ਤੇਲ ਦਾ ਖੇਲ: ਮੁਸੀਬਤ ਵੀ, ਲੋੜ ਵੀ!

ਵਿਚਾਰ-ਵਟਾਂਦਰਾ

*ਐਮਾਜ਼ਾਨ ਦੇ ਜੰਗਲਾਂ ਵਿੱਚ ਆਦਿਵਾਸੀ ਭਾਈਚਾਰਿਆਂ ਦੀ ਦੁਬਿਧਾ-ਵਾਤਾਵਰਨ ਬਚਾਈਏ ਜਾਂ ਬਿਹਤਰ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰੀਏ?
ਵਰਿੰਦਰ ਜੋਸ਼ੀ
ਕਲਪਨਾ ਕਰੋ ਕਿ ਤੁਹਾਡੇ ਪਿੰਡ ਵਿੱਚ ਪੀਣ ਲਈ ਸਾਫ਼ ਪਾਣੀ ਨਹੀਂ। ਬੱਚਿਆਂ ਨੂੰ ਚੰਗੇ ਸਕੂਲਾਂ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਮਾਰ ਹੋਣ ’ਤੇ ਹਸਪਤਾਲ ਦੂਰ ਹੈ, ਘਰਾਂ ਵਿੱਚ ਬਿਜਲੀ ਦੀ ਸਹੂਲਤ ਅਧੂਰੀ ਹੈ ਅਤੇ ਰੁਜ਼ਗਾਰ ਦੇ ਮੌਕੇ ਸੀਮਤ ਹਨ। ਅਜਿਹੇ ਵਿੱਚ ਇੱਕ ਤੇਲ ਕੰਪਨੀ ਤੁਹਾਡੇ ਇਲਾਕੇ ਵਿੱਚ ਆਉਂਦੀ ਹੈ। ਉਹ ਰੁਜ਼ਗਾਰ, ਮੁਆਵਜ਼ੇ, ਪਾਣੀ ਅਤੇ ਹੋਰ ਸਹੂਲਤਾਂ ਦੇਣ ਦੇ ਵਾਅਦੇ ਕਰਦੀ ਹੈ। ਪਰ ਉਸੇ ਕੰਪਨੀ ਦੇ ਕੰਮ ਨਾਲ਼ ਤੁਹਾਡੇ ਜੰਗਲ, ਦਰਿਆ ਅਤੇ ਜੀਵਨ ਦਾ ਆਧਾਰ ਬਣਿਆ ਕੁਦਰਤੀ ਵਾਤਾਵਰਨ ਖ਼ਤਰੇ ਵਿੱਚ ਪੈ ਸਕਦਾ ਹੈ। ਤੁਸੀਂ ਕੀ ਫ਼ੈਸਲਾ ਕਰੋਗੇ?

ਦੱਖਣੀ ਅਮਰੀਕਾ ਦੇ ਮੁਲਕ ਇਕਵਾਡੋਰ ਵਿੱਚ ਐਮਾਜ਼ਾਨ ਦੇ ਜੰਗਲਾਂ ਨਾਲ਼ ਜੁੜੇ ਕੁਇਚੁਆ ਆਦਿਵਾਸੀ ਭਾਈਚਾਰਿਆਂ ਦੀ ਜ਼ਿੰਦਗੀ ਵਿੱਚ ਇਹ ਸਵਾਲ ਕੋਈ ਕਲਪਨਾ ਨਹੀਂ, ਸਗੋਂ ਰੋਜ਼ਾਨਾ ਦਾ ਯਥਾਰਥ ਹੈ। ਉਨ੍ਹਾਂ ਸਾਹਮਣੇ ਤੇਲ ਕੱਢਣ ਵਾਲੀਆਂ ਕੰਪਨੀਆਂ ਦਾ ਵਿਰੋਧ ਕਰਨ ਅਤੇ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿਚਕਾਰ ਇੱਕ ਔਖੀ ਚੋਣ ਖੜ੍ਹੀ ਹੈ। ਜਿਓਫੋਰਮ ਵਰਗੇ ਵਿਗਿਆਨਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਖੋਜ ਇਸ ਦੁਬਿਧਾ ਦੇ ਸਮਾਜਿਕ, ਆਰਥਿਕ ਅਤੇ ਵਾਤਾਵਰਨੀ ਪੱਖਾਂ ਨੂੰ ਸਾਹਮਣੇ ਲਿਆਉਂਦੀ ਹੈ।
ਐਮਾਜ਼ਾਨ ਦੇ ਜੰਗਲ ਧਰਤੀ ਦੇ ਸਭ ਤੋਂ ਅਮੀਰ ਜੈਵਿਕ ਵੰਨ-ਸੁਵੰਨਤਾ ਵਾਲੇ ਖੇਤਰਾਂ ਵਿੱਚੋਂ ਹਨ। ਇੱਥੇ ਹਜ਼ਾਰਾਂ ਕਿਸਮਾਂ ਦੇ ਪੌਦੇ, ਪੰਛੀ, ਕੀੜੇ-ਮਕੌੜੇ ਅਤੇ ਜਾਨਵਰ ਰਹਿੰਦੇ ਹਨ। ਅਣਗਿਣਤ ਦਰਿਆਵਾਂ ਅਤੇ ਨਦੀਆਂ ਦਾ ਇਹ ਜਾਲ ਸਥਾਨਕ ਭਾਈਚਾਰਿਆਂ ਦੀ ਖ਼ੁਰਾਕ, ਆਵਾਜਾਈ ਅਤੇ ਰੋਜ਼ੀ-ਰੋਟੀ ਦਾ ਆਧਾਰ ਹੈ। ਜੰਗਲ ਕਾਰਬਨ ਨੂੰ ਆਪਣੇ ਅੰਦਰ ਸਮੋਅ ਕੇ ਰੱਖਣ ਅਤੇ ਧਰਤੀ ਦੇ ਜਲਵਾਯੂ ਨੂੰ ਸੰਤੁਲਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਪਰ ਇਸ ਕੁਦਰਤੀ ਦੌਲਤ ਦੇ ਹੇਠਾਂ ਤੇਲ ਦੇ ਵੱਡੇ ਭੰਡਾਰ ਵੀ ਮੌਜੂਦ ਹਨ। ਇਕਵਾਡੋਰ ਦੇ ਯਾਸੁਨੀ ਨੈਸ਼ਨਲ ਪਾਰਕ ਵਿੱਚ ਸਥਿਤ ਇਸ਼ਪਿੰਗੋ-ਤਾਂਬੋਕੋਚਾ-ਤਿਪੁਤੀਨੀ (ਆਈ.ਟੀ.ਟੀ.) ਤੇਲ ਖੇਤਰ ਇਸ ਟਕਰਾਅ ਦਾ ਪ੍ਰਤੀਕ ਬਣ ਗਿਆ ਹੈ। ਜਿੱਥੇ ਵਾਤਾਵਰਨ ਦੀ ਰਾਖੀ ਕਰਨ ਵਾਲੇ ਲੋਕ ਇਸ ਖੇਤਰ ਨੂੰ ਕੁਦਰਤੀ ਵਿਰਾਸਤ ਮੰਨਦੇ ਹਨ, ਉੱਥੇ ਤੇਲ ਕੱਢਣ ਦੀ ਹਮਾਇਤ ਕਰਨ ਵਾਲਿਆਂ ਲਈ ਇਹ ਮੁਲਕ ਦੀ ਆਰਥਿਕ ਆਮਦਨ ਦਾ ਇੱਕ ਮਹੱਤਵਪੂਰਨ ਸਰੋਤ ਹੈ।
ਤੇਲ ਦੀ ਖੋਜ ਅਤੇ ਨਿਕਾਸੀ ਨਾਲ਼ ਜੰਗਲਾਂ ਵਿੱਚ ਮਨੁੱਖੀ ਦਖ਼ਲ ਵਧਦਾ ਹੈ। ਸੜਕਾਂ, ਪਾਈਪ-ਲਾਈਨਾਂ ਅਤੇ ਹੋਰ ਢਾਂਚਾ ਬਣਾਉਣ ਨਾਲ਼ ਜੰਗਲੀ ਜੀਵਾਂ ਦੇ ਕੁਦਰਤੀ ਵਾਸਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਤੇਲ ਦਾ ਰਿਸਾਅ ਅਤੇ ਉਦਯੋਗਿਕ ਗੰਦਗੀ ਦਰਿਆਵਾਂ ਤੇ ਮਿੱਟੀ ਨੂੰ ਦੂਸ਼ਿਤ ਕਰ ਸਕਦੇ ਹਨ। ਇਸ ਦਾ ਅਸਰ ਉਨ੍ਹਾਂ ਲੋਕਾਂ ਉੱਤੇ ਵੀ ਪੈਂਦਾ ਹੈ, ਜਿਨ੍ਹਾਂ ਦੀ ਜ਼ਿੰਦਗੀ ਮੱਛੀਆਂ ਫੜਨ, ਖੇਤੀਬਾੜੀ ਅਤੇ ਜੰਗਲ ਤੋਂ ਮਿਲਣ ਵਾਲੇ ਕੁਦਰਤੀ ਸਾਧਨਾਂ ਉੱਤੇ ਨਿਰਭਰ ਹੈ।
ਤੇਲ ਕੰਪਨੀ ਆਉਂਦੀ ਹੈ ਤਾਂ ਉਮੀਦਾਂ ਵੀ ਆਉਂਦੀਆਂ ਹਨ
ਇਸ ਕਹਾਣੀ ਦਾ ਸਭ ਤੋਂ ਗੁੰਝਲਦਾਰ ਪੱਖ ਇਹ ਹੈ ਕਿ ਸਥਾਨਕ ਆਦਿਵਾਸੀ ਭਾਈਚਾਰਿਆਂ ਦੇ ਕੁਝ ਹਿੱਸੇ ਤੇਲ ਪ੍ਰਾਜੈਕਟਾਂ ਦੇ ਵਿਰੋਧੀ ਨਹੀਂ ਹਨ। ਇਸ ਦਾ ਇਹ ਮਤਲਬ ਨਹੀਂ ਕਿ ਉਹ ਆਪਣੇ ਜੰਗਲਾਂ ਜਾਂ ਦਰਿਆਵਾਂ ਦੀ ਪਰਵਾਹ ਨਹੀਂ ਕਰਦੇ। ਇਸ ਦੇ ਪਿੱਛੇ ਉਨ੍ਹਾਂ ਦੀਆਂ ਜ਼ਿੰਦਗੀ ਨਾਲ਼ ਜੁੜੀਆਂ ਲੋੜਾਂ ਅਤੇ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਅਣਦੇਖੀ ਹੈ।
ਜਦੋਂ ਕਿਸੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ, ਬੱਚਿਆਂ ਲਈ ਚੰਗਾ ਸਕੂਲ ਨਹੀਂ ਅਤੇ ਬਿਮਾਰਾਂ ਲਈ ਢੁੱਕਵਾਂ ਇਲਾਜ ਨਹੀਂ, ਤਾਂ ਰੁਜ਼ਗਾਰ ਅਤੇ ਮੁਆਵਜ਼ੇ ਦਾ ਵਾਅਦਾ ਆਕਰਸ਼ਕ ਲੱਗ ਸਕਦਾ ਹੈ। ਤੇਲ ਕੰਪਨੀਆਂ ਦੇ ਆਉਣ ਨਾਲ਼ ਕੁਝ ਲੋਕਾਂ ਨੂੰ ਕੰਮ ਮਿਲਣ, ਨਕਦ ਆਮਦਨ ਵਧਣ ਅਤੇ ਸਥਾਨਕ ਸਹੂਲਤਾਂ ਵਿੱਚ ਸੁਧਾਰ ਦੀ ਉਮੀਦ ਹੁੰਦੀ ਹੈ। ਕਿਸੇ ਪਰਿਵਾਰ ਲਈ ਇਹ ਮੌਕਾ ਬੱਚੇ ਦੀ ਪੜ੍ਹਾਈ, ਘਰ ਦੀ ਮੁਰੰਮਤ ਜਾਂ ਬਿਮਾਰ ਮੈਂਬਰ ਦੇ ਇਲਾਜ ਦਾ ਸਾਧਨ ਬਣ ਸਕਦਾ ਹੈ।
ਇਸੇ ਲਈ ਜਦੋਂ ਕਿਸੇ ਭਾਈਚਾਰੇ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਤੇਲ ਪ੍ਰਾਜੈਕਟ ਦਾ ਵਿਰੋਧ ਕਰੇਗਾ ਜਾਂ ਹਮਾਇਤ, ਤਾਂ ਇਹ ਸਵਾਲ ਉਨ੍ਹਾਂ ਲਈ ਸੌਖਾ ਨਹੀਂ ਹੁੰਦਾ। ਜੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਸਰਕਾਰਾਂ ਨਾਕਾਮ ਰਹੀਆਂ ਹੋਣ, ਤਾਂ ਕੰਪਨੀ ਵੱਲੋਂ ਕੀਤੇ ਵਾਅਦੇ ਉਨ੍ਹਾਂ ਨੂੰ ਇੱਕ ਵਿਕਲਪ ਵਾਂਗ ਦਿਖਾਈ ਦੇ ਸਕਦੇ ਹਨ।
ਦਰਿਆ ਦੇ ਪ੍ਰਦੂਸ਼ਣ ਦਾ ਅਜੀਬ ਵਿਰੋਧਾਭਾਸ
ਨਾਪੋ ਦਰਿਆ ਦੇ ਆਲੇ-ਦੁਆਲੇ ਵੱਸਦੇ ਭਾਈਚਾਰਿਆਂ ਦੀ ਸਥਿਤੀ ਇਸ ਦੁਬਿਧਾ ਨੂੰ ਹੋਰ ਡੂੰਘਾ ਕਰਦੀ ਹੈ। ਤੇਲ ਦੀਆਂ ਸਰਗਰਮੀਆਂ ਨਾਲ਼ ਜੁੜੇ ਪ੍ਰਦੂਸ਼ਣ ਦਾ ਖ਼ਤਰਾ ਉਨ੍ਹਾਂ ਇਲਾਕਿਆਂ ਤੱਕ ਵੀ ਪਹੁੰਚ ਸਕਦਾ ਹੈ, ਜਿੱਥੇ ਸਿੱਧੇ ਤੌਰ ’ਤੇ ਤੇਲ ਕੱਢਣ ਦਾ ਕੰਮ ਨਹੀਂ ਚੱਲ ਰਿਹਾ, ਪਰ ਮੁਆਵਜ਼ੇ ਅਤੇ ਕੰਪਨੀ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਅਕਸਰ ਉਨ੍ਹਾਂ ਪਿੰਡਾਂ ਤੱਕ ਵੱਧ ਸੀਮਤ ਰਹਿੰਦੀਆਂ ਹਨ, ਜਿਨ੍ਹਾਂ ਦੀ ਜ਼ਮੀਨ ਪ੍ਰਾਜੈਕਟ ਦੇ ਸਿੱਧੇ ਦਾਇਰੇ ਵਿੱਚ ਆਉਂਦੀ ਹੈ।
ਇਸ ਤਰ੍ਹਾਂ ਨੁਕਸਾਨ ਇੱਕ ਵੱਡੇ ਖੇਤਰ ਵਿੱਚ ਫੈਲ ਸਕਦਾ ਹੈ, ਪਰ ਲਾਭ ਕੁਝ ਖ਼ਾਸ ਥਾਵਾਂ ਤੱਕ ਸਿਮਟ ਸਕਦੇ ਹਨ। ਕੁਝ ਭਾਈਚਾਰਿਆਂ ਵੱਲੋਂ ਤੇਲ ਕੰਪਨੀਆਂ ਤੋਂ ਸਭ ਤੋਂ ਪਹਿਲਾਂ ਸਾਫ਼ ਪੀਣ ਵਾਲਾ ਪਾਣੀ ਮੰਗਣਾ ਇਸ ਸਥਿਤੀ ਦਾ ਪ੍ਰਤੀਕ ਹੈ। ਜਿਸ ਉਦਯੋਗ ਤੋਂ ਪਾਣੀ ਦੇ ਦੂਸ਼ਿਤ ਹੋਣ ਦਾ ਡਰ ਹੈ, ਉਸੇ ਤੋਂ ਲੋਕ ਸਾਫ਼ ਪਾਣੀ ਦੀ ਮੰਗ ਕਰ ਰਹੇ ਹਨ।
ਇਹ ਸਿਰਫ਼ ਇੱਕ ਤ੍ਰਾਸਦੀ ਨਹੀਂ, ਸਗੋਂ ਵਿਕਾਸ ਦੀ ਉਸ ਵਿਵਸਥਾ ਬਾਰੇ ਵੀ ਸਵਾਲ ਹੈ, ਜਿਸ ਵਿੱਚ ਲੋਕਾਂ ਨੂੰ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਉਸੇ ਉਦਯੋਗ ਉੱਤੇ ਨਿਰਭਰ ਹੋਣਾ ਪੈ ਸਕਦਾ ਹੈ, ਜਿਸ ਦੀਆਂ ਸਰਗਰਮੀਆਂ ਉਨ੍ਹਾਂ ਦੇ ਵਾਤਾਵਰਨ ਲਈ ਖ਼ਤਰਾ ਬਣਦੀਆਂ ਹਨ।
ਯਾਸੁਨੀ ਪਹਿਲ: ਦੁਨੀਆ ਸਾਹਮਣੇ ਰੱਖਿਆ ਗਿਆ ਇੱਕ ਸਵਾਲ
ਇਕਵਾਡੋਰ ਨੇ 2007 ਵਿੱਚ ਯਾਸੁਨੀ-ਆਈ.ਟੀ.ਟੀ. ਪਹਿਲ ਰਾਹੀਂ ਦੁਨੀਆ ਸਾਹਮਣੇ ਇੱਕ ਵੱਖਰਾ ਰਾਹ ਪੇਸ਼ ਕੀਤਾ ਸੀ। ਪ੍ਰਸਤਾਵ ਸੀ ਕਿ ਯਾਸੁਨੀ ਦੇ ਤੇਲ ਭੰਡਾਰਾਂ ਨੂੰ ਧਰਤੀ ਹੇਠਾਂ ਹੀ ਛੱਡ ਦਿੱਤਾ ਜਾਵੇ ਅਤੇ ਇਸ ਦੇ ਬਦਲੇ ਕੌਮਾਂਤਰੀ ਭਾਈਚਾਰਾ ਇਕਵਾਡੋਰ ਨੂੰ 3.6 ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇਵੇ।
ਇਸ ਪਹਿਲ ਦਾ ਮਕਸਦ ਸਿਰਫ਼ ਤੇਲ ਕੱਢਣ ਤੋਂ ਰੋਕਣਾ ਨਹੀਂ ਸੀ। ਇਸ ਨਾਲ਼ ਜੈਵਿਕ ਵੰਨ-ਸੁਵੰਨਤਾ ਦੀ ਰਾਖੀ, ਆਦਿਵਾਸੀ ਭਾਈਚਾਰਿਆਂ ਦੇ ਜੀਵਨ ਅਤੇ ਇਲਾਕੇ ਦੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਵੀ ਜੁੜੀ ਹੋਈ ਸੀ। ਅੰਦਾਜ਼ਾ ਸੀ ਕਿ ਤੇਲ ਨੂੰ ਧਰਤੀ ਹੇਠਾਂ ਛੱਡਣ ਨਾਲ਼ ਇਸ ਨੂੰ ਸਾੜਨ ਤੋਂ ਪੈਦਾ ਹੋਣ ਵਾਲੀਆਂ ਲਗਭਗ 40.7 ਕਰੋੜ ਮੀਟ੍ਰਿਕ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਤੋਂ ਬਚਿਆ ਜਾ ਸਕਦਾ ਸੀ।
ਪਰ ਇਸ ਯੋਜਨਾ ਨੂੰ ਲੋੜੀਂਦੀ ਕੌਮਾਂਤਰੀ ਮਦਦ ਨਹੀਂ ਮਿਲੀ। 2013 ਵਿੱਚ ਇਕਵਾਡੋਰ ਦੀ ਸਰਕਾਰ ਨੇ ਪਹਿਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਅਤੇ 2016 ਵਿੱਚ ਆਈ.ਟੀ.ਟੀ. ਖੇਤਰ ਵਿੱਚ ਤੇਲ ਕੱਢਣ ਦਾ ਕੰਮ ਸ਼ੁਰੂ ਹੋ ਗਿਆ। ਇਹ ਘਟਨਾ ਇਸ ਸਵਾਲ ਨੂੰ ਜਨਮ ਦਿੰਦੀ ਹੈ ਕਿ ਕੀ ਦੁਨੀਆ ਦੇ ਅਮੀਰ ਮੁਲਕ ਵਾਤਾਵਰਨ ਬਚਾਉਣ ਦੀ ਜ਼ਿੰਮੇਵਾਰੀ ਸਿਰਫ਼ ਉਨ੍ਹਾਂ ਮੁਲਕਾਂ ਉੱਤੇ ਛੱਡ ਸਕਦੇ ਹਨ, ਜਿਨ੍ਹਾਂ ਦੀ ਆਰਥਿਕਤਾ ਕੁਦਰਤੀ ਸਰੋਤਾਂ ਦੀ ਵਿਕਰੀ ਉੱਤੇ ਨਿਰਭਰ ਹੈ?
ਜਨਤਾ ਨੇ ਕਿਹਾ- ਤੇਲ ਧਰਤੀ ਹੇਠਾਂ ਹੀ ਰਹਿਣ ਦਿਓ
ਯਾਸੁਨੀ ਦੇ ਜੰਗਲਾਂ ਦੀ ਰਾਖੀ ਲਈ ਨੌਜਵਾਨਾਂ ਅਤੇ ਵਾਤਾਵਰਨ ਕਾਰਕੁਨਾਂ ਦੀ ਅਗਵਾਈ ਹੇਠ ‘ਯਾਸੁਨੀਦੋਸ’ ਅੰਦੋਲਨ ਨੇ ਵੀ ਅਹਿਮ ਭੂਮਿਕਾ ਨਿਭਾਈ। ਇਸ ਸੰਘਰਸ਼ ਦਾ ਇੱਕ ਵੱਡਾ ਪੜਾਅ ਅਗਸਤ 2023 ਵਿੱਚ ਆਇਆ, ਜਦੋਂ ਇਕਵਾਡੋਰ ਵਿੱਚ ਹੋਏ ਕੌਮੀ ਜਨਮਤ ਸੰਗ੍ਰਹਿ ਦੌਰਾਨ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਆਈ.ਟੀ.ਟੀ. ਖੇਤਰ ਦਾ ਤੇਲ ਧਰਤੀ ਹੇਠਾਂ ਹੀ ਛੱਡ ਦਿੱਤਾ ਜਾਣਾ ਚਾਹੀਦਾ ਹੈ।
ਇਕਵਾਡੋਰ ਦੇ ਕੌਮੀ ਚੋਣ ਕੌਂਸਲ ਦੇ ਅੰਤਿਮ ਨਤੀਜਿਆਂ ਅਨੁਸਾਰ 58.95 ਫ਼ੀਸਦੀ ਵੋਟਾਂ ਇਸ ਪ੍ਰਸਤਾਵ ਦੇ ਹੱਕ ਵਿੱਚ ਪਈਆਂ, ਜਦਕਿ 41.05 ਫ਼ੀਸਦੀ ਵੋਟਰਾਂ ਨੇ ਇਸ ਦਾ ਵਿਰੋਧ ਕੀਤਾ। ਇਹ ਨਤੀਜਾ ਵਾਤਾਵਰਨ ਦੀ ਰਾਖੀ ਲਈ ਜਨਤਕ ਹਮਾਇਤ ਦਾ ਇੱਕ ਮਹੱਤਵਪੂਰਨ ਪ੍ਰਗਟਾਵਾ ਸੀ।
ਪਰ ਕੌਮੀ ਪੱਧਰ ’ਤੇ ਤੇਲ ਕੱਢਣ ਦੇ ਵਿਰੋਧ ਦਾ ਮਤਲਬ ਇਹ ਨਹੀਂ ਸੀ ਕਿ ਸਾਰੇ ਸਥਾਨਕ ਭਾਈਚਾਰੇ ਵੀ ਇਸੇ ਨਤੀਜੇ ’ਤੇ ਪਹੁੰਚ ਗਏ ਸਨ। ਨਾਪੋ ਦਰਿਆ ਦੇ ਕੰਢੇ ਵੱਸਦੇ ਕੁਝ ਕੁਇਚੁਆ ਭਾਈਚਾਰਿਆਂ ਵਿੱਚ ਤੇਲ ਪ੍ਰਾਜੈਕਟਾਂ ਤੋਂ ਮਿਲਣ ਵਾਲੇ ਰੁਜ਼ਗਾਰ, ਮੁਆਵਜ਼ੇ ਅਤੇ ਸਹੂਲਤਾਂ ਦੀ ਆਸ ਕਾਇਮ ਰਹੀ। ਇਹ ਫ਼ਰਕ ਦਿਖਾਉਂਦਾ ਹੈ ਕਿ ਇੱਕੋ ਮਸਲੇ ਨੂੰ ਵੱਖ-ਵੱਖ ਲੋਕ ਆਪਣੀਆਂ ਸਥਿਤੀਆਂ ਦੇ ਆਧਾਰ ’ਤੇ ਕਿਵੇਂ ਦੇਖਦੇ ਹਨ।
ਅਸਲ ਚੋਣ ਕਿਹੜੀ ਹੈ?
ਐਮਾਜ਼ਾਨ ਦੀ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਗ਼ਰੀਬੀ ਅਤੇ ਵਾਤਾਵਰਨ ਦੀ ਰਾਖੀ ਨੂੰ ਇੱਕ-ਦੂਜੇ ਦੇ ਵਿਰੋਧ ਵਿੱਚ ਖੜ੍ਹਾ ਕਰਨਾ ਨਿਆਂ ਪੂਰਨ ਹੱਲ ਨਹੀਂ। ਜੇ ਲੋਕਾਂ ਨੂੰ ਸਾਫ਼ ਪਾਣੀ, ਸਿੱਖਿਆ, ਸਿਹਤ ਸੇਵਾਵਾਂ ਅਤੇ ਰੁਜ਼ਗਾਰ ਦੇ ਬਦਲਵੇਂ ਮੌਕੇ ਮਿਲਣ, ਤਾਂ ਉਨ੍ਹਾਂ ਲਈ ਕੁਦਰਤੀ ਵਿਰਾਸਤ ਦੀ ਰਾਖੀ ਦਾ ਫ਼ੈਸਲਾ ਕਰਨਾ ਵਧੇਰੇ ਸੰਭਵ ਹੋ ਸਕਦਾ ਹੈ।
ਇਸ ਲਈ ਇਕਵਾਡੋਰ ਦੀ ਸਰਕਾਰ ਦੀ ਜ਼ਿੰਮੇਵਾਰੀ ਸਿਰਫ਼ ਤੇਲ ਤੋਂ ਆਮਦਨ ਹਾਸਲ ਕਰਨਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਵੀ ਹੈ ਕਿ ਆਦਿਵਾਸੀ ਲੋਕਾਂ ਦੇ ਹੱਕਾਂ, ਉਨ੍ਹਾਂ ਦੀ ਸਹਿਮਤੀ ਅਤੇ ਉਨ੍ਹਾਂ ਦੇ ਜੀਵਨ-ਆਧਾਰ ਦੀ ਰਾਖੀ ਹੋਵੇ। ਦੂਜੇ ਪਾਸੇ, ਅਮੀਰ ਮੁਲਕਾਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਜਲਵਾਯੂ ਸੰਕਟ ਨਾਲ਼ ਨਜਿੱਠਣ ਲਈ ਸਿਰਫ਼ ਭਾਸ਼ਣ ਕਾਫ਼ੀ ਨਹੀਂ; ਆਰਥਿਕ ਸਹਿਯੋਗ ਅਤੇ ਬਦਲਵੇਂ ਵਿਕਾਸ ਲਈ ਸਰੋਤ ਵੀ ਦੇਣੇ ਪੈਣਗੇ।
ਐਮਾਜ਼ਾਨ ਦੇ ਜੰਗਲਾਂ ਵਿੱਚ ਤੇਲ ਦੀ ਕਹਾਣੀ ਇਸ ਲਈ ਮਹੱਤਵਪੂਰਨ ਹੈ ਕਿ ਇੱਥੇ ਟਕਰਾਅ ਸਿਰਫ਼ ਕੁਦਰਤ ਅਤੇ ਉਦਯੋਗ ਵਿਚਕਾਰ ਨਹੀਂ। ਇਹ ਉਸ ਵਿਵਸਥਾ ਦਾ ਸਵਾਲ ਹੈ, ਜਿਸ ਵਿੱਚ ਇੱਕ ਭਾਈਚਾਰੇ ਨੂੰ ਬਿਹਤਰ ਜ਼ਿੰਦਗੀ ਦੀ ਉਮੀਦ ਅਤੇ ਆਪਣੇ ਵਾਤਾਵਰਨ ਦੀ ਸੁਰੱਖਿਆ ਵਿਚਕਾਰ ਚੋਣ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਅਸਲ ਵਿਕਾਸ ਉਹ ਹੋਵੇਗਾ, ਜਿਸ ਵਿੱਚ ਲੋਕਾਂ ਨੂੰ ਸਾਫ਼ ਪਾਣੀ ਅਤੇ ਚੰਗੇ ਸਕੂਲ ਲੈਣ ਲਈ ਆਪਣੇ ਜੰਗਲ ਦੀ ਕੁਰਬਾਨੀ ਨਾ ਦੇਣੀ ਪਵੇ।

Leave a Reply

Your email address will not be published. Required fields are marked *