ਯਕੀਨ ਦੇ ਉਜਾਲੇ ਵਿੱਚ ਜ਼ਿੰਦਗੀ ਦਾ ਸਫ਼ਰ

ਅਧਿਆਤਮਕ ਰੰਗ

ਡਾ. ਅਰਵਿੰਦਰ ਸਿੰਘ ਭੱਲਾ
ਫੋਨ:+91-9463062603
ਬਜ਼ੁਰਗ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਫ਼ੁਰਮਾਇਆ ਕਿ ਜਦੋਂ ਇਨਸਾਨ ਦਾ ਨੇਕੀ, ਸੱਚਾਈ, ਦਿਆਨਤਦਾਰੀ ਅਤੇ ਸ਼ਰਾਫਤ ਤੋਂ ਯਕੀਨ ਉਠ ਜਾਂਦਾ ਹੈ ਤਾਂ ਉਹ ਆਪਣੇ ਆਸ-ਪਾਸ ਵਿਚਰ ਰਹੇ ਨੇਕ, ਸੱਚੇ, ਈਮਾਨਦਾਰ ਅਤੇ ਭਲੇਮਾਣਸ ਲੋਕਾਂ ਦੀ ਸ਼ਨਾਖਤ ਕਰਨ ਤੋਂ ਵੀ ਅਸਮਰੱਥ ਹੋ ਜਾਂਦਾ ਹੈ।

ਦਰਅਸਲ ਇਨਸਾਨ ਦੀ ਜਿਹੋ ਜਿਹੀ ਬਿਰਤੀ ਬਣ ਜਾਂਦੀ ਹੈ, ਉਹ ਆਪਣੀ ਬਿਰਤੀ ਦੇ ਅਨੁਕੂਲ ਇੱਕਪਾਸੜ ਬਿਰਤਾਂਤ ਸਿਰਜਦਾ ਹੈ ਅਤੇ ਰਫ਼ਤਾ-ਰਫ਼ਤਾ ਉਸ ਦਾ ਆਪਣੇ ਇਰਦ-ਗਿਰਦ ਦੀ ਦੁਨੀਆਂ ਨੂੰ ਦੇਖਣ ਦਾ ਨਜ਼ਰੀਆ ਵੀ ਉਸ ਦੇ ਬਿਰਤਾਂਤਾਂ ਵਰਗਾ ਬਣ ਜਾਂਦਾ ਹੈ। ਮਨੁੱਖ ਵਾਸਤਵਿਕ ਪ੍ਰਸਥਿਤੀਆਂ ਨੂੰ ਸਹਿਜ ਰੂਪ ਵਿੱਚ ਸਵੀਕਾਰ ਕਰਨ ਦੀ ਬਜਾਏ ਆਪਣੀ ਮਨੋਸਥਿਤੀ, ਆਪਣੇ ਸਰੋਕਾਰਾਂ ਅਤੇ ਆਪਣੇ ਸਵਾਰਥਾਂ ਦੇ ਅਨੁਰੂਪ ਆਪਣੇ ਨੁਕਤਾ-ਏ-ਨਿਗਾਹ ਨੂੰ ਹਰ ਹੀਲੇ ਉਚਿਤ ਠਹਿਰਾਉਣ ਲਈ ਜਦੋਜਹਿਦ ਕਰਦਾ ਹੈ। ਮਨੁੱਖ ਜਿਨ੍ਹਾਂ ਗੱਲਾਂ ਉਤੇ ਯਕੀਨ ਕਰਦਾ ਹੈ, ਉਹ ਆਪਣੇ ਖਿਆਲਾਂ ਵਿੱਚ ਆਪਣੇ ਆਸ-ਪਾਸ ਉਸ ਤਰ੍ਹਾਂ ਦਾ ਹੀ ਸੰਸਾਰ ਸਿਰਜਣ ਦੀ ਜੁਸਤਜੂ ਵਿੱਚ ਮਸ਼ਰੂਫ ਰਹਿੰਦਾ ਹੈ।
ਬਜ਼ੁਰਗ ਨੇ ਫ਼ੁਰਮਾਇਆ ਕਿ ਅਸਲ ਵਿੱਚ ਮਨੁੱਖ ਬਾਹਰਲੇ ਸੰਸਾਰ ਨੂੰ ਉਸ ਤਰ੍ਹਾਂ ਦੇਖਣ ਦਾ ਆਦੀ ਨਹੀਂ ਹੁੰਦਾ ਹੈ, ਜਿਸ ਤਰ੍ਹਾਂ ਦਾ ਸੰਸਾਰ ਅਸਲ ਵਿੱਚ ਹੁੰਦਾ ਹੈ। ਸਗੋਂ ਉਹ ਸੰਸਾਰ ਨੂੰ ਉਸ ਤਰ੍ਹਾਂ ਦੇਖਦਾ ਹੈ, ਜਿਵੇਂ ਉਸ ਦੀ ਆਪਣੀ ਮਨੋਸਥਿਤੀ ਹੁੰਦੀ ਹੈ। ਜਿਸ ਵਿਅਕਤੀ ਦੇ ਮਨ ਵਿੱਚ ਨਾਉਮੀਦੀ, ਸ਼ੱਕ ਅਤੇ ਨਕਾਰਾਤਮਕਤਾ ਭਰੀ ਹੋਵੇ, ਉਸ ਨੂੰ ਹਰ ਪਾਸੇ ਬੁਰਾਈ ਹੀ ਦਿਖਾਈ ਦਿੰਦੀ ਹੈ। ਦਰਅਸਲ ਜਿਹੋ ਜਿਹਾ ਮਨੁੱਖ ਦਾ ਸੋਚਣ ਦਾ ਨਜ਼ਰੀਆ ਅਤੇ ਉਸ ਦੀ ਆਸਥਾ ਹੁੰਦੀ ਹੈ, ਉਹੋ ਜਿਹਾ ਹੀ ਉਸ ਨੂੰ ਸੰਸਾਰ ਦਿਖਾਈ ਦਿੰਦਾ ਹੈ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਇਨਸਾਨ ਨੂੰ ਆਪਣੇ ਖਿਆਲਾਤ ਅਤੇ ਤਰਜ਼-ਏ-ਅਮਲ ਇਸ ਤਰ੍ਹਾਂ ਦੇ ਸਿਰਜਣੇ ਚਾਹੀਦੇ ਹਨ ਕਿ ਉਸ ਦਾ ਪਰਵਦਗਾਰ ਉੱਪਰ ਈਮਾਨ ਕਾਇਮ ਰਹੇ, ਉਸ ਨੂੰ ਦੂਸਰਿਆਂ ਦੀ ਸ਼ਖ਼ਸੀਅਤ ਦੇ ਰੋਸ਼ਨ ਪਹਿਲੂ ਜ਼ਰੂਰ ਦਿਖਾਈ ਦੇਣ, ਉਹ ਲੋਕਾਂ ਦੇ ਐਬਾਂ ਦੀ ਨਿਸ਼ਾਨਦੇਹੀ ਕਰਨ ਦੀ ਬਜਾਏ ਉਨ੍ਹਾਂ ਵਿੱਚ ਛੁਪੀ ਹੋਈ ਚੰਗਿਆਈ ਦੀ ਸ਼ਨਾਖਤ ਕਰਨ ਦਾ ਹੁਨਰ ਸਿੱਖਣ ਵਿੱਚ ਮੁਹਾਰਤ ਹਾਸਲ ਕਰੇ, ਉਸ ਦੀ ਸੋਚ ਸਿਰਜਣਾਤਮਕ ਤੇ ਸਕਾਰਾਤਾਮਕ ਹੋਵੇ ਅਤੇ ਉਸ ਦਾ ਆਪਣੇ ਆਖਰੀ ਦਮ ਤੱਕ ਆਪਣੇ ਸੋਹਣੇ ਰੱਬ ਉਤੇ ਇਸ ਹੱਦ ਤੱਕ ਯਕੀਨ ਕਾਇਮ ਰਹੇ ਕਿ ਉਸ ਨੂੰ ਹਰ ਜ਼ੱਰੇ ਵਿਚੋਂ ਉਸ ਪਰਵਦਗਾਰ ਦਾ ਦੀਦਾਰ ਹੋਵੇ।
ਬਜ਼ੁਰਗ ਨੇ ਇਹ ਵੀ ਫ਼ੁਰਮਾਇਆ ਕਿ ਯਕੀਨ ਦੀ ਤਾਕਤ ਮਨੁੱਖ ਨੂੰ ਜ਼ਿੰਦਗੀ ਦੇ ਸਫ਼ਰ ਦੌਰਾਨ ਹਰ ਪੜਾਅ ਉਤੇ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਹੌਸਲਾ ਦਿੰਦੀ ਹੈ। ਜਦੋਂ ਤੱਕ ਮਨੁੱਖ ਦਾ ਆਪਣੇ ਆਪ ਉੱਪਰ, ਆਪਣਿਆਂ ਅਤੇ ਆਪਣੇ ਰੱਬ ਉਤੇ ਯਕੀਨ ਕਾਇਮ ਰਹਿੰਦਾ ਹੈ, ਤਦ ਤੱਕ ਉਸ ਅੰਦਰ ਇੱਕ ਅਜਿਹੀ ਤਾਕਤ ਮੌਜੂਦ ਰਹਿੰਦੀ ਹੈ, ਜਿਸ ਦੇ ਸਹਾਰੇ ਇਨਸਾਨ ਅੰਬਰਾਂ ਨੂੰ ਵੀ ਛੂਹਣ ਦਾ ਹੌਸਲਾ ਰੱਖਦਾ ਹੈ। ਬਜ਼ੁਰਗ ਨੇ ਇਹ ਵੀ ਫ਼ੁਰਮਾਇਆ ਕਿ ਤੁਸੀਂ ਜੇਕਰ ਗਹੁ ਨਾਲ ਦੇਖੋਗੇ ਤਾਂ ਤਹਾਨੂੰ ਇਉਂ ਜਾਪੇਗਾ ਕਿ ਜਿਵੇਂ ਜ਼ਿੰਦਗੀ ਦੀ ਜੰਗ ਵਿੱਚ ਯਕੀਨ ਕੋਈ ਅਜਿਹਾ ਅਭੇਦ ਅਤੇ ਫ਼ੌਲਾਦੀ ਕਵਚ ਹੋਵੇ, ਜੋ ਮਨੁੱਖ ਨੂੰ ਹਰ ਤਰ੍ਹਾਂ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਸੁਰਖਿਅਤ ਰੱਖਣ ਦੀ ਸਲਾਹੀਅਤ ਰੱਖਦਾ ਹੈ। ਬਜ਼ੁਰਗ ਨੇ ਫ਼ੁਰਮਾਇਆ ਕਿ ਜਦੋਂ ਇਨਸਾਨ ਦਾ ਯਕੀਨ ਡੋਲਦਾ ਹੈ ਤਾਂ ਉਹ ਧੁਰ ਅੰਦਰੋਂ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਬਿਖ਼ਰ ਜਿਹਾ ਜਾਂਦਾ ਹੈ ਅਤੇ ਉਸ ਦਾ ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ, ਇਲਾਹੀ ਅਦਲ, ਲੋਕਾਂ ਦੀ ਮਾਸੂਮੀਅਤ ਤੇ ਰੱਬ ਦੀ ਰਜ਼ਾ ਤੋਂ ਵੀ ਵਿਸ਼ਵਾਸ ਡਗਮਗਾ ਜਾਂਦਾ ਹੈ। ਅੰਤ ਵਿੱਚ ਉਹ ਬੇਯਕੀਨੀ ਦੇ ਆਲਮ ਵਿੱਚ ਭਟਕਦਾ ਹੋਇਆ ਖ਼ੁਆਰ ਹੁੰਦਾ ਹੈ।
ਬਜ਼ੁਰਗ ਨੇ ਫ਼ੁਰਮਾਇਆ ਕਿ ਸੱਚ ਜਾਣਿਓ! ਜਦੋਂ ਕਦੇ ਮਨੁੱਖ ਦੇ ਯਕੀਨ ਦੇ ਮੀਨਾਰ ਢਹਿ-ਢੇਰੀ ਹੁੰਦੇ ਹਨ ਤਾਂ ਉਸ ਨੂੰ ਕਿਸੇ ਦੇ ਬੋਲਾਂ, ਆਪਣੀਆਂ ਅੱਖਾਂ ਨਾਲ ਕੁਝ ਵੀ ਦੇਖੇ ਅਤੇ ਆਪਣੇ ਕੰਨਾਂ ਨਾਲ ਕੁਝ ਵੀ ਸੁਣੇ ‘ਤੇ ਵੀ ਯਕੀਨ ਨਹੀਂ ਰਹਿੰਦਾ ਹੈ। ਜਦੋਂ ਮਨੁੱਖ ਨੂੰ ਆਪਣੇ ਆਪ ਉਤੇ ਅਤੇ ਨਾ ਕਿਸੇ ਹੋਰ ਉਤੇ ਯਕੀਨ ਰਹਿੰਦਾ ਹੈ ਤਾਂ ਉਸ ਦੇ ਸਾਰੇ ਚਾਅ, ਖੇੜੇ ਅਤੇ ਹਾਸੇ ਕਿਧਰੇ ਗੁਆਚ ਜਿਹੇ ਜਾਂਦੇ ਹਨ। ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜਦੋਂ ਬੇਯਕੀਨੀ ਮਨੁੱਖ ਨੂੰ ਅੰਦਰੋਂ-ਅੰਦਰ ਤੋੜਦੀ ਜਾਂ ਝੰਜੋੜਦੀ ਹੈ ਤਾਂ ਮਨੁੱਖ ਸੁਭਾਵਿਕ ਰੂਪ ਵਿੱਚ ਹੀ ਭਟਕਣ, ਉਦਾਸੀ ਅਤੇ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦਾ ਹੈ। ਬਜ਼ੁਰਗ ਨੇ ਇਸ ਗੱਲ ਦੀ ਹਦਾਇਤ ਕੀਤੀ ਕਿ ਸੰਸਾਰ ਵਿੱਚ ਵਿਚਰਦੇ ਹੋਏ ਮਨੁੱਖ ਹਰ ਪਲ ਇਸ ਗੱਲ ਦਾ ਇਹਤਿਆਤ ਰੱਖੇ ਕਿ ਉਹ ਕਦੇ ਵੀ ਕਿਸੇ ਦੇ ਏਹਤਮਾਦ ਨੂੰ ਠੇਸ ਨਾ ਪਹੁੰਚਾਏ। ਬਜ਼ੁਰਗ ਨੇ ਫ਼ੁਰਮਾਇਆ ਕਿ ਨੇਕੀ ਤੇ ਚੰਗਿਆਈ ਦੀ ਸ਼ਨਾਖਤ, ਸਕਾਰਾਤਮਕ ਸੋਚ ਅਤੇ ਰੱਬ ਉੱਤੇ ਅਟੱਲ ਯਕੀਨ ਜੀਵਨ ਨੂੰ ਅਰਥਪੂਰਨ, ਸਰਲ ਅਤੇ ਸੁਖਦ ਬਣਾਉਂਦੇ ਹਨ। ਚੰਗੇ ਆਚਰਣ, ਉਸਾਰੂ ਸੋਚ, ਦੂਜਿਆਂ ਦੀਆਂ ਖੂਬੀਆਂ ਨੂੰ ਪਛਾਣਨ ਦੀ ਕਲਾ ਅਤੇ ਰੱਬ ਉੱਤੇ ਅਟੱਲ ਵਿਸ਼ਵਾਸ ਹੀ ਇਨਸਾਨ ਨੂੰ ਕਾਮਯਾਬ, ਸੰਤੁਲਿਤ ਅਤੇ ਖ਼ੁਸ਼ਹਾਲ ਜ਼ਿੰਦਗੀ ਵੱਲ ਲੈ ਜਾਂਦੇ ਹਨ। ਦਰਅਸਲ ਯਕੀਨ ਹੀ ਉਹ ਤਾਕਤ ਹੈ, ਜੋ ਮਨੁੱਖ ਨੂੰ ਟੁੱਟਣ ਤੇ ਬਿਖ਼ਰਨ ਤੋਂ ਬਚਾਉਂਦੀ ਅਤੇ ਉਸ ਦੀ ਸ਼ਖ਼ਸੀਅਤ ਨੂੰ ਦਮਦਾਰ, ਪੁਰਅਸਰ, ਕਾਬਿਲ-ਏ-ਰਸ਼ਕ ਅਤੇ ਕਾਬਿਲ-ਏ-ਮੁਹਤਰਮ ਬਣਾਉਂਦੀ ਹੈ।

(*ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ, ਹਰਿਆਣਾ)

Leave a Reply

Your email address will not be published. Required fields are marked *