ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਬਾਰ੍ਹਵੀਂ ਕਿਸ਼ਤ, ਜਿਸ ਵਿੱਚ ਸ਼ਹੀਦ ਭਗਤ ਸਿੰਘ ਦੇ ਪਿੰਡ ਦੀ ਫੇਰੀ ਦਾ ਸੰਖੇਪ ਵੇਰਵਾ ਦਰਜ ਹੈ…
ਰਵਿੰਦਰ ਸਹਿਰਾਅ
ਫੋਨ: 219-900-1115
ਪਹਿਲੀ ਮਾਰਚ, ਵੀਹ ਸੌ ਚੌਵੀ ਦਿਨ ਸ਼ੁੱਕਰਵਾਰ, ਲਾਹੌਰ ਵਿੱਚ ਮਾਧੋ ਲਾਲ ਹੁਸੈਨ (ਸ਼ਾਹ ਹੁਸੈਨ) ਦੀ ਯਾਦ ਵਿੱਚ ‘ਮੇਲਾ ਚਿਰਾਗ਼ਾਂ ਦਾ’ ਦੀ ਸ਼ੁਰੂਆਤ ਦਾ ਦਿਨ ਸੀ। ਦੱਸਦੇ ਹਨ ਕਿ ਕਦੀ ਹਜ਼ਾਰਾਂ ਦੀ ਗਿਣਤੀ ’ਚ ਲੋਕ ਸ਼ਾਮਲ ਹੁੰਦੇ ਸਨ ਪਰ ਹੁਣ ਤਾਂ ਕੁਝ ਅਦੀਬ ਹੀ ਇਕੱਠੇ ਹੋ ਕੇ ਮਨਾਉਂਦੇ ਹਨ। ਸਾਡਾ ਪ੍ਰੋਗਰਾਮ ਭਗਤ ਸਿੰਘ ਦੇ ਪਿੰਡ ਜਾਣ ਦਾ ਸੀ, ਸੋ ਅਸੀਂ ਸਵੇਰੇ ਨੌਂ ਕੁ ਵਜੇ ਨਿਕਲ ਪਏ। ਉਸਦਾ ਪਿੰਡ ਬੰਗਾ, ਤਹਿਸੀਲ ਜੜ੍ਹਾਂਵਾਲਾ (ਜ਼ਿਲ੍ਹਾ ਲਾਇਲਪੁਰ) ਵਿੱਚ ਹੈ, ਜੋ ਲਾਹੌਰ ਤੋਂ ਕਰੀਬ 140 ਕਿਲੋਮੀਟਰ ਹੈ। ਸਾਡਾ ਡਰਾਈਵਰ ਇਮਰਾਨ ਵੀ ਪਹਿਲੀ ਵੇਰ ਇੱਥੇ ਜਾ ਰਿਹਾ ਸੀ। ਤਾਹਿਰ ਸੰਧੂ ਵੀ ਸਾਡੇ ਨਾਲ਼ ਸੀ ਤੇ ਉਹ ਵੀ ਪਹਿਲੀ ਵੇਰ ਭਗਤ ਸਿੰਘ ਦੇ ਪਿੰਡ ਜਾ ਰਿਹਾ ਸੀ। ਗੱਲਾਂ-ਬਾਤਾਂ ਕਰਦੇ ਅਸੀਂ ਦੋ-ਢਾਈ ਘੰਟੇ ਵਿੱਚ ਜੜ੍ਹਾਂਵਾਲਾ ਪਹੁੰਚ ਗਏ। ਮੀਂਹ ਕਾਰਨ ਸੜਕਾਂ ਦਾ ਬੁਰਾ ਹਾਲ ਸੀ।
ਸੜਕ ਉੱਪਰ ‘ਤਾਰੀਖ਼ੀ ਹਵੇਲੀ ਭਗਤ ਸਿੰਘ’ ਦਾ ਸਾਈਨ ਲੱਗਾ ਦੇਖ ਕੇ ਸਾਨੂੰ ਚਾਅ ਚੜ੍ਹ ਗਿਆ। ਇਹ ਇੱਕ ਨਹਿਰ ਦੇ ਨਾਲ਼ ਜਾਂਦੀ ਸੜਕ ਵੱਲ ਇਸ਼ਾਰਾ ਕਰਦਾ ਦਿਖਾਇਆ ਗਿਆ ਸੀ। ਅਸੀਂ ਕਿਸੇ ਕੋਲੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਸ ਦੋ-ਤਿੰਨ ਕਿਲੋਮੀਟਰ ਜਾ ਕੇ ਖੱਬੇ ਪਾਸੇ ਮੁੜ ਜਾਇਉ; ਪਰ ਅਸੀਂ ਅਗਾਂਹ ਨਿਕਲ ਗਏ ਕਿਉਂਕਿ ਉੱਥੇ ਪਿੰਡ ਦਾ ਕੋਈ ਸਾਈਨ ਨਹੀਂ ਸੀ। ਪੱਠਿਆਂ ਨਾਲ਼ ਲੱਦੇ ਇੱਕ ਰੇੜ੍ਹੇ ਵਾਲੇ ਕੋਲੋਂ ਪੁੱਛਿਆ ਤਾਂ ਉਹਨੇ ਸਾਨੂੰ ਪਿਛਾਂਹ ਮੁੜਨ ਨੂੰ ਕਿਹਾ। ਇਹ ਇੱਕ ਕੱਚਾ ਜਿਹਾ ਰਾਹ ਸੀ। ਟੋਇਆਂ ਦੀ ਭਰਮਾਰ ਵਾਲਾ। ਚੰਗੀ ਕਿਸਮਤ ਨੂੰ ਮੀਂਹ ਨਹੀਂ ਸੀ ਪਿਆ, ਨਹੀਂ ਤਾਂ ਕਾਰ ਲਿਜਾਣੀ ਕਿਸੇ ਮੁਸੀਬਤ ਤੋਂ ਘੱਟ ਨਹੀਂ ਸੀ। ਸਾਨੂੰ ਦੁੱਖ ਵੀ ਹੋਇਆ ਕਿ ਸਾਡੇ ਕੌਮੀ ਸ਼ਹੀਦ ਦੇ ਪਿੰਡ ਨੂੰ ਜਾਂਦਾ ਇਹ ਛੋਟਾ ਜਿਹਾ ਟੋਟਾ ਵੀ ਪੱਕਾ ਨਹੀਂ ਕੀਤਾ ਗਿਆ।
ਅਸੀਂ ਪਿੰਡ ਵਿੱਚ ਪਹੁੰਚ ਗਏ। ਸ਼ਹੀਦ ਦੇ ਘਰ ਮੂਹਰੇ ਸਾਕਿਬ ਇਕਬਾਲ ਵਿਰਕ ਦੇ ਨਾਂ ਵਾਲਾ ਵੱਡਾ ਸਾਰਾ ਇਸ਼ਤਿਹਾਰੀ ਕਿਸਮ ਦਾ ਬੋਰਡ ਲੱਗਾ ਹੋਇਆ ਸੀ, ਜਿਸ ਉੱਪਰ ਉਸਦਾ ਫ਼ੋਨ ਨੰਬਰ ਵੀ ਲਿਖਿਆ ਹੋਇਆ ਸੀ। ਕੁਝ ਲੋਕ ਵੀ ਸਾਨੂੰ ਦੇਖ ਕੇ ਉੱਥੇ ਇਕੱਠੇ ਹੋ ਗਏ। ਇੱਕ ਨੌਜਵਾਨ ਨੇ ਦੱਸਿਆ ਕਿ ਸਾਕਿਬ ਨੂੰ ਫ਼ੋਨ ਕਰ ਲਉ, ਉਹ ਆ ਕੇ ਤੁਹਾਨੂੰ ਮਿਊਜ਼ੀਅਮ ਦਿਖਾ ਦੇਣਗੇ। ਤਾਹਿਰ ਨੇ ਰੁਕ-ਰੁਕ ਕੇ ਕਈ ਵਾਰ ਫ਼ੋਨ ਕੀਤਾ, ਪਰ ਕਿਸੇ ਵਜ੍ਹਾ ਕਾਰਨ ਉਨ੍ਹਾਂ ਫ਼ੋਨ ਨਾ ਚੁੱਕਿਆ। ਅਸੀਂ ਅੱਗੇ ਵਧੇ ਤੇ ਦੇਖਿਆ ਕਿ ਇੱਕ ਨੀਵੀਂ ਜਿਹੀ ਥਾਂ ’ਤੇ ਇੱਕ ਕਮਰੇ ਨੂੰ ਕੋਈ ਜਿੰਦਰਾ ਨਹੀਂ ਸੀ, ਸਿਰਫ਼ ਕੁੰਡਾ ਹੀ ਸੀ। ਨਾਲ਼ ਵਾਲੀ ਪੱਕੀ ਵੱਡ-ਆਕਾਰੀ ਇਮਾਰਤ ਜੋ ਦੱਸਦੇ ਨੇ ਹੁਣ ਸਾਕਿਬ ਇਕਬਾਲ ਹੋਰਾਂ ਦੀ ਮਲਕੀਅਤ ਹੈ, ਉੱਥੇ ਲੋਹੇ ਦਾ ਗੇਟ ਸੀ ਅਤੇ ਤਾਲਾ ਵੀ ਲੱਗਿਆ ਹੋਇਆ ਸੀ।
ਅਸੀਂ ਨੀਵੇਂ ਜਿਹੇ ਕਮਰੇ ਵੱਲ ਜਾ ਕੇ ਕੁੰਡਾ ਖੋਲਿ੍ਹਆ। ਅੰਦਰ ਹਨੇਰਾ ਸੀ। ਤਾਹਿਰ ਨੇ ਏਧਰ-ਓਧਰ ਦੇਖਿਆ (ਫ਼ੋਨ ਦੀ ਲੋਅ ਨਾਲ਼) ਤਾਂ ਅੰਦਰ ਕੈਮਰੇ ਵੀ ਲੱਗੇ ਹੋਏ ਸਨ ਅਤੇ ਬਿਜਲੀ ਵਾਲੇ ਬਲਬ ਵੀ ਸਨ। ਉਸਨੇ ਬੱਤੀ ਜਗਾਈ। ਇਹ ਇੱਕ ਦਲਾਨ ਦੀ ਕਿਸਮ ਦਾ ਕਮਰਾ ਸੀ। ਕੰਧਾਂ ਉੱਪਰ ਗ਼ਦਰੀ ਬਾਬਿਆਂ ਦੀਆਂ ਫ਼ੋਟੋਆਂ ਟੰਗੀਆਂ ਹੋਈਆਂ ਸਨ। ਭਗਤ ਸਿੰਘ ਦੀ ਸ਼ਹਾਦਤ ਦੀ ਖ਼ਬਰ ਵਾਲੀਆਂ ਕੁਝ ਅਖ਼ਬਾਰਾਂ ਦੀਆਂ ਕਾਤਰਾਂ ਵੀ ਫ਼ਰੇਮ ਕਰਵਾ ਕੇ ਜੜੀਆਂ ਹੋਈਆਂ ਸਨ। ਭਗਤ ਸਿੰਘ ਦੀ ਮਾਤਾ ਦੀ ਚੱਕੀ ਵੀ ਇੱਕ ਖੂੰਜੇ ਵਿੱਚ ਸਾਂਭੀ ਹੋਈ ਸੀ। ਅਸੀਂ ਪੰਦਰਾਂ-ਵੀਹ ਮਿੰਟ ਰੁਕਣ ਤੋਂ ਬਾਅਦ ਬੱਤੀਆਂ ਬੁਝਾ ਕੇ ਕੁੰਡਾ ਲਗਾ ਕੇ ਬਾਹਰ ਆ ਗਏ।
ਬਾਹਰ ਆਏ ਤਾਂ ਪੰਦਰਾਂ-ਵੀਹ ਨੌਜੁਆਨ ਅਤੇ ਕੁਝ ਸਿਆਣੀ ਉਮਰ ਦੇ ਲੋਕ ਸਾਡੀ ਉਡੀਕ ਕਰ ਰਹੇ ਸਨ। ਮਾੜੀ-ਮਾੜੀ ਠੰਡ ਸੀ ਤੇ ਨਿੱਘੀ-ਨਿੱਘੀ ਧੁੱਪ ਨਾਲ਼ ਦਿਨ ਪੂਰਾ ਨਿੱਖਰਿਆ ਹੋਇਆ ਸੀ। ਇੱਕ ਰੇੜ੍ਹੀ ਵਾਲਾ ਤਾਜ਼ੇ ਅਮਰੂਦ ਵੇਚ ਰਿਹਾ ਸੀ। ਅਸੀਂ ਵਾਹਵਾ ਸਾਰੇ ਅਮਰੂਦ ਖ਼ਰੀਦੇ ਅਤੇ ਕੁਝ ਬੱਚਿਆਂ ’ਚ ਵੰਡ ਦਿੱਤੇ। ਇੱਕ ਟਰਾਲੀ ਵਾਲਾ ਗੰਨਿਆਂ ਦੀ ਲੱਦੀ ਟਰਾਲੀ ਲੈ ਕੇ ਲੰਘ ਰਿਹਾ ਸੀ, ਜਿਸਨੂੰ ਤਾਹਿਰ ਨੇ ਕੁਝ ਗੰਨੇ ਦੇਣ ਲਈ ਆਖਿਆ ਪਰ ਉਹਨੇ ਸਿਰ ਫੇਰ ਦਿੱਤਾ। ਮਗਰ ਹੀ ਇੱਕ ਹੋਰ ਗੰਨਿਆਂ ਨਾਲ਼ ਲੱਦੇ ਰੇੜ੍ਹੇ ਵਾਲ ਆ ਗਿਆ। ਉਸਨੇ ਸਾਡੇ ਕੋਲੇ ਰੁਕ ਕੇ ਕਿਹਾ, “ਸਰਦਾਰ ਜੀ ਚੜ੍ਹਦੇ ਬੰਨਿਉਂ ਆਏ ਹੋ?” ਨਾਲ਼ ਹੀ ਉਤਰ ਕੇ ਢੇਰ ਸਾਰੇ ਗੰਨੇ ਸਾਡੇ ਮੂਹਰੇ ਰੱਖ ਦਿੱਤੇ। ਕਹਿੰਦਾ, ਮੈਂ ਫ਼ੌਜ ਵਿੱਚ ਰਿਹਾ ਹਾਂ ਤੇ ਸਰਦਾਰਾਂ ਦੀ ਬਹੁਤ ਇੱਜ਼ਤ ਕਰਦਾਂ। ਨਿਆਣਿਆਂ ਨੇ ਵੀ ਹੱਥੋ ਹੱਥੀਂ ਗੰਨੇ ਫੜ੍ਹ ਲਏ। ਸਾਡੇ ਡਰਾਈਵਰ ਨੇ ਛੋਟੇ-ਛੋਟੇ ਟੋਟੇ ਕਰ ਕੇ ਡਿੱਗੀ ਵਿੱਚ ਰੱਖ ਲਏ। ਉਸ ਕਿਸਾਨ ਦਾ ਅਸੀਂ ਸ਼ੁਕਰਾਨਾ ਕੀਤਾ।
ਹੁਣ ਅਸੀਂ ਉਹ ਸਕੂਲ ਦੇਖਣਾ ਸੀ, ਜਿੱਥੇ ਭਗਤ ਸਿੰਘ ਪੜ੍ਹਦਾ ਰਿਹਾ ਸੀ। ਸਾਰੇ ਲੋਕ ਵੀ ਸਾਡੇ ਨਾਲ਼ ਹੋ ਤੁਰੇ। ਪਿੰਡ ਨਾਲ਼ ਹੀ ਥੋੜ੍ਹੀ ਜਿਹੀ ਵਿੱਥ ਉੱਪਰ ਇੱਕ ਕਮਰੇ ਵਾਲਾ ਉਹ ਪੁਰਾਣਾ ਸਕੂਲ ਅਜੇ ਵੀ ਸਾਂਭਿਆ ਹੋਇਆ ਹੈ। ਨਾਲ਼ ਹੀ ਨਵੀਂ ਇਮਾਰਤ ਵੀ ਬਣਾ ਦਿੱਤੀ ਗਈ ਹੈ। ਪੁਰਾਣੀ ਇਮਾਰਤ ਵਿੱਚ ਸ਼ਹੀਦ ਦੀਆਂ ਫ਼ੋਟੋਆਂ ਲੱਗੀਆਂ ਹੋਈਆਂ ਹਨ। ਸਾਨੂੰ ਦੇਖ ਕੇ ਨਾਲ਼ ਵਾਲੀ ਬਿਲਡਿੰਗ ਵਿੱਚੋਂ ਪੜ੍ਹ ਰਹੇ ਬੱਚੇ ਬਾਹਰ ਆ ਗਏ। ਉਸਤਾਦ ਜਿਹਦਾ ਨਾਂ ਇਮਰਾਨ ਸੀ, ਹੱਕਾ-ਬੱਕਾ ਦੇਖਦਾ ਰਹਿ ਗਿਆ। ਅੱਜ ਜ਼ੁੰਮਾ ਹੋਣ ਕਾਰਨ ਸਕੂਲ ਸਾਢੇ ਬਾਰਾਂ ਵਜੇ ਬੰਦ ਹੋਣਾ ਸੀ, ਪਰ ਅਜੇ ਤਾਂ ਸਵਾ ਗਿਆਰਾਂ ਹੀ ਹੋਏ ਸਨ। ਬੱਚਿਆਂ ਦੀ ਚਹਿਲ-ਪਹਿਲ ਦੇਖ ਕੇ ਤਾਹਿਰ ਨੇ ਉੱਚੀ ਦੇਣੀ ਕਿਹਾ, “ਆ ਜਾਓ ਬੱਚਿਓ, ਅੱਜ ਅੱਧੀ ਛੁੱਟੀ ਸਾਰੀ ਛੁੱਟੀ। ਬੱਸ ਫੇਰ ਕੀ ਸੀ ਬਾਕੀ ਬੱਚੇ ਵੀ ਰੌਲ਼ਾ ਪਾਉਂਦੇ ਹੋਏ ਸਾਡੇ ਨਾਲ਼ ਆ ਰਲ਼ੇ। ਉਸਤਾਦ ਵੀ ਆ ਗਿਆ, ਜੋ ਇੱਕ ਸੁਲਝਿਆ ਹੋਇਆ ਨੌਜੁਆਨ ਸੀ ਅਤੇ ਇਸੇ ਪਿੰਡ ਦਾ ਰਹਿਣ ਵਾਲਾ ਸੀ। ਅਸੀਂ ਭਗਤ ਸਿੰਘ ਵਾਲੇ ਸਕੂਲ ਵਿੱਚ ਬੱਚਿਆਂ ਨਾਲ਼ ਭਗਤ ਸਿੰਘ ਬਾਰੇ ਗੱਲਾਂ ਕੀਤੀਆਂ ਅਤੇ ਉਸਤਾਦ ਨੂੰ ਪੰਜ ਹਜ਼ਾਰ ਰੁਪਏ ਬੱਚਿਆਂ ਦੀਆਂ ਕਾਪੀਆਂ-ਕਿਤਾਬਾਂ ਆਦਿ ਲਈ ਦਿੱਤੇ। ਬੱਚਿਆਂ ਦੇ ਖਾਣ-ਪੀਣ ਲਈ ਵੀ ਕੁਝ ਰਕਮ ਉਸਤਾਦ ਨੂੰ ਦਿੱਤੀ। ਸਾਰੇ ਬੱਚੇ ਜੋ ਪੈਂਤੀ ਚਾਲੀ ਦੇ ਕਰੀਬ ਸਨ, ਕਿਲਕਾਰੀਆਂ ਮਾਰਦੇ ਸਾਡੇ ਨਾਲ਼ ਫ਼ੋਟੋਆਂ ਖਿਚਵਾਉਣ ਲੱਗ ਪਏ…। ਫਿਰ ਅਸੀਂ ਲਾਹੌਰ ਵੱਲ ਚਾਲੇ ਪਾ ਲਏ।
ਰਸਤੇ ਵਿੱਚ ਇੱਕ ਟਰੈਵਲ ਪਲਾਜ਼ੇ ’ਤੇ ਥੋੜ੍ਹਾ ਜਿਹਾ ਸੁਸਤਾਉਣ ਲਈ ਰੁਕੇ ਤਾਂ ਤਾਹਿਰ ਸੰਧੂ ਨੇ ਬਾਬਾ ਨਜ਼ਮੀ, ਜਿਨ੍ਹਾਂ ਦਾ ਘਰ ਸਾਡੇ ਹੋਟਲ ਦੇ ਰਸਤੇ ਵਿੱਚ ਹੀ ਆਉਂਦਾ ਸੀ, ਨੂੰ ਫ਼ੋਨ ਕੀਤਾ ਕਿ ਅਸੀਂ ਥੋੜ੍ਹੀ ਦੇਰ ਤੁਹਾਡੇ ਕੋਲ ਚਾਹ ਪੀਣ ਲਈ ਰੁਕਾਂਗੇ। ਬਾਬਾ ਨਜ਼ਮੀ ਜੀ ਤਾਂ ਬੱਸ ਘਰ ਰਾਤ ਕੱਟਣ ਹੀ ਆਉਂਦੇ ਨੇ। ਸਾਰਾ ਦਿਨ ਕੋਈ ਨਾ ਕੋਈ ਉਨ੍ਹਾਂ ਨੂੰ ਲੈਣ ਜਾਂ ਛੱਡਣ ਆਇਆ ਰਹਿੰਦਾ ਹੈ। ਜਦੋਂ ਤਾਹਿਰ ਨੇ ਫ਼ੋਨ ਕੀਤਾ ਤਾਂ ਉਹ ਬਾਹਰ ਜਾਣ ਲਈ ਤਿਆਰ ਬੈਠੇ ਸਨ, ਪਰ ਸਾਡੇ ਕਾਰਨ ਰੁਕ ਗਏ। ਅਸੀਂ ਪੰਦਰਾਂ-ਵੀਹ ਮਿੰਟ ਉਨ੍ਹਾਂ ਦੀ ਸੰਗਤ ਮਾਣੀ। ਉਨ੍ਹਾਂ ਦੀ ਬੇਗ਼ਮ ਨੇ ਸਾਡੀ ਵਾਹਵਾ ਆਓ-ਭਗਤ ਕੀਤੀ। ਬਾਬਾ ਜੀ ਨੂੰ ਸ਼ਾਇਦ ਅਹਿਮਦ ਰਜ਼ਾ ਦਾ ਫ਼ੋਨ ਆ ਰਿਹਾ ਸੀ ਤੇ ਉਹ ਵੀ ਸਾਨੂੰ ਮਿਲਣਾ ਚਾਹੁੰਦਾ ਸੀ। ਪਰ ਹੁਣ ਦੇਰ ਹੋ ਚੁੱਕੀ ਸੀ ਤੇ ਅਸੀਂ ਤਾਹਿਰ ਨੂੰ ਉਹਦੇ ਘਰ ਲਾਹ ਕੇ ਸਿੱਧੇ ਹੋਟਲ ਜਾਣਾ ਚਾਹੁੰਦੇ ਸੀ। ਬਾਬਾ ਜੀ ਸਾਨੂੰ ਚਹਿਲ-ਪਹਿਲ ਵਾਲੇ ਬਾਜ਼ਾਰ ’ਚੋਂ ਲੰਘਦਿਆਂ ਸਾਡੀ ਕਾਰ ਤੱਕ ਛੱਡਣ ਆਏ। ਅਸੀਂ ਉਨ੍ਹਾਂ ਦਾ ਸ਼ੁਕਰਾਨਾ ਕਰਦਿਆਂ ਉਨ੍ਹਾਂ ਨੂੰ ਫਿਰ ਮਿਲਣ ਦਾ ਵਾਅਦਾ ਕਰਕੇ ਇਜਾਜ਼ਤ ਲਈ।
