ਲੋਹੜੀ: ਬਗਾਵਤ ਅਤੇ ਬਹਾਦਰੀ ਦੀ ਸਾਂਝੀ ਵਿਰਾਸਤ

ਆਮ-ਖਾਸ

ਸਵੈਮਾਣ ਦੀ ਅੱਗ, ਜਿਸ ਨੂੰ ਵਕਤ ਦੇ ਤੂਫਾਨ ਵੀ ਬੁਝਾਅ ਨਹੀਂ ਸਕੇ
ਪੰਕਜ ਸ਼ਰਮਾ/ਸੁਸ਼ੀਲ ਕੁਮਾਰ
ਪੰਜਾਬ ਦਾ ਸਮਾਜੀ ਢਾਂਚਾ ਸਾਂਝੇ ਪਰਿਵਾਰਾਂ ਅਤੇ ਬਜ਼ੁਰਗਾਂ ਦੇ ਆਸ਼ੀਰਵਾਦ ’ਤੇ ਟਿਕਿਆ ਹੋਇਆ ਹੈ। ਲੋਹੜੀ ਦੇ ਮੌਕੇ ਘਰ ਦੀਆਂ ਨੂੰਹਾਂ ਸੱਸ-ਸਹੁਰੇ ਅਤੇ ਹੋਰ ਬਜ਼ੁਰਗਾਂ ਨੂੰ ਲੋਈ, ਸ਼ਾਲ ਜਾਂ ਗਰਮ ਕੱਪੜੇ ਭੇਟ ਕਰਦੀਆਂ ਹਨ। ਇਹ ਰੀਤ ਪੀੜ੍ਹੀਆਂ ਵਿਚਾਲੇ ਇੱਜ਼ਤ, ਸ਼ੁਕਰਾਨੇ ਅਤੇ ਪਿਆਰ ਦਾ ਪੁਲ ਹੈ। ਗੱਲ ਸਾਫ ਹੈ- ਜਿੱਥੇ ਬਜ਼ੁਰਗਾਂ ਦਾ ਮਾਣ ਹੁੰਦਾ ਹੈ, ਉੱਥੇ ਖੁਸ਼ਹਾਲੀ ਵੱਸਦੀ ਹੈ।

ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰ ਦੇ ਵਿਹੜੇ ਵਿੱਚ ਬਲਦੀ ਲੋਹੜੀ ਸਿਰਫ਼ ਲੱਕੜਾਂ ਦੀ ਅੱਗ ਨਹੀਂ ਹੈ। ਇਹ ਉਸ ਸਮਾਜਕ ਜਾਗਰੂਕਤਾ ਦਾ ਜੀਵੰਤ ਚਿੰਨ੍ਹ ਹੈ, ਜਿਸ ਵਿੱਚ ਬਹਾਦਰੀ, ਬਗ਼ਾਵਤ, ਕਿਸਾਨ ਦਾ ਸੰਘਰਸ਼ ਅਤੇ ਬਜ਼ੁਰਗਾਂ ਪ੍ਰਤੀ ਇੱਜ਼ਤ ਦੀ ਲੋਅ ਸਦੀਆਂ ਤੋਂ ਬਲਦੀ ਆ ਰਹੀ ਹੈ।
ਲੋਹੜੀ ਦੀ ਅੱਗ ਵਿੱਚ ਪੰਜਾਬ ਦਾ ਇਤਿਹਾਸ, ਲੋਕ-ਰੀਤਾਂ ਅਤੇ ਜੀਵਨ ਮੁੱਲ ਸਭ ਇਕੱਠੇ ਹੋ ਜਾਂਦੇ ਹਨ। ਇਸ ਲਈ ਇਹ ਤਿਉਹਾਰ ਸਿਰਫ਼ ਜਸ਼ਨ ਨਹੀਂ, ਸਗੋਂ ਸੰਸਕਾਰਾਂ ਦੀ ਵਿਰਾਸਤ ਬਣ ਗਿਆ ਹੈ।
ਲੋਹੜੀ ਦਾ ਤਿਉਹਾਰ ਲੋਕ ਗੀਤ ‘ਸੁੰਦਰ-ਮੁੰਦਰੀਏ’ ਤੋਂ ਬਿਨਾ ਅਧੂਰਾ ਹੈ। ਇਹ ਗੀਤ ਸਿਰਫ਼ ਇਕੱਠੇ ਗਾਉਣ ਵਾਲਾ ਨਹੀਂ, ਸਗੋਂ ਮੁਗਲ ਕਾਲ ਵਿੱਚ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦੇ ਵਿਦਰੋਹ ਅਤੇ ਔਰਤਾਂ ਪ੍ਰਤੀ ਇੱਜ਼ਤ ਦੀ ਕਹਾਣੀ ਹੈ। ਉਸ ਵੇਲੇ ਜਦੋਂ ਗਰੀਬ ਘਰਾਂ ਦੀਆਂ ਧੀਆਂ ਨੂੰ ਜ਼ਬਰਦਸਤੀ ਗੁਲਾਮ ਬਣਾਇਆ ਜਾਂਦਾ ਸੀ, ਦੁੱਲਾ ਭੱਟੀ ਨੇ ਨਾ ਸਿਰਫ਼ ਉਨ੍ਹਾਂ ਨੂੰ ਆਜ਼ਾਦ ਕੀਤਾ, ਸਗੋਂ ਪਿਤਾ ਬਣ ਕੇ ਉਨ੍ਹਾਂ ਦਾ ਕੰਨਿਆਦਾਨ ਵੀ ਕੀਤਾ। ਇਸ ਲਈ ਲੋਕ ਗੀਤਾਂ ਵਿੱਚ ਅੱਜ ਵੀ ਉਨ੍ਹਾਂ ਦਾ ਨਾਂ ਇੱਜ਼ਤ ਨਾਲ ਲਿਆ ਜਾਂਦਾ ਹੈ। ਇਹ ਗੀਤ ਯਾਦ ਕਰਵਾਉਂਦਾ ਹੈ ਕਿ ਪੰਜਾਬ ਦੀ ਧਰਤੀ ਵਿੱਚ ਅਨਿਆਂ ਵਿਰੁੱਧ ਖੜ੍ਹੇ ਹੋਣ ਦਾ ਹੌਸਲਾ ਵੱਸਿਆ ਹੋਇਆ ਹੈ।
ਬਦਲਦੀ ਸੋਚ: ਧੀਆਂ ਦੀ ਲੋਹੜੀ
ਪਹਿਲਾਂ ਲੋਹੜੀ ਨੂੰ ਸਿਰਫ਼ ਪੁੱਤਰ ਪ੍ਰਾਪਤੀ ਨਾਲ ਜੋੜ ਕੇ ਵੇਖਿਆ ਜਾਂਦਾ ਸੀ, ਪਰ ਵਕਤ ਦੇ ਨਾਲ ਸਮਾਜ ਦੀ ਸੋਚ ਵਿੱਚ ਬਦਲਾਅ ਆਇਆ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੀ ਭਾਵਨਾ ਹੁਣ ਤਿਉਹਾਰਾਂ ਦੀਆਂ ਰੀਤਾਂ ਵਿੱਚ ਵੀ ਦਿਖਣ ਲੱਗ ਪਈ ਹੈ। ਅੱਜ ਬਹੁਤ ਸਾਰੇ ਘਰਾਂ ਵਿੱਚ ਧੀਆਂ ਦੀ ਲੋਹੜੀ ਵੀ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਲੋਕ ਗੀਤਾਂ ਦੇ ਬੋਲਾਂ ਵਿੱਚ ਵੀ ਬਦਲਾਅ ਹੈ, ਹੁਣ ਮੁੰਡੇ ਨਾਲ ਧੀ ਦੀ ਵੀ ਲੰਮੀ ਉਮਰ ਅਤੇ ਚਮਕਦਾ ਭਵਿੱਖ ਮੰਗਿਆ ਜਾਂਦਾ ਹੈ। ਹਾਲਾਂਕਿ ਇਹ ਬਦਲਾਅ ਅਜੇ ਸਭ ਵਰਗਾਂ ਤੱਕ ਪੂਰਾ ਨਹੀਂ ਪਹੁੰਚਿਆ, ਪਰ ਇਹ ਸੰਕੇਤ ਹੈ ਕਿ ਸਮਾਜ ਅੱਗੇ ਵਧ ਰਿਹਾ ਹੈ।
ਕਿਸਾਨ ਅਤੇ ਕੁਦਰਤ ਦਾ ਤਿਉਹਾਰ
ਲੋਹੜੀ ਦਾ ਸਿੱਧਾ ਰਿਸ਼ਤਾ ਕਿਸਾਨ ਅਤੇ ਉਸ ਦੀ ਫਸਲ ਨਾਲ ਹੈ। ਮਾਘੀ ਆਉਣ ਤੋਂ ਪਹਿਲਾਂ ਮਨਾਇਆ ਜਾਂਦਾ ਇਹ ਤਿਉਹਾਰ ਸਾਉਣੀ ਦੀ ਫਸਲ ਨਾਲ ਜੁੜਿਆ ਹੈ। ਅੱਗ ਵਿੱਚ ਤਿਲ, ਗੁੜ, ਰਿਉੜੀ ਅਤੇ ਮੂੰਗਫਲੀ ਪਾਉਂਦੇ ਹੋਏ ਕਿਸਾਨ ਕੁਦਰਤ ਪ੍ਰਤੀ ਧੰਨਵਾਦ ਕਰਦਾ ਹੈ। ਸਖ਼ਤ ਸਰਦੀ ਵਿੱਚ ਖੇਤਾਂ ਵਿੱਚ ਮਿਹਨਤ ਕਰਨ ਵਾਲੇ ਕਿਸਾਨ ਲਈ ਇਹ ਤਿਉਹਾਰ ਰਿਸ਼ਤੇ ਅਤੇ ਉਮੀਦ ਦਾ ਨਿਸ਼ਾਨ ਬਣ ਜਾਂਦਾ ਹੈ।
ਸੱਭਿਆਚਾਰ ਦਾ ਸੁਨੇਹਾ
ਪੰਜਾਬ ਦੀਆਂ ਗਲੀਆਂ ਤੋਂ ਲੈ ਕੇ ਹਰ ਪਿੰਡ-ਸ਼ਹਿਰ ਤੱਕ ਗੂੰਜਦੇ ਲੋਹੜੀ ਦੇ ਗੀਤ ਆਪਣੀਆਂ ਜੜ੍ਹਾਂ ਵੱਲ ਵਾਪਸ ਆਉਣ ਦਾ ਸੁਨੇਹਾ ਦਿੰਦੇ ਹਨ। ਇਹ ਤਿਉਹਾਰ ਸਿਖਾਉਂਦਾ ਹੈ ਕਿ ਇਸ ਸੱਭਿਆਚਾਰ ਵਿੱਚ ਬਗਾਵਤ ਵੀ ਪੂਜਨੀਕ ਹੈ ਅਤੇ ਬਜ਼ੁਰਗਾਂ ਦੀ ਇੱਜ਼ਤ ਵੀ ਜ਼ਰੂਰੀ ਹੈ। ਬੱਸ ਸ਼ਰਤ ਇਹ ਹੈ ਕਿ ਇਰਾਦਾ ਨੇਕ ਹੋਵੇ ਅਤੇ ਸਮਾਜ ਹਿੱਤ ਸਭ ਤੋਂ ਉੱਪਰ ਹੋਵੇ।
ਦੁੱਲਾ ਭੱਟੀ: ਪੰਜਾਬ ਦਾ ਰੌਬਿਨਹੁਡ
ਪੰਜਾਬ ਦੀ ਲੋਕ ਚੇਤਨਾ ਵਿੱਚ ਰਾਏ ਅਬਦੁੱਲਾ ਖ਼ਾਨ ਭੱਟੀ ਯਾਨੀ ਦੁੱਲਾ ਭੱਟੀ ਦਾ ਸਥਾਨ ਖਾਸ ਹੈ। ਸਾਂਦਲ ਬਾਰ (ਹੁਣ ਪਾਕਿਸਤਾਨ) ਵਿੱਚ ਜਨਮੇ ਦੁੱਲਾ ਭੱਟੀ ਦੇ ਪਿਤਾ ਅਤੇ ਦਾਦਾ ਨੇ ਮੁਗਲ ਹਕੂਮਤ ਵਿਰੁੱਧ ਲੜਦੇ ਹੋਏ ਸ਼ਹੀਦੀ ਪਾਈ ਸੀ। ਅਕਬਰ ਦੇ ਰਾਜ ਵਿੱਚ ਜਦੋਂ ਕਿਸਾਨਾਂ ’ਤੇ ਭਾਰੀ ਟੈਕਸ ਲਗਾਇਆ ਗਿਆ ਤਾਂ ਦੁੱਲਾ ਭੱਟੀ ਨੇ ਵਿਦਰੋਹ ਸ਼ੁਰੂ ਕੀਤਾ। ਉਹ ਅਮੀਰਾਂ ਤੋਂ ਲੁੱਟੀ ਹੋਈ ਸੰਪਤੀ ਗਰੀਬਾਂ ਵਿੱਚ ਵੰਡਦੇ ਸਨ, ਇਸ ਲਈ ਉਨ੍ਹਾਂ ਨੂੰ ਪੰਜਾਬ ਦਾ ਰੌਬਿਨਹੁਡ ਕਿਹਾ ਜਾਂਦਾ ਹੈ।
ਉਨ੍ਹਾਂ ਦੀ ਸਭ ਤੋਂ ਵੱਡੀ ਪਛਾਣ ਔਰਤਾਂ ਦੇ ਸਨਮਾਨ ਦੇ ਰੱਖਿਅਕ ਵਜੋਂ ਹੈ। ਸੁੰਦਰੀ ਅਤੇ ਮੁੰਦਰੀ ਨਾਮ ਦੀਆਂ ਦੋ ਕੁੜੀਆਂ ਨੂੰ ਮੁਗਲ ਅਧਿਕਾਰੀਆਂ ਤੋਂ ਛੁਡਾ ਕੇ ਉਨ੍ਹਾਂ ਨੇ ਜੰਗਲ ਵਿੱਚ ਅੱਗ ਨੂੰ ਸਾਖਸ਼ੀ ਮੰਨ ਕੇ ਕੰਨਿਆਦਾਨ ਕੀਤਾ। ਇਹੀ ਘਟਨਾ ‘ਸੁੰਦਰ-ਮੁੰਦਰੀਏ’ ਲੋਕ ਗੀਤ ਦੀ ਰੂਹ ਹੈ। ਮੁਗਲ ਹਕੂਮਤ ਨੇ ਅੰਤ ਵਿੱਚ ਧੋਖੇ ਨਾਲ ਉਨ੍ਹਾਂ ਨੂੰ ਫੜ ਲਿਆ ਅਤੇ ਲਾਹੌਰ ਵਿੱਚ ਫਾਂਸੀ ਦੇ ਦਿੱਤੀ ਪਰ ਉਨ੍ਹਾਂ ਦੀ ਸ਼ਹਾਦਤ ਨੇ ਉਨ੍ਹਾਂ ਨੂੰ ਅਮਰ ਬਣਾ ਦਿੱਤਾ। ਅੱਜ ਵੀ ਲੋਹੜੀ ਦੀ ਅੱਗ ਦੇ ਚਾਰੇ ਪਾਸੇ ਗੂੰਜਦਾ ਉਨ੍ਹਾਂ ਦਾ ਨਾਂ ਪੰਜਾਬ ਦੇ ਸਵੈਮਾਣ ਅਤੇ ਹੌਸਲੇ ਦੀ ਨਿਸ਼ਾਨੀ ਹੈ। ਲੋਹੜੀ ਸਿਰਫ਼ ਤਿਉਹਾਰ ਨਹੀਂ ਸਗੋਂ ਪੰਜਾਬ ਦੀ ਆਤਮਾ ਦਾ ਜਸ਼ਨ ਹੈ, ਜਿੱਥੇ ਬਗਾਵਤ, ਬਹਾਦਰੀ ਅਤੇ ਸੰਸਕਾਰ ਇਕੱਠੇ ਹੁੰਦੇ ਹਨ।
ਸਿਰਫ਼ ਜਸ਼ਨ ਨਹੀਂ, ਜੈਂਡਰ ਵਿਚਾਰ ਵੀ ਹੈ ਲੋਹੜੀ
ਪੰਜਾਬ ਦੀ ਲੋਕ ਸੰਸਕ੍ਰਿਤੀ ਦਾ ਮੁੱਖ ਤਿਉਹਾਰ ਲੋਹੜੀ ਹੁਣ ਸਿਰਫ਼ ਅੱਗ ਦੇ ਚਾਰੇ ਪਾਸੇ ਗਾਏ ਜਾਂਦੇ ਗੀਤਾਂ ਅਤੇ ਪੁਰਾਣੇ ਜਸ਼ਨ ਤੱਕ ਸੀਮਿਤ ਨਹੀਂ ਰਿਹਾ। ਸਮੇਂ ਨਾਲ ਇਹ ਤਿਉਹਾਰ ਸਮਾਜ ਵਿੱਚ ਆ ਰਹੇ ਵਿਚਾਰਕ ਬਦਲਾਅ ਅਤੇ ਲਿੰਗ ਸਮਾਨਤਾ ਦੀ ਗੱਲ ਨੂੰ ਉਭਾਰਨ ਵਾਲਾ ਪਲੈਟਫ਼ਾਰਮ ਵੀ ਬਣ ਰਿਹਾ ਹੈ। ਖਾਸ ਕਰ ਕੇ ਧੀਆਂ ਦੀ ਪਹਿਲੀ ਲੋਹੜੀ ਮਨਾਉਣ ਦਾ ਵਧਦਾ ਰੁਝਾਨ ਇਸ ਬਦਲਾਅ ਦੀ ਸਭ ਤੋਂ ਮਜਬੂਤ ਤਸਵੀਰ ਹੈ।
ਪੁਰਾਣੀ ਰੀਤ ਨਾਲ ਲੋਹੜੀ ਨੂੰ ਪੁੱਤਰ ਜਨਮ, ਵਿਆਹ ਜਾਂ ਪਰਿਵਾਰ ਵਿੱਚ ਨਵੀਂ ਸ਼ੁਰੂਆਤ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਬੇਟੇ ਦੀ ਪਹਿਲੀ ਲੋਹੜੀ ਵੱਡੇ ਪੱਧਰ ’ਤੇ ਮਨਾਈ ਜਾਂਦੀ ਸੀ, ਰਿਸ਼ਤੇਦਾਰ ਆਉਂਦੇ ਅਤੇ ਖੁੱਲ੍ਹਾ ਉਤਸਵ ਹੁੰਦਾ ਸੀ। ਇਸ ਦੇ ਉਲਟ, ਧੀ ਦੇ ਜਨਮ ’ਤੇ ਇਹ ਤਿਉਹਾਰ ਜਾਂ ਤਾਂ ਨਹੀਂ ਮਨਾਇਆ ਜਾਂਦਾ ਸੀ ਜਾਂ ਛੋਟੇ ਪੱਧਰ ’ਤੇ; ਪਰ ਪਿਛਲੇ ਕੁਝ ਸਾਲਾਂ ਵਿੱਚ ਤਸਵੀਰ ਬਦਲ ਗਈ ਹੈ। ਸ਼ਹਿਰੀ ਖੇਤਰਾਂ ਨਾਲ ਨਾਲ ਹੁਣ ਬਹੁਤੇ ਪਿੰਡਾਂ ਵਿੱਚ ਵੀ ਧੀਆਂ ਦੀ ਪਹਿਲੀ ਲੋਹੜੀ ਉਸੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ, ਜਿਵੇਂ ਪਹਿਲਾਂ ਸਿਰਫ਼ ਬੇਟਿਆਂ ਲਈ ਹੁੰਦੀ ਸੀ।
ਧੀਆਂ ਦੀ ਲੋਹੜੀ ਮਨਾਉਣਾ ਸਿਰਫ਼ ਰਸਮ ਨਹੀਂ, ਸਗੋਂ ਇੱਕ ਸਮਾਜਕ ਸੰਦੇਸ਼ ਵੀ ਹੈ। ਇਹ ਦੱਸਦਾ ਹੈ ਕਿ ਬੇਟੇ-ਬੇਟੀ ਵਿੱਚ ਫ਼ਰਕ ਦੀ ਸੋਚ ਘੱਟ ਹੋ ਰਹੀ ਹੈ। ਬਹੁਤੇ ਪਰਿਵਾਰ ਇਸ ਮੌਕੇ ਨੂੰ ਨਿਸ਼ਾਨੀ ਵਜੋਂ ਵਰਤ ਰਹੇ ਹਨ। ਸਮਾਗਮਾਂ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੇ ਸੰਦੇਸ਼, ਪੋਸਟਰ ਅਤੇ ਲੋਕ ਗੀਤ ਸ਼ਾਮਲ ਕੀਤੇ ਜਾ ਰਹੇ ਹਨ, ਜੋ ਸੋਚ ਵਿੱਚ ਆਏ ਬਦਲਾਅ ਨੂੰ ਵਿਖਾਉਂਦੇ ਹਨ।
ਬਦਲਾਅ ਨਾਲ ਨਾਲ ਹਨ ਸੀਮਾਵਾਂ ਵੀ
ਹਾਲਾਂਕਿ ਚੰਗੇ ਸੰਕੇਤਾਂ ਦੇ ਬਾਵਜੂਦ ਅਸਮਾਨਤਾ ਪੂਰੀ ਖ਼ਤਮ ਨਹੀਂ ਹੋਈ। ਬਹੁਤੇ ਘਰਾਂ ਵਿੱਚ ਧੀ ਦੀ ਲੋਹੜੀ ਮਨਾਈ ਜਾਂਦੀ ਹੈ, ਪਰ ਇਹ ਛੋਟੇ ਪੱਧਰ ’ਤੇ ਹੁੰਦੀ ਹੈ। ਜਿੱਥੇ ਬੇਟੇ ਦੀ ਲੋਹੜੀ ਵਿੱਚ ਵੱਡਾ ਖਰਚ ਅਤੇ ਭੀੜ ਹੁੰਦੀ ਹੈ, ਉੱਥੇ ਧੀਆਂ ਲਈ ਸਾਦਗੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕੁਝ ਮਾਮਲਿਆਂ ਵਿੱਚ ਇਹ ਤਿਉਹਾਰ ਸਮਾਨਤਾ ਤੋਂ ਜ਼ਿਆਦਾ ਰਸਮ ਨਿਭਾਉਣ ਤੱਕ ਸੀਮਿਤ ਰਹਿ ਜਾਂਦਾ ਹੈ।
ਤਿਉਹਾਰ ਸਮਾਜੀ ਸੋਚ ਬਦਲਣ ਦਾ ਮੌਕਾ ਦਿੰਦੇ ਹਨ, ਪਰ ਅਸਲ ਬਦਲਾਅ ਤਾਂ ਹੀ ਆਵੇਗਾ ਜਦੋਂ ਇਹ ਬਰਾਬਰੀ ਪੜ੍ਹਾਈ, ਜਾਇਦਾਦ ਦੇ ਹੱਕਾਂ ਅਤੇ ਪਰਿਵਾਰ ਦੇ ਨਿਰਣੇ ਵਿੱਚ ਵੀ ਦਿਖੇ। ਫਿਰ ਵੀ ਧੀਆਂ ਦੀ ਪਹਿਲੀ ਲੋਹੜੀ ਦਾ ਵਧਦਾ ਰੁਝਾਨ ਦੱਸਦਾ ਹੈ ਕਿ ਸਮਾਜ ਠੀਕ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਲੋਹੜੀ ਦੀ ਅੱਗ ਵਿੱਚ ਹੁਣ ਸਿਰਫ਼ ਤਿਲ, ਰਿਉੜੀ ਅਤੇ ਮੂੰਗਫਲੀ ਨਹੀਂ, ਸਗੋਂ ਬਰਾਬਰੀ ਅਤੇ ਇੱਜ਼ਤ ਦੀਆਂ ਉਮੀਦਾਂ ਵੀ ਸੁਲਗਣ ਲੱਗ ਪਈਆਂ ਹਨ।
ਅਰਥ ਵਿਵਸਥਾ ਦੀ ਧੜਕਣ, ਇੱਕ ਹਫ਼ਤੇ ਵਿੱਚ ਲੱਖਾਂ ਦਾ ਕਾਰੋਬਾਰ
ਲੋਹੜੀ ਪੰਜਾਬ ਵਿੱਚ ਸਿਰਫ਼ ਸੱਭਿਆਚਾਰਕ ਤਿਉਹਾਰ ਨਹੀਂ, ਸਗੋਂ ਇੱਕ ਮਜਬੂਤ ਮੌਸਮੀ ਅਰਥ ਵਿਵਸਥਾ ਵੀ ਖੜ੍ਹੀ ਕਰਦੀ ਹੈ।
ਜਨਵਰੀ ਦੇ ਪਹਿਲੇ ਅੱਧ ਵਿੱਚ ਮਨਾਇਆ ਜਾਂਦਾ ਇਹ ਤਿਉਹਾਰ ਮੂੰਗਫਲੀ, ਰਿਉੜੀ, ਗੱਜਕ, ਗੁੜ, ਤਿਲ, ਲੱਕੜ, ਢੋਲ, ਟੈਂਟ ਅਤੇ ਡੀ.ਜੇ. ਵਰਗੇ ਕਾਰੋਬਾਰਾਂ ਨੂੰ ਬਹੁਤ ਲਾਭ ਦਿੰਦਾ ਹੈ। ਅੰਦਾਜ਼ੇ ਮੁਤਾਬਕ ਲੋਹੜੀ ਤੋਂ ਪਹਿਲਾਂ ਅਤੇ ਬਾਅਦ ਦੇ ਲਗਭਗ ਇੱਕ ਹਫ਼ਤੇ ਵਿੱਚ ਹੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੱਖਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ।
ਬਾਜ਼ਾਰਾਂ ਵਿੱਚ ਮੂੰਗਫਲੀ ਅਤੇ ਰਿਉੜੀ ਦੀਆਂ ਅਸਥਾਈ ਰੇੜ੍ਹੀਆਂ ਤੋਂ ਲੈ ਕੇ ਥੋਕ ਦੁਕਾਨਾਂ ਤੱਕ ਭੀੜ ਉਮੜ ਪੈਂਦੀ ਹੈ। ਦੁਕਾਨਦਾਰਾਂ ਅਨੁਸਾਰ ਆਮ ਦਿਨਾਂ ਨਾਲੋਂ ਇਸ ਵੇਲੇ ਵਿਕਰੀ ਤਿੰਨ-ਚਾਰ ਗੁਣਾ ਵਧ ਜਾਂਦੀ ਹੈ। ਸਭ ਤੋਂ ਵੱਧ ਮੰਗ ਮੂੰਗਫਲੀ, ਰਿਉੜੀ, ਪੌਪਕੌਰਨ ਅਤੇ ਗੱਚਕ ਦੀ ਰਹਿੰਦੀ ਹੈ, ਜਦਕਿ ਤਿਲ ਅਤੇ ਗੁੜ ਨਾਲ ਬਣੀਆਂ ਚੀਜ਼ਾਂ ਵੀ ਖੂਬ ਵਿਕਦੀਆਂ ਹਨ।
ਲੋਹੜੀ ਦੀ ਅੱਗ ਲਈ ਲੱਕੜ ਦੀ ਮੰਗ ਵੀ ਤੇਜ਼ ਹੋ ਜਾਂਦੀ ਹੈ। ਹਾਲਾਂਕਿ ਪ੍ਰਸ਼ਾਸਕੀ ਨਿਰਦੇਸ਼ਾਂ ਕਾਰਨ ਘੱਟ ਮਾਤਰਾ ਵਿੱਚ ਲੱਕੜ ਖਰੀਦੀ ਜਾਂਦੀ ਹੈ, ਪਰ ਕਾਰੋਬਾਰ ਆਮ ਦਿਨਾਂ ਨਾਲੋਂ ਲਗਭਗ ਦੁੱਗਣਾ ਹੋ ਜਾਂਦਾ ਹੈ।
ਢੋਲ ਵਾਜੇ, ਟੈਂਟ ਹਾਊਸ ਅਤੇ ਡੀ.ਜੇ. ਚਲਾਉਣ ਵਾਲਿਆਂ ਲਈ ਵੀ ਲੋਹੜੀ ਰਾਹਤ ਲਿਆਉਂਦੀ ਹੈ। ਵਿਆਹਾਂ ਦੇ ਆਫ਼-ਸੀਜ਼ਨ ਵਿੱਚ ਇਹ ਤਿਉਹਾਰ ਉਨ੍ਹਾਂ ਨੂੰ ਕੰਮ ਅਤੇ ਕਮਾਈ ਦਿੰਦਾ ਹੈ। ਛੋਟੇ ਦੁਕਾਨਦਾਰ ਕਹਿੰਦੇ ਹਨ ਕਿ ਮਹਿੰਗਾਈ ਅਤੇ ਮੰਦੀ ਵਿੱਚ ਲੋਹੜੀ ਦੇ ਇੱਕ ਹਫ਼ਤੇ ਦੀ ਕਮਾਈ ਸਾਲ ਦੀ ਸ਼ੁਰੂਆਤ ਨੂੰ ਸੰਭਾਲਣ ਵਿੱਚ ਮਦਦ ਕਰਦੀ ਹੈ। ਲੋਹੜੀ ਅੱਜ ਪੰਜਾਬ ਵਿੱਚ ਸਿਰਫ਼ ਰੀਤ ਨਹੀਂ, ਸਗੋਂ ਬਦਲਦੀ ਸੋਚ ਅਤੇ ਸਥਾਨਕ ਅਰਥ-ਵਿਵਸਥਾ ਦੋਵਾਂ ਦਾ ਨਿਸ਼ਾਨ ਬਣ ਚੁੱਕੀ ਹੈ। ਇੱਕ ਪਾਸੇ ਇਹ ਧੀਆਂ ਦੇ ਸਨਮਾਨ ਦਾ ਪਲੈਟਫਾਰਮ ਬਣ ਰਹੀ ਹੈ, ਦੂਜੇ ਪਾਸੇ ਹਜ਼ਾਰਾਂ ਘਰਾਂ ਦੀ ਰੋਜ਼ੀ-ਰੋਟੀ ਵਿੱਚ ਵੀ ਵੱਡਾ ਹਿੱਸਾ ਪਾਉਂਦੀ ਹੈ।

Leave a Reply

Your email address will not be published. Required fields are marked *