*ਡੈਮੋਕਰੇਟਿਕ ਪਾਰਟੀ ਦੀ ਵਾਪਸੀ ਦੀ ਸੰਭਾਵਨਾ
ਜਸਵੀਰ ਸਿੰਘ ਸ਼ੀਰੀ
ਹਰ ਦੋ ਸਾਲ ਬਾਅਦ ਹੋਣ ਵਾਲੀਆਂ ਅਮਰੀਕੀ ਮਿਡਟਰਮ (ਮੱਧਵਰਤੀ) ਚੋਣਾਂ ਵਿੱਚ ਊਠ ਇਸ ਵਾਰ ਕਿਸ ਕਰਵਟ ਬੈਠਦਾ ਹੈ, ਇਸ ’ਤੇ ਸਾਰੀ ਦੁਨੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜਆਂ ਦੇ ਨਾ ਸਿਰਫ ਅਮਰੀਕਾ ਦੇ ਅੰਦਰਲੀ ਰਾਜਨੀਤੀ ਅਤੇ ਸ਼ਕਤੀ ਸੰਤੁਲਨ ‘ਤੇ ਪ੍ਰਭਾਵਤ ਪੈਣਗੇ, ਸਗੋਂ ਕੌਮਾਂਤਰੀ ਸਿਆਸੀ ਦ੍ਰਿਸ਼ ਅਤੇ ਸ਼ਕਤੀ ਸੰਤੁਲਨ ਵਿੱਚ ਵੀ ਉਥਲ-ਪੁਥਲ ਵਾਲੀ ਹਾਲਤ ਬਣੇਗੀ। ਖਾਸ ਕਰਕੇ ਇਰਾਨ-ਇਜ਼ਰਾਇਲ, ਅਮਰੀਕਾ ਜੰਗ ਅਤੇ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ‘ਤੇ ਇਸ ਦੇ ਰੜਕਵੇਂ ਪ੍ਰਭਾਵ ਪੈਣੇ ਹਨ।
ਅਮਰੀਕਾ ਦੀਆਂ ਮੱਧਵਰਤੀ ਚੋਣ ਲਈ ਵੋਟਾਂ ਤੇ ਤਿੰਨ ਨਵੰਬਰ ਨੂੰ ਪੈ ਗਈਆਂ ਹਨ, ਪਰ ਇਸ ਦੇ ਸਾਰੇ ਨਤੀਜੇ ਆਉਣ ਵਿੱਚ ਕਈ ਦਿਨ ਲੱਗ ਸਕਦੇ ਹਨ। ਇਨ੍ਹਾਂ ਚੋਣਾਂ ਨੂੰ ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਰਵਾਸ, ਟਰੇਡ ਟੈਰਿਫ, ਵਧ ਰਹੀ ਮਹਿੰਗਾਈ, ਅਮਰੀਕਾ-ਕੈਨੇਡਾ ਦੇ ਰਿਸ਼ਤਿਆਂ ਵਿੱਚ ਵਿਗਾੜ, ਇਰਾਨ ਜੰਗ ਅਤੇ ਯੂਕਰੇਨ ਪ੍ਰਤੀ ਰਾਸ਼ਟਰਪਤੀ ਵੱਲੋਂ ਅਪਣਾਈ ਗਈ ਪਹੁੰਚ ਬਾਰੇ ਇੱਕ ਤਰ੍ਹਾਂ ਨਾਲ ਰੈਫਰੈਂਡਮ ਸਮਝਿਆ ਜਾ ਰਿਹਾ ਹੈ।
ਅਮਰੀਕੀ ਸੰਸਦ ਦੇ ਦੋ ਸਦਨ ਹਨ- ਹਾਊਸ ਆਫ ਰਿਪਰਸੈਂਟੇਟਿਵ (ਪ੍ਰਤੀਨਿਧੀ ਸਦਨ) ਅਤੇ ਸੈਨੇਟ। ਹਰ ਰਾਜ ਸੈਨੇਟ ਲਈ ਦੋ ਪ੍ਰਤੀਨਿਧ ਚੁਣਦਾ ਹੈ। ਪ੍ਰਤੀਨਿਧੀ ਸਦਨ ਦੀਆਂ ਸਾਰੀਆਂ 435 ਸੀਟਾਂ ‘ਤੇ ਵੋਟਾਂ ਪਈਆਂ ਹਨ, ਜਦਕਿ ਸੈਨੇਟ ਦੀਆਂ ਕੁੱਲ 100 ਸੀਟਾਂ ਵਿੱਚੋਂ 35 ਸੀਟਾਂ ‘ਤੇ ਵੋਟਾਂ ਪੈਣਗੀਆਂ। ਇਸ ਦੌਰਾਨ ਵੋਟਰਾਂ ਵੱਲੋਂ 36 ਰਾਜਾਂ ਦੇ ਗਵਰਨਰਾਂ, ਸਟੇਟ ਅਸੈਂਬਲੀਆਂ ਅਤੇ ਸਥਾਨਕ ਸੰਸਥਾਵਾਂ ਦੀਆਂ ਵੋਟਾਂ ਵੀ ਪੈਣੀਆਂ ਹਨ।
ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿੱਚ ਰਿਪਬਲਿਕਨ ਪਾਰਟੀ ਕੋਲ ਹਾਲ ਦੀ ਘੜੀ ਥੋੜ੍ਹੀ ਜਿਹੀ ਬਹੁਗਿਣਤੀ ਹੈ। ਸੈਨੇਟ ਵਿੱਚ ਰਿਪਬਲਿਕਨ ਪਾਰਟੀ ਦੇ 53 ਮੈਂਬਰ ਹਨ, ਜਦਕਿ ਡੈਮੋਕਰੇਟਾਂ ਦੇ 45 ਮੈਂਬਰ। ਜੇ ਇਹ ਵਾਧਾ ਖੁਸ ਜਾਂਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਦੀਆਂ ਸ਼ਕਤੀਆਂ ‘ਤੇ ਵੱਡੀ ਰੋਕ ਲੱਗ ਜਾਵੇਗੀ। ਅਮਰੀਕੀ ਮੱਧਵਰਤੀ ਚੋਣਾਂ ਦਾ ਇਹ ਇਤਿਹਾਸ ਰਿਹਾ ਹੈ ਕਿ ਇੱਥੇ ਬਹੁਤੀ ਵਾਰ ਸੱਤਾਸ਼ੀਲ ਪਾਰਟੀ ਨੂੰ ਨੁਕਸਾਨ ਹੁੰਦਾ ਰਿਹਾ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਜਿੰਨੇ ਮਹੱਤਵਪੂਰਨ ਸਰਵੇ ਆਏ ਹਨ, ਉਨ੍ਹਾਂ ਵਿੱਚ ਸ਼ਕਤੀ ਸੰਤੁਲਨ ਡੈਮੋਕਰੇਟਿਕ ਪਾਰਟੀ ਵੱਲ ਤਿਲਕਦਾ ਵਿਖਾਇਆ ਗਿਆ ਹੈ। ਕੁੱਕ ਪੁਲਿਟੀਕਲ ਰਿਪੋਰਟ ਅਨੁਸਾਰ ਰਿਪਬਲਿਕਨ ਪਾਰਟੀ ਪ੍ਰਤੀਨਿਧ ਸਦਨ ਦੀਆਂ 30 ਸੀਟਾਂ ‘ਤੇ ਖਤਰੇ ਦਾ ਸਾਹਮਣਾ ਕਰ ਰਹੀ ਹੈ। ਸੈਨੇਟ ਵਿੱਚ ਵੀ ਚੋਣ ਸਰਵੇ ਭਾਵੇਂ ਸੰਤੁਲਨ ਡੈਮੋਕਰੇਟਿਕ ਪਾਰਟੀ ਵੱਲ ਖਿਸਕਦਾ ਵਿਖਾ ਰਹੇ ਹਨ, ਪਰ ਓਹਾਇਓ, ਆਇਓਵਾ, ਟੈਕਸਸ, ਅਲਾਸਕਾ, ਕੈਨਸਸ ਜਿਹੇ ਰਾਜਾਂ ਵਿੱਚ ਡੈਮੋਕਰੇਟਾਂ ਲਈ ਆਪਣੇ ਪੈਰ ਜਮਾਉਣਾ ਆਸਾਨ ਨਹੀਂ ਹੋਏਗਾ। ਐਨ.ਬੀ.ਸੀ. ਅਤੇ ਨਿਊ ਯਾਰਕ ਟਾਈਮਜ਼ ਵੱਲੋਂ ਕਰਵਾਏ ਗਏ ਸਰਵਿਆਂ ਵਿੱਚ ਵੀ ਮੁਕਾਬਲਾਤਨ ਡੈਮੋਕਰੇਟਿਕ ਪਾਰਟੀ ਨੂੰ ਫਾਇਦਾ ਹੁੰਦਾ ਵਿਖਾਇਆ ਗਿਆ ਹੈ। ਖ਼ਬਰ ਏਜੰਸੀ ਰਾਇਟਰ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਰਾਸ਼ਟਰਪਤੀ ਟਰੰਪ ਦੀ ਲੋਕਪ੍ਰਿਅਤਾ (ਅਪਰੂਵਲ ਰੇਟ) 66 ਫੀਸਦੀ ਘਟੀ ਹੈ। ਲੋਕਾਂ ਵਿੱਚ ਵੋਟ ਪਾਉਣ ਦੀ ਹੋੜ ਏਨੀ ਹੈ ਕਿ 54 ਮਿਲੀਅਨ ਵੋਟਾਂ 3 ਨਵੰਬਰ ਤੋਂ ਪਹਿਲਾਂ ਹੀ ਪੈ ਚੁੱਕੀਆਂ ਸਨ। ਚੋਣ ਪ੍ਰਚਾਰ ‘ਤੇ ਖ਼ਰਚੇ 11.6 ਬਿਲੀਅਨ ਡਾਲਰ ਨੂੰ ਪਹੁੰਚ ਚੁੱਕੇ ਹਨ। ਇਹ ਵਾਧਾ ਇਤਿਹਾਸਕ ਹੈ।
ਅਮਰੀਕੀ ਮੱਧਵਰਤੀ ਚੋਣਾਂ ਦੇ ਕੁਝ ਨਤੀਜੇ ਭਾਵੇਂ 3 ਨਵੰਬਰ ਦੀ ਰਾਤ (ਅਖਬਾਰ ਛਪਣ ਤੋਂ ਬਾਅਦ) ਨੂੰ ਹੀ ਆਉਣੇ ਸ਼ੁਰੂ ਹੋ ਜਾਣਗੇ, ਪਰ ਇਹ ਮੁਢਲੀ ਵੋਟ ਗਿਣਤੀ ‘ਤੇ ਆਧਾਰਤ ਮੀਡੀਆ ਅਨੁਮਾਨ ਹੀ ਹੋਣਗੇ। ਕਾਰਨ ਇਹ ਹੈ ਕਿ ਕੈਲੀਫੋਰਨੀਆਂ ਜਿਹੇ ਰਾਜ ਵਿੱਚ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ 10 ਨਵੰਬਰ ਤੱਕ ਵੀ ਸਵੀਕਾਰ ਕੀਤੀਆਂ ਜਾ ਸਕਦੀਆਂ ਹਨ। ਕਾਨੂੰਨੀ ਤੌਰ ‘ਤੇ ਨਤੀਜੇ ਉਦੋਂ ਹੀ ਐਲਾਨੇ ਮੰਨੇ ਜਾਣਗੇ, ਜਦੋਂ ਰਾਜਾਂ ਦੇ ਚੋਣ ਅਧਿਕਾਰੀ ਇਨ੍ਹਾਂ ‘ਤੇ ਆਪਣੀ ਅੰਤਿਮ ਮੋਹਰ ਲਗਾ ਦੇਣਗੇ। ਅਮਰੀਕੀ ਮੱਧਵਰਤੀ ਚੋਣਾਂ ਦੇ ਨਤੀਜੇ ਕਿੰਨੇ ਜਲਦੀ ਜਾਂ ਕਿੰਨੇ ਲੇਟ ਐਲਾਨੇ ਜਾਂਦੇ ਹਨ, ਇਹ ਇਸ ਤੱਥ ‘ਤੇ ਮੁਨੱਸਰ ਕਰੇਗਾ ਕਿ ਦੋਹਾਂ ਪਾਰਟੀਆਂ ਵਿਚਕਾਰ ਕਿੰਨੀਆਂ ਕੁ ਸੀਟਾਂ ‘ਤੇ ਮੁਕਾਬਲੇ ਗਹਿਗੱਚ ਹੁੰਦੇ ਹਨ। ਜੌਰਜੀਆ ਵਰਗੇ ਰਾਜ ਵਿੱਚ ਜੇ ਗਵਰਨਰ ਜਾਂ ਸੈਨੇਟ ਉਮੀਦਵਾਰ ਸਾਫ 50 ਸਦੀ ਵੋਟਾਂ ਨਾਲ ਨਹੀਂ ਜਿੱਤਦਾ ਤਾਂ ਪਹਿਲੀ ਦਸੰਬਰ ਨੂੰ ਨਵੇਂ ਸਿਰਿਉਂ ਚੋਣ ਕਰਵਾਈ ਜਾ ਸਕਦੀ ਹੈ। ਅਗਰ ਸਖਤ ਮੁਕਾਬਲੇ ਜ਼ਿਆਦਾ ਸੀਟਾਂ ‘ਤੇ ਹੁੰਦੇ ਹਨ ਤਾਂ ਅੰਤਿਮ ਨਤੀਜੇ ਆਉਣ ਵਿੱਚ ਦੋ ਕੁ ਹਫਤੇ ਦਾ ਸਮਾਂ ਲੱਗ ਸਕਦਾ ਹੈ।
ਜਿਵੇਂ ਕਿ ਮੌਜੂਦਾ ਓਪੀਨੀਅਨ ਪੋਲ ਦਰਸਾ ਰਹੇ ਹਨ, ਜੇ ਡੈਮੋਕਰੇਟਿਕ ਪਾਰਟੀ ਦੋਹਾਂ ਸਦਨਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਲੀਡ ਹਾਸਲ ਕਰ ਜਾਂਦੀ ਹੈ ਤਾਂ ਰਿਪਬਲਿਕਨ ਪਾਰਟੀ ਦੀਆਂ ਨੀਤੀਆਂ ਘੜਨ, ਜਿਵੇਂ ਟੈਕਸ ਛੋਟਾਂ, ਊਰਜਾ ਅਤੇ ਸਿੱਖਿਆ ‘ਤੇ ਨਤੀਆਂ ਬਣਾਉਣ ‘ਤੇ ਇੱਕ ਚੈਕ ਲੱਗ ਜਾਵੇਗਾ। ਇਸ ਨਾਲ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਲਏ ਗਏ ਫੈਸਲਿਆਂ, ਨਿਆਂਇਕ ਨਿਯੁਕਤੀਆਂ, ਪਿਛਲੇ ਦੋ ਸਾਲਾਂ ਵਿੱਚ ਲਾਗੂ ਕੀਤੀਆਂ ਗਈਆਂ ਨੀਤੀਆਂ ਦੀ ਨਜ਼ਰਸਾਨੀ ਕਰਨ ਦਾ ਹੱਕ ਡੈਮੋਕਰੇਟਾਂ ਨੂੰ ਮਿਲ ਜਾਵੇਗਾ। ਪਰ ਜੇ ਰਿਪਬਲਿਕਨ ਪਾਰਟੀ ਦੋਹਾਂ ਸਦਨਾਂ ਵਿੱਚ ਆਪਣਾ ਵਾਧਾ ਬਰਕਰਾਰ ਰੱਖਦੀ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਫੈਡਰਲ ਜ਼ਿਲਿ੍ਹਆਂ ਅਤੇ ਸਰਕਟ ਅਦਾਲਤਾਂ ਵਿੱਚ ਰੂੜੀਵਾਦੀ ਜੱਜਾਂ ਦੀਆਂ ਨਿਯੁਕਤੀਆਂ ਜਾਰੀ ਰੱਖਣਗੇ। ਸੁਪਰੀਮ ਕੋਰਟ ਵਿੱਚ ਖਾਲੀ ਹੋਈਆਂ ਅਸਾਮੀਆਂ ‘ਤੇ ਵੀ ਆਪਣੇ ਚਹੇਤੇ ਜੱਜਾਂ ਦੀਆਂ ਨਿਯੁਕਤੀਆਂ ਕਰ ਸਕਦੇ ਹਨ। ਇਨ੍ਹਾਂ ਚੋਣਾਂ ਵਿੱਚ ਜੇ ਅਮਰੀਕੀ ਰਾਸ਼ਟਰਪਤੀ ਨੂੰ ਵੱਡੀ ਹਾਰ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਅੰਦਰ ਵੀ ਫੈਸਲੇ ਲੈਣ ਦੀ ਤਾਕਤ ਬੇਹੱਦ ਕਮਜ਼ੋਰ ਹੋ ਜਾਵੇਗੀ। ਇਸ ਨਾਲ ਪਾਰਟੀ ਵਿੱਚ ਦੁਫੇੜ ਵੀ ਖੜ੍ਹੀ ਹੋ ਸਕਦੀ ਹੈ। ਇਸ ਨਾਲ ਰਿਪਬਲਿਕ ਪਾਰਟੀ ਵਿੱਚ ਮੌਜੂਦ ਮੌਡਰੇਟ ਧਿਰਾਂ ਟਰੰਪ ਟਾਈਪ ਸਿਆਸਤ ਤੋਂ ਦੂਰੀ ਬਣਾ ਸਕਦੀਆਂ ਹਨ। 2028 ਵਿੱਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ‘ਤੇ ਵੀ ਅਸਰ ਪਵੇਗਾ। ਰਾਜ ਵਿਧਾਨ ਸਭਾਵਾਂ ‘ਤੇ ਕਿਸ ਪਾਰਟੀ ਦਾ ਕੰਟਰੋਲ ਹੁੰਦਾ ਹੈ, ਇਸ ਨਾਲ ਬੱਚੇ ਪੈਦਾ ਕਰਨ ਦੇ ਅਧਿਕਾਰ, ਵਾਤਾਵਰਣਿਕ ਨਿਯਮਾਂ ਅਤੇ ਸਿੱਖਿਆ ਫੰਡਾਂ ਦੀ ਵਰਤੋਂ ਬਾਰੇ ਨੀਤੀਆਂ ‘ਤੇ ਅਸਰ ਪਏਗਾ।
ਇਨ੍ਹਾਂ ਚੋਣ ਨਤੀਜਿਆਂ ਦੇ ਕੌਮਾਂਤਰੀ ਪ੍ਰਭਾਵ ਬੇਹੱਦ ਦਿਲਚਸਪ ਹੋਣਗੇ। ਖਾਸ ਕਰਕੇ ਮੱਧ ਪੂਰਬ ਅਤੇ ਰੂਸ-ਯੂਕਰੇਨ ਜੰਗ ਬਾਰੇ। ਜੇ ਡੈਮੋਕਰੇਟਿਕ ਜਿੱਤ ਜਾਂਦੇ ਹਨ ਤਾਂ ਮੱਦਦ ਬਾਰੇ ਨੀਤੀਆਂ ਜ਼ਿਆਦਾ ਯੂਕਰੇਨ ਵੱਲ ਝੁਕ ਜਾਣਗੀਆਂ। ਇਸ ਤੋਂ ਇਲਾਵਾ ਪੱਛਮੀ ਸੁਰੱਖਿਆ ਸੰਗਠਨ ਨਾਟੋ ਨੂੰ ਮੁੜ ਮਜਬੂਤ ਕਰਨ ਵੱਲ ਤਵੱਜੋ ਵਧ ਸਕਦੀ ਹੈ। ਇਰਾਨ ਖਿਲਾਫ ਫਜ਼ੂਲ ਜੰਗ ਦਾ ਰੁਝਾਨ ਘਟ ਸਕਦਾ ਹੈ ਅਤੇ ਇਸ ਖੇਤਰ ਵਿੱਚ ਕੂਟਨੀਤਿਕ ਸਰਗਰਮੀਆਂ ਇਸ ਦੀ ਥਾਂ ਲੈ ਸਕਦੀਆਂ ਹਨ। ਚੀਨ ਪ੍ਰਤੀ ਸਖਤ ਨੀਤੀਆਂ ਜਾਰੀ ਰਹਿ ਸਕਦੀਆਂ ਹਨ, ਪਰ ਟਰੇਡ ਟੈਰਿਫਾਂ ਦੀ ਖੇਡ ਕਾਫੀ ਘਟ ਜਾਵੇਗੀ। ਇਸ ਨਾਲ ਅਮਰੀਕਾ ਦੇ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਸੁਖ ਦਾ ਸਾਹ ਮਿਲੇਗਾ। ਟੈਰਫ ਘਟਾਉਣ, ਸਪਲਾਈ ਚੇਨਾਂ ਨੂੰ ਆਸਾਨ ਕਰਨ, ਯੂਰਪੀਅਨ ਯੂਨੀਅਨ, ਕੈਨੇਡਾ ਅਤੇ ਮੈਕਸੀਕੋ ਨਾਲ ਵਪਾਰਕ ਮਾਮਲਿਆਂ ਨੂੰ ਲੈ ਕੇ ਤਣਾਅ ਖਤਮ ਹੋ ਸਕਦੇ ਹਨ। ਅਮਰੀਕੀ ਕਾਂਗਰਸ ਵਿੱਚ ਪਈ ਵੰਡ ਵੱਡੇ ਟਰੇਡ ਸਮਝੌਤਿਆਂ ਵਿੱਚ ਅੜਿੱਕੇ ਡਾਹ ਸਕਦੀ ਹੈ। ਗਰੀਨ ਐਨਰਜੀ ਦੀ ਵਰਤੋਂ ਵਾਲੀਆਂ ਨੀਤੀਆਂ ਮੁੜ ਬਣ ਸਕਦੀਆਂ ਹਨ। ਇਸ ਤੋਂ ਇਲਾਵਾ ਵਾਤਾਵਰਣਿਕ ਵਿਗਾੜਾ ਅਤੇ ਮੌਸਮੀ ਤਬਦੀਲੀ ਬਾਰੇ ਟਰੰਪ ਦੀਆਂ ਨਾਂਹਮੁਖੀ ਨੀਤੀਆਂ ‘ਤੇ ਚੈਕ ਲੱਗ ਸਕਦਾ ਹੈ। ਜਪਾਨ ਦੱਖਣੀ ਕੋਰੀਆ ਅਤੇ ਜਰਮਨੀ ਜਿਹੇ ਮੁਲਕਾਂ ਨਾਲ ਅਮਰੀਕਾ ਦੇ ਸੰਬੰਧ ਹੋਰ ਸੁਧਰ ਸਕਦੇ ਹਨ।
