ਨਵੀਨੀਕਰਨ ਦੀ ਭੇਟ ਚੜ੍ਹੀਆਂ ਅਨਮੋਲ ਸਿੱਖ ਇਤਿਹਾਸਕ ਨਿਸ਼ਾਨੀਆਂ

Uncategorized

*ਆਉਣ ਵਾਲੀਆਂ ਪੀੜ੍ਹੀਆਂ ਲਈ ਮਿਿਥਹਾਸ ਨਾ ਬਣ ਜਾਏ ਇਤਿਹਾਸ*

*ਕੱਚੀ ਗੜ੍ਹੀ ਵੀ ਸੰਗਮਰਮਰ `ਚ ਜੜੀ*

 

ਹਰਦੀਪ ਸਿੰਘ (ਹੈਪੀ) ਪੰਡਵਾਲਾ

ਫੋਨ: +91-9814095400

 

ਪੰਜਾਬ ਦੀ ਧਰਤੀ `ਤੇ ਆਏ ਗੁਰੂਆਂ-ਪੀਰਾਂ, ਸੂਰਬੀਰਾਂ ਤੇ ਯੋਧਿਆਂ ਨੇ ਸਰਬੱਤ ਦੇ ਭਲੇ ਦਾ ਹੋਕਾ ਦਿੱਤਾ। ਬਰਾਬਰਤਾ ਲਈ ਲੜਾਈਆਂ ਲੜੀਆਂ ਤੇ ਦੂਜੇ ਧਰਮਾਂ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ। ਕੁਰਬਾਨੀ ਦੀਆਂ ਕਈ ਮਿਸਾਲਾਂ ਤਾਂ ਅਜਿਹੀਆਂ ਹਨ, ਜੋ ਦੁਨੀਆਂ `ਚ ਹੋਰ ਕਿਧਰੇ ਨਹੀਂ ਮਿਲ ਸਕਦੀਆਂ। ਇਨ੍ਹਾਂ ਕੁਰਬਾਨੀਆਂ, ਸਰਬੱਤ ਦੇ ਭਲੇ ਦਾ ਹੋਕਾ ਦੇਣ ਵਾਲੇ ਗੁਰੂਆਂ-ਪੀਰਾਂ, ਯੋਧਿਆਂ ਦੀ ਵਿਰਾਸਤ ਨੂੰ ਕੀ ਅਸੀਂ ਸੰਭਾਲਿਆ ਹੈ? ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਦ ਅਸਲ ਯਾਦਗਾਰਾਂ ਬਚਣਗੀਆਂ ਹੀ ਨਹੀਂ ਤਾਂ ਉਹ ਕਿਵੇਂ ਆਪਣੇ ਵਿਰਸੇ ਪ੍ਰਤੀ ਸੰਜੀਦਾ ਹੋਣਗੇ? ਵਿਸ਼ਵ ਭਰ `ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਦੌਰਾਨ ਚਮਕੌਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਅਲੋਪ ਹੋਈਆਂ ਨਿਸ਼ਾਨੀਆਂ ਦਾ ਵੱਧ ਜ਼ਿਕਰ ਹੁੰਦਾ ਹੈ। ਇਸਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਜੁੜੀਆਂ ਥਾਂਵਾਂ ਅੱਜ ਨਵੀਨੀਕਰਨ ਦੀ ਭੇਟ ਚੜ੍ਹ ਗਈਆਂ ਹਨ।

ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ 14 ਸਾਲ 9 ਮਹੀਨੇ 13 ਦਿਨ ਰਹੇ। ਇੱਥੇ ਹੀ ਉਨ੍ਹਾਂ ਨੌਕਰੀ ਕੀਤੀ, ਇੱਥੋਂ ਹੀ ਵਿਆਹ ਹੋਇਆ ਤੇ ਇੱਥੇ ਹੀ ਉਨ੍ਹਾਂ ਦੇ ਘਰ ਪੁੱਤਰਾਂ ਨੇ ਜਨਮ ਲਿਆ। ਉਨ੍ਹਾਂ ਚਾਰ ਉਦਾਸੀਆਂ ਵੀ ਇੱਥੋਂ ਹੀ ਕੀਤੀਆਂ ਤੇ ਸਭ ਤੋਂ ਵੱਡੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਮੂਲ ਮੰਤਰ ਦੀ ਰਚਨਾ ਵੀ ਸੁਲਤਾਨਪੁਰ ਲੋਧੀ `ਚ ਪਵਿੱਤਰ ਕਾਲੀ ਵੇਈਂ ਦੇ ਕੰਢੇ `ਤੇ ਹੋਈ ਸੀ। ਸੁਲਤਾਨਪੁਰ ਲੋਧੀ `ਚ ਬੇਬੇ ਨਾਨਕੀ ਦਾ ਘਰ ਕਾਰ ਸੇਵਾ ਦੇ ਨਾਂ ਹੇਠ ਮਲੀਆਮੇਟ ਕੀਤਾ ਗਿਆ। ਬੇਬੇ ਨਾਨਕੀ ਦੇ ਘਰ ਨੂੰ ਢਹਿ-ਢੇਰੀ ਕਰਕੇ ਉਸ ਦੀ ਥਾਂ `ਤੇ ਇਕ ਮਹਿਲਨੁਮਾ ਕਿਲ੍ਹਾ ਉਸਾਰ ਦਿੱਤਾ ਗਿਆ। ਬੇਬੇ ਨਾਨਕੀ ਦੇ ਘਰ ਦੇ ਆਲੇ-ਦੁਆਲੇ ਰਹਿਣ ਵਾਲੇ ਗੁਆਂਢੀ ਤਾਂ ਦੱਸ ਸਕਦੇ ਹਨ ਕਿ ਬੇਬੇ ਜੀ ਦਾ ਅਸਲੀ ਘਰ ਕਿਹੋ ਜਿਹਾ ਸੀ, ਪਰ ਯਾਤਰਾ `ਤੇ ਆਇਆ ਗੁਰਸਿੱਖ ਜਾਂ ਹੋਰ ਕੋਈ ਸੈਲਾਨੀ ਉਸ ਘਰ ਦੇ ਦਰਸ਼ਨਾਂ ਉਪਰੰਤ ਕਹੇਗਾ ਕਿ ਕੀ ਬੇਬੇ ਨਾਨਕੀ ਜਾਂ ਬਾਬਾ ਨਾਨਕ ਕਿਹੋ ਜਿਹੇ ਆਲੀਸ਼ਾਨ ਘਰ `ਚ ਜ਼ਿੰਦਗੀ ਜਿਉ ਰਹੇ ਸਨ? ਉਹ ਅਸਲੀ ਥਾਂ ਵੀ ਢਹਿ-ਢੇਰੀ ਕਰ ਦਿੱਤੀ ਗਈ, ਜਿੱਥੇ ਗੁਰੂ ਸਾਹਿਬ ਮੋਦੀਖਾਨੇ `ਚ ਨੌਕਰੀ ਕਰਦੇ ਰਹੇ। ਉਥੇ ਹੁਣ ਦੁਧੀਆ ਰੰਗੇ ਸੰਗਮਰਮਰ ਨਾਲ ਗੁਰਦੁਆਰਾ ‘ਹੱਟ ਸਾਹਿਬ` ਬਣਾਇਆ ਹੋਇਆ ਹੈ।

ਗੁਰੂ ਕਾ ਬਾਗ, ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹ ਪਿੱਛੋਂ ਰਹਿੰਦੇ ਸਨ, ਉਸ ਦਾ ਵੀ ਪੁਰਾਤਨ ਸਰੂਪ ਵਿਗਾੜ ਦਿੱਤਾ ਗਿਆ। ਚਮਕੌਰ ਸਾਹਿਬ ਦੀ ਗੜ੍ਹੀ, ਜਿਸ ਨੂੰ ਕੱਚੀ ਹਵੇਲੀ ਵੀ ਕਹਿੰਦੇ ਹਨ, ਉਥੇ 40 ਸਿੰਘਾਂ ਨੇ ਲੱਖਾਂ ਦੀ ਗਿਣਤੀ `ਚ ਮੁਗਲ ਫੌਜ ਦਾ ਮੁਕਾਬਲਾ ਕੀਤਾ ਸੀ, ਉਹ ਢਾਹ ਦਿੱਤੀ ਗਈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੁਬਾਰਾ ਪੁਰਾਤਨ ਦਿਖ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ ‘ਜਹਾਜ਼ ਹਵੇਲੀ` ਦੀ ਪੁਰਾਤਨਤਾ ਨੂੰ ਬਰਕਰਾਰ ਰੱਖਣ ਲਈ ਕੰਮ ਕਈ ਸਾਲਾਂ ਤੋਂ ਰੇਂਗਦਾ ਹੋਇਆ ਮੰਜ਼ਿਲ ਵੱਲ ਵਧਣ ਦੀ ਕੋਸ਼ਿਸ਼ `ਚ ਹੈ। ਫਤਹਿਗੜ੍ਹ ਸਾਹਿਬ `ਚ ਠੰਢਾ ਬੁਰਜ ਢਹਿ ਗਿਆ ਹੈ।

ਗੁਰਦਾਸਪੁਰ ਜ਼ਿਲ੍ਹੇ `ਚ ਬਾਬਾ ਬੰਦਾ ਸਿੰਘ ਬਹਾਦਰ ਦਾ ਥੇਹ ਵੀ ‘ਥੇਹ` ਕਰ ਦਿੱਤਾ ਗਿਆ। ਬਾਬਾ ਗੁਰਦਿੱਤਾ ਜੀ ਦੀ ਯਾਦ `ਚ ਬਣੀ ਯਾਦਗਾਰ, ਜੋ ਨਾਨਕਸ਼ਾਹੀ ਇੱਟਾਂ ਦੀ ਬਣੀ ਹੋਈ ਸੀ, ਉਸ ਉਪਰ ਸੀਮਿੰਟ ਨਾਲ ਪਲਸਤਰ ਕਰਕੇ ਉਸ ਦੀ ਪੁਰਾਤਨਤਾ ਮਿਟਾ ਦਿੱਤੀ ਗਈ ਹੈ। ਬੀਬੀ ਬੀਹੋ ਦਾ ਘਰ ਢਾਹ ਦਿੱਤਾ ਗਿਆ। ਹੋਰ ਵੀ ਗੁਰੂ ਸਾਹਿਬਾਨ ਨਾਲ ਸਬੰਧਤ ਅਸਲੀ ਯਾਦਗਾਰਾਂ ਕਾਰ ਸੇਵਾ ਦੇ ਨਾਂ ਹੇਠ ਮਲੀਆਮੇਟ ਕਰ ਦਿੱਤੀਆਂ ਗਈਆਂ। ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਦੋਂ ਅਸਲੀ ਯਾਦਗਾਰਾਂ ਦੇਖਣ ਲਈ ਬਚਣਗੀਆਂ ਹੀ ਨਹੀਂ ਤਾਂ ਫਿਰ ਉਹ ਇਹ ਕਿਵੇਂ ਮੰਨ ਲੈਣਗੇ ਕਿ ਬੇਬੇ ਨਾਨਕੀ ਇਕ ਸਧਾਰਨ ਘਰ `ਚ ਰਹਿੰਦੀ ਸੀ ਜਾਂ ਚਮਕੌਰ ਸਾਹਿਬ ਦੀ ਗੜ੍ਹੀ `ਚ (ਕੱਚੀ ਹਵੇਲੀ `ਚ) ਸਿੱਖ ਮੁਗਲਾਂ ਦੀ ਵੱਡੀ ਫੌਜ ਨਾਲ ਟਕਰਾਅ ਗਏ ਸਨ, ਕਿਉਂਕਿ ਉਥੇ ਕੱਚੀ ਹਵੇਲੀ ਬਚੀ ਹੀ ਨਹੀਂ। ਅਫ਼ਸੋਸ ਅੱਜ ਇਹ ਕੱਚੀ ਗੜ੍ਹੀ ਵੀ ਸੰਗਮਰਮਰ ਦਾ ਰੂਪ ਧਾਰਨ ਕਰ ਗਈ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ ਸਥਿਤ ਮਹਾਰਾਜਾ ਰਣਜੀਤ ਸਿੰਘ ਕਾਲ ਦੀ ਬਾਰਾਂਦਰੀ ਨੂੰ ਇਸ ਦਾਅਵੇ ਨਾਲ ਮਿੱਟੀ `ਚ ਮਿਲਾ ਦਿੱਤਾ ਕਿ ਹੂਬਹੂ ਅਜਿਹੀ ਬਾਰਾਂਦਰੀ ਦਾ ਨਿਰਮਾਣ ਕੀਤਾ ਜਾਵੇਗਾ। ਅਨਮੋਲ ਸਿੱਖ ਇਤਿਹਾਸਕ ਨਿਸ਼ਾਨੀਆਂ ਦੇ ਹੋ ਰਹੇ ਘਾਣ ਲਈ ਸ਼੍ਰੋਮਣੀ ਕਮੇਟੀ ਨੂੰ ਕਾਰ ਸੇਵਾ ਸੰਪਰਦਾਵਾਂ ਨਾਲ ਮਿਲ ਕੇ ਇਸ ਵਿਰਾਸਤੀ ਘਾਣ ਨੂੰ ਜਲਦ ਰੋਕਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਸੰਜੋਈਆਂ ਯਾਦਾਂ ਦੇ ਦਰਸ਼ਨਾਂ ਤੋਂ ਵੀ ਵਾਂਝੇ ਹੋ ਕੇ ਰਹਿ ਜਾਵਾਂਗੇ।

Leave a Reply

Your email address will not be published. Required fields are marked *