ਬਸ਼ੀਰ ਬਦਰ ਦਾ ਪਿੰਡ: ‘…ਜੋ ਛੱਡ ਦਿੱਤਾ ਫਿਰ ਉਸਨੂੰ ਮੁੜ ਕੇ ਨਹੀਂ ਵੇਖਿਆ!’

ਅਦਬੀ ਸ਼ਖਸੀਅਤਾਂ

ਕ੍ਰਿਸ਼ਨ ਪ੍ਰਤਾਪ ਸਿੰਘ
(ਫੈਜ਼ਾਬਾਦ ਵਿੱਚ ਰਹਿੰਦੇ ਸੀਨੀਅਰ ਪੱਤਰਕਾਰ)

ਮਹਿਬੂਬ ਕਾ ਘਰ ਹੋ ਕਿ ਬਜ਼ੁਰਗੋਂ ਕੀ ਜ਼ਮੀਨੇਂ
ਜੋ ਛੋੜ ਦਿਆ ਫਿਰ ਉਸ ਕੋ ਮੁੜ ਕਰ ਨਹੀਂ ਦੇਖਾ।

ਜ਼ਿੰਦਗੀ ਤੂਨੇ ਮੁਝੇ ਕਬਰ ਸੇ ਕਮ ਦੀ ਹੈ ਜ਼ਮੀਂ
ਪਾਂਵ ਫੈਲਾਊਂ ਤੋ ਦੀਵਾਰ ਮੇਂ ਸਰ ਲਗਤਾ ਹੈ।

ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ।
ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਆਲਾਪੁਰ ਵਿਧਾਨ ਸਭਾ ਖੇਤਰ ਵਿੱਚ ਇਤਿਹਾਸਕ ਬਸਖਾਰੀ ਬਾਜ਼ਾਰ ਤੋਂ ਅੱਠ ਕਿਲੋਮੀਟਰ ਦੂਰ ਸਥਿਤ ਉਰਦੂ ਦੇ ਬਹੁਤ ਮਸ਼ਹੂਰ ਸ਼ਾਇਰ ਮਰਹੂਮ ਬਸ਼ੀਰ ਬਦਰ ਦੇ ਜ਼ੱਦੀ ਪਿੰਡ ਬੁਕੀਆ ਵਿੱਚ ਉਨ੍ਹਾਂ ਦੇ ਪੁਰਖਿਆਂ ਦੀ ਜ਼ਮੀਨ ’ਤੇ ਬਣੇ ਅਧੂਰੇ ਘਰਾਂ ਦੇ ਸਾਹਮਣੇ ਖੜ੍ਹੇ ਹੋਇਆਂ ਇਹ ਸ਼ੇਅਰ ਆਪਣੇ ਆਪ ਯਾਦ ਆਉਣ ਲੱਗਦੇ ਹਨ।
ਕਾਰਨ ਇਹ ਵੀ ਹੈ ਕਿ ਇਨ੍ਹਾਂ ਘਰਾਂ ਵਿੱਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅੱਜ ਵੀ “ਪਾਂਵ ਫੈਲਾਊਂ ਤੋ ਦੀਵਾਰ ਮੇਂ ਸਰ ਲਗਤਾ ਹੈ” ਵਾਲੇ ਹਾਲਾਤ ਵਿੱਚ ਆਪਣੀ-ਆਪਣੀ ਤਰ੍ਹਾਂ ਦੀ ਮੁਸ਼ਕਲ ਜ਼ਿੰਦਗੀ ਜੀਅ ਰਹੇ ਹਨ। ਪੀੜ੍ਹੀਆਂ ਬਦਲ ਗਈਆਂ ਹਨ, ਪਰ ਉਨ੍ਹਾਂ ਦੀ “ਦੀਵਾਰ ਮੇਂ ਸਰ ਲਗਤਾ ਹੈ” ਵਾਲੀ ਹਾਲਤ ਨਹੀਂ ਬਦਲੀ। ਉਹ ਟੁੱਟ ਗਏ ਹਨ, ਪਰ ਆਪਣੇ ਘਰ ਨੂੰ ਪੂਰਾ ਘਰ ਨਹੀਂ ਬਣਾ ਸਕੇ। ਯਾਦ ਕਰੋ, “ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ!”
ਹੈਰਾਨ ਨਾ ਹੋਵੋ। ਮੀਡੀਆ ਦੀ ਕਾਹਲ ਨੇ ਪਿਛਲੇ ਵੀਰਵਾਰ ਉਨ੍ਹਾਂ ਦੇ ਦੁਨੀਆ ਤੋਂ ਰੁਖ਼ਸਤ ਹੁੰਦੇ ਹੀ ਉਨ੍ਹਾਂ ਨੂੰ ਅਯੋਧਿਆ ਜਾਂ ਕਾਨਪੁਰ ਵਿੱਚ ਪੈਦਾ ਹੋਇਆ ਦੱਸ ਕੇ ਉਨ੍ਹਾਂ ਦੇ ਜਨਮ ਸਥਾਨ ਨੂੰ ਲੈ ਕੇ ਉਲਝਣ ਨਾ ਪੈਦਾ ਕੀਤੀ ਹੁੰਦੀ ਤਾਂ ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਹੀ ਨਹੀਂ ਸੀ। ਫਿਰ ਬੁਕੀਆ ਪਿੰਡ ਦੇ ਲੋਕਾਂ ਨੂੰ ਇਹ ਦੱਸਣ ਦੀ ਲੋੜ ਵੀ ਨਾ ਪੈਂਦੀ ਕਿ ਉਨ੍ਹਾਂ ਦਾ ਜਨਮ ਅਯੋਧਿਆ, ਕਾਨਪੁਰ ਜਾਂ ਇਸ ਜ਼ੱਦੀ ਪਿੰਡ ਵਿੱਚ ਨਹੀਂ, ਸਗੋਂ ਉਸ ਸ਼ਹਿਰ ਵਿੱਚ ਹੋਇਆ ਸੀ ਜਿੱਥੇ ਉਨ੍ਹਾਂ ਦੇ ਪਿਤਾ ਸਈਦ ਮੁਹੰਮਦ ਨਜ਼ੀਰ ਨੌਕਰੀ ਕਰਦੇ ਸਨ ਅਤੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਇਸ ਸਬੰਧ ਵਿੱਚ ਪਿੰਡ ਦੇ ਕੁਝ ਲੋਕ ਗੋਰਖਪੁਰ ਦਾ ਨਾਮ ਵੀ ਲੈਂਦੇ ਹਨ, ਹਾਲਾਂਕਿ ਇਸ ਦੀ ਕੋਈ ਦਸਤਾਵੇਜ਼ੀ ਪੁਸ਼ਟੀ ਨਹੀਂ ਮਿਲਦੀ। ਉਹ ਦੱਸਦੇ ਹਨ ਕਿ ਸ਼ਾਇਦ ਉਨ੍ਹਾਂ ਦੇ ਸਥਾਈ ਪਤੇ ਵਜੋਂ ਬੁਕੀਆ ਪਿੰਡ ਦੀ ਪਛਾਣ ਹੋਣ ਕਾਰਨ ਬਾਅਦ ਵਿੱਚ ਇਸਨੂੰ ਹੀ ਉਨ੍ਹਾਂ ਦੀ ਜਨਮਭੂਮੀ ਸਮਝਿਆ ਜਾਣ ਲੱਗ ਪਿਆ।
ਤ੍ਰਾਸਦੀ ਇਹ ਰਹੀ ਕਿ ਇਸਨੂੰ ਸਿਰਫ਼ ਇਹੀ ਮਾਣ ਮਿਲਿਆ, ਕਿਉਂਕਿ ਇਹ ਉਨ੍ਹਾਂ ਦੀ ਜਨਮਭੂਮੀ ਸੀ ਨਹੀਂ ਅਤੇ ਕਰਮਭੂਮੀ ਬਣਨਾ ਵੀ ਇਸ ਦੇ ਨਸੀਬ ਵਿੱਚ ਨਹੀਂ ਸੀ।
ਖੈਰ, ਬਸ਼ੀਰ ਬਦਰ ਦੇ ਦੋ ਛੋਟੇ ਭਰਾ ਵੀ ਸਨ। ਉਨ੍ਹਾਂ ਤੋਂ ਛੋਟੇ ਭਰਾ ਦਾ ਨਾਮ ਸਈਦ ਮੁਹੰਮਦ ਜ਼ਮੀਰ ਸੀ ਅਤੇ ਸਭ ਤੋਂ ਛੋਟੇ ਦਾ ਸਈਦ ਮੁਹੰਮਦ ਸਗੀਰ। ਜ਼ਮੀਰ ਉੱਤਰ ਪ੍ਰਦੇਸ਼ ਪੁਲਿਸ ਵਿੱਚ ਹਵਾਲਦਾਰ ਸਨ ਅਤੇ ਉਨ੍ਹਾਂ ਦੇ ਸਮੇਂ ਤੋਂ ਹੀ ਬੁਕੀਆ ਪਿੰਡ ਨਾਲ ਉਨ੍ਹਾਂ ਦਾ ਨਾਤਾ ਮਜਬੂਤ ਨਹੀਂ ਰਿਹਾ ਸੀ। ਰਹਿੰਦਾ ਵੀ ਕਿਵੇਂ, ਪਿੰਡ ਵਿੱਚ ਕੋਈ ਵੱਡੀ ਖੇਤੀਬਾੜੀ ਵੀ ਤਾਂ ਨਹੀਂ ਸੀ ਕਿ ਉਹ ਉਸ ਨੂੰ ਸੰਭਾਲਣ ਜਾਂ ਅਨਾਜ ਲੈਣ ਆਉਂਦੇ ਰਹਿੰਦੇ।
ਪਿੰਡ ਵਾਲੇ ਦੱਸਦੇ ਹਨ ਕਿ ਉਹ ਸ਼ਾਇਦ ਆਗਰਾ ਤੋਂ ਰਿਟਾਇਰ ਹੋਏ, ਉੱਥੇ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਿਆ ਅਤੇ ਹੁਣ ਉਨ੍ਹਾਂ ਦਾ ਪੁੱਤਰ ਵੀ ਉੱਥੇ ਕੋਈ ਨੌਕਰੀ ਕਰਦਾ ਹੈ। ਸਭ ਤੋਂ ਛੋਟੇ ਭਰਾ ਸਗੀਰ ਰਾਮਪੁਰ ਵਿੱਚ ਸਟੇਸ਼ਨ ਮਾਸਟਰ ਸਨ ਅਤੇ ਹੁਣ ਉਹ ਵੀ ਇਸ ਦੁਨੀਆ ਵਿੱਚ ਨਹੀਂ ਰਹੇ। ਸਾਫ਼ ਹੈ ਕਿ ਹੁਣ ਬੁਕੀਆ ਪਿੰਡ ਵਿੱਚ ਬਸ਼ੀਰ ਬਦਰ ਅਤੇ ਉਨ੍ਹਾਂ ਦੇ ਦੋਵੇਂ ਭਰਾਵਾਂ ਵਿੱਚੋਂ ਕਿਸੇ ਦੇ ਵੀ ਘਰ ਦਾ ਚੁੱਲ੍ਹਾ ਨਹੀਂ ਬਲ਼ਦਾ।
ਬਹਿਰਹਾਲ, ਜਿਵੇਂ ਬਸ਼ੀਰ ਬਦਰ ਦੇ ਦੋ ਭਰਾ ਸਨ, ਓਸੇ ਤਰ੍ਹਾਂ ਉਨ੍ਹਾਂ ਦੇ ਪਿਤਾ ਸਈਦ ਮੁਹੰਮਦ ਨਜ਼ੀਰ ਦੇ ਵੀ ਦੋ ਭਰਾ ਸਨ- ਸਈਦ ਮੁਹੰਮਦ ਜਲੀਲ ਅਤੇ ਸਈਦ ਮੁਹੰਮਦ ਖਲੀਲ। ਇਨ੍ਹਾਂ ਵਿੱਚੋਂ ਖਲੀਲ ਬਾਰੇ ਤਾਂ ਕੁਝ ਪਤਾ ਨਹੀਂ, ਪਰ ਜਲੀਲ ਦੇ ਦੋ ਪੁੱਤਰ ਹੋਏ- ਸਈਦ ਨਸੀਬ ਅਲੀ ਅਤੇ ਸਈਦ ਜ਼ਿਆਰਤ ਅਲੀ ਉਰਫ਼ ਝੁੰਨਨ।
ਇਨ੍ਹਾਂ ਵਿੱਚੋਂ ਝੁੰਨਨ ਦੀ ਜ਼ਿੰਦਗੀ ਦਾ ਸੰਘਰਸ਼ ਇੱਕ ਵੇਲੇ ਇੰਨਾ ਔਖਾ ਹੋ ਗਿਆ ਸੀ ਕਿ ਉਹ ਬਾਜ਼ਾਰਾਂ ਵਿੱਚ ਉੱਚੀ ਆਵਾਜ਼ ਵਿੱਚ ਗਾ ਕੇ ਖਟਮਲ ਮਾਰ ਤੇ ਚੂਹੇ ਮਾਰ ਦਵਾਈਆਂ ਵੇਚਦੇ ਸਨ ਅਤੇ ਉਸੇ ਕਮਾਈ ਨਾਲ ਘਰ ਚਲਾਉਂਦੇ ਸਨ। ਹੁਣ ਉਹ ਵੀ ਇਸ ਦੁਨੀਆ ਵਿੱਚ ਨਹੀਂ ਹਨ ਅਤੇ ਪਿੰਡ ਦੇ ਪੁਸ਼ਤੈਨੀ ਘਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਰਹਿੰਦੇ ਹਨ, ਜਿਨ੍ਹਾਂ ਨੂੰ ਬਸ਼ੀਰ ਬਦਰ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ।
ਪਿੰਡ ਦੇ ਹੀ ਵਸਨੀਕ, ਇੱਕ ਇੰਟਰ ਕਾਲਜ ਦੇ ਰਿਟਾਇਰਡ ਅਧਿਆਪਕ ਅਤੇ ਸੀਨੀਅਰ ਪੱਤਰਕਾਰ ਬਚੁਲੀ ਮਿਸ਼ਰ ਦੱਸਦੇ ਹਨ ਕਿ ਜਿੱਥੋਂ ਤੱਕ ਬਸ਼ੀਰ ਬਦਰ ਦੀ ਗੱਲ ਹੈ, ਦੇਸ਼-ਦੁਨੀਆ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਸ਼ਾਇਰੀ ਦੀ ਭਾਵੇਂ ਕਿੰਨੀ ਵੀ ਸ਼ੋਹਰਤ ਹੋਵੇ, ਆਪਣੇ ਪਿੰਡ ਲਈ ਉਹ ਕਈ ਮਾਇਨਿਆਂ ਵਿੱਚ ਸਾਰੀ ਉਮਰ ਇੱਕ ਅਜਨਬੀ ਹੀ ਬਣੇ ਰਹੇ। ਕਾਰਨ ਇਹ ਸੀ ਕਿ ਪੜ੍ਹਾਈ-ਲਿਖਾਈ ਦੇ ਸਬੰਧ ਵਿੱਚ ਉਨ੍ਹਾਂ ਨੇ ਇੱਕ ਵਾਰ ਪਿੰਡ ਛੱਡਿਆ ਤਾਂ ਫਿਰ ਉਨ੍ਹਾਂ ਨੂੰ ਵਾਪਸ ਪਿੰਡ ਆਉਣਾ ਨਸੀਬ ਨਹੀਂ ਹੋਇਆ। ਮਿਸ਼ਰ ਕਹਿੰਦੇ ਹਨ, “ਪਤਾ ਨਹੀਂ, ਉਨ੍ਹਾਂ ਨੂੰ ਕਦੇ ਇਸ ਗੱਲ ਦੀ ਪੀੜ ਹੁੰਦੀ ਸੀ ਜਾਂ ਨਹੀਂ। ਜੇ ਹੁੰਦੀ ਤਾਂ ਆਪਣੇ ਇੱਕ ਸ਼ੇਅਰ ਵਿੱਚ ਉਹ ਇਹ ਗੱਲ ਇੰਨੇ ਹਰਖ਼ ਨਾਲ ਇਸ ਤਰ੍ਹਾਂ ਨਾ ਕਹਿੰਦੇ,
“ਮਹਿਬੂਬ ਕਾ ਘਰ ਹੋ ਕਿ ਬਜ਼ੁਰਗੋਂ ਕੀ ਜ਼ਮੀਨੇਂ
ਜੋ ਛੋੜ ਦਿਆ ਫਿਰ ਉਸ ਕੋ ਮੁੜ ਕਰ ਨਹੀਂ ਦੇਖਾ।”
ਉਨ੍ਹਾਂ ਦਾ ਇਹ “ਮੁੜ ਕੇ ਨਾ ਵੇਖਣਾ” ਇਸ ਹੱਦ ਤੱਕ ਸੀ ਕਿ ਜਦੋਂ ਉਨ੍ਹਾਂ ਦੀ ਜ਼ਿੰਦਗੀ ਦੇ ਲਗਭਗ ਸਾਰੇ ਸੰਘਰਸ਼ ਖ਼ਤਮ ਹੋ ਗਏ, ਜ਼ਿੰਦਗੀ ਵਿੱਚ ਠਹਿਰਾਅ ਆ ਗਿਆ, ਸਮੇਂ ਦੇ ਨਾਲ ਉਹ ਵੱਡੇ ਸ਼ਾਇਰ ਬਣ ਗਏ ਅਤੇ ਵੱਡੇ ਅਹੁਦਿਆਂ ’ਤੇ ਪਹੁੰਚ ਗਏ, ਤਦ ਵੀ ਉਨ੍ਹਾਂ ਨੂੰ ਆਪਣੇ ਪਿੰਡ ਦੀ ਯਾਦ ਨਹੀਂ ਆਈ। ਪਿੰਡ ਦੀਆਂ ਯਾਦਾਂ ਨੇ ਉਨ੍ਹਾਂ ਨੂੰ ਕਦੇ ਬੇਚੈਨ ਨਹੀਂ ਕੀਤਾ। ਕੀ ਪਤਾ, “ਯੇ ਨਏਂ ਮਿਜ਼ਾਜ ਕਾ ਸ਼ਹਿਰ ਹੈ, ਜ਼ਰਾ ਫ਼ਾਸਲੇ ਸੇ ਮਿਲਾ ਕਰੋ” ਵਾਲੀ ਆਪਣੀ ਸੋਚ ਉਹ ਆਪਣੇ ਪਿੰਡ ’ਤੇ ਵੀ ਲਾਗੂ ਕਰਦੇ ਰਹੇ ਹੋਣ!
ਦੂਜੇ ਪਾਸੇ, ਉਨ੍ਹਾਂ ਦੇ ਸਵੈਮਾਣ ਵਾਲੇ ਰਿਸ਼ਤੇਦਾਰ ਵੀ ਕੋਈ ਲਾਭ ਲੈਣ ਜਾਂ ਮਦਦ ਮੰਗਣ ਲਈ ਉਨ੍ਹਾਂ ਵੱਲ ਨਹੀਂ ਭੱਜੇ ਅਤੇ ਆਪਣੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਸੰਘਰਸ਼ ਵਿੱਚ ਹੀ ਮਗਨ ਰਹੇ। ਅੱਜ ਵੀ ਹਨ। ਕਹਿੰਦੇ ਹਨ ਕਿ ਹਰ ਕਿਸੇ ਨੂੰ ਆਪਣੀ ਲੜਾਈ ਆਪ ਹੀ ਲੜਨੀ ਪੈਂਦੀ ਹੈ।
ਬਹਿਰਹਾਲ, ਫੈਜ਼ਾਬਾਦ ਵਿੱਚ ਅਸ਼ਫ਼ਾਕੁੱਲਾ ਖ਼ਾਂ ਮੈਮੋਰੀਅਲ ਸ਼ਹੀਦ ਸ਼ੋਧ ਸੰਸਥਾ ਦੇ ਪ੍ਰਬੰਧ ਨਿਰਦੇਸ਼ਕ ਸੂਰਯਕਾਂਤ ਪਾਂਡੇ ਯਾਦ ਕਰਦੇ ਹਨ ਕਿ 2008 ਵਿੱਚ ਬਸ਼ੀਰ ਬਦਰ ਉਨ੍ਹਾਂ ਦੇ ਸੱਦੇ ’ਤੇ 19 ਦਸੰਬਰ ਨੂੰ ਅਸ਼ਫ਼ਾਕੁੱਲਾ ਖ਼ਾਂ ਦੇ ਸ਼ਹਾਦਤ ਦਿਵਸ ਮੌਕੇ ਕਰਵਾਏ ਗਏ ਕਵੀ ਦਰਬਾਰ ਅਤੇ ਮੁਸ਼ਾਇਰੇ ਵਿੱਚ ਸ਼ਿਰਕਤ ਕਰਨ ਆਏ ਸਨ ਅਤੇ ਇਹ ਸ਼ੇਅਰ ਸੁਣਾ ਗਏ ਸਨ,
ਦੁਸ਼ਮਨੀ ਕਾ ਸਫ਼ਰ ਏਕ ਕਦਮ, ਦੋ ਕਦਮ,
ਆਪ ਭੀ ਥੱਕ ਜਾਓਗੇ, ਹਮ ਭੀ ਥੱਕ ਜਾਏਂਗੇ…।

Leave a Reply

Your email address will not be published. Required fields are marked *