ਹੁਣ ਦੁਨੀਆ ਤਾਕਤਵਰ ਆਗੂਆਂ ਦੇ ਦੌਰ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿੱਥੇ ਹਰ ਦੇਸ਼ ਨੂੰ ਆਪਣਾ ਆਰਥਿਕ ਭਵਿੱਖ, ਆਪਣੇ ਗਠਜੋੜ ਅਤੇ ਖੁਸ਼ਹਾਲੀ ਦਾ ਰਸਤਾ ਖ਼ੁਦ ਤੈਅ ਕਰਨਾ ਪਵੇਗਾ।
ਸੁਨੀਤਾ ਨਰਾਇਣ
“ਪੁਰਾਣੀ ਦੁਨੀਆ ਮਰ ਰਹੀ ਹੈ, ਨਵੀਂ ਦੁਨੀਆ ਜਨਮ ਲੈਣ ਲਈ ਸੰਘਰਸ਼ ਕਰ ਰਹੀ ਹੈ ਅਤੇ ਹੁਣ ਰਾਖਸ਼ਾਂ ਦਾ ਸਮਾਂ ਹੈ।” ਇਤਾਲਵੀ ਦਾਰਸ਼ਨਿਕ ਅੰਟੋਨਿਓ ਗ੍ਰਾਮਸ਼ੀ ਦਾ ਇਹ ਕਹਿਣਾ ਅੱਜ ਰਾਜਨੀਤਿਕ ਅਤੇ ਨੀਤੀਗਤ ਚਰਚਾਵਾਂ ਵਿੱਚ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ, ਤੇ ਇਹ ਗ਼ਲਤ ਵੀ ਨਹੀਂ ਹੈ।
ਸਾਲ 2026 ਨੇ ਦੁਨੀਆ ਦੀ ਮੌਜੂਦਾ ਵਿਵਸਥਾ ਨੂੰ ਹੋਰ ਜ਼ਿਆਦਾ ਅਸਥਿਰ ਅਤੇ ਉਲਝਣ ਭਰੀ ਬਣਾ ਦਿੱਤਾ ਹੈ। ਵਿਸ਼ਵ ਆਰਥਿਕ ਮੰਚ ਵਿੱਚ ਬੋਲਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੁਝ ਤਲਖ਼ ਸੱਚਾਈਆਂ ਵੱਲ ਧਿਆਨ ਦਿਵਾਇਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ਪੁਰਾਣੀ ਵਿਵਸਥਾ ਦੇ ਟੁੱਟਣ ਦਾ ਸਮਾਂ ਹੈ। ਨਿਯਮਾਂ ’ਤੇ ਚੱਲਣ ਵਾਲੀ ਵਿਸ਼ਵ ਵਿਵਸਥਾ ਹੁਣ ਟੁੱਟ ਚੁੱਕੀ ਹੈ ਅਤੇ ਇਸ ਦੇ ਮੁੜ ਪਹਿਲਾਂ ਵਰਗੀ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।
ਆਓ ਇਸ ਨੂੰ ਸਾਫ ਤੌਰ ’ਤੇ ਸਮਝੀਏ। ਹੁਣ ਦੁਨੀਆ ਤਾਕਤਵਰ ਆਗੂਆਂ ਦੇ ਦੌਰ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿੱਥੇ ਹਰ ਦੇਸ਼ ਨੂੰ ਆਪਣਾ ਆਰਥਿਕ ਭਵਿੱਖ, ਆਪਣੇ ਗਠਜੋੜ ਅਤੇ ਖੁਸ਼ਹਾਲੀ ਦਾ ਆਪਣਾ ਰਸਤਾ ਖ਼ੁਦ ਤੈਅ ਕਰਨਾ ਪਵੇਗਾ। ਇਸ ਦਾ ਲੁਕਿਆ ਹੋਇਆ ਅਰਥ ਹੋਰ ਵੀ ਮਹੱਤਵਪੂਰਨ ਹੈ। ਚੀਨ ਅਤੇ ਅਮਰੀਕਾ ਦੇ ਵਿਚਕਾਰ ਸਰਵੋਤਮ ਦੀ ਦੌੜ ਨਵੇਂ ਕਿਸਮ ਦੇ ਤਣਾਅ ਪੈਦਾ ਕਰੇਗੀ। ਇਹ ਤਣਾਅ ਜ਼ਮੀਨ ਅਤੇ ਇਲਾਕਿਆਂ ਨੂੰ ਲੈ ਕੇ ਵੀ ਨਜ਼ਰ ਆਏਗਾ, ਜਿਵੇਂ ਵੈਨੇਜ਼ੁਏਲਾ ਅਤੇ ਗ੍ਰੀਨਲੈਂਡ ਤੋਂ ਬਾਅਦ ਇਰਾਨ ਦੇ ਮਾਮਲਿਆਂ ਵਿੱਚ ਦੇਖਿਆ ਜਾ ਰਿਹਾ ਹੈ, ਤੇ ਤਕਨੀਕ ਦੇ ਖੇਤਰ ਵਿੱਚ ਵੀ-ਜਿਵੇਂ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਅਤੇ ਊਰਜਾ ਦੇ ਮੁਕਾਬਲੇ ਰਵਾਇਤੀ ਇੰਜਣ ਅਤੇ ਤੇਲ, ਗੈਸ ਤੇ ਕੋਇਲੇ ’ਤੇ ਆਧਾਰਿਤ ਅਰਥਵਿਵਸਥਾ।
ਮੁਲਕਾਂ ਦੇ ਵਿਚਕਾਰ ਇਸ ਤਿੱਖੇ ਮੁਕਾਬਲੇ ਵਿੱਚ ਵਿਸ਼ਵ ਪੱਧਰੀ ਸਹਿਯੋਗ ਸਭ ਤੋਂ ਵੱਡਾ ਨੁਕਸਾਨ ਝੱਲ ਰਿਹਾ ਹੈ। ਇਹ ਸਹਿਯੋਗ ਮੌਸਮੀ ਤਬਦੀਲੀ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਬਹੁਤ ਜ਼ਰੂਰੀ ਹੈ। ਇਹ ਵੀ ਸਪੱਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਮਾਮਲਾ ਸਿਰਫ਼ ਮੌਸਮੀ ਤਬਦੀਲੀ ਨਾਲ ਲੜਨ ਲਈ ਲੋੜੀਂਦੇ ਊਰਜਾ ਬਦਲਾਅ ਦਾ ਨਹੀਂ ਰਹਿ ਗਿਆ। ਅਸਲ ਲੜਾਈ ਕੱਚੇ ਮਾਲ ਦੀਆਂ ਸਪਲਾਈ ਲੜੀਆਂ ’ਤੇ ਕਾਬੂ ਦੀ ਹੈ-ਚਾਹੇ ਧਰਤੀ ਦੇ ਦੁਰਲੱਭ ਖਣਿਜ ਹੋਣ ਜਾਂ ਕੋਇਲਾ-ਤੇਲ ਅਤੇ ਉਨ੍ਹਾਂ ਨੂੰ ਤਿਆਰ ਕਰਨ ਵਾਲੀ ਤਕਨੀਕ। ਪੈਟਰੋ-ਦੇਸ਼ਾਂ ਅਤੇ ਬਿਜਲੀ-ਆਧਾਰਿਤ ਦੇਸ਼ਾਂ ਦੇ ਵਿਚਕਾਰ ਦੀ ਖਾਈ ਹਕੀਕਤ ਹੈ ਅਤੇ ਇਹ ਮੁਕਾਬਲਾ ਬਹੁਤ ਕਠੋਰ ਹੈ। ਮੌਸਮੀ ਤਬਦੀਲੀ ਇਸ ਵਿੱਚ ਇਕ ਤਰ੍ਹਾਂ ਦਾ ਸਹਾਇਕ ਨੁਕਸਾਨ ਬਣਦੀ ਜਾ ਰਹੀ ਹੈ। ਪੈਟਰੋ-ਦੇਸ਼ ਉਹ ਹਨ, ਜਿਨ੍ਹਾਂ ਦੀ ਤਾਕਤ ਅਤੇ ਆਮਦਨ ਮੁੱਖ ਤੌਰ ’ਤੇ ਤੇਲ, ਗੈਸ ਤੇ ਕੋਇਲੇ ’ਤੇ ਟਿਕੀ ਹੈ, ਜਦਕਿ ਬਿਜਲੀ-ਆਧਾਰਿਤ ਦੇਸ਼ ਨਵੀਂ ਅਰਥਵਿਵਸਥਾ-ਜਿਵੇਂ ਨਵਿਕਰਨਯੋਗ ਊਰਜਾ, ਬੈਟਰੀਆਂ ਅਤੇ ਸਾਫ਼ ਤਕਨੀਕ ਵੱਲ ਤੇਜ਼ੀ ਨਾਲ ਵਧ ਰਹੇ ਹਨ।
ਅੱਜ ਦੀ ਭੂ-ਰਾਜਨੀਤੀ ਵਿੱਚ ਆਰਕਟਿਕ (ਗ੍ਰੀਨਲੈਂਡ) ਦਾ ਮਹੱਤਵ ਆਪਣੇ ਆਪ ਵਿੱਚ ਇੱਕ ਵੱਡੀ ਵਿਡੰਬਨਾ ਹੈ। ਮੌਸਮੀ ਤਬਦੀਲੀ ਕਾਰਨ ਦੁਨੀਆ ਦਾ ਇਹ ‘ਫ੍ਰਿਜ਼’ ਪਿਘਲ ਰਿਹਾ ਹੈ ਅਤੇ ਹੁਣ ਜਹਾਜ਼ ਧਰਤੀ ਦੇ ‘ਉੱਪਰੀ ਹਿੱਸੇ’ ਰਾਹੀਂ ਮਹਾਦੀਪਾਂ ਦੇ ਵਿਚਕਾਰ ਤੇਜ਼ੀ ਨਾਲ ਸਫ਼ਰ ਕਰ ਸਕਦੇ ਹਨ। ਇਹ ਨਵੇਂ ਸਮੁੰਦਰੀ ਰਸਤੇ ਰਣਨੀਤਕ ਤੌਰ ’ਤੇ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਸ ਨਾਲ ਰੂਸ ਅਤੇ ਚੀਨ ਨੂੰ ਪੱਛਮੀ ਹਿੱਸੇ ਤੱਕ ਪਹੁੰਚ ਵਿੱਚ ਫਾਇਦਾ ਮਿਲ ਸਕਦਾ ਹੈ। ਘਟਦੀ ਬਰਫ਼ ਇਸ ਖੇਤਰ ਦੇ ਤੇਲ ਅਤੇ ਖਣਿਜ ਸਰੋਤਾਂ ਨੂੰ ਵੀ ਵਰਤੋਂ ਲਈ ਖੋਲ੍ਹ ਦੇਵੇਗੀ।
ਜੋ ਗੱਲ ਨਜ਼ਰਅੰਦਾਜ਼ ਹੋ ਰਹੀ ਹੈ, ਉਹ ਇਹ ਹੈ ਕਿ ਦੁਨੀਆ ਦਾ ਇਹ ‘ਫ੍ਰਿਜ਼’ ਵਿਸ਼ਵ ਮੌਸਮੀ ਪ੍ਰਣਾਲੀਆਂ ਨੂੰ ਸੰਤੁਲਿਤ ਰੱਖਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ; ਪਰ ਮੌਜੂਦਾ ਵਪਾਰ-ਕੇਂਦਰਿਤ ਵਿਸ਼ਵ ਵਿਵਸਥਾ ਵਿੱਚ ਇਨ੍ਹਾਂ ਗੱਲਾਂ ਦੀ ਪਰਵਾਹ ਘੱਟ ਰਹਿ ਗਈ ਹੈ। ਹੁਣ ਧਿਆਨ ਸਿਰਫ਼ ਮੁਨਾਫ਼ਾ ਕਮਾਉਣ ’ਤੇ ਹੈ, ਭਾਵੇਂ ਇਸ ਦੀ ਕੀਮਤ ਵਿਸ਼ਵ ਪੱਧਰੀ ਨੁਕਸਾਨ ਹੀ ਕਿਉਂ ਨਾ ਹੋਵੇ।
ਫਿਰ ਸਵਾਲ ਆਉਂਦਾ ਹੈ ਨਵੀਂ ਪੀੜ੍ਹੀ ਦੀ ਤਕਨੀਕ ਵਾਲੀ ਦੁਨੀਆ ਲਈ ਖਣਿਜ ਖੋਜ ਦਾ ਅਤੇ ਇਸ ਦਾ ਖੇਤਰੀ ਦੌੜ ਤੇ ਵਾਤਾਵਰਣ ’ਤੇ ਪ੍ਰਭਾਵ। ਪਹਿਲਾਂ ਇਹ ਧਾਰਨਾ ਸੀ ਕਿ ਦੁਨੀਆ ਕੋਇਲਾ, ਲੋਹੇ ਅਤੇ ਬਾਕਸਾਈਟ ਵਰਗੇ ਖਣਿਜਾਂ ਦੀ ਮੰਗ ਦੇ ਉੱਚ ਬਿੰਦੂ ਦੇ ਨੇੜੇ ਪਹੁੰਚ ਰਹੀ ਹੈ; ਪਰ ਤੇਜ਼ੀ ਨਾਲ ਵਧਦੇ ਬਿਜਲੀਕਰਨ, ਨਵੀਂ ਤਕਨੀਕ ਅਤੇ ਮਸ਼ੀਨੀ ਬੁੱਧੀ ਦੀਆਂ ਜ਼ਰੂਰਤਾਂ ਕਾਰਨ ਹੁਣ ਅੰਦਾਜ਼ਾ ਹੈ ਕਿ ਅਗਲੇ ਲਗਭਗ ਦਸ ਸਾਲਾਂ ਵਿੱਚ ਤਾਂਬੇ ਦੀ ਵਿਸ਼ਵ ਪੱਧਰੀ ਮੰਗ ਦੁੱਗਣੀ ਹੋ ਸਕਦੀ ਹੈ।
ਇਸ ਕਰਕੇ ਸਭ ਤੋਂ ਵੱਡੇ ਤਾਂਬੇ ਦੇ ਭੰਡਾਰ ਵਾਲੇ ਦੇਸ਼-ਪੇਰੂ, ਚਿਲੀ ਅਤੇ ਕਾਂਗੋ-ਹੁਣ ਵਿਸ਼ਵ ਦੀ ਨਜ਼ਰ ਵਿੱਚ ਹਨ। ਵਿਸ਼ਵ ਦੇ ਲਗਭਗ 50 ਫੀਸਦੀ ਤਾਂਬੇ ਦੀ ਪ੍ਰਕਿਰਿਆ ਅਤੇ ਸੋਧ ਚੀਨ ਕਰਦਾ ਹੈ।
ਮੰਗ ਵਧਣ ਨਾਲ ਹੋਰ ਖਾਣਾਂ ਖੁੱਲਣਗੀਆਂ, ਜੋ ਅਕਸਰ ਘਣੇ ਜੰਗਲਾਂ ਅਤੇ ਜੀਵ-ਵਿਭਿੰਨਤਾ ਵਾਲੇ ਖੇਤਰਾਂ ਵਿੱਚ ਹੁੰਦੀਆਂ ਹਨ। ਇਸ ਨਾਲ ਪ੍ਰਦੂਸ਼ਣ ਅਤੇ ਵਾਤਾਵਰਣਕ ਨੁਕਸਾਨ ਵੀ ਵਧੇਗਾ। ਇਹੀ ਹਾਲ ਦੁਰਲੱਭ ਖਣਿਜਾਂ-ਲਿਥੀਅਮ ਤੋਂ ਲੈ ਕੇ ਗ੍ਰਾਫਾਈਟ ਤੱਕ ਦਾ ਵੀ ਹੈ।
ਚੀਨ ਨਾ ਸਿਰਫ਼ ਇਨ੍ਹਾਂ ਸਪਲਾਈ ਲੜੀਆਂ ਨੂੰ ਸੁਰੱਖਿਅਤ ਕਰਨ ਵਿੱਚ ਅੱਗੇ ਨਿਕਲ ਚੁੱਕਾ ਹੈ, ਸਗੋਂ ਨਵੀਨਤਮ ਤਕਨੀਕ ਵਿੱਚ ਵੀ ਅਗਵਾਈ ਕਰ ਰਿਹਾ ਹੈ। ਹੋਰ ਦੇਸ਼ ਹੁਣ ਉਸ ਦੀ ਬਰਾਬਰੀ ਕਰਨ ਲਈ ਨਵੇਂ ਖਾਣ ਸਰੋਤ ਅਤੇ ਸਮਝੌਤੇ ਲੱਭ ਰਹੇ ਹਨ। ਇਸ ਦਾ ਅਸਰ ਸਾਡੇ ਭਵਿੱਖ ’ਤੇ ਕੀ ਹੋਵੇਗਾ, ਇਸ ਦੀ ਝਲਕ ਅੱਜ ਦੇ ਛੋਟੇ-ਛੋਟੇ ਟਕਰਾਵਾਂ ਵਿੱਚ ਹੀ ਦਿਖ ਰਹੀ ਹੈ।
ਮੇਰੇ ਮਨ ਵਿੱਚ ਦੋ ਵੱਡੇ ਸਵਾਲ ਹਨ: ਪਹਿਲਾ, ਜਦੋਂ ਦੇਸ਼ ਉਤਪਾਦਨ ਨੂੰ ਮੁੜ ਆਪਣੇ ਦੇਸ਼ ਵਿੱਚ ਲਿਆ ਰਹੇ ਹਨ, ਤਾਂ ਕੀ ਅਮੀਰ ਦੇਸ਼ ਉੱਚੇ ਵਾਤਾਵਰਣਕ ਅਤੇ ਮਜ਼ਦੂਰੀ ਖਰਚੇ ਮੰਨਣਗੇ, ਜਾਂ ਵਿਸ਼ਵ ਪੱਧਰੀ ਨਿਯਮਾਂ ਨੂੰ ਇਸ ਤਰ੍ਹਾਂ ਬਦਲਣਗੇ ਕਿ ਹਰ ਥਾਂ ਉਤਪਾਦਨ ਮਹਿੰਗਾ ਹੋ ਜਾਵੇ? ਦੂਜਾ, ਦੇਸ਼ਾਂ ਦੀ ਆਪਸੀ ਟੱਕਰ ਅਤੇ ਵੱਖ-ਵੱਖ ਨੀਤੀਆਂ ਮਿਲ ਕੇ ਤਕਨੀਕ ਦੀ ਤਰੱਕੀ ’ਤੇ ਕੀ ਅਸਰ ਪਾਉਣਗੀਆਂ, ਜੋ ਮੌਸਮੀ ਤਬਦੀਲੀ ਨਾਲ ਲੜਨ ਲਈ ਬਹੁਤ ਜ਼ਰੂਰੀ ਹੈ?
ਸਾਰੇ ਦੇਸ਼ ਅੱਜ ਇੱਕ ਮੁਸ਼ਕਲ ਸਥਿਤੀ ਵਿੱਚ ਫਸੇ ਹੋਏ ਹਨ। ਉਨ੍ਹਾਂ ਨੂੰ ਘਰੇਲੂ ਅਤੇ ਦਰਾਮਦੀ ਊਰਜਾ ਦੇ ਵਿਚਕਾਰ ਸੰਤੁਲਨ ਬਣਾਉਣਾ ਪਵੇਗਾ ਅਤੇ ਨਾਲ ਹੀ ਇਹ ਵੀ ਤੈਅ ਕਰਨਾ ਪਵੇਗਾ ਕਿ ਭਵਿੱਖ ਦੀਆਂ ਸਪਲਾਈ ਲੜੀਆਂ ਲਈ ਕਿਹੜੇ ਗਠਜੋੜਾਂ ’ਤੇ ਭਰੋਸਾ ਕੀਤਾ ਜਾਵੇ। ਇੱਕ ਨਵੀਂ ਦੁਨੀਆ ਰੂਪ ਲੈ ਰਹੀ ਹੈ। ਸਾਨੂੰ ਜਲਦੀ ਜਵਾਬ ਲੱਭਣੇ ਪੈਣਗੇ ਤਾਂ ਜੋ ਇਹ ਦੁਨੀਆ ਲੋਕਾਂ ਅਤੇ ਧਰਤੀ ਦੋਹਾਂ ਲਈ ਬਿਹਤਰ ਸਾਬਤ ਹੋ ਸਕੇ।
