ਸੁਨੀਤਾ ਨਰਾਇਣ
ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਖ਼ਿਲਾਫ਼ ਛੇੜੀ ਗਈ ਤਬਾਹਕੁਨ ਜੰਗ ਨੇ ਦੁਨੀਆ ਭਰ ਦੀ ਊਰਜਾ ਸਪਲਾਈ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਮੀਰ ਤੇ ਗ਼ਰੀਬ- ਦੋਵੇਂ ਕਿਸਮ ਦੇ ਦੇਸ਼ ਆਪਣੇ ਲੋਕਾਂ ਨੂੰ ਚੇਤਾਵਨੀ ਦੇ ਰਹੇ ਹਨ ਕਿ ਆਉਣ ਵਾਲਾ ਸਮਾਂ ਬਹੁਤ ਮੁਸ਼ਕਲ ਹੋ ਸਕਦਾ ਹੈ। ਦੁਨੀਆ ਨੂੰ ਇੱਕ ਅਜਿਹੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਈਂਧਨ ਦੀ ਭਾਰੀ ਕਮੀ ਅਤੇ ਰਾਸ਼ਨਬੰਦੀ ਵਰਗੇ ਹਾਲਾਤ ਬਣ ਸਕਦੇ ਹਨ। ਇੱਥੋਂ ਤੱਕ ਕਿ ਕਾਰਾਂ ਅਤੇ ਹਵਾਈ ਜਹਾਜ਼ਾਂ ਲਈ ਵੀ ਈਂਧਨ ਘੱਟ ਪੈਣ ਦਾ ਖ਼ਤਰਾ ਵੱਧ ਰਿਹਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਵਿੱਖ ਵਿੱਚ ਦੁਨੀਆ ਦੀ ਊਰਜਾ ਪ੍ਰਣਾਲੀ ਕਿਹੋ ਜਿਹੀ ਹੋਵੇਗੀ?
ਜਦੋਂ ਮੈਂ ਇਹ ਗੱਲ ਲਿਖ ਰਹੀ ਹਾਂ, ਤਦ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਟੀ.ਵੀ. ਸਕਰੀਨਾਂ ’ਤੇ ਅਸੀਂ ਬੇਮਤਲਬ ਤਬਾਹੀ ਨੂੰ ਸਾਫ਼ ਦੇਖ ਰਹੇ ਹਾਂ। ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਇਸ ਜੰਗ ਕਾਰਨ ਊਰਜਾ ਸਪਲਾਈ ਵਿੱਚ ਆਏ ਵਿਘਨ ਨੂੰ ਵੀ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਕਈ ਦੇਸ਼ਾਂ ਵਿੱਚ ਰੋਟੀ ਪਕਾਉਣ ਲਈ ਵਰਤੀ ਜਾਣ ਵਾਲੀ ਗੈਸ, ਖ਼ਾਸ ਕਰਕੇ ਐਲ.ਪੀ.ਜੀ. ਦੀ ਕਮੀ ਹੋ ਰਹੀ ਹੈ। ਆਮ ਲੋਕ ਗੈਸ ਹਾਸਲ ਕਰਨ ਲਈ ਆਪਣੀ ਕਮਾਈ ਦਾ ਵੱਡਾ ਹਿੱਸਾ ਖ਼ਰਚ ਕਰਨ ਲਈ ਮਜਬੂਰ ਹਨ। ਗੈਸ ਏਜੰਸੀਆਂ ਅਤੇ ਪੈਟਰੋਲ ਪੰਪਾਂ ’ਤੇ ਲੰਬੀਆਂ ਕਤਾਰਾਂ ਮੁੜ ਆਮ ਦ੍ਰਿਸ਼ ਬਣ ਰਹੀਆਂ ਹਨ। ਇਸ ਕਾਰਨ ਖ਼ਰਚ ਵੱਧ ਰਿਹਾ ਹੈ ਅਤੇ ਲੋਕਾਂ ਲਈ ਜੀਵਨ ਹੋਰ ਮਹਿੰਗਾ ਹੁੰਦਾ ਜਾ ਰਿਹਾ ਹੈ।
ਜ਼ਿਆਦਾਤਰ ਦੇਸ਼ਾਂ ਵਿੱਚ, ਖ਼ਾਸ ਕਰਕੇ ਸਾਡੇ ਖੇਤਰ ਵਿੱਚ, ਈਂਧਨ ਦੀ ਦਰਾਮਦ ਵਪਾਰ ਘਾਟੇ ’ਤੇ ਸਭ ਤੋਂ ਵੱਡਾ ਬੋਝ ਬਣੀ ਹੋਈ ਹੈ। ਅਜਿਹੇ ਹਾਲਾਤ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਪੂਰੀ ਅਰਥਵਿਵਸਥਾ ਨੂੰ ਹਿਲਾ ਸਕਦੀਆਂ ਹਨ। ਇਸ ਤੋਂ ਇਲਾਵਾ ਖਾਦਾਂ ਦੀ ਵਿਸ਼ਵ ਪੱਧਰੀ ਕਮੀ ਦਾ ਡਰ ਵੀ ਵੱਧ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਹੋ ਸਕਦਾ ਹੈ, ਜੋ ਪਹਿਲਾਂ ਹੀ ਮੌਸਮੀ ਤਬਦੀਲੀ ਕਾਰਨ ਅਜੀਬ ਮੌਸਮ ਅਤੇ ਵਧ ਰਹੀਆਂ ਖਾਦ ਪਦਾਰਥਾਂ ਦੀਆਂ ਕੀਮਤਾਂ ਨਾਲ ਜੂਝ ਰਹੇ ਹਨ।
ਹੁਣ ਸਵਾਲ ਇਹ ਉੱਠਦਾ ਹੈ ਕਿ ਊਰਜਾ ਖੇਤਰ ਨੂੰ ਲੱਗੇ ਇਸ ਝਟਕੇ ਦਾ ਅਗਲੇ ਸਮੇਂ ’ਤੇ ਕੀ ਅਸਰ ਪਵੇਗਾ? ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੁਨੀਆ ਊਰਜਾ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਸੀ। ਹੌਲੀ-ਹੌਲੀ ਕੋਲੇ ਦੀ ਥਾਂ ਗਰੀਨ ਐਨਰਜੀ ਲੈ ਰਹੀ ਸੀ। ਵਾਹਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਥਾਂ ਬਿਜਲੀ ਵਾਲੀਆਂ ਗੱਡੀਆਂ ਆ ਰਹੀਆਂ ਸਨ। ਅੰਤਰਰਾਸ਼ਟਰੀ ਨਵਿਆਉਣਯੋਗ ਊਰਜਾ ਏਜੰਸੀ ਦੀ ਮਾਰਚ 2026 ਦੀ ਰਿਪੋਰਟ ਮੁਤਾਬਕ ਸਾਲ 2025 ਦੇ ਅੰਤ ਤੱਕ ਦੁਨੀਆ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ ਦਾ ਲਗਭਗ 50 ਫ਼ੀਸਦੀ ਹਿੱਸਾ ਗਰੀਨ ਐਨਰਜੀ ਤੋਂ ਆ ਰਿਹਾ ਸੀ। ਸਾਲ ਦੌਰਾਨ ਜੁੜੀ ਨਵੀਂ ਬਿਜਲੀ ਵਿੱਚੋਂ 85 ਫ਼ੀਸਦੀ ਗਰੀਨ ਐਨਰਜੀ ਸਰੋਤਾਂ ਤੋਂ ਸੀ, ਜਿਸ ਵਿੱਚ ਸਭ ਤੋਂ ਵੱਡਾ ਹਿੱਸਾ ਸੂਰਜੀ ਅਤੇ ਹਵਾ ਊਰਜਾ ਦਾ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬਦਲਾਅ ਸਿਰਫ਼ ਚੀਨ ਜਾਂ ਯੂਰਪ ਵਿੱਚ ਹੀ ਨਹੀਂ ਹੋ ਰਿਹਾ ਸੀ। ਹਾਲ ਹੀ ਵਿੱਚ ਥਿੰਕ ਟੈਂਕ ‘ਐਂਬਰ’ ਅਤੇ 74 ਮੌਸਮੀ ਤੌਰ ’ਤੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਦੇ ਗਠਜੋੜ ਵੱਲੋਂ ਜਾਰੀ ਰਿਪੋਰਟ ਵਿੱਚ ਪਤਾ ਲੱਗਾ ਕਿ ਇਹ ਦੇਸ਼ ਤੇਜ਼ੀ ਨਾਲ ਨਵੀਂ ਊਰਜਾ ਤਕਨੀਕ ਅਪਣਾ ਰਹੇ ਹਨ। ਇਸ ਦਾ ਕਾਰਨ ਸਿਰਫ਼ ਮੌਸਮੀ ਤਬਦੀਲੀ ਨਹੀਂ, ਸਗੋਂ ਇਹ ਹੈ ਕਿ ਇਹ ਤਕਨੀਕ ਸਸਤੀ, ਤੇਜ਼ ਅਤੇ ਵਧੇਰੇ ਭਰੋਸੇਯੋਗ ਹੈ।
ਇਹ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ ਈਂਧਨ ਦਰਾਮਦ ਕਰਨ ’ਤੇ ਨਿਰਭਰ ਹਨ। ਉਨ੍ਹਾਂ ਲਈ ਊਰਜਾ ਸੰਕਟ ਬਹੁਤ ਹਕੀਕੀ ਸਮੱਸਿਆ ਹੈ। ਅੱਜ ਵੀ 70 ਕਰੋੜ ਤੋਂ ਵੱਧ ਲੋਕਾਂ ਕੋਲ ਬੁਨਿਆਦੀ ਜ਼ਰੂਰਤਾਂ ਲਈ ਭਰੋਸੇਯੋਗ ਊਰਜਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਉਹ ਹਾਲੇ ਤੱਕ ਪੂਰੀ ਤਰ੍ਹਾਂ ਬਿਜਲੀ ਗਰਿੱਡ ਨਾਲ ਨਹੀਂ ਜੁੜੇ ਅਤੇ ਇਸ ਲਈ ਉਹ ਨਵੀਂ ਊਰਜਾ ਪ੍ਰਣਾਲੀ ਨੂੰ ਹੋਰ ਤੇਜ਼ੀ ਨਾਲ ਅਪਣਾ ਸਕਦੇ ਹਨ। ਹੁਣ ਸੂਰਜੀ ਪੈਨਲਾਂ, ਬੈਟਰੀਆਂ ਅਤੇ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਕਾਫ਼ੀ ਘੱਟ ਹੋ ਗਈ ਹੈ ਅਤੇ ਚੀਨ ਤੋਂ ਹੋ ਰਹੀ ਦਰਾਮਦ ਵੀ ਉਨ੍ਹਾਂ ਲਈ ਫ਼ਾਇਦੇਮੰਦ ਸਾਬਤ ਹੋ ਰਹੀ ਹੈ। ਇਸ ਕਾਰਨ ਇਹ ਦੇਸ਼ ਸਿੱਧੇ ਤੌਰ ’ਤੇ ਗਰੀਨ ਐਨਰਜੀ ਵੱਲ ਵਧ ਸਕਦੇ ਹਨ ਅਤੇ ਪੁਰਾਣੇ ਰਵਾਇਤੀ ਈਂਧਨਾਂ ਨੂੰ ਪਿੱਛੇ ਛੱਡ ਸਕਦੇ ਹਨ।
ਰਿਪੋਰਟ ਮੁਤਾਬਕ ਨਾਮੀਬੀਆ ਅਤੇ ਟੋਂਗੋ ਸੂਰਜੀ ਊਰਜਾ ਉਤਪਾਦਨ ਵਿੱਚ ਅੱਗੇ ਹਨ, ਜਦਕਿ ਜਾਰਡਨ ਅਤੇ ਕਿਰਗਿਜ਼ਸਤਾਨ ਬੈਟਰੀਆਂ ਦੀ ਵਿਕਰੀ ਵਿੱਚ ਅੱਗੇ ਨਜ਼ਰ ਆ ਰਹੇ ਹਨ। ਨੇਪਾਲ ਅਤੇ ਸ੍ਰੀਲੰਕਾ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਇਨ੍ਹਾਂ ਦੋਵੇਂ ਦੇਸ਼ਾਂ ਵਿੱਚ ਲਗਭਗ 70 ਫ਼ੀਸਦੀ ਨਵੀਆਂ ਗੱਡੀਆਂ ਇਲੈਕਟ੍ਰਿਕ ਹਨ।
ਮੌਜੂਦਾ ਜੰਗ ਅਤੇ ਸੰਕਟ ਨੇ ਊਰਜਾ ਦਰਾਮਦ ਦੀ ਲਾਗਤ ਹੋਰ ਵਧਾ ਦਿੱਤੀ ਹੈ। ਇਸ ਨਾਲ ਦੇਸ਼ਾਂ ਨੂੰ ਊਰਜਾ ਸੁਰੱਖਿਆ ਦੀ ਮਹੱਤਤਾ ਦਾ ਹੋਰ ਵੱਧ ਅਹਿਸਾਸ ਹੋਇਆ ਹੈ। ਹੁਣ ਦੁਨੀਆ ਵਿੱਚ ਤੇਲ ਅਤੇ ਗੈਸ ਦੇ ਨਵੇਂ ਸਰੋਤਾਂ ’ਤੇ ਕਬਜ਼ਾ ਕਰਨ ਦੀ ਦੌੜ ਸ਼ੁਰੂ ਹੋ ਗਈ ਹੈ। ਨਾਈਜੀਰੀਆ, ਗੁਯਾਨਾ, ਰੂਸ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਊਰਜਾ ਹਾਸਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਨਾਲ ਕਈ ਦੇਸ਼ ਆਪਣੇ ਹੀ ਸਰੋਤਾਂ, ਜਿਵੇਂ ਕੋਲਾ ਅਤੇ ਲੱਕੜੀ ਦਾ ਕੋਲਾ, ਵਧੇਰੇ ਵਰਤ ਸਕਦੇ ਹਨ, ਹਾਲਾਂਕਿ ਇਹ ਦੋਵੇਂ ਪ੍ਰਦੂਸ਼ਣ ਵਧਾਉਂਦੇ ਹਨ।
ਪਰ ਇਸ ਦੇ ਨਾਲ ਇਹ ਸੰਕਟ ਰਵਾਇਤੀ ਈਂਧਨਾਂ ਤੋਂ ਦੂਰ ਜਾਣ ਦੀ ਰਫ਼ਤਾਰ ਨੂੰ ਵੀ ਤੇਜ਼ ਕਰ ਸਕਦਾ ਹੈ, ਕਿਉਂਕਿ ਹੁਣ ਸੂਰਜੀ ਪੈਨਲ ਅਤੇ ਬੈਟਰੀਆਂ ਵੱਧ ਮਾਤਰਾ ਵਿੱਚ ਉਪਲਬਧ ਹਨ।
ਇਹ ਸਾਰੀਆਂ ਗੱਲਾਂ ਭਵਿੱਖ ਦੀ ਊਰਜਾ ਪ੍ਰਣਾਲੀ ਨੂੰ ਨਵਾਂ ਰੂਪ ਦੇਣ ਵਾਲੀਆਂ ਹਨ। ਮੌਜੂਦਾ ਤੇਲ ਅਤੇ ਗੈਸ ਸੰਕਟ ਸਿਰਫ਼ ਕੁਝ ਸਮੇਂ ਲਈ ਨਹੀਂ ਹੈ। ਹੌਰਮੂਜ਼ ਜਲ-ਰਸਤੇ ਦੇ ਬੰਦ ਹੋਣ ਨਾਲ ਦੁਨੀਆ ਦੇ ਲਗਭਗ 20 ਫ਼ੀਸਦੀ ਤੇਲ ਸਪਲਾਈ ਰਸਤੇ ਪ੍ਰਭਾਵਿਤ ਹੋਏ ਹਨ। ਭਾਵੇਂ ਇਹ ਰਸਤਾ ਮੁੜ ਖੁੱਲ੍ਹ ਵੀ ਜਾਵੇ, ਪਰ ਖੇਤਰ ਵਿੱਚ ਹੋਏ ਨੁਕਸਾਨ ਦੀ ਮੁਰੰਮਤ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਸਸਤੇ ਅਤੇ ਬਹੁਤਾਤ ਵਾਲੇ ਰਵਾਇਤੀ ਈਂਧਨਾਂ ਦਾ ਯੁੱਗ ਹੁਣ ਖ਼ਤਮ ਹੋ ਰਿਹਾ ਹੈ।
ਊਰਜਾ ਦੀ ਕੀਮਤ ਹੀ ਆਰਥਿਕ ਤਰੱਕੀ ਦੀ ਕੀਮਤ ਹੁੰਦੀ ਹੈ। ਇਸ ਬਦਲੇ ਹੋਏ ਸਮੇਂ ਵਿੱਚ ਦੇਸ਼ਾਂ ਨੂੰ ਊਰਜਾ ਸੁਰੱਖਿਆ ਲਈ ਨਵੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ। ਗਰੀਨ ਐਨਰਜੀ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਵਰਗੀ ਤਕਨੀਕ ਦੇਸ਼ਾਂ ਦੀ ਉਦਯੋਗਿਕ ਨੀਤੀ ਦਾ ਅਹਿਮ ਹਿੱਸਾ ਬਣੇਗੀ। ਨਾਲ ਹੀ ਇਹ ਵੀ ਸੋਚਣਾ ਪਵੇਗਾ ਕਿ ਊਰਜਾ ਸੁਰੱਖਿਆ ਨਾਲ ਜੁੜੀ ਸਪਲਾਈ ਚੇਨ ਕਿਵੇਂ ਮਜਬੂਤ ਕੀਤੀ ਜਾਵੇ।
ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਵਿਚਕਾਰ ਸਾਫ਼ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਇਸ ਵਾਰ ਸਾਫ਼ ਊਰਜਾ ਵੱਲ ਬਦਲਾਅ ਦਾ ਕਾਰਨ ਸਿਰਫ਼ ਮੌਸਮੀ ਤਬਦੀਲੀ ਨਹੀਂ, ਸਗੋਂ ਦੇਸ਼ਾਂ ਦੀ ਆਪਣੀ ਊਰਜਾ ਸੁਰੱਖਿਆ ਹੋਵੇਗੀ। ਇਸ ਨਾਲ ਮੌਸਮੀ ਸੰਕਟ ਘਟਾਉਣ ਦਾ ਫ਼ਾਇਦਾ ਵੀ ਮਿਲ ਸਕਦਾ ਹੈ।
ਪਰ ਦੁੱਖ ਦੀ ਗੱਲ ਇਹ ਹੈ ਕਿ ਭਵਿੱਖ ਆਸਾਨ ਨਹੀਂ ਦਿਸਦਾ। ਅੱਜ ਦਾ ਸਮਾਂ ਸਾਨੂੰ ਦੱਸਦਾ ਹੈ ਕਿ ਦੁਨੀਆ ਇੱਕ ਗਲੋਬਲ ਸਮਾਜ ਵਜੋਂ ਪਿੱਛੇ ਜਾ ਰਹੀ ਹੈ। ਮਨੁੱਖੀ ਤਬਾਹੀ ਅਤੇ ਵਿਨਾਸ਼ ਦੇ ਇਨ੍ਹਾਂ ਮੰਜ਼ਰਾਂ ਨੂੰ ਮੁੜ ਜੋੜਨਾ ਬਹੁਤ ਔਖਾ ਹੋਵੇਗਾ। ਇਕ ਟੁੱਟੀ ਹੋਈ ਅਰਥ-ਵਿਵਸਥਾ ਅਤੇ ਵੰਡੇ ਹੋਏ ਸੰਸਾਰ ਵਿੱਚ ਮੌਸਮੀ ਤਬਦੀਲੀ ਵਰਗੀਆਂ ਵਿਸ਼ਵ ਪੱਧਰੀ ਸਮੱਸਿਆਵਾਂ ਦਾ ਹੱਲ ਲੱਭਣਾ ਹੋਰ ਵੀ ਮੁਸ਼ਕਲ ਬਣ ਜਾਵੇਗਾ।
