ਸ਼ਿਕਾਗੋ ਕਬੱਡੀ ਮੇਲੇ `ਤੇ ਹੋਏ ਖਰੂਦੀ ਤਕਰਾਰ ਦੀ ਚਰਚਾ ਛਿੜੀ

ਖਬਰਾਂ ਵਿਚਾਰ-ਵਟਾਂਦਰਾ

ਕੁਲਜੀਤ ਸਿੰਘ
ਸ਼ਿਕਾਗੋ: ਲੰਘੇ ਸ਼ਨਿਚਰਵਾਰ ਨੂੰ ਕਰਵਾਏ ਗਏ ਸ਼ਿਕਾਗੋ ਕਬੱਡੀ ਮੇਲੇ ਮੌਕੇ ਹੋਏ ਖਰੂਦੀ ਤਕਰਾਰ ਕਾਰਨ ‘ਤਾਜ਼ਾ ਕੱਢੀਆਂ ਜਲੇਬੀਆਂ ਉਤੇ ਰੇਤਾ ਪੈ ਜਾਣ’ ਜਿਹੀ ਗੱਲ ਹੋ ਗਈ! ਦੋ ਧਿਰਾਂ ਦਰਮਿਆਨ ਦੀ ਖਹਿਬਾਜ਼ੀ ਸਮੇਂ ਉਨ੍ਹਾਂ ਵਿੱਚੋਂ ਕੁਝ ਨੇ ਇੱਕ-ਦੂਜੇ ਵਿਰੁੱਧ ਕੁਰਸੀਆਂ ਚੁੱਕ ਲਈਆਂ ਤੇ ਉਨ੍ਹਾਂ ਨੂੰ ਹਥਿਆਰ ਵਜੋਂ ਵਰਤਣ ਲੱਗੇ। ਇੰਨੇ `ਚ ਲੜਾਈ ਵਾਲੀ ਥਾਂ ਭਾਜੜ ਜਿਹੀ ਪੈ ਗਈ ਤੇ ਲੋਕ, ਖਾਸ ਕਰ ਬੀਬੀਆਂ ਤੇ ਬੱਚੇ ਆਪਣੇ ਬਚਾਅ ਲਈ ਆਸੇ-ਪਾਸੇ ਹੋਣ ਲੱਗੇ।

ਕੁਝ ਸੱਜਣਾਂ ਨੇ ਤਕਰਾਰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਕਿਸੇ ਦੇ ਕੋਈ ਸੱਟ-ਫੇਟ ਨਾ ਲੱਗ ਜਾਵੇ ਤੇ ਮੇਲੇ ਦੇ ਰੰਗ ਵਿੱਚ ਭੰਗ ਪੈਣ ਤੋਂ ਬਚਾਅ ਰਹੇ, ਪਰ ਫਿਰ ਵੀ ਮਾਮਲਾ ਕੁਝ ਹੱਦ ਤੱਕ ਗੰਭੀਰ ਹੋ ਗਿਆ ਸੀ। ਮੇਲੇ `ਚ ਤਾਇਨਾਤ ਪੁਲਿਸ ਮੁਲਾਜ਼ਮ ਵੀ ਹਰਕਤ ਵਿੱਚ ਆ ਗਏ ਸਨ ਤੇ ਇੰਨੇ ਨੂੰ ਖਰੂਦੀ ਨੌਜਵਾਨ ਤਿਤਰ-ਬਿਤਰ ਹੋਣ ਲੱਗੇ। ਪਾਰਕਿੰਗ ਲਾਟ ਵਿੱਚ ਕਾਰਾਂ ਦੀਆਂ ਡਿੱਗੀਆਂ ਖੋਲ੍ਹੀ ਖੜੇ ਮੇਲੀਆਂ ਨੂੰ ਰੌਲੇ-ਰੱਪੇ ਦੀ ਭਿਣਕ ਉਦੋਂ ਪਈ, ਜਦੋਂ ਪੁਲਿਸ ਦੀਆਂ ਗੱਡੀਆਂ ਦੇ ਹੂਟਰਾਂ ਦੀ ਗੂੰਜ ਪਈ।
ਜਦੋਂ ਤਕਰਾਰ ਹੋਇਆ, ਉਦੋਂ ਸਟੇਜ ਉਤੋਂ ਗਾਇਕ ਨਿੰਜਾ ਇੱਕ ਗੀਤ, ‘ਪੱਟੂ ਫਿਰਦੈ ਸ਼ਰਾਬ ਨਾਲ ਰੱਜਿਆ…’ ਦੇ ਬੋਲ ਗਾ ਰਿਹਾ ਸੀ। ਲੜਾਈ ਹੋ ਜਾਣ ਕਰਕੇ ਨਿੰਜੇ ਸਮੇਤ ਬਹੁਤੇ ਲੋਕਾਂ ਦਾ ਧਿਆਨ ਉਧਰ ਵੱਲ ਨੂੰ ਹੋ ਗਿਆ ਸੀ। ਕੁਝ ਕੁ ਸਕਿੰਟ ਸੰਗੀਤ ਵੱਜਦਾ ਰਹਿਣ ਪਿਛੋਂ ਨਿੰਜਾ ਗਾਉਣ ਲੱਗਿਆ:
ਪਹਿਲਾ ਕੰਮ ਵੈਲੀਆਂ ਨੇ ਵੈਲ ਖੱਟਣੇ
ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ
ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਤੇਰੇ ਦਰ `ਤੇ ਬੁਲਾਉਂਦਾ ਮੁੰਡਾ ਬੱਕਰੇ…।
ਉਂਜ ਲੜਾਈ ਦੇ ਘਟਨਾਕ੍ਰਮ ਬਾਰੇ ਸਟੇਜ ਉਤੋਂ ਨਿੰਜੇ ਦੇ ਇਹ ਬੋਲ ਤਿੱਖਾ ਵਿਅੰਗ ਹੀ ਸਨ ਕਿ “ਮੈਨੂੰ ਐਂ ਲੱਗਦਾ ਸੀ ਗੋਰਿਆਂ ਨੇ ਕਿਤੇ ਨਾ ਕਿਤੇ ਹਿਸਾਬ `ਚ ਕਰ ਲਿਆ ਹੋਊ, ਪਰ ਤੁਸੀਂ ਕਿੱਥੇ ਹਿਸਾਬ `ਚ ਆਉਂਦੇ ਹੋ?” ਮਾਹੌਲ ਨੂੰ ਭਾਂਪ ਕੇ ਨਿੰਜੇ ਨੇ ਇੱਕ ਵਾਰ ਫੇਰ ਮਜ਼ਾਹੀਆ ਵਿਅੰਗ ਕੱਸਿਆ, “ਜਿਸ ਹਿਸਾਬ ਨਾਲ ਖਾਧੀ-ਪੀਤੀ ਪਈ ਐ, ਸਾਰੇ ਗਲ਼ ਪੈਣ ਨੂੰ ਫਿਰਦੇ ਨੇ।”
ਅਸਲ ਵਿੱਚ ਬੇਹਿਸਾਬੀ ਸ਼ਰਾਬ ਜਾਂ ਕਿਸੇ ਹੋਰ ਪ੍ਰਕਾਰ ਦੇ ਨਸ਼ੇ ਦੇ ਸੇਵਨ ਸਬੰਧੀ ਕੁਝ ਕੁਝ ਚਰਚਾ ਛਿੜ ਪਈ ਸੀ। ਪਿਛਲੇ ਸਾਲ ਵੀ ਕਬੱਡੀ ਮੇਲੇ ਵਿੱਚ ਖੁੱਲ੍ਹੀ ਸ਼ਰਾਬ ਨੂੰ ਲੈ ਕੇ ਗੱਲਾਂ ਉਡੀਆਂ ਸਨ; ਪਰ ਇਸ ਮੇਲੇ ਵਿੱਚ ਹਾਜ਼ਰ ਕੁਝ ਬੀਬੀਆਂ ਸਮੇਤ ਮੇਲੀਆਂ ਨੇ ਖਰੂਦ ਪਾਉਣ ਵਾਲਿਆਂ ਨੂੰ ਇੱਕ ਤਰ੍ਹਾਂ ਫਿੱਟ ਲਾਹਣਤਾਂ ਪਾਈਆਂ; ਤੇ ਬੱਚਿਆਂ ਨਾਲ ਮੇਲੇ ਵਿੱਚ ਸ਼ਾਮਲ ਕੁਝ ਤ੍ਰੀਮਤਾਂ ਵਿੱਚ ਇੱਕ ਤਰ੍ਹਾਂ ਸਹਿਮ ਪੈਦਾ ਹੋ ਗਿਆ ਸੀ। ਮੇਲੇ ਵਿੱਚ ਸਥਾਨਕ ਲੋਕਾਂ ਤੋਂ ਇਲਾਵਾ ਨੇੜਲੀਆਂ ਸਟੇਟਾਂ ਤੋਂ ਵੀ ਲੋਕ ਪਹੁੰਚੇ ਹੋਏ ਸਨ ਤੇ ਇਸ ਖਰੂਦ ਨਾਲ ਜੋ ਪ੍ਰਭਾਵ ਪਿਆ, ਉਹ ਕੋਈ ਚੰਗਾ ਨਹੀਂ ਸੀ।
ਸਵਾਲ ਇਹ ਉਠ ਖੜਾ ਹੋਇਆ ਹੈ ਕਿ ਕੀ ਆਪਣੇ ਪੰਜਾਬੀ ਮੇਲਿਆਂ ਵਿੱਚ ਆਪਣੇ ਹੀ ਲੋਕ ਖਰੂਦ ਪਾਉਣ `ਤੇ ਕਿਉਂ ਉਤਾਰੂ ਹੋ ਜਾਂਦੇ ਹਨ? ਕੀ ਭਾਈਚਾਰਕ ਮੇਲਿਆਂ ਵਿੱਚ ਇਸ ਤਰ੍ਹਾਂ ਦੇ ਲੜਾਈ-ਝਗੜੇ ਸੋਭਦੇ ਹਨ, ਜਿਸ ਵਿੱਚ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੋਏ ਹੁੰਦੇ ਹਨ? ਭਵਿੱਖ ਵਿੱਚ ਵੀ ਜੇ ਅਜਿਹਾ ਕੁਝ ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੇਲਿਆਂ ਵਿਚਲਾ ਖਰੂਦ ਕਿਸੇ ਦੀ ਜਾਨ ਦਾ ਖੌਅ ਬਣ ਜਾਵੇਗਾ! ਕਿਉਂਕਿ ਇਹ ਖਦਸ਼ਾ ਕੁਝ ਮੇਲੀਆਂ ਦੇ ਮੂੰਹੋਂ ਪ੍ਰਗਟ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਹੋਏ ਕਬੱਡੀ ਮੇਲਿਆਂ ਵਿੱਚ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੁੰਦੇ ਰਹੇ ਹਨ, ਤੇ ਇਸ ਮੇਲੇ ਵਿੱਚ ਵੀ ਕਾਫੀ ਪਰਿਵਾਰ ਆਏ ਹੋਏ ਸਨ; ਪਰ ਹੁਣ ਕੁਝ ਸਮੇਂ ਤੋਂ ਇਹ ਨੋਟ ਕੀਤਾ ਗਿਆ ਹੈ ਕਿ ਬਹੁਤੇ ਲੋਕ ਪਰਿਵਾਰਾਂ ਨਾਲ ਆਉਣ ਤੋਂ ਗੁਰੇਜ ਕਰਨ ਲੱਗੇ ਹਨ। ਇਹ ਕਹਿਣਾ ਗਲਤ ਨਹੀਂ ਕਿ ਜੇ ਮੇਲਿਆਂ ਵਿੱਚ ਖਰੂਦੀ ਵਰਤਾਰਾ ਵਧਦਾ ਗਿਆ ਤਾਂ ਆਪਣੇ ਪਰਿਵਾਰਾਂ, ਖਾਸ ਕਰ ਛੋਟੇ-ਛੋਟੇ ਬੱਚਿਆਂ ਜਾਂ ਧੀਆਂ-ਭੈਣਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲੋਕ ਮੇਲੇ ਆਉਣਾ ਘਟ ਜਾਣਗੇ।
ਸੁਰੱਖਿਆ ਦੇ ਪੱਖੋਂ ਭਾਈਚਾਰਕ ਸਮਾਗਮਾਂ/ਮੇਲਿਆਂ ਵਿੱਚ ਅਜਿਹਾ ਵਰਤਾਰਾ ਬੜਾ ਹੀ ਗਹਿਰ-ਗੰਭੀਰ ਹੈ; ਕਿਉਂਕਿ ਅਜਿਹੇ ਮਾਹੌਲ ਵਿੱਚ ਕੋਈ ਅਣਹੋਣੀ ਹੋ ਜਾਣ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲੈਣੀ, ਤੇ ਨਤੀਜੇ ਵਜੋਂ ਇਹ ਨਾ ਹੋਵੇ ਕਿ ਖੁੱਲ੍ਹੇ ਮੈਦਾਨਾਂ ਵਿੱਚ ਹੁੰਦੇ ਭਰਵੇਂ ਪੰਜਾਬੀ ਮੇਲਿਆਂ ਉਤੇ ਪ੍ਰਸ਼ਾਸਕੀ ਰੋਕ ਹੀ ਲੱਗ ਜਾਵੇ! ਦੂਜਾ ਇਹ ਵੀ ਕਿ ਕਈ ਦਿਨਾਂ ਦੀ ਭੱਜ-ਦੌੜ, ਉਗਰਾਹੀ ਕਰਨ, ਪ੍ਰਬੰਧਕੀ ਜ਼ਿੰਮੇਵਾਰੀਆਂ ਅਤੇ ਮੇਲੇ ਲਈ ਕੀਤੇ ਖਰਚੇ ਤੇ ਹੋਰ ਨਿੱਕ-ਸੁੱਕ ਆਦਿ ਕਰਨ ਪਿੱਛੋਂ ਵੀ ਜੇ ਕੁਝ ਲੋਕਾਂ ਦੇ ਰੌਲੇ-ਰੱਪੇ ਕਾਰਨ ਗਹਿਮਾ-ਗਹਿਮੀ ਵਾਲਾ ਮਾਹੌਲ ਬਣ ਜਾਵੇ ਤਾਂ ਪ੍ਰਬੰਧਕਾਂ, ਸਪਾਂਸਰਾਂ ਤੇ ਮੇਲੀਆਂ ਦਾ ਮਨ ਖੱਟਾ ਹੋ ਜਾਂਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਪਿੰਡਾਂ/ਸ਼ਹਿਰਾਂ ਤੋਂ ਅਮਰੀਕਾ ਆ ਕੇ ਪੰਜਾਬੀ ਭਾਈਚਾਰੇ ਨੇ ਮਣਾਮੂੰਹੀਂ ਤਰੱਕੀਆਂ ਕੀਤੀਆਂ ਹਨ ਅਤੇ ਕਈ ਖੇਤਰਾਂ ਵਿੱਚ ਨਾਂ ਕਮਾਏ ਹਨ। ਮਿਡਵੈਸਟ ਵਿੱਚ ਧਿੰਗ ਤੋਂ ਧਿੰਗ ਯਾਨੀ ਵਿੱਤੀ ਤੌਰ `ਤੇ ਤਕੜੇ ਅਤੇ ਇਖਲਾਕੀ ਪਹੁੰਚ ਵਾਲੇ ਤੇ ਭਾਈਚਾਰਕ ਭੱਲ ਵਾਲੇ ਕਾਫੀ ਲੋਕ ਵੱਸਦੇ ਹਨ। ਉਨ੍ਹਾਂ ਸਭਨਾਂ ਨੂੰ ਮੇਲਿਆਂ ਦੌਰਾਨ ਹੁੰਦੀਆਂ ਤਰੁਟੀਆਂ ਨੂੰ ਧਿਆਨ ਵਿੱਚ ਰੱਖਦਿਆਂ ਸੁਧਾਰ ਕਰਨ ਲਈ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਅਤੇ ਖਾਸ ਕਰ ਸੁਰੱਖਿਆ ਦੇ ਪੱਖ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਕਬੱਡੀ ਜਾਂ ਹੋਰ ਮੇਲੇ ਭਾਈਚਾਰੇ ਦੇ ਮਨੋਰੰਜਨ ਅਤੇ ਖੇਡਾਂ ਤੇ ਆਪਣੇ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਾਂਝੇ ਮੰਚ ਵਾਂਗ ਜਾਣੇ ਜਾਂਦੇ ਹਨ, ਪਰ ਜੇ ਇੱਥੇ ਹੀ ਕਿਸੇ ਕਿਸਮ ਦੀ ਗੜਬੜ ਹੋਣ ਲੱਗ ਪਵੇ ਤੇ ਭਾਈਚਾਰਕ ਸਾਂਝ ਨੂੰ ਛਿੱਕੇ ਟੰਗ ਕੇ ਖਰੂਦ ਪਾਇਆ ਜਾਣ ਲੱਗੇ, ਤਾਂ ਖਦਸ਼ਾ ਹੈ ਕਿ ਗਾਇਕ ਨਿੰਜੇ ਦਾ ਇਹ ਵਿਅੰਗ ਭਾਈਚਾਰੇ ਦੇ ਮੱਥੇ ਡੂੰਘਾ ਨਾ ਖੁਣਿਆ ਜਾਵੇ ਕਿ “ਮੈਨੂੰ ਐਂ ਲੱਗਦਾ ਸੀ ਗੋਰਿਆਂ ਨੇ ਕਿਤੇ ਨਾ ਕਿਤੇ ਹਿਸਾਬ `ਚ ਕਰ ਲਿਆ ਹੋਊ, ਪਰ ਤੁਸੀਂ ਕਿੱਥੇ ਹਿਸਾਬ `ਚ ਆਉਂਦੇ ਹੋ?”
ਜੇ ਸਾਨੂੰ ਆਪਣੇ ਮੇਲੇ ਸੁਰੱਖਿਅਤ ਕਰਨੇ ਹਨ, ਪਰਿਵਾਰਕ ਮਾਹੌਲ ਵਾਲੇ ਤੇ ਮਨੋਰੰਜਨ ਭਰਪੂਰ ਬਣਾਉਣੇ ਹਨ, ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਤੇ ਭਾਈਚਾਰੇ ਦੀ ਪੀਡੀ ਸਾਂਝ ਵਾਲੇ ਬਣਾਉਣੇ ਹਨ ਤਾਂ ‘ਸਾਨੂੰ ਹਿਸਾਬ ਵਿੱਚ ਆਉਣਾ ਹੀ ਪਊ!’ ਆਸ ਇਹੋ ਹੈ ਕਿ ਮੇਲੇ ਲੱਗਦੇ ਰਹਿਣ, ਰੌਣਕਾਂ ਬਣੀਆਂ ਰਹਿਣ ਅਤੇ ਪੰਜਾਬੀ ਪਹਿਚਾਣ ਦੀ ਸ਼ਾਨ ਹੋਰ ਉਚੀ ਹੋਵੇ; ਪਰ ਇਸ ਲਈ ‘ਸਾਨੂੰ ਹਿਸਾਬ ਵਿੱਚ ਆਉਣਾ ਪਊ।’ ਜਾਂ ‘ਹਿਸਾਬ ਤੋਂ ਬਾਹਰ ਹੋ ਰਹੀ ਮੁੰਢ੍ਹੀਰ ਨੂੰ ਹਿਸਾਬ ਵਿੱਚ ਲਿਆਉਣਾ ਹੀ ਪਊ।’ ਨਹੀਂ ਤਾਂ ਕਬੱਡੀ ਮੇਲੇ ਉਤੇ ਕੋਈ ਲੱਖ-ਡੇਢ ਲੱਖ ਡਾਲਰ ਦਾ ਖਰਚ ਕਰਨਾ, ਇੱਕ ਤਰ੍ਹਾਂ ਭਾਈਚਾਰੇ ਦੀ ਵਿੱਤੀ ਮਦਾਦ ਨੂੰ ਇੱਕ ਦਿਨ `ਚ ਮਿੱਟੀ ਕਰ ਦੇਣਾ ਦੇ ਤੁਲ ਹੀ ਕਿਹਾ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਭਵਿੱਖ ਵਿੱਚ ਵੀ ਸਪਾਂਸਰਾਂ `ਤੇ ਵਿੱਤੀ ਬੋਝ ਵਧੇਗਾ; ਕਬੱਡੀ ਖਿਡਾਰੀ ਤੇ ਗਾਇਕ ਆਪਣੀ ਭੇਟਾ ਲੈ ਕੇ ਚਲੇ ਜਾਣਗੇ ਤੇ ਇੱਕ ਸਵਾਲ ਸੱਪ ਦੀ ਲੀਕ ਵਾਂਗ ਇਹ ਰਹੱਸ ਛੱਡ ਜਾਵੇਗਾ ਕਿ ਇੰਨਾ ਤਰੱਦਦ ਕਰਨ ਦੇ ਬਾਵਜੂਦ ਭਾਈਚਾਰੇ ਦਾ ਕੀ ਸੌਰਿਆ?
ਖ਼ੈਰ! ਮੇਲੇ ਦੌਰਾਨ ਨਿੰਜੇ ਦੀ ਗਾਇਕੀ ਦੀ ਪੇਸ਼ਕਾਰੀ ਦੌਰਾਨ ਕੁਝ ਮੇਲੀ ਐਸੇ ਵੀ ਸਨ ਜੋ ਪੂਰੀ ਲੋਰ ਵਿੱਚ ਆਏ ਹੋਏ ਸਨ। ਕੁਝ ਸਰੋਤੇ ਤਾਂ ਮੋਢਿਆਂ `ਤੇ ਚੜ੍ਹ ਚੜ੍ਹ ਨੱਚ ਰਹੇ ਸਨ। ਇਸ ਤੋਂ ਪਹਿਲਾਂ ਕਬੱਡੀ ਦਾ ਫਾਈਨਲ ਮੈਚ ਬੜਾ ਦਿਲਚਸਪ ਸੀ ਤੇ ਕਬੱਡੀ ਦੇ ਸ਼ੌਕੀਨਾਂ ਨੇ ਖਿਡਾਰੀਆਂ ਨੂੰ ਨਕਦ ਇਨਾਮ ਵੀ ਦਿੱਤੇ। ਦਰਅਸਲ ਕੁਝ ਜਾਫੀ ਕਬੱਡੀ ਖਿਡਾਰੀ, ਧਾਵੀ ਖਿਡਾਰੀ ਨਾਲ ਪੂਰਾ ਅੜ ਕੇ ਅਤੇ ਕੁਝ ਧਾਵੀ ਖਿਡਾਰੀ ਜਾਫੀ ਨਾਲ ਖਹਿਬੜ ਕੇ ਪੁਆਇੰਟ ਲੈਂਦੇ ਰਹੇ। ਵਧੀਆ ਖਿਡਾਰੀਆਂ ਕਾਰਨ ਕਦੇ ਕਦੇ ਤਾਂ ਇਹ ਪਤਾ ਹੀ ਨਾ ਲੱਗਦਾ ਕਿ ਕੌਣ ਕਿਸ ਨੂੰ ਨੱਪ ਲਵੇਗਾ! ਉਤਸ਼ਾਹੀ ਹੋਏ ਮੇਲੀਆਂ ਨੇ ਧਾਵਿਆਂ-ਜੱਫਿਆਂ ਦਾ ਪੂਰਾ ਅਨੰਦ ਮਾਣਿਆ।

ਕੀ ਵੰਝ ਮੁੜ ਬਰਾਬਰ ਗੱਡਿਆ ਜਾਊ…
ਇਸ ਮੇਲੇ ਦੌਰਾਨ ਇੱਕ ਹੋਰ ਧਿਰ ਵੱਲੋਂ ਕਬੱਡੀ ਕੱਪ ਕਰਵਾਏ ਜਾਣ ਨੂੰ ਲੈ ਕੇ ਗੱਲ ਤੁਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਸ਼ਿਕਾਗੋ ਵਿੱਚ ਸਿਰਫ ਇੱਕ ਹੀ ਕਬੱਡੀ ਮੇਲਾ ਹੋ ਰਿਹਾ ਹੈ, ਜਦਕਿ ਪਹਿਲਾਂ ਦੋ ਹੋਰ ਕਬੱਡੀ ਕਲੱਬ ਵੀ ਮੇਲੇ ਕਰਵਾਉਂਦੇ ਰਹੇ ਹਨ। ਦਿਲਚਸਪ ਗੱਲ ਹੈ ਕਿ ਪਿਛਲੇ ਡੇਢ ਕੁ ਦਹਾਕਿਆਂ ਦੇ ਸਮੇਂ ਵਿੱਚ ਹੁੰਦੇ ਰਹੇ ਕਬੱਡੀ ਮੇਲਿਆਂ ਵਿੱਚ ਬਤੌਰ ਪ੍ਰਬੰਧਕ ਜਾਂ ਸਪਾਂਸਰ ਰਹੇ ਕੁਝ ਭਾਈਚਾਰਕ ਸੱਜਣ ਇੱਕ ਹੋਰ, ਪਰ ਵਧੀਆ (ਉਨ੍ਹਾਂ ਦੇ ਕਹੇ ਮੁਤਾਬਕ) ਮੇਲਾ ਕਰਵਾਏ ਜਾਣ ਨੂੰ ਲੈ ਕੇ ਸਿਰ ਜੋੜ ਰਹੇ ਹਨ ਤੇ ਕੁਝ ਲੋਕਾਂ ਨੇ ਇਸ ਨੂੰ ਵੰਝ ਮੁੜ ਬਰਾਬਰ ਗੱਡਣ ਵਜੋਂ ਲਿਆ ਹੈ।
ਖ਼ੈਰ! ਇਹ ਤਾਂ ਹੁਣ ਵਕਤ ਅਤੇ ਚਾਰਾਜੋਈਆਂ `ਤੇ ਮੁਨੱਸਰ ਕਰੇਗਾ ਕਿ ਕੀ ਹੁੰਦਾ ਹੈ! ਉਂਜ ਇੰਨਾ ਜ਼ਰੂਰ ਹੈ ਕਿ ਜੇ ਇੱਕ ਹੋਰ ਕਬੱਡੀ ਮੇਲੇ ਲਈ ਬੰਨ੍ਹ-ਸੁੱਬ ਬਣ ਗਿਆ ਤਾਂ ਕਲੱਬਾਂ ਦਰਮਿਆਨ ਮੁਕਾਬਲੇ ਦੀ ਦੌੜ ਹੋਰ ਤੇਜ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਇਸ ਲਿਖਤ ਵਿੱਚ ਪਹਿਲਾਂ ਜ਼ਿਕਰ ਕੀਤਾ ਹੈ ਕਿ ਭਾਈਚਾਰੇ ਵਿੱਚ ਧਿੰਗ ਤੋਂ ਧਿੰਗ ਸ਼ਖਸੀਅਤਾਂ ਹਨ ਤੇ ਜੇ ਉਹ ਆਪਣੀ ਪੈਂਠ ਲਈ ਮੇਲਾ ਕਰਵਾਉਣ `ਤੇ ਆ ਜਾਣ, ਫਿਰ ਸ਼ਿਕਾਗੋ ਵਿੱਚ ਇੱਕੋ ਸਾਲ ਦੌਰਾਨ ਦੋ ਤਾਂ ਕੀ, ਤਿੰਨ ਕਬੱਡੀ ਮੇਲੇ ਹੋ ਜਾਣੇ ਵੀ ਕੋਈ ਵੱਡੀ ਗੱਲ ਨਹੀਂ!

Leave a Reply

Your email address will not be published. Required fields are marked *