ਸੁਰਾਂ ਦੇ ਸਫ਼ਰ ਦੀ ਕਹਾਣੀ: ਜਗਪਾਲ ਸਿੰਘ (ਜੇ.ਪੀ.) ਸਹੋਲ

ਅਦਬੀ ਸ਼ਖਸੀਅਤਾਂ ਆਮ-ਖਾਸ

*ਮਿਹਨਤ, ਸਾਧਨਾ ਅਤੇ ਸਮਰਪਣ ਦੀ ਪ੍ਰੇਰਣਾਦਾਇਕ ਕਹਾਣੀ
ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਨੇ ਅਨੇਕਾਂ ਅਜਿਹੇ ਕਲਾਕਾਰਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਆਪਣੀ ਕਲਾ ਦੇ ਸਦਕਾ ਦੁਨੀਆ ਭਰ ਵਿੱਚ ਪੰਜਾਬੀ ਸੱਭਿਆਚਾਰ ਦਾ ਮਾਣ ਵਧਾਇਆ। ਇਨ੍ਹਾਂ ਹੀ ਨਾਵਾਂ ਵਿੱਚ ਇੱਕ ਨਾਮ ਹੈ ਜਗਪਾਲ ਸਿੰਘ, ਜਿਨ੍ਹਾਂ ਨੂੰ ਅੱਜ ਸੰਗੀਤ ਜਗਤ ਜੇ.ਪੀ. ਸਹੋਲ ਦੇ ਨਾਮ ਨਾਲ ਜਾਣਦਾ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਸਿਰਫ਼ ਇੱਕ ਗਾਇਕ ਬਣਨ ਦੀ ਕਹਾਣੀ ਨਹੀਂ, ਸਗੋਂ ਲਗਾਤਾਰ ਸਿੱਖਣ, ਆਪਣੇ ਗੁਰੂਆਂ ਦਾ ਸਤਿਕਾਰ ਕਰਨ ਅਤੇ ਹਰ ਪੜਾਅ ’ਤੇ ਮਿਹਨਤ ਨੂੰ ਆਪਣਾ ਧਰਮ ਬਣਾਉਣ ਦੀ ਇੱਕ ਪ੍ਰੇਰਣਾਦਾਇਕ ਦਾਸਤਾਨ ਹੈ।

ਜਗਪਾਲ ਸਿੰਘ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਅੰਦਰ ਸੰਗੀਤ ਪ੍ਰਤੀ ਪੈਦਾ ਹੋ ਰਹੀ ਰੁਚੀ ਨੂੰ ਪਛਾਣ ਲਿਆ। ਇਸੇ ਕਰਕੇ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਉਸਤਾਦਾਂ ਕੋਲ ਕੀਰਤਨ ਸਿੱਖਣ ਲਈ ਭੇਜਿਆ ਗਿਆ। ਇਹੀ ਉਹ ਸਮਾਂ ਸੀ, ਜਦੋਂ ਉਨ੍ਹਾਂ ਦੇ ਸੰਗੀਤਕ ਸਫ਼ਰ ਦੀ ਪਹਿਲੀ ਨੀਂਹ ਰੱਖੀ ਗਈ। ਸੁਰਾਂ ਦੀ ਸਮਝ, ਲੈਅ ਦਾ ਅਨੁਸ਼ਾਸਨ ਅਤੇ ਗਾਇਕੀ ਦੀ ਬੁਨਿਆਦ ਇਸੇ ਦੌਰ ਵਿੱਚ ਮਜਬੂਤ ਹੋਈ।
ਉਨ੍ਹਾਂ ਦੇ ਸੰਗੀਤਕ ਸਫ਼ਰ ਵਿੱਚ ਉਨ੍ਹਾਂ ਦੇ ਨਾਨਕੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਨ੍ਹਾਂ ਦੇ ਨਾਨਾ ਜੀ ਭਾਈ ਪਾਲ ਸਿੰਘ ਜੀ, ਨਨਕਾਣਾ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਸਤਿਕਾਰਯੋਗ ਗਵੱਈਏ ਸਨ। ਪਰਿਵਾਰ ਦਾ ਇਹ ਸੰਗੀਤਕ ਮਾਹੌਲ ਹੀ ਉਹ ਪ੍ਰੇਰਣਾ ਬਣਿਆ, ਜਿਸ ਨੇ ਜਗਪਾਲ ਸਿੰਘ ਦੇ ਮਨ ਵਿੱਚ ਸੰਗੀਤ ਲਈ ਡੂੰਘਾ ਪਿਆਰ ਪੈਦਾ ਕੀਤਾ। ਉਹ ਅਕਸਰ ਮੰਨਦੇ ਹਨ ਕਿ ਜੇ ਨਾਨਕੇ ਪਰਿਵਾਰ ਦਾ ਸਹਿਯੋਗ ਅਤੇ ਪ੍ਰੇਰਣਾ ਨਾ ਮਿਲਦੀ, ਤਾਂ ਸ਼ਾਇਦ ਉਨ੍ਹਾਂ ਦਾ ਇਹ ਸਫ਼ਰ ਇੰਨਾ ਵਿਸ਼ਾਲ ਨਾ ਬਣਦਾ।
ਮੁਢਲੀ ਸਿੱਖਿਆ ਤੋਂ ਬਾਅਦ ਉਨ੍ਹਾਂ ਨੇ ਪ੍ਰਸਿੱਧ ਉਸਤਾਦ ਪਿਆਰੇ ਲਾਲ ਜੀ ਦੀ ਰਹਿਨੁਮਾਈ ਹੇਠ ਆਪਣੀ ਗਾਇਕੀ ਨੂੰ ਹੋਰ ਨਿਖਾਰਿਆ। ਉਸਤਾਦ ਦੀ ਸੰਗਤ ਵਿੱਚ ਉਨ੍ਹਾਂ ਨੇ ਸਿਰਫ਼ ਗਾਉਣਾ ਹੀ ਨਹੀਂ ਸਿੱਖਿਆ, ਸਗੋਂ ਇੱਕ ਕਲਾਕਾਰ ਵਜੋਂ ਨਿਮਰਤਾ, ਅਨੁਸ਼ਾਸਨ ਅਤੇ ਸੰਗੀਤ ਪ੍ਰਤੀ ਸਮਰਪਣ ਦਾ ਅਸਲ ਅਰਥ ਵੀ ਸਮਝਿਆ। ਇਹ ਸਮਾਂ ਉਨ੍ਹਾਂ ਦੇ ਜੀਵਨ ਦਾ ਬਹੁਤ ਮਹੱਤਵਪੂਰਨ ਪੜਾਅ ਸਾਬਤ ਹੋਇਆ ਅਤੇ ਇੱਥੋਂ ਹੀ ਉਨ੍ਹਾਂ ਦੇ ਭਵਿੱਖ ਦੀ ਮਜਬੂਤ ਨੀਂਹ ਤਿਆਰ ਹੋਈ।
ਉਸਤਾਦ ਪਿਆਰੇ ਲਾਲ ਜੀ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਤੋਂ ਬਾਅਦ ਜਗਪਾਲ ਸਿੰਘ ਦੀ ਲਗਨ ਉਨ੍ਹਾਂ ਨੂੰ ਮੁੰਬਈ ਲੈ ਗਈ। ਸੰਗੀਤ ਦੀ ਨਗਰੀ ਕਹੇ ਜਾਣ ਵਾਲੇ ਇਸ ਸ਼ਹਿਰ ਵਿੱਚ ਉਨ੍ਹਾਂ ਨੇ ਪ੍ਰਸਿੱਧ ਉਸਤਾਦ ਹਰਿੰਦਰ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਲਗਭਗ ਤਿੰਨ ਸਾਲ ਰਹਿ ਕੇ ਪੇਸ਼ੇਵਰ ਤੌਰ ’ਤੇ ਗਾਇਕੀ ਦੀ ਉੱਚ ਪੱਧਰੀ ਸਿੱਖਿਆ ਪ੍ਰਾਪਤ ਕੀਤੀ। ਇਹ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਦੌਰ ਸਾਬਤ ਹੋਇਆ, ਕਿਉਂਕਿ ਇੱਥੇ ਉਨ੍ਹਾਂ ਨੇ ਸਿਰਫ਼ ਗਾਇਕੀ ਹੀ ਨਹੀਂ, ਸਗੋਂ ਸੰਗੀਤ ਦੀ ਰੂਹ ਨੂੰ ਵੀ ਨੇੜਿਓਂ ਮਹਿਸੂਸ ਕੀਤਾ।
ਉਸਤਾਦ ਹਰਿੰਦਰ ਸਿੰਘ ਮਾਨ ਸੰਗੀਤ ਜਗਤ ਵਿੱਚ ਇੱਕ ਮੰਨੇ-ਪ੍ਰਮੰਨੇ ਨਾਮ ਸਨ। ਉਨ੍ਹਾਂ ਦੀ ਰਹਿਨੁਮਾਈ ਹੇਠ ਜਗਪਾਲ ਸਿੰਘ ਨੂੰ ਮੁੰਬਈ ਦੇ ਕਈ ਨਾਮਵਰ ਸੰਗੀਤਕਾਰਾਂ, ਮਿਊਜ਼ਿਕ ਡਾਇਰੈਕਟਰਾਂ ਅਤੇ ਫ਼ਿਲਮੀ ਅਦਾਕਾਰਾਂ ਦੇ ਘਰਾਂ ਵਿੱਚ ਹੋਣ ਵਾਲੀਆਂ ਸੰਗੀਤਕ ਮਹਿਫ਼ਿਲਾਂ ਵਿੱਚ ਸ਼ਾਮਲ ਹੋਣ ਤੇ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ। ਹਰ ਦਿਨ ਇੱਕ ਨਵਾਂ ਤਜਰਬਾ ਹੁੰਦਾ ਸੀ ਅਤੇ ਹਰ ਮਹਿਫ਼ਿਲ ਉਨ੍ਹਾਂ ਲਈ ਇੱਕ ਨਵੀਂ ਸਿੱਖਿਆ ਬਣ ਜਾਂਦੀ ਸੀ। ਵੱਡੇ ਕਲਾਕਾਰਾਂ ਦੀ ਸੰਗਤ ਨੇ ਉਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ, ਸਟੇਜ ਪ੍ਰਜ਼ੈਂਸ ਅਤੇ ਪੇਸ਼ੇਵਰ ਸੋਚ ਨੂੰ ਹੋਰ ਮਜਬੂਤ ਕੀਤਾ।
ਮੁੰਬਈ ਵਿੱਚ ਪ੍ਰਾਪਤ ਕੀਤੀ ਮਜਬੂਤ ਸੰਗੀਤਕ ਸਿੱਖਿਆ ਤੋਂ ਬਾਅਦ ਜਗਪਾਲ ਸਿੰਘ ਦੀ ਕਲਾ ਨੇ ਦੇਸ਼ ਦੀਆਂ ਹੱਦਾਂ ਪਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਛੋਟੀ ਉਮਰ, ਲਗਭਗ ਪੰਦਰਾਂ–ਸੋਲ੍ਹਾਂ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਗਾਇਕੀ ਪੇਸ਼ ਕਰਨ ਦਾ ਸੁਭਾਗ ਮਿਲਿਆ। ਇਹ ਉਹ ਸਮਾਂ ਸੀ, ਜਦੋਂ ਬਹੁਤ ਘੱਟ ਉਮਰ ਦੇ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਮੰਚਾਂ ’ਤੇ ਆਪਣੀ ਕਲਾ ਪੇਸ਼ ਕਰਨ ਦਾ ਮੌਕਾ ਮਿਲਦਾ ਸੀ, ਪਰ ਜਗਪਾਲ ਸਿੰਘ ਨੇ ਆਪਣੀ ਲਗਨ, ਸਿੱਖਿਆ ਅਤੇ ਮਿਹਨਤ ਦੇ ਸਦਕਾ ਇਹ ਵਿਸ਼ਵਾਸ ਹਾਸਲ ਕੀਤਾ।
ਉਨ੍ਹਾਂ ਦਾ ਪਹਿਲਾ ਵੱਡਾ ਵਿਦੇਸ਼ੀ ਸੰਗੀਤਕ ਸਫ਼ਰ ਮਲੇਸ਼ੀਆ ਤੋਂ ਸ਼ੁਰੂ ਹੋਇਆ, ਜਿੱਥੇ ਉਹ ਇੱਕ ਪੰਜਾਬੀ ਭੰਗੜਾ ਗਰੁੱਪ ਨਾਲ ਜੁੜੇ। ਪਰਵਾਸੀ ਪੰਜਾਬੀਆਂ ਦੇ ਵਿਆਹਾਂ, ਸੱਭਿਆਚਾਰਕ ਸਮਾਗਮਾਂ ਅਤੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਗਾਇਕੀ ਨੂੰ ਭਰਪੂਰ ਪਿਆਰ ਤੇ ਸਤਿਕਾਰ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਦਾ ਸੰਗੀਤਕ ਸਫ਼ਰ ਯੂਨਾਈਟਿਡ ਅਰਬ ਅਮੀਰਾਤ, ਸਿੰਗਾਪੁਰ, ਯੂਰਪ ਅਤੇ ਏਸ਼ੀਆ ਦੇ ਕਈ ਦੇਸ਼ਾਂ ਤੱਕ ਫੈਲਦਾ ਗਿਆ।
ਸਮੇਂ ਦੇ ਨਾਲ ਉਨ੍ਹਾਂ ਨੇ ਕਰੀਬ 36 ਦੇਸ਼ਾਂ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ। ਵਿਆਹ ਸਮਾਗਮਾਂ, ਸੱਭਿਆਚਾਰਕ ਮੇਲਿਆਂ, ਸਟੇਜ ਸ਼ੋਅ, ਕਾਰਪੋਰੇਟ ਸਮਾਗਮਾਂ ਅਤੇ ਖ਼ਾਸ ਮਹਿਫ਼ਿਲਾਂ ਵਿੱਚ ਉਨ੍ਹਾਂ ਨੇ ਆਪਣੀ ਪੇਸ਼ਕਾਰੀ ਰਾਹੀਂ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੀ ਸੁਗੰਧ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ।
ਅਮਰੀਕਾ ਵਿੱਚ ਰਹਿੰਦਿਆਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੰਜਾਬੀ ਨੌਜਵਾਨਾਂ ਵਿੱਚ ਹਿਪ-ਹੌਪ ਅਤੇ ਆਧੁਨਿਕ ਪੰਜਾਬੀ ਸੰਗੀਤ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਭਾਵੇਂ ਉਨ੍ਹਾਂ ਦੀ ਬੁਨਿਆਦ ਸ਼ਾਸਤਰੀ ਸੰਗੀਤ, ਗ਼ਜ਼ਲ, ਕੱਵਾਲੀ ਅਤੇ ਪਰੰਪਰਾਗਤ ਗਾਇਕੀ ਵਿੱਚ ਸੀ, ਪਰ ਇੱਕ ਸੱਚੇ ਕਲਾਕਾਰ ਵਜੋਂ ਉਨ੍ਹਾਂ ਨੇ ਸਮੇਂ ਦੀ ਨਬਜ਼ ਨੂੰ ਸਮਝਿਆ ਅਤੇ ਆਪਣੇ ਅੰਦਾਜ਼ ਨੂੰ ਨਵੇਂ ਰੰਗਾਂ ਨਾਲ ਪੇਸ਼ ਕੀਤਾ।
ਇਸ ਸੋਚ ਦਾ ਨਤੀਜਾ ਉਨ੍ਹਾਂ ਦਾ ਪਹਿਲਾ ਸਿੰਗਲ ‘ਕਾਲੀ ਮਸਟੈਂਗ’ ਬਣਿਆ। ਇਸ ਗੀਤ ਦੇ ਬੋਲ, ਧੁਨ ਤੇ ਪੇਸ਼ਕਾਰੀ ਨੂੰ ਸਰੋਤਿਆਂ ਨੇ ਭਰਪੂਰ ਪਿਆਰ ਦਿੱਤਾ ਅਤੇ ਇਹ ਗੀਤ ਉਨ੍ਹਾਂ ਦੀ ਨਵੀਂ ਪਛਾਣ ਬਣ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ‘ਸਪਿਨਿਨ’ ਨਾਮੀਂ ਗੀਤ ਰਿਲੀਜ਼ ਕੀਤਾ, ਜੋ ਅਮਰੀਕੀ ਜੀਵਨ-ਸ਼ੈਲੀ ਅਤੇ ਪੰਜਾਬੀ ਨੌਜਵਾਨੀ ਦੀ ਸੋਚ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਸੀ। ਇਸ ਗੀਤ ਨੇ ਵੀ ਉਨ੍ਹਾਂ ਨੂੰ ਇੱਕ ਆਧੁਨਿਕ ਅਤੇ ਬਹੁਪੱਖੀ ਗਾਇਕ ਵਜੋਂ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਉਨ੍ਹਾਂ ਦੇ ਸੰਗੀਤਕ ਜੀਵਨ ਦਾ ਇੱਕ ਬਹੁਤ ਹੀ ਯਾਦਗਾਰ ਅਤੇ ਮਾਣ ਵਾਲਾ ਪਲ ਉਸ ਵੇਲੇ ਆਇਆ, ਜਦੋਂ ਪੰਜਾਬ ਦੇ ਮਹਾਨ ਗਾਇਕ ਅਤੇ ‘ਕਲੀਆਂ ਦੇ ਬਾਦਸ਼ਾਹ’ ਸਵਰਗੀ ਕੁਲਦੀਪ ਮਾਣਕ ਦੇ ਪਰਿਵਾਰ ਨੇ ਉਨ੍ਹਾਂ ਦੀ ਕਲਾ ਨੂੰ ਪਰਖਿਆ ਤੇ ਸਤਿਕਾਰ ਦਿੱਤਾ। ਜਦੋਂ ਯੁੱਧਵੀਰ ਮਾਣਕ ਅਤੇ ਸ਼ਕਤੀ ਮਾਣਕ ਨੇ ਜਗਪਾਲ ਸਿੰਘ ਦੀ ਗਾਇਕੀ ਸੁਣੀ ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਘਰ ਸੱਦਿਆ, ਉਨ੍ਹਾਂ ਦੀ ਕਲਾ ਦੀ ਪ੍ਰਸ਼ੰਸਾ ਕੀਤੀ ਅਤੇ ਪੂਰੇ ਸਤਿਕਾਰ ਨਾਲ ਉਨ੍ਹਾਂ ਨੂੰ ‘ਮਾਣਕ ਮਿਊਜ਼ਿਕ’ ਦੇ ਮੰਚ ਰਾਹੀਂ ਇੱਕ ਪੰਜਾਬੀ ਮੇਲ ਗਾਇਕ ਵਜੋਂ ਸਭ ਤੋਂ ਪਹਿਲੀ ਪੇਸ਼ਕਾਰੀ ਦਾ ਮੌਕਾ ਦਿੱਤਾ।
ਜੇ.ਪੀ. ਸਹੋਲ ਹੁਣ ਤੱਕ 500 ਤੋਂ ਵੱਧ ਲਾਈਵ ਸਫਲ ਪੇਸ਼ਕਾਰੀਆਂ ਦੌਰਾਨ ਸ਼ਾਨਦਾਰ ਮੰਚ-ਸ਼ੈਲੀ ਦਾ ਪ੍ਰਦਰਸ਼ਨ ਕਰ ਚੁਕੇ ਹਨ। ਉਨ੍ਹਾਂ ਨੇ ਆਪਣੀਆਂ ਜੋਸ਼ੀਲੀਆਂ ਤੇ ਊਰਜਾ ਭਰਪੂਰ ਪੇਸ਼ਕਾਰੀਆਂ ਨਾਲ ਲਗਾਤਾਰ ਵੱਡੇ ਦਰਸ਼ਕਾਂ ਨੂੰ ਮੰਤਰ-ਮੁਗਧ ਕੀਤਾ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਨਾਮਵਰ ਹਸਤੀਆਂ ਨਾਲ ਮੰਚ ਸਾਂਝਾ ਕਰਦਿਆਂ ਯਾਦਗਾਰੀ ਲਾਈਵ ਅਨੁਭਵ ਸਿਰਜੇ ਹਨ। ਉਹ ‘ਪੰਜਾਬੀ ਪਰਵਾਜ਼ ਨਾਈਟ-2026’ ਮੌਕੇ ਗੀਤਾਂ ਦੀ ਛਹਿਬਰ ਲਾਉਣਗੇ।

Leave a Reply

Your email address will not be published. Required fields are marked *