ਢਹਿ-ਢੇਰੀ ਹੁੰਦੇ ਪਹਾੜ

Uncategorized

ਵਿਜੈ ਬੰਬੇਲੀ

ਫੋਨ: +91-94634 39075

ਸਾਂਵੀ-ਪੱਧਰੀ ਜ਼ਿੰਦਗੀ ਬਸਰ ਕਰਨ ਲਈ ਮਿੱਟੀ-ਪਾਣੀ, ਹਵਾ-ਅਕਾਸ਼, ਜੰਗਲ-ਬੇਲੇ, ਦਰਿਆਵਾਂ ਸਮੇਤ ਪਹਾੜਾਂ ਅਰਥਾਤ ਸਰ-ਸ਼ਬਜ ਪਹਾੜਾਂ ਦੀ ਵੀ ਉੱਨੀ ਹੀ ਲੋੜ ਹੈ, ਜਿੰਨੀ ਕੁੱਲੀ-ਗੁੱਲੀ-ਜੁੱਲੀ ਦੀ; ਪਰ ਅਸੀਂ ਪਹਾੜਾਂ ਦੀ ਮਹੱਤਤਾ, ਦੇਣ ਅਤੇ ਇਨ੍ਹਾਂ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲ-ਭੁਲਾਅ ਗਏ ਹਾਂ। ਪਹਾੜਾਂ ਨੂੰ ਮਹਿਜ਼ ਆਮਦਨ ਦੇ ਸਾਧਨ, ਸੈਰ-ਸਪਾਟੇ ਜਾਂ ਫਿਰ ਮਨੋਰੰਜਨ ਦੇ ਸਾਧਨ ਮਾਤਰ ਸਮਝ ਲਿਆ ਹੈ। ਇਹੀ ਸਾਡੀ ਬੱਜਰ ਗਲਤੀ ਹੈ। ਪਹਾੜ ਕੁਦਰਤ ਦਾ ਸਿਰਮੌਰ ਅੰਗ ਹਨ, ਸਾਡੇ ਮੂਕ-ਸੇਵਾਦਾਰ। ਜਦ ਸਾਡੀਆਂ ਕਰਤੂਤਾਂ ਕਾਰਨ ਇਹ ਰੁੱਸਦੇ ਹਨ, ਤਦ ਭੀਸ਼ਣ ਦੁਖਾਂਤ ਸਾਡੇ ਪੱਲੇ ਪੈਂਦੇ ਹਨ। ਵਿਰਾਟ ਰੂਪ ਧਾਰ ਇਹ ਕੁੱਢਰ-ਚਾਲੇ ਵਹਿ ਤੁਰਦੇ ਹਨ, ਲਾਲਚੀ ਨਿਜ਼ਾਮ ਅਤੇ ਬੇ-ਸਮਝ ਬੰਦੇ ਦਾ ਸਿਰਜਿਆ ਸਭ ਕੁੱਝ ਢਹਿ-ਢੇਰੀ ਕਰਨ।

ਪਹਾੜ ਮਹਿਜ਼ ਮਿੱਟੀ ਦੇ ਢੇਰ ਨਹੀਂ। ਇਨ੍ਹਾਂ ਦਾ ਆਪਣਾ ਇੱਕ ਜੀਵੰਤ ਸੰਸਾਰ ਹੈ, ਬੇਹੱਦ ਸੂਖਮ ਅਤੇ ਜਟਿਲ। ਬਹੁਤ ਕੁੱਝ ਹੈ ਇਨ੍ਹਾਂ ਉੱਤੇ ਅਤੇ ਇਨ੍ਹਾਂ ਵਿੱਚ। ਜਰਖੇਜ਼ ਮਿੱਟੀ ਦੀਆਂ ਪਰਤਾਂ, ਬੇਸ਼-ਕੀਮਤੀ ਖਣਿਜ, ਵਿਲੱਖਣ ਜੀਵ-ਜੰਤੂ ਅਤੇ ਮਨ-ਭਾਉਂਦੇ ਜੰਗਲ-ਬੇਲੇ, ਕਿਤੇ-ਕਿਤੇ ਗਲੇਸ਼ੀਅਰ ਅਤੇ ਕਿਤੇ ਨਿਰੇ ਪਠਾਰ ਅਤੇ ਉੱਤਮ ਦ੍ਰਿਸ਼। ਜਿਹੜੇ ਰਲ-ਮਿਲ ਪੌਣ-ਪਾਣੀ, ਮਨੁੱਖੀ ਜ਼ਿੰਦਗੀ ਅਤੇ ਤਰੱਕੀ ਵਿੱਚ ਅਹਿਮ ਰੋਲ ਨਿਭਾਉਂਦੇ ਹਨ। ਇਨ੍ਹੀਂ ਦਿਨੀਂ ਹਿਮਾਚਲ, ਉੱਤਰਾਖੰਡ ਅਤੇ ਮਹਾਂਰਾਸ਼ਟਰ ਦੇ ਦੁਖਾਂਤਾਂ ਬਹਾਨੇ, ਪਹਾੜਾਂ ਦੇ ਢਹਿ-ਢੇਰੀ ਹੋਣ (ਲੈਂਡ ਸਲਾਈਡਿੰਗ) ਅਤੇ ਜਲ-ਸੈਲਾਬ ਦੀ ਬੜੀ ਚਰਚਾ ਹੈ। ਜਲ-ਸੈਲਾਬ ਕਾਰਨ ਨੇਪਾਲ, ਬਿਹਾਰ, ਉੱਤਰਾਖੰਡ, ਹਿਮਾਚਲ ਅਤੇ ਮਹਾਂਰਾਸ਼ਟਰ ‘ਚ ਵੱਡੇ ਕਹਿਰ ਵਾਪਰੇ ਹਨ। ਇਹ ਅਚਨਚੇਤ ਵਾਪਰਨ ਵਾਲਾ ਕੁਦਰਤੀ ਵਰਤਾਰਾ ਨਹੀਂ, ਜਿਵੇਂ ਬਹੁਤੇ ਸਮਝਦੇ ਹਨ ਅਤੇ ਨਾ ਹੀ ਕਿਸੇ ਕੁਲ-ਦੇਵਤੇ ਦੀ ਕਰੋਪੀ ਹੈ, ਜਿਵੇਂ ਸਰਲ-ਬਿਰਤੀ ਅਦਿ-ਕਬੀਲੇ ਸੋਚਦੇ ਹਨ। ਅਸਲ ਦੋਸ਼ੀ ਸਿਸਟਮ ਹੈ ਅਰਥਾਤ ਬੰਦਾ। ਕਿਵੇਂ? ਲਓ ਸੁਣੋ:

ਮਨੁੱਖ ਕੁਦਰਤ ਦੀ ਬੇਹਤਰੀਨ ਪੈਦਾਵਾਰ ਹੈ। ਇੱਕ ਲੰਬੀ ਕੁਦਰਤੀ ਕਿਰਿਆ-ਪ੍ਰਕਿਰਿਆ ਉਪਰੰਤ ਮਨੁੱਖ ਦੀ ਉਤੱਪਤੀ ਹੋਈ। ਪਹਿਲਾਂ ਪਾਣੀ-ਮਿੱਟੀ-ਬਨਸਪਤੀ ਦੀ ਅਨੰਤ ਗਾਥਾ। ਫਿਰ ਸੂਖਮ ਜੀਵ ਤੋਂ ਬਰਾਸਤਾ ਜਾਨਵਰ-ਦਰ-ਜਾਨਵਰ, ਮਨੁੱਖ ਬਣਨ ਦਾ ਲੰਬਾ ਸਫਰ। ਜੰਗਲਾਂ, ਕੰਦਰਾਂ, ਗੁਫਾਵਾਂ, ਕੁੱਲੀਆਂ-ਢਾਰਿਆਂ ਤੋਂ ਸੁੱਖਾਂ-ਲੱਧੀਆਂ ਧੜਵੈਲ ਇਮਾਰਤਾਂ ਤੱਕ। ਗੇਲੀ, ਪਹੀਏ ਤੋਂ ਲੈ ਕੇ ਰਾਕਟ ਤੱਕ ਅਤੇ ਕੁਦਰਤੀ ਬਿਪਤਾਵਾਂ, ਮਹਾਂਮਾਰੀਆਂ ਦੇ ਦੌਰਾਂ ਤੋਂ ਵਿਗਿਆਨਕ ਸਹੂਲਤਾਂ ਤੱਕ। ਗੱਲ ਕੀ! ਹੁਣ ਵਾਲਾ “ਆਧੁਨਿਕ” ਮਨੁੱਖ ਮਗਰ ਲਖੂਖਾਂ ਸਾਲਾਂ ਦੀ ਘਾਲਣਾ ਹੈ। ਇਹ “ਰੱਬੀ” ਦੇਣ ਨਹੀਂ, ਕੁਦਰਤੀ ਕਿਰਿਆ-ਪ੍ਰਕਿਰਿਆ ਦੀ ਸਿਫਤੀ ਦੇਣ ਹੈ। ਪਰ ਇਸੇ ਮਨੁੱਖ ਨੇ ਆਪਣੀ ਜਨਮ ਦਾਤੀ ਕੁਦਰਤ `ਚ ਖਲਲ ਪਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਮੋੜਵੇਂ ਰੂਪ `ਚ ਇਸਦੇ ਭੈੜੇ ਸਿੱਟੇ ਨਿਕਲ ਰਹੇ ਹਨ। ਹਾਕਮ-ਜਮਾਤਾਂ, ਭੁੱਲੀ ਬੈਠੀਆਂ ਹਨ ਕਿ ਕੁਦਰਤ ਅਤੇ ਵਾਤਾਵਰਣ ਨੂੰ ਉਲੰਘ ਕੇ ਕੀਤਾ ਗਿਆ ਕੋਈ ਵੀ “ਵਿਕਾਸ” ਅੰਤ ਉਨ੍ਹਾਂ ਨੂੰ ਵੀ ਲੈ ਬੈਠੇਗਾ।

ਜੰਗਲਾਂ ਪਹਾੜਾਂ ‘ਚ ਨਿਗੁਣੀਆਂ ਆਮਦਨਾਂ ਅਤੇ “ਵਿਕਾਸ ਅਤੇ ਸੈਰ-ਸਪਾਟੇ” ਦੇ ਨਾਂ ‘ਤੇ ਕੁਦਰਤੀ ਸਮਤੋਲ ਵਿੱਚ ਦਿੱਤਾ ਬੇ-ਲੋੜਾ ਦਖ਼ਲ ਪਹਾੜਾਂ ਨੂੰ ਢਹਿ-ਢੇਰੀ ਕਰਕੇ ਹਰ ਸਾਲ ਭੀਸ਼ਣ ਦੁਖਾਂਤ ਸਾਡੇ ਪੱਲੇ ਪਾਉਂਦਾ ਹੈ। ਮਨੁੱਖੀ ਉਜੱਡਤਾ ਅਤੇ ਧਨ-ਕੁਬੇਰ ਪੱਖੀ ਨਿਜ਼ਾਮ ਦੀ ਬਦੌਲਤ ਪਹਾੜੀ-ਖਿਸਕਾਓ ਅਤੇ ਜਲ-ਸੈਲਾਬ ਸਾਨੂੰ ਸਖ਼ਤ ਚਿਤਾਵਨੀ ਹਨ। ਦਰ-ਹਕੀਕਤ, ਜ਼ਿੰਦਗੀ ਦਾ ਲੁਤਫ ਮਾਣਨ ਲਈ ਮਹਿਜ਼ ਪੈਸਾ ਜਾਂ ਭੌਤਿਕ ਸਹੂਲਤਾਂ ਦੀ ਹੀ ਨਹੀਂ, ਸਾਂਵੀ ਕੁਦਰਤ ਦੀ ਵੀ ਲੋੜ ਹੈ। ਅਸੀਂ ਜੰਗਲਾਂ-ਪਹਾੜਾਂ ‘ਚ ਪੈਟਰੋ-ਕੈਮੀਕਲਜ਼ ਅਤੇ ਪਲਾਸਟਿਕ ਲੈ ਵੜੇ ਹਾਂ, ਜਿਸ ਨੇ ਸਾਡੇ ਜਲ-ਸੋਮਿਆਂ ਗਲੇਸ਼ੀਅਰਾਂ ਨੂੰ ਵੀ ਨਿਗਲਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਹਕੂਮਤਾਂ ਅਤੇ ਧਨ-ਕੁਬੇਰੀ ਲਾਲਚਾਂ ਨੇ ਅਖੌਤੀ ਵਿਕਾਸ ਦੇ ਨਾਂ ਕੁਦਰਤ ‘ਚ ਅਣਸਾਂਵੀ ਦਖ਼ਲ-ਅੰਦਾਜ਼ੀ ਕੀਤੀ ਹੋਈ ਹੈ, ਜਿਸ ਦੇ ਚੌਗਿਰਦੇ ਉੱਪਰ ਭੈੜਾ ਅਸਰ ਪ੍ਰਤੱਖ ਹਨ। ਧਨ-ਕੁਬੇਰਾਂ ਨੇ ਖਣਿਜ-ਪਦਾਰਥਾਂ ਅਤੇ ਉਸਾਰੀਆਂ ਹਿੱਤ ਜਿਵੇਂ ਪਹਾੜਾਂ ਨੂੰ ਖੋਖਲਾ ਕਰਨਾ ਸ਼ੁਰੂ ਕੀਤਾ ਹੋਇਆ ਹੈ, ਇਨ੍ਹਾਂ ਸਭ ਦਾ ਹੀ ਮਾਰੂ ਸਿੱਟਾ ਹੈ, ਪਹਾੜਾਂ ਦਾ ਢਹਿ-ਢੇਰੀ ਹੋਣਾ।

ਮਿੱਟੀ ਸਿਰਜਣ ਅਤੇ ਪਹਾੜਾਂ ਨੂੰ ਜਕੜ-ਬੰਦ ਰੱਖਣ ਵਿੱਚ ਲਖੂਖਾਂ ਸਾਲਾਂ ਦੀ ਕੁਦਰਤੀ ਕਿਰਿਆ-ਪ੍ਰਕਿਰਿਆ ਅਤੇ ਬਨਸਪਤੀ ਦਾ ਵੱਡਾ ਯੋਗਦਾਨ ਹੈ। ਮਿੱਟੀ ਦੀ ਇੱਕ ਇੰਚ ਪਰਤ ਤਿਆਰ ਹੋਣ ਵਿਚ ਇੱਕ ਹਜ਼ਾਰ ਵਰ੍ਹਾ ਲੱਗ ਜਾਂਦਾ ਹੈ ਅਤੇ ਕੁਦਰਤਨ ਜਰਖੇਜ਼ ਹੋਣ ਵਿੱਚ ਤਿੰਨ ਸਦੀਆਂ। ਪਹਾੜ ਵੀ ਅੰਬਰੋਂ ਨਹੀਂ ਸੀ ਡਿੱਗੇ, ਇੱਕ ਲੰਬੀ ਦਾਸਤਾਂ ਹੈ ਇਨ੍ਹਾਂ ਦੇ ਉੱਗਮਣ ਅਤੇ ਸਭ ਦੀ ਸਰਬ-ਸਾਂਝੀ ਮਾਲਕੀ ਦੀ। ਹਾਂ, ਇਹ ਸੂਖਮ ਰੂਪ ‘ਚ ਵਹਿੰਦੇ ਵੀ ਹਨ। ਮੱਲੜ-ਮਿੱਟੀ ਦਾ ਸਹਿਜ ਰੂਪ ‘ਚ ਵਹਿਣਾ ਕੁਦਰਤ ਅਤੇ ਮਨੁੱਖ ਪੱਖੀ ਹੈ। ਕੁਦਰਤ ਦੁਆਰਾ ਜਾਂ ਕੁਦਰਤ ਵਿਰੋਧੀ ਮਨੁੱਖ ਵਲੋਂ ਕੁਦਰਤੀ ਸੋਮਿਆਂ ਦੀ ਮੁੜ-ਭਰਪਾਈ ਨਾ ਕਰਨ ਕਾਰਨ ਧਰਤੀ ਖੁਰਚਿਆਂ ਜਾਣਾ ਭੌਂ-ਖੋਰ ਜਾਂ ਪਹਾੜਾਂ ਦਾ ਵਹਿਣਾ ਕਹਾਉਂਦਾ ਹੈ। ਭੂਮੀ ਦੇ ਕਣਾਂ ਦਾ ਪਾਣੀ, ਹਵਾ, ਗਤੀ ਜਾਂ ਜੀਵਕ-ਗਤੀਵਿਧੀਆਂ ਦੁਆਰਾ ਆਪਣੀ ਮੂਲ ਥਾਂ ਤੋਂ ਦੂਜੀ ਥਾਂ ਜਾਣ ਨੂੰ ਭੌਂ-ਖੋਰ ਆਖਦੇ ਹਨ। ਸੀਮਤ ਤੇ ਸਾਧਾਰਨ ਭੌਂ-ਖੋਰ ਕੁਦਰਤ ਦੀ ਆਮ ਪ੍ਰਕਿਰਿਆ ਹੈ, ਇਹ ਨੁਕਸਾਨਦਾਇਕ ਵੀ ਨਹੀਂ। ਕੁਦਰਤੀ ਜਾਂ ਬੰਦੇ ਦੀਆਂ ਲੋੜਾਂ ਕਾਰਨ ਇਹ ਅੱਗੇ ਵੀ ਜਾਰੀ ਰਹੇਗੀ। ਕੁਦਰਤੀ ਸਮਤੋਲ ਜਾਂ ਭੌਂ-ਖੋਰ ਰੋਕੂ ਕਾਰਜਾਂ ਤਹਿਤ ਇਹ ਸੀਮਤ ਅਤੇ ਕਹਿਣੇ ਵਿੱਚ ਹੁੰਦੀ ਸੀ, ਪਰ ਹੁਣ ਅਜਿਹਾ ਨਹੀਂ ਹੈ।

ਭੂਮੀ ਖੋਰ ਦੋ ਕਿਸਮ ਦਾ ਹੁੰਦਾ ਹੈ- ਸਹਿਜ (ਕੁਦਰਤੀ) ਅਤੇ ਵਧਿਆ ਹੋਇਆ (ਮਨੁੱਖੀ ਆਪ-ਹੁਦਰੀਆਂ ਕਾਰਨ)। ਜਦੋਂ ਭੂਮੀ ਖਾਰ ਦੀ ਦਰ ਭੂਮੀ ਬਣਤਰ ਦੀ ਦਰ ਤੋਂ ਘੱਟ ਜਾਂ ਬਰਾਬਰ ਹੋਵੇ ਤਾਂ ਇਸਨੂੰ ਕੁਦਰਤੀ ਜਾਂ ਸਹਿਜ ਕਿਹਾ ਜਾਂਦਾ ਹੈ, ਪ੍ਰੰਤੂ ਇਹ ਉਸੇ ਸਥਿਤੀ ਵਿਚ ਹੁੰਦਾ ਹੈ, ਜਦ ਭੂਮੀ ਬਨਸਪਤੀ ਨਾਲ ਪੂਰੀ ਤਰ੍ਹਾਂ ਢਕੀ ਹੋਈ ਹੋਵੇ। ਮਨੁੱਖੀ ਲੋੜਾਂ ਪਰ ਬੇ-ਲਗਾਮ ਹਿਰਸਾਂ ਕਾਰਨ ਭੂਮੀ ਨੰਗ-ਧੜੰਗੀ ਅਤੇ ਖੋਖਲੀ ਕਰ ਦਿੱਤੀ ਗਈ ਹੈ। ਪਹਿਲੀ ਸਟੇਜ ਵਿਚ ਜਦ ਮੀਂਹ ਦੀਆਂ ਬੂੰਦਾਂ ਨੰਗੀ ਧਰਤੀ ‘ਤੇ ਪੈਂਦੀਆਂ ਹਨ ਤਾਂ ਇਹ ਭੂਮੀ ਕਣਾਂ ਨੂੰ ਨਿਖੇੜ ਕੇ 2 ਤੋਂ 5 ਫੁੱਟ ਦੀ ਦੂਰੀ ‘ਤੇ ਲਿਜਾ ਕੇ ਸੁੱਟ ਦਿੰਦੀਆਂ ਹਨ। ਦੂਸਰੀ ਸਟੇਜ ਉੱਤੇ ਇਹ ਕਣ ਵਹਿ ਕੇ ਜਾਂ ਧਰਤੀ ਉਪਰਲੀ ਮਹੀਨ ਪਰਤ ਧੋਹ ਹੋ ਵਹਿ ਤੁਰਦੀ ਹੈ। ਇਸ ਬਾਰੀਕ ਪਰਤ ਦੀ ਖੁਰਚਾਈ ਦਿੱਸਦੀ ਨਹੀਂ, ਪ੍ਰੰਤੂ ਇੱਕ-ਅੱਧੇ ਦਹਾਕੇ ਬਾਅਦ ਇਸ ਦੀ ਘਾਟ ਰੜਕਣ ਲੱਗ ਪੈਂਦੀ ਹੈ। ਇਸਤੋਂ ਅਗਲਾ ਕਦਮ, ਧਾਰਾਵੀਂ ਖੋਰ (ਰਿਲ ਇਰੋਜਨ) ਹੁੰਦੀ ਹੈ, ਜਦ ਧਰਤੀ ਉੱਤੇ ਪੰਜਿਆਂ ਵਰਗੀਆਂ ਧਾਰਾਵਾਂ ਬਣ ਜਾਂਦੀਆਂ ਹਨ। ਪਾਣੀ ਦਾ ਲਗਾਤਾਰ ਵਹਿਣ ਉਂਗਲਾਂ ਵਰਗੀਆਂ ਨਾਲੀਆਂ ਉਸਾਰ ਕੇ ਭੌਂ-ਖੋਰ ਕਰਦਾ ਹੈ, ਜਿਸ ਨਾਲ ਉਪਜਾਊ ਪਰਤਾਂ ਰੁੜ ਜਾਂਦੀਆਂ ਹਨ। ਤੀਜੀ ਧਾਰਾ ਚੋਈਆਂ ਦੀ ਉਸਾਰ ਹੁੰਦੀ ਹੈ। ਪਾਣੀ ਦੀ ਤੇਜ਼ ਗਤੀ ਦੋ ਕੁ ਸਾਲਾਂ ‘ਚ ਹੀ ਚੋਈਆਂ (ਨਾਲੀਆਂ) ਦੀ ਉਸਾਰੀ ਕਰ ਦਿੰਦੀ ਹੈ। ਇਸ ਤੋਂ ਅਗਾਂਹ ਖੁਰ ਕੇ ਚੌੜੀਆਂ ਤੇ ਡੂੰਘੀਆਂ ਖੱਡਾ-ਖਾਈਆਂ ਬਣ ਜਾਂਦੀਆਂ ਹਨ। ਬਰਫਾਨੀ, ਹਵਾਈ, ਵਰਖੇਈ ਤੇ ਢਿੱਗਾਂ ਡਿੱਗਣ ਆਦਿ ਕਈ ਕਿਸਮਾਂ ਭੂਮੀ ਖੋਰ ਦੀਆਂ ਸ਼ਕਲਾਂ ਹਨ।

ਭੀਸ਼ਣ ਭੌਂਅ ਅਤੇ ਜਲ ਸੈਲਾਬ ਇਸਦਾ ਵਿਰਾਟ ਰੂਪ ਹਨ, ਜਿਹੜੇ ਪਰਬਤਾਂ ਅਤੇ ਉਥੇ ਵੱਸਦੇ ਲੋਕਾਂ ਨੂੰ ਲੈ ਬਹਿੰਦੇ ਹਨ। ਭਾਰਤ ਨੂੰ ਦਰਪੇਸ਼ ਖ਼ਤਰਿਆਂ ਵਿੱਚੋਂ ਭੌਂ ਖੋਰ ਅਤੇ ਜਲ-ਸੰਕਟ ਹੁਣ ਵੱਡੇ ਖ਼ਤਰੇ ਹਨ। ਹਰ ਸਾਲ 6 ਕਰੋੜ ਟਨ, ਜਲ ਕੁੰਡਾਂ ਨੂੰ ਜਾ ਰਹੀ ਹੈ। ਭਾਰੀ ਮੀਂਹਾਂ ਅਤੇ ਤੇਜ਼ ਹਨੇਰੀਆਂ ਵਿੱਚ ਇਹ ਭੌਂ-ਖੋਰ ਬੜੀ ਤੇਜ਼ ਹੁੰਦੀ ਹੈ। ਭੌਂ ਖੋਰ ਨਾਲ ਧਰਤੀ ਦੀ ਉਪਜਾਊ ਪਰਤ ਗੁਆਚ ਜਾਂਦੀ ਹੈ। ਖੋਖਲੇ ਪਹਾੜ ਅਤੇ ਬਨਸਪਤੀ ਵਿਹੂਣੀਆਂ ਢਲਾਣਾਂ ਸਾਡੇ ਪੱਲੇ ਜਲ-ਸੈਲਾਬ, ਦਰਾੜਾਂ ਅਤੇ ਮਾਰੂਥਲ ਤਾਂ ਪਾ ਹੀ ਜਾਣਗੀਆਂ, ਸਗੋਂ ਅਸੀਂ ਪਹਾੜੀ ਜਨ-ਜੀਵਨ ਤੇ ਜਲ-ਵਹਿਣਾਂ ਅਤੇ ਸਮੁੰਦਰ ਦੀ ਪੂਰ-ਪਰਾਈ ਨਾਲ ਜਲ-ਕੁੰਡ, ਸਮੁੰਦਰ ਜੁੜਵੇਂ ਸ਼ਹਿਰ ਅਤੇ ਨੀਵੇਂ ਮੁਲਕਾਂ ਨੂੰ ਵੀ ਲੈ ਬੈਠਾਂਗੇ। ਪਹਾੜਾਂ ਵਿੱਚ 60 ਹਿੱਸੇ ਦੇ ਹਿਸਾਬ ਨਾਲ ਰੁੱਖ ਨਾ ਲੱਗੇ ਹੋਣ ਤਾਂ ਮੀਂਹ ਪਹਾੜਾਂ-ਮੈਦਾਨਾਂ ਦੀ ਮਿੱਟੀ ਨੂੰ ਖੋਰਦਾ-ਰੋੜ੍ਹਦਾ ਹੈ। ਜਦੋਂ ਪਾਣੀ ਢਲਾਨ ਤੋਂ ਉਤਰਦਾ ਹੈ, ਉਥੇ ਜੇ ਧਰਤੀ ਨੰਗੀ ਹੋਵੇ ਜਾਂ ਮੂਹਰੇ ਅੜਿੱਕੇ ਨਾ ਹੋਣ ਤਾਂ ਤਿੱਖੀ ਗਤੀ ਹਜ਼ਾਰਾ ਟਨ ਮਲਬਾ ਵੀ ਲੈ ਤੁਰਦੀ ਹੈ।

ਨੰਗੀ, ਖੋਖਲੀ ਅਤੇ ਤਿੱਖੀ ਢਾਲੂ ਜ਼ਮੀਨ ‘ਤੇ ਪਾਣੀ ਦੀ ਮਹਿਜ਼ ਦੁਗਣੀ ਗਤੀ ਹੀ ਚੌਗਣੀ ਕੱਟ-ਵੱਢ, ਭਾਰ ਚੁੱਕਣ ਦੀ ਸਮੱਰਥਾ 32 ਅਤੇ ਧੱਕਾ ਦੇਣ ਦੀ ਸ਼ਕਤੀ 64 ਗੁਣਾਂ ਅਖਤਿਆਰ ਕਰ ਜਲ-ਸੈਲਾਬ ਦਾ ਰੂਪ ਧਾਰ ਸਾਨੂੰ ਮਿੱਧ ਅਤੇ ਦਰੜ ਕੇ ਰੱਖ ਦਿੰਦੀ ਹੈ। ਤਿੱਗਣੀ ਜਲ ਗਤੀ, ਐਟ ਵਰਟੀਕਲ ਕੱਟ ਤੇ ਰੋਹੜੂ ਤਾਕਤ 729 ਗੁਣਾਂ ਹੋ ਜਾਂਦੀ ਹੈ। ਸਿੱਟੇ ਵਜੋਂ; ਪਹਾੜ ਖਿਸਕਦੇ ਅਤੇ ਵਹਿ ਤੁਰਦੇ ਹਨ। ਬਨਸਪਤਨ-ਜੜ੍ਹਾਂ ਅਤੇ ਕੁਦਰਤੀ ਤੇ ਮਸਨੂਈ ਰੋਕਾਂ ਹੀ ਸਾਡੀ ਮਿੱਟੀ ਨੂੰ ਰੁੜ੍ਹਨੋ-ਉੱੜਨੋ ਬਚਾਉਂਦੀਆਂ ਹਨ। ਜੇ ਇਕ ਹੈਕਟੇਅਰ, ਪੱਧਰੇ ਰਕਬੇ, ਵਿੱਚੋਂ ਹਰ ਵਰ੍ਹੇ ਸਿਰਫ ਇਕ ਘਣਮੀਟਰ ਮਿੱਟੀ ਵੀ ਰੁੜ੍ਹੇ ਅਤੇ ਇਹ ਕਿਰਿਆ ਇਕ ਪੀੜ੍ਹੀ (25 ਵਰ੍ਹੇ) ਜਾਰੀ ਰਹੇ ਤਾਂ ਇਕ ਫੁੱਟ ਉਤਲੀ ਪਰਤ ਰੁੜ੍ਹ-ਖੁਰ ਸਮੁੰਦਰਾਂ ਪੇਟੇ ਜਾ ਪਵੇਗੀ। ਵੀਰਾਨ, ਨੰਗ-ਧੜੰਗੀ ਤੇ ਰੁੱਖ ਵਿਹੂਣੀ ਇਕ ਹੈਕਟੇਅਰ ਭੂਮੀ ਹਰ ਵਰ੍ਹੇ 30 ਟਨ ਮਿੱਟੀ ਗੁਆ ਬਹਿੰਦੀ ਹੈ। ਹੁਣ ਭੂਮੀ ਅਤੇ ਜੰਗਲਾਂ-ਪਹਾੜਾਂ ਦੀ ਵਰਤੋਂ ਉਸ ਦੀ ਯੋਗਤਾ ਅਤੇ ਕੁਦਰਤੀ ਸਮਤੋਲ ਦੇ ਮੱਦੇਨਜ਼ਰ ਨਹੀਂ ਹੋ ਰਹੀ। ਜਿਸ ਕਾਰਨ ਵੀ ਭੂਮੀ ਖੋਰ, ਮਾਰੂਥਲੀਕਰਨ, ਜਲ-ਸੰਕਟ ਅਤੇ ਪਹਾੜਾਂ ‘ਚ ਜਲ-ਸੈਲਾਬ ਵੱਧ ਰਹੇ ਹਨ।

ਮਨੁੱਖੀ ਆਪ-ਹੁਦਰੀਆਂ ਕਾਰਨ ਉੱਪਜੀ ਆਲਮੀ ਤਪਸ਼ ਨੇ ਰੁੱਤ ਵਿਗਾੜ ‘ਚ ਮਾਰੂ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਵਰਖਾ ਗੜਬੜਾ ਗਈ ਹੈ, ਸਾਂਵੇ ਵਰਖੇਈ ਖਿੱਤਿਆਂ ਵਿੱਚ ਵੀ ਕਿਤੇ ਵੱਧ ਅਤੇ ਕਿਤੇ ਮੂਲੋਂ ਘੱਟ। ਭਾਰੀ ਵਰਖਾ-ਬੱਦਲਾਂ ਦਾ ਫਟਣਾ ਇਸ ਦਾ ਵਿਰਾਟ ਰੂਪ ਹੈ। ਇਸ ਵਰਤਾਰੇ ਤਹਿਤ, ਕੁੱਝ ਦਹਾਕੇ, ਪਹਿਲਾਂ ਭਾਰੀ ਮੀਂਹ ਪੈਣਗੇ, ਭੀਸ਼ਣ ਹੜ੍ਹ ਆਉਣਗੇ, ਮਗਰੋਂ ਬਰਾਨਗੀ ਛਾਅ ਜਾਵੇਗੀ, ਬਰਫੀਲੇ ਸੋਮੇ ਪਿਘਲ ਜਾਣਗੇ, ਰੁੱਤਾਂ ਜਾਂਦੀਆਂ ਲੱਗਣਗੀਆਂ। ਸਿੱਟੇ ਵਜੋਂ, ਸੱਭ ਕੁੱਝ ਬਦਲਣਾ ਪੈ ਜਾਵੇਗਾ ਸਾਨੂੰ: ਰਹਿਣ-ਸਹਿਣ, ਕੱਪੜੇ-ਲੱਤੇ, ਘਰਾਂ ਦੀ ਬਣਤਰ, ਫਸਲੀਂ-ਪ੍ਰਣਾਲੀ ਅਤੇ ਖਾਣ-ਪੀਣ। ਦਰ-ਹਕੀਕਤ ਸਾਡਾ ਭਵਿੱਖ ਪਦਾਰਥੀ ਸਹੂਲਤਾਂ ਅਤੇ “ਰਾਜਨੀਤੀ” ਦੇ ਤੱਕੜ ਵਿੱਚ ਨਹੀਂ, ਸਗੋਂ ਭੌਤਿਕ ਤੱਕੜ ਵਿੱਚ ਲਟਕਦਾ ਹੈ ਅਤੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ? ਇਸ ਦਾ ਨਿਤਾਰਾ ਇਸ ਗੱਲ ਉੱਪਰ ਮੁਨੱਸਰ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਕਿੰਨੀ ਕੁ ਕੀਤੀ।

ਭਾਰਤ ਅਤੇ ਪਾਕਿਸਤਾਨ ਵਿਚਲੇ ਥਾਰ ਦੀ ਦੋ ਹਜ਼ਾਰ ਵਰ੍ਹੇ ਪੁਰਾਣੀ ਦਾਸਤਾਂ ਅਤੇ ਪਹਾੜਾਂ ਦੇ ਖਿਸਕਾਅ ਤੇ ਮੌਜੂਦਾ ਜਲ-ਸੈਲਾਬ ਅਸਲ ਵਿਚ ਮਨੁੱਖ ਦੇ ਕੁਦਰਤ ਪ੍ਰਤੀ ਗਲਤ ਵਿਹਾਰ ਦੀ ਹੀ ਵਿੱਥਿਆ ਹੈ। ਅਸੀਂ ਹੱਥੀਂ ਉਜਾੜੇ ਰਾਜਸਥਾਨ ਦੀ ਹੋਣੀ ਨੂੰ ਭੁੱਲ ਗਏ ਹਾਂ। ਕਿਸੇ ਸਮੇਂ ਸਾਰੇ ਸਥਾਨਾਂ ‘ਚੋਂ ਰਾਜ (ਸਿਰਮੌਰ) ਸਥਾਨ ਰੱਖਦਾ ਸਰ-ਸਬਜ਼ ਇਹ ਖਿੱਤਾ ਕੁਝ ਹੀ ਦਹਿ-ਸਦੀਆਂ ਵਿੱਚ ਉਦੋਂ ਧੂੜ ਤੇ ਟੋਇਆਂ-ਟਿੱਬਿਆਂ ਵਿਚ ਬਦਲ ਗਿਆ, ਜਦ ਜੰਗਲ, ਜਲ-ਵਹਿਣ ਅਤੇ ਪਹਾੜ ਰੁੱਸ ਗਏ। ਤਵਾਰੀਖ ਗਵਾਹ ਹੈ ਕਿ ਜ਼ਰੂਰੀ ਵਰਤੋਂ ਉਪਰੰਤ ਕੁਦਰਤੀ ਸੋਮਿਆਂ ਦੀ ਮੁੜ-ਭਰਪਾਈ ਨਾ ਕਰਨ ਵਾਲੀ ਤਕਰੀਬਨ ਹਰ ‘ਸਲਤਨਤ‘ ਦਾ ਅੰਤ ਦਰਾੜਾਂ, ਜਲ-ਸੰਕਟਾਂ ਅਤੇ ਮਾਰੂਥਲ ਦੇ ਜਨਮ ਨਾਲ ਹੋਇਆ ਹੈ। ਕਿਥੇ ਗਈਆਂ ਸਾਡੀਆਂ ਹੜੱਪਾ ਅਤੇ ਮਹਿਜੋਂਦੜੋ ਦੀਆਂ ਸੱਭਿਆਤਾਵਾਂ?

Leave a Reply

Your email address will not be published. Required fields are marked *