ਵਿਜੈ ਬੰਬੇਲੀ
ਫੋਨ: +91-94634 39075
ਧਰਮਾਂ-ਕਬੀਲਿਆਂ ਦੇ ਇਤਿਹਾਸ-ਮਿਥਿਹਾਸ ਵਿੱਚ ਤੱਥਾਂ-ਮਿੱਥਾਂ ਅਨੁਸਾਰ ਹੜ੍ਹਾਂ ਦਾ ਵਰਨਣ ਹੈ। ਪ੍ਰਾਚੀਨ ਸਾਹਿਤ ਤੇ ਕਈ ਅਲੇਖਾਂ ਵਿੱਚ ਇਸਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਰਿਗ ਵੇਦ ਵਿੱਚ 217 ਵਾਰ, ਬਾਈਬਲ ਵਿੱਚ 34 ਵਾਰ ਅਤੇ ਕੁਰਾਨ ਵਿੱਚ 4 ਵਾਰੀ। ਕੁਰਾਨ ਵਿੱਚ ਹੜ੍ਹ ਦਾ ਘੱਟ ਜ਼ਿਕਰ ਆਉਣ ਦਾ ਕਾਰਨ ਇਹ ਹੈ ਕਿ ਅਰਬ ਮੁਲਕ, ਜਿਥੇ ਕੁਰਾਨ ਦੀ ਰਚਨਾ ਹੋਈ, ਵਿੱਚ ਮੀਂਹ ਬਹੁਤ ਘੱਟ ਪੈਂਦੇ ਹਨ।
ਦੱਸਣਾਂ ਕੁਥਾਂ ਨਹੀਂ ਹੋਵੇਗਾ ਕਿ ਜਪੁਜੀ ਸਾਹਿਬ ਵਾਂਗ, ਭਾਰਤ ਦੇ ਪਹਿਲ-ਪਲੱਕੜੇ ਗ੍ਰੰਥ ਰਿਗ ਵੇਦ ਵਿੱਚ ਵੀ ਸਿਰਫ ਕੁਦਰਤੀ ਸ਼ਕਤੀਆਂ ਅਤੇ ਨਿਆਮਤਾਂ ਦਾ ਹੀ ਜ਼ਿਕਰ ਹੈ, ਰੱਬ ਜੀ ਦਾ ਨਹੀਂ, ਜਿਸ ਵਿੱਚ ਜਲ (ਅਤੇ ਹੜ੍ਹ) ਵੀ ਪ੍ਰਮੁੱਖ ਹੈ। ਰਿਗ ਵੇਦ ਵਿੱਚ ਹੜ੍ਹਾਂ ਦਾ ਜ਼ਿਕਰ ਜ਼ਿਆਦਾ ਵਾਰੀ ਆਉਣ ਦਾ ਕਾਰਨ ਇਹ ਵੀ ਹੈ ਕਿ ਇਸਦੀ ਰਚਨਾ ਮਹਾਂ-ਪੰਜਾਬ ਦੀ ਧਰਤੀ ‘ਤੇ ਹੋਈ, ਜਿਹੜਾ ਪਹਿਲਾਂ ਸਪਤ-ਸਿੰਧੂ ਅਰਥਾਤ ਸੱਤ ਦਰਿਆਵਾਂ ਦੀ ਧਰਤੀ ਸੀ। ਇਹ ਖਿੱਤਾ ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ ਅਤੇ ਇਥੋਂ ਦੇ ਵਾਸੀ ਪੂਰਵ ਇਤਿਹਾਸ ਕਾਲ ਤੋਂ ਹੜ੍ਹਾਂ ਦੀਆਂ ਸੀਮਤ-ਸਮੱਸਿਆਵਾਂ ਨਾਲ ਦੋ-ਚਾਰ ਹੁੰਦੇ ਰਹੇ ਹਨ।
ਕਦੇ ਸੁਘੜ ਦਰਿਆਵਾਂ ਦਾ ਡੈਲਟਾ ਹੋਣ ਕਾਰਨ, ਸਾਡੇ ਖਿੱਤੇ ਦੀ ਮਿੱਟੀ ਬੜੀ ਜਰਖੇਜ਼ ਸੀ/ਹੈ, ਜਿਹੜੀ ਹਰ ਫਸਲ ਪੈਦਾ ਕਰਨ ਦੇ ਸਮਰੱਥ ਸੀ ਅਤੇ ਇਥੇ ਸਿੰਧ ਘਾਟੀ ਵਰਗੀਆਂ ਸਾਧਨ-ਸੰਪਨ ਸੱਭਿਆਤਾਵਾਂ ਦਾ ਵੀ ਉਥਾਨ ਹੋਇਆ। ਇਹੀ ਕਾਰਨ ਸੀ ਕਿ ਬੇਗਾਨੀਆਂ ਧਰਤੀਆਂ ਦੇ ਲੋਕ ਇਸ ਵੱਲ ਖਿੱਚੇ-ਤੁਰੇ ਆਏ; ਪ੍ਰੰਤੂ ਪਾਣੀ ਵਜੋਂ ਅਮੀਰੀ ਕਾਰਨ ਕੁੱਝ ਨੁਕਸਾਨ ਵੀ ਇਸ ਧਰਤੀ ਨੂੰ ਸਹਿਣੇ ਪਏ, ਜਿਨ੍ਹਾਂ ਵਿੱਚੋਂ ਇੱਕ ਵੱਡਾ ਨੁਕਸਾਨ ਸੀ ਵਾਰ-ਵਾਰ ਹੜ੍ਹ ਰੂਪੀ ਕੁਦਰਤੀ ਤ੍ਰਾਸਦੀ। ਜਿਹੜੀ ਹੁਣ ਕੁਦਰਤੀ ਦੀ ਬਜਾਏ ਮਨੁੱਖ-ਸਿਰਜਤ ਕਿਤੇ ਵੱਧ ਹੈ, ਜਿਸਦਾ ਵੱਡਾ ਕਾਰਨ ਹੈ ਕੁਦਰਤ ਨਾਲ ਅਣ-ਮੇਚਵਾਂ ਅਤੇ ਗੈਰ-ਯੋਜਨਾਵੱਧ ‘ਵਿਕਾਸ।’
ਪ੍ਰਾਚੀਨ ਸਮਿਆਂ ਦਾ, ਪੰਜਾਬ ਸੰਦਰਭ, ਹੜ੍ਹਾਂ ਬਾਰੇ ਕੋਈ ਸਿਲਸਲੇਵਾਰ ਰਿਕਾਰਡ ਪ੍ਰਾਪਤ ਨਹੀਂ; ਪਰ ਭਾਰਤ ਦੇ ਹੋਰ ਦਰਿਆਵਾਂ ਨਾਲ ਸਬੰਧਿਤ ਰਿਕਾਰਡ/ਦਸਤਾਵੇਜ਼ਾਂ ਦੇ ਅਧਿਐਨ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਹੜ੍ਹ, ਇਤਿਹਾਸ ਦੀ ਉੱਕਾ ਈ ਕੋਈ ਅਨਿਯਮਤ ਘਟਨਾ ਨਹੀਂ ਹੁੰਦੇ, ਸਗੋਂ ਇਹ ਕਿਸੇ ਨਾ ਕਿਸੇ ਘਟਨਾਕ੍ਰਮ (ਪੈਟਰਨ) ਅਤੇ ਖੁਦ ਸਿਰਜੇ ਹਾਲਾਤ ਅਨੁਸਾਰ ਵਾਪਰਦੇ ਹਨ। ਪੰਜ ਦਰਿਆਵਾਂ ਦਾ ਖਿੱਤਾ ਰਹਿ ਜਾਣ ਉਪਰੰਤ ਵੀ ਇਹ ਖੇਤਰ ਸ਼ੁਧ ਪਾਣੀ ਨਾਲ ਲਬਾ-ਲਬ ਸੀ। ਹੁਣ ਤਾਂ, ਸਾਡੇ ਕੋਲ ਢਾਈ-ਦਰਿਆਂ ਹੀ ਹਨ, ਜਿਨ੍ਹਾਂ ਨੂੰ ਗੰਦੇ-ਜ਼ਹਿਰੀਲੇ ਨਾਲੇ ਬਣਾਉਣ ‘ਚ ਵੀ ਅਸੀਂ-ਤੁਸੀਂ ਖਾਸ ਕਰ ਧੰਨ-ਕੁਬੇਰ ਅਤੇ ਹਾਕਮ-ਜਮਾਤਾਂ ਪੇਸ਼-ਓ-ਪੇਸ਼ ਹਨ। ਜਲ ਮਾਹਿਰ ਵਿਸ਼ਵਾਸ ਐਸ. ਕਾਲੇ ਅਨੁਸਾਰ “ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਪੂਰਵਲੇ ਹੜ੍ਹਾਂ ਦੇ ਮੁਕਾਬਲੇ ਵੱਡੇ ਅਕਾਰ ਦੇ ਹੜ੍ਹ ਜ਼ਿਆਦਾ ਆਉਣੇ ਸ਼ੁਰੂ ਹੋ ਗਏ। ਭਾਵੇਂ ਗਿਣਤੀ ਵਜੋਂ ਹੜ੍ਹ ਘੱਟ ਆਏ, ਪਰ ਹੁਣ ਬਹੁ-ਪਰਤੀ ਅਤੇ ਵੱਡੇ ਨੁਕਸਾਨ ਹੁੰਦੇ ਹਨ। ਕਾਰਨ, ਉਹੀ ਕੁਦਰਤ ਵਿੱਚ ਬੇ-ਕਿਰਕ ਦਖਲਅੰਦਾਜ਼ੀ।”
ਹੜ੍ਹ ਕੁਦਰਤੀ ਤ੍ਰਾਸਦੀ ਹੈ, ਜਿਹੜੀ ਮੂਸਲੇਧਾਰ ਵਰਖਾ, ਮਨੁੱਖੀ ਲਾਲਸਾਵਾਂ, ਧੰਨ-ਕੁਬੇਰਾਂ, ਗੈਰ-ਯੋਜਨਾਬੱਧ ਵਿਕਾਸ ਅਤੇ ਸਰਕਾਰਾਂ ਦੀਆਂ ਨਾਲਾਇਕੀਆਂ ਕਾਰਨ ਵਾਪਰਦੀ ਹੈ। ਤਾ-ਆਲਮ ਦੀ ਦੋ-ਤਿਹਾਈ ਆਬਾਦੀ ਅਤੇ 13% ਖੇਤਰ ਕਿਸੇ ਨਾ ਕਿਸੇ ਰੂਪ ਵਿੱਚ ਹੜ੍ਹ ਪ੍ਰਭਾਵਿਤ ਹੈ। ਬਹੁਤੇ ਦੇਸ਼ ਉਹ ਹਨ, ਜਿਥੇ ਕੁਦਰਤੀ ਬੇ-ਵਸੀ ਹੈ, ਘਣੀ ਆਬਾਦੀ ਹੈ, ਰਾਜ-ਭਾਗ ਠੀਕ ਨਹੀਂ ਜਾਂ ਜਿਹੜੇ ‘ਰੱਬੀ ਭਾਣੇ’ ਵਿੱਚ ਮਸਰੂਫ ਹਨ। ਸਾਡੇ ਦੇਸ਼ ਦੇ ਕੁੱਲ 32.8 ਕਰੋੜ ਹੈਕਟੇਅਰ ਵਿੱਚੋਂ ਕਰੀਬ 4 ਕਰੋੜ ਹੈਕਟੇਅਰ ਰਕਬਾ, ਯਾਨਿ ਧਰਾਤਲੀ ਖਿੱਤੇ ਦਾ ਅੱਠਵਾਂ ਹਿੱਸਾ, ਹੜ੍ਹਾਂ ਦੀ ਮਾਰ ਹੇਠ ਹੈ। ਕੋਈ ਸੂਬਾ ਜ਼ਿਆਦਾ ਅਤੇ ਕੋਈ ਕੁੱਝ ਘੱਟ। ਜਾਣੀ ਕੋਈ ਕਦੇ-ਕਦੇ ਤੇ ਕੋਈ ਹਰ ਵਰ੍ਹੇ।
ਪਾਣੀ ਵਜਨਦਾਰ ਵਸਤ ਹੈ। ਨਿਵਾਣ ਵੱਲ ਖੁਦ-ਬਾ-ਖੁਦ ਵਗਣ ਤੋਂ ਬਿਨਾ ਇਸਨੂੰ ਇਧਰ-ਉਧਰ ਕਰਨਾ ਸੌਖਾ ਨਹੀਂ। ਹਰ ਵਰ੍ਹੇ ਕਰੀਬ 32 ਅਰਬ ਏਕੜ ਫੁੱਟ ਪਾਣੀ ਧਰਤੀ ‘ਤੇ ਵਗਦਾ ਹੋਇਆ ਸਾਗਰਾਂ ਵੱਲ ਜਾਂਦਾ ਹੈ (ਜਾਂ ਕਹਿ ਲਵੋ ਸਹਿਜ-ਤੋਰੇ ਜਾਂਦਾ ਸੀ), ਜਦ ਤੱਕ ਕਿ ਐਸੇ ਪਾਣੀ ਨੂੰ ਅਸੀਂ ਰੋਕ, ਖੜ੍ਹਾ ਜਾਂ ਮੋੜ ਕੇ ਵਰਤਣ ਨਹੀਂ ਸਾਂ ਲੱਗ ਪਏ। ਇੱਕ ਸਾਲ ਵਿੱਚ ਲੱਗਪੱਗ 400 ਅਰਬ ਏਕੜ ਤੀਬਰ ਜਲ-ਚੱਕਰਾਂ ਰਾਹੀਂ ਤਾ-ਆਲਮ (ਧਰਤੀ, ਸਮੁੰਦਰਾਂ, ਜੰਗਲਾਂ-ਬੇਲਿਆ ਅਤੇ ਪਹਾੜਾਂ) ‘ਤੇ ਉੱਗਦਾ-ਵਰਸਦਾ ਹੈ। ਇਸ ਗੇੜ੍ਹ ਵਿੱਚ ਘੁੰਮਦੇ ਕੁੱਲ/ਸਾਲਾਨਾ ਜਲ ਨੂੰ ਜੇ ਸਮੁੰਦਰਾਂ, ਨਦੀਆਂ-ਦਰਿਆਵਾਂ, ਜਲ-ਕੁੰਡਾਂ ਜਾਂ ਜ਼ਮੀਨ ਵਿੱਚ ਸਮੋਣ ਦੀ ਬਜਾਏ ਸਾਲਮ-ਪੱਧਰੀ ਧਰਤੀ ‘ਤੇ ਵਿਛਾ ਦੇਈਏ ਤਾਂ ਸਮੁੱਚੀ ਸਤਾਹ ਉੱਤੇ ਤਿੰਨ-ਤਿੰਨ ਫੁੱਟ ਉੱਚਾਈ ਤੱਕ ਪਾਣੀ ਖੜ੍ਹ ਜਾਵੇਗਾ।
ਫਾਲਤੂ ਜਾਂ ਲੋੜੀਂਦਾ ਵਰਖੇਈ ਜਲ ਸਿਰਫ ਕੁਦਰਤੀ ਜਾਂ ਮਸਨੂਈ ਜਲ-ਕੁੰਡਾਂ ‘ਚ ਹੀ ਸਾਂਭਿਆ ਜਾ ਸਕਦਾ ਹੈ। ‘ਫੇਮਿਨ ਇੰਕੁਆਰੀ ਕਮਿਸ਼ਨ’ ਨੇ ਸਾਲ 1944 ਵਿੱਚ ਹੀ ਸਪੱਸ਼ਟ ਕਹਿ ਦਿੱਤਾ ਸੀ, “ਆਉਣ ਵਾਲੇ ਸਮੇਂ ਵਿੱਚ ਹੜ੍ਹ-ਸੁਰੱਖਿਆ ਅਤੇ ਜਲ ਸੰਕਟਾਂ ਦੇ ਸਿੱਕੇਬੰਦ ਉਪਾਅ ਹਿੱਤ ਸਿਰਫ ਕੁਦਰਤੀ ਜਲ-ਕੁੰਡ (ਛੰਬ, ਢਾਬਾਂ, ਤਾਲ) ਅਤੇ ਤਾਲਾਬ-ਟੋਭਾ ਤੇ ਕੁਦਰਤੀ ਜਲ-ਵਹਿਣ ਹੀ ਕਾਰਗਰ ਹਨ। ਸਿਰਫ ਤੇ ਸਿਰਫ ਇਨ੍ਹਾਂ ਵਿੱਚ ਹੀ ਵਰਖੇਈ ਪਾਣੀ ਧਰਤੀ ‘ਚ ਭੇਜਣ ਹਿੱਤ ਜਾਂ ਬਹੁ-ਪੱਖੀ ਕਾਰਜਾਂ ਲਈ ਸਾਂਭਿਆ ਜਾ ਸਕਦਾ ਹੈ।” ਦਰ-ਹਕੀਕਤ, ਪੰਜਾਬ ਵਿੱਚ ਹੜ੍ਹਾਂ ਅਤੇ ਜਲ-ਸੰਕਟ ਦਾ ਇਤਿਹਾਸ/ਤੀਖਣ ਦੌਰ ਉਦੋਂ ਹੀ ਸ਼ੁਰੂ ਹੋਇਆ, ਜਦੋਂ ਅਸੀਂ ਕੁਦਰਤੀ ਟੋਏ, ਢਾਬਾਂ ਅਤੇ ਛੰਬ ਫਨਾਹ ਕਰਨੇ ਸ਼ੁਰੂ ਕਰ ਦਿੱਤੇ। ਜਲ-ਵਹਿਣਾਂ ਅਤੇ ਜਲ-ਕੁੰਡਾਂ ਉੱਤੇ ਕਬਜ਼ੇ ਕਰਨ ਲੱਗੇ। ਜੇ ਪਾਣੀ ਰੁਕੇਗਾ ਨਹੀਂ, ਤਦ ਵਗੇਗਾ ਹੀ। ਜ਼ਿਆਦਾ ਮਾਤਰਾ ‘ਚ, ਬੇ-ਤਰਤੀਬਾ ਅਤੇ ਤੇਜ ਵਗੇਗਾ ਤਾਂ ਜਲ-ਸਲਾਬ ਦਾ ਕਾਰਨ ਵੀ ਬਣੇਗਾ।
ਸਾਡੇ ਵਲੋਂ ਰੁੰਡ-ਮਰੁੰਡ ਕਰ ਦਿੱਤੇ ਗਏ ਪਹਾੜਾਂ ਦਾ ਮਲਬਾ ਜਲ-ਵਹਿਣਾ ਨੂੰ ਭਰ/ਉੱਚਾ ਚੁੱਕ ਵਗਦੇ ਪਾਣੀ ਨੂੰ ਜਲ-ਮਾਰਗਾਂ ਤੋਂ ਭਟਕਾ ਕੇ ਹੜ੍ਹਾਂ ਦਾ ਕਾਰਨ ਵੀ ਬਣ ਰਿਹਾ ਹੈ ਅਤੇ ਜਲ-ਸੰਗ੍ਰਿਹਾਂ ਨੂੰ ਭਰ/ਪੂਰ ਕੇ ਜਲ ਗ੍ਰਹਿਣ ਕਪੈਸਟੀ ਵੀ ਘਟਾ ਰਿਹਾ ਹੈ। ਬਨਸਪਤੀ/ਜੰਗਲ ਨਾ ਸਿਰਫ ਵਗਦੇ ਪਾਣੀ ਨੂੰ ਰੋਕ-ਖੜ੍ਹਾ ਕੇ ਜਾਂ ਗਤੀ ਘਟਾ ਕੇ ਭੀਸ਼ਣ ਹੜ੍ਹਾਂ ਨੂੰ ਰੋਕਦੇ ਸਨ, ਸਗੋਂ ਜੜ੍ਹਾਂ ਰਾਹੀਂ ਧਰਤੀ ‘ਚ ਭੇਜ ਕੇ ਭਵਿੱਖ ਲਈ ਸੁਰੱਖਿਅਤ ਵੀ ਕਰ ਦਿੰਦੇ ਹਨ/ਸਨ। ਜੰਗਲਾਂ ਦੀ ਬੇ-ਹੁਰਮਤੀ ਕਾਰਨ ਹੁਣ ਭਾਰਤ ਦੀ 43 ਕਰੋੜ 51 ਲੱਖ ਏਕੜ ਧਰਤੀ ਹੜ੍ਹ-ਮਾਰ ਹੇਠ ਆ ਚੁੱਕੀ ਹੈ। ਇੱਕ ਵਰਗ ਕਿਲੋਮੀਟਰ ਬਹੁ-ਭਾਂਤੀ ਘਣਾ ਜੰਗਲ 50 ਹਜ਼ਾਰ ਘਣ ਮੀਟਰ ਵਰਖੇਈ ਪਾਣੀ ਜੜ੍ਹਾਂ ਰਾਹੀ ਧਰਤੀ ‘ਚ ਇੰਜੈਕਟ ਕਰ ਦਿੰਦਾ ਹੈ ਅਤੇ ਜੜ੍ਹ-ਜਾਲ ਰਾਹੀਂ ਮਿੱਟੀ ਨੂੰ ਬੰਨ ਕੇ ਰੱਖਦਾ ਹੈ। ਕਰੀਬ ਪੰਜ ਕਰੋੜ ਭੂਮੀ ਦਾ ਇਸ ਲਈ ਨੁਕਸਾਨ ਹੋ ਰਿਹਾ ਹੈ ਕਿ ਜੰਗਲ-ਸਮੱਰਥਾ ਜਾਂ ਜਲ-ਨਿਕਾਸ ਪ੍ਰਬੰਧ ਠੀਕ ਨਹੀਂ।
ਕੁਦਰਤੀ ਸੋਮਿਆਂ ਦੇ ਘਾਣ ਕਾਰਨ ਭਾਰਤ ਦੇ ਖੇਤੀ-ਬਾਗਾਂ ਹੇਠਲੇ ਰਕਬੇ, 139 ਦਹਿ ਲੱਖ ਹੈਕਟੇਅਰ ਵਿੱਚੋਂ ਵੀ 21 ਲੱਖ ਹੈਕਟੇਅਰ ਖੇਤਰ ਗੈਰ-ਯੋਜਨਾਬੱਧ ਵਿਕਾਸ, ਮਾਈਨਿੰਗ, ਜੰਗਲ ਵਿਨਾਸ਼ ਕਾਰਨ ਬੁਰੀ ਤਰ੍ਹਾਂ ਭੌਂ-ਖੋਰ, ਢਿੱਗਾਂ ਡਿੱਗਣ ਹੇਠ ਆ ਚੁੱਕਾ ਹੈ। ਇੱਕ ਹੈਕਟੇਅਰ ਨੰਗੇ-ਢਾਲਵੇਂ ਰਕਬੇ ਤੋਂ ਪ੍ਰਤੀ ਸਾਲ 30 ਟਨ ਮਿੱਟੀ ਖੁਰ-ਰੁੜ੍ਹ ਜਾਂਦੀ ਹੈ। ਜਦੋਂ ਪਾਣੀ ਢਲਾਣ ਤੋਂ ਉਤਰਦਾ ਹੈ, ਉਥੇ ਜੇ ਧਰਤੀ ਬਨਸਪਤੀ-ਵਿਹੁਣੀ ਹੋਵੇ ਜਾਂ ਮੂਹਰੇ ਅੜਿੱਕੇ ਨਾ ਹੋਣ; ਤਦ ਜੇ ਇਸਦੀ ਗਤੀ ਮਹਿਜ਼ ਦੁੱਗਣੀ ਹੋ ਜਾਵੇ ਤਾਂ ਭੂਮੀ ਦੀ ਕੱਟ-ਵੱਢ 4 ਗੁਣਾਂ ਹੋ ਜਾਂਦੀ ਹੈ। ਇਸ ਗਤੀ ‘ਤੇ ਮਾਦਾ ਚੁੱਕ-ਖੜ੍ਹਨ ਦੀ ਸਮੱਰਥਾ 32 ਗੁਣਾ ਅਤੇ ਰੋੜ੍ਹ ਸਮਰਥਾ 64 ਗੁਣਾਂ ਹੋ ਜਾਂਦੀ ਹੈ। ਅਰਥਾਤ, ਜੇ ਗਤੀ ਦੁੱਗਣੀ ਤਾਂ ਹੜ੍ਹਾਊ-ਤਾਕਤ 64 ਗੁਣਾਂ, ਪ੍ਰੰਤੂ ਜੇ ਜਲ-ਗਤੀ ਤਿੰਨ ਗੁਣਾਂ ਹੋਵੇ ਤਾਂ ਰੋਹੜੂ ਸਮੱਰਥਾ 729 ਗੁਣਾਂ ਹੋ ਜਾਂਦੀ ਹੈ।
ਪਹਾੜਾਂ ਜਾਂ ਜ਼ਿਆਦਾ ਢਾਲਵੇ ਖਿੱਤੇ ‘ਚ ਇਹ ਭਾਣਾ ਹੋਰ ਵੀ ਡਰਾਉਣੇ ਰੂਪ ‘ਚ ਵਾਪਰਦਾ ਹੈ। ਸਿੱਟੇ ਵਜੋਂ ਜਲ-ਵਹਿਣਾਂ, ਦਰਿਆਵਾਂ ਅਤੇ ਸਾਗਰਾਂ-ਸਮੁੰਦਰਾਂ ਦਾ ਮੁਹਾਂਦਰਾ ਬਦਲ ਰਿਹਾ ਹੈ। ਇਕੱਲੇ ਗੰਗਾ ਖੇਤਰ ਵਿੱਚ 4 ਕਰੋੜ 50 ਲੱਖ ਸੈਂਟੀਮੀਟਰ ਮਿੱਟੀ ਆਏ ਸਾਲ ਰੁੜ੍ਹ-ਖੁਰ ਜਾਂਦੀ ਹੈ। ਮਨੁੱਖੀ ਗਲਤੀਆਂ ਕਾਰਨ, ਕਰੀਬ-ਕਰੀਬ ਇਹੀ ਹਾਲ ਹੋਰ ਜਲ-ਖੇਤਰਾਂ ਦਾ ਹੈ, ਜਿਸ ਵਿੱਚ ਪੰਜਾਬ ਵੀ ਸ਼ਾਮਿਲ ਹੈ। ਅਣਸਾਵੇਂ ਵਿਕਾਸ, ਉਚਿੱਤ ਨਿਕਾਸੀ ਪ੍ਰਬੰਧ ਨਾ ਹੋਣ, ਢੁੱਕਵੇਂ ਜਲ-ਪ੍ਰਬੰਧ (ਵਰਖਾ ਜਲ ਕਮਾਉਣ/ਗਰਕਾਉਣ) ਦੀਆਂ ਕਾਰਗਰ ਯੋਜਨਾਵਾਂ ਜਾਂ ਅਮਲ ਦੀ ਅਣਹੋਂਦ ਕਾਰਨ ਅਸੀਂ ਹਰ ਸਾਲ ਬਰਸਾਤਾਂ ‘ਚ ਰੁੜ੍ਹਦੇ ਹਾਂ ਅਤੇ ਖੁਸ਼ਕ ਮੌਸਮਾਂ ‘ਚ ਸੁੱਕਦੇ ਹਾਂ।
ਮੁੱਕਦੀ ਗੱਲ, ਵਿਆਪਕ ਵਰਖਾ ਨੂੰ ਵੀ ਸਾਂਭਣ-ਸਲੂਟਣ, ਕਮਾਉਣ-ਗਰਕਾਉਣ ‘ਚ ਸ਼ਾਇਦ ਉਨਾ ਖਰਚ ਨਹੀਂ ਆਵੇਗਾ, ਜਿੰਨਾ ਹਰ ਸਾਲ ਪਹਿਲਾਂ ਗੁਆਉਣ ਅਤੇ ਮੁੜ-ਭਰਪਾਈ ਉੱਤੇ ਅਸੀਂ ਖਰਚ ਕਰ ਬੈਠਦੇ ਹਾਂ। ਆਰਥਿਕ ਨੁਕਸਾਨ ਦੀ ਪੂਰਤੀ ਤਾਂ ਹੋ ਜਾਵੇਗੀ, ਪਰ ਮੋਇਆ ਨੂੰ ਕੌਣ ਮੌੜ ਲਿਆਵੇਗਾ? ਹੜ੍ਹਾਂ ਤੋਂ ਬਚਣ ਅਤੇ ਵਰਖਾ ਦਾ ਭਰਪੂਰ ਲਾਹਾ ਲੈਣ ਲਈ ਲੰਮੇਰੀਆਂ, ਚਿਰ ਸਥਾਈ, ਕੁਦਰਤ ਮੇਚਵੀਆਂ ਅਤੇ ਸਿਆਣੀਆਂ ਯੋਜਨਾਵਾਂ ਤੇ ਦ੍ਰਿੜ ਇੱਛਾ-ਸ਼ਕਤੀ ਦੀ ਲੋੜ ਹੈ। ਹਾਂ! ਇਹ ਸਿਰਫ ਕੁਦਰਤ ਅਤੇ ਲੋਕ-ਪੱਖੀ ਨਿਜ਼ਾਮ ਵੇਲੇ ਹੀ ਸੰਭਵ ਹੈ।