ਪੱਟੀ ਵਿੱਚ ਹੀ ਮੌਜੂਦ ਹਨ। 40,000 ਕਿਲੋਮੀਟਰ ਲੰਮੀ ਇਸ ਪੱਟੀ ਨੂੰ ‘ਅੱਗ ਦਾ ਛੱਲਾ’ (ਦਿ ਰਿੰਗ ਆਫ਼ ਫ਼ਾਇਰ) ਆਖਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਕੱਲੇ ਅਮਰੀਕਾ ਵਿੱਚ ਹੀ 160 ਦੇ ਕਰੀਬ ਸਰਗਰਮ ਜਵਾਲਾਮੁਖੀ ਮੌਜੂਦ ਹਨ। ਇੱਕ ਅਨੁਮਾਨ ਅਨੁਸਾਰ ਸੰਸਾਰ ਭਰ ਵਿੱਚ ਹਰ ਮਹੀਨੇ 60 ਦੇ ਕਰੀਬ ਛੋਟੇ-ਵੱਡੇ ਜਵਾਲਾਮੁਖੀ ਫੁੱਟਦੇ ਰਹਿੰਦੇ ਹਨ। ਵਿਗਿਆਨੀਆਂ ਵੱਲੋਂ ਪ੍ਰਯੋਗਾਂ ਦੇ ਆਧਾਰ `ਤੇ ਜਵਾਲਾਮੁਖੀ ਫੁੱਟਣ ਦੇ ਅਨੇਕਾਂ ਕਾਰਨ ਦੱਸੇ ਗਏ ਹਨ। ਉਨ੍ਹਾਂ ਅਨੁਸਾਰ ਟੈੱਕਟਾਨਕ ਪਲੇਟਾਂ, ਜੋ ਕਿ ਧਰਤੀ ਦੀ ਉੱਪਰਲੀ ਪਰਤ ਭਾਵ ਪੇਪੜੀ ਬਣਾਉਂਦੀਆਂ ਹਨ, ਦੇ ਖਿਸਕਣ ਕਾਰਨ ਲਾਵਾ ਧਰਤੀ ਵਿੱਚੋਂ ਵੱਡੇ ਦਬਾਅ ਨਾਲ ਬਾਹਰ ਨਿਕਲਦਾ ਹੈ। ਵਿਗਿਆਨੀ ਲਾਵਾ ਫੁੱਟਣ ਦਾ ਇੱਕ ਹੋਰ ਕਾਰਨ ਵੀ ਦੱਸਦੇ ਹਨ। ਧਰਤੀ ਦੀ ਪੇਪੜੀ ਹੇਠ ਉੱਬਲਦੇ ਹੋਏ ਲਾਵੇ ਦਾ ਕੁਦਰਤੀ ਦਬਾਅ ਵੀ ਧਰਤੀ ਦੀ ਪੇਪੜੀ ਨੂੰ ਤੋੜ ਕੇ ਜਵਾਲਾਮੁਖੀ ਫੁੱਟਣ ਦਾ ਕਾਰਨ ਬਣਦਾ ਹੈ।
ਸ਼ਕਲ ਦੇ ਆਧਾਰ `ਤੇ ਜਵਾਲਾਮੁਖੀ ਤਿੰਨ ਮੁੱਖ ਕਿਸਮਾਂ ਦੇ ਹੁੰਦੇ ਹਨ। ਸ਼ੀਲਡ ਜਾਂ ਚੌੜੀਆਂ ਚੱਟਾਨਾਂ ਦਾ ਨਿਰਮਾਣ ਕਰਨ ਵਾਲੇ ਉਹ ਜਵਾਲਾਮੁਖੀ ਹਨ, ਜਿਨ੍ਹਾਂ ਦਾ ਲਾਵਾ ਹੌਲੀ ਹੌਲੀ ਬਾਹਰ ਨਿਕਲਦਾ ਹੈ ਅਤੇ ਗੋਲ-ਗੁਬੰਦ ਆਕਾਰ ਤੇ ਚੌੜੀਆਂ ਚੱਟਾਨਾਂ ਬਣਾਉਂਦਾ ਹੈ। ਅਜਿਹੇ ਜਵਾਲਾਮੁਖੀ ਫੁੱਟਣ ਸਮੇਂ ਲੋਕਾਂ ਨੂੰ ਭੱਜ ਕੇ ਬਚਣ ਦਾ ਮੌਕਾ ਮਿਲ ਜਾਂਦਾ ਹੈ। ਦੂਜੀ ਤਰ੍ਹਾਂ ਦੇ ਉਹ ਜਵਾਲਾਮੁਖੀ ਹਨ, ਜੋ ਕੋਣੀ ਜਾਂ ਸ਼ੰਕੂ ਨੁਮਾ ਚੱਟਾਨਾਂ ਦਾ ਨਿਰਮਾਣ ਕਰਦੇ ਹਨ। ਇਨ੍ਹਾਂ ਵਿੱਚੋਂ ਵਿਸਫੋਟ ਨਾਲ ਨਿਕਲਦਾ ਹੋਇਆ ਲਾਵਾ ਲੋਕਾਂ ਨੂੰ ਦੌੜ ਕੇ ਬਚਣ ਦਾ ਮੌਕਾ ਨਹੀਂ ਦਿੰਦਾ। ਤੀਸਰੇ ਕਿਸਮ ਦੇ ਜਵਾਲਾਮੁਖੀ ਵਿੱਚ ਲਾਵਾ ਕਾਫ਼ੀ ਗਾੜ੍ਹਾ ਹੁੰਦਾ ਹੈ, ਜੋ ਬਾਹਰ ਨਿਕਲ ਕੇ ਗੋਲ ਅਤੇ ਕੜਾਹੀ ਵਰਗੀ ਚੱਟਾਨ ਦਾ ਨਿਰਮਾਣ ਕਰਦਾ ਹੈ, ਜਿਸ ਦੇ ਕੇਂਦਰ ਵਿੱਚ ਵੱਡਾ ਡੂੰਘ ਜਾਂ ਖੱਡਾ ਹੁੰਦਾ ਹੈ।

Leave a Reply

Your email address will not be published. Required fields are marked *