ਮੋਟਾਪਾ ਬਣ ਰਿਹਾ ‘ਸਾਇਲੈਂਟ ਕਿਲਰ’

ਆਮ-ਖਾਸ

*ਇਨਫੈਕਸ਼ਨ ਨਾਲ ਜੁੜੀਆਂ ਹਰ ਦਸਵੀਂ ਮੌਤ ਦੇ ਪਿੱਛੇ ਵੱਧਦਾ ਵਜ਼ਨ
ਮੈਡੀਕਲ ਜਨਰਲ ‘ਲੈਂਸੇਟ’ ਵਿੱਚ ਛਪੇ ਅਧਿਐਨ ਦਾ ਖੁਲਾਸਾ-2023 ਵਿੱਚ ਇਨਫੈਕਸ਼ਨ ਨਾਲ ਹੋਈਆਂ 54 ਲੱਖ ਮੌਤਾਂ ਵਿੱਚੋਂ ਲਗਭਗ 6 ਲੱਖ ਮੋਟਾਪੇ ਨਾਲ ਜੁੜੀਆਂ
ਪੰਜਾਬੀ ਪਰਵਾਜ਼ ਬਿਊਰੋ
ਅੱਜ ਦੇ ਸਮੇਂ ਵਿੱਚ ਮੋਟਾਪਾ ਸਿਰਫ਼ ਇੱਕ ਆਮ ਸਿਹਤ ਸਮੱਸਿਆ ਨਹੀਂ ਰਿਹਾ, ਸਗੋਂ ਇਹ ਹੌਲੀ-ਹੌਲੀ ਇੱਕ ‘ਸਾਇਲੈਂਟ ਕਿਲਰ’ ਵਜੋਂ ਸਾਹਮਣੇ ਆ ਰਿਹਾ ਹੈ। ਮਸ਼ਹੂਰ ਮੈਡੀਕਲ ਜਰਨਲ ਲੈਂਸੇਟ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਅੰਤਰਰਾਸ਼ਟਰੀ ਅਧਿਐਨ ਨੇ ਦਰਸਾਇਆ ਹੈ ਕਿ ਵਧਦਾ ਵਜ਼ਨ ਸਰੀਰ ਦੀ ਰੋਗ-ਰੋਧਕ ਸਮਰੱਥਾ ਨੂੰ ਕਮਜ਼ੋਰ ਕਰ ਦਿੰਦਾ ਹੈ। ਇਸ ਕਾਰਨ ਆਮ ਜਿਹੇ ਇਨਫੈਕਸ਼ਨ ਵੀ ਗੰਭੀਰ ਬਿਮਾਰੀਆਂ ਵਿੱਚ ਬਦਲ ਸਕਦੇ ਹਨ ਅਤੇ ਕਈ ਵਾਰ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ।

ਅਧਿਐਨ ਮੁਤਾਬਕ ਸਾਲ 2023 ਵਿੱਚ ਦੁਨੀਆ ਭਰ ਵਿੱਚ ਇਨਫੈਕਸ਼ਨ ਕਾਰਨ ਹੋਈਆਂ ਲਗਭਗ 54 ਲੱਖ ਮੌਤਾਂ ਵਿੱਚੋਂ ਕਰੀਬ 6 ਲੱਖ ਮੌਤਾਂ ਮੋਟਾਪੇ ਨਾਲ ਜੁੜੀਆਂ ਹੋਈਆਂ ਸਨ। ਇਸ ਦਾ ਮਤਲਬ ਹੈ ਕਿ ਇਨਫੈਕਸ਼ਨ ਨਾਲ ਹੋਣ ਵਾਲੀ ਹਰ ਦਸਵੀਂ ਮੌਤ ਦੇ ਪਿੱਛੇ ਵਧਦਾ ਵਜ਼ਨ ਇੱਕ ਵੱਡਾ ਕਾਰਕ ਬਣ ਰਿਹਾ ਹੈ।
ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੋਟਾਪਾ ਹੁਣ ਇੱਕ ਵੱਡੀ ਗਲੋਬਲ ਸਿਹਤ ਚੁਣੌਤੀ ਬਣ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆ ਵਿੱਚ ਇੱਕ ਅਰਬ ਤੋਂ ਵੱਧ ਲੋਕ ਮੋਟਾਪੇ ਦਾ ਸ਼ਿਕਾਰ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਅਤੇ ਨੌਜਵਾਨ ਵੀ ਸ਼ਾਮਲ ਹਨ। ਪਿਛਲੇ ਤਿੰਨ ਦਹਾਕਿਆਂ ਦੌਰਾਨ ਦੁਨੀਆ ਵਿੱਚ ਮੋਟਾਪੇ ਦੀ ਦਰ ਲਗਭਗ ਦੋ ਗੁਣਾਂ ਹੋ ਚੁੱਕੀ ਹੈ। ਭਾਰਤ ਵਿੱਚ ਵੀ ਇਹ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਵੱਖ-ਵੱਖ ਸਿਹਤ ਰਿਪੋਰਟਾਂ ਅਨੁਸਾਰ ਭਾਰਤ ਦੇ ਸ਼ਹਿਰੀ ਇਲਾਕਿਆਂ ਵਿੱਚ ਲਗਭਗ 25 ਤੋਂ 30 ਫੀਸਦੀ ਲੋਕ ਵੱਧ ਵਜ਼ਨ ਜਾਂ ਮੋਟਾਪੇ ਦਾ ਸ਼ਿਕਾਰ ਹਨ। ਇਹ ਹਾਲਤ ਇਸ ਲਈ ਵੀ ਚਿੰਤਾਜਨਕ ਹੈ, ਕਿਉਂਕਿ ਮੋਟਾਪਾ ਸਿਰਫ਼ ਦਿਲ ਦੀਆਂ ਬਿਮਾਰੀਆਂ ਜਾਂ ਸ਼ੂਗਰ ਨਾਲ ਹੀ ਨਹੀਂ, ਸਗੋਂ ਇਨਫੈਕਸ਼ਨ ਦੇ ਖ਼ਤਰੇ ਨਾਲ ਵੀ ਜੁੜਦਾ ਜਾ ਰਿਹਾ ਹੈ।
5.4 ਲੱਖ ਲੋਕਾਂ ‘ਤੇ ਕੀਤਾ ਗਿਆ ਅਧਿਐਨ
ਇਹ ਅਧਿਐਨ ਲਗਭਗ 5.4 ਲੱਖ ਬਾਲਗ ਲੋਕਾਂ ਦੇ ਡਾਟਾ ਦੇ ਆਧਾਰ ’ਤੇ ਕੀਤਾ ਗਿਆ। ਇਸ ਵਿੱਚ ਫਿਨਲੈਂਡ ਦੇ ਲਗਭਗ 67 ਹਜ਼ਾਰ ਲੋਕਾਂ ਅਤੇ ਯੂ.ਕੇ. ਬਾਇਓਬੈਂਕ ਦੇ 4.7 ਲੱਖ ਤੋਂ ਵੱਧ ਲੋਕਾਂ ਦੇ ਸਿਹਤ ਅੰਕੜੇ ਸ਼ਾਮਲ ਕੀਤੇ ਗਏ।
ਸ਼ੋਧਕਾਰਾਂ ਨੇ ਅਧਿਐਨ ਦੀ ਸ਼ੁਰੂਆਤ ਵਿੱਚ ਸਾਰੇ ਭਾਗੀਦਾਰਾਂ ਦਾ ਬਾਡੀ ਮਾਸ ਇੰਡੈਕਸ (ਬੀ.ਐਮ.ਆਈ.) ਮਾਪਿਆ ਅਤੇ ਫਿਰ ਲਗਭਗ 13 ਤੋਂ 14 ਸਾਲਾਂ ਤੱਕ ਉਨ੍ਹਾਂ ਦੀ ਸਿਹਤ ‘ਤੇ ਨਿਗਰਾਨੀ ਕੀਤੀ।
ਬੀ.ਐਮ.ਆਈ. ਇੱਕ ਅਜਿਹਾ ਮਾਪਦੰਡ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਦਾ ਵਜ਼ਨ ਉਸਦੀ ਲੰਬਾਈ ਦੇ ਮੁਕਾਬਲੇ ਠੀਕ ਹੈ ਜਾਂ ਨਹੀਂ। 18.5 ਤੋਂ 24.9- ਆਮ ਵਜ਼ਨ; 25 ਤੋਂ 29.9- ਓਵਰਵੈਟ ਅਤੇ 30 ਜਾਂ ਇਸ ਤੋਂ ਵੱਧ- ਮੋਟਾਪਾ। ਅਧਿਐਨ ਵਿੱਚ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਦਾ ਬੀ.ਐਮ.ਆਈ. 30 ਜਾਂ ਇਸ ਤੋਂ ਵੱਧ ਸੀ, ਉਨ੍ਹਾਂ ਵਿੱਚ ਕਿਸੇ ਵੀ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣ ਜਾਂ ਮੌਤ ਦਾ ਖ਼ਤਰਾ ਆਮ ਵਜ਼ਨ ਵਾਲੇ ਲੋਕਾਂ ਨਾਲੋਂ ਲਗਭਗ 70 ਫੀਸਦੀ ਵੱਧ ਸੀ। ਜੇ ਕਿਸੇ ਵਿਅਕਤੀ ਦਾ ਬੀ.ਐਮ.ਆਈ. 40 ਜਾਂ ਇਸ ਤੋਂ ਵੀ ਵੱਧ ਹੋਵੇ ਤਾਂ ਹਾਲਤ ਹੋਰ ਗੰਭੀਰ ਹੋ ਜਾਂਦੀ ਹੈ। ਅਜਿਹੇ ਲੋਕਾਂ ਵਿੱਚ ਗੰਭੀਰ ਇਨਫੈਕਸ਼ਨ ਦਾ ਖ਼ਤਰਾ ਤਿੰਨ ਗੁਣਾ ਤੱਕ ਵੱਧ ਸਕਦਾ ਹੈ।
ਯੂ.ਕੇ. ਦੇ ਅੰਕੜਿਆਂ ਅਨੁਸਾਰ ਆਮ ਵਜ਼ਨ ਵਾਲੇ ਲੋਕਾਂ ਵਿੱਚ ਗੰਭੀਰ ਇਨਫੈਕਸ਼ਨ ਦਾ ਸਾਲਾਨਾ ਖ਼ਤਰਾ 1.1 ਫੀਸਦੀ ਸੀ, ਜਦਕਿ ਮੋਟਾਪੇ ਨਾਲ ਪੀੜਤ ਲੋਕਾਂ ਵਿੱਚ ਇਹ ਵੱਧ ਕੇ 1.8 ਫੀਸਦੀ ਤੱਕ ਪਹੁੰਚ ਗਿਆ।
ਅਧਿਐਨ ਵਿੱਚ ਕਈ ਆਮ ਬਿਮਾਰੀਆਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿੱਚ ਪਤਾ ਲੱਗਿਆ ਕਿ ਮੋਟਾਪੇ ਕਾਰਨ ਕਈ ਕਿਸਮ ਦੇ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਇਹ ਬਿਮਾਰੀਆਂ ਸ਼ਾਮਲ ਹਨ: ਫਲੂ, ਕੋਵਿਡ-19, ਨਿਮੋਨੀਆ, ਗੈਸਟ੍ਰੋਐਂਟਰਾਈਟਿਸ, ਯੂਰੀਨਰੀ ਟ੍ਰੈਕਟ ਇਨਫੈਕਸ਼ਨ, ਸਾਹ ਦੀਆਂ ਬਿਮਾਰੀਆਂ। ਹਾਲਾਂਕਿ ਐਚ.ਆਈ.ਵੀ. ਅਤੇ ਟੀ.ਬੀ. ਦੇ ਮਾਮਲਿਆਂ ਵਿੱਚ ਮੋਟਾਪੇ ਨਾਲ ਸਿੱਧਾ ਸੰਬੰਧ ਸਪਸ਼ਟ ਨਹੀਂ ਮਿਲਿਆ। ਕੋਵਿਡ-19 ਮਹਾਂਮਾਰੀ ਦੌਰਾਨ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਮੋਟਾਪੇ ਨਾਲ ਪੀੜਤ ਲੋਕਾਂ ਵਿੱਚ ਗੰਭੀਰ ਕੋਵਿਡ ਦਾ ਖ਼ਤਰਾ ਕਾਫ਼ੀ ਵੱਧ ਹੁੰਦਾ ਹੈ।
ਅਧਿਐਨ ਨਾਲ ਜੁੜੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੋਟਾਪਾ ਸਰੀਰ ਦੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ। ਜਦੋਂ ਸਰੀਰ ਦੀ ਰੋਗ-ਰੋਧਕ ਤਾਕਤ ਘਟ ਜਾਂਦੀ ਹੈ ਤਾਂ ਉਹ ਬੈਕਟੀਰੀਆ, ਵਾਇਰਸ ਅਤੇ ਹੋਰ ਜੀਵਾਣੂਆਂ ਨਾਲ ਠੀਕ ਤਰ੍ਹਾਂ ਲੜ ਨਹੀਂ ਸਕਦਾ। ਇਸ ਕਾਰਨ ਆਮ ਜਿਹਾ ਇਨਫੈਕਸ਼ਨ ਵੀ ਗੰਭੀਰ ਰੂਪ ਧਾਰ ਸਕਦਾ ਹੈ।
ਅਧਿਐਨ ਦਾ ਇੱਕ ਮਹੱਤਵਪੂਰਣ ਨਤੀਜਾ ਇਹ ਵੀ ਸਾਹਮਣੇ ਆਇਆ ਕਿ ਵਜ਼ਨ ਘਟਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਘਟ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਆਪਣਾ ਵਜ਼ਨ ਘਟਾ ਕੇ ਮੋਟਾਪੇ ਤੋਂ ਆਮ ਬੀ.ਐਮ.ਆਈ. ਦੀ ਸ਼੍ਰੇਣੀ ਵਿੱਚ ਵਾਪਸੀ ਕੀਤੀ, ਉਨ੍ਹਾਂ ਵਿੱਚ ਗੰਭੀਰ ਇਨਫੈਕਸ਼ਨ ਦਾ ਖ਼ਤਰਾ ਲਗਭਗ 20 ਫੀਸਦੀ ਘਟ ਗਿਆ। ਇਸ ਦੇ ਉਲਟ ਜਿਨ੍ਹਾਂ ਲੋਕਾਂ ਦਾ ਵਜ਼ਨ ਵੱਧ ਕੇ ਮੋਟਾਪੇ ਦੀ ਸ਼੍ਰੇਣੀ ਵਿੱਚ ਪਹੁੰਚ ਗਿਆ, ਉਨ੍ਹਾਂ ਵਿੱਚ ਇਹ ਖ਼ਤਰਾ ਕਰੀਬ 30 ਫੀਸਦੀ ਵੱਧ ਗਿਆ।
ਅਧਿਐਨ ਅਨੁਸਾਰ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਮੋਟਾਪਾ ਇੱਕ ਮਹੱਤਵਪੂਰਨ ਕਾਰਕ ਬਣ ਰਿਹਾ ਹੈ। ਅਮਰੀਕਾ ਵਿੱਚ ਇਨਫੈਕਸ਼ਨ ਨਾਲ ਹੋਈਆਂ ਮੌਤਾਂ ਵਿੱਚ 26 ਫੀਸਦੀ ਮਾਮਲਿਆਂ ਵਿੱਚ ਮੋਟਾਪਾ ਕਾਰਕ ਸੀ। ਬ੍ਰਿਟੇਨ ਵਿੱਚ ਇਹ ਅੰਕੜਾ 16 ਫੀਸਦੀ; ਫਿਨਲੈਂਡ ਵਿੱਚ 19 ਫੀਸਦੀ; ਸਵੀਡਨ ਵਿੱਚ 13 ਫੀਸਦੀ; ਨਾਰਵੇ ਵਿੱਚ 11 ਫੀਸਦੀ ਅਤੇ ਡੈਨਮਾਰਕ ਵਿੱਚ 12 ਫੀਸਦੀ ਰਿਹਾ। ਇਹ ਅੰਕੜੇ ਦਰਸਾਉਂਦੇ ਹਨ ਕਿ ਵਿਕਸਿਤ ਦੇਸ਼ਾਂ ਵਿੱਚ ਵੀ ਮੋਟਾਪਾ ਇੱਕ ਵੱਡੀ ਸਿਹਤ ਸਮੱਸਿਆ ਬਣ ਚੁੱਕਾ ਹੈ।
ਸਿਹਤ ਵਿਸ਼ੇਸ਼ਗਿਆਨਾਂ ਅਨੁਸਾਰ ਮੋਟਾਪੇ ਨੂੰ ਕਾਬੂ ਕਰਨ ਲਈ ਲੋਕਾਂ ਨੂੰ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਜਿਵੇਂ ਕਿ: ਸੰਤੁਲਿਤ ਅਤੇ ਪੌਸ਼ਟਿਕ ਖੁਰਾਕ; ਰੋਜ਼ਾਨਾ ਕਸਰਤ; ਵੱਧ ਚੀਨੀ ਤੇ ਜੰਕ ਫੂਡ ਤੋਂ ਬਚਾਅ ਅਤੇ ਰੈਗੂਲਰ ਸਿਹਤ ਜਾਂਚ। ਇਸ ਦੇ ਨਾਲ ਹੀ ਮੋਟਾਪੇ ਨਾਲ ਪੀੜਤ ਲੋਕਾਂ ਲਈ ਟੀਕਾਕਰਨ ਅਤੇ ਬੂਸਟਰ ਡੋਜ਼ ਵੀ ਮਹੱਤਵਪੂਰਨ ਮੰਨੇ ਜਾਂਦੇ ਹਨ, ਤਾਂ ਜੋ ਇਨਫੈਕਸ਼ਨ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ।
ਭਾਵੇਂ ਇਹ ਅਧਿਐਨ ਪੂਰੀ ਤਰ੍ਹਾਂ ਕਾਰਨ ਅਤੇ ਪ੍ਰਭਾਵ ਨੂੰ ਸਾਬਤ ਨਹੀਂ ਕਰਦਾ, ਪਰ ਇਹ ਸਪਸ਼ਟ ਕਰਦਾ ਹੈ ਕਿ ਮੋਟਾਪਾ ਹੁਣ ਸਿਰਫ਼ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੱਕ ਹੀ ਸੀਮਿਤ ਨਹੀਂ। ਇਹ ਗੰਭੀਰ ਇਨਫੈਕਸ਼ਨ ਅਤੇ ਮੌਤ ਦੇ ਖ਼ਤਰੇ ਨੂੰ ਵੀ ਵਧਾ ਸਕਦਾ ਹੈ। ਸਿਹਤ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਮੋਟਾਪੇ ਦੀ ਸਮੱਸਿਆ ਨੂੰ ਸਮੇਂ ਸਿਰ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਦੁਨੀਆ ਲਈ ਇੱਕ ਵੱਡਾ ਸਿਹਤ ਸੰਕਟ ਬਣ ਸਕਦੀ ਹੈ।

Leave a Reply

Your email address will not be published. Required fields are marked *