ਨਹੀਂ ਰਹੇ ਮਸ਼ਹੂਰ ਸ਼ਾਇਰ ਬਸ਼ੀਰ ਬਦਰ
ਪੰਜਾਬੀ ਪਰਵਾਜ਼ ਬਿਊਰੋ
“ਲੋਗ ਟੂਟ ਟੂਟ ਜਾਤੇ ਹੈਂ ਇਕ ਘਰ ਬਨਾਨੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ…” ਉਰਦੂ ਸ਼ਾਇਰੀ ਦੀ ਦੁਨੀਆ ਵਿੱਚ ਇਹ ਸਿਰਫ਼ ਇੱਕ ਸ਼ੇਅਰ ਨਹੀਂ, ਸਗੋਂ ਸਾਡੇ ਸਮੇਂ ਦੀ ਸਾਂਝੀ ਯਾਦ ਦਾ ਹਿੱਸਾ ਬਣ ਚੁੱਕਾ ਹੈ। ਇਹ ਸ਼ੇਅਰ ਲਿਖਣ ਵਾਲੇ ਮਸ਼ਹੂਰ ਸ਼ਾਇਰ ਬਸ਼ੀਰ ਬਦਰ ਹੁਣ ਸਾਡੇ ਵਿੱਚ ਨਹੀਂ ਰਹੇ। ਵੀਰਵਾਰ (28 ਮਈ) ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਭੋਪਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਉਹ ਲੰਮੇ ਸਮੇਂ ਤੋਂ ਡਿਮੈਂਸ਼ੀਆ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਪੁੱਤਰ ਤੈਅਬ ਬਦਰ ਨੇ ਦਿਹਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਲਗਾਤਾਰ ਖ਼ਰਾਬ ਹੋ ਰਹੀ ਸੀ। ਵੀਰਵਾਰ ਨੂੰ ਮਗਰਿਬ ਦੀ ਨਮਾਜ਼ ਤੋਂ ਬਾਅਦ ਭੋਪਾਲ ਦੇ ਬੜਾ ਬਾਗ ਕਬਰਸਤਾਨ ਵਿੱਚ ਉਨ੍ਹਾਂ ਨੂੰ ਦਫ਼ਨ ਕੀਤਾ ਗਿਆ।
ਬਸ਼ੀਰ ਬਦਰ ਦੇ ਚਲੇ ਜਾਣ ਦੀ ਖ਼ਬਰ ਨਾਲ ਹੀ ਉਰਦੂ ਅਦਬ ਦੀ ਦੁਨੀਆ ਵਿੱਚ ਡੂੰਘੀ ਚੁੱਪ ਛਾ ਗਈ। ਗੀਤਕਾਰ ਅਤੇ ਸ਼ਾਇਰ ਜਾਵੇਦ ਅਖ਼ਤਰ ਨੇ ਲਿਖਿਆ, “ਅੱਜ ਸਾਡੀ ਜ਼ਬਾਨ ਉਰਦੂ ਥੋੜ੍ਹੀ ਹੋਰ ਗ਼ਰੀਬ ਹੋ ਗਈ। ਬਸ਼ੀਰ ਬਦਰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਦੇ ਸ਼ਾਇਰ ਸਨ, ਜੋ ਹਮੇਸ਼ਾ ਲਈ ਮਹਿਫ਼ਿਲ ਤੋਂ ਉੱਠ ਗਏ। ਇਹ ਸ਼ਾਇਰ ਅਤੇ ਇਸ ਦੀ ਸ਼ਾਇਰੀ ਸਾਡੀਆਂ ਯਾਦਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ।”
ਅੰਗਰੇਜ਼ੀ ਦੇ ਇਨਾਮਯਾਫ਼ਤਾ ਲੇਖਕ ਅਤੇ ਆਈ.ਆਈ.ਟੀ. ਦਿੱਲੀ ਦੇ ਪ੍ਰੋਫੈਸਰ ਅਮਿਤਾਭ ਬਾਗਚੀ ਨੇ ਵੀ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ, “ਬਸ਼ੀਰ ਸਾਹਿਬ ਵੀਹਵੀਂ ਸਦੀ ਦੇ ਮਹਾਨ ਸ਼ਾਇਰਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਇਹ ਸੀ ਕਿ ਉਨ੍ਹਾਂ ਨੇ ਆਮ ਬੋਲੀ ਨੂੰ ਗ਼ਜ਼ਲਾਂ ਵਿੱਚ ਪਿਰੋਇਆ, ਸਦੀਆਂ ਪੁਰਾਣੀ ਇਸ ਸ਼ਾਇਰੀ ਨੂੰ ਸਾਡੇ ਸਮੇਂ ਦੇ ਮੁਤਾਬਕ ਬਣਾਇਆ ਅਤੇ ਲੋਕਾਂ ਦੇ ਦਿਲਾਂ ਦੇ ਨੇੜੇ ਲਿਆਂਦਾ। ਜੇ ਮੈਂ ਇਹ ਕਹਾਂ ਕਿ ਸਾਡੇ ਸਮੇਂ ਵਿੱਚ ਆਧੁਨਿਕ ਗ਼ਜ਼ਲ ਅਤੇ ਸ਼ਾਇਰੀ ਬਸ਼ੀਰ ਸਾਹਿਬ ਦੇ ਵਿਲੱਖਣ ਅਤੇ ਬਹੁਤ ਅਵੱਲੇ ਕਾਰਜ ਕਰਕੇ ਹੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੀ, ਤਾਂ ਇਹ ਕੋਈ ਵਧਾ-ਚੜ੍ਹਾ ਕੇ ਕਹੀ ਗੱਲ ਨਹੀਂ ਹੋਵੇਗੀ।”
15 ਫ਼ਰਵਰੀ 1935 ਨੂੰ ਜਨਮੇ ਸਈਦ ਮੁਹੰਮਦ ਬਸ਼ੀਰ ਬਦਰ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਬੀ.ਏ., ਐਮ.ਏ. ਅਤੇ ਪੀਐਚ.ਡੀ. ਕੀਤੀ ਸੀ। ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਬਾਅਦ ਵਿੱਚ ਮੇਰਠ ਕਾਲਜ ਵਿੱਚ ਅਧਿਆਪਨ ਵੀ ਕੀਤਾ। ਫ਼ਾਰਸੀ, ਹਿੰਦੀ ਅਤੇ ਅੰਗਰੇਜ਼ੀ ’ਤੇ ਇੱਕੋ ਜਿਹੀ ਪਕੜ ਰੱਖਣ ਵਾਲੇ ਬਸ਼ੀਰ ਬਦਰ ਨੇ ਉਰਦੂ ਗ਼ਜ਼ਲ ਨੂੰ ਆਮ ਬੋਲਚਾਲ ਦੀ ਜ਼ਬਾਨ ਵਿੱਚ ਨਵੀਂ ਤਹਿਜ਼ੀਬ ਅਤੇ ਆਪਣਾਪਣ ਦਿੱਤਾ। ਉਨ੍ਹਾਂ ਦੀਆਂ ਗ਼ਜ਼ਲਾਂ ਔਖੇ ਅਲੰਕਾਰਾਂ ਜਾਂ ਭਾਰੀ-ਭਰਕਮ ਸ਼ਬਦਾਂ ਦੀ ਬਜਾਏ ਸਿੱਧਾ ਦਿਲ ਨਾਲ ਗੱਲ ਕਰਦੀਆਂ ਸਨ। ਸ਼ਾਇਦ ਇਹੀ ਕਾਰਨ ਸੀ ਕਿ ਉਨ੍ਹਾਂ ਦੇ ਸ਼ੇਅਰ ਮਹਿਫ਼ਿਲਾਂ ਤੋਂ ਨਿਕਲ ਕੇ ਆਮ ਲੋਕਾਂ ਦੀ ਗੱਲਬਾਤ, ਸੰਸਦ ਦੀਆਂ ਬਹਿਸਾਂ ਅਤੇ ਸੜਕਾਂ ’ਤੇ ਲੱਗੇ ਪੋਸਟਰਾਂ ਤੱਕ ਪਹੁੰਚ ਗਏ।
“ਉਜਾਲੇ ਅਪਨੀ ਯਾਦੋਂ ਕੇ”, “ਆਹਟ”, “ਆਮਦ”, “ਇਕਾਈ” ਅਤੇ “ਆਸ” ਵਰਗੀਆਂ ਕਿਤਾਬਾਂ ਨੇ ਉਨ੍ਹਾਂ ਨੂੰ ਉਰਦੂ ਸ਼ਾਇਰੀ ਦਾ ਲੋਕਪ੍ਰਿਯ ਚਿਹਰਾ ਬਣਾਇਆ। ਉਨ੍ਹਾਂ ਦੀ ਕਿਤਾਬ “ਆਸ” ਲਈ ਉਨ੍ਹਾਂ ਨੂੰ 1999 ਵਿੱਚ ਸਾਹਿਤ ਅਕਾਦਮੀ ਇਨਾਮ ਮਿਲਿਆ। ਉਸੇ ਸਾਲ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ।
ਬਸ਼ੀਰ ਬਦਰ ਦੀ ਸ਼ਾਇਰੀ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਹ ਆਪਣੇ ਸਮੇਂ ਨਾਲ ਨਾਲ ਚੱਲਦੀ ਸੀ। ਉਹ ਪਿਆਰ, ਵਿਛੋੜੇ ਅਤੇ ਇਕੱਲੇਪਨ ਦੀ ਗੱਲ ਕਰਦੇ ਹੋਏ ਵੀ ਆਪਣੇ ਦੌਰ ਦੀਆਂ ਤ੍ਰਾਸਦੀਆਂ ਨੂੰ ਦਰਜ ਕਰਦੇ ਰਹੇ। ਦਿੱਲੀ ਦੇ ਸ਼ਾਹੀਨ ਬਾਗ ਅੰਦੋਲਨ ਦੌਰਾਨ ਜਦੋਂ ਸੰਪਰਦਾਇਕ ਹਿੰਸਾ ਵਿੱਚ ਉਜੜੇ ਲੋਕਾਂ ਦੇ ਸਮਰਥਨ ਵਿੱਚ ਪੋਸਟਰ ਲੱਗੇ, ਤਾਂ ਉਨ੍ਹਾਂ ਦਾ ਇਹ ਸ਼ੇਅਰ ਸਭ ਤੋਂ ਵੱਧ ਨਜ਼ਰ ਆਇਆ, “ਲੋਗ ਟੂਟ ਜਾਤੇ ਹੈਂ ਇਕ ਘਰ ਬਨਾਨੇ ਮੇਂ…।” ਇਹ ਸ਼ੇਅਰ ਬਾਅਦ ਦੇ ਸਾਲਾਂ ਵਿੱਚ ਬੁਲਡੋਜ਼ਰ ਕਾਰਵਾਈ ਅਤੇ ਬੇਘਰ ਕੀਤੇ ਲੋਕਾਂ ’ਤੇ ਹੋਣ ਵਾਲੀਆਂ ਬਹਿਸਾਂ ਵਿੱਚ ਵੀ ਵਾਰ-ਵਾਰ ਦੋਹਰਾਇਆ ਗਿਆ।
ਸੰਸਦ ਵਿੱਚ ਵੀ ਉਨ੍ਹਾਂ ਦੀ ਸ਼ਾਇਰੀ ਕਈ ਵਾਰ ਗੂੰਜੀ। ਫ਼ਰਵਰੀ 2018 ਵਿੱਚ ਸੰਸਦ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਵਿਅੰਗ ਕੱਸਦਿਆਂ ਬਸ਼ੀਰ ਬਦਰ ਦਾ ਇਹ ਸ਼ੇਅਰ ਪੜ੍ਹਿਆ ਸੀ,
“ਜੀ ਬਹੁਤ ਚਾਹਤਾ ਹੈ ਸੱਚ ਬੋਲੇਂ,
ਕਿਆ ਕਰੇਂ ਹੌਸਲਾ ਨਹੀਂ ਹੋਤਾ।”
ਇਸ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਆਗੂ ਮੱਲਿਕਾਰਜੁਨ ਖੜਗੇ ਨੇ ਵੀ ਸਦਨ ਵਿੱਚ ਉਨ੍ਹਾਂ ਦਾ ਇਹ ਸ਼ੇਅਰ ਪੜ੍ਹਿਆ ਸੀ,
“ਦੁਸ਼ਮਨੀ ਜਮਕਰ ਕਰੋ ਲੇਕਿਨ ਯੇ ਗੁੰਜਾਇਸ਼ ਰਹੇ,
ਜਬ ਕਭੀ ਹਮ ਦੋਸਤ ਹੋ ਜਾਏਂ ਤੋ ਸ਼ਰਮਿੰਦਾ ਨ ਹੋਂ।”
ਸ਼ਾਇਦ ਇਹੀ ਬਸ਼ੀਰ ਬਦਰ ਦੀ ਸਭ ਤੋਂ ਵੱਡੀ ਤਾਕਤ ਸੀ ਕਿ ਉਨ੍ਹਾਂ ਦੇ ਸ਼ੇਅਰ ਕਿਸੇ ਇੱਕ ਵਿਚਾਰਧਾਰਾ, ਇੱਕ ਮੰਚ ਜਾਂ ਇੱਕ ਵਰਗ ਦੇ ਨਹੀਂ ਰਹੇ। ਉਹ ਜਨਤਕ ਜੀਵਨ ਦੀ ਸਾਂਝੀ ਜ਼ਬਾਨ ਬਣ ਗਏ।
2019 ਵਿੱਚ ਕੇਨ-ਬੇਤਵਾ ਲਿੰਕ ਪ੍ਰੋਜੈਕਟ ’ਤੇ ਚਰਚਾ ਦੌਰਾਨ ਭਾਜਪਾ ਸੰਸਦ ਮੈਂਬਰ ਨਿਸ਼ਿਕਾਂਤ ਦੁਬੇ ਨੇ ਉਨ੍ਹਾਂ ਦਾ ਇਹ ਸ਼ੇਅਰ ਪੜ੍ਹਿਆ ਸੀ,
“ਅਗਰ ਫੁਰਸਤ ਮਿਲੇ ਪਾਨੀ ਕੀ ਤਹਰੀਰੋਂ ਕੋ ਪੜ੍ਹ ਲੇਨਾ,
ਹਰ ਇਕ ਦਰਿਆ ਹਮਾਰੇ ਸਾਲੋਂ ਕਾ ਅਫ਼ਸਾਨਾ ਲਿਖਤਾ ਹੈ।”
ਬਸ਼ੀਰ ਬਦਰ ਉਨ੍ਹਾਂ ਚੋਣਵੇਂ ਸ਼ਾਇਰਾਂ ਵਿੱਚੋਂ ਸਨ, ਜਿਨ੍ਹਾਂ ਦੀਆਂ ਲਾਈਨਾਂ ਰਾਜਨੀਤਿਕ ਭਾਸ਼ਣਾਂ ਤੋਂ ਲੈ ਕੇ ਪ੍ਰੇਮ ਪੱਤਰਾਂ ਤੱਕ ਹਰ ਥਾਂ ਸਹਿਜ ਨਾਲ ਜਗ੍ਹਾ ਬਣਾ ਲੈਂਦੀਆਂ ਸਨ। ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਉੰਨੀ ਆਸਾਨ ਨਹੀਂ ਸੀ, ਜਿੰਨੀ ਉਨ੍ਹਾਂ ਦੀ ਸ਼ਾਇਰੀ ਦੀ ਨਰਮ ਭਾਸ਼ਾ ਲੱਗਦੀ ਸੀ। ਮੇਰਠ ਦੰਗਿਆਂ ਦੌਰਾਨ ਉਨ੍ਹਾਂ ਦਾ ਘਰ ਸਾੜ ਦਿੱਤਾ ਗਿਆ ਸੀ। ਉਸ ਅੱਗ ਵਿੱਚ ਉਨ੍ਹਾਂ ਦੀਆਂ ਕਈ ਨਵੀਆਂ ਗ਼ਜ਼ਲਾਂ ਅਤੇ ਨਿੱਜੀ ਡਾਇਰੀਆਂ ਵੀ ਸੜ ਕੇ ਰਾਖ ਹੋ ਗਈਆਂ ਸਨ।
ਫ਼ਿਲਮਕਾਰ ਵਿਸ਼ਾਲ ਭਾਰਦਵਾਜ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਦੰਗਿਆਂ ਤੋਂ ਬਾਅਦ ਬਸ਼ੀਰ ਬਦਰ ਡੂੰਘੇ ਡਿਪ੍ਰੈਸ਼ਨ ਵਿੱਚ ਚਲੇ ਗਏ ਸਨ। ਉਹ ਆਪਣੀਆਂ ਸੜੀਆਂ ਹੋਈਆਂ ਗ਼ਜ਼ਲਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਭਾਰਦਵਾਜ ਮੁਤਾਬਕ, “ਉਸ ਵੇਲੇ ਮੈਂ 19 ਸਾਲ ਦਾ ਸੀ ਅਤੇ ਭੰਡਾਰੀ ਨਾਮ ਦੇ ਇੱਕ ਵਿਅਕਤੀ ਸਨ, ਜਿਨ੍ਹਾਂ ਦੀ ਉਮਰ ਲਗਭਗ 70 ਸਾਲ ਸੀ। ਉਨ੍ਹਾਂ ਨੂੰ ਕੁਝ ਸ਼ੇਅਰ ਯਾਦ ਸਨ, ਜਦਕਿ ਮੈਨੂੰ ਜ਼ਿਆਦਾਤਰ ਯਾਦ ਸਨ। ਉਹ (ਬਸ਼ੀਰ ਬਦਰ) ਮੈਨੂੰ ਪੁੱਛਦੇ ਸਨ, ‘ਬੇਟਾ, ਉਸ ਗ਼ਜ਼ਲ ਦੇ ਕੁਝ ਸ਼ੇਅਰ ਯਾਦ ਹਨ?’ ਅਤੇ ਸੱਚ ਇਹ ਸੀ ਕਿ ਮੈਨੂੰ ਸਭ ਯਾਦ ਸੀ। ਉਨ੍ਹਾਂ ਨੇ ਫਿਰ ਤੋਂ ਲਿਖਣਾ ਸ਼ੁਰੂ ਕੀਤਾ ਅਤੇ ਕਰੀਬ 15 ਦਿਨਾਂ ਵਿੱਚ ਉਹ ਡਿਪ੍ਰੈਸ਼ਨ ਤੋਂ ਬਾਹਰ ਆ ਗਏ। ਮੈਂ ਅਤੇ ਭੰਡਾਰੀ ਮਿਲ ਕੇ ਉਨ੍ਹਾਂ ਦੀਆਂ ਸੜੀਆਂ ਹੋਈਆਂ ਕਵਿਤਾਵਾਂ ਦਾ ਲਗਭਗ 90 ਫ਼ੀਸਦੀ ਹਿੱਸਾ ਯਾਦ ਕਰ ਸਕੇ ਸੀ।”
ਇਹ ਸਿਰਫ਼ ਇੱਕ ਸ਼ਾਇਰ ਦੀ ਨਿੱਜੀ ਤ੍ਰਾਸਦੀ ਨਹੀਂ ਸੀ, ਸਗੋਂ ਉਸ ਦੌਰ ਦੀ ਹਿੰਸਾ ਦਾ ਦਸਤਾਵੇਜ਼ ਵੀ ਸੀ। ਸ਼ਾਇਦ ਇਸੇ ਕਰਕੇ ਬਸ਼ੀਰ ਬਦਰ ਦੀ ਸ਼ਾਇਰੀ ਵਿੱਚ ਘਰ, ਬਸਤੀ, ਯਾਦ ਅਤੇ ਉਜਾੜ ਵਾਰ-ਵਾਰ ਵਾਪਸ ਆਉਂਦੇ ਹਨ। ਉਨ੍ਹਾਂ ਕੋਲ ਮੁਹੱਬਤ ਸਿਰਫ਼ ਰੋਮਾਂਟਿਕ ਅਹਿਸਾਸ ਨਹੀਂ, ਸਗੋਂ ਇਨਸਾਨੀ ਇਜ਼ਤ ਅਤੇ ਇਕੱਠੇ ਰਹਿਣ ਦੀ ਖ਼ਾਹਿਸ਼ ਦਾ ਰੂਪ ਬਣ ਜਾਂਦੀ ਹੈ।
ਬਸ਼ੀਰ ਬਦਰ ਦੀਆਂ ਗ਼ਜ਼ਲਾਂ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਹ ਔਖੇ ਸਮੇਂ ਵਿੱਚ ਵੀ ਉਮੀਦ ਦਾ ਇੱਕ ਛੋਟਾ ਜਿਹਾ ਚਿਰਾਗ਼ ਜਗਾ ਕੇ ਰੱਖਦੀਆਂ ਸਨ। ਉਨ੍ਹਾਂ ਨੇ ਉਰਦੂ ਸ਼ਾਇਰੀ ਨੂੰ ਸਿਰਫ਼ ਅਦਬੀ ਘੇਰਿਆਂ ਤੱਕ ਸੀਮਿਤ ਨਹੀਂ ਰਹਿਣ ਦਿੱਤਾ, ਸਗੋਂ ਉਸਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਲਾਈਨਾਂ ਲੋਕਾਂ ਦੀ ਜ਼ਬਾਨ ’ਤੇ ਰਹਿਣਗੀਆਂ-ਕਦੇ ਕਿਸੇ ਟੁੱਟਦੇ ਘਰ ਦੇ ਦੁੱਖ ਵਿੱਚ, ਕਦੇ ਕਿਸੇ ਵਿਛੜਦੇ ਰਿਸ਼ਤੇ ਵਿੱਚ ਅਤੇ ਕਦੇ ਇਸ ਉਮੀਦ ਵਿੱਚ ਕਿ ਇਨਸਾਨੀਅਤ ਅਜੇ ਵੀ ਬਾਕੀ ਹੈ।
