ਪਨਿਆੜ ਦਾ ਪਿੜ ਕਦੇ ਮੁਹਿਆਲ ਬ੍ਰਾਹਮਣਾਂ ਨੇ ਵੀ ਬੰਨਿ੍ਹਆ ਸੀ

ਗੂੰਜਦਾ ਮੈਦਾਨ

ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ; ਕਿਉਂਕਿ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਇਹ ਸਾਂਭਿਆ ਨਹੀਂ ਗਿਆ। ‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪੇਸ਼ ਹੈ, ਪ੍ਰਾਚੀਨ ਨਗਰ ਪਨਿਆੜ ਬਾਰੇ ਸੰਖੇਪ ਵੇਰਵਾ, ਜਿਸ ਦਾ ਪਿੜ ਕਦੇ ਮੁਹਿਆਲ ਬ੍ਰਾਹਮਣਾਂ ਨੇ ਵੀ ਬੰਨਿ੍ਹਆ ਸੀ…

–ਪ੍ਰਬੰਧਕੀ ਸੰਪਾਦਕ

ਵਿਜੈ ਬੰਬੇਲੀ
ਫੋਨ: +91-9463439075

ਇਸ ਕਾਲਮ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਦੇ ਪਠਾਨਕੋਟ-ਅੰਮ੍ਰਿਤਸਰ ਮਾਰਗ ‘ਤੇ, ਸ਼ਹਿਰ ਦੀਨਾਨਗਰ ਲਾਗੇ ਉਚੇ ਥੇਹ ‘ਤੇ ਵਸਦੇ ਪ੍ਰਚੀਨ ਨਗਰ ਪਨਿਆੜ ਜਿਸਦਾ ਪਿੜ, ਮੁੜ ਮੁਹਿਆਲ ਬ੍ਰਾਹਮਣਾਂ ਨੇ ਬੰਨਿ੍ਹਆ ਸੀ, ਦੀ ਕਥਾ ਤੁਹਾਨੂੰ ਸੁਨਾਉਣੀ ਹੈ। ਇਤਿਹਾਸ-ਮਿਥਿਹਾਸ ਅਨੁਸਾਰ, “ਮੁਹਿਆਲ ਬ੍ਰਾਹਮਣ, ਜਿਨ੍ਹਾਂ ਦਾ ਸਬੰਧ ਦ੍ਰੋਣਾਚਾਰੀਆ ਦੇ ਪੁੱਤਰ ਅਸ਼ਵਥਾਮਾ ਨਾਲ ਜੁੜਦਾ ਹੈ, ਸੱਤ ਕੁਟੰਬਾਂ: ਛਿੱਬੜ, ਵੈਦ (ਵੈਦਿਆ), ਦੱਤ, ਬਾਲੀ, ਭੀਮਵਾਲ, ਲੌਅ ਅਤੇ ਮੋਹਨ ਦਾ ਸਮੂਹ ਹੈ।” ਇਹ ਬ੍ਰਹਾਮਣ ਉਪ-ਜਾਤੀਆਂ ਦੇ ਪੁਰਖੇ ਜਾਂ ਤਾਂ ਹਲ-ਵਾਹਕ (ਕਿਸਾਨ) ਸਨ ਜਾਂ ਤਲਵਾਰ-ਵਾਹਕ, ਅਰਥਾਤ ਸੂਰਮੇ ਸਨ। ਭਾਈ ਪਰਾਗਾ ਅਤੇ ਭਾਈ ਮਤੀ ਦਾਸ-ਸਤੀ ਦਾਸ ਮੁਹਿਆਲ ਬ੍ਰਾਹਮਣ ਹੀ ਸਨ। ਉਦਾਰਵਾਦੀ ਹਿੰਦੂਆਂ ਦੀਆਂ ਇਹ ਧਿਰਾਂ ਸਿੱਖ ਧਰਮ ਨਾਲ ਮੋਹ-ਵੰਤਾਂ ਰਿਸ਼ਤਾ ਰੱਖਦੀਆਂ ਹਨ। ਮੁਹਿਆਲ ਬ੍ਰਾਹਮਣਾਂ ਦੀ ਇੱਕ ਧਿਰ ਨੂੰ ਹੂਸੈਨੀ (ਮੁਸਲਿਮ ਪ੍ਰਸਤ) ਵੀ ਕਿਹਾ ਜਾਂਦਾ ਹੈ। ਇਤਿਾਸ ਅਤੇ ਦੰਦ ਕਥਾਵਾਂ ਮੁਤਾਬਿਕ, “ਮਹਾਂਭਾਰਤ ਦੇ ਯੁੱਧ ਉਪਰੰਤ ਅਸ਼ਵਥਾਮਾ (ਦੱਤ) ਇਰਾਕ ਜਾ ਵਸਿਆ ਸੀ, ਜਿੱਥੇ ਉਸਦੀ ਔਲਾਦ ਅਤੇ ਸਕੇ-ਸੋਧਰੇ ਵਧੇ-ਫੁਲੇ। ਕਰਬਲਾ, ਇਰਾਕ ਦੇ ਯੁੱਧ ਸਮੇਂ ਇਨ੍ਹਾਂ ਬ੍ਰਾਹਮਣਾਂ ਨੇ ਹਜ਼ਰਤ ਹੂਸੈਨ ਦੀ ਹੱਕੀ ਲੜਾਈ ਵਿੱਚ ਉਸਦਾ ਸਾਥ ਦਿੱਤਾ। ਇਨ੍ਹਾਂ ਬ੍ਰਾਹਮਣਾਂ ਦਾ ਇੱਕ ਬੇਜੋੜ ਯੋਧਾ ਰਾਹਾਬ ਹਜ਼ਰਤ ਦੇ ਪਰਿਵਾਰ ਨਾਲ ਹੀ ਵੀਰਗਤੀ ਪਾ ਗਿਆ ਸੀ। ਉਪਰੰਤ ਇਨ੍ਹਾਂ ਨੂੰ ਹੂਸੈਨੀ ਬ੍ਰਾਹਮਣ ਕਿਹਾ ਜਾਣ ਲੱਗਾ ਜਿਹੜੇ, ਹਾਲਾਤਾਂ ਵੱਸ, ਸੱਤ ਸੌ ਈਸਵੀ ਦੇ ਲਾਗੇ-ਤਾਗੇ, ਮੁੜ, ਆਪਣੇ ਪੂਰਵਜਾਂ ਦੇ ਵਤਨ ਭਾਰਤ ਪਰਤ ਸਿਆਲਕੋਟ (ਪਾਕਿਸਤਾਨ) ਖਿੱਤੇ ‘ਚ ਉਦੋਂ ਪੈਂਦੇ ਦੀਨਾਨਗਰ ਅਤੇ ਮਗਰੋਂ; ਉਨ੍ਹਾਂ ਦੀ ਇੱਕ ਸਾਖ਼ ਪਨਿਆੜ ਆਣ ਵਸੀ।
ਹੋਇਆ ਇਓਂ ਕਿ ਮੁਗਲ ਬਾਦਸ਼ਾਹ ਬਾਬਰ ਦੇ ਸਾਸ਼ਨ ਦੌਰਾਨ ਦੱਤ ਬ੍ਰਾਹਮਣ ਰਾਏ ਮਿਧ ਦੇਵ ਦੇ ਵਾਰਸ਼ਾਂ ਵਿੱਚੋਂ ਇੱਕ ਧੜਵੈਲ ਯੋਧੇ ਨੇ ਰਾਜਾ ਮੀਨ ਦੇਵ, ਜਿਹੜਾ ਬਾਬਰ ਦਾ ਹਮਜੋਲੀ ਸੀ, ਨੂੰ ਹਰਾ ਕੇ ਪਠਾਨਕੋਟ ਇਲਾਕਾ ਮੱਲ ਲਿਆ। ਜੇਤੂ ਮੁਹਿਆਲਾਂ ਨੇ ਪ੍ਰਚੀਨਤਾ ਅਤੇ ਕੁੱਝ ਹੋਰ ਆਰਥਿਕ (ਜਲ ਸੋਮੇ ਤੇ ਸਬਜ਼ ਧਰਤੀ) ਤੇ ਯੁੱਧਨੀਤਿਕ ਸਹੂਲਤਾਂ ਕਾਰਨ ਰਾਜਧਾਨੀ ਵਜੋਂ ਚੁਣਿਆ, ਉਚੇ ਥੇਹ ‘ਤੇ ਵਸਦਾ ‘ਪਨਿਆੜ’। ਇੱਕ ਕਾਵਿ ਅਨੁਸਾਰ, “…ਵੀਰਵਾਰ ਕੇ ਰੋਜ ‘ਦੱਤ’ ਪਨਿਆੜ ਜੋ ਸਾਧੇ, ਰਾਜਾ ਮੀਨ ਕੋ ਮਾਰ ਫੇਰ ਰਣ ਮੇਂ ਜੋ ਗਾਦੇ।…” ਇਹੀ ਨਹੀਂ, ਇਸ ਪਿੰਡ ਨੂੰ ਕਬਜ਼ਾਉਣ ਹਿੱਤ ਵੀ ਮੁਸਲਮਾਨ, ਇੱਥੋਂ ਦੇ ਅਹਿਲਕਾਰਾਂ ਨਾਲ ਯੁੱਧ ਲੜਨਾ ਪਿਆ ਸੀ। ਕਿਹਾ ਜਾਂਦਾ ਹੈ ਕਿ ਰਾਜਾ ਮੀਨ ਦੀ ਹਾਰ ਸੁਣਦਿਆਂ ਬਾਬਰ ਨੇ ਲਾਹੌਰ ਦੇ ਸਾਸ਼ਕ ਨੂੰ ਦੱਤਾਂ ਨੂੰ ਕੁਚਲਣ ਦਾ ਹੁਕਮ ਸਾਦਰ ਕੀਤਾ। ਸਿੱਟਾ; ਭਿਆਨਕ ਤਬਾਹੀ ਹੋਈ ਅਤੇ ਦੱਤਾਂ ਨੂੰ ਸਦਾ ਵਾਸਤੇ ਪਨਿਆੜ ਤਿਗਾਅਣਾ ਪਿਆ। ਇੱਕ ਮਾਨਤਾ ਅਨੁਸਾਰ ਕਿਸੇ ਵੇਲੇ ਪਨਿਆੜ ਰਾਵੀ ਅਤੇ ਬਿਆਸ ਦੇ ਸੰਗਮ ਕਿਨਾਰੇ ਵੱਸਦਾ ਸੀ। ਭੁਗੋਲਿਕ ਉੱਥਲਾ-ਪੁਥਲਾ ਤਹਿਤ ਭਾਵੇਂ ਇਨ੍ਹਾਂ ਦੋਵੇਂ ਦਰਿਆਵਾਂ ਨੇ ਆਪਣਾ ਵਹਿਣ ਬਦਲ ਲਿਆ, ਪਰ ਪਨਿਆੜ ਫਿਰ ਵੀ ਜਲ-ਲਬਰੇਜ਼ ਰਿਹਾ। ਇੱਕ ਹੋਰ ਮਿੱਥ ਅਨੁਸਾਰ, ਸਮੇਂ-ਸਮੇਂ ਜਲ-ਸੈਲਾਬਾਂ ਨੇ ਪਨਿਆੜ ਲਾਗਲਾ ਖਿੱਤਾ ਤਾਂ ਕਈ ਵਾਰ ਡੁਬੋਇਆ-ਮਧੋਲਿਆ, ਪਰ ਪਨਿਆੜ ਕਦੇ ਨਾ ਡੁੱਬਿਆ। ਇਸਦੇ ਨਾ-ਡੁੱਬਣ ਜਾਂ ਨਾ-ਗਰਕਣ ਦਾ ਕਾਰਨ ਇਹ ਹੈ, “ਵਿਰਾਟ ਨਗਰੀ (ਦਸੂਹਾ) ਵਿਖੇ ਅਗਿਆਤ-ਵਾਸ ਕੱਟਦੇ ਸਮੇਂ, ਤਲਾਅ (ਪਾਂਡਵ ਸਰੋਵਰ) ਖੋਦਣ ਹਿੱਤ, ਮਹਾਂਬਲੀ ਭੀਮ ਨੇ ਕਹੀ ਦੇ ਢਾਈ ਟੱਪ ਮਾਰ ਕੇ ਜਿਹੜੀ ਮਿੱਟੀ ਪਠਾਨਕੋਟ ਵੱਲ ਵਗਾਹ ਕੇ ਮਾਰੀ ਸੀ, ਉਹ ਪਹਾੜਾਂ ‘ਚ ਡਿੱਗਣ ਦੀ ਬਜਾਏ ਰਾਵੀ-ਬਿਆਸ ਦੇ ਸੰਗਮ ਵੱਲ ਆ ਡਿੱਗੀ। ਸਿੱਟੇ ਵਜੋਂ, ਮਿੱਟੀ ਦਾ ਇੱਕ ਵਿਸ਼ਾਲ ਧੋੜ੍ਹਾ ਬਣ ਗਿਆ ਅਤੇ ਸਮਾਂ ਪਾ ਉਹ ਉੱਚ-ਜਗਾਹ ਵੱਸ-ਰਸ ਗਈ।” ਉਸ ਵਸੇਬ ਦਾ ਕਾਰਨ ਕੋਈ ਵੀ ਹੋਵੇ, ਪਰ ਉਹ ਕਦੋਂ ਹੋਈ ਅਤੇ ਉਸਦੀ ਮੌੜ੍ਹੀ ਕਿਸਨੇ ਗੱਡੀ ਸੀ ਅਤੇ ਮਗਰੋਂ ਕੀ ਹੋਇਆ ਵਾਪਰਿਆ, ਇਹ ਸਭ ਇਤਿਹਾਸ ਦੇ ਗਰਭ ਵਿੱਚ ਹੈ।
ਜੰਗਿ-ਆਜ਼ਾਦੀ ਵਿੱਚ ਇਸ ਪਿੰਡ ਨੇ ਬੇਜੋੜ ਹਿੱਸਾ ਪਾਇਆ ਸੀ। ਕਿਰਤੀ ਪਾਰਟੀ ਦੇ ਚੰਨਣ ਸਿੰਘ ਤੁਗਲਵਾਦ, ਕਾਮਰੇਡ ਸ਼ਿਵ ਕੁਮਾਰ ਸ਼ਾਰਦਾ ਅਤੇ ਉਸ ਤੋਂ ਛੋਟੀ ਸ਼ੰਕੁਤਲਾ ਸ਼ਾਰਦਾ, ਕਾਮਰੇਡ ਵਿਸ਼ਨੂੰ ਦੱਤ ਸ਼ਰਮਾ ਅਤੇ ਮੁਜ਼ਾਰਾ ਲਹਿਰ ਦੇ ਉੱਘੇ ਆਗੂ ਕਾਮਰੇਡ ਛੱਜੂ ਰਾਮ ਵੈਦ ਦੀ ਇਹ ਜਨਮ ਅਤੇ ਕ੍ਰਮ ਸੱਥਲੀ ਸੀ। ਇਹੀ ਨਹੀਂ, ਚੌਧਰੀ ਰਾਮ ਸਿੰਘ ਦੱਤ (ਸਾਹੋਵਾਲ) ਵੀ ਇੱਥੋਂ ਸਰਗਰਮ ਰਿਹਾ। ਹਾਂ! 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ‘ਪਨਿਆੜ’ ਦੇ ਕੇਹਰ ਸਿੰਘ ਅਤੇ ਦਰਸ਼ਨ ਸਿੰਘ ਦਾ ਹਿੱਸਾ ਵੀ ਲਾਸਾਨੀ ਸੀ ਤੇ ਸਿਵਲ ਨਾ-ਫੁਰਮਾਨੀ ਵਿੱਚ ਸ਼ਾਰਦਾ ਦਾ। ਜਿੱਥੇ ਸਿਰਮੌਰ ਨਾਟਕਕਾਰ ਈਸ਼ਵਰ ਚੰਦ ਨੰਦਾ, ਪਨਿਆੜ ਦਾ ਉੱਘਾ ਰੁਕਨ, ਨੇ ਇਸ ਨਗਰ ਨੂੰ ਕੌਮਾਂਤਰੀ ਪ੍ਰਸਿੱਧੀ ਦਵਾਈ ਹੋਈ ਹੈ, ਉਥੇ 28 ਅਗਸਤ 1947 ਨੂੰ ਪਾਕਿ ਪ੍ਰਧਾਨ ਮੰਤਰੀ ਲਿਆਕਤ ਅਲੀ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਇੱਥੋਂ ਦਾ ਕੀਤਾ ਗਿਆ ਦੌਰਾ ’47 ਦੀ ਤ੍ਰਾਸਦੀ ਦੇ ਪੀੜਤਾਂ ਦੀ ਹੂਕ ਬੁੱਝਣ ਦੀ ਗਵਾਹੀ ਭਰਦਾ ਹੈ। ਇਸ ਵੇਲੇ ਦੀ ਗਵਾਹੀ ਲਈ ਇੱਥੇ ਸਥਾਪਿਤ ਕੀਤਾ ਗਿਆ ਨਹਿਰੂ ਗੇਟ, ਜਿੱਥੇ ਸਰਨਾਰਥੀ ਕੈਂਪਾਂ ਦਾ ਕੀਤਾ ਗਿਆ ਦੌਰਾ, ਵੇਲੇ ਦੀ ਦੁਖਦਾਈ ਤਵਾਰੀਖ ਦੀ ਯਾਦ ਦਵਾਉਂਦਾ ਹੈ, ਉਥੇ ਚੌਧਰੀ ਰਾਮ ਸਿੰਘ ਦੱਤ ਯਾਦਗਾਰੀ ਗੇਟ ਜੰਗਿ-ਆਜ਼ਾਦੀ ਵਿੱਚ ‘ਪਨਿਆੜ’ ਵਲੋਂ ਕੀਤੀਆਂ ਕੁਰਬਾਨੀਆਂ ਦੀ ਸ਼ਾਹਦੀ ਭਰਦਾ ਹੈ।
ਹਾਂ! ਮਗਰਲਾ, ਜੋ ਪਤਾ ਲੱਗਾ, ਉਹ ਸੰਖੇਪ ‘ਚ ਕੁੱਝ-ਕੁੱਝ, ਇਓਂ ਹੈ: ਬਾਦਸ਼ਾਹ ਅਕਬਰ (1556-1605 ਈ:) ਵੇਲੇ ਪੰਜਾਬ ਨਹੀਂ, ਲਾਹੌਰ ਸੂਬੇ ਦਾ ਦਰਜਾ ਰੱਖਦਾ ਸੀ, ਜਿਹੜਾ ਅੱਗੇ ਅੱਠ ਸਥਾਨਕ ਪ੍ਰਬੰਧਾਂ (ਸਰਕਾਰਾਂ/ਜ਼ਿਲ੍ਹੇ) ਅਧੀਨ ਵੰਡਿਆ ਹੋਇਆ ਸੀ। ਹਰ ਸਰਕਾਰ, ਅਗਾਂਹ ਮਹਿਲਾਂ (ਪਰਗਨਿਆਂ/ਤਹਿਸੀਲਾਂ) ਰਾਹੀਂ ਕਾਰਜ-ਕਰਤਾ ਸੀ। ਇੱਕ ਸਰਕਾਰ ਬਟਾਲਾ ਸੀ। ਇਸ ਅਧੀਨ 14 ਮਹਿਲ ਸਨ। ਇਨ੍ਹਾਂ ਵਿੱਚੋਂ ਇੱਕ ਨਾਮਵਰ ਮਹਿਲ ‘ਪਨਿਆੜ’ ਸੀ, ਜਿਸਦੀ ਮਾਲਕੀ ਅਧੀਨ ਕਰੀਬ 66 ਹਜ਼ਾਰ ਵਿੱਘੇ ਭੌਇੰ ਸੀ ਅਤੇ ਪ੍ਰਬੰਧਾਂ ਹਿੱਤ ਲਗਪਗ 500 ਸੈਨਿਕ ਅਤੇ ਡੇਢ ਸੌ ਘੋੜ-ਚੜ੍ਹੇ ਯੋਧੇ ਸਨ। ਪ੍ਰਸਿੱਧ ਵੈਸ਼ਨਵ ਧਾਰਮਿਕ ਪੀਠ ‘ਪੰਡੋਰੀ ਮਹੰਤਾਂ’ (ਗੁਰਦਾਸਪੁਰ) ‘ਚ ਉਪਲੱਬਧ, ਨਵਾਬ ਜ਼ਕਰੀਆਂ ਖਾਂ ਲਾਹੌਰ ਵੇਲੇ ਦੇ, ਸੰਨ 1736 ਅਤੇ 1744 ਦੇ ਦਸਤਾਵੇਜ਼ਾਂ ਅਨੁਸਾਰ ਤੇ ਮਿਸਲਾਂ ਵੇਲੇ ਦੇ 1769 ਈ: ਦੇ ਦਸਤਾਵੇਜ਼ਾਂ ਵਿੱਚ ਪਨਿਆੜ ਦਾ ਸੁਲੱਖਣਾ ਜ਼ਿਕਰ ਦਰਜ ਹੈ। ਸਮੇਂ ਦੇ ਗੇੜ੍ਹ ਅਤੇ ਕਨ੍ਹੱਈਆਂ ਤੇ ਰਾਮਗੜ੍ਹੀਆ ਮਿਸਲਾਂ ਦੇ ਰਾਜ ਉਪਰੰਤ ਜਦ ਮਹਾਰਾਜਾ ਰਣਜੀਤ ਸਿੰਘ ਨੇ ਇਹ ਖਿੱਤਾ ਹਥਿਆ ਲਿਆ ਤਾਂ ਇਸ ਖੇੜੇ ਦੀ ਮਹੱਤਤਾ ਬੁੱਝਦਿਆਂ ਇਸ ਨਗਰ ਦਾ ਦਰਜਾ ਮਹਿਲ ਦੀ ਬਜਾਏ ਅੱਵਲ ਪਰਗਨਾਂ ਮਿੱਥਿਆ ਗਿਆ।
ਇਹੀ ਨਹੀਂ, ਬ੍ਰਿਟਿਸ਼ ਸਾਮਰਾਜ ਦੀ ਇੱਕ ਪ੍ਰਬੰਧਕੀ ਮਿਸਲ (1878-79) ਅਨੁਸਾਰ, “ਗੁਰਦਾਸਪੁਰ ਤਹਿਸੀਲ ਦੀਆਂ 19 ਜੈਲਾਂ ਵਿੱਚੋਂ ‘ਪਨਿਆੜ’ ਪ੍ਰਮੁੱਖ ਜ਼ੈਲ ਹੈ, ਜਿਸ ਅਧੀਨ ਪਿੰਡਾਂ ਦੀ ਗਿਣਤੀ 39 ਹੈ।” ਇਹ ਦਸਤਾਵੇਜ਼ ਅਤੇ ਤਾਰੀਖੀ ਗਵਾਹੀਆਂ ਦਰਸਾਉਂਦੀਆਂ ਹਨ ਕਿ ਆਪਣੀ ਸਰਕਾਰੀ ਗੰਨਾ ਮਿੱਲ ਵਾਂਗ ਪੀੜ ਹੋ ਚੁੱਕਾ ‘ਪਨਿਆੜ’ ਵੀ ਕਦੇ ਸ਼ਾਹ ਬੁਲੰਦ ਸੀ।”

Leave a Reply

Your email address will not be published. Required fields are marked *