*ਪੁਰਾਣੀਆਂ ਤਾਰਾਂ ਬਦਲਦਿਆਂ ਰਾਊਟਰ ਵਿੱਚ ਖ਼ਰਾਬੀ, ਦੋ ਦਿਨਾਂ ਵਿੱਚ 12 ਹਜ਼ਾਰ ਤੋਂ ਵੱਧ ਉਡਾਣਾਂ ਰੱਦ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਵਿੱਚ ਹਵਾਈ ਆਵਾਜਾਈ ਨੂੰ ਆਧੁਨਿਕ ਬਣਾਉਣ ਲਈ ਪੁਰਾਣੀਆਂ ਤਾਂਬੇ ਦੀਆਂ ਤਾਰਾਂ ਦੀ ਥਾਂ ਨਵੀਆਂ ਫਾਈਬਰ ਕੇਬਲਾਂ ਵਿਛਾਉਣ ਦਾ ਕੰਮ ਉਸ ਸਮੇਂ ਵੱਡੇ ਸੰਕਟ ਦਾ ਕਾਰਨ ਬਣ ਗਿਆ, ਜਦੋਂ ਇਸ ਕੰਮ ਦੌਰਾਨ ਲਾਇਆ ਗਿਆ ਇੱਕ ਨਵਾਂ ਰਾਊਟਰ ਖ਼ਰਾਬ ਹੋ ਗਿਆ। ਇਸ ਕਾਰਨ ਹਵਾਈ ਜਹਾਜ਼ਾਂ ਅਤੇ ਹਵਾਈ ਆਵਾਜਾਈ ਕੰਟਰੋਲ ਕੇਂਦਰਾਂ ਵਿਚਾਲੇ ਸੰਚਾਰ ਪ੍ਰਣਾਲੀ ਪ੍ਰਭਾਵਿਤ ਹੋਈ।
ਸੁਰੱਖਿਆ ਨੂੰ ਮੁੱਖ ਰੱਖਦਿਆਂ ਅਮਰੀਕਾ ਦੀ ਹਵਾਈ ਆਵਾਜਾਈ ਸੰਘੀ ਏਜੰਸੀ (ਐੱਫ.ਏ.ਏ.) ਨੂੰ 13 ਨਵੰਬਰ ਨੂੰ ਦੇਸ਼ ਭਰ ਵਿੱਚ ਉਡਾਣਾਂ ਰੋਕਣੀਆਂ ਪਈਆਂ। ਲਗਪਗ ਪੰਜ ਘੰਟੇ ਤੱਕ ਚੱਲੀ ਇਸ ਰੋਕ ਅਤੇ ਉਸ ਤੋਂ ਬਾਅਦ ਪੈਦਾ ਹੋਈਆਂ ਮੁਸ਼ਕਲਾਂ ਕਾਰਨ ਦੋ ਦਿਨਾਂ ਵਿੱਚ 12,500 ਤੋਂ ਵੱਧ ਉਡਾਣਾਂ ਰੱਦ ਹੋ ਗਈਆਂ ਅਤੇ ਹਜ਼ਾਰਾਂ ਹੋਰ ਉਡਾਣਾਂ ਦੇਰੀ ਨਾਲ ਚੱਲੀਆਂ। ਹਵਾਈ ਅੱਡਿਆਂ ਉੱਤੇ ਹਜ਼ਾਰਾਂ ਯਾਤਰੀ ਫਸ ਗਏ।
ਅਮਰੀਕਾ ਦੇ ਆਵਾਜਾਈ ਮੰਤਰੀ ਸੀਨ ਡਫੀ ਨੇ 14 ਨਵੰਬਰ ਨੂੰ ਦੱਸਿਆ ਕਿ ਇਹ ਸਮੱਸਿਆ ਪੁਰਾਣੀਆਂ ਤਾਂਬੇ ਦੀਆਂ ਤਾਰਾਂ ਨੂੰ ਹਟਾ ਕੇ ਫਾਈਬਰ ਕੇਬਲ ਲਾਉਣ ਦੌਰਾਨ ਪੈਦਾ ਹੋਈ। ਇਹ ਕੰਮ ਐੱਲ-3 ਹੈਰਿਸ ਨਾਮ ਦੀ ਕੰਪਨੀ ਕਰ ਰਹੀ ਸੀ, ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਅਮਰੀਕੀ ਹਵਾਈ ਆਵਾਜਾਈ ਪ੍ਰਣਾਲੀ ਨਾਲ ਜੁੜੀ ਹੋਈ ਹੈ।
ਸ਼ੁਰੂਆਤੀ ਜਾਂਚ ਮੁਤਾਬਕ ਨਵੇਂ ਰਾਊਟਰ ਨੇ ਹਵਾਈ ਆਵਾਜਾਈ ਦੇ ਨੈੱਟਵਰਕ ਵਿੱਚ ਵੱਡੀ ਗਿਣਤੀ ਵਿੱਚ ਬੇਲੋੜੀਆਂ ਸੰਚਾਰ ਬੇਨਤੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਅਧਿਕਾਰੀਆਂ ਅਨੁਸਾਰ ਹਰ ਚਾਰ ਤੋਂ ਪੰਜ ਸਕਿੰਟਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਅਜਿਹੀਆਂ ਬੇਨਤੀਆਂ ਆ ਰਹੀਆਂ ਸਨ। ਇਸ ਨਾਲ ਹੋਰ ਰਾਊਟਰਾਂ ਉੱਤੇ ਵੀ ਬੋਝ ਪੈ ਗਿਆ ਅਤੇ ਹਵਾਈ ਜਹਾਜ਼ਾਂ ਨਾਲ ਸੰਚਾਰ ਅਤੇ ਰਡਾਰ ਤੋਂ ਮਿਲਣ ਵਾਲੀ ਜਾਣਕਾਰੀ ਪ੍ਰਭਾਵਿਤ ਹੋਈ।
22 ਵਿੱਚੋਂ 17 ਹਵਾਈ ਆਵਾਜਾਈ ਕੇਂਦਰ ਪ੍ਰਭਾਵਿਤ
ਅਮਰੀਕੀ ਹਵਾਈ ਆਵਾਜਾਈ ਏਜੰਸੀ ਦੇ ਮੁਖੀ ਬ੍ਰਾਇਨ ਬੈੱਡਫੋਰਡ ਨੇ ਦੱਸਿਆ ਕਿ ਦੇਸ਼ ਦੇ 22 ਹਵਾਈ ਆਵਾਜਾਈ ਕੰਟਰੋਲ ਕੇਂਦਰਾਂ ਵਿੱਚੋਂ 17 ਇਸ ਖ਼ਰਾਬੀ ਨਾਲ ਪ੍ਰਭਾਵਿਤ ਹੋਏ। ਇਹ ਕੇਂਦਰ ਅਸਮਾਨ ਵਿੱਚ ਉੱਡ ਰਹੇ ਜਹਾਜ਼ਾਂ ਦੀ ਸਥਿਤੀ ਉੱਤੇ ਨਜ਼ਰ ਰੱਖਦੇ ਹਨ ਅਤੇ ਪਾਇਲਟਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਦੇ ਹਨ। ਹਾਲਾਂਕਿ, ਕਿਸੇ ਵੀ ਕੇਂਦਰ ਦਾ ਸੰਪਰਕ ਪੂਰੀ ਤਰ੍ਹਾਂ ਨਹੀਂ ਟੁੱਟਿਆ ਸੀ, ਪਰ ਸੰਚਾਰ ਅਤੇ ਰਡਾਰ ਦੀ ਜਾਣਕਾਰੀ ਵਿੱਚ ਗੜਬੜ ਕਾਰਨ ਜਹਾਜ਼ਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਸੀ। ਇਸ ਲਈ ਐੱਫ.ਏ.ਏ. ਨੇ ਸਾਵਧਾਨੀ ਵਜੋਂ ਦੇਸ਼ ਭਰ ਵਿੱਚ ਉਡਾਣਾਂ ਰੋਕਣ ਦਾ ਫ਼ੈਸਲਾ ਕੀਤਾ।
ਅਧਿਕਾਰੀਆਂ ਅਨੁਸਾਰ ਜਦੋਂ ਇਹ ਹੁਕਮ ਜਾਰੀ ਹੋਇਆ ਤਾਂ 3,500 ਤੋਂ ਵੱਧ ਜਹਾਜ਼ ਹਵਾ ਵਿੱਚ ਸਨ। ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਹਵਾਈ ਅੱਡਿਆਂ ਉੱਤੇ ਉਤਾਰਨ ਦੀ ਕਾਰਵਾਈ ਕੀਤੀ ਗਈ। ਉਡਾਣਾਂ ਉੱਤੇ ਲੱਗੀ ਰੋਕ ਸ਼ੁੱਕਰਵਾਰ ਰਾਤ ਲਗਪਗ 8 ਵੱਜ ਕੇ 15 ਮਿੰਟ ਉੱਤੇ ਹਟਾ ਦਿੱਤੀ ਗਈ। ਇਸ ਤਰ੍ਹਾਂ ਕਰੀਬ ਪੰਜ ਘੰਟਿਆਂ ਬਾਅਦ ਹਵਾਈ ਆਵਾਜਾਈ ਮੁੜ ਸ਼ੁਰੂ ਹੋਈ।
ਦੋ ਦਿਨਾਂ ਵਿੱਚ ਹਜ਼ਾਰਾਂ ਉਡਾਣਾਂ ਰੱਦ
ਉਡਾਣਾਂ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਫਲਾਈਟਅਵੇਅਰ ਅਨੁਸਾਰ 13 ਨਵੰਬਰ ਨੂੰ ਹੀ ਅਮਰੀਕਾ ਵਿੱਚ 9,100 ਤੋਂ ਵੱਧ ਉਡਾਣਾਂ ਰੱਦ ਹੋਈਆਂ ਅਤੇ 7,000 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। 14 ਨਵੰਬਰ ਦੀ ਸਵੇਰ ਤੱਕ ਹੋਰ ਹਜ਼ਾਰਾਂ ਉਡਾਣਾਂ ਰੱਦ ਹੋ ਚੁੱਕੀਆਂ ਸਨ। ਦੋ ਦਿਨਾਂ ਦਾ ਅੰਕੜਾ 12,500 ਤੋਂ ਪਾਰ ਹੋ ਗਿਆ ਸੀ ਅਤੇ ਇਸ ਵਿੱਚ ਹੋਰ ਵਾਧੇ ਦੀ ਸੰਭਾਵਨਾ ਸੀ।
ਇਸ ਸੰਕਟ ਦਾ ਅਸਰ ਸਿਰਫ਼ ਉਡਾਣਾਂ ਰੱਦ ਹੋਣ ਤੱਕ ਸੀਮਤ ਨਹੀਂ ਰਿਹਾ। ਜਹਾਜ਼ਾਂ ਦੇ ਨਿਰਧਾਰਤ ਹਵਾਈ ਅੱਡਿਆਂ ਉੱਤੇ ਨਾ ਪਹੁੰਚ ਸਕਣ ਕਾਰਨ ਪਾਇਲਟਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਡਿਊਟੀਆਂ ਦੀ ਸਮਾਂ-ਸਾਰਣੀ ਵੀ ਵਿਗੜ ਗਈ। ਕਈ ਜਹਾਜ਼ ਅਤੇ ਉਨ੍ਹਾਂ ਦੇ ਚਾਲਕ ਦਲ ਆਪਣੀਆਂ ਅਗਲੀਆਂ ਉਡਾਣਾਂ ਲਈ ਨਿਰਧਾਰਤ ਥਾਵਾਂ ਉੱਤੇ ਨਹੀਂ ਪਹੁੰਚ ਸਕੇ। ਇਸ ਕਾਰਨ ਉਡਾਣਾਂ ਮੁੜ ਸ਼ੁਰੂ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਦੇਰੀ ਅਤੇ ਰੱਦ ਹੋਣ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਨਿਊ ਯਾਰਕ, ਬੋਸਟਨ ਸਮੇਤ ਕਈ ਵੱਡੇ ਹਵਾਈ ਅੱਡਿਆਂ ਉੱਤੇ ਯਾਤਰੀਆਂ ਦੀ ਭੀੜ ਲੱਗੀ ਰਹੀ। ਕਈ ਲੋਕਾਂ ਨੂੰ ਆਪਣੀਆਂ ਅਗਲੀਆਂ ਉਡਾਣਾਂ ਲਈ ਲੰਮਾ ਇੰਤਜ਼ਾਰ ਕਰਨਾ ਪਿਆ।
ਕੰਪਨੀ ਦੀ ਗ਼ਲਤੀ ਜਾਂ ਰਾਊਟਰ ਵਿੱਚ ਨੁਕਸ, ਜਾਂਚ ਜਾਰੀ
ਆਵਾਜਾਈ ਮੰਤਰੀ ਸੀਨ ਡਫੀ ਨੇ ਕਿਹਾ ਕਿ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਰਾਊਟਰ ਵਿੱਚ ਪਹਿਲਾਂ ਤੋਂ ਹੀ ਕੋਈ ਤਕਨੀਕੀ ਨੁਕਸ ਸੀ ਜਾਂ ਉਸ ਨੂੰ ਲਾਉਣ ਅਤੇ ਚਾਲੂ ਕਰਨ ਸਮੇਂ ਕੰਪਨੀ ਦੇ ਮੁਲਾਜ਼ਮਾਂ ਤੋਂ ਕੋਈ ਗ਼ਲਤੀ ਹੋਈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਕਾਰਨ ਸਾਹਮਣੇ ਆਵੇਗਾ ਅਤੇ ਜੇਕਰ ਕਿਸੇ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਐੱਫ.ਏ.ਏ. ਦੇ ਮੁਖੀ ਬ੍ਰਾਇਨ ਬੈੱਡਫੋਰਡ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਇਸ ਘਟਨਾ ਪਿੱਛੇ ਕਿਸੇ ਸਾਈਬਰ ਹਮਲੇ ਜਾਂ ਨਕਲੀ ਬੁੱਧੀ (ਏ.ਆਈ.) ਦੀ ਵਰਤੋਂ ਦਾ ਕੋਈ ਸਬੂਤ ਨਹੀਂ ਮਿਲਿਆ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਵੀ ਕਿਹਾ ਕਿ ਜਾਂਚ ਵਿੱਚ ਕਿਸੇ ਬਾਹਰੀ ਸਾਈਬਰ ਹਮਲੇ ਦੇ ਸੰਕੇਤ ਨਹੀਂ ਮਿਲੇ।
ਐੱਫ.ਏ.ਏ. ਨੇ ਇਸੇ ਕਿਸਮ ਦੇ ਲਗਪਗ 60 ਰਾਊਟਰਾਂ ਦੇ ਕੁਝ ਕੰਮਕਾਜ ਨੂੰ ਅਸਥਾਈ ਤੌਰ `ਤੇ ਬੰਦ ਕਰਕੇ ਜਾਂਚ ਸ਼ੁਰੂ ਕੀਤੀ ਹੈ। ਕੰਪਨੀ ਐੱਲ-3 ਹੈਰਿਸ ਨੇ ਵੀ ਕਿਹਾ ਹੈ ਕਿ ਉਹ ਜਾਂਚ ਵਿੱਚ ਸਰਕਾਰੀ ਏਜੰਸੀ ਦੀ ਮਦਦ ਕਰ ਰਹੀ ਹੈ। ਕੰਪਨੀ ਮੁਤਾਬਕ ਪੁਰਾਣੀ ਸੰਚਾਰ ਪ੍ਰਣਾਲੀ ਨੂੰ ਨਵੀਂ ਤਕਨੀਕ ਨਾਲ ਬਦਲਣ ਦਾ 70 ਫ਼ੀਸਦੀ ਤੋਂ ਵੱਧ ਕੰਮ ਪੂਰਾ ਹੋ ਚੁੱਕਾ ਸੀ।
ਪੁਰਾਣੀ ਤਕਨੀਕ ਅਮਰੀਕੀ ਹਵਾਈ ਆਵਾਜਾਈ ਲਈ ਵੱਡੀ ਚੁਣੌਤੀ
ਇਸ ਘਟਨਾ ਨੇ ਅਮਰੀਕਾ ਦੀ ਹਵਾਈ ਆਵਾਜਾਈ ਪ੍ਰਣਾਲੀ ਵਿੱਚ ਲੰਮੇ ਸਮੇਂ ਤੋਂ ਚੱਲ ਰਹੀਆਂ ਤਕਨੀਕੀ ਕਮੀਆਂ ਨੂੰ ਮੁੜ ਚਰਚਾ ਵਿੱਚ ਲੈ ਆਂਦਾ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ ਹਵਾਈ ਆਵਾਜਾਈ ਪ੍ਰਣਾਲੀਆਂ ਵਿੱਚ ਸ਼ਾਮਲ ਅਮਰੀਕਾ ਦੀ ਇਹ ਪ੍ਰਣਾਲੀ ਅਜੇ ਵੀ ਕਈ ਥਾਵਾਂ ਉੱਤੇ ਦਹਾਕਿਆਂ ਪੁਰਾਣੇ ਸਾਜ਼ੋ-ਸਾਮਾਨ ਅਤੇ ਸੰਚਾਰ ਤਕਨੀਕ ਉੱਤੇ ਨਿਰਭਰ ਹੈ।
ਪੁਰਾਣੀਆਂ ਤਾਂਬੇ ਦੀਆਂ ਤਾਰਾਂ ਰਾਹੀਂ ਆਵਾਜ਼ ਅਤੇ ਹੋਰ ਜਾਣਕਾਰੀ ਭੇਜਣ ਵਾਲੀ ਪ੍ਰਣਾਲੀ ਦੀ ਥਾਂ ਹੁਣ ਫਾਈਬਰ ਆਪਟਿਕ ਕੇਬਲਾਂ ਅਤੇ ਡਿਜੀਟਲ ਤਕਨੀਕ ਲਿਆਂਦੀ ਜਾ ਰਹੀ ਹੈ। ਫਾਈਬਰ ਕੇਬਲਾਂ ਰਾਹੀਂ ਜਾਣਕਾਰੀ ਤੇਜ਼ੀ ਨਾਲ ਅਤੇ ਵਧੇਰੇ ਸਮਰੱਥਾ ਨਾਲ ਭੇਜੀ ਜਾ ਸਕਦੀ ਹੈ, ਪਰ ਪੁਰਾਣੀ ਪ੍ਰਣਾਲੀ ਨੂੰ ਚਾਲੂ ਰੱਖਦਿਆਂ ਨਵੀਂ ਤਕਨੀਕ ਨਾਲ ਜੋੜਨ ਦਾ ਕੰਮ ਕਾਫ਼ੀ ਗੁੰਝਲਦਾਰ ਹੈ।
ਰਾਇਟਰਜ਼ ਦੀ ਰਿਪੋਰਟ ਅਨੁਸਾਰ ਅਮਰੀਕੀ ਹਵਾਈ ਆਵਾਜਾਈ ਏਜੰਸੀ ਪੁਰਾਣੇ ਸੰਚਾਰ ਨੈੱਟਵਰਕ ਦੀ ਦੇਖਭਾਲ ਉੱਤੇ ਹਰ ਸਾਲ ਲਗਪਗ ਇੱਕ ਅਰਬ ਡਾਲਰ ਖ਼ਰਚ ਕਰਦੀ ਹੈ। ਇਸ ਤੋਂ ਪਹਿਲਾਂ ਵੀ ਸੰਚਾਰ ਪ੍ਰਣਾਲੀ ਵਿੱਚ ਫਾਈਬਰ ਕੇਬਲ ਕੱਟਣ, ਕੰਪਿਊਟਰ ਫਾਈਲਾਂ ਗ਼ਲਤੀ ਨਾਲ ਮਿਟਾਉਣ ਅਤੇ ਤਕਨੀਕੀ ਉਪਕਰਨਾਂ ਵਿੱਚ ਖ਼ਰਾਬੀ ਕਾਰਨ ਉਡਾਣਾਂ ਪ੍ਰਭਾਵਿਤ ਹੋ ਚੁੱਕੀਆਂ ਹਨ। ਸਤੰਬਰ 2026 ਵਿੱਚ ਵੀ ਪੈਨਸਿਲਵੇਨੀਆ ਅਤੇ ਨਿਊ ਜਰਸੀ ਦੇ ਇਲਾਕਿਆਂ ਵਿੱਚ ਸੰਚਾਰ ਕੇਬਲਾਂ ਨਾਲ ਜੁੜੀ ਸਮੱਸਿਆ ਕਾਰਨ ਹਜ਼ਾਰਾਂ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਮੌਜੂਦਾ ਸੰਕਟ ਕੋਈ ਇਕੱਲੀ ਘਟਨਾ ਨਹੀਂ, ਸਗੋਂ ਪੁਰਾਣੇ ਢਾਂਚੇ ਨਾਲ ਜੁੜੀ ਵੱਡੀ ਸਮੱਸਿਆ ਦਾ ਹਿੱਸਾ ਹੈ।
ਹਵਾਈ ਆਵਾਜਾਈ ਪ੍ਰਣਾਲੀ ਦੇ ਨਵੀਨੀਕਰਨ ਲਈ 50 ਅਰਬ ਡਾਲਰ ਦੀ ਮੰਗ
ਇਸ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਹਵਾਈ ਆਵਾਜਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਉਣ ਲਈ ਵਧੇਰੇ ਪੈਸਾ ਦੇਣ ਦੀ ਮੰਗ ਤੇਜ਼ ਹੋ ਗਈ ਹੈ। ਆਵਾਜਾਈ ਮੰਤਰੀ ਸੀਨ ਡਫੀ ਨੇ ਇਸ ਕੰਮ ਲਈ ਅਮਰੀਕੀ ਸੰਸਦ ਤੋਂ 50 ਅਰਬ ਡਾਲਰ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸੰਕਟ ਨੂੰ ਦੇਸ਼ ਦੀ ਹਵਾਈ ਆਵਾਜਾਈ ਲਈ ਐਮਰਜੈਂਸੀ ਸਥਿਤੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਪੁਰਾਣੇ ਸਾਜ਼ੋ-ਸਾਮਾਨ ਨੂੰ ਸਮੇਂ ਸਿਰ ਨਾ ਬਦਲਿਆ ਗਿਆ ਤਾਂ ਅਜਿਹੀਆਂ ਘਟਨਾਵਾਂ ਮੁੜ ਵਾਪਰ ਸਕਦੀਆਂ ਹਨ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਹਵਾਈ ਆਵਾਜਾਈ ਪ੍ਰਣਾਲੀ ਦੇ ਨਵੀਨੀਕਰਨ ਲਈ 30.1 ਅਰਬ ਡਾਲਰ ਦੀ ਮੰਗ ਕੀਤੀ ਸੀ। ਅਮਰੀਕੀ ਸੰਸਦ ਨੇ ਪਿਛਲੇ ਸਾਲ ਇਸ ਕੰਮ ਲਈ 12.5 ਅਰਬ ਡਾਲਰ ਮਨਜ਼ੂਰ ਕੀਤੇ ਸਨ; ਪਰ ਇਸ ਵਿੱਚੋਂ ਹੁਣ ਤੱਕ ਸਿਰਫ਼ ਇੱਕ ਅਰਬ ਡਾਲਰ ਹੀ ਖ਼ਰਚ ਹੋਣ ਦਾ ਮੁੱਦਾ ਵੀ ਉੱਠਿਆ ਹੈ।
ਅਮਰੀਕੀ ਸੰਸਦ ਦੇ ਹੇਠਲੇ ਸਦਨ ਦੇ ਸਪੀਕਰ ਮਾਈਕ ਜੌਨਸਨ ਨੇ ਕਿਹਾ ਹੈ ਕਿ ਉਹ ਹਵਾਈ ਆਵਾਜਾਈ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਹੋਰ ਪੈਸਾ ਦੇਣ ਦੇ ਹੱਕ ਵਿੱਚ ਹਨ। ਦੂਜੇ ਪਾਸੇ ਕੁਝ ਸੰਸਦ ਮੈਂਬਰਾਂ ਨੇ ਸਵਾਲ ਕੀਤਾ ਹੈ ਕਿ ਜਦੋਂ ਪਹਿਲਾਂ ਮਨਜ਼ੂਰ ਕੀਤੇ 12.5 ਅਰਬ ਡਾਲਰ ਵਿੱਚੋਂ ਵੱਡੀ ਰਕਮ ਖ਼ਰਚ ਹੀ ਨਹੀਂ ਹੋਈ ਤਾਂ ਨਵੇਂ ਫੰਡਾਂ ਦੀ ਮੰਗ ਕਰਨ ਤੋਂ ਪਹਿਲਾਂ ਪੁਰਾਣੀ ਰਕਮ ਦੀ ਵਰਤੋਂ ਦਾ ਹਿਸਾਬ ਕਿਉਂ ਨਹੀਂ ਦਿੱਤਾ ਜਾ ਰਿਹਾ।
ਇਸੇ ਦੌਰਾਨ ਅਮਰੀਕੀ ਸਰਕਾਰੀ ਲੇਖਾ ਜਾਂਚ ਸੰਸਥਾ (ਜੀ.ਏ.ਓ.) ਦੀ ਸਤੰਬਰ 2026 ਦੀ ਰਿਪੋਰਟ ਵਿੱਚ ਵੀ ਹਵਾਈ ਆਵਾਜਾਈ ਪ੍ਰਣਾਲੀ ਦੇ ਨਵੀਨੀਕਰਨ ਦੀ ਧੀਮੀ ਰਫ਼ਤਾਰ ਉੱਤੇ ਚਿੰਤਾ ਪ੍ਰਗਟਾਈ ਗਈ ਸੀ। ਰਿਪੋਰਟ ਅਨੁਸਾਰ ਕਈ ਅਹਿਮ ਤਕਨੀਕੀ ਪ੍ਰਣਾਲੀਆਂ ਨੂੰ ਬਦਲਣ ਵਿੱਚ ਅਜੇ ਕਈ ਸਾਲ ਲੱਗ ਸਕਦੇ ਹਨ ਅਤੇ ਕੁਝ ਪ੍ਰਾਜੈਕਟਾਂ ਦੇ ਖ਼ਰਚੇ ਤੇ ਸਮਾਂ-ਸੀਮਾ ਬਾਰੇ ਵੀ ਸਪੱਸ਼ਟ ਯੋਜਨਾ ਦੀ ਘਾਟ ਹੈ।
ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਹਵਾਈ ਆਵਾਜਾਈ ਵਰਗੀ ਅਤਿ-ਮਹੱਤਵਪੂਰਨ ਪ੍ਰਣਾਲੀ ਵਿੱਚ ਤਕਨੀਕੀ ਤਬਦੀਲੀ ਕਰਦਿਆਂ ਸੁਰੱਖਿਆ ਅਤੇ ਬਦਲਵੇਂ ਪ੍ਰਬੰਧਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇੱਕ ਰਾਊਟਰ ਦੀ ਖ਼ਰਾਬੀ ਨਾਲ ਦੇਸ਼ ਭਰ ਦੀਆਂ ਹਜ਼ਾਰਾਂ ਉਡਾਣਾਂ ਪ੍ਰਭਾਵਿਤ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਆਧੁਨਿਕ ਤਕਨੀਕ ਦੇ ਨਾਲ-ਨਾਲ ਮਜ਼ਬੂਤ ਬਦਲਵੀਂ ਸੰਚਾਰ ਪ੍ਰਣਾਲੀ ਅਤੇ ਸਮੇਂ ਸਿਰ ਨਵੀਨੀਕਰਨ ਵੀ ਓਨੇ ਹੀ ਜ਼ਰੂਰੀ ਹਨ।
