ਇਸ ਦਰਦ ਦੀ ਕੀ ਦਵਾ ਹੋਵੇ!

Uncategorized

ਹੱਡੀਂ ਹੰਢਾਏ ਦਰਦ ਦੀ ਚੀਸ ਸਮੁੱਚੇ ਤੌਰ ‘ਤੇ ਕਦੇ ਵੀ ਨਹੀਂ ਜਾਂਦੀ। ਜਦੋਂ ਉਸ ਦਾ ਜ਼ਿਕਰ ਛਿੜਦਾ ਹੈ ਜਾਂ ਜਦੋਂ ਆਲੇ-ਦੁਆਲੇ ਓਹੋ ਜਿਹਾ ਕੁਝ ਵਾਪਰਦਾ ਹੈ ਤਾਂ ਪੀੜ ਮਹਿਸੂਸਦੇ ਲੋਕ ਉਸ ਦਰਦ ਲਈ ਦਵਾ ਦਾ ਆਹਰ-ਪਾਹਰ ਕਰਨ ਦੀ ਸੋਚਦੇ ਹਨ। ਇਹ ਵੱਡੀ ਤ੍ਰਾਸਦੀ ਹੈ ਕਿ ਧਰਮ, ਜਾਤ, ਰੰਗ, ਨਸਲ ਦੇ ਆਧਾਰ ‘ਤੇ ਸਮਾਜ ‘ਚ ਵੰਡੀਆਂ ਪਈਆਂ ਹੋਣ ਕਰ ਕੇ ਸਮਾਜ ਵਿੱਚ ਵਾਪਰਦੀਆਂ ਵੱਖ ਵੱਖ ਕਿਸਮ ਦੀਆਂ ਉਲਟ ਪ੍ਰਵਿਰਤੀਆਂ ਬਾਬਤ ਅਸੀਂ ਖੁਦ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੰਦੇ; ਬਸ ਗਿਣਤੀ ਦੇ ਕੁਝ ਲੋਕਾਂ ਨੂੰ ਛੱਡ ਕੇ। ਇਹ ਸਮਾਜ ਦਾ ਅਸਮਾਜ ਬਣਨ ਵੱਲ ਖਤਰਨਾਕ ਰੁਝਾਨ ਹੈ। ਇਹ ਲੇਖ ਇੰਦਰਜੀਤ ਚੁਗਾਵਾਂ ਦੀ ਪੁਸਤਕ ‘ਕਿਵ ਕੂੜੈ ਤੂਟੈ ਪਾਲ’ ਵਿੱਚੋਂ ਹੈ, ਪਰ ਇਸ ਵਿੱਚ ਉਨ੍ਹਾਂ ਨੇ ਸੰਤਾਲੀ ਦੀ ਵੰਡ ਦਾ ਜ਼ਿਕਰ ਛੋਹਣ ਦੇ ਨਾਲ ਨਾਲ ‘84 ਦੇ ਕਤਲੇਆਮ, ਬੇਇਨਸਾਫੀਆਂ ਤੇ ਮਨੁੱਖੀ ਹੱਕ-ਹਕੂਕਾਂ ਦੀ ਹੋ ਰਹੀ ਲੁੱਟ ਲਈ ਜ਼ਿੰਮੇਵਾਰ ਧਿਰਾਂ ਸਮੇਤ ਭਾਈਚਾਰਿਆਂ ਵਿੱਚ ਫਿਰਕੂ ਜ਼ਹਿਰ ਘੋਲਣ ਵਾਲਿਆਂ ਵਿਰੁੱਧ ਮੌਨ ਤੋੜਨ ਦੀ ਆਰ ਲਾਈ ਹੈ।

 

ਇੰਦਰਜੀਤ ਚੁਗਾਵਾਂ

ਕਿਸੇ ਵੀ ਪਰਿਵਾਰ ਵਲੋਂ ਹੱਡੀਂ ਹੰਢਾਇਆ ਦਰਦ ਪੀੜ੍ਹੀ ਦਰ ਪੀੜ੍ਹੀ ਸਫਰ ਕਰਦਾ ਹੈ। ਇਸ ਦੀ ਚੀਸ ਕਦੋਂ, ਕਿੱਥੇ ਤੇ ਕਿਸ ਰੂਪ ‘ਚ ਸਿਰ ਚੁੱਕ ਲਵੇ, ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਜਦ ਇਹ ਦਰਦ ਸਮੁੱਚੇ ਭਾਈਚਾਰੇ, ਸਮੁੱਚੀ ਮਾਨਵਤਾ ਦਾ ਹੋਵੇ ਤਾਂ ਇਹ ਕਿਤੇ ਵਧੇਰੇ ਕਸ਼ਟਦਾਈ ਤੇ ਪ੍ਰੇਸ਼ਾਨੀ ਭਰਿਆ ਹੁੰਦਾ ਹੈ ਅਤੇ ਇਹ ਦਰਦ ਕਈ ਸੁਆਲ ਵੀ ਨਾਲ ਲੈ ਕੇ ਤੁਰਦਾ ਹੈ।

ਮੈਂ ਬਚਪਨ ‘ਚ ਆਪਣੇ ਭਾਪਾ ਜੀ ਦੇ ਜ਼ਿਆਦਾ ਨੇੜੇ ਸੀ ਤੇ ਉਨ੍ਹਾਂ ਨਾਲ ਈ ਸੌਂਦਾ ਹੁੰਦਾ ਸੀ। ਨਹਿਰੋਂ ਪਾਰ ਆਪਣੇ ਖੇਤਾਂ ਵਿਚਲੇ ਡੇਰੇ ‘ਤੇ, ਜਿਸ ਨੂੰ ਸਾਡੀ ਸਥਾਨਕ ਬੋਲਚਾਲ ‘ਚ ਆਮ ਕਰਕੇ ਖੂਹ ਕਿਹਾ ਜਾਂਦਾ ਹੈ, ਰਾਤ ਨੂੰ ਮੈਂ ਭਾਪਾ ਜੀ ਦੇ ਨਾਲ ਹੀ ਸੌਂਦਾ ਹੁੰਦਾ ਸੀ ਤੇ ਸਕੂਲ ਦਾ ਕੰਮ ਵੀ ਉਥੇ ਈ ਰਾਤ ਨੂੰ ਕਰਦਾ ਸੀ। ਸਾਡੀ ਦੋਹਾਂ ਪਿਓ-ਪੁੱਤ ਦੀ ਪੱਕੀ ਯਾਰੀ ਸੀ। ਭਾਪਾ ਜੀ ਦੇ ਨਾਲ ਬਿਤਾਏ ਇਨ੍ਹਾਂ ਵਰਿ੍ਹਆਂ ‘ਚੋਂ ਇੱਕ ਖਾਸ ਪਹਿਲੂ ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਦੇ ਸੰਦਰਭ ‘ਚ ਮੈਨੂੰ ਅੱਜ ਯਾਦ ਆ ਰਿਹਾ ਹੈ। ਇਨ੍ਹਾਂ ‘ਚੋਂ ਇੱਕ ਹੈ, ਦਿੱਲੀ ਦੇ ਸਿੱਖ ਕਤਲੇਆਮ ਦੇ ਇੱਕ ਮਾਮਲੇ ਦੇ ਸਬੰਧ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਮਿਲੀ ਸਜ਼ਾ ਅਤੇ ਦੂਸਰੀ ਯੂ. ਪੀ. ਦੇ ਬੁਲੰਦ ਸ਼ਹਿਰ ‘ਚ ਫਿਰਕੂ ਹਜ਼ੂਮੀਆਂ ਵੱਲੋਂ ਇੱਕ ਪੁਲਿਸ ਇੰਸਪੈਕਟਰ ਦੇ ਕੀਤੇ ਗਏ ਕਤਲ ਦੇ ਸਬੰਧ ਵਿੱਚ ਅਦਾਕਾਰ ਨਸੀਰੁੱਦੀਨ ਸ਼ਾਹ ਵੱਲੋਂ ਇੱਕ ਇੰਟਰਵਿਊ ਦੌਰਾਨ ਕੀਤੀ ਗਈ ਟਿੱਪਣੀ।

ਮੈਨੂੰ ਨਹੀਂ ਯਾਦ ਕਿ ਕੋਈ ਰਾਤ ਅਜਿਹੀ ਹੋਵੇ, ਜਿਸ ਦਿਨ ਅਸੀਂ ਪਿਓ-ਪੁੱਤ ਨੇ ਪਾਕਿਸਤਾਨ ਬਾਰੇ ਕੋਈ ਗੱਲ ਨਾ ਕੀਤੀ ਹੋਵੇ।

ਭਾਪਾ ਜੀ ਦਾ ਜਨਮ ਲਾਇਲਪੁਰ ਜ਼ਿਲ੍ਹੇ ਦੀ ਜੜ੍ਹਾਂਵਾਲਾ ਤਹਿਸੀਲ ਦੇ ਪਿੰਡ ਪਾਓਲਾਣੀ ਜੰਡਿਆਲਾ, ਚੱਕ ਨੰਬਰ 101 ‘ਚ ਹੋਇਆ ਸੀ। ਉਨ੍ਹਾਂ ਦੀਆਂ ਗੱਲਾਂ ‘ਚ ਪਾਓਲਾਣੀ ਜੰਡਿਆਲਾ ਪੂਰੀ ਤਰ੍ਹਾਂ ਛਾਇਆ ਰਹਿੰਦਾ ਸੀ। ਉਹ ਵਾਰ ਵਾਰ ਆਪਣੇ ਮੁਸਲਿਮ ਦੋਸਤਾਂ ਦੀਆਂ ਗੱਲਾਂ ਕਰਦੇ ਤੇ ਵਾਰ ਵਾਰ ਉਨ੍ਹਾਂ ਦੀਆਂ ਅੱਖਾਂ ਸਿਲ੍ਹੀਆਂ ਹੁੰਦੀਆਂ ਰਹਿੰਦੀਆਂ। ਮੈਂ, ਇੱਕ ਬਾਲ ਉਸ ਸਿਲ੍ਹ ਨੂੰ ਤਾਂ ਨਾ ਸਮਝ ਪਾਉਂਦਾ, ਪਰ ਉਹ ਸਿਲ੍ਹ ਮੇਰੇ ਅੰਦਰ ਜਰੂਰ ਧਸ ਜਾਂਦੀ ਸੀ।

ਕੋਈ ਵੀ ਪੁੱਤ ਜਾਂ ਧੀ ਆਪਣੇ ਮਾਂ-ਬਾਪ ਦੀਆਂ ਅੱਖਾਂ ਵਿੱਚ ਅੱਥਰੂ ਬਰਦਾਸ਼ਤ ਨਹੀਂਂ ਕਰ ਸਕਦਾ। ਮੈਨੂੰ ਇਹ ਅੱਥਰੂ ਬਹੁਤ ਤੰਗ ਕਰਦੇ। ਭਾਪਾ ਜੀ ਨੂੰ ਚੁੱਪ ਤਾਂ ਨਾ ਕਰਵਾ ਸਕਣਾ, ਪਰ ਇਹ ਅਕਸਰ ਪੁੱਛ ਲੈਣਾ ਕਿ ਭਾਪਾ ਜੀ ਤੁਸੀਂ ਰੋ ਕਿਓਂ ਰਹੇ ਓ?

ਉਨ੍ਹਾਂ ਦਾ ਜੁਆਬ ਹੁੰਦਾ ਸੀ, “ਪੁੱਤਰਾ ਤੂੰ ਅਜੇ ਛੋਟੈਂ!”

ਮੈਨੂੰ ਸਮਝ ਨਾ ਆਉਂਦੀ ਕਿ ਛੋਟੇ ਹੋਣ ਦਾ ਕੀ ਮਤਲਬ ਹੋਇਆ!

ਵੰਡ ਵੇਲੇ ਦੇ ਦਿਨਾਂ ਦੀਆਂ ਗੱਲਾਂ ਸੁਣਾਉਣ ਤੋਂ ਉਹ ਅਕਸਰ ਕੰਨੀ ਕਤਰਾਉਂਦੇ, ਪਰ ਨਾ ਚਾਹੁੰਦਿਆਂ ਵੀ ਪਾਕਿਸਤਾਨ-ਹਿੰਦੁਸਤਾਨ ਉਨ੍ਹਾਂ ਦੀਆਂ ਗੱਲਾਂ ‘ਚ ਆਣ ਵੜਦੇ।

ਮੈਂ ਇਹ ਸੁਆਲ ਪੁੱਛੇ ਬਿਨਾ ਨਾ ਰਹਿ ਸਕਦਾ ਕਿ ਵੰਡ ਦਾ ਮਤਲਬ ਕੀ ਹੁੰਦੈ?

ਹਰ ਵੰਡ ਵੇਲੇ ਘਰ ਛੱਡਣਾ ਈ ਪੈਂਦੈ ਭਲਾ?

ਤੁਹਾਨੂੰ ਘਰ ਕਿਓਂ ਛੱਡਣਾ ਪਿਆ? ਵੰਡ ਕਿਓਂ ਹੋਈ?

ਪਾਕਿਸਤਾਨ ਤੇ ਹਿੰਦੁਸਤਾਨ ਦਾ ਮਤਲਬ ਭਲਾ ਬੰਬ ਸੁੱਟਣੇ ਹੁੰਦੈ? ਭਾਪਾ ਜੀ ਸਿਰਫ ਏਨਾ ਕੁ ਆਖ ਛੱਡਦੇ ਕਿ ਮੁਸਲਮਾਨਾਂ ਦੇ ਹਿੱਸੇ ਪਾਕਿਸਤਾਨ ਆਇਆ ਸੀ ਤੇ ਹਿੰਦੂ-ਸਿੱਖਾਂ ਦੇ ਹਿੱਸੇ ਹਿੰਦੁਸਤਾਨ। ਮੈਂ ਸੁਆਲ ਕਰਨਾ ਕਿ ਫੇਰ ਪਾਕਿਸਤਾਨ ਵਾਲੇ ਆਪਣੇ ਦੁਸ਼ਮਣ ਹੋਏ? ਉਨ੍ਹਾਂ ਦਾ ਜੁਆਬ ਹੁੰਦਾ ਸੀ, “ਨਹੀਂ, ਦੁਸ਼ਮਣ ਕਿਵੇਂ ਹੋਏ? ਓਥੇ ਆਪਣਾ ਘਰ ਐ, ਨਨਕਾਣਾ ਸਾਹਿਬ ਓਥੇ ਐ ਤੇ ਮੇਰਾ ਸਕੂਲ ਵੀ।”

ਮੈਂ ਆਖਣਾ ਕਿ ਜੇ ਤੁਸੀਂ ਇੱਧਰ ਆ ਈ ਗਏ ਤਾਂ ਓਧਰਲੇ ਪਾਕਿਸਤਾਨ ਵਿਚਲੇ ਘਰ ਨੂੰ ਆਪਣਾ ਘਰ ਕਿਓਂ ਕਹਿੰਦੇ ਓ? ਆਪਣਾ ਘਰ ਤਾਂ ਇਹ ਆ ਚੁਗਾਵਾਂ ਵਾਲਾ? ਇਹ ਗੱਲ ਉਨ੍ਹਾਂ ਨੂੰ ਚੰਗੀ ਨਾ ਲੱਗਣੀ ਤੇ ਚੁੱਪ ਕਰ ਜਾਣਾ ਤੇ ਮੈਨੂੰ ਸੌਣ ਲਈ ਆਖ ਦੇਣਾ।

ਇਹ ਸੁਆਲ ਉਨ੍ਹਾਂ ਨੂੰ ਜਰੂਰ ਪ੍ਰੇਸ਼ਾਨ ਕਰਦੇ ਹੋਣਗੇ, ਇਹ ਗੱਲ ਮੈਂ ਬਾਅਦ ‘ਚ ਮਹਿਸੂਸ ਕੀਤੀ। ਇਹੀ ਕਾਰਨ ਸੀ ਕਿ ਉਹ ਆਖ ਛੱਡਦੇ ਕਿ ਵੱਡਾ ਹੋਏਂਗਾ ਤਾਂ ਆਪਣੇ ਆਪ ਸਮਝ ਜਾਏਂਗਾ। ਇਹ ਸਭ ਮੇਰੇ ਲਈ ਪ੍ਰੇਸ਼ਾਨੀ ਤੇ ਉਤਸੁਕਤਾ ਪੈਦਾ ਕਰਨ ਵਾਲਾ ਹੁੰਦਾ ਸੀ ਕਿ ਮੈਂ ਹੁਣੇ ਕਿਓਂ ਨਹੀਂ ਸਮਝ ਸਕਦਾ, ਉਹ ਕਿਹੜਾ ਭੇਤ ਹੈ ਜੋ ਮੈਥੋਂ ਲੁਕਾਇਆ ਜਾ ਰਿਹਾ ਹੈ? ਤੇ ਮੇਰਾ ਜੀਅ ਕਰਨਾ ਕਿ ਮੈਂ ਰਾਤੋ ਰਾਤ ਵੱਡਾ ਹੋ ਜਾਵਾਂ। ਉਹ ਦੁੱਖ, ਉਹ ਚੀਸ ਵਗਾਹ ਕੇ ਪਰ੍ਹੇ ਮਾਰਾਂ ਜੋ ਮੇਰੇ ਭਾਪਾ ਜੀ ਨੂੰ ਕਸ਼ਟ ਦੇ ਰਹੀ ਹੈ, ਪਰ ਇਹ ਮੇਰੇ ਵਸ ‘ਚ ਨਹੀਂ ਸੀ।

ਵੰਡ ਦੇ ਹਿਜ਼ਰਤ ਵੇਲੇ ਦੇ ਦਿਨਾਂ ਦੀ ਗੱਲ ਕਰਦਿਆਂ, ਵੱਢ-ਟੁੱਕ ਦੀਆਂ ਗੱਲਾਂ ਦੱਸਦਿਆਂ ਉਹ ਇੱਕ ਹਿਰਦੇਵੇਦਕ ਘਟਨਾ ਦਾ ਜ਼ਿਕਰ ਅਕਸਰ ਕਰਿਆ ਕਰਦੇ ਸਨ ਕਿ ਕਿਸ ਤਰ੍ਹਾਂ ਇੱਕ ਬੱਚਾ ਆਪਣੀ ਮਰੀ ਪਈ ਮਾਂ ਦੀਆਂ ਛਾਤੀਆਂ ਚੁੰਘਣ ਦੀ ਕੋਸ਼ਿਸ਼ ਕਰਦਾ ਰੋ ਰਿਹਾ ਸੀ। ਮੈਂ ਇਹ ਸਭ ਭਾਪਾ ਜੀ ਦੀ ਛਾਤੀ ‘ਤੇ ਸਿਰ ਰੱਖ ਕੇ ਬੜੀ ਨੀਝ ਲਾ ਕੇ ਸੁਣਦਾ। ਭਾਪਾ ਜੀ ਦੀ ਧੜਕਣ ਤੇਜ਼ ਹੋ ਜਾਂਦੀ। ਇਹ ਤੇਜ਼ ਧੜਕਣ ਮੇਰੇ ਅੰਦਰ ਵੀ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਕਰ ਦਿੰਦੀ। ਮੇਰੀਆਂ ਅੱਖਾਂ ਵੀ ਭਰ ਆਉਂਦੀਆਂ। ਭਾਪਾ ਜੀ ਅਜਿਹੇ ਪਲਾਂ ਦੌਰਾਨ ਕਈ ਵਾਰ ਉੱਚੀ ਉੱਚੀ ਰੋਣ ਲੱਗ ਪੈਂਦੇ ਤੇ ਆਖਦੇ, “ਉਹ ਮੇਰਿਆ ਰੱਬਾ! ਉਹ ਦਿਨ ਮੁੜ ਕੇ ਨਾ ਦਿਖਾਈਂ।” ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਵਕਤ ਉਨ੍ਹਾਂ ਦੀ ਮੇਰੇ ਦੁਆਲੇ ਪਕੜ ਹੋਰ ਮਜ਼ਬੂਤ ਹੁੰਦੀ ਜਾਂਦੀ। ਉਹ ਮੈਨੂੰ ਆਪਣੀ ਛਾਤੀ ਨਾਲ ਹੋਰ ਵਧੇਰੇ ਘੁੱਟ ਕੇ ਲਾ ਲੈਂਦੇ।

ਇਸ ਮਜ਼ਬੂਤ ਹੁੰਦੀ ਪਕੜ ਦੀ ਉਸ ਵੇਲੇ ਮੈਨੂੰ ਸਮਝ ਨਹੀਂ ਸੀ, ਮੇਰਾ ਬਾਲ ਮਨ ਭਾਪਾ ਜੀ ਦੇ ਅਹਿਸਾਸ ਦੀ ਥਾਹ ਪਾਉਣ ਦੇ ਸਮਰੱਥ ਨਹੀਂ, ਸੀ ਪਰ ਏਨਾ ਜਰੂਰ ਪਤਾ ਲੱਗ ਜਾਂਦਾ ਸੀ ਕਿ ਭਾਪਾ ਜੀ ਬਹੁਤ ਦੁਖੀ ਹਨ।

ਬਾਅਦ ‘ਚ ਜਵਾਨ ਹੋ ਕੇ ਜਦ ਸਾਹਿਤ ਵੱਲ ਝੁਕਾਅ ਹੋਇਆ ਤਾਂ ਭਾਪਾ ਜੀ ਦੀ ਉਸ ਪਕੜ ਦੀ ਸਮਝ ਪਈ ਕਿ ਉਹ ਤਾਂ ਇੱਕ ਬਾਪ ਦੀ ਪਕੜ ਸੀ, ਜੋ ਜੰਗ ਦੇ ਮੈਦਾਨ ‘ਚੋਂ ਆਪਣੇ ਪੁੱਤ ਨੂੰ ਹਰ ਹਾਲ ਬਚਾਅ ਕੇ ਲੈ ਜਾਣਾ ਚਾਹੁੰਦਾ ਹੈ। ਸਮਝ ਤਾਂ ਬੇਸ਼ੱਕ ਪੈ ਗਈ ਸੀ, ਪਰ ਜਿਸ ਸ਼ਿੱਦਤ ਨਾਲ ਹੁਣ ਪਈ ਹੈ, ਉਸ ਵੇਲੇ ਨਹੀਂ ਪਈ ਸੀ।

ਦਿੱਲੀ ਹਾਈਕੋਰਟ ਨੇ ਜਦ 1984 ਦੇ ਦਿੱਲੀ ਕਤਲੇਆਮ ਦੇ ਇੱਕ ਮਾਮਲੇ ‘ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਲਗਾਤਾਰ 34 ਸਾਲ ਮੁਕੱਦਮਾ ਲੜਨ ਵਾਲੀ ਜਗਦੀਸ਼ ਕੌਰ ਦੀ ਇੰਟਰਵਿਊ ਵੀ ਦੇਖਣ ਨੂੰ ਮਿਲੀ। ਜਗਦੀਸ਼ ਕੌਰ ਜਦ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਪਤੀ ਤੇ ਜਵਾਨ ਪੁੱਤ ਦੀਆਂ ਲਾਸ਼ਾਂ ਦਾ ਸਸਕਾਰ ਘਰ ਦੇ ਅੰਦਰ ਹੀ ਬਚੇ ਖੁਚੇ ਫਰਨੀਚਰ ਨਾਲ ਕੀਤਾ ਸੀ ਤੇ ਜਦ ਉਹ ਸੁਆਲ ਕਰਦੀ ਹੈ ਕਿ ਕਿਸ ਨੂੰ ਆਪਣਾ ਵਤਨ ਕਹੀਏ ਤਾਂ ਮੈਨੂੰ ਭਾਪਾ ਜੀ ਦੀ ਆਪਣੇ ਦੁਆਲੇ ਪਲ ਪਲ ਮਜ਼ਬੂਤ ਹੁੰਦੀ ਪਕੜ ਦਾ ਜਿਸ ਸ਼ਿੱਦਤ ਨਾਲ ਅਹਿਸਾਸ ਹੋਇਆ, ਉਹ ਪਹਿਲੇ ਅਹਿਸਾਸ ਨਾਲੋਂ ਕਿਤੇ ਵਧੇਰੇ ਵੱਖਰਾ ਸੀ।

ਭਾਪਾ ਜੀ ਅਕਸਰ ਕਿਹਾ ਕਰਦੇ ਸਨ ਕਿ ਪਤਾ ਨਹੀਂ ਕੀ ਹਵਾ ਵਗ ਗਈ ਸੀ, ਚੰਗੇ ਭਲੇ ਇਨਸਾਨ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਸਨ। ਉਹ ਦੱਸਦੇ ਹੁੰਦੇ ਸਨ ਕਿ ਕਿਵੇਂ ਉਨ੍ਹਾਂ ਦੇ ਚਾਚੇ, ਸਾਡੇ ਬਾਬੇ ਨੇ ਆਪਣੀ ਦੇਸੀ ਬੰਦੂਕ ਨਾਲ ਫਸਲ ਨੂੰ ਪਾਣੀ ਦੇ ਰਿਹਾ ਇੱਕ ਮੁਸਲਿਮ ਕਿਸਾਨ ਮਾਰ ਮੁਕਾਇਆ ਸੀ, ਜਿਸ ਦਾ ਕੋਈ ਕਸੂਰ ਵੀ ਨਹੀਂ ਸੀ।

ਇਸ ‘ਤੇ ਮੇਰੇ ਮਨ ‘ਚ ਸੰਸਾ ਉਠਦਾ ਕਿ ਕਿਤੇ ਭਾਪਾ ਜੀ ਨੇ ਨਾ ਕੋਈ ਮੁਸਲਮਾਨ ਮਾਰਿਆ ਹੋਵੇ! ਇੱਕ ਵਾਰ ਮੈਂ ਪੁੱਛ ਈ ਲਿਆ, “ਭਾਪਾ ਜੀ, ਤੁਸੀਂ ਕਿੰਨੇ ਮੁਸਲਮਾਨ ਮਾਰੇ?”

ਉਨ੍ਹਾਂ ਮੇਰੇ ਵੱਲ ਥੋੜ੍ਹਾ ਕੌੜ ਨਾਲ ਦੇਖਿਆ, ਪਰ ਫੌਰੀ ਤੌਰ ‘ਤੇ ਕੁੱਝ ਨਹੀਂ ਕਿਹਾ। ਫੇਰ ਮੋਢੇ ਤੋਂ ਫੜ ਕੇ, ਮੇਰੀਆਂ ਅੱਖਾਂ ‘ਚ ਝਾਕਦਿਆਂ ਕਿਹਾ, “ਇਹ ਕਿਵੇਂ ਹੋ ਸਕਦਾ ਭਲਾ! ਤੇਰੇ ਬਾਬੇ ਕੋਲੋਂ ਪਤਾ ਨਹੀਂਂ ਕਿਵੇਂ ਗਲਤੀ ਹੋ ਗਈ! ਤੇਰੇ ਬਾਬੇ (ਭਾਪਾ ਜੀ ਦੇ ਚਾਚੇ) ਵਲੋਂ ਕੀਤੀ ਬੱਜਰ ਗਲਤੀ ਦਾ ਸਾਰੇ ਪਰਿਵਾਰ ਨੇ ਬੁਰਾ ਮਨਾਇਆ ਸੀ। ਆਪਣੇ ਪਰਿਵਾਰ ਦੀ ਮੁਸਲਮਾਨਾਂ ਨਾਲ ਬਹੁਤ ਬਣਦੀ ਸੀ, ਉਹ ਤਾਂ ਸਾਡੇ ਕਾਫਲੇ ਦੇ ਨਾਲ ਦੂਰ ਤੱਕ ਆਏ ਸਨ ਕਿ ਕੋਈ ਵਾਹਰ ਕਾਫਲੇ ਨੂੰ ਨਾ ਘੇਰ ਲਵੇ। ਉਹ ਜਿਹੜੇ ਵੱਢ-ਟੁੱਕ ਤੇ ਲੁੱਟਮਾਰ ਕਰਨ ਵਾਲੇ ਸਨ, ਉਹ ਮੁਸਲਮਾਨ ਨਹੀਂ ਸਨ, ਉਹ ਤਾਂ ਕੋਈ ਹੋਰ ਈ ਸਨ।”

ਮੈਂ ਸੋਚਿਆ ਕਿ ਜੇ ਉਨ੍ਹਾਂ ਨੂੰ ਏਨਾ ਭਰੋਸਾ ਹੈ ਤਾਂ ਫੇਰ ਵੱਢ-ਟੁੱਕ ਕਰਨ ਵਾਲੇ ਕੌਣ ਸਨ? ਭਾਪਾ ਜੀ ਮੇਰੇ ਸੰਸਿਆਂ ਨੂੰ ਦੂਰ ਕਰਦਿਆਂ ਬੋਲਦੇ, “ਇਕੱਲਾ ਪੁੱਤ ਸੀ ਮਾਪਿਆਂ ਦਾ। ਉਸ ਵੇਲੇ ਪੂਰਾ ਜਵਾਨ ਨਹੀਂ ਸੀ। ਸ਼ਾਇਦ ਇਸੇ ਕਰਕੇ ਵੱਢ-ਟੁੱਕ ਤੋਂ ਬਹੁਤ ਦੂਰ ਰਿਹਾ। ਮੈਂ ਹੀ ਨਹੀਂ, ਤੇਰੇ ਚਾਚੇ (ਭਾਪਾ ਜੀ ਦੇ ਚਚੇਰੇ ਭਰਾ) ਵੀ ਦੂਰ ਰਹੇ ਇਸ ਖੂਨ ਖਰਾਬੇ ਤੋਂ। ਉਹ ਤਾਂ ਮੇਰੇ ਤੋਂ ਕਾਫੀ ਛੋਟੇ ਸਨ।” ਇਹ ਆਖ ਕੇ ਉਨਾਂ ਮੈਨੂੰ ਆਪਣੀ ਵੱਖੀ ਨਾਲ ਲਾ ਲਿਆ ਸੀ।

ਭਾਵੇਂ ਮੈਂ ਨਿਆਣਾ ਹੀ ਸੀ, ਪਰ ਉਨ੍ਹਾਂ ਦਾ ਜੁਆਬ ਸੁਣ ਕੇ ਮੇਰੇ ਮਨ ਨੂੰ ਕਾਫੀ ਤਸੱਲੀ ਹੋਈ ਸੀ ਕਿ ਮੇਰਾ ਬਾਪ ਕਾਤਲ ਨਹੀਂ, ਪਰ ਉਸ ਮਾਰੇ ਗਏ ਮੁਸਲਮਾਨ ਦੀ ਤਸਵੀਰ ਜਰੂਰ ਮਨ ਹੀ ਮਨ ‘ਚ ਬਣਾਉਂਦਾ ਰਹਿੰਦਾ ਕਿ ਗੋਲੀ ਕਿੱਥੇ ਵੱਜੀ ਹੋਵੇਗੀ! ਉਹ ਕਿਵੇਂ ਡਿਗਿਆ ਹੋਵੇਗਾ!! ਤੇ ਅੰਤ ਕਿਵੇਂ ਆਇਆ ਹੋਵੇਗਾ!!!

ਮੈਨੂੰ ਇਸ ਮੌਕੇ ਲੱਲੀਆਂ ਵਾਲਾ ਚਾਚਾ ਬਖਸ਼ੀ ਵੀ ਚੇਤੇ ਆਇਆ, ਜਿਸ ਨੇ ਇੱਧਰ ‘ਆਪਣਿਆਂ` ਵੱਲੋਂ ਮਚਾਈ ਹਨੇਰੀ ਦੇ ਇੱਕ ਵਾਰ ਪਾਜ਼ ਖੋਲ੍ਹੇ ਸਨ। ਚਾਚਾ ਬਖਸ਼ੀ ਸ਼ਮਸ਼ਾਦ ਬੇਗਮ ਦਾ ਸ਼ੈਦਾਈ ਸੀ। ਜਵਾਨੀ ਵੇਲੇ ਸ਼ਮਸ਼ਾਦ ਦੀ ਖਿੱਚ ਉਸ ਨੂੰ ਬੰਬਈ ਲੈ ਗਈ ਸੀ। ਵੰਡ ਵੇਲੇ ਜਦ ਇੱਧਰੋਂ ਉੱਠ ਕੇ ਲੋਕ ਤੁਰੇ ਸਨ ਤਾਂ ਇੱਧਰ ਮਚੀ ਹਾਲ-ਦੁਹਾਈ ਦਾ ਜ਼ਿਕਰ ਕਰਦਿਆਂ ਚਾਚਾ ਬਖਸ਼ੀ ਪੂਰੇ ਗੁੱਸੇ `ਚ ਬੋਲਿਆ ਸੀ, “ਕੀ ਦੱਸਾਂ ਇੰਦਰਜੀਤ, ਢਕੀ ਰਿੱਝਣ ਦੇ!” ਉਸ ਨੇ ਨਾਂ ਲੈ ਲੈ ਕੇ ਕਿਹਾ, “ਆਹ ਕੰਜਰ ਜਿਹੜੇ ਬੀਬੀਆਂ ਦਾੜ੍ਹੀਆਂ ਲਟਕਾਈ ਫਿਰਦੇ ਆ ਨਾ, ਇਹ ਕੋਈ ਸਿੱਖ ਆ ਭਲਾ? ਸਿੱਖ ਤਾਂ ਮਜਲੂਮ ਦੀ ਰਾਖੀ ਲਈ ਸਿਰਜਿਆ ਸੀ ਦਸਮੇ ਪਾਤਸ਼ਾਹ ਨੇ! ਇਨ੍ਹਾਂ ਦੇ ਪਾਪ ਗਿਣਾਏ ਨਹੀਂ ਜਾ ਸਕਦੇ। ਕਿੰਨੀਆਂ ਧੀਆਂ ਦੀ ਪੱਤ ਲੁੱਟੀ, ਕਿੰਨੇ ਪਾਰ ਬੁਲਾਏ, ਕੋਈ ਹਿਸਾਬ ਆ? ਕਿਸੇ ਵੀ ਜਹਾਨ `ਚ ਢੋਈ ਨਹੀਂ ਮਿਲਣੀ ਇਨ੍ਹਾਂ ਨੂੰ। ਅੱਜ ਇਨ੍ਹਾਂ `ਚੋਂ ਕਿਸੇ ਦੇ ਪੁੱਤ-ਪੋਤੇ ਜਥੇਦਾਰ ਬਣੀ ਫਿਰਦੇ ਆ, ਕੋਈ ਆਖਦਾ ਫਿਰਦੈ ਕਿ ਮੈਂ ਸੀਨੀਅਰ ਕਾਂਗਰਸੀ ਆਗੂ ਆਂ! ਕੋਈ ਆਖ ਰਿਹੈ ਕਿ ਅਸੀਂ ਅਕਾਲੀ ਹੁੰਨੇ ਆਂ! ਮੇਰਾ ਬਸ ਚੱਲੇ ਤਾਂ ਸਭ ਲੀਰੋ ਲੀਰ ਕਰ ਦੇਵਾਂ…। ਇਹ ਸਭ ਕੂੜ ਆ ਕੂੜ, ਜਿਹਦੇ ਬਾਰੇ ਬਾਬੇ ਨਾਨਕ ਨੇ ਲਿਖਿਆ ਸੀ, ਕੂੜੁ ਫਿਰੈ ਪਰਧਾਨੁ ਵੇ ਲਾਲੋ॥”

ਚਾਚੇ ਬਖਸ਼ੀ ਦੀਆਂ ਗੱਲਾਂ ਸੁਣ ਕੇ ਕੰਨਾਂ ‘ਚੋਂ ਸੇਕ ਨਿਕਲਣ ਲੱਗ ਪਿਆ ਸੀ ਮੇਰੇ। ਉਹਦਾ ਤਪਦਾ ਚਿਹਰਾ ਵੇਖ ਕੇ ਜਾਪਿਆ ਸੀ ਕਿ ਉਹ ਇਸ ‘ਕੂੜ’ ਨੂੰ ਹੁਣੇ ਮਲੀਆਮੇਟ ਕਰ ਦੇਵੇਗਾ।

ਬਚਪਨ ‘ਚ ਭਾਪਾ ਜੀ ਕੋਲੋਂ ਗੱਲਾਂ ਸੁਣ ਕੇ ਮੈਨੂੰ ਜਾਪਦਾ ਸੀ ਕਿ ਮੇਰੇ ਭਾਪਾ ਜੀ, ਮੇਰੇ ਬਜ਼ੁਰਗ ਯੋਧੇ ਹਨ, ਜਿਨ੍ਹਾਂ ਏਨੇ ਦੁੱਖ ਝੱਲ ਕੇ, ਆਪਣਾ ਬਣਿਆ ਬਣਾਇਆ ਘਰ ਬਾਰ ਛੱਡ ਕੇ ਨਵੇਂ ਸਿਰੇ ਤੋਂ ਇੱਧਰ ਆਪਣੇ ਪੈਰ ਜਮਾਏ, ਨਵੇਂ ਸਿਰਿਓਂ ਆਪਣਾ ਘਰ ਬਣਾਇਆ। ਬਾਅਦ ‘ਚ ਮਨੁੱਖੀ ਸੰਵੇਦਨਾਵਾਂ ਨੂੰ ਸਮਝਣ ਤੇ ਮਹਿਸੂਸ ਕਰਨ ਦੀ ਜਦ ਸੋਝੀ ਆਈ ਤਾਂ ਮੈਨੂੰ ਆਪਣੇ ਭਾਪਾ ਜੀ ‘ਤੇ ਰਸ਼ਕ ਆਉਣ ਲੱਗਾ ਕਿ ਇਹ ਮਨੁੱਖ ਧਾਰਮਿਕ ਵਲਗਣਾ ਤੋਂ ਪਾਰ, ਬਹੁਤ ਉੱਚੀ ਸੁੱਚੀ ਸੋਚ ਦਾ ਮਾਲਕ ਹੈ। ਮੇਰਾ ਭਾਪਾ ਜੀ ਇੱਕ ਸਧਾਰਨ ਇਨਸਾਨ, ਇੱਕ ਆਮ ਕਿਸਾਨ ਸਨ। ਮੇਰੀ ਇਹ ਧਾਰਨਾ ਪੱਕੀ ਹੋ ਗਈ ਕਿ ਮੇਰੇ ਭਾਪਾ ਜੀ ਵਰਗਾ, ਚਾਚੇ ਬਖਸ਼ੀ ਵਰਗਾ ਸਧਾਰਨ ਮਨੁੱਖ ਕਦੇ ਵਹਿਸ਼ੀ ਨਹੀਂ ਹੁੰਦਾ। ਵਹਿਸ਼ੀ ਤਾਂ ਹਜ਼ੂਮ ਹੁੰਦਾ ਹੈ ਤੇ ਹਜ਼ੂਮ ਖੁਦ ਨਹੀਂ ਬਣਦਾ, ਹਜ਼ੂਮ ਤਾਂ ਬਣਾਇਆ ਜਾਂਦਾ ਹੈ। ਹੁਣ ਜਗਦੀਸ਼ ਕੌਰ ਤੇ ਨਿਰਪਰੀਤ ਕੌਰ ਦੇ ਦਰਦ ਨੂੰ, ਜਿਸ ਨੂੰ ਪਹਿਲਾਂ ਪੜ੍ਹਿਆ ਤਾਂ ਵਾਰ ਵਾਰ ਸੀ, ਉਨ੍ਹਾਂ ਦੇ ਮੂੰਹੋਂ ਸੁਣ ਕੇ, ਮਹਿਸੂਸ ਕਰਕੇ, ਸੋਚ ਰਿਹਾ ਹਾਂ ਕਿ ਕੋਈ ਮਨੁੱਖ ਏਨਾ ਤਾਕਤਵਰ ਕਿਵੇਂ ਹੋ ਸਕਦਾ ਹੈ ਕਿ ਦੁੱਖਾਂ ਦੀ ਸੁਨਾਮੀ ਦਾ ਵੀ ਮੂੰਹ ਮੋੜ ਦੇਵੇ। ਵੰਡ ਵੇਲੇ ਤਾਂ ਹਮਲਾਵਰ ਵੱਖੋ ਵੱਖ ਧਰਮਾਂ ਦੇ ਚੋਲੇ ਪਾ ਕੇ ਵਹੀਰਾਂ ਦਾ ਰੂਪ ਧਾਰੀ ਫਿਰਦੇ ਸਨ, ਪਰ ਜਗਦੀਸ਼ ਕੌਰ ਤੇ ਹੋਰਨਾਂ ਨੂੰ ਤਾਂ ਉਨ੍ਹਾਂ ਦੇ ‘ਆਪਣਿਆਂ’ ਨੇ ਹੀ ਕੋਹ ਕੋਹ ਕੇ ਮਾਰਿਆ ਸੀ।

(ਬਾਕੀ ਅਗਲੇ ਅੰਕ ਵਿੱਚ)

 

Leave a Reply

Your email address will not be published. Required fields are marked *