ਗੁਰਦੁਆਰਾ ਪੈਲਾਟਾਈਨ ਚੋਣਾਂ: ਇਰਦ-ਗਿਰਦ ਦੀਆਂ ਪ੍ਰਸਥਿਤੀਆਂ

ਸਿਆਸੀ ਹਲਚਲ ਖਬਰਾਂ

ਕੁਲਜੀਤ ਸਿੰਘ
ਪਿੰਡਾਂ ਦੀ ਧਰਾਤਲ ਵਾਲੀ ਸਿਆਸਤ ਨਾਲ ਜੁੜੇ ਲੋਕ ਭਾਵੇਂ ਕਿਸੇ ਵੀ ਮੁਲਕ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਾ ਵੱਸਣ, ਪਰ ਉਨ੍ਹਾਂ ਦੇ ਅੰਦਰ ਸਿਆਸੀ ਕਣ ਤਾਉਮਰ ਮੌਜੂਦ ਰਹਿੰਦਾ ਹੈ। ਜ਼ਹਿਨੀਅਤ ਵਿੱਚ ਸਿਆਸਤ ਦੇ ਕਣ ਦੀ ਐਕਟੀਵਿਟੀ ਜਦੋਂ ਬੇਸ਼ੱਕ ਹੌਲੀ ਰਫਤਾਰ ਨਾਲ ਹੀ ਸਹੀ, ਹੋਣੀ ਸ਼ੁਰੂ ਹੁੰਦੀ ਹੈ ਤਾਂ ਇੱਕ ਪੱਧਰ ‘ਤੇ ਜਾ ਕੇ ਵੱਕਾਰ ਦਾ ਸਵਾਲ ਖੜਾ ਕਰ ਦਿੰਦੀ ਹੈ; ਤੇ ਇਸ ਤਰਥੱਲ ਵਿੱਚੋਂ ਜਿੱਤ-ਹਾਰ ਦੇ ਮਾਇਨੇ ਤਲਾਸ਼ਣ ਦੇ ਨਾਲ ਨਾਲ ਇਹ ਸਿਆਸੀ ਕਣ ਕਦੋਂ ਅੰਗਿਆਰ ਦਾ ਰੂਪ ਧਾਰ ਲੈਂਦਾ ਹੈ, ਪਤਾ ਹੀ ਨਹੀਂ ਲੱਗਦਾ!

ਇੰਨਾ ਜ਼ਰੂਰ ਹੈ ਕਿ ਇਸ ਦਾ ਸੇਕ ਆਸੇ-ਪਾਸੇ ਮਹਿਸੂਸ ਹੋਣ ਲੱਗ ਜਾਂਦਾ ਹੈ। ਜਿਵੇਂ ਮਘੇ ਹੋਏ ਤੰਦੂਰ ਵਿੱਚ ਪਕਾਈ ਹੋਈ ਰੋਟੀ ਦਾ ਆਪਣਾ ਹੀ ਸਵਾਦ ਹੁੰਦਾ ਹੈ, ਪਰ ਜੇ ਤੰਦੂਰ ਪੂਰੀ ਤਰ੍ਹਾਂ ਭਖਿਆ ਨਾ ਹੋਵੇ ਅਤੇ ਕੱਚੇ ਧੂੰਏਂ ਦੇ ਵਰੋਲੇ ਉੱਡਣ ਲੱਗ ਜਾਣ ਤਾਂ ਰੋਟੀ ਦਾ ਧੂੰਆਂਖਿਆ ਜਾਣਾ ਆਮ ਗੱਲ ਹੈ! ਇਸੇ ਤਰ੍ਹਾਂ ਜੇ ਚੋਣਾਂ ਆਰਾਮ ਨਾਲ ਨੇਪਰੇ ਚੜ੍ਹ ਜਾਣ ਤਾਂ ਸਕੂਨ ਦਿੰਦੀਆਂ ਹਨ, ਪਰ ਜੇ ਕਿਸੇ ਕਿਸਮ ਦਾ ਖੜਕਾ-ਦੜਕਾ ਹੋ ਜਾਵੇ ਤਾਂ ਕੁਝ ਇਕਨਾਂ ਲਈ ਦਿਲਚਸਪੀ ਵਾਲੀਆਂ ਬਣ ਜਾਂਦੀਆਂ ਹਨ!
ਖੈਰ! ਜਿਸ ਤਰ੍ਹਾਂ ਕਿ ਕੁਝ ਕੁਝ ਉਮੀਦ ਹੀ ਸੀ, ਗੁਰਦੁਆਰਾ ਪੈਲਾਟਾਈਨ ਇਨ੍ਹੀਂ ਦਿਨ੍ਹੀਂ ਧਾਰਮਿਕ ਸਥਾਨ ਨਾਲੋਂ ਸਿਆਸਤ ਦਾ ਅਖਾੜਾ ਵੱਧ ਬਣਿਆ ਪ੍ਰਤੀਤ ਹੋ ਰਿਹਾ ਹੈ। ਜਿਹੜੀ ਸੰਗਤ ਦਰਬਾਰ ਹਾਲ ਵਿੱਚ ਬੈਠੀ ਕੀਰਤਨ ਜਾਂ ਕਥਾ ਸੁਣ ਰਹੀ ਹੁੰਦੀ ਹੈ, ਉਨ੍ਹਾਂ ਵਿੱਚੋਂ ਕੁਝ ਦੇ ਧਿਆਨ ਵਿੱਚ ਦਰਬਾਰ ਹਾਲ ਦੀਆਂ ਪੌੜੀਆਂ ਦੇ ਨੇੜੇ ਜਾਂ ਨੀਚੇ ਲਾਬੀ ਵਿੱਚ ਹੁੰਦੀ ਹਲਚਲ ਵਿਘਨ ਜ਼ਰੂਰ ਪਾਉਂਦੀ ਹੈ। ਜਿਹੜੇ ਆਪੋ ਆਪਣੀ ਸਿਆਸਤ ਵਿੱਚ ਗਲਤਾਨ ਹਨ, ਉਨ੍ਹਾਂ ਨੂੰ ਇਹ ਵਰਤਾਰਾ ਭਾਵੇਂ ਆਮ ਹੀ ਲੱਗ ਰਿਹਾ ਹੋਵੇ; ਪਰ ਕੁਝ ਅਜਿਹੀਆਂ ਸੰਗਤੀ ਧਿਰਾਂ ਵੀ ਹਨ, ਜਿਨ੍ਹਾਂ ਨੂੰ ਗੁਰਦੁਆਰੇ ਦਾ ਸਿਆਸੀ ਚੱਕ-ਥੱਲ ਵਾਲਾ ਮਾਹੌਲ ਕੁਝ ਹੱਦ ਤੱਕ ਬੇਚੈਨ ਜ਼ਰੂਰ ਕਰ ਰਿਹਾ ਹੈ। ਜਿਸ ਦਿਨ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ ਸੀ ਅਤੇ ਆਮ ਇਜਲਾਸ ਵਾਲੇ ਦਿਨ ਗੁਰਦੁਆਰਾ ਪੈਲਾਟਾਈਨ ਵਿੱਚ ਜਿਸ ਤਰ੍ਹਾਂ ਵੱਖ-ਵੱਖ ਢਾਣੀਆਂ ਵਿੱਚ ਮੂੰਹ ਜੋੜ-ਜੋੜ ਗੱਲਾਂ ਦਾ ਸਿਲਸਿਲਾ ਬਣਿਆ ਹੋਇਆ ਸੀ, ਉਸ ਤੋਂ ਭਾਈਚਾਰੇ ਵਿੱਚ ਪਈਆਂ ਵਖਰੇਵੇਂ ਦੀਆਂ ਤਰੇੜਾਂ ਸਪਸ਼ਟ ਦੇਖੀਆਂ ਜਾ ਸਕਦੀਆਂ ਸਨ, ਜੋ ਹੁਣ ਵੀ ਬਰਕਰਾਰ ਹਨ। ਉਂਝ ਇਹ ਜ਼ਰੂਰ ਹੈ ਕਿ ਕੰਨ-ਰਸੀ ਵਾਲੀ ਅਜਿਹੀ ਕਵਾਇਦ ਕੋਈ ਨਵੀਂ ਗੱਲ ਨਹੀਂ ਹੈ। ਗੁਰੂ ਘਰ ਵਿੱਚ ਜਦੋਂ ਜਦੋਂ ਵੀ ਕਿਸੇ ਕਿਸਮ ਦਾ ਮੁੱਦਾ ਉੱਠਦਾ ਹੈ ਤਾਂ ਚੁੰਝ ਚਰਚਾਵਾਂ ਅਤੇ ਵਿਚਾਰ-ਵਟਾਂਦਰੇ ਵਾਲੀਆਂ ਹਵਾਵਾਂ ਸ਼ੂਕਣ ਲੱਗਦੀਆਂ ਹਨ; ਨਾਲ ਹੀ ਸਮਰਥਕੀ ਧਿਰਾਂ ਤੇ ਵਿਰੋਧੀ ਧਿਰਾਂ ਵਿਚਾਲੇ ਇੱਕ ਦੂਜੇ ਦੀ ਮੁਖਾਲਫ਼ਤ ਉਭਰ ਆਉਂਦੀ ਹੈ।
ਗਰਮਖਿਆਲੀ ਜਾਂ ਫਿਰ ਸੁਭਾਅ ਦੇ ਤੱਤੇ ਕੁਝ ਲੋਕ ਗੁਰਦੁਆਰਾ ਚੋਣਾਂ ਦੇ ਸੀਜ਼ਨ ਵਿੱਚ ਜਿਸ ਤਰ੍ਹਾਂ ਦੀ ਕਸ਼ੀਦਗੀ ਪੈਦਾ ਕਰਨ ਦਾ ਸਬੱਬ ਬਣ ਰਹੇ ਹਨ, ਇਹ ਹੁਣ ਬਹੁਤਾ ਲੁਕਿਆ ਨਹੀਂ ਰਹਿ ਗਿਆ। ਫਰਕ ਇਹ ਹੈ ਕਿ ਕੁਝ ਅਨਸਰ ਨਿੱਜੀ ਕਿੜਾਂ ਕੱਢਣ ਉੱਤੇ ਉਤਾਰੂ ਹੋ ਗਏ ਹਨ। ਲਾਗਡਾਟ ਵਾਲੀ ਇਹ ਪ੍ਰਵਿਰਤੀ ਗੁਰਦੁਆਰੇ ਦੀ ਪਵਿੱਤਰਤਾ ਨੂੰ ਤਾਂ ਭੰਗ ਕਰ ਹੀ ਰਹੀ ਹੈ, ਸਗੋਂ ਭਾਈਚਾਰੇ ਵਿੱਚ ਨਿਰਾਸ਼ਾਜਨਕ ਵਰਤਾਰਾ ਵੀ ਬਣਦੀ ਜਾ ਰਹੀ ਹੈ। ਅਜਿਹੇ ਵਿੱਚ ਇਹ ਕਹਿਣਾ ਕਿ ਕਿਹੜੀ ਧਿਰ ਕਿੰਨੀ ਸਹੀ ਹੈ ਤੇ ਕਿਹੜੀ ਧਿਰ ਕਿੱਥੋਂ ਤੱਕ ਗਲਤ ਹੈ, ਮਹਿਜ਼ ਅੰਦਾਜ਼ੇ ਲਾਉਣ ਤੋਂ ਵੱਧ ਕੇ ਕੁਝ ਵੀ ਨਹੀਂ; ਕਿਉਂਕਿ ਆਪੋ ਆਪਣੀਆਂ ਦਲੀਲਾਂ ਦਾ ਸੱਚ ਗੁਰਦੁਆਰੇ ਵਿੱਚ ਖਾਸ ਤੌਰ ‘ਤੇ ਸਰਗਰਮ ਕੁਝ ਲੋਕ ਆਪੋ ਆਪਣੀ ਜ਼ੁਬਾਨ ਉੱਤੇ ਟਿਕਾਈ ਬੈਠੇ ਹਨ। ਵੱਖ-ਵੱਖ ਮੁੱਦਿਆਂ ਉੱਤੇ ਅੱਡੋ ਅੱਡਰੀ ਰਾਏ ਬਣਾ ਲਏ ਜਾਣ ਕਾਰਨ ਕੁਝ ਧਿਰਾਂ ਵਿਚਾਲੇ ਤਾਂ ਬੇਭਰੋਸਗੀ ਦਾ ਹੀ ਆਲਮ ਹੈ। ਇਹ ਧਿਰਾਂ ਸੱਚਮੁੱਚ ਗੁਰਦੁਆਰਾ ਸਾਹਿਬ ਦੀ ਬੇਹਤਰੀ ਲਈ ਤਹੂ ਹਨ, ਇਹ ਕਿਆਸ ਕਰਨਾ ਬਸ ਖੁਦ ਨੂੰ ਧਰਵਾਸ ਦੇਣ ਜਿਹੀ ਗੱਲ ਹੈ! ਇਸ ਗੱਲ ਦੀ ਵੀ ਬਾਰੀਕ ਤੰਦ ਫੜਨ ਦੀ ਲੋੜ ਹੈ ਕਿ ਗੁਰਦੁਆਰਾ ਚੋਣਾਂ ਨੂੰ ਮੁੱਖ ਰੱਖ ਕੇ ਖਾਹ-ਮਖਾਹ ਦੇ ਮੁੱਦਿਆਂ ਨੂੰ ਹਵਾ ਦੇਣੀ ਚੰਗੀ ਰਵਾਇਤ ਨਹੀਂ ਹੈ! ਮਾਹੌਲ ਦੀ ਗੰਭੀਰਤਾ ਨੂੰ ਭਾਂਪਦਿਆਂ ਕੁਝ ਸੁਜੱਗ ਅਤੇ ਨਿਰਪੱਖ ਸ਼ਖਸੀਅਤਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦੀ ਲੋੜ ਹੈ, ਤਾਂ ਜੋ ਗੁਰਦੁਆਰੇ ਵਿਚਲਾ ਮਾਹੌਲ ਹੋਰ ਗਹਿਰ-ਗੰਭੀਰ ਹੋਣ ਤੋਂ ਬਚਾਅ ਹੋਵੇ ਅਤੇ ਸਿਆਸੀ ਤੇ ਨਿੱਜੀ ਕਿੜਾਂ ਵਾਲੀ ਸੋਚ ਨੂੰ ਗੁਰਦੁਆਰੇ ਦੇ ਅਹਾਤੇ ਤੋਂ ਬਾਹਰ ਕੀਤਾ ਜਾ ਸਕੇ। ਉਂਝ ਕਹਿਣ ਵਾਲੇ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਨਾ ਤਾਂ ਪੂਰਨ ਤੌਰ ‘ਤੇ ਇਲੈਕਸ਼ਨ ਅਤੇ ਨਾ ਸਿਲੈਕਸ਼ਨ ਹੀ ਇਸ ਸਭ ਖਲਾਰੇ ਨੂੰ ਠੀਕ ਕਰ ਸਕਦੇ ਹਨ; ਪਰ ਜੇ ਸਭ ਧਿਰਾਂ ਸਿਰਫ ਸਿੱਖੀ ਸਿਧਾਂਤ ਨੂੰ ਮੂਹਰੇ ਰੱਖ ਕੇ ਕੋਸ਼ਿਸ਼ਾਂ ਕਰਨ ਅਤੇ ਵੱਖੋ-ਵੱਖ ਵਿਚਾਰਧਾਰਾਵਾਂ ਨੂੰ ਤਿਆਗ ਕੇ ਸੱਚਮੁੱਚ ਭਾਈਚਾਰਕ ਭਲਾਈ ਦਾ ਤਹੱਈਆ ਕਰਨ ਤਾਂ ਗੁਰਦੁਆਰਾ ਸਾਹਿਬ ਦਾ ਮਾਹੌਲ ਸ਼ਾਂਤਮਈ ਤੇ ਸਦਭਾਵਨਾ ਵਾਲਾ ਬਣ ਸਕਦਾ ਹੈ। ਮਸਲਾ ਤਾਂ ਇਹ ਹੈ ਕਿ “ਕੌਣ ਸਾਹਿਬ ਨੂੰ ਆਖੇ- ਇਉਂ ਨਹੀਂ, ਇੰਝ ਕਰ!”
ਖ਼ੈਰ! ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸੰਗਤੀ ਮਾਹੌਲ ਤੋਂ ਇਹ ਅੰਦਾਜ਼ਾ ਸਹਿਜੇ ਲੱਗ ਰਿਹਾ ਹੈ ਕਿ ਕਿਸੇ ਵਿਸ਼ੇਸ਼ ਧਿਰ ਨੂੰ ਤਵੱਜੋ ਦੇਣ ਨਾਲੋਂ ਵਿਅਕਤੀਗਤ ਤੌਰ ‘ਤੇ ਨਿੱਜੀ ਰਸੂਖ ਵਾਲੇ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਨੂੰ ਪਹਿਲ ਦਿੱਤੀ ਜਾਵੇਗੀ। ਪਰਿਵਾਰਕ ਸਾਂਝਾਂ ਅਤੇ ਰਿਸ਼ਤੇਦਾਰੀਆਂ ਤੇ ਦੋਸਤਾਨਾ ਨਜ਼ਰੀਏ ਤੋਂ ਵੀ “ਵਰ ਮੇਚੇ ਜਾਣ” ਯਾਨੀ ਉਮੀਦਵਾਰ ਚੁਣੇ ਜਾਣ ਦੀ ਸੰਭਾਵਨਾ ਹੈ। ਜਿਨ੍ਹਾਂ ਧਿਰਾਂ ਦੇ ਵਿਚਾਰ ਆਪਸ ਵਿੱਚ ਰਲਗੱਡ ਹਨ, ਉਨ੍ਹਾਂ ਦਾ ਅਸਰ ਵੀ ਚੋਣਾਂ ਉੱਤੇ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇਹ ਸਪਸ਼ਟ ਹੈ ਕਿ ਗੁਰਦੁਆਰਾ ਸਾਹਿਬ ਨਾਲ ਜੁੜੀ ਸਾਰੀ ਸੰਗਤ ਕਿਸੇ ਇੱਕ ਖਾਸ ਵਿਚਾਰਧਾਰਾ ਦੇ ਹੱਕ ਵਿੱਚ ਨਹੀਂ ਹੈ। ਜੇ ਕੋਈ ਕਥਿਤ ਖਾਲਿਸਤਾਨ ਦਾ ਮੁੱਦਈ ਹੈ, ਤਾਂ ਕੁਝ ਨੂੰ ਇਹ ਰੜਕਦਾ ਹੈ; ਕਿਉਂਕਿ ਇਸ ਨੂੰ ਸਿਆਸਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਸੰਗਤ ਨੇ ਮਹਿਸੂਸ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਤੇ ਖਾਲਿਸਤਾਨ ਪੱਖੀਆਂ ਦਾ ਦਬਦਬਾ ਬਣਿਆ ਹੋਇਆ ਹੈ। ਇਸੇ ਕਰਕੇ ਕੁਝ ਲੋਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਉੱਤੇ ਭਵਿੱਖ ਵਿੱਚ ਕਿਸੇ ਇੱਕ ਧਿਰ ਦੇ ਕਾਬਜ਼ ਹੋਣ ਨੂੰ ਲੈ ਕੇ ਚਿੰਤਤ ਹਨ; ਤੇ ਕੁਝ ਲੋਕ ਚਾਹੁੰਦੇ ਹਨ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਭ ਧਿਰਾਂ ਵੱਲੋਂ ਰਲ-ਮਿਲ ਕੇ ਸਹਿਜਮਈ ਚਲਾਇਆ ਜਾਵੇ। ਕਥਿਤ ਤੌਰ ‘ਤੇ ਪਰਿਵਾਰਵਾਦ ਦੇ ਵੱਧਦੇ ਪ੍ਰਭਾਵ ਤੋਂ ਵੀ ਕੁਝ ਲੋਕ ਤੌਖਲੇ ਵਿੱਚ ਹਨ। ਇਸ ਤੋਂ ਇਲਾਵਾ ਕੋਈ ਰਹਿਤ ਮਰਿਆਦਾ ਦੇ ਪੂਰਨ ਤੌਰ ‘ਤੇ ਹੱਕ ਵਿੱਚ ਹੈ ਅਤੇ ਕੁਝ ਨੂੰ ਰਹਿਤ ਮਰਿਆਦਾ ਵਿੱਚ ਸ਼ਾਮਿਲ ਕੀਤੀਆਂ ਗਈਆਂ ਕੁਝ ਗੱਲਾਂ ‘ਤੇ ਇਤਰਾਜ਼ ਹੈ। ਗੁਰੂਘਰ ਦੀਆਂ ਵੱਖ-ਵੱਖ ਕਮੇਟੀਆਂ ਵਿੱਚ ਆਪਣੇ ਬੰਦੇ ਫਿੱਟ ਕਰਨੇ, ਮੈਂਬਰਸ਼ਿੱਪ, ਸੰਵਿਧਾਨ ਵਿੱਚ ਸੋਧ ਵਾਲੇ ਖਰੜੇ ਅਤੇ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਵੀ ਹਨ, ਜਿਸ ਕਾਰਨ ਵਿਚਾਰਧਾਰਕ ਮਤਭੇਦ ਬਣੇ ਹੋਏ ਹਨ।
ਗੁਰਦੁਆਰਾ ਪ੍ਰਬੰਧਨ ਨਾਲ ਜੁੜੇ ਜਿਹੜੇ ਸ਼ਖਸ ਮੁੜ ਚੋਣ ਲੜਨ ਦੇ ਚਾਹਵਾਨ ਸਨ, ਉਨ੍ਹਾਂ ਵਿੱਚੋਂ ਕੁਝ ਨੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਹਨ। ਇਸ ਪਿੱਛੇ ਕਾਰਨ ਭਾਵੇਂ ਕੁਝ ਹੋਰ ਵੀ ਹੋਣ, ਪਰ ਕਿਹਾ ਜਾ ਸਕਦਾ ਹੈ ਕਿ ਆਪਸੀ ਕਸ਼ਮਕਸ਼ ਦੇ ਚਲਦਿਆਂ ਕੁਝ ਨੇ ਕਾਗਜ਼ ਵਾਪਸ ਲੈਣ ਦੀ ਸਿਆਣਪ ਕਰ ਲਈ ਹੈ; ਹਾਲਾਂਕਿ ਗੁਰਦੁਆਰਾ ਪੈਲਾਟਾਈਨ ਦੀਆਂ ਪਿਛਲੀਆਂ ਚੋਣਾਂ ਦੌਰਾਨ ਚੁਣੇ ਗਏ ਕੁਝ ਸ਼ਖਸ ਹਾਲੇ ਵੀ ਚੋਣ ਲੜਨ ਦੇ ਚਾਹਵਾਨ ਹਨ। ਇਸ ਵਰਤਾਰੇ ਉੱਤੇ ਕੁਝ ਲੋਕਾਂ ਨੇ ਨਿੱਜੀ ਤੌਰ ‘ਤੇ ਇਤਰਾਜ਼ ਪ੍ਰਗਟਾਏ ਹਨ, ਜਿਸ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਦਿਨਾਂ ਦੌਰਾਨ ਚਰਚਾ ਚਲਦੀ ਰਹੀ ਹੈ, ਪਰ ਗੁਰੂਘਰ ਦੇ ਬੋਰਡ ਲਈ ਜਾਂ ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਦੀ ਮੈਂਬਰੀ ਲਈ ਚੋਣ ਉਮੀਦਵਾਰ ਬਣਨਾ ਜਾਂ ਨਾ ਬਣਨਾ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ ਹੈ; ਬਸ਼ਰਤੇ ਗੁਰੂਘਰ ਦਾ ਸੰਵਿਧਾਨ ਉਸ ਦੀ ਇਜਾਜ਼ਤ ਦਿੰਦਾ ਹੋਵੇ। ਉਂਝ ਵੀ ਅੜਬ-ਅੜਬਾਈਆਂ ਕੀਤੇ ਜਾਣ ਕਾਰਨ ਤਲਖੀ ਹੋਰ ਵਧ ਜਾਣ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜਿਸ ਦਾ ਇੱਕ ਝਲਕਾਰਾ ਐਤਵਾਰ, 15 ਫਰਵਰੀ ਨੂੰ ਬਹੁਤੀ ਸੰਗਤ ਨੇ ਦੇਖ ਹੀ ਲਿਆ ਹੈ (‘ਮੈਂ’ ਹੀ ‘ਮੈਂ’ ਦਾ ਰੌਲਾ ਸੱਜਣਾ, ‘ਤੂੰ’ ਹੀ ‘ਤੂੰ’ ਤਾਂ ਗੁੰਮ ਹੈ… ਗੁੰਮ ਹੈ…)।
ਇਹ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਮੌਜੂਦਾ ਪ੍ਰਬੰਧਕਾਂ ਵਿੱਚੋਂ ਜਿਨ੍ਹਾਂ ਨੇ ਮੁੜ ਚੋਣ ਲੜਨ ਲਈ ਨਾਮਜ਼ਦਗੀ ਕਾਗਜ਼ ਭਰੇ ਸਨ, ਉਨ੍ਹਾਂ ਵਿੱਚੋਂ ਕੁਝ ਇਕਨਾਂ ਦੇ ‘ਪੰਥਕ ਸਲੇਟ’ ਦੇ ਹੀ ਕੁਝ ਸਮਰਥਕ ਮਤਭੇਦ ਕਾਰਨ ਵਿਰੋਧ ਵਿੱਚ ਹਨ, ਜਿਸ ਨਾਲ ਸਥਿਤੀ ਦਾ ਰੁਖ ਬਦਲਿਆ ਹੋਇਆ ਹੈ। ਚੇਤੇ ਰਹੇ, ਪਿਛਲੀ ਵਾਰ ਦੀਆਂ ਚੋਣਾਂ ਵਿੱਚ ‘ਪੰਥਕ ਸਲੇਟ’ ਦੀ ਹੂੰਝਾਫੇਰੂ ਜਿੱਤ ਹੋਈ ਸੀ। ਸਵਾਲ ਇਹ ਹੈ ਕਿ ਇਸ ਸਭ ਦੇ ਪਿੱਛੇ ਅਸਲ ਕਾਰਨ ਕੀ ਹਨ? ਗੁਰਦੁਆਰੇ ਨਾਲ ਸੰਬੰਧਿਤ ਮੁੱਦੇ ਜਾਂ ਫਿਰ ਆਪਸੀ ਖਿੱਚੋਤਾਣ? ਜਾਂ ਗੁਰਦੁਆਰਾ ਸਾਹਿਬ ਉਤੇ ਹਾਵੀ ਹੋ ਰਹੀ ਇੱਕ ਵਿਸ਼ੇਸ਼ ਵਿਚਾਰਧਾਰਾ, ਜਿਸ ਦੀ ਜੜ੍ਹ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ? ਦੂਜੇ ਪਾਸੇ, ਆਪਸੀ ਸਹਿਮਤੀ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ, ਪਰ ਦੇਖੋ ਬੂਰ ਪੈਂਦਾ ਹੈ ਜਾਂ ਨਹੀਂ!

Leave a Reply

Your email address will not be published. Required fields are marked *