ਕਿਸ਼ਤ-5
ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਇਹ ਲੜੀਵਾਰ ਲਿਖਤਾਂ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ ਕਰਨ ਵਾਸਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਦੇ ਹੱਥਕੰਡੇ ਵਰਤੇ! ਪੇਸ਼ ਹੈ, ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਪ੍ਰਤੀ ਪਹਿਲੀ ਨੀਤੀ ਵਿੱਚ ਤਬਦੀਲੀ ਨਾਲ ਸਬੰਧਤ ਸੰਖੇਪ ਵੇਰਵਾ… ਪ੍ਰਬੰਧਕੀ ਸੰਪਾਦਕ
ਡਾ. ਗੁਰਦੇਵ ਸਿੰਘ ਸਿੱਧੂ
ਫੋਨ:+91-9417049417
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
1807 ਵਿੱਚ ਇਹ ਅਫਵਾਹ ਗਰਮ ਸੀ ਕਿ ਫਰਾਂਸ ਅਤੇ ਰੂਸ ਹਿੰਦੁਸਤਾਨ ਉੱਤੇ ਚੜ੍ਹਾਈ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਸਥਿਤੀ ਨਾਲ ਨਿਪਟਣ ਵਾਸਤੇ ਕੰਪਨੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਨੇੜਤਾ ਬਣਾਉਣੀ ਜ਼ਰੂਰੀ ਸਮਝੀ। ਇਸ ਮਨੋਰਥ ਲਈ ਮਿਸਟਰ ਮੈਟਕਾਫ ਨੂੰ ਕੰਪਨੀ ਦਾ ਪ੍ਰਤੀਨਿੱਧ ਥਾਪ ਕੇ ਲਾਹੌਰ ਭੇਜਿਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਮਿਸਟਰ ਮੈਟਕਾਫ ਨੂੰ ਬਾਹਰੀ ਹਮਲੇ ਸਮੇਂ ਸਹਿਯੋਗ ਦੇਣ ਦੀ ਹਾਮੀ ਭਰੀ, ਪਰ ਨਾਲ ਹੀ ਕੰਪਨੀ ਸਰਕਾਰ ਵੱਲੋਂ ਸਤਲੁਜ ਤੋਂ ਪੂਰਬ ਵੱਲ ਦੇ ਸਿੱਖ ਇਲਾਕਿਆਂ ਉੱਤੇ ਉਸ ਦੀ ਪ੍ਰਭੂਸੱਤਾ ਨੂੰ ਪ੍ਰਵਾਨ ਕਰਨ ਦੀ ਸ਼ਰਤ ਰੱਖ ਦਿੱਤੀ। ਮੈਟਕਾਫ ਵੱਲੋਂ ਇਹ ਕਹੇ ਜਾਣ ਉੱਤੇ ਕਿ ਅਜਿਹੀ ਪ੍ਰਵਾਨਗੀ ਦੇਣੀ ਉਸ ਦੇ ਅਧਿਕਾਰ ਵਿੱਚ ਨਹੀਂ, ਗੱਲਬਾਤ ਇੱਥੇ ਹੀ ਖਤਮ ਹੋ ਗਈ। ਜਿਉਂ ਹੀ ਫਰਾਂਸ ਅਤੇ ਰੂਸ ਦੇ ਹਮਲੇ ਦਾ ਡਰ ਖਤਮ ਹੋਇਆ, ਕੰਪਨੀ ਨੇ ਮਹਾਰਾਜਾ ਰਣਜੀਤ ਸਿੰਘ ਪ੍ਰਤੀ ਆਪਣਾ ਰਵੱਈਆ ਬਦਲ ਲਿਆ। 12 ਦਸੰਬਰ 1808 ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਸਪਸ਼ਟ ਦੱਸ ਦਿੱਤਾ ਗਿਆ ਕਿ ਮਿਸਟਰ ਮੈਟਕਾਫ ਦੇ ਲਾਹੌਰ ਆਉਣ ਪਿੱਛੋਂ ਉਸ ਨੇ ਸਤਲੁਜ ਤੋਂ ਪੂਰਬ ਵੱਲ ਜੋ ਇਲਾਕਾ ਮੱਲਿਆ ਹੈ, ਉਹ ਉਸ ਨੂੰ ਖਾਲੀ ਕਰਨਾ ਪਵੇਗਾ। ਦਸੰਬਰ ਦੇ ਅੰਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਦੱਸਿਆ ਗਿਆ ਕਿ ਅੰਗਰੇਜ਼ ਲੁਧਿਆਣੇ ਵਿੱਚ ਫੌਜੀ ਚੌਕੀ ਸਥਾਪਤ ਕਰ ਰਹੇ ਹਨ ਅਤੇ ਉਸ ਨਾਲ ਗੱਲਬਾਤ ਅੱਗੇ ਵਧਾਉਣ ਵਾਸਤੇ ਲੈਫਟੀਨੈਂਟ ਕਰਨਲ ਆਕਟਰਲੋਨੀ ਨੂੰ ਭੇਜਿਆ ਜਾ ਰਿਹਾ ਹੈ। ਆਕਟਰਲੋਨੀ ਨੇ ਅੰਗਰੇਜ਼ ਸਰਕਾਰ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਵੱਧ ਸ਼ਕਤੀਸ਼ਾਲੀ ਦਰਸਾ ਕੇ ਸਿੱਖ ਸਰਦਾਰਾਂ ਨੂੰ ਅੰਗਰੇਜ਼ੀ ਸੁਰੱਖਿਆ ਲੈਣ ਲਈ ਤਿਆਰ ਕਰਨ ਲਈ ਢੁਕਵਾਂ ਵਾਤਾਵਰਨ ਪੈਦਾ ਕਰਨ ਦੀ ਨੀਤ ਨਾਲ ਦਿੱਲੀ ਤੋਂ ਲਾਹੌਰ ਨੂੰ ਜਾਂਦਿਆਂ 9 ਫਰਵਰੀ ਨੂੰ, ਜਦ ਉਸ ਨੇ ਮਲੇਰਕੋਟਲੇ ਪੜਾਅ ਕੀਤਾ ਹੋਇਆ ਸੀ, ਇੱਕ ਇਤਲਾਹਨਾਮਾ ਜਾਰੀ ਕੀਤਾ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਤਲੁਜ ਤੋਂ ਪੂਰਬ ਵੱਲ ਸਿੱਖ ਸਰਦਾਰਾਂ ਦੇ ਇਲਾਕਿਆਂ ਵਿੱਚੋਂ ਆਪਣੇ ਸਹਿਯੋਗੀਆਂ ਦੁਆਰਾ ਬਣਾਏ ਥਾਣੇ ਉਠਵਾ ਦੇਵੇ ਅਤੇ ਆਪਣੀਆਂ ਸੈਨਾ ਟੁਕੜੀਆਂ ਨੂੰ ਵਾਪਸ ਬੁਲਾ ਲਵੇ। ਟੇਢੇ ਢੰਗ ਨਾਲ ਸਤਲੁਜ ਤੋਂ ਪੂਰਬ ਵੱਲ ਦੇ ਸਿੱਖ ਮਿਸਲਦਾਰਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਸੀ ਕਿ ਅੰਗਰੇਜ਼ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੜੱਪੇ ਜਾਣ ਤੋਂ ਬਚਾਅ ਸਕਦੇ ਹਨ, ਇਸ ਲਈ ਉਨ੍ਹਾਂ ਦਾ ਭਲਾ ਅੰਗਰੇਜ਼ਾਂ ਨਾਲ ਰਲ ਕੇ ਚੱਲਣ ਵਿੱਚ ਹੈ। ਇਸ ਲੰਮੇ ਚੌੜੇ ਇਤਲਾਹਨਾਮੇ ਨੂੰ ਪਿੱਛੋਂ ਇੱਕ ਹੋਰ ਸੰਖੇਪ ਇਤਲਾਹਨਾਮੇ ਦੇ ਰੂਪ ਵਿੱਚ, ਬਿਨਾਂ ਕੋਈ ਮਿਤੀ ਦਰਜ ਕੀਤਿਆਂ, ਜਾਰੀ ਕੀਤਾ ਗਿਆ, ਜੋ ਇਸ ਪ੍ਰਕਾਰ ਸੀ:
“ਇਸ ਤੋਂ ਪਹਿਲਾਂ ਸਤਲੁਜ ਦੇ ਇਸ ਪਾਸੇ ਖਰੜ, ਖਾਨਪੁਰ, ਫਰੀਦਕੋਟ ਅਤੇ ਹੋਰ ਥਾਵਾਂ ਨੂੰ ਖਾਲੀ ਕਰ ਦੇਣ ਦੇ ਵਿਸ਼ੇ ਬਾਰੇ 9 ਫਰਵਰੀ 1809 ਮੁਤਾਬਿਕ 23 ਜੀ ਹਿਜੇ 1223 ਨੂੰ ਇੱਕ ਇਤਲਾਹਨਾਮਾ ਜਾਰੀ ਕੀਤਾ ਗਿਆ ਸੀ। ਬੇਸ਼ੱਕ ਕੇਵਲ ਖਰੜ, ਖਾਨਪੁਰ ਅਤੇ ਫਰੀਦਕੋਟ ਉੱਤੋਂ ਤੁਰਤ ਕਬਜ਼ਾ ਹਟਾਏ ਜਾਣ ਦੀ ਲੋੜ ਹੈ, ਮਹਾਰਾਜੇ ਦੇ ਆਸ਼ਿ੍ਰਤਾਂ ਦੇ ਹੱਥਾਂ ਵਿੱਚ ਇਸ ਤੋਂ ਪਹਿਲਾਂ ਲਏ ਹੋਰ ਇਲਾਕਿਆਂ ਬਾਰੇ ਹਾਲੇ ਹੁਕਮ ਪ੍ਰਾਪਤ ਨਹੀਂ ਹੋਏ। ਇਸ ਮੁਤਾਬਿਕ ਮਹਾਰਾਜੇ ਦੇ ਆਸ਼ਿ੍ਰਤ ਮੁਖੀਆਂ ਦੇ ਮਨ ਦੀ ਤਸੱਲੀ ਵਾਸਤੇ ਇਹ ਇਤਲਾਹਨਾਮਾ ਜਾਰੀ ਕੀਤਾ ਜਾਂਦਾ ਹੈ। ਦੋਵਾਂ ਧਿਰਾਂ ਵਿੱਚ ਦੋਸਤੀ ਬਣਾਈ ਰੱਖਣ ਨੂੰ ਦੱਸੀਆਂ ਜਾਣ ਵਾਲੀਆਂ ਸ਼ਰਤਾਂ ਵਿੱਚ ਦਰਜ ਕੀਤਾ ਗਿਆ ਹੈ:
ਕਿ ਮਹਾਰਾਜੇ ਦੇ ਆਸ਼ਿ੍ਰਤ ਮੁਖੀ ਤੁਰਤ ਖਰੜ, ਖਾਨਪੁਰ ਅਤੇ ਫਰੀਦਕੋਟ ਦੇ ਸਥਾਨ ਤੋਂ ਆਪਣੇ ਥਾਣੇ ਉਠਾ ਕੇ ਇਨ੍ਹਾਂ ਥਾਵਾਂ ਨੂੰ ਉਨ੍ਹਾਂ ਦੇ ਪੂਰਬਲੇ ਮਾਲਕਾਂ ਦੇ ਹਵਾਲੇ ਕਰਨ।
ਕਿ ਭਵਿੱਖ ਵਿੱਚ ਮਹਾਰਾਜੇ ਦੀ ਸੈਨਾ ਦਰਿਆ ਦੇ ਇਸ ਪਾਸੇ ਦੇ ਮੁਖੀਆਂ, ਜਿਨ੍ਹਾਂ ਨੇ ਆਪਣੇ ਬਚਾਅ ਅਤੇ ਸੁਰੱਖਿਆ ਵਾਸਤੇ ਬਰਤਾਨਵੀ ਸਰਕਾਰ ਨੂੰ ਥਾਣੇ ਸਥਾਪਤ ਕਰਨ ਲਈ ਆਖਿਆ ਹੈ, ਦੇ ਮੁਲਕ ਵਿੱਚ ਦਾਖਲ ਨਹੀਂ ਹੋਵੇਗੀ।
ਕਿ ਗੰਡਾ ਸਿੰਘ ਦੀ ਅਗਵਾਈ ਵਿੱਚ ਘੋੜ ਸਵਾਰ ਅਤੇ ਪੈਦਲ ਸੈਨਾ, ਜੋ ਇਸ ਪਾਸੇ ਆਏ ਹਨ, ਨੂੰ ਤੁਰਤ ਦੂਜੇ ਪਾਸੇ ਮਹਾਰਾਜੇ ਦੇ ਆਪਣੇ ਮੁਲਕ ਵਿੱਚ ਵਾਪਸ ਬੁਲਾਇਆ ਜਾਵੇਗਾ।
ਕਿ ਫਿਲੌਰ ਦੇ ਘਾਟ ਉੱਤੇ ਬੈਠਾਈ ਸੈਨਾ ਉੱਥੋਂ ਚੱਲ ਕੇ ਸਤਲੁਜ ਦੇ ਦੂਜੇ ਪਾਸੇ ਮਹਾਰਾਜੇ ਦੇ ਮੁਲਕ ਵਿੱਚ ਜਾਵੇਗੀ।
ਕਿ ਉਸ ਹੀ ਤਰ੍ਹਾਂ ਜਿਵੇਂ ਬਰਤਾਨਵੀਆਂ ਨੇ ਛੋਟੇ ਥਾਣੇ ਬਣਾਏ ਹਨ, ਉਵੇਂ ਹੀ ਮਹਾਰਾਜਾ ਕੇਵਲ ਫਿਲੌਰ ਦੇ ਸਥਾਨ ਉੱਤੇ ਥਾਣਾ ਬਣਾ ਕੇ ਉਸ ਵਿੱਚ ਲੋੜ ਅਨੁਸਾਰ ਸੈਨਾ ਰੱਖੇਗਾ।
ਅਜਿਹੀਆਂ ਕਾਰਵਾਈਆਂ ਸਦਕਾ ਹੀ ਦੋਵਾਂ ਸਰਕਾਰਾਂ ਦਰਮਿਆਨ ਬਣੀ ਦੋਸਤੀ ਜਾਰੀ ਰਹਿਣ ਦੀ ਆਸ ਕੀਤੀ ਜਾ ਸਕਦੀ ਹੈ। ਇਨ੍ਹਾਂ ਸ਼ਰਤਾਂ ਦੀ ਪਾਲਣਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਇਹ ਦਿਖਾਈ ਦੇਵੇਗਾ ਕਿ ਦੋਵਾਂ ਸਰਕਾਰਾਂ ਦਰਮਿਆਨ ਦੋਸਤੀ ਬਣਾਈ ਰੱਖਣਾ ਮਹਾਰਾਜੇ ਦੀ ਦਿਲੀ ਤਾਂਘ ਨਹੀਂ ਹੈ।”
ਸਿੱਖ ਰਿਆਸਤਾਂ ਅਤੇ ਸਿੱਖ ਸਰਦਾਰ ਅੰਗਰੇਜ਼ਾਂ ਦੀ ਸੁਰੱਖਿਆ ਅਧੀਨ
ਜਦ ਕੰਪਨੀ ਨੇ ਮਹਾਰਾਜਾ ਰਣਜੀਤ ਸਿੰਘ ਨਾਲ 25 ਅਪ੍ਰੈਲ 1809 ਨੂੰ ਦੋਸਤੀ ਦੀ ਸੰਧੀ ਕਰ ਲਈ ਤਾਂ ਉਸ ਨੇ ਸਤਲੁਜ ਤੋਂ ਪੂਰਬ ਵੱਲ ਦੀਆਂ ਰਿਆਸਤਾਂ ਲਾਡਵਾ, ਬੂੜੀਆ ਤੇ ਥਾਨੇਸਰ ਦੇ ਰਾਜਿਆਂ ਅਤੇ ਬਾਕੀ ਸਿੱਖ ਸਰਦਾਰਾਂ ਨੂੰ ਆਪਣੇ ਨਾਲ ਗੰਢਣ ਦੀ ਵਿਉਂਤ ਬਣਾਈ। ਇਸ ਮਨੋਰਥ ਲਈ 3 ਮਈ 1809 ਨੂੰ ਇਤਲਾਹਨਾਮਾ ਜਾਰੀ ਕੀਤਾ ਗਿਆ, ਜੋ ਇਸ ਪ੍ਰਕਾਰ ਸੀ:
ਦਰਿਆ ਸਤਲੁਜ ਦੇ ਇਸ ਪਾਸੇ ਮਾਲਵਾ ਅਤੇ ਸਰਹਿੰਦ ਦੇ ਮੁਖੀਆਂ ਨੂੰ ਸੰਬੋਧਿਤ ਇਤਲਾਹਨਾਮਾ, 3 ਮਈ 1809
ਇਹ ਸੂਰਜ ਨਾਲੋਂ ਵੱਧ ਸਪਸ਼ਟ ਹੈ ਅਤੇ ਬੀਤੇ ਕੱਲ੍ਹ ਦੀ ਹੋਂਦ ਨਾਲੋਂ ਵੱਧ ਪ੍ਰਮਾਣਿਤ ਹੈ ਕਿ ਬਰਤਾਨਵੀ ਸੈਨਾ ਟੁਕੜੀਆਂ ਪੂਰੀ ਤਰ੍ਹਾਂ ਮੁਖੀਆਂ ਦੇ ਮਿੰਨਤ ਤਰਲਾ ਕਰਨ ਅਤੇ ਉਨ੍ਹਾਂ ਦੀ ਰਜ਼ਾਮੰਦੀ ਨਾਲ ਸਤਲੁਜ ਦੇ ਇਸ ਪਾਸੇ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਵਿੱਚ ਬਣੇ ਰਹਿਣ ਦੇਣ ਤੇ ਉਨ੍ਹਾਂ ਦੀ ਆਜ਼ਾਦੀ ਬਣਾਈ ਰੱਖਣ ਲਈ ਬਰਤਾਨਵੀਆਂ ਦੇ ਦੋਸਤਾਨਾ ਸੋਚ ਵਿਚਾਰ ਕਰਨ ਪਿੱਛੋਂ ਆਈਆਂ ਹਨ। ਗਵਰਨਰ ਜਨਰਲ-ਇਨ-ਕੌਂਸਲ ਦੇ ਹੁਕਮਾਂ ਦੀ ਲੋਅ ਵਿੱਚ ਬਰਤਾਨਵੀ ਸਰਕਾਰ ਵੱਲੋਂ ਮਿਸਟਰ ਮੈਟਕਾਫ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ 5 ਅਪ੍ਰੈਲ 1809 ਨੂੰ ਸੰਧੀ ਹੋਣ ਦੇ ਫਲਸਰੂਪ ਮੈਂ ਸਰਕਾਰ ਦੀ ਖੁਸ਼ੀ ਅਤੇ ਦ੍ਰਿੜਤਾ ਅਨੁਸਾਰ ਮਾਲਵਾ ਅਤੇ ਸਰਹਿੰਦ ਇਲਾਕੇ ਦੇ ਮੁਖੀਆਂ ਦੀ ਸੰਤੁਸ਼ਟੀ ਲਈ ਹੇਠ ਲਿਖੀਆਂ 7 ਧਾਰਾਵਾਂ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈਂਦਾ ਹਾਂ:
ਧਾਰਾ 1
ਮਾਲਵਾ ਅਤੇ ਸਰਹਿੰਦ ਇਲਾਕੇ ਦੇ ਮੁਖੀਆਂ ਵੱਲੋਂ ਬਰਤਾਨਵੀ ਸੁਰੱਖਿਆ ਅਧੀਨ ਆ ਜਾਣ ਕਾਰਨ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੰਧੀ ਦੀਆਂ ਸ਼ਰਤਾਂ ਅਨੁਸਾਰ ਭਵਿੱਖ ਵਿੱਚ ਇਸ ਇਲਾਕੇ ਨੂੰ ਉਸ ਦੀ ਅਮਲਦਾਰੀ ਅਤੇ ਨਿਯੰਤ੍ਰਣ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।
ਧਾਰਾ 2
ਇਸ ਤਰ੍ਹਾਂ ਸੁਰੱਖਿਆ ਅਧੀਨ ਲਏ ਗਏ ਮੁਖੀਆਂ ਦਾ ਇਲਾਕਾ ਬਰਤਾਨਵੀ ਸਰਕਾਰ ਨੂੰ ਆਰਥਿਕ ਕਰ ਦੀ ਅਦਾਇਗੀ ਤੋਂ ਮੁਕਤ ਹੋਵੇਗਾ।
ਧਾਰਾ 3
ਮੁਖੀਆਂ ਨੂੰ ਆਪਣੇ ਇਲਾਕਿਆਂ ਵਿੱਚ ਉਹ ਸਾਰੇ ਹੱਕ ਅਤੇ ਅਧਿਕਾਰ ਪ੍ਰਾਪਤ ਹੋਣਗੇ, ਜਿਹੜੇ ਉਹ ਬਰਤਾਨਵੀ ਸੁਰੱਖਿਆ ਹੇਠ ਆਉਣ ਤੋਂ ਪਹਿਲਾਂ ਮਾਣਦੇ ਸਨ।
ਧਾਰਾ 4
ਜਦ ਵੀ ਆਮ ਭਲਾਈ ਦੇ ਮਨੋਰਥ ਲਈ ਬਰਤਾਨਵੀ ਸੈਨਾ ਦਾ ਇਨ੍ਹਾਂ ਮੁਖੀਆਂ ਦੇ ਇਲਾਕੇ ਵਿੱਚ ਦੀ ਲੰਘਣਾ ਜ਼ਰੂਰੀ ਸਮਝਿਆ ਜਾਵੇਗਾ ਤਾਂ ਹਰ ਮੁਖੀ ਆਪੋ ਆਪਣੇ ਇਲਾਕੇ ਵਿੱਚ ਸਹਾਇਤਾ ਕਰਨ ਅਤੇ ਮੰਗੇ ਗਏ ਰਾਸ਼ਨ ਤੇ ਹੋਰ ਲੋੜਾਂ ਦੀ ਪੂਰਤੀ ਕਰਨ ਵਿੱਚ ਆਪਣੀ ਪੂਰੀ ਸਮਰਥਾ ਵਰਤੇਗਾ।
ਧਾਰਾ 5
ਜੇ ਕਦੀ ਇਸ ਇਲਾਕੇ ਨੂੰ ਜਿੱਤਣ ਲਈ ਕੋਈ ਦੁਸ਼ਮਣ ਕਿਸੇ ਵੀ ਪਾਸਿਓਂ ਆਵੇ ਤਾਂ ਮਿੱਤਰਤਾ ਅਤੇ ਸਾਂਝੇ ਹਿਤ ਮੰਗ ਕਰਦੇ ਹਨ ਕਿ ਮੁਖੀ ਆਪਣੀ ਸੈਨਿਕ ਸ਼ਕਤੀ ਨਾਲ ਬਰਤਾਨਵੀ ਸੈਨਾ ਨਾਲ ਖੜ੍ਹੇ ਹੋਣ ਅਤੇ ਜ਼ਬਤ ਤੇ ਅਗਿਆਕਾਰੀ ਦੀ ਪਾਲਣਾ ਕਰਦਿਆਂ ਦੁਸ਼ਮਣ ਨੂੰ ਬਾਹਰ ਕੱਢ ਦੇਣ ਵਾਸਤੇ ਪੂਰੀ ਟਿੱਲ ਲਾਉਣ।
ਧਾਰਾ 6
(ਬਰਤਾਨਵੀ) ਸੈਨਾ ਦੀ ਵਰਤੋਂ ਲਈ ਵਣਜਕਾਰਾਂ ਦੁਆਰਾ ਪੂਰਬੀ ਜ਼ਿਲਿਆਂ ਤੋਂ ਲਿਆਂਦੀ ਜਾਣ ਵਾਲੀ ਕੋਈ ਵੀ ਯੂਰਪੀ ਵਸਤੂ ਮੁਖੀਆਂ ਨਾਲ ਸੰਬੰਧਿਤ ਸਾਰੇ ਜ਼ਿਲਿਆਂ ਦੇ ਥਾਣੇਦਾਰਾਂ ਅਤੇ ਸਰਦਾਰਾਂ ਵੱਲੋਂ ਕਰ ਦੀ ਮੰਗ ਜਾਂ ਛੇੜਖਾਨੀ ਕੀਤੇ ਬਿਨਾਂ ਲੰਘਾਉਣ ਦੀ ਆਗਿਆ ਦਿੱਤੀ ਜਾਵੇਗੀ।
ਧਾਰਾ 7
(ਬਰਤਾਨਵੀ) ਰਸਾਲਿਆਂ ਦੀ ਵਰਤੋਂ ਵਾਸਤੇ ਸਰਹਿੰਦ ਜਾਂ ਹੋਰ ਕਿਧਰੋਂ ਖਰੀਦੇ ਘੋੜੇ, ਘੋੜੇ ਲਿਆਉਣ ਵਾਲੇ ਵੱਲੋਂ ਦਿੱਲੀ ਸਥਿਤ ਰੈਜ਼ੀਡੈਂਟ ਜਾਂ ਸਰਹਿੰਦ ਸਥਿਤ ਜਰਨੈਲ ਵੱਲੋਂ ਜਾਰੀ ਮੋਹਰਬੰਦ ਰਾਹਦਾਰੀ ਪੇਸ਼ ਕੀਤੇ ਜਾਣ ਉੱਤੇ ਸਾਰੇ ਸਰਦਾਰ ਅਜਿਹੇ ਘੋੜਿਆਂ ਨੂੰ ਕਰ ਦੀ ਮੰਗ ਜਾਂ ਛੇੜਖਾਨੀ ਕੀਤੇ ਬਿਨਾਂ ਲੰਘਾਉਣ ਦੀ ਆਗਿਆ ਦੇਣਗੇ।”
