ਟਰੰਪ ਦਾ ਪੋਪ ਨਾਲ ਪੰਗਾ: ਅਮਰੀਕੀ ਰਾਸ਼ਟਰਪਤੀ ਨੇ ਈਸਾ ਮਸੀਹ ਦਾ ਸਵਾਂਗ ਰਚਿਆ
ਜਸਵੀਰ ਸਿੰਘ ਸ਼ੀਰੀ
ਜਦੋਂ ਬਹੁਤੀ ਸਿੱਖ ਲੀਡਰਸ਼ਿਪ ਅਮਰੀਕੀ ਸਦਰ ਡੋਨਾਲਡ ਟਰੰਪ ਅਤੇ ਇਜ਼ਰਾਇਲ ਵੱਲੋਂ ਇਰਾਨ ਖਿਲਾਫ ਛੇੜੀ ਜੰਗ ਬਾਰੇ ਚੁੱਪ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁੱਛ ਜਿਹੇ ਸਿਆਸੀ ਮਸਲਿਆਂ ਤੋਂ ਵਿਹਲ ਨਹੀਂ, ਤਾਂ ਸੰਸਾਰ ਇਸ ਸਵਾਲ ਨਾਲ ਖਹਿਬੜ ਰਿਹਾ ਹੈ ਕਿ ਇਹ ਦੌਰ ਜੰਗ ਕਰਨ ਦਾ ਹੈ ਜਾਂ ਦੁਨੀਆਂ ਦੇ ਕੁੱਲ ਧਾਰਮਿਕ/ਕੌਮੀ ਭਾਈਚਾਰਿਆਂ ਨੂੰ ਇੱਕ ਅਨੰਤ ਵੰਨ-ਸਵੰਨਤਾ ਵਿੱਚ ਜੋੜਨ ਵਾਲੀ ਰਾਜਨੀਤੀ ਨੂੰ ਉਸਾਰਨ ਦਾ!
ਸੰਕਲਪ ਦੀ ਪੱਧਰ ‘ਤੇ ਇਸ ਮਾਮਲੇ ਵਿੱਚ ਸਿੱਖ ਪੱਖ ਬੇਹੱਦ ਮਜਬੂਤ ਹੈ, ਪਰ ਇਸ ਨੂੰ ਅਮਲ ਵਿੱਚ ਲਿਆਉਣ ਲਈ ਸਮਾਂ ਸਿੱਖ ਲੀਡਰਸ਼ਿੱਪ ਅਤੇ ਬੁੱਧੀਮਾਨਾਂ ਦੀ ਉਡੀਕ ਨਹੀਂ ਕਰ ਰਿਹਾ। ਪੋਪ ਵੈਟੀਕਨ ਇਸ ਮਾਮਲੇ ਵਿੱਚ ਪਹਿਲ ਕਦਮੀ ਕਰਦੇ ਵਿਖਾਈ ਦੇ ਰਹੇ ਹਨ।
ਬੀਤੇ ਹਫਤੇ ਇੱਕ ਸਮਾਗਮ ਵਿੱਚ ਵੈਟੀਕਨ ਕੈਥੋਲਿਕ ਚਰਚ ਦੇ ਮੁਖੀ ਪੋਪ ਲੀਉ ਪੰਦਰਵੇਂ ਨੇ ਇਜ਼ਰਾਇਲ ਅਤੇ ਅਮਰੀਕਾ ਵੱਲੋਂ ਇਰਾਨ ‘ਤੇ ਮੜ੍ਹੀ ਜੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਰੱਬ ਉਨ੍ਹਾਂ ਆਗੂਆਂ ਦੀ ਅਰਦਾਸ (ਪਰੇਅਰ) ਸਵੀਕਾਰ ਨਹੀਂ ਕਰਦਾ, ਜਿਹੜੇ ਜੰਗਾਂ ਛੇੜਦੇ ਹਨ ਅਤੇ ਸਧਾਰਨ ਲੋਕਾਂ ਦਾ ਕਤਲੇਆਮ ਕਰਦੇ ਹਨ। ਯਾਦ ਰਹੇ, ਇਹ ਪਹਿਲਾ ਅਮਰੀਕੀ ਪੋਪ ਹੈ, ਜੋ ਵੈਟੀਕਨ ਕੈਥੋਲਿਕ ਚਰਚ ਦਾ ਮੁਖੀ ਬਣਿਆ ਹੈ। ਉਨ੍ਹਾਂ ਤੋਂ ਪਹਿਲੇ ਵੈਟੀਕਨ ਮੁਖੀ ਪੋਪ ਫਰਾਂਸਿਸ ਅਰਜਨਟੀਨਾ ਮੂਲ ਦੇ ਸਨ। ਉਨ੍ਹਾਂ ਵੱਲੋਂ ਗਰੀਬ-ਗੁਰਬੇ ਤੇ ਤੀਜੀ ਦੁਨੀਆਂ ਦੇ ਮੁਲਕਾਂ ਦੇ ਹੱਕ ਵਿੱਚ ਬਹੁਤ ਕੁਝ ਕਿਹਾ/ਬੋਲਿਆ ਜਾਂਦਾ ਰਿਹਾ ਹੈ। ਪੋਪ ਫਰਾਂਸਿਸ ਦੇ ਚਲਾਣੇ ਤੋਂ ਬਾਅਦ ਜਦੋਂ ਮੌਜੂਦਾ ਪੋਪ ਵੈਟੀਕਨ ਦੇ ਮੁਖੀ ਬਣੇ ਤਾਂ ਕਿਸੇ ਨੂੰ ਆਸ ਨਹੀਂ ਸੀ ਕਿ ਉਹ ਸੰਸਾਰ ਸਿਆਸਤ ਅਤੇ ਮਨੁੱਖੀ ਦੁੱਖ ਦਰਦ ਦੇ ਮਸਲਿਆਂ ‘ਤੇ ਇੰਨੇ ਮੁਖਰ ਹੋ ਕੇ ਬੋਲਣਗੇ; ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਇਲ ਦੀਆਂ ਸੰਸਾਰ ਨੂੰ ਅਸਥਿਰ ਕਰਨ ਵਾਲੀਆਂ ਨੀਤੀਆਂ ਨੇ ਇੱਕ ਖਾਮੋਸ਼ ਤਬੀਅਤ ਪੋਪ ਨੂੰ ਵੀ ਸਮਕਾਲੀ ਰਾਜਨੀਤੀ ਵਿੱਚ ਦਖਲ ਦੇਣ ਲਈ ਮਜਬੂਰ ਕਰ ਦਿੱਤਾ ਹੈ।
ਇਸ ਮਸਲੇ ‘ਤੇ ਇੱਕ ਵੱਡੀ ਬਹਿਸ ਛਿੜ ਗਈ ਹੈ ਕਿ ਈਸਾਈ ਥੀਓਔਲੋਜੀ ਵਿੱਚ ਜਾਇਜ਼ ਜੰਗ (ਜਸਟ ਵਾਰ) ਦਾ ਕੀ ਮਤਲਬ ਹੈ! ਇਹ ਵੀ ਕਿ ਕੀ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ‘ਤੇ ਮੜ੍ਹੀ ਮੌਜੂਦਾ ਜੰਗ ਜਾਇਜ਼ ਹੈ ਜਾਂ ਨਾਜਾਇਜ਼! ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਵੀ ਕੈਥੋਲਿਕ ਈਸਾਈ ਭਾਈਚਾਰੇ ਨਾਲ ਸੰਬੰਧਤ ਹਨ ਅਤੇ ਉਨ੍ਹਾਂ ਨੇ ਪੋਪ ਲੀਓ ਨੂੰ ਨਸੀਹਤ ਕੀਤੀ ਹੈ ਕਿ ਈਸਾਈ ਥਿਓਔਲੋਜੀ ਵਿੱਚ ਜਾਇਜ਼ ਜੰਗ ਦਾ ਸੰਕਲਪ ਬਾਕਾਇਦਾ ਮੌਜੂਦ ਹੈ ਅਤੇ ਪੋਪ ਵੈਟੀਕਨ ਇਸ ਮਸਲੇ ‘ਤੇ ਸੋਚ-ਵਿਚਾਰ ਕੇ ਹੀ ਕੁਝ ਕਹਿਣ।
ਮਰਹੂਮ ਪੋਪ ਫਰਾਂਸਿਸ ਦਾ ਉਂਝ ਰੂਸ-ਯੂਕਰੇਨ ਜੰਗ ਉਤੇ ਉਹ ਸਟੈਂਡ ਕਾਫੀ ਵਿਵਾਦ ਪੂਰਨ ਹੋ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਸ ਜੰਗ ਨੂੰ ਰੋਕਣ ਲਈ ਯੂਕਰੇਨ ਨੂੰ ਅਮਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਅਤੇ ਜੰਗ ਦੇ ਮੈਦਾਨ ਵਿੱਚ ਚਿੱਟਾ ਝੰਡਾ ਲਹਿਰਾ ਕੇ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਪਰ ਯੂਕਰੇਨ ਦੀ ਲੀਡਰਸ਼ਿੱਪ ਖਾਸ ਕਰਕੇ ਸਦਰ ਵਲਾਦੀਮੀਰ ਜੇਲੰਸਕੀ ਵੱਲੋਂ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ। ਸਦਰ ਜੇਲੰਸਕੀ ਨੇ ਕਿਹਾ ਸੀ ਕਿ ਰੂਸ ਨੇ ਯੂਕਰੇਨ ‘ਤੇ ਹਮਲੇ ਦੀ ਪਹਿਲ ਕੀਤੀ ਹੈ, ਇਸ ਲਈ ਸ਼ਾਂਤੀ ਲਈ ਪਹਿਲ ਕਦਮੀ ਰੂਸ ਨੂੰ ਯੂਕਰੇਨ ਦੇ ਇਲਾਕਿਆਂ ‘ਤੋਂ ਕਬਜ਼ਾ ਛੱਡ ਕੇ ਕਰਨੀ ਚਾਹੀਦੀ ਹੈ।
ਇਨ੍ਹੀਂ ਦਿਨੀਂ ਪੋਪ ਲੀਓ ਪੰਦਰਵੇਂ ਅਫਰੀਕਾ ਦੇ ਦੌਰੇ ‘ਤੇ ਸਨ। ਉਨ੍ਹਾਂ ਪਿਛਲੇ ਹਫਤੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ, “ਰੱਬ ਜੰਗਾਂ/ਕਲੇਸ਼ਾਂ ‘ਤੇ ਆਪਣੀ ਮਿਹਰ ਨਹੀਂ ਕਰਦਾ। ਉਨ੍ਹਾਂ ਦੀ ਅਰਦਾਸ ਨਹੀਂ ਸੁਣਦਾ, ਜਿਹੜੇ ਜੰਗਾਂ ਛੇੜਦੇ ਹਨ (ਗੌਡ ਡਜ਼ ਨੌਟ ਬਲੈਸ ਐਨੀ ਕਨਫਲਿਕਟ, ਡਜ਼ ਨੌਟ ਹੀਅਰ ਦ ਪਰੇਅਰ ਆਫ ਦੋਜ਼ ਵੇਜ਼ ਵਾਰ)।” ਅਫਰੀਕਾ ਦੇ ਛੋਟੇ ਜਿਹੇ ਮੁਲਕ ਕੈਮਰੂਨ ਤੋਂ ਵਿਦਾ ਹੋਣ ਤੋਂ ਬਾਅਦ ਉਨ੍ਹਾਂ ਹਵਾਈ ਸਫਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਵਿੱਚ ਨਹੀਂ ਪੈਣਾ ਚਾਹੁੰਦੇ, ਪਰ ਦੁਨੀਆਂ ਵਿੱਚ ਅੱਜ ਬਹੁਤ ਜ਼ਿਆਦਾ ਲੋਕ ਜੰਗਾਂ ਦੀ ਮਾਰ ਝੱਲ ਰਹੇ ਹਨ। ਬਹੁਤ ਸਾਰੇ ਨਿਰਦੋਸ਼ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕਿਸੇ ਨੂੰ ਤੇ ਖੜ੍ਹਾ ਹੋ ਕੇ ਇਹ ਸੁਨੇਹਾ ਦੇਣ ਹੀ ਪਏਗਾ ਕਿ, “ਇਹ ਸਭ ਕੁਝ ਇਸ ਤੋਂ ਬਿਹਤਰ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੈ।” ਪੋਪ ਨੇ ਕਿਹਾ, “ਮੈਨੂੰ ਟਰੰਪ ਪ੍ਰਸ਼ਾਸਨ ਦਾ ਕੋਈ ਭੈਅ ਨਹੀਂ ਹੈ। ਮੈਂ ਧਰਮ ਦਾ ਸੁਨੇਹਾ ਉੱਚੀ ਆਵਾਜ਼ ਵਿੱਚ ਦੇਣਾ ਹੈ। ਮੇਰਾ ਵਿਸ਼ਵਾਸ ਹੈ ਕਿ ਇਹੋ ਕਰਨਾ ਮੇਰੀ ਜ਼ਿੰਮੇਵਾਰੀ ਹੈ।”
ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਜਦੋਂ ਪੋਪ ਨੇ ਜੰਗ ਛੇੜਨ ਖਿਲਾਫ ਆਪਣਾ ਬਿਆਨ ਦਿੱਤਾ ਸੀ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਨਾ ਸਿਰਫ ਟਵਿੱਟਰ ਉੱਤੇ ਪੋਪ ਦੀ ਆਲੋਚਨਾ ਕੀਤੀ, ਸਗੋਂ ਟਰੰਪ ਦਾ ਜੀਸਸ ਕਰਾਈਸਟ ਦੇ ਰੂਪ ਵਿੱਚ ਬਣਿਆ ਇੱਕ ਅਰਟੀਫੀਸ਼ੀਅਲ ਸਵਾਂਗ (ਇਮੇਜ) ਵੀ ਪੋਸਟ ਕਰ ਦਿੱਤਾ ਸੀ। ਇਸ ਫੋਟੋ ਦੀ ਜਦੋਂ ਜ਼ੋਰਦਾਰ ਆਲੋਚਨਾ ਹੋਣ ਲੱਗੀ ਤਾਂ ਘੰਟੇ ਕੁ ਬਾਅਦ ਹੀ ਇਸ ਨੂੰ ਨੈਟ ਤੋਂ ਡਿਲੀਟ ਕਰ ਦਿੱਤਾ ਗਿਆ। ਇਹ ਬਿਲਕੁਲ ਉਸੇ ਕਿਸਮ ਦੀ ਹਰਕਤ ਸੀ, ਜਿਸ ਤਰ੍ਹਾਂ ਦੀ ਸਰਸੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚ ਕੇ ਕੀਤੀ ਸੀ। ਇਸ ਨਾਲ ਟਰੰਪ ਦੇ ਹਮਾਇਤੀ ਕੈਥੋਲਿਕ ਅਤੇ ਇਵੈਂਜਲਿਕ ਈਸਾਈਆਂ ਵਿੱਚ ਉਨ੍ਹਾਂ ਦੀ ਲੋਕਪ੍ਰਿਅਤਾ ਡਿੱਗਣ ਲੱਗ ਪਈ ਹੈ। ਇਸ ਨੂੰ ਵੇਖਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ, “ਮੇਰੇ ਅਤੇ ਪੋਪ ਲੀਓ ਵਿਚਕਾਰ ਮੱਤਭੇਦ ਹਨ ਤੇ ਗੱਲ ਬੱਸ ਇੱਥੇ ਖਤਮ ਹੋ ਜਾਂਦੀ ਹੈ।”
ਆਪਣੀ ਕੈਮਰੂਨ ਫੇਰੀ ਦੌਰਾਨ ਪੋਪ ਲੀਓ ਨੇ ਰਾਜਨੀਤਿਕ ਆਗੂਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੁਝ ਜ਼ਾਲਮ (ਟੇਰੈਂਟ) ਕਿਸਮ ਦੇ ਲੋਕ ਜੰਗਾਂ ‘ਤੇ ਅਰਬਾਂ ਡਾਲਰ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਾਰ ਨੂੰ ਕੁਝ ਕੁ ਤਾਨਾਸ਼ਾਹਾਂ ਵੱਲੋਂ ਉਜਾੜਿਆ ਜਾ ਰਿਹਾ ਹੈ; ਜਦਕਿ ਮਨੁੱਖਤਾ ਦਾ ਵੱਡਾ ਹਿੱਸਾ ਬਿਮਾਰੀਆਂ ਦੇ ਇਲਾਜ, ਸਿੱਖਿਆ ਅਤੇ ਖੁਸ਼ਹਾਲ ਜ਼ਿੰਦਗੀ ਲਈ ਤਰਸ ਰਿਹਾ ਹੈ। ਪੋਪ ਲੀਓ ਤੋਂ ਬਾਅਦ ਅਮਰੀਕੀ ਕੈਥੋਲਿਕ ਚਰਚ ਦੇ ਆਗੂ ਪੋਇੰਟਿਫ ਨੇ ਵੀ ਲਿਓ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਕੁਝ ਚਲਾਕ ਆਗੂ ਰੱਬ ਦੇ ਨਾਂ ‘ਤੇ ਨਫਰਤ ਫੈਲਾਉਂਦੇ ਹਨ ਅਤੇ ਆਪ ਉਸ ਵਿੱਚੋਂ ਕਮਾਈ ਕਰਦੇ ਹਨ। ਪੋਪ ਲੀਓ ਪੰਦਰਵੇਂ ਨੇ ਟਰੰਪ ਵੱਲੋਂ ਇਰਾਨ ਖਿਲਾਫ ਜਾਰੀ ਕੀਤੇ ਗਏ ਉਸ ਬਿਆਨ ਦੀ ਵੀ ਸਖਤ ਆਲੋਚਨਾ ਕੀਤੀ ਹੈ, ਜਿਸ ਵਿੱਚ ਇਰਾਨ ਦੀ ਮੁਕੰਮਲ ਸੱਭਿਅਤਾ ਦਾ ਖਾਤਮਾ ਕਰਨ ਦੀ ਧਮਕੀ ਦਿੱਤੀ ਗਈ ਹੈ।
ਪੋਪ ਲੀਓ ਪੰਦਰਵੇਂ ਨੇ ਪਿਛਲੇ ਸਾਲ ਆਪਣਾ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਅਮਰੀਕੀ ਸਦਰ ਡੋਨਾਲਡ ਟਰੰਪ ਦੇ ਪ੍ਰਸ਼ਾਸਨਿਕ ਵਤੀਰੇ ਅਤੇ ਉਸ ਦੀ ਪਰਵਾਸ ਅਤੇ ਪਰਵਾਸੀਆਂ ਸੰਬੰਧੀ ਪਹੁੰਚ ਦੀ ਆਲੋਚਨਾ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਰੁੱਥ ਸੋਸ਼ਲ ‘ਤੇ ਲਿਖਿਆ ਕਿ ਪੋਪ ਨੂੰ ਆਪਣੇ ਖੇਤਰ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਲੀਓ ਦੀ ਪੋਪ ਵਜੋਂ ਚੋਣ ਉਨ੍ਹਾਂ ਦੇ ਰਾਸ਼ਟਰਪਤੀ ਦਾ ਅਹੁਦਾ ਹਾਸਲ ਕਰਨ ਤੋਂ ਬਾਅਦ ਹੀ ਹੋਈ ਹੈ, ‘ਉਨ੍ਹਾਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣ ਦੀ ਲੋੜ ਹੈ।’
ਪੋਪ ਲੀਓ ਪੰਦਰਵੇਂ ਨੇ ਕੈਮਰੂਨ ਵਿੱਚ ਚੱਲ ਰਹੀ ਸਿਵਲ ਵਾਰ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਰਬਾਂ ਡਾਲਰ ਕਤਲਾਂ ਅਤੇ ਤਬਾਹੀ ‘ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਿਸਮ ਦੀ ਵਿਰਾਸਤ, ਜਾਇਦਾਦ ਤਬਾਹ ਕੀਤੀ ਜਾ ਰਹੀ ਹੈ, ਜਿਸ ਨੂੰ ਬਣਾਉਣ ਲਈ ਉਮਰਾਂ ਲੱਗ ਜਾਂਦੀਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਕੈਮਰੂਨ ਵਿੱਚ ਦੋ ਐਂਗਲੋਫੋਨ ਨਸਲੀ ਗਰੁੱਪ ਫਰਂੈਕੋਫੋਨ ਸਰਕਾਰ ਖਿਲਾਫ ਜੰਗ ਛੇੜੀ ਬੈਠੇ ਹਨ। ਪੋਪ ਨੇ ਕਿਹਾ ਕਿ ਆਲੋਚਨਾ ਦੇ ਬਾਵਜੂਦ ਉਹ ਸ਼ਾਂਤੀ ਲਈ ਯਤਨ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸ਼ਾਂਤੀ ਅਸਾਂ ਕਿਧਰੋਂ ਤਲਾਸ਼ ਕੇ ਨਹੀਂ ਲਿਆਉਣੀ। ਸਿਰਫ ਆਪਣੇ ਗੁਆਂਢੀਆਂ ਨੂੰ ਭੈਣ ਭਰਾਵਾਂ ਵਜੋਂ ਸਵੀਕਾਰ ਕਰਨਾ ਹੈ।
ਅਸਲ ਵਿੱਚ ਇਰਾਨ ਵਿੱਚ ਛਿੜੀ ਜੰਗ ਨੇ ਪੋਪ ਅਤੇ ਟਰੰਪ ਨੂੰ ਦੋ ਵਿਰੋਧੀ ਸਿਰਿਆਂ ‘ਤੇ ਖੜ੍ਹਾ ਕਰ ਦਿੱਤਾ ਹੈ। ਯਾਦ ਰਹੇ, ਇਰਾਨ ਉੱਤੇ ਪਹਿਲੇ ਹਮਲੇ ਤੋਂ ਬਾਅਦ ਅਮਰੀਕੀ ਵਿਦੇਸ਼ ਸਕੱਤਰ ਪੀਟ ਹੇਗਸਟ ਨੇ ਪੈਂਟਾਗਨ ਪਰੇਅਰ ਸਰਵਿਸ ਵਿਖੇ ਬਹੁਤ ਹੀ ਰੌਲੇ ਹੱਥੀ ਅਰਦਾਸ ਕੀਤੀ ਸੀ। ਜਿਸ ਵਿੱਚ ਖੁਲ੍ਹੀ ਅਤੇ ਇਨਸਾਫ ਹੀਣ ਹਿੰਸਾ ਦੀ ਪਛਤਾਵਾ ਰਹਿਤ ਵਰਤੋਂ ਕਰਨ ਦੀ ਗੱਲ ਕਹੀ ਗਈ ਸੀ। ਸੇਂਟ ਪੀਟਰਜ਼ ਸਕੁਏਅਰ ਵਿੱਚ ਬੋਲਦਿਆਂ ਪੋਪ ਲੀਓ ਨੇ ਦੁਹਰਾਇਆ ਕਿ ਇਰਾਨ ਅਮਰੀਕਾ ਅਤੇ ਇਜ਼ਰਾਇਲ ਵਿਚਕਾਰ ਜੰਗ ਬੇਹਦ ਜ਼ਾਲਮ ਹੈ। ਇਸ ਜੰਗ ਨੂੰ ਜਾਇਜ਼ ਠਹਿਰਾਉਣ ਲਈ ਜੀਸਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਇਸ ਜੰਗ ਦਰਮਿਆਨ ਕ੍ਰਿਸਚੀਅਨ ਥੀਓਔਲੋਜੀ ਦੇ ਇੱਕ ਸੰਕਲਪ, ‘ਜਸਟ ਵਾਰ’ (ਧਰਮ ਯੁੱਧ) ‘ਤੇ ਵੀ ਬਹਿਸ ਤੁਰ ਪਈ ਹੈ। ਇਹ ਸੰਕਲਪ ਈਸਾਈ ਸੰਤ ਅਗਸਟੀਨ ਨੇ ਘੜਿਆ ਸੀ ਅਤੇ ਅਲਜੀਰੀਆ ਵਿੱਚ ਉਨ੍ਹਾਂ ਦੇ ਜਨਮ ਸਥਾਨ ‘ਤੇ ਇੱਕ ਸ਼ਾਨਦਾਰ ਮਸਜਿਦ ਬਣੀ ਹੋਈ ਹੈ। ਪੋਪ ਲੀਓ ਪੰਦਰਵੇਂ ਨੇ ਕਿਹਾ ਕਿ ਇਹ ਸਹਿਣਸ਼ੀਲਤਾ ਅਤੇ ਮਿਲ-ਜੁਲ ਕੇ ਰਹਿਣ ਦਾ ਇੱਕ ਮਾਡਲ ਹੈ। ਭਵਿੱਖ ਵਿੱਚ ਜੰਗਾਂ ਦੇ ਖਾਤਮੇ ਲਈ ਸਾਨੂੰ ਵੱਖ-ਵੱਖ ਜੀਵਨ ਸ਼ੈਲੀਆਂ, ਪੂਜਾ ਵਿਧੀਆਂ ਦੇ ਬਾਵਜੂਦ ਆਪਸ ਵਿੱਚ ਮਿਲ-ਜੁਲ ਕੇ ਰਹਿਣ ਦਾ ਵੱਲ ਸਿੱਖਣਾ ਹੋਏਗਾ।
