*ਸਿਆਸੀ ਦਖਲ, ਵਿੱਤੀ, ਕਮਰਸ਼ੀਅਲ ਅਤੇ ਖੇਡ ਵਿੱਚ ਵਿਤਕਰੇ ਦੇ ਦੋਸ਼ ਲੱਗੇ
*ਇਰਾਨ ਦੀ ਟੀਮ ਹੋਈ ਘੋਰ ਵਿਤਕਰੇ ਦਾ ਸ਼ਿਕਾਰ
ਪੰਜਾਬੀ ਪਰਵਾਜ਼ ਬਿਊਰੋ
ਇਸ ਵਾਰ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿੱਚ ਹੋ ਰਹੇ ਵਿਸ਼ਵ ਫੁੱਟਬਾਲ ਕੱਪ ਨਾਲ ਬਹੁਤ ਸਾਰੇ ਵਿਵਾਦ ਜੁੜ ਗਏ ਹਨ। ਸ਼ਾਇਦ ਹੀ ਪਹਿਲਾਂ ਕਿਸੇ ਫੱਟਬਾਲ ਵਿਸ਼ਵ ਕੱਪ ਨੂੰ ਇੰਨੇ ਵਿਵਾਦਾਂ ਨੇ ਘੇਰਿਆ ਹੋਵੇ, ਜਿੰਨਿਆਂ ਨੇ ਇਸ ਵਾਰ ਘੇਰ ਲਿਆ। ਟੂਰਨਾਮੈਂਟ ਦੀਆਂ ਹੱਦੋਂ ਵੱਧ ਮਹਿੰਗੀਆਂ ਟਿਕਟਾਂ, ਰੈਫਰੀਆਂ ਦੇ ਫੈਸਲੇ, ਕੁਝ ਟੀਮਾਂ ਨਾਲ ਵਿਤਕਰਾ, ਰਾਜਨੀਤਿਕ ਦਖਲ ਅਤੇ ਕਈਆਂ ਦੀ ਨਾਜਾਇਜ਼ ਮੱਦਦ ਕਰਨ, ਕਈ ਟੀਮਾਂ ਨਾਲ ਨਾਜਾਇਜ਼ ਧੱਕਾ ਅਤੇ ਮੈਚਾਂ ਦੇ ਫਿਕਸ ਹੋਣ ਸਮੇਤ ਬਹੁਤ ਸਾਰੇ ਇਲਜ਼ਾਮਾਂ ਦਾ ਇਸ ਵਾਰ ਫੀਫਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਰਾਨ ਦੀ ਟੀਮ ਨੇ ਵੀ ਆਪਣੇ ਨਾਲ ਘੋਰ ਵਿਤਕਰਾ ਕਰਨ ਦਾ ਦੋਸ਼ ਫੀਫਾ ‘ਤੇ ਲਾਇਆ ਹੈ।
ਫੁੱਟਬਾਲ ਦੀ ਖੇਡ ਨੂੰ ਵਿਸ਼ਵ ਪੱਧਰ ‘ਤੇ ਜਥੇਬੰਦ ਕਰਨ ਵਾਲੀ ਸੰਸਥਾ ਫੀਫਾ ਦੀ ਡਿਸਪਲਨਰੀ ਕਮੇਟੀ ਦਾ ਉਸ ਵੇਲੇ ਤਕਰੀਬਨ ਮਜ਼ਾਕ ਬਣ ਗਿਆ, ਜਦੋਂ ਬੋਸਨੀਆ ਖਿਲਾਫ ਇੱਕ ਮੈਚ ਵਿੱਚ ਅਮਰੀਕਾ ਦੇ ਫਾਰਵਰਡ ਖਿਡਾਰੀ ਬਲੋਗਨ ਨੂੰ ਰੈਫਰੀ ਨੇ ਰੈਡ ਕਾਰਡ ਵਿਖਾ ਦਿੱਤਾ। ਇਸ ਕਾਰਨ ਉਸ ਦੇ ਅਗਲਾ ਇੱਕ ਮੈਚ ਖੇਡਣ ‘ਤੇ ਆਪਣੇ-ਆਪ ਪਾਬੰਦੀ ਆਇਦ ਹੋ ਗਈ ਸੀ; ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਨੂੰ ਟੈਲੀਫੋਨ ਕਰਕੇ ਇਸ ਬੈਨ ਨੂੰ ਰੱਦ ਕਰਵਾ ਦਿੱਤਾ। ਇਸ ਤਰ੍ਹਾਂ ਫੀਫਾ ਦੀ ਡਿਸਪਲਨਰੀ ਕਮੇਟੀ ਇਸ ਮੌਕੇ ਬੇਹੱਦ ਕਮਜ਼ੋਰ ਨਜ਼ਰ ਆਈ। ਅਮਰੀਕਾ ਦੇ ਸਦਰ ਨੇ ਉਪਰੋਕਤ ਦਖਲ ਦਿੰਦਿਆਂ ਕਿਹਾ ਕਿ ਬਲੋਗਨ ਨੂੰ ਦਿੱਤੀ ਗਈ ਇਹ ਸਜ਼ਾ ਹੱਦੋਂ ਵੱਧ ਹੈ। ਉਨ੍ਹਾਂ ਮੈਸੀ ਦੀ ਦਲੀਲ ਦਿੰਦਿਆਂ ਕਿਹਾ ਕਿ ਜੇ ਭਲਾ ਮੈਸੀ ‘ਤੇ ਇੱਕ ਦੋ ਮੈਚਾਂ ‘ਤੇ ਪਾਬੰਦੀ ਲੱਗ ਜਾਵੇ ਤਾਂ ਦਰਸ਼ਕਾਂ ਦੇ ਮਨਾਂ ‘ਤੇ ਕੀ ਬੀਤੇਗੀ!
ਅਮਰੀਕਾ ਦੀ ਟੀਮ ਇਸ ਵਾਰ ਚੰਗਾ ਖੇਡ ਰਹੀ ਸੀ ਅਤੇ ਉਸ ਦਾ ਅਗਲਾ ਮੈਚ ਬੈਲਜੀਅਮ ਨਾਲ ਸੀ। ਬੈਲਜੀਅਮ ਨੇ ਇਸ ਮੈਚ ਵਿੱਚ ਅਮਰੀਕਾ ਦੀ ਟੀਮ ਨੂੰ ਇਕਪਾਸੜ ਤੌਰ ‘ਤੇ 4-1 ਨਾਲ ਹਰਾ ਦਿੱਤਾ। ਇਹ ਨਾਕ ਆਊਟ ਸਟੇਜ ਦਾ ਮੈਚ ਸੀ ਅਤੇ ਇਸ ਹਾਰ ਨਾਲ ਅਮਰੀਕਾ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਖੁਦ ਟਰੰਪ ਦਾ ਚਹੇਤਾ ਖਿਡਾਰੀ ਬਲੋਗਨ ਵੀ ਕੋਈ ਵਿਸ਼ੇਸ਼ ਖੇਡ ਦਾ ਪ੍ਰਦਰਸ਼ਨ ਨਾ ਕਰ ਸਕਿਆ।
ਫੀਫਾ ਦੀ ਇਸ ਕਰਤੂਤ ਦੀ ਬੈਲਜੀਅਨ ਫੁੱਟਬਾਲ ਫੈਡਰੇਸ਼ਨ ਤੇ ਯੂਰਪੀਅਨ ਫੁੱਟਬਾਲ ਫੈਡਰੇਸ਼ਨ ਨੇ ਬੇਹੱਦ ਤੀਬਰ ਆਲੋਚਨਾ ਕੀਤੀ ਅਤੇ ਕਿਹਾ ਕਿ ਫੀਫਾ ਨੇ ਇਸ ਫੈਸਲੇ ਨਾਲ ਆਪਣੇ ਹੀ ਬਣਾਏ ਨਿਯਮਾਂ ‘ਤੇ ਲੀਕ ਮਾਰ ਦਿੱਤੀ ਹੈ। ਇਸ ਨਾਲ ਫੁੱਟਬਾਲ ਦੀ ਖੇਡ ਨੂੰ ਸਿਆਸਤ ਤੋਂ ਨਿਰਪੱਖ ਰੱਖਣ ਦਾ ਇਖਲਾਕੀ ਅਸੂਲ ਵੀ ਮਿੱਟੀ ਘੱਟੇ ਰੁਲ ਗਿਆ ਹੈ। ਇੱਕ ਮਨੁੱਖੀ ਅਧਿਕਾਰ ਗਰੁੱਪ ਫੇਅਰਸੁਕੇਅਰ ਨੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਕੋਲ ਵੀ ਇਸ ਰਾਜਨੀਤਿਕ ਦਖਲ ਦੀ ਸ਼ਿਕਾਇਤ ਕੀਤੀ ਹੈ।
ਖੇਡ ਦੇ 45 ਮਿੰਟਾਂ ਦੇ ਦੋਵਾਂ ਅੱਧਾਂ ਦੇ ਵਿਚਕਾਰ ਪਾਣੀ-ਧਾਣੀ ਪੀਣ ਦੀ ਇੱਕ ਬਰੇਕ ਦੇਣ ਦੇ ਮਾਮਲੇ ਵਿੱਚ ਵੀ ਫੀਫਾ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਆਲੋਚਕਾਂ ਦਾ ਆਖਣਾ ਹੈ ਕਿ ਇਹ ਬਰੇਕ ਅਸਲ ਵਿੱਚ ਟੈਲੀਵਿਜ਼ਨਾਂ ‘ਤੇ ਖੇਡ ਦੀ ਥਾਂ ਕਮਰਸ਼ੀਅਲ ਐਡਾਂ ਚਲਾ ਕੇ ਵਾਧੂ ਡਾਲਰ ਕਮਾਉਣ ਵਾਸਤੇ ਦਿੱਤੀ ਗਈ ਹੈ, ਨਾ ਕਿ ਖਿਡਾਰੀਆਂ ਨੂੰ ਗਰਮੀ ਤੋਂ ਬਚਾਉਣ ਲਈ। ਖਿਡਾਰੀਆਂ ਨੂੰ ਖੇਡ ਰੋਕ ਕੇ ਪਾਣੀ ਪਿਲਾਉਣ ਦਾ ਇਹ ਕੁਨਿਯਮ ਡੈਲਸ, ਅਟਲਾਂਟਾ ਅਤੇ ਵੈਨਕੂਵਰ ਜਿਹੇ ਉਨ੍ਹਾਂ ਸਟੇਡੀਅਮਾਂ ਵਿੱਚ ਵੀ ਲਾਗੂ ਕੀਤਾ ਗਿਆ ਜਿਥੇ ਸਟੇਡੀਅ ਵਾਤਾਅਨਕੂਲ ਸਨ।
ਟਿਕਟਾਂ ਦੀ ਕੀਮਤ ਦਾ ਮਾਮਲਾ ਇਸ ਵਾਰ ਸਭ ਤੋਂ ਵੱਡਾ ਵਿਵਾਦ ਬਣ ਕੇ ਸਾਹਮਣੇ ਆਇਆ ਹੈ। ਅਗਲੇ ਦਿਨਾਂ ਵਿੱਚ ਮੀ-ਲਾਈਫ ਸਟੇਡੀਅਮ ਵਿਖੇ ਹੋਣ ਵਾਲੇ ਇਸ ਟੂਰਨਾਮੈਂਟ ਦੇ ਫਾਈਨਲ ਮੈਚ ਕੈਟੇਗਰੀ-2 ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਟਿਕਟ ਦੀ ਕੀਮਤ 7380 ਡਾਲਰ ਪ੍ਰਤੀ ਟਿਕਟ ਰੱਖੀ ਗਈ ਹੈ। ਰਿਲੀਜ਼ ਹੋਣ ਤੋਂ ਬਾਅਦ ਇਨ੍ਹਾਂ ਟਿਕਟਾਂ ਦੀ ਵਿਕਰੀ ਮਿਲੀਅਨ ਡਾਲਰਾਂ ਤੱਕ ਪਹੁੰਚ ਗਈ ਹੈ। ਟਿਕਟਾਂ ਦੀ ਇਸ ਹੱਦੋਂ ਵੱਧ ਕੀਮਤ ਖਿਲਾਫ ਦਰਸ਼ਕਾਂ ਦੇ ਬਹੁਤ ਸਾਰੇ ਗਰੁੱਪਾਂ ਵੱਲੋਂ ਪਟੀਸ਼ਨਾਂ ਪਾਈਆਂ ਗਈਆਂ ਹਨ। ਅਮਰੀਕਾ ਦੇ ਦੋ ਰਾਜਾਂ- ਨਿਊ ਯਾਰਕ ਅਤੇ ਨਿਊ ਜਰਸੀ ਵੱਲੋਂ ਫੀਫਾ ਨੂੰ ਰਸਮੀ ਸੰਮਨ ਵੀ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿੱਚ ਫੀਫਾ ਵੱਲੋਂ ਟਿਕਟਾਂ ਵੇਚਣ ਅਤੇ ਸੀਟ ਪ੍ਰਬੰਧਨ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਧੋਖਾ ਧੜੀ ‘ਤੇ ਸੁਣਵਾਈ ਹੋਏਗੀ।
ਰੈਫਰੀਆਂ ਦੀ ਧੋਖਾ ਧੜੀ: ਨਾਕਆਊਟ ਵਿੱਚ ਅਰਜਨਟੀਨਾ ਹੱਥੋਂ 3-2 ਨਾਲ ਹਾਰ ਜਾਣ ਤੋਂ ਬਾਅਦ ਮਿਸਰ ਨੇ ਫੀਫਾ ਕੋਲ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਕਿਹਾ ਗਿਆ ਹੈ ਕਿ 100 ਯਾਰਡ ਦੂਰੀ ਦਾ ਨਿਯਮ ਲਾਗੂ ਕਰਨ ਦੇ ਮਾਮਲੇ ਵਿੱਚ ਦੋਗਲੇ ਮਾਪਦੰਡ ਅਪਣਾਏ ਗਏ ਹਨ। ਮਿਸਰਾ ਨੇ ਆਪਣਾ ਦੂਸਰਾ ਗੋਲ ਰੈਫਰੀਆਂ ਵੱਲੋਂ ਰੱਦ ਕਰਨ ‘ਤੇ ਇਤਰਾਜ਼ ਉਠਾਇਆ। ਮਿਸਰ ਦੀ ਫੁੱਟਬਾਲ ਫੈਡਰੇਸ਼ਨ ਨੇ ਦੋਸ਼ ਲਾਇਆ ਕਿ ਮੈਸੀ ਦੀ ਟੀਮ ਨੂੰ ਅੱਗੇ ਵਧਾਉਣ ਲਈ ਅਜਿਹਾ ਕੀਤਾ ਗਿਆ ਹੈ, ਕਿਉਂਕਿ ਉਸ ਦੀ ਮੌਜੂਦਗੀ ਦਰਸ਼ਕਾਂ ਅਤੇ ਉਸ ਨਾਲ ਜੁੜੇ ਡਾਲਰਾਂ ਨੂੰ ਖਿੱਚਣ ਦਾ ਕਾਰਨ ਬਣਦੀ ਹੈ। ਇਸੇ ਤਰ੍ਹਾਂ ਬ੍ਰਾਜ਼ੀਲ ਅਤੇ ਜਰਮਨ ਦੀ ਟੀਮ ਨੇ ਵੀ ਆਪਣੇ ਖਿਲਾਫ ਹੋਈਆਂ ਬੇਨਿਯਮੀਆਂ ‘ਤੇ ਇਤਰਾਜ ਉਠਾਏ ਹਨ। ਬ੍ਰਾਜ਼ੀਲ ਦੀ ਟੀਮ ਵੀ ਨਾਕਆਊਟ ਮੁਕਾਬਲੇ ਵਿੱਚ ਹਾਰ ਕੇ ਬਾਹਰ ਹੋ ਗਈ ਹੈ। ਸਵਿਟਜ਼ਰਲੈਂਡ ਦੀ ਟੀਮ ਨੇ ਵੀ ਕੁਆਟਰਫਾਈਨਲ ਵਿੱਚ ਆਪਣੇ ਖਿਲਾਫ ਹੋਈਆਂ ਬੇਨਿਯਮੀਆਂ ਦਾ ਮੁੱਦਾ ਉਠਾਇਆ ਹੈ। ਸੋਮਾਲੀਆ ਦਾ ਇੱਕ ਰੈਫਰੀ ਉਮਰ ਅਬਦੁਲਾਕਾਦਿਰ ਅਰਤਾਨ ਦੁਨੀਆਂ ਦੇ ਚੋਟੀ ਦੇ ਰੈਫਰੀਆਂ ਵਿੱਚ ਮੰਨਿਆ ਗਿਆ ਹੈ, ਅਮਰੀਕਾ ਨੇ ਉਸ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।
ਅਮਰੀਕਾ ਦੀਆਂ ਇਮੀਗਰੇਸ਼ਨ ਦੇ ਮਾਮਲੇ ਵਿੱਚ ਅਪਣਾਈਆਂ ਗਈਆਂ ਨੀਤੀਆਂ ਨੇ ਕਈ ਟੀਮਾਂ ਨੂੰ ਵੀ ਪ੍ਰਭਾਵਤ ਕੀਤਾ। ਇਸ ਮਾਮਲੇ ਵਿੱਚ ਇਰਾਨ ਦਾ ਕਿੱਸਾ ਸਭ ਤੋਂ ਉਭਰਵਾਂ ਹੈ। ਅਮਰੀਕਾ ਵਿੱਚ ਹੋਣ ਵਾਲੇ ਮੈਚਾਂ ਵਿੱਚ ਇਸ ਟੀਮ ਨੂੰ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਬਾਬਤ ਬੋਲਦਿਆਂ ਇਰਾਨ ਦੀ ਟੀਮ ਦਾ ਕਪਤਾਨ ਇੱਕ ਤਰ੍ਹਾਂ ਨਾਲ ਰੋਅ ਹੀ ਪਿਆ। ਉਸ ਨੇ ਕਿਹਾ ਕਿ ਖੇਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਫਰ ਵਿੱਚ ਹੀ ਰੱਖਿਆ ਗਿਆ। ਕਿਉਂਕਿ ਮੈਚ ਖੇਡਣ ਤੋਂ ਬਾਅਦ ਟੀਮ ਨੂੰ ਮੈਕਸੀਕੋ ਜਾਣਾ ਪੈਂਦਾ ਸੀ। ਇਸ ਤੋਂ ਇਲਾਵਾ ਟੀਮ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਆਪਣੀ ਪ੍ਰੈਕਟਿਸ ਲਈ ਯੋਗ ਸਾਜ਼ੋ ਸਮਾਨ ਵੀ ਨਹੀਂ ਦਿੱਤਾ ਗਿਆ; ਜਦਕਿ ਫੀਫਾ ਦੇ ਪ੍ਰਧਾਨ ਨੇ ਟੀਮ ਕੋਲ ਜਾਤੀ ਤੌਰ ‘ਤੇ ਪੁੱਜ ਕੇ ਹਰ ਤਰ੍ਹਾਂ ਸਹੂਲਤ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ। ਆਵਾਜਾਈ ਕਾਰਨ ਟੀਮ ਪੂਰੀ ਰਿਕਵਰ ਵੀ ਨਹੀਂ ਕਰ ਪਾਉਂਦੀ ਸੀ। ਇਸ ਦੇ ਬਾਵਜੂਦ ਇਰਾਨ ਦੀ ਟੀਮ ਨੇ ਬੇਹੱਦ ਸ਼ਾਨਦਾਰ ਖੇਡ ਵਿਖਾਈ।
ਇਰਾਨ ਦੀ ਟੀਮ ਪ੍ਰੀਨਾਕਆਊਟ ਸਟੇਜ ਵਿੱਚ ਬੈਲਜੀਅਮ, ਮਿਸਰ ਅਤੇ ਨਿਊਜ਼ੀਲੈਂਡ ਦੀ ਟੀਮ ਨਾਲ ਬਰਾਬਰੀ ਕੀਤੀ। ਹਰ ਵਾਰ ਪਿਛੇ ਰਹਿ ਜਾਣ ਤੋਂ ਬਾਅਦ ਬਾਰਬਰੀ ‘ਤੇ ਆਏ ਮਿਸਰ ਖਿਲਾਫ ਇਰਾਨ ਨੇ ਅੰਤਿਮ ਪਲਾਂ ਵਿੱਚ ਜੇਤੂ ਗੋਲ ਕਰ ਵੀ ਦਿੱਤਾ ਸੀ, ਪਰ ਉਹ ਗੋਲ ਰੈਫਰੀਆਂ ਵੱਲੋਂ ਵਿਵਾਦਪੂਰਨ ਢੰਗ ਨਾਲ ਰੱਦ ਕਰ ਦਿੱਤਾ ਗਿਆ। ਇਰਾਨ ਦੀ ਟੀਮ ਜਿਸ ਤਰ੍ਹਾਂ ਖੇਡ ਰਹੀ ਸੀ, ਉਸ ਤੋਂ ਜਾਪਦਾ ਸੀ ਕਿ ਪਹਿਲੀਆਂ ਦਸ ਟੀਮਾਂ ਵਿੱਚੋਂ ਇਸ ਨੂੰ ਕੋਈ ਵੀ ਬਾਹਰ ਨਹੀਂ ਕਰ ਸਕਦਾ; ਪਰ ਰਾਜਨੀਤਿਕ ਵਿਤਕਰੇ ਦਾ ਸ਼ਿਕਾਰ ਹੋਈ ਇਹ ਟੀਮ ਬਿਨਾ ਕੋਈ ਮੈਚ ਹਾਰੇ ਆਪਣੇ ਦੇਸ਼ ਵਾਪਸ ਪਰਤੀ। ਇਰਾਨੀ ਫੁੱਟਬਾਲ ਫੈਡਰੇਸ਼ਨ ਨੇ ਵੀ ਫੀਫਾ ਕੋਲ ਆਪਣੀ ਟੀਮ ਨਾਲ ਹੋਏ ਵਿਤਕਰੇ ਦਾ ਸੁਆਲ ਉਠਾਇਆ ਹੈ।
————————-
ਸਪੇਨ ਦੀ ਟੀਮ ਫੀਫਾ ਕੱਪ ਦੇ ਫਾਈਨਲ ਵਿੱਚ ਪਹੁੰਚੀ
*ਫਰਾਂਸ ਨੂੰ 2-0 ਨਾਲ ਹਰਾਇਆ
ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿੱਚ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਫੁੱਟਬਾਲ ਵਿਸ਼ਵ ਕੱਪ ਆਪਣੇ ਅੰਤਲੇ ਗੇੜ ਵਿੱਚ ਪਹੁੰਚ ਗਿਆ ਹੈ। ਆਪੋ ਆਪਣੇ ਕੁਆਟਰ ਫਾਈਨਲ ਮੈਚ ਜਿੱਤ ਕੇ ਸਪੇਨ, ਫਰਾਂਸ, ਇੰਗਲੈਂਡ ਅਤੇ ਅਰਜਨਟੀਨਾ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚੀਆਂ ਹਨ। 14 ਜੁਲਾਈ ਨੂੰ ਹੋਏ ਆਪਣੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਫਰਾਂਸ ਦੀ ਟੀਮ ਨੂੰ 2-0 ਨਾਲ ਹਰਾ ਕੇ ਸਪੇਨ ਦੀ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ। ਦੂਜਾ ਮੁਕਾਬਲਾ ਬੁੱਧਵਾਰ ਵਾਲੇ ਦਿਨ ਇੰਗਲੈਂਡ ਅਤੇ ਅਰਜਨਟੀਨਾ ਵਿਚਕਾਰ ਹੋਏਗਾ। ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀ ਟੀਮ ਫੀਫਾ ਫੁੱਟਬਾਲ ਵਿਸ਼ਵ ਕੱਪ-2026 ਦੇ ਫਾਈਨਲ ਵਿੱਚ ਪਹੁੰਚ ਜਾਵੇਗੀ।
