ਅਯੋਧਿਆ ਵਿੱਚ ਰਾਮ ਮੰਦਰ ਦੇ ਚੜ੍ਹਵੇ ਨੂੰ ਸੰਨ੍ਹ ਲੱਗੀ

ਸਿਆਸੀ ਹਲਚਲ ਖਬਰਾਂ

*ਮੰਦਿਰ ਦੇ 8 ਮੁਲਾਜ਼ਮ ਗ੍ਰਿਫਤਾਰ
*ਵਿਰੋਧੀ ਪਾਰਟੀਆਂ ਨੇ ਨਿਆਂਪਾਲਿਕਾ ਦੀ ਨਿਗਰਾਨੀ ਹੇਠ ਜਾਂਚ ਮੰਗੀ
ਜਸਵੀਰ ਸਿੰਘ ਮਾਂਗਟ
ਮੁਲਕ ਦੇ ਸਾਰੇ ਮੁਸਲਮਾਨਾਂ ਦੀ ਆਸਥਾ ਨੂੰ ਸੂਲੀ ‘ਤੇ ਟੰਗ ਕੇ ਬਣਾਇਆ ਗਿਆ ਅਯੋਧਿਆ ਰਾਮ ਮੰਦਿਰ ਵੱਡੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰ ਗਿਆ ਹੈ। ਮੰਦਿਰ ਦੇ ਮੁਲਾਜ਼ਮਾਂ ਅਤੇ ਮੈਨੇਜਮੈਂਟ ਨਾਲ ਸੰਬੰਧਤ ਵਿਅਕਤੀਆਂ ਵੱਲੋਂ ਹੀ ਸੈਂਕੜੇ ਕਰੋੜ ਕੈਸ਼ ਅਤੇ ਇੱਥੇ ਚੜ੍ਹਾਏ ਗਏ ਸੋਨੇ-ਚਾਂਦੀ ਦੀਆਂ ਇੱਟਾਂ ਗਾਇਬ ਕਰਨ ਦੇ ਦੋਸ਼ ਲੱਗ ਰਹੇ ਹਨ।

ਰਾਮ ਮੰਦਿਰ ਅੰਦਰ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਪੈਸੇ ਅਤੇ ਕੀਮਤੀ ਧਾਤਾਂ ਦੀ ਇਸ ਘਪਲੇਬਾਜ਼ੀ ਨੂੰ ਮੰਦਿਰ ਵਿੱਚ ਹੀ ਕੰਮ ਕਰਦੇ ਰਹੇ ਇੱਕ ਅਕਾਊਂਟ ਸੁਪਰਵਾਈਜ਼ਰ ਮਹੀਪਾਲ ਸਿੰਘ ਨੇ ਸਾਹਮਣੇ ਲਿਆਂਦਾ ਹੈ। ਇਸ ਨੂੰ ਹੁਣ ‘ਵਿਸਲ ਬਲੋਅਰ’ ਕਿਹਾ ਜਾ ਰਿਹਾ ਹੈ। ਮਹੀਪਾਲ ਨੇ ਜਨਤਕ ਤੌਰ ‘ਤੇ ਇਹ ਤੱਥ ਸਵੀਕਾਰ ਕੀਤਾ ਕਿ ਜਦੋਂ ਉਸ ਨੇ ਇਹ ਮਸਲਾ ਉਠਾਇਆ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਗਿਆ। ਮਹੀਪਾਲ ਸਿੰਘ ਨੇ ਦੱਸਿਆ ਕਿ ਰਾਮ ਮੰਦਿਰ ਨਾਲ ਸੰਬੰਧਤ ਇਸ ਭ੍ਰਿਸ਼ਟਾਚਾਰ ਨੂੰ ਬੇਪਰਦ ਕਰਨ ਤੋਂ ਬਾਅਦ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਇਸ ਮਾਮਲੇ ਦੀ ਨਿਆਂਪਾਲਿਕਾ ਦੀ ਨਿਗਰਾਨੀ ਵਿੱਚ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਯਾਦ ਰਹੇ, 1990ਵਿਆਂ ਦੇ ਦੌਰ ਵਿੱਚ ਰਾਮ ਮੰਦਰ ਬਣਾਉਣ ਲਈ ਭਾਜਪਾ, ਆਰ.ਐਸ.ਐਸ. ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਦੇਸ਼ ਦੀਆਂ ਸਮੂਹ ਹਿੰਦੂਤਵੀ ਜਥੇਬੰਦੀਆਂ ਨੇ ਅਯੋਧਿਆ ਵਿੱਚ ਕਾਇਮ ਮੁਕਾਮ ਬਾਬਰੀ ਮਸਜਿਦ ਢਾਹ ਦਿੱਤੀ ਸੀ। 1992 ਵਿੱਚ ਜਦੋਂ ਕੇਂਦਰ ਵਿੱਚ ਕਾਂਗਰਸ ਸਰਕਾਰ ਸੀ, ਰਾਮ ਭਗਤਾਂ ਅਤੇ ਕਥਿੱਤ ਕਾਰਸੇਵਕਾਂ ਨੇ ਬਾਬਰੀ ਮਸਜਿਦ ਨੂੰ ਤੋੜ ਦਿੱਤਾ ਸੀ। ਇਸ ਤੋਂ ਪਿਛੋਂ ਲੰਮੀ ਅਦਾਲਤੀ ਪ੍ਰਕਿਰਿਆ ਚੱਲੀ। ਸਾਲ 2019 ਵਿੱਚ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਵਾਲੀ ਝਗੜੇ ਵਾਲੀ ਥਾਂ ਸਮੇਤ 2.5 ਏਕੜ ਜ਼ਮੀਨ ਵਿੱਚ ਰਾਮ ਮੰਦਿਰ ਬਣਾਉਣ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਸੀ। ਫੈਸਲਾ ਦਿੰਦੇ ਸਮੇਂ ਜੱਜਾਂ ਨੇ ਦੇਸ਼ ਦੀ ‘ਬਹੁਗਿਣਤੀ ਦੀਆਂ ਭਾਵਨਾਵਾਂ’ ਦਾ ਖਿਆਲ ਰੱਖਣ ਦੀ ਗੱਲ ਕਹੀ ਸੀ ਅਤੇ ਮੁਸਲਮਾਨਾਂ ਨੂੰ ਆਪਣੀ ਮਸਜਿਦ ਦੀ ਉਸਾਰੀ ਲਈ ਅਯੁਧਿਆ ਤੋਂ ਬਾਹਰ ਜ਼ਮੀਨ ਅਲਾਟ ਕਰ ਦਿੱਤੀ ਸੀ। 1992 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਪਿੱਛੋਂ ਹੋਏ ਦੰਗਿਆਂ ਵਿੱਚ ਤਕਰੀਬਨ 2000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤੇ ਮੁਸਲਮਾਨ ਸਨ।
ਢਾਈ ਕੁ ਸਾਲ ਪਹਿਲਾਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਮਿਕ ਰਸਮਾਂ ਦੀ ਲਾਈਵ ਨੁਮਾਇਸ਼ ਕਰਦਿਆਂ ਰਾਮ ਮੰਦਿਰ ਦਾ ਉਦਘਾਟਨ ਕੀਤਾ ਸੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਬਾਰਸ਼ ਕਾਰਨ ਇਸ ਵਿਸ਼ਾਲ ਮੰਦਿਰ ਦੀ ਛੱਤ ਚੋਅਣ ਦੀਆਂ ਖ਼ਬਰਾਂ ਵੀ ਅਖਬਾਰਾਂ ਵਿੱਚ ਛਪੀਆਂ ਸਨ। ਅਯੋਧਿਆ ਵਿੱਚ ਰਾਮ ਮੰਦਿਰ ਉਸਾਰਨ ਦੇ ਮਕਸਦ ਲਈ ਕੱਟੜ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿੱਚ ਇੱਕ ਦੇਸ਼ ਵਿਆਪੀ ਰਥ ਯਾਤਰਾ ਵੀ ਚਲਾਈ ਗਈ ਸੀ। ਇਸ ਦੌਰਾਨ ਵੀ ਹਿੰਸਕ ਟਕਰਾਅ ਵਾਪਰੇ ਸਨ। ਅਸਲ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਉਭਾਰ ਰਾਮ ਮੰਦਿਰ ਦੀ ਲਹਿਰ ਦੇ ਨਾਲ-ਨਾਲ ਹੀ ਹੋਇਆ ਸੀ; ਪਰ ਇਸ ਲਹਿਰ ਦੀ ਟੀਸੀ ਵਜੋਂ ਮੋਦੀ ਸਰਕਾਰ ਵੱਲੋਂ ਢਾਈ ਸਾਲ ਪਹਿਲਾਂ ਉਦਘਾਟਨ ਕੀਤਾ ਗਿਆ ਰਾਮ ਮੰਦਿਰ ਵਿੱਤੀ ਭ੍ਰਿਸ਼ਟਾਚਾਰ ਦਾ ਕੇਂਦਰ ਬਣ ਗਿਆ ਹੈ। ਇਸ ਮਸਲੇ ਨੂੰ ਸਾਹਮਣੇ ਲਿਆਉਣ ਵਾਲਾ ਵਿਅਕਤੀ ਮੰਦਿਰ ਦੀ ਮੈਨੇਜਮੈਂਟ ਵਿੱਚ ਰਿਹਾ ਹੈ। ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਦੇ ਬਾਵਜੂਦ ਭ੍ਰਿਸ਼ਟਾਚਾਰ ਬੇਪਰਦ ਕਰਨ ਵਾਲੇ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਵਿਰੋਧੀ ਰਾਜਨੀਤਿਕ ਪਾਰਟੀਆਂ ਦਾ ਦੋਸ਼ ਹੈ ਕਿ ਇਸ ਮਾਮਲੇ ਵਿੱਚ ਕੈਸ਼ ਵਗੈਰਾ ਗਿਣਨ ਵਾਲੇ ਸਾਧਾਰਨ ਮੁਲਾਜ਼ਮਾਂ ਦੀਆਂ ਹੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਮਾਮਲੇ ਵਿੱਚ ਸ਼ਾਮਲ ਸੀਨੀਅਰ ਮੈਨੇਜਮੈਂਟ ਅਤੇ ਟਰਸਟ ਨਾਲ ਸੰਬੰਧਤ ਅਧਿਕਾਰੀਆਂ ਨੂੰ ਬਚਾਇਆ ਜਾ ਰਿਹਾ। ਜਿਨ੍ਹਾਂ ਦੇ ਘਰੋਂ ਵੱਡੀ ਮਾਤਰਾ ਵਿੱਚ ਕੈਸ਼ ਅਤੇ ਸੋਨਾ-ਚਾਂਦੀ ਫੜਿਆ ਗਿਆ ਹੈ, ਉਹ ਵੀ ਸਾਧਾਰਨ ਮੁਲਾਜ਼ਮ ਹੀ ਹਨ। ਮੰਦਿਰ ਦੀ ਮੈਨੇਜਮੈਂਟ ਦੀ ਭਾਜਪਾ ਅਤੇ ਆਰ.ਐਸ.ਐਸ. ਨਾਲ ਨੇੜਤਾ ਜੱਗ ਜ਼ਾਹਰ ਹੈ। ਉਂਝ ‘ਰਾਮ ਜਨਮ ਭੂਮੀ ਖੇਤਰ ਟਰਸਟ’ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉੱਤਰ ਪ੍ਰਦੇਸ ਸਰਕਾਰ ਨੇ ਇੱਕ ਵਿਸ਼ੇਸ਼ ਪੜਤਾਲੀਆ ਟੀਮ ਦਾ ਗਠਨ ਕਰ ਦਿੱਤਾ ਹੈ। ਇਸ ਪੜਤਾਲੀਆ ਟੀਮ ਦੀ ਅੰਤ੍ਰਿਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਉੱਤਰ ਪ੍ਰਦੇਸ ਪੁਲਿਸ ਵੱਲੋਂ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਖਿਲਾਫ ਮੰਦਿਰ ਵਿੱਚ ਚੜ੍ਹਾਈਆਂ ਗਈਆਂ ਕੀਮਤੀ ਵਸਤਾਂ ਚੁਰਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਧਿਆਨ ਯੋਗ ਹੈ ਕਿ ਹਰ ਰੋਜ਼ 70-80 ਹਜ਼ਾਰ ਸ਼ਰਧਾਲੂ ਅਯੋਧਿਆ ਮੰਦਿਰ ਵਿੱਚ ਨਤਮਸਤਕ ਹੋਣ ਲਈ ਆਉਂਦੇ ਹਨ। ਸ਼ਰਧਾਲੂਆਂ ਦੀ ਗਿਣਤੀ ਸ਼ਨੀਵਾਰ ਤੇ ਐਤਵਾਰ ਅਤੇ ਹਿੰਦੂ ਤਿਉਹਾਰਾਂ ਸਮੇਂ ਤਿੰਨ ਗੁਣਾ ਵਧ ਜਾਂਦੀ ਹੈ। ਟਰਸਟ ਵਿੱਚ ਪੈਸੇ ਅਤੇ ਭੇਟ ਕੀਤੀਆਂ ਜਾਣ ਵਾਲੀਆਂ ਹੋਰ ਕੀਮਤੀ ਵਸਤਾਂ ਦੀ ਕੀਮਤ 3.27 ਅਰਬ ਰੁਪਏ ਸਾਲਾਨਾ ਦੇ ਨੇੜੇ ਹੈ। ਭਾਰਤ ਦੇ ਇੱਕ ਕੌਮੀ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਅਨੁਸਾਰ ਚੜ੍ਹਾਵੇ ਪੱਖੋਂ ਅਯੋਧਿਆ ਦਾ ਰਾਮ ਮੰਦਿਰ ਭਾਰਤ ਦਾ ਸਭ ਤੋਂ ਵੱਡਾ ਮੰਦਿਰ ਹੈ। ਸ਼ਹਿਰ ਦੇ ਇੱਕ ਸਾਬਕਾ ਵਿਧਾਨਕਾਰ ਅਨੁਸਾਰ ਘੱਟੋ-ਘੱਟ 70 ਮਿਲੀਅਨ ਰੁਪਏ ਦੀ ਚੋਰੀ ਹੋਈ ਹੈ।
ਮੰਦਿਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਸੇ ਕਿਸਮ ਦੀ ਹੇਰਾਫੇਰੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇੱਕ ਫੇਸਬੁੱਕ ਵੀਡੀਓ ਵਿੱਚ ਕਿਹਾ ਕਿ ਸਮੇਤ ਕਾਊਂਟਿੰਗ ਰੂਮ ਦੇ, ਟਰਸਟ ਦੀਆਂ ਗਤੀਵਿਧੀਆਂ ਦੀ ਹਰ ਆਏ ਦਿਨ ਆਡਿਟਿੰਗ ਹੁੰਦੀ ਹੈ। ਰਾਮ ਮੰਦਿਰ ਦੇ ਚੜ੍ਹਾਵੇ ਅਤੇ ਫੰਡਾਂ ਵਿੱਚ ਘਪਲੇਬਾਜ਼ੀ ਦੇ ਸਾਹਮਣੇ ਆਏ ਇਸ ਮਾਮਲੇ ਨੇ ਰਾਮ ਮੰਦਿਰ ਨਾਲ ਜੁੜੇ ਸਾਧਾਰਨ ਵਰਕਰਾਂ/ਸ਼ਰਧਾਲੂਆਂ ਦੇ ਇੱਕ ਤਰ੍ਹਾਂ ਨਾਲ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਮੰਦਿਰ ਦੀ ਮੈਨੇਜਮੈਂਟ ਕਰ ਰਹੇ ਕਈ ਵਿਅਕਤੀ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਨਾਲ ਸਿੱਧੇ ਤੌਰ ‘ਤੇ ਸੰਬੰਧਤ ਹਨ।
ਵਿਰੋਧੀ ਪਾਰਟੀਆਂ ਅਨੁਸਾਰ ਰਾਮ ਮੰਦਿਰ ਦੇ ਫੰਡਾਂ ਵਿੱਚ ਸਾਹਮਣੇ ਆਈ ਇਸ ਘਪਲੇਬਾਜ਼ੀ ਦੇ ਭਾਰਤੀ ਜਨਤਾ ਪਾਰਟੀ ਦੇ ਰਾਜਨੀਤਿਕ ਭਵਿੱਖ ਉੱਪਰ ਡੂੰਘੇ ਅਸਰ ਪੈਣ ਦੀ ਸੰਭਾਵਨਾ ਹੈ। ਭਾਜਪਾ ਦੀ ਇੱਥੇ ਰਾਜਸੀ ਸਥਿਤੀ ਦਾ ਹਾਲ ਇਹ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇੱਥੋਂ ਦੀ ਪਾਰਲੀਮਾਨੀ ਸੀਟ ਤੋਂ ਵਿਰੋਧੀ ਪਾਰਟੀ ਦਾ ਆਗੂ ਜਿੱਤ ਗਿਆ ਸੀ। ਅਗਲੇ ਸਾਲ ਪੰਜਾਬ ਦੇ ਨਾਲ ਹੀ ਉੱਤਰ ਪ੍ਰਦੇਸ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਘਟਨਾ ਦਾ ਭਾਰਤੀ ਜਨਤਾ ਪਾਰਟੀ ਦੀ ਚੋਣ ਰਾਜਨੀਤੀ ‘ਤੇ ਵੀ ਕਾਫੀ ਅਸਰ ਪੈਣ ਦੀ ਸੰਭਾਵਨਾ ਹੈ। ਇਸ ਪੱਖ ਨੂੰ ਵੇਖਦਿਆਂ ਕਿ ਭਾਜਪਾ ਅਤੇ ਆਰ.ਐਸ.ਐਸ. ਦਾ ਉਥਾਨ ਰਾਮ ਮੰਦਿਰ ਲਹਿਰ ਨਾਲ ਗਹਿਰੀ ਤਰ੍ਹਾਂ ਜੁੜਿਆ ਹੋਇਆ ਹੈ। ਰਾਮ ਮੰਦਿਰ ਦੀ ਉਸਾਰੀ ਭਾਜਪਾ ਦਾ ਇੱਕ ਪ੍ਰਮੁੱਖ ਚੋਣ ਮੁੱਦਾ ਰਿਹਾ ਹੈ। 2024 ਵਿੱਚ ਇਸ ਦੇ ਉਦਘਾਟਨ ਨੂੰ ਭਾਜਪਾ ਦੇ ਦੇਸ਼ ਦੀ ਰਾਜਨੀਤੀ ਵਿੱਚ ਹੋਰ ਵਧੇਰੇ ਮਜਬੂਤੀ ਫੜਨ ਦਾ ਚਿੰਨ੍ਹ ਸਮਝਿਆ ਜਾਣ ਲੱਗਾ ਸੀ। ਮੰਦਿਰ ਦੀ ਮੈਨੇਜਮੈਂਟ ਭਾਵੇਂ ਇੱਕ ਖੁਦਮੁਖਤਾਰ ਟਰਸਟ ਵੱਲੋਂ ਕੀਤੀ ਜਾਂਦੀ ਹੈ, ਪਰ ਵਿਰੋਧੀ ਰਾਜਨੀਤਿਕ ਪਾਰਟੀਆਂ ਇਸ ਮਾਮਲੇ ਵਿੱਚ ਰਾਜ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਪੁੱਛ ਰਹੀਆਂ ਹਨ। ਇਸ ਦੌਰ ਵਿੱਚ ਜਦੋਂ ਦੇਸ਼ ਦੀ ਨਸ-ਨਸ ਵਿੱਚ ਭ੍ਰਿਸ਼ਟਾਚਾਰ ਰਚਿਆ ਹੋਇਆ ਹੈ ਅਤੇ ਰਾਜਨੀਤੀ ਨੇ ਇਸ ਨੂੰ ਆਮ ਵਰਤਾਰਾ ਬਣਾ ਦਿੱਤਾ ਹੈ। ਉੱਤਰ ਪ੍ਰਦੇਸ ਦੇ ਰਾਜਨੀਤਿਕ ਨਤੀਜੇ ਇਸ ਘਟਨਾ ਤੋਂ ਪ੍ਰਭਾਵਿਤ ਹੋਣ ਜਾਂ ਨਾ, ਪਰ ਇੱਕ ਸਿਖਰਲੇ ਧਾਰਮਿਕ ਸਥਾਨ ਦੇ ਪ੍ਰਬੰਧਨ ਵਿੱਚ ਭ੍ਰਿਸ਼ਟਾਚਾਰ ਕਿਸੇ ਸਮਾਜ ਦੀ ਆਤਮਾ ਦੇ ਭ੍ਰਿਸ਼ਟ ਹੋ ਜਾਣ ਦੇ ਸੰਕੇਤ ਜ਼ਰੂਰ ਦਿੰਦਾ ਹੈ।

Leave a Reply

Your email address will not be published. Required fields are marked *