ਅਸ਼ਵਨੀ ਚਤਰਥ, ਬਟਾਲਾ
ਫੋਨ: +91-6284220595
ਸਰੀਰ ਦੇ ਬਾਹਰੋਂ ਨਜ਼ਰ ਆਉਂਦੇ ਦ੍ਰਿਸ਼ਟੀਮਾਨ ਲੱਛਣ ਅੰਦਰੂਨੀ ਸਰੀਰਕ ਰੋਗਾਂ ਦੇ ਸੰਕੇਤ ਹੋ ਸਕਦੇ ਹਨ। ਇਹ ਬਾਹਰੀ ਪ੍ਰਗਟਾਵੇ ਛੋਟੀਆਂ-ਮੋਟੀਆਂ ਸਰੀਰਕਾਂ ਤਬਦੀਲੀਆਂ ਤੋਂ ਲੈ ਕੇ ਪ੍ਰਤੱਖ ਅਤੇ ਸਪਸ਼ਟ ਨਜ਼ਰ ਆਉਂਦੇ ਸੰਕੇਤ ਹੋ ਸਕਦੇ ਹਨ। ਆਮ ਲੋਕਾਂ ਦੀ ਸੋਚ, ਸਮਝ ਅਤੇ ਭਾਸ਼ਾ ਅਨੁਸਾਰ ਜ਼ਿਆਦਾਤਰ ਲੋਕ ਕਿਸੇ ਬਿਮਾਰੀ ਦੇ ਬਾਹਰੀ ਲੱਛਣਾਂ ਨੂੰ ਹੀ ਅਸਲ ਬਿਮਾਰੀ ਸਮਝਣ ਲੱਗ ਜਾਂਦੇ ਹਨ, ਜਦਕਿ ਅਸਲ ਬਿਮਾਰੀ ਦੇ ਅੰਦਰੂਨੀ ਕਾਰਨ ਕੁਝ ਹੋਰ ਹੀ ਹੁੰਦੇ ਹਨ।
ਲੋੜ ਹੁੰਦੀ ਹੈ ਅੰਦਰੂਨੀ ਬਿਮਾਰੀ ਦੇ ਅਸਲ ਕਾਰਨ ਜਾਣ ਕੇ ਉਨ੍ਹਾਂ ਦਾ ਇਲਾਜ ਕਰਨ ਦੀ। ਸਾਡੇ ਸਰੀਰ ਦੀਆਂ ਜ਼ਿਆਦਾਤਰ ਬਿਮਾਰੀਆਂ ਦੇ ਬਾਹਰੀ ਲੱਛਣ ਸਾਨੂੰ ਸਰੀਰ ਅੰਦਰ ਹੋ ਰਹੀਆਂ ਗੁੰਝਲਦਾਰ ਜੈਵਿਕ ਅਤੇ ਰਸਾਇਣਕ ਕ੍ਰਿਆਵਾਂ ਬਾਰੇ ਸੰਕੇਤ ਦਿੰਦੇ ਹਨ। ਸਾਨੂੰ ਅਜਿਹਾ ਮਹਿਸੂਸ ਹੁੰਦਾ ਹੈ, ਜਿਵੇਂ ਕਿ ਜੋ ਬਾਹਰ ਲੱਛਣ ਨਜ਼ਰ ਆ ਰਹੇ ਹਨ, ਉਹ ਹੀ ਅਸਲ ਬਿਮਾਰੀ ਹੈ; ਪਰ ਦਰਅਸਲ ਇਹ ਤਾਂ ਸਿਰਫ਼ ਲੱਛਣ ਹਨ, ਅਸਲ ਬਿਮਾਰੀ ਜਾਂ ਕੋਈ ਗਤੀਵਿਧੀ ਤਾਂ ਸਰੀਰ ਦੇ ਅੰਦਰ ਹੀ ਹੋ ਰਹੀ ਹੁੰਦੀ ਹੈ। ਇੱਕ ਸਧਾਰਨ ਆਦਮੀ ਸਰੀਰਕ ਲੱਛਣਾਂ ਨੂੰ ਹੀ ਬਿਮਾਰੀ ਸਮਝ ਕੇ ਉਸ ਦਾ ਇਲਾਜ ਲੱਭਣ ਲੱਗ ਜਾਂਦਾ ਹੈ, ਪਰ ਲੋੜ ਹੁੰਦੀ ਹੈ ਲੱਛਣਾਂ ਪਿੱਛੇ ਲੁਕੇ ਹੋਏ ਰੋਗਾਂ ਨੂੰ ਲੱਭਣ ਦੀ। ਕੁਝ ਉਦਾਹਰਨਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਬਾਰੇ ਸਮਝਦੇ ਹਾਂ। ਜਿਵੇਂ ਕਿ ਸਾਨੂੰ ਜਦੋਂ ਖੰਘ ਹੁੰਦੀ ਹੋਵੇ ਤਾਂ ਅਸੀਂ ਖੰਘ ਨੂੰ ਹੀ ਬਿਮਾਰੀ ਸਮਝ ਕੇ ਇਸ ਦਾ ਇਲਾਜ ਕਰਨ ਲੱਗ ਜਾਂਦੇ ਹਾਂ ਜਿਵੇਂ ਕਿ ਕਫ਼ ਸਿਰਪ ਪੀ ਕੇ ਹੀ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਦ ਕਿ ਖੰਘ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ, ਸਗੋਂ ਇਹ ਤਾਂ ਸਾਡੇ ਸਰੀਰ ਦੀ ਸਾਹ ਪ੍ਰਣਾਲੀ ਅਤੇ ਸਾਹ ਦੇ ਰਸਤੇ ਵਿੱਚ ਆਉਣ ਵਾਲੇ ਬਲਗਮ, ਰੇਸ਼ੇ ਜਾਂ ਕਿਸੇ ਕਿਸਮ ਦੀ ਰੁਕਾਵਟ ਨੂੰ ਬਾਹਰ ਸੁੱਟਣ ਦਾ ਹੀ ਇੱਕ ਜ਼ਰੀਆ ਹੁੰਦੀ ਹੈ। ਖੰਘ ਜੇਕਰ ਲੰਮੇ ਸਮੇਂ ਲਈ ਚੱਲਦੀ ਰਹੇ ਤਾਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਏ, ਲੋੜ ਪੈਣ ’ਤੇ ਇਸ ਦਾ ਟੈਸਟ ਵੀ ਕਰਵਾ ਲਿਆ ਜਾਏ।
ਇਸੇ ਤਰ੍ਹਾਂ ਜੇ ਸਿਰ ਚਕਰਾਉਣ ਦੀ ਸਮੱਸਿਆ ਵਾਰ ਵਾਰ ਹੋਵੇ ਤਾਂ ਇਸ ਨੂੰ ਅਣਗੌਲਿਆ ਨਾ ਕੀਤਾ ਜਾਏ। ਇਹ ਬਲੱਡ ਪ੍ਰੈਸ਼ਰ ਕਰਕੇ ਜਾਂ ਖ਼ੂਨ ਦੀ ਘਾਟ ਕਰਕੇ ਹੋ ਸਕਦੀ ਹੈ। ਇਸ ਲਈ ਜ਼ਰੂਰਤ ਅਨੁਸਾਰ ਪੜਤਾਲ ਕਰਾ ਲਈ ਜਾਏ। ਇਸੇ ਤਰ੍ਹਾਂ ਸਰੀਰ ਦੇ ਕਿਸੇ ਹਿੱਸੇ ਉੱਪਰ ਸੋਜ ਦਾ ਮਤਲਬ ਹੁੰਦਾ ਹੈ ਕਿ ਸਰੀਰ ਦੇ ਉਸ ਹਿੱਸੇ ਵਿੱਚ ਕੋਈ ਜ਼ਖ਼ਮ ਹੋਇਆ ਹੈ ਜਾਂ ਮਾਸ ਪੇਸ਼ੀਆਂ ਦੀ ਟੁੱਟ ਭੱਜ ਹੋਈ ਹੈ। ਇਸ ਲਈ ਸਾਨੂੰ ਸੋਜ ਦਾ ਇਲਾਜ ਕਰਨ ਦੀ ਬਜਾਏ ਸੋਜ ਦੇ ਕਾਰਨ ਲੱਭ ਕੇ ਉਸ ਦਾ ਇਲਾਜ ਕਰਨਾ ਚਾਹੀਦਾ ਹੈ।
ਇੱਕ ਹੋਰ ਉਦਾਹਰਨ ਹੈ, ਸਰੀਰ ਨੂੰ ਬੁਖ਼ਾਰ ਚੜ੍ਹਨਾ। ਬੁਖ਼ਾਰ ਚੜ੍ਹਨ ਦੇ ਕਈ ਕਾਰਨ ਹੋ ਸਕਦੇ ਹਨ। ਆਮ ਲੋਕ ਬੁਖ਼ਾਰ ਨੂੰ ਹੀ ਬਿਮਾਰੀ ਸਮਝ ਕੇ ਇਸ ਦੀ ਦਵਾਈ ਲੈਣ ਲੱਗ ਜਾਂਦੇ ਹਨ। ਲੋੜ ਹੁੰਦੀ ਹੈ ਬੁਖ਼ਾਰ ਦਾ ਕਾਰਨ ਲੱਭ ਕੇ ਉਸ ਦੇ ਮੁੱਢਲੇ ਕਾਰਨਾਂ ਦਾ ਇਲਾਜ ਕਰਨ ਦੀ। ਇਵੇਂ ਹੀ ਆਦਮੀ ਨੂੰ ਉਲਟੀ ਆਉਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਢਿੱਡ ਵਿੱਚ ਗੈਸ ਬਣਨਾ, ਪੇਟ ਵਿੱਚ ਤੇਜ਼ਾਬੀ ਮਾਦਾ ਵਧ ਜਾਣਾ, ਮਾਨਸਿਕ ਚਿੰਤਾ, ਦੂਸ਼ਿਤ ਭੋਜਨ ਖਾਧਾ ਜਾਣਾ ਜਾਂ ਫਿਰ ਪੇਟ ਵਿੱਚ ਇਨਫੈਕਸ਼ਨ ਭਾਵ ਲਾਗ ਦੇ ਰੋਗ ਦਾ ਹੋਣਾ ਆਦਿ। ਇਸ ਲਈ ਉਲਟੀ ਠੀਕ ਕਰਨ ਲਈ ਉਸ ਦੇ ਅਸਲ ਕਾਰਨ ਦਾ ਪਤਾ ਲਗਾਉਣ ਦੀ ਜ਼ਰੂਰਤ ਹੁੰਦੀ ਹੈ।
ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਜ਼ਿਆਦਾ ਸਰੀਰਕ ਅਤੇ ਦਿਮਾਗੀ ਕੰਮ ਕਰ ਕੇ ਥੱਕ ਜਾਂਦਾ ਹੈ ਤਾਂ ਉਸ ਦੀਆਂ ਅੱਖਾਂ ਨੂੰ ਧੁੰਦਲਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਸਰੀਰ ਅਤੇ ਦਿਮਾਗ ਆਰਾਮ ਮੰਗਦੇ ਹਨ। ਇਸੇ ਤਰ੍ਹਾਂ ਜ਼ਿਆਦਾ ਸਰੀਰਕ ਮਿਹਨਤ ਵਾਲਾ ਕੰਮ ਕਰਨ ਤੇ ਸਰੀਰ ਥਕਾਵਟ ਮਹਿਸੂਸ ਕਰਦਾ ਹੈ, ਇਸ ਅਵਸਥਾ ਵਿੱਚ ਥਕਾਵਟ ਦੀ ਦਵਾਈ ਲੈਣ ਦੀ ਬਜਾਏ ਸਰੀਰ ਨੂੰ ਆਰਾਮ ਦੇਣਾ ਚਾਹੀਦਾ ਹੈ। ਇੱਕ ਹੋਰ ਉਦਾਹਰਨ ਹੈ ਕਿ ਸਰੀਰ ਜਦੋਂ ਬਹੁਤ ਜ਼ਿਆਦਾ ਯੂਰਿਕ ਐਸਿਡ ਪੈਦਾ ਕਰਦਾ ਜਾਂ ਵਾਧੂ ਯੂਰਿਕ ਐਸਿਡ ਨੂੰ ਸਰੀਰ ’ਚੋ ਬਾਹਰ ਨਹੀਂ ਕੱਢ ਪਾਉਂਦਾ ਤਾਂ ਗਠੀਆ ਰੋਗ ਜਾਂ ਜੋੜਾਂ ਵਿੱਚ ਸੋਜਾਂ ਅਤੇ ਦਰਦਾਂ ਹੋਣ ਲੱਗਦੀਆਂ ਹਨ। ਇਸ ਲਈ ਦਰਦਾਂ ਦੀ ਦਵਾਈ ਦੇ ਨਾਲ–ਨਾਲ ਅਸਲ ਬਿਮਾਰੀ ਦਾ ਇਲਾਜ ਕਰਨਾ ਚਾਹੀਦਾ ਹੈ।
ਐਲਰਜੀ ਵੀ ਰੋਜ਼ਾਨਾ ਜੀਵਨ ਵਿੱਚ ਵੇਖੀ ਜਾਣ ਵਾਲੀ ਆਮ ਬਿਮਾਰੀ ਹੈ। ਐਲਰਜੀ ਧੂੜ ਮਿੱਟੀ, ਫੁੱਲਾਂ ਦੇ ਪਰਾਗ ਕਣਾਂ, ਘਰੇਲੂ ਪਾਲਤੂ ਜਾਨਵਰਾਂ, ਕਿਸੇ ਦਵਾਈ, ਕਿਸੇ ਭੋਜਨ ਪਦਾਰਥ, ਬਦਲਦੇ ਮੌਸਮ, ਕੀੜੇ ਮਕੌੜਿਆਂ, ਰਸਾਇਣਕ ਪਦਾਰਥਾਂ ਜਾਂ ਸਾਬਣ ਆਦਿ ਭਾਵ ਕਿਸੇ ਵੀ ਵਸਤੂ ਤੋਂ ਹੋ ਸਕਦੀ ਹੈ। ਇਸ ਨਾਲ ਆਦਮੀ ਨੂੰ ਨਿੱਛਾਂ ਆਉਣਾ, ਅੱਖਾਂ ਲਾਲ ਹੋਣਾ, ਸਰੀਰ ’ਤੇ ਧੱਫੜ ਪੈਣਾ, ਸਾਹ ਫੁਲਣਾ, ਉਲਟੀ ਆਉਣਾ, ਨੱਕ ਵਗਣਾ, ਖਾਰਿਸ਼ ਹੋਣਾ, ਸੋਜਾਂ ਪੈ ਜਾਣੀਆਂ ਅਤੇ ਚੱਕਰ ਆਉਣਾ ਆਦਿ ਜਿਹੇ ਲੱਛਣ ਵੇਖਣ ਨੂੰ ਮਿਲ ਸਕਦੇ ਹਨ। ਭਾਵੇਂ ਕਿ ਇਸ ਨੂੰ ਠੀਕ ਕਰਨ ਲਈ ਐਂਟੀ ਐਲਰਜੀ ਦਵਾਈ ਲਈ ਜਾ ਸਕਦੀ ਹੈ, ਪਰ ਅਸਲ ਤਰੀਕਾ ਇਹ ਹੈ ਕਿ ਐਲਰਜੀ ਕਰਨ ਵਾਲੀਆਂ ਵਸਤੂਆਂ ਜਾਂ ਕਾਰਨਾਂ ਤੋਂ ਪਰਹੇਜ਼ ਕੀਤਾ ਜਾਏ। ਇਸੇ ਤਰ੍ਹਾਂ ਬਿਨਾ ਕਾਰਨ ਆਦਮੀ ਦਾ ਭਾਰ ਘਟਣਾ ਸੋਚਣ ਦਾ ਵਿਸ਼ਾ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬਿਨਾ ਕੋਸ਼ਿਸ਼ ਕੀਤਿਆਂ ਜੇ ਵਿਅਕਤੀ ਦਾ ਭਾਰ 5 ਫ਼ੀਸਦ ਜਾਂ ਇਸ ਤੋਂ ਜ਼ਿਆਦਾ ਘੱਟ ਜਾਂਦਾ ਹੈ ਤਾਂ ਅਜਿਹੀ ਅਵਸਥਾ ਵਿੱਚ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਜੇ ਪਿਸ਼ਾਬ, ਉਲਟੀ ਅਤੇ ਪਖਾਨੇ ਵਿੱਚ ਲਹੂ ਆਵੇ ਤਾਂ ਡਾਕਟਰੀ ਮਸ਼ਵਰਾ ਲੈਣਾ ਚਾਹੀਦਾ ਹੈ। ਜੇ ਪੈਰਾਂ ਦੇ ਜ਼ਖ਼ਮ ਠੀਕ ਹੋਣ ਵਿੱਚ ਦੇਰ ਲੱਗਦੀ ਹੋਵੇ ਤਾਂ ਸ਼ੂਗਰ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਆਦਮੀ ਜੇਕਰ ਮੁੜ ਮੁੜ ਪਿਸ਼ਾਬ ਜਾਵੇ ਜਾਂ ਪਿਸ਼ਾਬ ਕਰਦੇ ਦੌਰਾਨ ਦਰਦ ਹੋਵੇ ਜਾਂ ਪਿਸ਼ਾਬ ਵਿੱਚ ਲਹੂ ਆਏ ਤਾਂ ਅਜਿਹੇ ਹਾਲਾਤਾਂ ਵਿੱਚ ਸ਼ੂਗਰ ਦਾ ਰੋਗ, ਲਾਗ ਦਾ ਰੋਗ ਜਾਂ ਫਿਰ ਗੁਰਦੇ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਵਿੱਚੋਂ ਕੋਈ ਵੀ ਸੰਕੇਤ ਨਜ਼ਰ ਆਉਂਦਾ ਹੋਵੇ ਤਾਂ ਤੁਰੰਤ ਹੀ ਡਾਕਟਰੀ ਸਲਾਹ ਲਈ ਜਾਵੇ। ਨਹੁੰਆਂ ਉੱਤੇ ਚਿੱਟੇ ਦਾਗ਼ ਜ਼ਿੰਕ ਦੀ ਘਾਟ ਕਰਕੇ ਹੋ ਸਕਦੇ ਹਨ। ਆਪਣੇ ਆਪ ਹੀ ਜਾਂ ਥੋੜ੍ਹਾ ਜਿਹਾ ਜ਼ੋਰ ਲਗਾਉਣ ’ਤੇ ਹੀ ਜੇ ਨਹੁੰ ਟੁੱਟ ਜਾਣ ਤਾਂ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ। ਇਸੇ ਤਰ੍ਹਾਂ ਨਹੁੰਆਂ ਉੱਤੇ ਲੰਮੀਆਂ ਲਾਈਨਾਂ ਪੈਂਦੀਆਂ ਹੋਣ ਤਾਂ ਲਹੂ ਦੀ ਘਾਟ ਹੋ ਸਕਦੀ ਹੈ। ਸਬੰਧਿਤ ਅਲਾਮਤਾਂ ਦੀ ਪੜਤਾਲ ਕਰਾਕੇ ਅਸਲ ਕਾਰਨ ਲੱਭਿਆ ਜਾ ਸਕਦਾ ਹੈ ਅਤੇ ਉਸ ਦਾ ਇਲਾਜ ਕਰਾਇਆ ਜਾ ਸਕਦਾ ਹੈ।
ਸਾਡਾ ਸਰੀਰ ਕਿਸੇ ਸਮੱਸਿਆ ਹੋਣ ਦੀ ਹਾਲਾਤ ਵਿੱਚ ਆਮ ਤੌਰ ’ਤੇ ਸਰੀਰ ਦੇ ਬਾਹਰ ਕੁਝ ਸੰਕੇਤ ਭੇਜਦਾ ਹੈ। ਉਨ੍ਹਾਂ ਵੱਲ ਸਮੇਂ ਰਹਿੰਦਿਆਂ ਧਿਆਨ ਦੇਣ ਨਾਲ ਕਿਸੇ ਵੱਡੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
