ਕੁਲਜੀਤ ਦਿਆਲਪੁਰੀ
ਜਦੋਂ ਵੱਡੇ ਕੱਦ ਵਾਲਾ ਕੋਈ ਸ਼ਖਸ ਹਲਕੇ ਪੱਧਰ ਦੀ ਗੱਲ ਕਰੇ ਤਾਂ ਉਹ ਆਪਣੇ ਅੰਦਰਲੇ ਬੌਣੇਪਣ ਦਾ ਪ੍ਰਗਟਾਵਾ ਕਰ ਰਿਹਾ ਹੁੰਦਾ ਹੈ; ਬੇਸ਼ਕ ਉਹ ਸਿਆਸੀ ਜਾਂ ਸਮਾਜਿਕ ਤੇ ਭਾਈਚਾਰਕ ਤੌਰ ਉੱਤੇ ਕੋਈ ਰੁਤਬਾ ਹੀ ਕਿਉਂ ਨਾ ਰੱਖਦਾ ਹੋਵੇ! ਕੁੱਝ ਕਥਿਤ ਕੱਦਾਵਰ ਸਿਆਸਤਦਾਨਾਂ ਨੇ ਆਪਣੀ ਬੋਲਬਾਣੀ ਵਿੱਚ ਜਿਸ ਕਿਸਮ ਦੀ ਸੋਚ ਦਾ ਪ੍ਰਗਟਾਵਾ ਬੇਸ਼ਰਮੀ ਨਾਲ ਕੀਤਾ ਹੈ, ਬੌਧਿਕ ਹਲਕਿਆਂ ਵਿਚ ਤਾਂ ਉਸ ਦੀ ਚਰਚਾ ਹੋਣੀ ਹੀ ਸੀ, ਆਮ ਵੋਟਰਾਂ ਤੱਕ ਵੀ ਇਹ ਗੱਲ ਇਸ ਅਰਥ ਨਾਲ ਪਹੁੰਚੀ ਹੈ ਕਿ ਸੱਤਾ ਦੇ ਕੇਂਦਰੀ ਪਹਿਲੂਆਂ ਤੱਕ ਰਸਾਈ ਨਾ ਹੋਣ ਕਾਰਨ ‘ਵੱਡੇ ਘਰਾਣਿਆਂ’ ਨੂੰ ਲੱਗਿਆ ਸੇਕ ਹੀ ਜ਼ੁਬਾਨ ਰਾਹੀਂ ਬਾਹਰ ਨਿਕਲ ਰਿਹਾ ਹੈ। ਵਿਚਾਰਧਾਰਕ ਮੰਥਨ ਕਰਨ ਦੀ ਥਾਂ ਮੂਹਰਲੀਆਂ ਸਫ਼ਾਂ ਦੇ ਜ਼ਿਆਦਾਤਰ ਆਗੂ ਆਪੋ-ਆਪਣੀਆਂ ਤਕਰੀਰਾਂ ਜਾਂ ਵਿਚਾਰਾਂ ਵਿੱਚ ਵਿਰੋਧੀ ਧਿਰਾਂ ਲਈ ਗ਼ੈਰ-ਮਿਆਰੀ ਸ਼ਬਦਾਵਲੀ ਵਰਤ ਰਹੇ ਹਨ। ਇਸ ਬਾਬਤ ਲਗਪਗ ਸਾਰੀਆਂ ਧਿਰਾਂ ਇੱਕੋ ਜਿਹੀ ਪਹੁੰਚ ਅਪਣਾ ਕੇ ਚਲ ਰਹੀਆਂ ਹਨ। ਗੰਭੀਰ ਮੁੱਦਿਆਂ ਉੱਤੇ ਆਪਸੀ ਗੱਲਬਾਤ ਰਾਹੀਂ ਸੂਬਾ ਤੇ ਲੋਕ ਪੱਖੀ ਪਹੁੰਚ ਪ੍ਰਤੀ ਬੇਰੁਖ਼ੀ ਦਾ ਰੁਝਾਨ ਅਤਿ ਮੰਦਭਾਗਾ ਹੈ। ਇਸ ਦੇ ਉਲਟ ਤਕਰੀਰਾਂ ਸਮੇਤ ਭਾਈਚਾਰਕ ਅਤੇ ਸਮਾਜਿਕ ਗੱਲਬਾਤ ਵਿੱਚ ਵੀ ਨਿੱਜੀ ਦੂਸ਼ਣਬਾਜ਼ੀਆਂ ਹਾਵੀ ਹਨ। ਆਪਣੀ ਪਾਰਟੀ ਜਾਂ ਦਲ ਦੇ ਪਸੰਦੀਦਾ ਆਗੂ ਦੇ ਮੂੰਹੋਂ ਦੂਜੀ ਧਿਰ ਦੇ ਖਿਲਾਫ ਗ਼ੈਰ-ਇਖ਼ਲਾਕੀ ਅਤੇ ਗ਼ੈਰ-ਮਿਆਰੀ ਗੱਲਾਂ ਦੇ ਚਟਕਾਰੇ ਲੈਣ ਵਾਲੇ ਸਮਰਥਕਨੁਮਾ ਲੋਕ ਵੀ ਇਸ ਦਾ ਹਿੱਸਾ ਹਨ। ਇਹ ਹਾਲਾਤ ਦੀ ਸਿਤਮਜ਼ਰੀਫ਼ੀ ਹੀ ਹੈ ਕਿ ਸਿਆਸੀ ਸ਼ਰੀਕਾਂ ਵੱਲੋਂ ਇੱਕ-ਦੂਜੇ ਪ੍ਰਤੀ ਘਟੀਆ ਦਰਜੇ ਦੇ ਵਰਤੇ ਸ਼ਬਦਾਂ ਉੱਤੇ ਠਹਾਕੇ ਮਾਰ-ਮਾਰ ਹੱਸ ਲੈਣ ਵਾਲੀ ਬਿਰਤੀ ਦੇ ਸਮਰਥਕ ਦਿਨੋਂ-ਦਿਨ ਵਧ ਰਹੇ ਹਨ।
ਹਾਲ ਦੀ ਘੜੀ ਜੇ ਇਹ ਕਹਿ ਲਿਆ ਜਾਵੇ ਕਿ ਰਵਾਇਤੀ ਸਿਆਸਤ ਬੀਤੇ ਦੀ ਬਾਤ ਬਣ ਗਈ ਹੈ ਤਾਂ ਬਹੁਤ ਹੈਰਾਨ-ਪ੍ਰੇਸ਼ਾਨ ਕਰਨ ਵਾਲੀ ਗੱਲ ਨਹੀਂ; ਕਿਉਂਕਿ ਸੱਤਾ ਪ੍ਰਾਪਤੀ ਲਈ ਅਤੇ ਸੱਤਾ ਉੱਤੇ ਬਣੇ ਰਹਿਣ ਲਈ ਸਿਰਜੇ ਜਾ ਰਹੇ ਤਲਖੀਆਂ ਵਾਲੇ ਮਾਹੌਲ ਵਿੱਚ ਸਭ ਦੇ ਆਪੋ-ਆਪਣੇ ਫ਼ਲਸਫ਼ੇ ਹਨ। ਇਸ ਮਾਹੌਲ ਵਿਚ ਦਰੁਸਤ ਸਿਆਸੀ ਸੇਧ/ਸਮਝ ਲਗਪਗ ਗੁੰਮ ਹੈ। ਖ਼ੈਰ! ਸਿਆਸਤ ਵਿਚ ਤਾਂ ਜ਼ਿਆਦਾਤਰ ਵਿਹੁ ਭਰੀਆਂ ਤਨਜਾਂ ਦਾ ਬੋਲਬਾਲਾ ਰਿਹਾ ਹੀ ਹੈ। ਜਿਸ ਤਰ੍ਹਾਂ ਪਿਆਰ ਅਤੇ ਜੰਗ ਵਿਚ ਸਭ ਜਾਇਜ਼ ਹੈ, ਫਿਰ ਸਿਆਸੀ ਪਿੜ ਵਿਚ ਕੋਈ ਪਿੱਛੇ ਰਹੇ ਵੀ ਕਿਉਂ? ਸ਼ਾਬਦਿਕ ਹਥਿਆਰਾਂ ਦੇ ਜ਼ਰੀਏ ਸਿਆਸਤਦਾਨਾਂ ਵੱਲੋਂ ਫ਼ਿਜ਼ਾ ਵਿੱਚ ਜਿਸ ਤਰ੍ਹਾਂ ਦਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਇਸ ਤੋਂ ਇੱਕ ਗੱਲ ਸਪਸ਼ਟ ਹੈ ਕਿ ਬਹੁਤਿਆਂ ਨੂੰ ਸੱਭਿਅਕ ਬੋਲੀ ਸ਼ੈਲੀ ਦੀ ਪਰਵਾਹ ਰਹਿ ਨਹੀਂ ਗਈ। ਸਿਆਸਤ ਵਿੱਚ ਇੱਕ-ਦੂਜੇ ਪ੍ਰਤੀ ਵਰਤੇ ਜਾਂਦੇ ਵਿਹੁ ਨਾਲ ਲਬਾਲਬ ਬੋਲਾਂ ਪਿੱਛੇ ਅਸਲ ਮਕਸਦ ਸਿਰਫ ਸਾਹਮਣੇ ਵਾਲੀ ਧਿਰ ਨੂੰ ਨੀਵਾਂ ਦਿਖਾਉਣਾ ਹੈ ਜਾਂ ਗਹਿਰ-ਗੰਭੀਰ ਮੁੱਦਿਆਂ ਉੱਤੇ ਬਹਿਸ-ਮੁਬਾਹਿਸੇ ਕਰਨ ਤੋਂ ਟਾਲਾ ਵੱਟਣਾ ਹੈ? ਜਦੋਂ ਤੱਕ ਪੰਜਾਬ ਵਾਸੀ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਨਗੇ, ਉਦੋਂ ਤੱਕ ਉਨ੍ਹਾਂ ਨੂੰ ਵੀ ਸਿਆਸਤਦਾਨਾਂ ਦੀ ਕਥਿਤ ਖਹਿਬਾਜ਼ੀ ਵਿੱਚੋਂ ਸਵਾਦ ਆਉਂਦਾ ਰਹੇਗਾ; ਕਿਉਂਕਿ ਮਾਹੌਲ ਹੀ ਇਸ ਕਿਸਮ ਦਾ ਬਣਾ ਦਿੱਤਾ ਗਿਆ ਹੈ ਕਿ ਸਿਆਸੀ ਖੇਡਾਂ ਦੇਖਦੇ ਬਹੁਗਿਣਤੀ ਲੋਕਾਂ ਦੀ ਸੋਚ ਵੀ ਉਸੇ ਅਨੁਕੂਲ ਹੋ ਗਈ ਹੈ।
ਦਰਅਸਲ ਆਮ ਜ਼ਿੰਦਗੀ ਵਿੱਚ ਵੀ ਜਦੋਂ ਕੋਈ ਸ਼ਖਸ ਆਪਣਾ ਏਕਾਧਿਕਾਰ ਟੁੱਟਣ ਦਾ ਕਥਿਤ ਤੌਰ `ਤੇ ਡਰ ਮਹਿਸੂਸ ਕਰੇ ਤਾਂ ਉਹ ਆਪਣਾ ਏਕਾਧਿਕਾਰ ਕਾਇਮ ਰੱਖਣ ਲਈ ਅੱਕਾਂ ਵਿੱਚ ਡਾਂਗਾਂ ਮਾਰਨ ਵਾਂਗ ਇੱਧਰ-ਉੱਧਰ ਦੀਆਂ ਸਾਜ਼ਿਸ਼ਾਂ ਘੜਨ ਅਤੇ ਤਨਜ ਭਰੇ ਬੋਲਾਂ ਦਾ ਸਹਾਰਾ ਲੈ ਕੇ ਆਪਣੀ ਭੜਾਸ ਕੱਢਣ ਨੂੰ ਤਰਜੀਹ ਦੇਣ ਲੱਗ ਪੈਂਦਾ ਹੈ। ਸਿਆਸੀ ਖੇਤਰ ਵਿੱਚ ਇਸ ਕਿਸਮ ਦੇ ਸਾੜੇ ਦਾ ਦਾਇਰਾ ਵਸੀਹ ਹੈ, ਤੇ ਹੈ ਵੀ ਖ਼ਤਰਨਾਕ ਕਿਸਮ ਦਾ! ਪਿੱਛਲਝਾਤ ਮਾਰੀਏ ਤਾਂ ਭੜਕਾਹਟ ਵਿਚ ਆਏ ਨਵੇਂ-ਪੁਰਾਣੇ ਸਿਆਸੀ ਲੋਕ ਹੱਦ ਦਰਜੇ ਦੀ ਗੰਦੀ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਆਮ ਜਲਸਿਆਂ, ਰੈਲੀਆਂ ਵਿੱਚ ਵੀ ਅਤੇ ਪੰਜਾਬ ਵਿਧਾਨ ਸਭਾ ਦੇ ਇਜਲਾਸਾਂ ਵਿੱਚ ਵੀ ਅਜਿਹਾ ਵਰਤਾਰਾ ਲੋਕ ਕਈ ਵਾਰ ਦੇਖ-ਸੁਣ ਚੁੱਕੇ ਹਨ। ਆਪਣੀ ਸਿਆਸੀ ਪੈਂਠ ਦੇ ਮੱਦੇਨਜ਼ਰ ਸਿੱਧੇ-ਅਸਿੱਧੇ ਤੌਰ ਉਤੇ ਧਮਕੀਆਂ ਦੇਣ ਲਈ ਹਰ ਹਰਬਾ ਵਰਤਿਆ ਜਾਣਾ ਕੋਈ ਅਲੋਕਾਰੀ ਗੱਲ ਨਹੀਂ। ਇਹ ਹੰਕਾਰ ਦੀ ਕਿਸਮ ਹੈ। ਵੈਸੇ ਤਾਂ ਕੋਈ ਕਿਸੇ ਦੇ ਬੋਲਣ ਉੱਤੇ ਪਾਬੰਦੀ ਨਹੀਂ ਲਾ ਸਕਦਾ, ਪਰ ਸਵਾਲ ਇਹ ਹੈ ਕਿ ਇਸ ਗ਼ੈਰ-ਇਖ਼ਲਾਕੀ ਵਰਤਾਰੇ ਨੂੰ ਨਕੇਲ ਪਵੇ ਕਿਵੇਂ?