(ਇਹ ਲੇਖ ‘ਲਵ ਜਿਹਾਦ’ ਦੇ ਨਾਮ ‘ਤੇ ਹੋ ਰਹੀਆਂ ਜ਼ਿਆਦਤੀਆਂ ਨੂੰ ਦਰਜ ਕਰਨ ਵਾਲੇ ਚਾਰ ਲੇਖਾਂ ਦੀ ਲੜੀ ਦਾ ਚੌਥਾ ਅਤੇ ਆਖ਼ਰੀ ਹਿੱਸਾ ਹੈ, ਪਹਿਲੇ ਤਿੰਨ ਹਿੱਸੇ ਪੜ੍ਹਨ ਲਈ ‘ਪੰਜਾਬੀ ਪਰਵਾਜ਼’ ਦੇ ਪਿਛਲੇ ਅੰਕ ਦੇਖੋ)
ਹਰਸ਼ ਮੰਦਰ
(ਸਮਾਜਕ ਕਾਰਕੁਨ)
ਇਹ ਧਾਰਨਾ ਕਿ ਔਰਤਾਂ ਪਰਿਵਾਰ ਅਤੇ ਭਾਈਚਾਰੇ ਦੀ ‘ਇੱਜ਼ਤ’ ਦਾ ਪ੍ਰਤੀਕ ਹਨ; ਕਿ ਮਰਦਾਂ ਦਾ ਉਨ੍ਹਾਂ ਦੇ ਸਰੀਰ, ਉਨ੍ਹਾਂ ਦੀ ਚੋਣ ਅਤੇ ਉਨ੍ਹਾਂ ਦੀ ਜ਼ਿੰਦਗੀ ਉੱਤੇ ਹੱਕ ਹੈ; ਅਤੇ ਇਹ ਕਿ ‘ਬਾਹਰਲੇ’ ਮਰਦ ਹਮੇਸ਼ਾ ਖ਼ਤਰਨਾਕ ਯੌਨ ਸ਼ਿਕਾਰੀ ਹੁੰਦੇ ਹਨ-ਇਨ੍ਹਾਂ ਸਾਰੀਆਂ ਔਰਤ-ਵਿਰੋਧੀ ਧਾਰਨਾਵਾਂ ਦਾ ਸਭ ਤੋਂ ਭਿਆਨਕ ਰੂਪ ‘ਆਨਰ ਕਿਲਿੰਗ’ ਜਾਂ ਇੱਜ਼ਤ ਦੇ ਨਾਮ ‘ਤੇ ਕਤਲ ਵਿੱਚ ਸਾਹਮਣੇ ਆਉਂਦਾ ਹੈ।
ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਆਨਰ ਕਿਲਿੰਗ ਨੂੰ ਕਿਸੇ ਅਜਿਹੀ ਔਰਤ ਜਾਂ ਰਿਸ਼ਤੇਦਾਰ ਦੀ ਹੱਤਿਆ ਵਜੋਂ ਪਰਿਭਾਸ਼ਿਤ ਕਰਦੀ ਹੈ, ਜਿਸ ਬਾਰੇ ਇਹ ਮੰਨਿਆ ਜਾਂਦਾ ਹੋਵੇ ਕਿ ਉਸ ਨੇ ਪਰਿਵਾਰ ਦੀ ਇੱਜ਼ਤ ਨੂੰ ਠੇਸ ਪਹੁੰਚਾਈ ਹੈ। ਜਦੋਂ ਕੋਈ ਔਰਤ ਆਪਣੀ ਜਾਤ ਜਾਂ ਧਰਮ ਤੋਂ ਬਾਹਰ ਕਿਸੇ ਮਰਦ ਨਾਲ ਪਿਆਰ ਕਰਦੀ ਹੈ ਅਤੇ ਉਸ ਨਾਲ ਵਿਆਹ ਕਰਨ ਦਾ ਫ਼ੈਸਲਾ ਲੈਂਦੀ ਹੈ, ਤਾਂ ਅਕਸਰ ਉਸ ਦੇ ਆਪਣੇ ਪਿਤਾ, ਭਰਾ ਜਾਂ ਹੋਰ ਮਰਦ ਰਿਸ਼ਤੇਦਾਰ ਉਸ ਦੀ ਅਤੇ ਕਈ ਵਾਰ ਉਸ ਦੇ ਜੀਵਨ-ਸਾਥੀ ਦੀ ਵੀ ਹੱਤਿਆ ਕਰ ਦਿੰਦੇ ਹਨ।
ਅਜਿਹੀਆਂ ਹੱਤਿਆਵਾਂ ਦੀ ਅਸਲ ਗਿਣਤੀ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਭਾਰਤ ਵਿੱਚ ਸਰਕਾਰੀ ਅੰਕੜੇ ਜਾਰੀ ਤਾਂ ਕੀਤੇ ਜਾਂਦੇ ਹਨ, ਪਰ ਉਹ ਹਕੀਕਤ ਦਾ ਪੂਰਾ ਚਿੱਤਰ ਪੇਸ਼ ਨਹੀਂ ਕਰਦੇ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਇਹ ਮਾਮਲੇ ਝਾਰਖੰਡ, ਹਰਿਆਣਾ, ਮੱਧ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਛੱਤੀਸਗੜ੍ਹ ਅਤੇ ਕਰਨਾਟਕ ਵਿੱਚ ਵੱਧ ਸਾਹਮਣੇ ਆਉਂਦੇ ਹਨ।
ਸਾਲ 2025 ਦੌਰਾਨ ਵਾਪਰੀਆਂ ਕਈ ਘਟਨਾਵਾਂ ਇਸ ਕਠੋਰ ਸੱਚਾਈ ਦੀ ਗਵਾਹੀ ਦਿੰਦੀਆਂ ਹਨ। ਗੁਜਰਾਤ ਦੇ ਅਮਰੇਲੀ ਵਿੱਚ ਇੱਕ ਮੁਸਲਿਮ ਕਿਸਾਨ ਨੇ ਆਪਣੀ ਧੀ ਦਾ ਗਲ਼ਾ ਸਿਰਹਾਣੇ ਨਾਲ਼ ਘੁੱਟਿਆ ਤੇ ਉਸ ਨੂੰ ਮਾਰ ਦਿੱਤਾ, ਕਿਉਂਕਿ ਉਹ ਇੱਕ ਹਿੰਦੂ ਨੌਜਵਾਨ ਨਾਲ ਪਿਆਰ ਕਰਦੀ ਸੀ। ਹਰਦੋਈ ਵਿੱਚ ਇੱਕ ਬ੍ਰਾਹਮਣ ਔਰਤ ਨੂੰ ਉਸ ਦੇ ਸਰੀਰਕ ਤੌਰ ‘ਤੇ ਅਪਾਹਜ ਭਰਾ ਨੇ ਗੋਲੀ ਮਾਰ ਦਿੱਤੀ, ਕਿਉਂਕਿ ਉਸ ਨੇ ਜਾਤ ਤੋਂ ਬਾਹਰ ਵਿਆਹ ਕੀਤਾ ਸੀ। ਝਾਰਖੰਡ ਦੇ ਦੁਮਕਾ ਵਿੱਚ ਸਤਾਰਾਂ ਸਾਲ ਦੀ ਲੜਕੀ ਨੂੰ ਉਸ ਦੇ ਪਿਤਾ ਨੇ ਆਪਣੇ ਭਤੀਜਿਆਂ ਨਾਲ ਮਿਲ ਕੇ ਕਤਲ ਕਰ ਦਿੱਤਾ, ਕਿਉਂਕਿ ਉਸ ਨੂੰ ਦੂਜੀ ਜਾਤ ਦੇ ਨੌਜਵਾਨ ਨਾਲ ਪਿਆਰ ਸੀ। ਹਰਿਆਣਾ ਦੇ ਰੋਹਤਕ ਵਿੱਚ ਇੱਕ ਭਰਾ ਨੇ ਆਪਣੀ ਭੈਣ ਨੂੰ ਗੋਲੀ ਮਾਰ ਦਿੱਤੀ, ਕਿਉਂਕਿ ਉਸ ਨੇ ਪਰਿਵਾਰ ਦੀ ਇੱਛਾ ਦੇ ਵਿਰੁੱਧ ਇੱਕ ਆਟੋ-ਰਿਕਸ਼ਾ ਚਾਲਕ ਨਾਲ ਵਿਆਹ ਕਰ ਲਿਆ ਸੀ।
ਕਰਨਾਟਕ ਵਿੱਚ ਛੇ ਮਹੀਨੇ ਦੀ ਗਰਭਵਤੀ ਔਰਤ ਨੂੰ ਉਸ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਤੇਲੰਗਾਨਾ ਵਿੱਚ ਇੱਕ ਪਿਤਾ ਨੇ ਪਹਿਲਾਂ ਧੀ ਨੂੰ ਜ਼ਹਿਰ ਪਿਲਾਇਆ, ਫਿਰ ਉਸ ਦਾ ਗਲ਼ਾ ਘੁੱਟ ਦਿੱਤਾ। ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਉੱਚ ਜਾਤੀ ਦੀ ਨੌਜਵਾਨ ਕੁੜੀ ਦੇ ਦਲਿਤ ਨੌਜਵਾਨ ਸਮਰੱਥ ਤਾਤੇ ਨਾਲ ਪਿਆਰ ਦੀ ਕੀਮਤ ਉਸ ਨੌਜਵਾਨ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਲੜਕੀ ਦੇ ਭਰਾ ਨੇ ਪਹਿਲਾਂ ਉਸ ਨੂੰ ਬੇਰਹਿਮੀ ਨਾਲ ਕੁੱਟਿਆ, ਫਿਰ ਗੋਲੀ ਮਾਰੀ ਅਤੇ ਅੰਤ ਵਿੱਚ ਉਸ ਦਾ ਸਿਰ ਪੱਥਰ ਨਾਲ ਕੁਚਲ ਦਿੱਤਾ। ਬਾਅਦ ਵਿੱਚ ਸੋਸ਼ਲ ਮੀਡੀਆ ਉੱਤੇ ਉਹ ਵੀਡੀਓ ਸਾਹਮਣੇ ਆਈ, ਜਿਸ ਵਿੱਚ ਦੁਖੀ ਲੜਕੀ ਆਪਣੇ ਪ੍ਰੇਮੀ ਦੀ ਅਰਥੀ ਕੋਲ ਉਸ ਨਾਲ ਪ੍ਰਤੀਕਾਤਮਕ ਵਿਆਹ ਕਰ ਰਹੀ ਸੀ।
ਆਪਣੀ ਪਸੰਦ ਨਾਲ ਵਿਆਹ ਕਰਨ ਦਾ ਸੰਵਿਧਾਨਕ ਹੱਕ
2006 ਵਿੱਚ ਲਤਾ ਸਿੰਘ ਬਨਾਮ ਉੱਤਰ ਪ੍ਰਦੇਸ਼ ਰਾਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫ਼ੈਸਲਾ ਸੁਣਾਇਆ। ਅਦਾਲਤ ਨੇ ਸਪੱਸ਼ਟ ਕੀਤਾ ਕਿ ਹਰ ਬਾਲਗ ਔਰਤ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਵਿਅਕਤੀ ਨਾਲ ਵਿਆਹ ਕਰਨ ਦਾ ਪੂਰਾ ਹੱਕ ਹੈ ਅਤੇ ਪਰਿਵਾਰ ਨੂੰ ਉਸ ਦੀ ਚੋਣ ਵਿੱਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਜਿਨ੍ਹਾਂ ਜੋੜਿਆਂ ਨੂੰ ਆਪਣੇ ਪਰਿਵਾਰਾਂ ਤੋਂ ਜਾਨ ਦਾ ਖ਼ਤਰਾ ਹੋਵੇ, ਰਾਜ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਏ।
ਪਰ ਕਾਨੂੰਨੀ ਜਿੱਤ ਹਮੇਸ਼ਾ ਸਮਾਜਿਕ ਜਿੱਤ ਨਹੀਂ ਹੁੰਦੀ। ਇਸ ਦੀ ਸਭ ਤੋਂ ਮਾਰਮਿਕ ਮਿਸਾਲ ਲਤਾ ਸਿੰਘ ਦੀ ਆਪਣੀ ਜ਼ਿੰਦਗੀ ਹੈ।
ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਇੱਕ ਰਾਜਪੂਤ ਪਰਿਵਾਰ ਵਿੱਚ ਜਨਮੀ ਲਤਾ ਸਿੰਘ ਨੂੰ ਬਾਣੀਆ ਪਰਿਵਾਰ ਦੇ ਨੌਜਵਾਨ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰ ਲਿਆ। ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਨਾ ਸਿਰਫ਼ ਲਤਾ ਅਤੇ ਉਸ ਦੇ ਪਤੀ ਨੂੰ, ਸਗੋਂ ਪਤੀ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਇੱਕ ਹੀ ਰਾਤ ਵਿੱਚ ਉਸ ਦੇ ਪਤੀ ਦਾ ਸਾਰਾ ਪਰਿਵਾਰ ਆਪਣਾ ਘਰ, ਜ਼ਮੀਨ ਅਤੇ ਜਾਇਦਾਦ ਛੱਡ ਕੇ ਭੱਜਣ ਲਈ ਮਜਬੂਰ ਹੋ ਗਿਆ।
ਲਤਾ ਦੇ ਭਰਾਵਾਂ ਨੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵਿਰੁੱਧ ਅਗਵਾ ਅਤੇ ਬਲਾਤਕਾਰ ਵਰਗੇ ਝੂਠੇ ਮੁਕੱਦਮੇ ਦਰਜ ਕਰਵਾ ਦਿੱਤੇ। ਪਤੀ ਦੀਆਂ ਭੈਣਾਂ ਅਤੇ ਉਨ੍ਹਾਂ ਦੇ ਪਤੀਆਂ ਨੂੰ ਛੇ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ। ਲਤਾ ਨੂੰ ਸਾਲਾਂ ਤੱਕ ਲੁਕ ਕੇ ਰਹਿਣਾ ਪਿਆ। ਇਹ ਮੁਕੱਦਮਾ ਚਾਰ ਸਾਲ ਚੱਲਿਆ। ਕਈ ਵਾਰ ਉਸ ਦੇ ਭਰਾਵਾਂ ਨੇ ਉਸ ਦਾ ਪਿੱਛਾ ਕੀਤਾ। ਇੱਕ ਵਾਰ ਉਹ ਬੁਰਕਾ ਪਾ ਕੇ ਅਦਾਲਤ ਪਹੁੰਚੀ, ਤਾਂ ਜੋ ਕੋਈ ਉਸ ਨੂੰ ਪਛਾਣ ਨਾ ਸਕੇ।
ਜਦੋਂ ਉਸ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ, ਤਾਂ ਉਸ ਦੇ ਭਰਾਵਾਂ ਨੇ ਦਾਅਵਾ ਕੀਤਾ ਕਿ ਉਹ ਮਾਨਸਿਕ ਤੌਰ ‘ਤੇ ਬਿਮਾਰ ਹੈ। ਜੈਪੁਰ ਦੇ ਮਨੋਵਿਗਿਆਨਕ ਕੇਂਦਰ ਵਿੱਚ ਕਈ ਜਾਂਚਾਂ ਤੋਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਤੰਦਰੁਸਤ ਕਰਾਰ ਦਿੱਤਾ ਗਿਆ।
ਲਤਾ ਦੀ ਜ਼ਿੰਦਗੀ ਵਿੱਚ ਅਹਿਮ ਮੋੜ ਉਸ ਵੇਲੇ ਆਇਆ, ਜਦੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਤਤਕਾਲੀਨ ਪ੍ਰਧਾਨ ਜਸਟਿਸ ਜੇ.ਐੱਸ. ਵਰਮਾ ਨੇ ਉਸ ਦੇ ਅਧਿਕਾਰਾਂ ਦੀ ਰਾਖੀ ਲਈ ਦਖ਼ਲ ਦਿੱਤਾ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੀ ਸਾਲਾਂ ਤੋਂ ਚੱਲ ਰਹੇ ਝੂਠੇ ਕੇਸਾਂ, ਧਮਕੀਆਂ, ਹਿੰਸਾ ਅਤੇ ਜ਼ਬਰਦਸਤੀ ਵਿਸਥਾਪਨ ਦਾ ਅੰਤ ਹੋ ਸਕਿਆ। ਬਾਅਦ ਵਿੱਚ ਲਤਾ ਨੇ ਉਨ੍ਹਾਂ ਜੋੜਿਆਂ ਲਈ ਇੱਕ ‘ਹੈਲਪ ਗਰੁੱਪ’ ਵੀ ਬਣਾਇਆ, ਜਿਨ੍ਹਾਂ ਨੇ ਜਾਤ ਅਤੇ ਧਰਮ ਦੀਆਂ ਹੱਦਾਂ ਤੋਂ ਬਾਹਰ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ।
ਅੱਜ ਵੀ ਉਸ ਦੇ ਭੈਣ-ਭਰਾ ਉਸ ਨਾਲ ਗੱਲ ਨਹੀਂ ਕਰਦੇ। ਉਸ ਨੂੰ ਆਪਣੇ ਪਿਤਰੀ ਘਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ। ਫਿਰ ਵੀ ਉਹ ਬੇਝਿਜਕ ਕਹਿੰਦੀ ਹੈ, “ਮੈਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਾਂ। ਪੁਲਿਸ ਥਾਣਿਆਂ ਵਿੱਚ ਮੈਂ ਹਰ ਰੋਜ਼ ਅਜਿਹੀਆਂ ਕੁੜੀਆਂ ਨੂੰ ਵੇਖਦੀ ਹਾਂ, ਜਿਨ੍ਹਾਂ ਨੇ ਪਰਿਵਾਰ ਦੀ ਪਸੰਦ ਨਾਲ ਵਿਆਹ ਕੀਤਾ, ਪਰ ਬਾਅਦ ਵਿੱਚ ਦਾਜ ਲਈ ਸਾੜੀਆਂ ਗਈਆਂ, ਕੁੱਟਮਾਰ ਦਾ ਸ਼ਿਕਾਰ ਹੋਈਆਂ ਜਾਂ ਅੱਧਮਰੀ ਹਾਲਤ ਵਿੱਚ ਵਾਪਸ ਆਈਆਂ। ਅਖ਼ੀਰ ਮੈਂ ਕਿਹੜਾ ਅਪਰਾਧ ਕੀਤਾ ਹੈ ਕਿ ਮੈਂ ਉਸ ਘਰ ਦਾ ਦਰਵਾਜ਼ਾ ਵੀ ਨਹੀਂ ਖੜਕਾ ਸਕਦੀ, ਜਿੱਥੇ ਮੇਰਾ ਸਾਰਾ ਬਚਪਨ ਬੀਤਿਆ?”
ਲਤਾ ਸਿੰਘ ਕਹਿੰਦੀ ਹੈ ਕਿ ਆਨਰ ਕ੍ਰਾਈਮ ਦਾ ਲਗਾਤਾਰ ਵਾਪਰਨਾ ਇਸ ਗੱਲ ਦਾ ਸਬੂਤ ਹੈ ਕਿ ਜੀਵਨ-ਸਾਥੀ ਦੀ ਚੋਣ ਦੇ ਹੱਕ ਨੂੰ ਅੱਜ ਵੀ ਸੰਵਿਧਾਨਕ ਅਧਿਕਾਰ ਨਹੀਂ, ਸਗੋਂ ਸਮਾਜ ਵੱਲੋਂ ਦਿੱਤੀ ਜਾਣ ਵਾਲੀ ਰਿਆਇਤ ਸਮਝਿਆ ਜਾਂਦਾ ਹੈ। ਇਸੇ ਲਈ ਅਜਿਹੇ ਜੋੜਿਆਂ ਨੂੰ ਹਮਦਰਦੀ ਨਹੀਂ, ਸਗੋਂ ਦੋਸ਼ੀ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ।
ਉਨ੍ਹਾਂ ਉੱਤੇ ਭਾਵਨਾਤਮਕ ਦਬਾਅ ਬਣਾਇਆ ਜਾਂਦਾ ਹੈ- “ਮਾਪਿਆਂ ਨੇ ਤੈਨੂੰ ਪਾਲਿਆ ਹੈ”, “ਕੀ ਤੈਨੂੰ ਆਪਣੇ ਪਿਤਾ ਨੂੰ ਰੋਂਦੇ ਦੇਖ ਕੇ ਚੰਗਾ ਲੱਗਦਾ ਹੈ?”, “ਘਰ ਵਾਪਸ ਆ ਜਾ।” ਕਈ ਵਾਰ ਇਹ ਭਾਵਨਾਤਮਕ ਬਲੈਕਮੇਲ ਇੰਨਾ ਡੂੰਘਾ ਹੁੰਦਾ ਹੈ ਕਿ ਇਹ ਸਰੀਰਕ ਹਿੰਸਾ ਜਿੰਨਾ ਹੀ ਖ਼ਤਰਨਾਕ ਬਣ ਜਾਂਦਾ ਹੈ।
ਉਸ ਨੇ ਮੈਨੂੰ ਇੱਕ ਹੋਰ ਘਟਨਾ ਸੁਣਾਈ। ਉਸ ਦੀ ਇੱਕ ਸਹਿਕਰਮੀ, ਜੋ ਜਾਟ ਭਾਈਚਾਰੇ ਨਾਲ ਸੰਬੰਧ ਰੱਖਦੀ ਸੀ, ਨੇ ਇੱਕ ਦੱਖਣੀ ਭਾਰਤੀ ਇੰਜੀਨੀਅਰ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਉਸ ਦੇ ਪਰਿਵਾਰ ਨੇ ਇਸ ਰਿਸ਼ਤੇ ਦਾ ਤਿੱਖਾ ਵਿਰੋਧ ਕੀਤਾ। ਲਗਭਗ ਡੇਢ ਸਾਲ ਬਾਅਦ ਉਸ ਦੀ ਮਾਂ ਨੇ ਸੁਨੇਹਾ ਭੇਜਿਆ ਕਿ ਪਰਿਵਾਰ ਨੇ ਹੁਣ ਇਹ ਰਿਸ਼ਤਾ ਸਵੀਕਾਰ ਕਰ ਲਿਆ ਹੈ ਅਤੇ ਉਹ ਸਿਰਫ਼ ਆਪਣੀ ਧੀ ਨੂੰ ਮਿਲਣਾ ਚਾਹੁੰਦੇ ਹਨ।
ਇਹ ਇੱਕ ਸੁਖਦਾਈ ਅੰਤ ਦੀ ਸ਼ੁਰੂਆਤ ਜਾਪਦੀ ਸੀ; ਪਰ ਅਗਲੇ ਹੀ ਦਿਨ ਮਾਂ, ਪਿਤਾ ਅਤੇ ਭਰਾ ਘਰ ਆਏ। ਉਨ੍ਹਾਂ ਦੇ ਨਾਲ ਇੱਕ ਸ਼ੂਟਰ ਵੀ ਸੀ, ਜਿਸ ਨੂੰ ਪਰਿਵਾਰ ਨੇ ਰਿਸ਼ਤੇਦਾਰ ਦੱਸ ਕੇ ਘਰ ਅੰਦਰ ਲਿਆਂਦਾ। ਜਿਵੇਂ ਹੀ ਔਰਤ ਦਾ ਪਤੀ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ, ਉਸ ਨੂੰ ਗੋਲੀ ਮਾਰ ਦਿੱਤੀ ਗਈ। ਉਸ ਵੇਲੇ ਉਹ ਔਰਤ ਪੰਜ-ਛੇ ਮਹੀਨਿਆਂ ਦੀ ਗਰਭਵਤੀ ਸੀ। ਗੁਆਂਢੀਆਂ ਦੇ ਇਕੱਠੇ ਹੋਣ ਤੱਕ ਹਮਲਾਵਰ ਭੱਜ ਚੁੱਕੇ ਸਨ। ਅੱਜ ਉਸ ਦਾ ਸੰਸਾਰ ਸਿਰਫ਼ ਉਸ ਦੇ ਬੱਚੇ, ਸੱਸ ਅਤੇ ਨਣਦ ਤੱਕ ਸੀਮਤ ਰਹਿ ਗਿਆ ਹੈ।
ਕਾਨੂੰਨ ਦੀਆਂ ਕੋਸ਼ਿਸ਼ਾਂ, ਸਮਾਜ ਦੀ ਜ਼ਿੱਦ
12 ਮਾਰਚ 2026 ਨੂੰ ਕਰਨਾਟਕ ਮੰਤਰੀ ਮੰਡਲ ਨੇ ‘ਕਰਨਾਟਕ ਵਿਆਹ ਵਿੱਚ ਚੋਣ ਦੀ ਆਜ਼ਾਦੀ ਅਤੇ ਸਨਮਾਨ ਅਤੇ ਪਰੰਪਰਾ ਦੇ ਨਾਮ ‘ਤੇ ਹੋਣ ਵਾਲੇ ਅਪਰਾਧਾਂ ਦੀ ਰੋਕਥਾਮ ਅਤੇ ਮਨਾਹੀ ਬਿਲ-2026’ ਨੂੰ ਮਨਜ਼ੂਰੀ ਦਿੱਤੀ। ‘ਏਵਾ ਨੰਮਾਵਾ’ ਦੇ ਨਾਂ ਨਾਲ ਜਾਣੇ ਜਾਂਦੇ ਇਸ ਕਾਨੂੰਨ ਦਾ ਉਦੇਸ਼ ਅੰਤਰਜਾਤੀ ਵਿਆਹਾਂ ਨੂੰ ਸੁਰੱਖਿਆ ਅਤੇ ਸਨਮਾਨ ਦੇਣਾ, ਜਾਤੀ ਦੇ ਆਧਾਰ ‘ਤੇ ਨਿੱਜੀ ਚੋਣ ਵਿੱਚ ਦਖ਼ਲਅੰਦਾਜ਼ੀ ਨੂੰ ਰੋਕਣਾ ਅਤੇ ਇੱਜ਼ਤ ਦੇ ਨਾਮ ‘ਤੇ ਹੋਣ ਵਾਲੇ ਅਪਰਾਧਾਂ ਨੂੰ ਸਖ਼ਤੀ ਨਾਲ ਰੋਕਣਾ ਹੈ।
ਪਰ ਕਾਨੂੰਨ ਉਦੋਂ ਹੀ ਪ੍ਰਭਾਵਸ਼ਾਲੀ ਹੁੰਦੇ ਹਨ, ਜਦੋਂ ਸਮਾਜ ਵੀ ਮਨੁੱਖ ਦੀ ਆਜ਼ਾਦੀ ਅਤੇ ਉਸ ਦੀ ਚੋਣ ਦਾ ਸਨਮਾਨ ਕਰਨਾ ਸਿੱਖੇ।
ਇਹ ਲੇਖ ਲਿਖਦਿਆਂ ਮੈਨੂੰ ਵਾਰ-ਵਾਰ 1947 ਦੀ ਵੰਡ ਦੇ ਉਹ ਜ਼ਖ਼ਮ ਯਾਦ ਆਉਂਦੇ ਰਹੇ, ਜਿਨ੍ਹਾਂ ਦੀ ਪੀੜ ਮੇਰੇ ਆਪਣੇ ਪਰਿਵਾਰ ਨੇ ਵੀ ਝੱਲੀ ਸੀ। ਉਸ ਵੇਲੇ ਵੀ ਅਤੇ ਅੱਜ ਵੀ, ਔਰਤ ਨੂੰ ਇੱਕ ਸੁਤੰਤਰ ਮਨੁੱਖ ਨਹੀਂ, ਸਗੋਂ ਪਰਿਵਾਰ ਦੀ ਜਾਇਦਾਦ ਸਮਝਿਆ ਜਾਂਦਾ ਹੈ-ਇੱਕ ਅਜਿਹੀ ‘ਟਰਾਫ਼ੀ’, ਜਿਸ ਵਿੱਚ ਪਰਿਵਾਰ ਦੀ ਇੱਜ਼ਤ ਵੱਸਦੀ ਹੈ। ਇਸ ਕਥਿਤ ਇੱਜ਼ਤ ਦੀ ਰਾਖੀ ਦੇ ਨਾਮ ‘ਤੇ ਉਸ ਦੀਆਂ ਇੱਛਾਵਾਂ, ਉਸ ਦੀ ਪਸੰਦ, ਉਸ ਦੇ ਸੁਪਨੇ, ਇੱਥੋਂ ਤੱਕ ਕਿ ਉਸ ਦੀ ਜਾਨ ਵੀ ਕੁਰਬਾਨ ਕਰ ਦਿੱਤੀ ਜਾਂਦੀ ਹੈ।
ਇਸ ਲੇਖ ਨੂੰ ਮੈਂ ਤਿੰਨ ਘਟਨਾਵਾਂ ਨਾਲ ਸਮਾਪਤ ਕਰਨਾ ਚਾਹੁੰਦਾ ਹਾਂ।
ਪਹਿਲੀ ਕਹਾਣੀ: ਪਿਆਰ ਦੀ ਕੀਮਤ ਇੱਕ ਪਰਿਵਾਰ ਦਾ ਕਤਲੇਆਮ
‘ਕਾਰਵਾਂ-ਏ-ਮੁਹੱਬਤ’ ਦੀ ਇੱਕ ਯਾਤਰਾ ਦੌਰਾਨ ਹਰਿਆਣਾ ਦੇ ਇੱਕ ਪਿੰਡ ਵਿੱਚ ਮੇਰੀ ਮੁਲਾਕਾਤ ਇੱਕ ਨੌਜਵਾਨ ਨਾਲ ਹੋਈ। ਆਓ ਉਸ ਨੂੰ ਰੋਹਿਤ ਕਹਿ ਲਈਏ।
ਉਸ ਦਾ ਪਿਤਾ ਇੱਕ ਅੰਬੇਡਕਰਵਾਦੀ ਦਲਿਤ ਅਤੇ ਸਰਕਾਰੀ ਮੁਲਾਜ਼ਮ ਸੀ। ਉਸ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ। ਵੱਡੇ ਪੁੱਤਰ ਨੂੰ ਯੂਨੀਵਰਸਿਟੀ ਵਿੱਚ ਆਪਣੀ ਜਾਟ ਜਮਾਤਣ ਨਾਲ ਪਿਆਰ ਹੋ ਗਿਆ। ਦੋਹਾਂ ਨੇ ਵਿਆਹ ਕਰ ਲਿਆ।
ਉਨ੍ਹਾਂ ਨੂੰ ਪਤਾ ਸੀ ਕਿ ਇਹ ਫ਼ੈਸਲਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਉਹ ਕਦੇ ਵੀ ਆਪਣਾ ਟਿਕਾਣਾ ਨਾ ਦੱਸਣਗੇ, ਤਾਂ ਜੋ ਪਰਿਵਾਰ ਕਿਸੇ ਮੁਸੀਬਤ ਵਿੱਚ ਨਾ ਫਸੇ।
ਦੋ ਸਾਲ ਤੱਕ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ। ਫਿਰ ਇੱਕ ਦਿਨ ਵੱਡੇ ਪੁੱਤਰ ਨੇ ਦੱਸਿਆ ਕਿ ਉਹ ਇੱਕ ਧੀ ਦਾ ਪਿਤਾ ਬਣ ਚੁੱਕਾ ਹੈ ਅਤੇ ਉਸ ਦੀ ਪਤਨੀ ਦੁਬਾਰਾ ਗਰਭਵਤੀ ਹੈ। ਕੁੜੀ ਦੇ ਪਰਿਵਾਰ ਨੇ ਸੁਨੇਹਾ ਭੇਜਿਆ ਸੀ ਕਿ ਉਨ੍ਹਾਂ ਨੇ ਹੁਣ ਇਹ ਵਿਆਹ ਸਵੀਕਾਰ ਕਰ ਲਿਆ ਹੈ। ਸਾਰਾ ਪਰਿਵਾਰ ਖ਼ੁਸ਼ੀ ਨਾਲ ਭਰ ਗਿਆ।
ਪਰ ਇਹ ਮਨਜ਼ੂਰੀ ਇੱਕ ਜਾਲ਼ ਸੀ।
ਇੱਕ ਸ਼ਾਮ ਕੁੜੀ ਦਾ ਪਿਤਾ, ਭਰਾ ਅਤੇ ਚਚੇਰੇ ਭਰਾ ਹਥਿਆਰਾਂ ਨਾਲ ਘਰ ਪਹੁੰਚੇ। ਉਨ੍ਹਾਂ ਨੇ ਰੋਹਿਤ ਦੇ ਪਿਤਾ, ਮਾਂ ਅਤੇ ਭਰਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਆਪਣੀ ਧੀ ਦੇ ਪੇਟ ਵਿੱਚ ਵੀ ਗੋਲੀ ਮਾਰੀ, ਜੋ ਉਸ ਵੇਲੇ ਗਰਭਵਤੀ ਸੀ। ਰੋਹਿਤ ਉਸ ਦਿਨ ਘਰ ਨਹੀਂ ਸੀ, ਇਸ ਲਈ ਬਚ ਗਿਆ।
ਚਮਤਕਾਰ ਨਾਲ ਉਸ ਦੀ ਭਰਜਾਈ ਅਤੇ ਉਸ ਦੇ ਗਰਭ ਵਿੱਚ ਪਲ ਰਿਹਾ ਬੱਚਾ ਦੋਵੇਂ ਬਚ ਗਏ। ਪਰ ਕੁਝ ਹਫ਼ਤਿਆਂ ਬਾਅਦ ਉਹ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ-ਉਸੇ ਘਰ, ਜਿੱਥੇ ਉਸ ਦੇ ਪਿਤਾ ਅਤੇ ਭਰਾਵਾਂ ਨੇ ਉਸ ਦੇ ਪਤੀ ਅਤੇ ਸੱਸ-ਸਹੁਰੇ ਦਾ ਕਤਲ ਕੀਤਾ ਸੀ। ਉਸ ਨੇ ਅਦਾਲਤ ਵਿੱਚ ਆਪਣੇ ਪਿਤਾ ਅਤੇ ਭਰਾਵਾਂ ਖ਼ਿਲਾਫ਼ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ। ਮੁਲਜ਼ਮ ਜ਼ਮਾਨਤ ‘ਤੇ ਰਿਹਾਅ ਹੋ ਗਏ।
ਰੋਹਿਤ ਇਕੱਲਾ ਰਹਿ ਗਿਆ। ਉਸ ਦੀ ਜਾਨ ਨੂੰ ਵੀ ਖ਼ਤਰਾ ਸੀ। ਅਸੀਂ ਉਸ ਨੂੰ ਦਿੱਲੀ ਵਿੱਚ ਆਪਣੇ ਦਫ਼ਤਰ ਵਿੱਚ ਪਨਾਹ ਦਿੱਤੀ। ਕਈ ਸਾਲਾਂ ਤੋਂ ਅਸੀਂ ਉਸ ਪਰਿਵਾਰ ਲਈ ਇਨਸਾਫ਼ ਦੀ ਲੜਾਈ ਲੜ ਰਹੇ ਹਾਂ। ਅੱਜ ਰੋਹਿਤ ਦਾ ਵਿਆਹ ਹੋ ਚੁੱਕਾ ਹੈ। ਉਸ ਦੀ ਬਾਰਾਤ ਵਿੱਚ ਮੇਰੇ ਸਾਥੀ ਹੀ ਉਸ ਦਾ ਪਰਿਵਾਰ ਸਨ।
—
ਦੂਜੀ ਕਹਾਣੀ: ਨਫ਼ਰਤ, ਪਛਤਾਵਾ ਅਤੇ ਬਹੁਤ ਦੇਰ ਨਾਲ ਆਈ ਮਾਫ਼ੀ
ਮੇਰੇ ਕੋਲ ਇੱਕ ਡਾਕਟਰ ਆਇਆ, ਜੋ ਬਰਤਾਨੀਆ ਵਿੱਚ ਕੰਮ ਕਰਦਾ ਸੀ। ਆਪਣਾ ਵਿਆਹ ਟੁੱਟਣ ਤੋਂ ਬਾਅਦ ਉਸ ਨੂੰ ਇੱਕ ਮੁਸਲਿਮ ਔਰਤ ਨਾਲ ਪਿਆਰ ਹੋ ਗਿਆ। ਉਸ ਦੀ ਮਾਂ ਨੇ ਆਖ਼ਰਕਾਰ ਇਹ ਰਿਸ਼ਤਾ ਸਵੀਕਾਰ ਕਰ ਲਿਆ, ਪਰ ਉਸ ਦੇ ਪਿਤਾ ਨੇ ਕਦੇ ਨਹੀਂ ਕੀਤਾ।
ਉਹ ਲਗਾਤਾਰ ਆਪਣੇ ਪੁੱਤਰ ਦੇ ਮਾਲਕਾਂ ਅਤੇ ਪੁਲਿਸ ਨੂੰ ਇਹ ਝੂਠੀਆਂ ਸ਼ਿਕਾਇਤਾਂ ਕਰਦੇ ਰਹੇ ਕਿ ਉਸ ਦੀ ਪਤਨੀ ਇੱਕ ਅਤਿਵਾਦੀ ਹੈ। ਪੋਤੇ ਦੇ ਜਨਮ ਤੋਂ ਬਾਅਦ ਵੀ ਉਨ੍ਹਾਂ ਨੇ ਉਸ ਦਾ ਚਿਹਰਾ ਵੇਖਣ ਤੋਂ ਇਨਕਾਰ ਕਰ ਦਿੱਤਾ।
ਪੰਜ ਸਾਲ ਤੱਕ ਪਿਤਾ-ਪੁੱਤਰ ਵਿੱਚ ਕੋਈ ਗੱਲ ਨਹੀਂ ਹੋਈ।
ਫਿਰ ਇੱਕ ਦਿਨ ਪਤਾ ਲੱਗਾ ਕਿ ਪਿਤਾ ਨੂੰ ਕੈਂਸਰ ਹੈ। ਉਨ੍ਹਾਂ ਨੇ ਆਪਣੇ ਪੁੱਤਰ ਤੋਂ ਮਾਫ਼ੀ ਮੰਗਣ ਦੀ ਇੱਛਾ ਜਤਾਈ। ਇੱਕ ਵੀਡੀਓ ਕਾਲ ਰਾਹੀਂ ਦੋਵੇਂ ਮਿਲੇ। ਪਹਿਲੀ ਵਾਰ ਦਾਦੇ ਨੇ ਆਪਣੇ ਪੋਤੇ ਨੂੰ ਦੇਖਿਆ। ਉਹ ਰੋ ਪਿਆ। ਲੰਬੀ ਗੱਲਬਾਤ ਹੋਈ।
ਪਰ ਕੁਝ ਘੰਟਿਆਂ ਬਾਅਦ ਉਹ ਘਰੋਂ ਨਿਕਲ ਗਿਆ।
ਉਹ ਵਾਪਸ ਕਦੇ ਨਹੀਂ ਆਇਆ।
ਉਸ ਨੇ ਖ਼ੁਦਕੁਸ਼ੀ ਕਰ ਲਈ ਸੀ।
—
ਤੀਜੀ ਕਹਾਣੀ: ਵੰਡ ਦੀ ਇੱਕ ਵਿਰਾਸਤ
ਭਾਰਤ ਦੇ ਸਮਾਜਿਕ ਮਨੋਵਿਗਿਆਨੀ ਆਸ਼ੀਸ਼ ਨੰਦੀ ਨੇ ਮੈਨੂੰ ਇੱਕ ਘਟਨਾ ਸੁਣਾਈ। ਉਹ ਪਾਕਿਸਤਾਨੀ ਖੋਜਕਰਤਾਵਾਂ ਨਾਲ ਮਿਲ ਕੇ ਵੰਡ ਦੀਆਂ ਯਾਦਾਂ ਉੱਤੇ ਕੰਮ ਕਰ ਰਹੇ ਸਨ।
ਉਨ੍ਹਾਂ ਨੂੰ ਇੱਕ ਸਿੱਖ ਪਰਿਵਾਰ ਦੀ ਕਹਾਣੀ ਪਤਾ ਲੱਗੀ। ਪੁੱਤਰ ਇੱਕ ਮੁਸਲਿਮ ਔਰਤ ਨੂੰ ਅਗਵਾ ਕਰਕੇ ਘਰ ਲੈ ਆਇਆ ਸੀ। ਬੁੱਢੇ ਪਿਤਾ ਨੇ ਬਹੁਤ ਬੇਨਤੀ ਕੀਤੀ ਕਿ ਉਸ ਔਰਤ ਨੂੰ ਆਜ਼ਾਦ ਕਰ ਦਿੱਤਾ ਜਾਵੇ। ਜਦੋਂ ਪੁੱਤਰ ਨਾ ਮੰਨਿਆ ਤਾਂ ਉਸ ਨੇ ਆਪਣੀ ਰਾਈਫ਼ਲ ਚੁੱਕੀ ਅਤੇ ਆਪਣੇ ਹੀ ਪੁੱਤਰ ਨੂੰ ਗੋਲੀ ਮਾਰ ਦਿੱਤੀ।
ਨੰਦੀ ਦੇ ਪਾਕਿਸਤਾਨੀ ਸਾਥੀਆਂ ਨੇ ਦੱਸਿਆ ਕਿ ਸਰਹੱਦ ਦੇ ਦੂਜੇ ਪਾਸੇ ਵੀ ਉਨ੍ਹਾਂ ਨੇ ਅਜਿਹੀਆਂ ਹੀ ਕਹਾਣੀਆਂ ਸੁਣੀਆਂ ਸਨ।
1947 ਦੀ ਵੰਡ ਸਿਰਫ਼ ਸਰਹੱਦਾਂ ਦੀ ਵੰਡ ਨਹੀਂ ਸੀ। ਉਸ ਨੇ ਔਰਤ ਦੇ ਸਰੀਰ ਨੂੰ ਭਾਈਚਾਰਿਆਂ ਦੀ ਇੱਜ਼ਤ ਦਾ ਮੈਦਾਨ ਬਣਾ ਦਿੱਤਾ। ਅੱਜ ਵੀ ਜਦੋਂ ਕੋਈ ਕੁੜੀ ਆਪਣੀ ਮਰਜ਼ੀ ਨਾਲ ਪਿਆਰ ਕਰਦੀ ਹੈ, ਵਿਆਹ ਕਰਦੀ ਹੈ ਜਾਂ ਆਪਣੀ ਜ਼ਿੰਦਗੀ ਦਾ ਫ਼ੈਸਲਾ ਆਪ ਲੈਂਦੀ ਹੈ, ਤਾਂ ਕਈ ਪਰਿਵਾਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ‘ਇੱਜ਼ਤ’ ਉਸ ਦੇ ਨਾਲ ਚਲੀ ਗਈ ਹੈ।
ਅਸਲ ਸਵਾਲ ਇਹ ਹੈ ਕਿ ਕਿਸੇ ਵੀ ਸਮਾਜ ਦੀ ਇੱਜ਼ਤ ਮਨੁੱਖ ਦੀ ਆਜ਼ਾਦੀ ਵਿੱਚ ਵੱਸਦੀ ਹੈ ਜਾਂ ਉਸ ਦੀ ਹੱਤਿਆ ਵਿੱਚ?
ਜਦੋਂ ਤੱਕ ਅਸੀਂ ਇਸ ਸਵਾਲ ਦਾ ਇਮਾਨਦਾਰੀ ਨਾਲ ਜਵਾਬ ਨਹੀਂ ਦਿੰਦੇ, ਉਦੋਂ ਤੱਕ ‘ਆਨਰ ਕਿਲਿੰਗ’ ਸਿਰਫ਼ ਇੱਕ ਅਪਰਾਧ ਨਹੀਂ ਰਹੇਗੀ; ਇਹ ਸਾਡੇ ਸਮਾਜ ਦੀ ਨੈਤਿਕ ਅਸਫਲਤਾ ਦਾ ਸਭ ਤੋਂ ਭਿਆਨਕ ਸਬੂਤ ਬਣੀ ਰਹੇਗੀ।
(ਸਮਾਪਤ)
