ਸਾਈਂ ਮੀਆਂ ਮੀਰ

Uncategorized

ਅਲੀ ਰਾਜਪੁਰਾ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ “ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੂੰ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਇਸ ਅੰਕ ਵਿੱਚ ਸਾਈਂ ਮੀਆਂ ਮੀਰ ਜੀ ਦਾ ਵੇਰਵਾ ਹੈ, ਜਿਸ ਦਾ ਪਹਿਲਾ ਤੇ ਦੂਜਾ ਹਿੱਸਾ ਪਿਛਲੇ ਅੰਕਾਂ ਵਿੱਚ ਛਾਪ ਚੁਕੇ ਹਾਂ। ਪੇਸ਼ ਹੈ, ਇਸ ਲੇਖ ਦਾ ਤੀਜਾ ਹਿੱਸਾ…

 

 

-ਤੀਜਾ ਭਾਗ-

 

-ਲੜੀ ਜੋੜਨ ਲਈ ਪਿਛਲਾ ਅੰਕ ਪੜ੍ਹੋ-

“ਗੁਰ ਪ੍ਰਤਾਪ ਸੂਰਜ ਗ੍ਰੰਥ” ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਇਹ ਸਲੋਕ ਜਹਾਂਗੀਰ ਦੇ ਦਰਬਾਰ ਵਿੱਚ ਉਚਾਰਣ ਕੀਤਾ ਸੀ। ਇਸ ਸਾਕੇ ਦਾ ਰਾਜਨੀਤਕ ਪੱਖੋਂ ਚਾਹੇ ਜਿਵੇਂ ਵੀ ਵਿਸ਼ਲੇਸ਼ਣ ਕੀਤਾ ਜਾਵੇ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦਾ ਦੁੱਖ ਲੋਕਾਂ ਨੇ ਆਮ ਤੌਰ ’ਤੇ ਕੀਤਾ, ਜਿਸ ਦੀ ਸਭ ਤੋਂ ਵੱਡੀ ਮਿਸਾਲ ਸਾਈਂ ਮੀਆਂ ਮੀਰ ਜਿਹੀ ਸ਼ਖ਼ਸੀਅਤ ਸਨ। ਸਿੱਖ ਰਵਾਇਤਾਂ ਅਨੁਸਾਰ ਜਦੋਂ ਗੁਰੂ ਅਰਜਨ ਦੇਵ ਜੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਫੈਲੀ ਤਾਂ ਉਨ੍ਹਾਂ ਦੇ ਚਾਹੁਣ ਵਾiਲ਼ਆਂ ਨੂੰ ਗਹਿਰਾ ਸਦਮਾ ਲੱਗਿਆ। ਉਨ੍ਹਾਂ ਦੇ ਸਾਥੀ ਸੰਤ ਤੇ ਦਰਵੇਸ਼ ਇਕੱਠੇ ਹੋ ਕੇ ਮੀਆਂ ਮੀਰ ਦੇ ਕੋਲ਼ ਆਏ ਅਤੇ ਉਨ੍ਹਾਂ ਨੂੰ ਸਾਰੀ ਦਾਸਤਾਨ ਸੁਣਾ ਕੇ ਕਿਹਾ ਕਿ ਹੁਣ ਉਹ ਗੁਰੂ ਜੀ ਦੀ ਰਿਹਾਈ ਦਾ ਕੋਈ ਉਪਾਅ ਲੱਭਣ। ਇਹ ਸੁਣ ਕੇ ਮੀਆਂ ਮੀਰ ਜੀ ਬੇਚੈਨ ਹੋ ਗਏ ਅਤੇ ਤੁਰੰਤ ਉੱਠ ਕੇ ਉਸ ਥਾਂ ਪੁੱਜੇ, ਜਿੱਥੇ ਗੁਰੂ ਜੀ ਕੈਦ ਸਨ। ਚੰਦੂ ਸ਼ਾਹ ਉਨ੍ਹਾਂ ਨੂੰ ਸਖ਼ਤ ਸਜ਼ਾ ਦੇ ਰਿਹਾ ਸੀ ਅਤੇ ਸਿਪਾਹੀਆਂ ਨੂੰ ਆਦੇਸ਼ ਦਿੱਤੇ ਹੋਏ ਸਨ ਕਿ ਨਾ ਤਾਂ ਕਿਸੇ ਨੂੰ ਮਿਲਣ ਦਿੱਤਾ ਜਾਵੇ, ਨਾ ਗੁਰੂ ਜੀ ਨੂੰ ਕੁਝ ਖਾਣ-ਪੀਣ ਵਾਸਤੇ ਦਿੱਤਾ ਜਾਵੇ। ਜਿਵੇਂ ਕਿ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ:

ਨਿਕਟਿ ਬੁਲਾ ਆਪਨਿ ਸਿਪਾਹੀ। ਜਲ ਭੋਜਨ ਪਹੁੰਚਨਿ ਦਿਹੁ ਨਾਹੀਂ।

ਜਬਿ ਲਾਗਹਿ ਗੀ ਤ੍ਰਿਖਾ ਮਹਾਨੀ। ਦੇ ਗਿਨ ਲਾਖ ਦੇਹੁ ਤਬਿ ਪਾਨੀ।

ਬਯਾਕੁਲ ਹੋਇ ਛੁਪਿਤਿ ਬਹੁ ਜਬੈ। ਲੋਹੁ ਲਾਖ ਦਿਹੁ ਭੋਜਨ ਤਬੈ।

ਨਿੰਦ੍ਰਾ ਦੇ ਜਬਿ ਸੁਪਤਨਿ ਚਹੈ। ਦੇਹਿ ਲਾਖ ਤੋਂ ਸੋਵਨਿ ਲਹੈ।

ਭਾਵ ਚੰਦੂ ਨੇ ਆਪਣੇ ਸਿਪਾਹੀ ਕੋਲ਼ ਸੱਦ ਕੇ ਹੁਕਮ ਦਿੱਤਾ ਸੀ ਕਿ ਕਿਸੇ ਨੂੰ ਪਾਣੀ ਤੇ ਭੋਜਨ ਲੈ ਕੇ ਨਾ ਜਾਣ ਦਿੱਤਾ ਜਾਵੇ। ਜਦੋਂ ਪਿਆਸ ਅਤੇ ਭੁੱਖ ਸਤਾਏਗੀ ਤਾਂ ਅੰਦਰੋਂ ਮੰਗ ਆਏਗੀ। ਉਦੋਂ ਹਰ ਚੀਜ਼ ਲਈ ਇੱਕ ਲੱਖ ਰੁਪਏ ਦੀ ਸ਼ਰਤ ਰੱਖੀ ਜਾਵੇ।

ਉਪਰੋਕਤ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਸਾਈਂ ਮੀਆਂ ਮੀਰ ਕੈਦਖਾਨੇ ਵਿੱਚ ਪੰਚਮ ਗੁਰੂ ਜੀ ਨੂੰ ਮਿਲਣ ਪੁੱਜੇ। ਉਨ੍ਹਾਂ ਦੀ ਦੁੱਖਦਾਈ ਹਾਲਤ ਵੇਖ ਕੇ ਬਹੁਤ ਦੁਖੀ ਹੋਏ। ਆਪਣੀ ਸਮਰੱਥਾ ਅਨੁਸਾਰ ਮਦਦ ਕਰਨ ਲਈ ਪੇਸ਼ਕਸ਼ ਕੀਤੀ ਅਤੇ ਮੁਗ਼ਲਾਂ ਦੀ ਬਰਬਾਦੀ ਲਈ ਆਪਣੀ ਰੂਹਾਨੀ ਸ਼ਕਤੀ ਦਾ ਇਸਤੇਮਾਲ ਕਰਨ ਲਈ ਇਜਾਜ਼ਤ ਮੰਗੀ। ਜਿਸ ਦਾ ਵਰਣਨ ਭਾਈ ਸੰਤੋਖ ਸਿੰਘ ਜੀ ਨੇ ਇੰਝ ਕੀਤਾ ਹੈ:

ਅਵਸਰ ਪਾਇ ਪੀਰ ਪੁੰਨ ਆਏ। ਕਰਾਮਾਤ ਕਾਮਲ ਸਮੁਦਾਏ।

ਨਮੋ ਕਹੀ ਹੁਣਿ ਖਰੇ ਅਗਾਰੀ। ਕਯੋਂ ਤੁਮ ਸਹੋ ਕਸ਼ਟ ਤਨੁ ਭਾਰੀ।

ਹਤਹਿ ਦੁਸ਼ਟ ਦੋ ਬਿਲਮ ਨਾ ਲਾਵੈਂ। ਆਗਯਾ ਤਨਕ ਆਪ ਕੀ ਪਾਵੈਂ।

ਦਿੱਲੀ ਲਵ ਪੁਰਿ ਨਗਰ ਬਿਸਾਲੇ। ਅਬਿ ਲੇਵੋ ਨਿਜ ਹਾਥ ਉਠਾਲੇ।

ਦੁਹਨਿ ਭਿਰਾਵੋ ਜਿਉ ਕਰ ਤਾਰੀ। ਦੇਉ ਨਾਸ ਕਰਿ, ਲਗਹਿ ਨਾ ਬਾਰੀ।

ਕਯੋਂ ਇਤਨੇ ਦੁਖ ਸਹਹੁ ਗੁਸਾਈ। ਦਿਹੁ ਸਾਰਤ ਮੁਖ ਕਹਹੁ ਨ ਕਾਇ।

ਮੀਆਂ ਜੀ ਕੈਦਖ਼ਾਨੇ ਵਿੱਚ ਗੁਰੂ ਸਾਹਿਬ ਕੋਲ਼ ਪੁੱਜ ਗਏ ਅਤੇ ਉਨ੍ਹਾਂ ਨੂੰ ਪੇਸ਼ਕਸ਼ ਕੀਤੀ, “ਮੈਨੂੰ ਇਜਾਜ਼ਤ ਦਿਓ ਕਿ ਰੱਬੀ ਕ੍ਰਿਪਾ ਨਾਲ ਦਿੱਲੀ ਅਤੇ ਲਾਹੌਰ ਨੂੰ ਆਪਸ ਵਿੱਚ ਟਕਰਾ ਕੇ ਤਬਾਹ ਕਰ ਦੇਵਾਂ। ਜਿਨ੍ਹਾਂ ਸ਼ਹਿਰਾਂ ਵਿੱਚ ਅਜਿਹੇ ਜ਼ੁਲਮ ਹੋਣ, ਉਨ੍ਹਾਂ ਨੂੰ ਨਸ਼ਟ ਹੋ ਜਾਣਾ ਚਾਹੀਦਾ ਹੈ। ਤੁਸੀਂ ਇੰਨਾ ਦੁੱਖ ਕਿਉਂ ਸਹਿਣ ਕਰ ਰਹੇ ਹੋ? ਕਿਉਂ ਨਹੀਂ ਇਨ੍ਹਾਂ ਨੂੰ ਸਰਾਪ ਦੇ ਦਿੰਦੇ?”

ਮੀਆਂ ਜੀ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਰੱਬੀ ਭਾਣਾ ਮੰਨਦਿਆਂ ਕਿਹਾ, ਤੁਸੀਂ ਧੀਰਜ ਰੱਖੋ। ਸੂਫ਼ੀ ਅਤੇ ਸੰਤ ਭਾਵੇਂ ਰੂਹਾਨੀਅਤ ਦੇ ਉੱਚੇ ਦਰਜੇ ’ਤੇ ਹੁੰਦੇ ਹਨ, ਪਰ ਇਹ ਖੁਦਾਈ ਮਾਮਲੇ ਵਿੱਚ ਕੋਈ ਦਖ਼ਲ ਨਹੀਂ ਦਿੰਦੇ। ਹਮੇਸ਼ਾ ਰੱਬੀ ਰਜ਼ਾ ਨਾਲ ਰਾਜ਼ੀ ਰਹਿੰਦੇ ਹਨ। ਜਿਹੜਾ ਕੁਝ ਮੇਰੇ ਨਾਲ ਹੋ ਰਿਹਾ ਹੈ, ਇਹ ਰੱਬ ਦੀ ਹੀ ਮਰਜ਼ੀ ਹੈ। ਇਸ ਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ। ਸ਼ਾਇਦ ਰੱਬ ਆਪਣੇ ਬੰਦੇ ਦੇ ਸਬਰ ਦਾ ਇਮਤਿਹਾਨ ਲੈਣਾ ਚਾਹੁੰਦਾ ਹੈ। ਰਵਾਇਤਾਂ ਅਨੁਸਾਰ ਗੁਰੂ ਜੀ ਨੇ ਇਸ ਵੇਲ਼ੇ ਇਸ ਪਉੜੀ ਦਾ ਉਚਾਰਨ ਕੀਤਾ:

ਧਰਤਿ ਆਕਾਸੁ ਪਾਤਾਲ ਹੈ ਚੰਦੁ ਸੂਰੁ ਬਿਨਾਸੀ॥

ਬਾਦਿਸਾਹ ਸਾਹ ਉਮਰਾਵ ਖਾਨ ਢਹਿ ਡੇਰੇ ਜਾਸੀ॥

ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ॥

ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ॥

ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ॥ (ਅੰਗ 1100)

ਉਪਰੋਕਤ ਪਉੜੀ ਰਾਹੀਂ ਗੁਰੂ ਸਾਹਿਬ ਨੇ ਮੀਆਂ ਮੀਰ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੁਨੀਆਂ ਵਿੱਚ ਹਰ ਚੀਜ਼ ‘ਫ਼ਾਨੀ’ ਹੈ। ਇਸ ਲਈ ਤੁਸੀਂ ਮੇਰੀ ਚਿੰਤਾ ਛੱਡ ਦੇਵੋ, ਰੱਬੀ ਭਾਣੇ ਨੂੰ ਵਾਪਰਨ ਦਿਓ। ਬਾਕੀ ਸਦਾ ਰਹਿਣ ਵਾਲ਼ੀ ਹਸਤੀ ਤਾਂ ਰੱਬ ਦੀ ਹੀ ਹੈ ਅਤੇ ਸੰਸਾਰ ਵਿੱਚ ਹੁਕਮ ਵੀ ਉਸੇ ਦਾ ਚਲਦਾ ਹੈ।

ਬਾਅਦ ਦੇ ਜ਼ਮਾਨੇ ਵਿੱਚ ਜਹਾਂਗੀਰ ਨੇ ਸਿੱਖ ਗੁਰੂਆਂ ਪ੍ਰਤੀ ਆਪਣੀ ਨੀਤੀ ਵਿੱਚ ਤਬਦੀਲੀ ਕੀਤੀ ਤੇ ਸਾਈਂ ਮੀਆਂ ਮੀਰ ਜੀ ਦੇ ਸੁਝਾਅ ਮੰਨਦਿਆਂ ਗੁਰੂ ਹਰਿਗੋਬਿੰਦ ਸਿੰਘ ਜੀ ਨੂੰ ‘ਗਵਾਲੀਅਰ’ ਦੇ ਕਿਲ੍ਹੇ ਤੋਂ ਰਿਹਾਅ ਕਰ ਦਿੱਤਾ ਸੀ। ਇਨ੍ਹਾਂ ਦੀ ਰਿਹਾਈ ਦੇ ਨਾਲ ਹੀ ਬਵੰਜਾ ਕੈਦੀ ਰਾਜਿਆਂ ਨੂੰ ਵੀ ਰਿਹਾ ਕਰ ਦਿੱਤਾ ਸੀ, ਜਿਹੜੇ ਉਨ੍ਹਾਂ ਨਾਲ ਗਵਾਲੀਅਰ ਦੇ ਕਿਲ੍ਹੇ ਵਿੱਚ ਹੀ ਕੈਦ ਸਨ। ਜਹਾਂਗੀਰ ਨੇ ਇਨ੍ਹਾਂ ਸਾਰਿਆਂ ਨਾਲ ਸ਼ਾਂਤੀ ਸਮਝੌਤਾ ਕਰ ਲਿਆ ਸੀ। ਇਸ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਅਤੇ ਜਹਾਂਗੀਰ ਵਿੱਚ ਨੇੜਤਾ ਪੈਦਾ ਹੋ ਗਈ ਸੀ। ਇਸ ਘਟਨਾਕ੍ਰਮ ਤੋਂ ਜ਼ਾਹਰ ਹੁੰਦਾ ਹੈ ਕਿ ਅਖ਼ੀਰ ਵਿੱਚ ਗੁਰੂ ਸਾਹਿਬ ਅਤੇ ਮੁਗ਼ਲਾਂ ਵਿਚਕਾਰ ਨੇੜਲੇ ਸਬੰਧ ਪੈਦਾ ਹੋ ਗਏ। ਜਹਾਂਗੀਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਪਸ਼ਚਾਤਾਪ ਕੀਤਾ। ਇਤਿਹਾਸਕਾਰਾਂ ਅਨੁਸਾਰ ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਨਾਲ ਵੀ ਗੁਰੂ ਸਾਹਿਬ ਦੇ ਸਬੰਧ ਕਾਫ਼ੀ ਦੇਰ ਤੱਕ ਖ਼ੁਸ਼ਗਵਾਰ ਰਹੇ। ਮੀਆਂ ਮੀਰ ਜੀ ਦੀ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਗਰੋਂ ਉਨ੍ਹਾਂ ਦੇ ਜਾਨਸ਼ੀਨ ਗੁਰੂ ਹਰਿਗੋਬਿੰਦ ਸਾਹਿਬ ਨਾਲ ਨਿੱਘੀ ਮੁਹੱਬਤ ਅਤੇ ਹਮਦਰਦੀ ਪੈਦਾ ਹੋ ਗਈ ਸੀ। ਜਿਸ ਦਾ ਸਭ ਤੋਂ ਵੱਡਾ ਸਬੂਤ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਮੀਆਂ ਮੀਰ ਜੀ ਨੇ ਫ਼ਕੀਰਾਂ ਅਤੇ ਦਰਵੇਸ਼ਾਂ ਨੂੰ ਨਾਲ ਲੈ ਕੇ ਬਾਦਸ਼ਾਹ ਪਾਸ ਰਿਹਾਈ ਦੀ ਸਿਫ਼ਾਰਸ਼ ਕੀਤੀ। ਉਦੋਂ ਤੱਕ ਲਾਹੌਰ ਨਾ ਮੁੜੇ, ਜਦੋਂ ਤੱਕ ਗੁਰੂ ਸਾਹਿਬ ਨੂੰ ਕੈਦ ਤੋਂ ਰਿਹਾਅ ਨਾ ਕਰ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਮੀਆਂ ਮੀਰ ਜੀ ਦੀ ਬਹੁਤ ਕਦਰ ਕਰਦੇ ਸਨ।

‘ਇਤਿਹਾਸ ਗੁਰੂ ਸਾਹਿਬਾਨ’ (ਪੰਨਾ 150) ’ਤੇ ਦਰਜ ਮਿਲਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਕਹਿਣ ਉੱਤੇ ਬਾਦਸ਼ਾਹ ਅਕਬਰ ਨੇ ਸਤੀ ਪ੍ਰਥਾ ਨੂੰ ਬੰਦ ਕਰਨ ਹਿੱਤ ਸ਼ਾਹੀ ਐਲਾਨਨਾਮਾ ਜਾਰੀ ਕੀਤਾ ਸੀ ਕਿ ਮੇਰੇ ਰਾਜ ਵਿੱਚ ਕਿਸੇ ਔਰਤ ਨੂੰ ਸਤੀ ਹੋਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਨਾਲ ਵੀ ਬਾਦਸ਼ਾਹ ਅਕਬਰ ਨੇ ਸ਼ਰਧਾ ਭਰੇ ਸਬੰਧ ਕਾਇਮ ਕੀਤੇ, ਜਿਸ ਬਾਰੇ “ਤਵਾਰੀਖ ਗੁਰੂ ਖਾਲਸਾ” (ਉਰਦੂ, ਪੰਨਾ ਨੰ. 750) ਵਿੱਚ ਦਰਜ ਮਿਲਦਾ ਹੈ ਕਿ 1636 ਈ. ਵਿੱਚ ਅਕਬਰ ਨੇ ਕਾਬਲ ਤੋਂ ਆਉਂਦਿਆਂ ਗੁਰੂ ਰਾਮਦਾਸ ਜੀ ਦੀ ਮਹਿਮਾ ਸੁਣੀ ਤੇ ਦਰਸ਼ਨਾਂ ਨੂੰ ਗਏ। ਅਕਬਰ ਨੇ 101 ਮੋਹਰਾਂ ਭੇਟ ਕਰਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ ਸੀ।

‘ਪ੍ਰਿਥੀਚੰਦ’ ਨੇ ਗੁਰੂ ਗੱਦੀ ਉੱਤੇ ਆਪਣਾ ਦਾਅਵਾ ਜਤਾਉਣ ਲਈ ਅਤੇ ਗੱਦੀ ਤੋਂ ਗੁਰੂ ਅਰਜਨ ਦੇਵ ਜੀ ਨੂੰ ਲਾਹੁਣ ਲਈ ਮੁਕੱਦਮਾ ਕੀਤਾ ਸੀ, ਪਰ ਅਕਬਰ ਨੇ ਉਹਦਾ ਦਾਅਵਾ ਖ਼ਾਰਜ ਕਰ ਦਿੱਤਾ ਸੀ। ਜਿਸ ਤੱਥ ਨੂੰ ਅੰਗਰੇਜ਼ੀ ਇਤਿਹਾਸਕਾਰ ‘ਮੈਕਾਲਿਫ਼’ ਆਪਣੀ “ਮੈਕਾਲਿਫ਼ ਇਤਿਹਾਸ ਹਿੱਸਾ 3 ਪੰਨਾ ਨੰ. 203” ’ਤੇ ਉਜਾਗਰ ਕਰਦਾ ਹੈ।

ਇਸੇ ਤਰ੍ਹਾਂ “ਇਤਿਹਾਸ ਸਿੱਖ ਗੁਰੂ ਸਾਹਿਬਾਨ” ਦੇ ਪੰਨਾ 197 ਉੱਤੇ ਦਰਜ ਮਿਲਦਾ ਹੈ, “ਪ੍ਰਿਥੀ ਚੰਦ ਨੇ ਆਪਣਾ ਵਜ਼ੀਰ ਭੇਜ ਕੇ ਜਦੋਂ ਤਹਿਕੀਕਾਤ ਕਰਵਾਈ ਤੇ ਹੁਕਮ ਦਿੱਤਾ ਕਿ ਪ੍ਰਿਥੀ ਕੋਲ਼ ‘ਹੇਂਹਰ’ ਤੇ ‘ਕਲੇਰ’ ਪਿੰਡਾਂ ਦੀ ਚੌਦਾਂ ਹਜ਼ਾਰ ਵਿਘੇ ਜ਼ਮੀਨ ਰਹੇ ਤੇ ਬਾਕੀ ਦੀ ਸਾਰੀ ਜ਼ਮੀਨ ਗੁਰੂ ਅਰਜਨ ਦੇਵ ਜੀ ਪਾਸ ਰਹੇ।”

ਕੁਝ ਇਤਿਹਾਸਕਾਰਾਂ ਦਾ ਦੱਸਣਾ ਹੈ ਕਿ ਜਲੰਧਰ ਦਾ ਸੂਬੇਦਾਰ ‘ਅਜ਼ੀਮ ਖ਼ਾਨ’ ਵੀ ਗੁਰੂ ਜੀ ਦਾ ਵੱਡਾ ਪ੍ਰੇਮੀ ਸੀ ਤੇ ਗੁਰੂ ਜੀ ਨੇ ਉਸ ਦੀ ਬੇਨਤੀ ਪ੍ਰਵਾਨ ਕਰਕੇ ਹੀ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਵਸਾਇਆ ਸੀ। ਜਦੋਂ ਗੁਰੂ ਅਰਜਨ ਦੇਵ ਜੀ ਦੁਆਬੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦੇ-ਕਰਦੇ ਸਿੱਖੀ ਦੇ ਪੁਰਾਣੇ ਕੇਂਦਰ ਡੱਲੇ ਨਗਰ ਜਾ ਠਹਿਰੇ, ਜਲੰਧਰ ਦਾ ਸੂਬੇਦਾਰ ਅਜ਼ੀਮ ਖ਼ਾਨ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਸੀ। ਉਸ ਨੇ ਬੇਨਤੀ ਕੀਤੀ ਸੀ ਕਿ ਦੁਆਬੇ ਵਿੱਚ ਵੀ ਕੋਈ ਨਗਰ ਵਸਾਓ, ਧਰਮ ਅਸਥਾਨ ਬਣਾਓ ਅਤੇ ਇਸ ਇਲਾਕੇ ਨੂੰ ਭਾਗ ਲਾਓ। ਜਨਾਬ ਅਜ਼ੀਮ ਖ਼ਾਨ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ 21 ਮੱਘਰ ਸੰਮਤ 1650 ਨੂੰ ਕਰਤਾਰਪੁਰ (ਜਲੰਧਰ) ਦੀ ਨੀਂਹ ਰੱਖੀ।

ਗੁਰੂ ਅਰਜਨ ਦੇਵ ਜੀ ਬਾਣੀ ਰਾਹੀਂ ਮੁਸਲਮਾਨਾਂ ਪ੍ਰਤੀ ਆਪਣੇ ਦਿਲੀ ਪਿਆਰ, ਭਾਵਨਾ ਨੂੰ ਕੁਝ ਇਸ ਤਰ੍ਹਾਂ ਰਚਦੇ ਹਨ:

ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥

ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ॥ (ਅੰਗ 1084)

ਇਤਿਹਾਸ ਵਿੱਚ ਇਹ ਵੀ ਦਰਜ ਮਿਲਦਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਡੱਬੀ ਬਾਜ਼ਾਰ ਬਾਉਲੀ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਸੀ ਤਾਂ ਲਾਹੌਰ ਦਾ ਹਾਕਮ ਹਸਨ ਖ਼ਾਂ ਆਪਣੇ ਨਾਲ ਕੁਝ ਅਮੀਰ ਮੁਸਲਮਾਨਾਂ ਨੂੰ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਸੀ ਤੇ ਗੁਰੂ ਜੀ ਨੂੰ ਬਾਉਲੀ ਤਿਆਰ ਕਰਨ ਲਈ ਚੋਖੀ ਸਹਾਇਤਾ ਵੀ ਦਿੱਤੀ ਸੀ। “ਤਵਾਰੀਖ਼ ਗੁਰੂ ਖ਼ਾਲਸਾ” ਪੰਨਾ ਨੰ. 96  ਵਿੱਚ ਇਹ ਪੱਖ ਦਰਜ ਮਿਲਦਾ ਹੈ।

“ਗੁਰਧਾਮ ਦੀਦਾਰ” ਪੰਨਾ 216 ਅਤੇ “ਗੁਰੂ ਤੀਰਥ ਸੰਗ੍ਰਹਿ” ਪੰਨਾ 78 ਅਨੁਸਾਰ ਇਸ ਬਾਉਲੀ `ਤੇ ਇੱਕ ਮੁਸਲਮਾਨ ਦੀਆਂ 142 ਮੋਹਰਾਂ ਵੀ ਲੱਗੀਆਂ ਸਨ। ਇੱਕ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਮੁਗ਼ਲ ਹਾਕਮ ਤਾਹਰ ਬੇਗ਼ ਖ਼ਾਨ ਨੇ ਪ੍ਰਿਥੀਚੰਦ ਤੇ ਗੁਰੂ ਅਰਜਨ ਦੇਵ ਜੀ ਦੀ ਸੁਲਹ ਕਰਾਉਣ ਦਾ ਯਤਨ ਵੀ ਕੀਤਾ ਸੀ ਕਿ ਇਨ੍ਹਾਂ ਦੋਵੇਂ ਭਰਾਵਾਂ ਦਾ ਝਗੜਾ ਮੁੱਕ ਜਾਵੇ, ਜਿਸ ਦਾ ਪ੍ਰਮਾਣ ‘ਗੁਰਧਾਮ ਦੀਦਾ’ ਪੰਨਾ. 260 ’ਤੇ ਦਰਜ ਮਿਲਦਾ ਹੈ।

“ਮੁਸਲਮਾਨਾਂ ਤੇ ਸਿੱਖਾਂ ਦੀ ਸਾਂਝ” ਦਾ ਇੱਕ ਇਹ ਵੀ ਪ੍ਰਮਾਣ ਮਿਲਦਾ ਹੈ ਕਿ ਅਕਬਰ ਦੇ ਰਾਜ ਦੌਰਾਨ ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਹੋਏ। ਇਸ ਸਮੇਂ ਹੀ ਗੁਰਤਾ ਗੱਦੀ ਸਬੰਧੀ ਕਈ ਝਗੜੇ ਵੀ ਉੱਠੇ ਅਤੇ ਮੁਕੱਦਮੇਬਾਜ਼ੀ ਵੀ ਹੋਈ। ਅਕਬਰ ਨੇ ਇਹ ਸਾਰੇ ਮੁਕੱਦਮੇ ਇਨਸਾਫ਼ ਨਾਲ ਹੱਲ ਕੀਤੇ। ਅਕਬਰ ਬਾਦਸ਼ਾਹ ਨੇ ਗੁਰੂ ਘਰ ਦੇ ਵਿਰੋਧ ਵਿੱਚ ਕਦੇ ਵੀ ਫ਼ੈਸਲਾ ਨਹੀਂ ਕੀਤਾ। “ਸੌ ਸਾਖੀ” ਦਾ ਲੇਖਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਅੰਕਿਤ ਕਰਦਾ ਹੈ:

ਅਕਬਰ ਬ੍ਰਹਮਚਾਰੀ ਬਪੁ ਧਾਰਾ। ਅਪਨਾ ਧਰਮ ਖੂਬ ਸਵਾਰਾ। (ਸੌ ਸਾਖੀ, ਸਾਖੀ-15)

‘ਰਸਾਲਾ ਸੀਸ ਗੰਜ ਦਿੱਲੀ ਜੂਨ 1967’ ਵਿੱਚ ਦਰਜ ਮਿਲਦਾ ਹੈ ਕਿ ਗੋਇੰਦਵਾਲ ਦੀ ਧਰਤ ਦਾ ਮਾਲਿਕ ‘ਗੋਇੰਦਾ’ ਉਸ ਨੇ ਅਕਬਰ ਤੱਕ ਪਹੰਚ ਕੀਤੀ ਕਿ ਗੁਰੂ ਅਮਰਦਾਸ ਨੂੰ ਗੋਇੰਦਵਾਲ ਤੋਂ ਬੇਦਖ਼ਲ ਕੀਤਾ ਜਾਵੇ, ਕਿਉਂਕਿ ਗੁਰੂ ਜੀ ਇੱਥੇ ਬਾਉਲੀ ਬਣਾ ਰਹੇ ਹਨ ਅਤੇ ਮੇਰੀ ਜ਼ਮੀਨ ਉੱਤੇ ਕਬਜ਼ਾ ਕਰ ਰਹੇ ਹਨ। ਅਕਬਰ ਨੇ ਲਾਹੌਰ ਦੇ ਹਾਕਮ ਨੂੰ ਸਾਰੀ ਸਥਿਤੀ ਦੀ ਰਿਪੋਰਟ ਦੇਣ ਲਈ ਕਿਹਾ। ਅਕਬਰ ਨੇ ਗੁਰੂ ਜੀ ਨੂੰ ਗੋਇੰਦਵਾਲ ਵਿਖੇ ਧਾਰਮਿਕ ਤੀਰਥ ਬਣਾਉਣ ਵਜੋਂ ਮਾਨਤਾ ਦਿੱਤੀ। ਮਗਰੋਂ ਗੋਇੰਦੇ ਦਾ ਪੁੱਤਰ ਵੀ ਅਕਬਰ ਕੋਲ਼ ਫ਼ਰਿਆਦੀ ਹੋਇਆ, ਪਰ ਉਸ ਦੀ ਵੀ ਕੋਈ ਸੁਣਵਾਈ ਨਾ ਹੋਈ। ਇਤਿਹਾਸ ਗਵਾਹ ਹੈ ਕਿ ਅਕਬਰ ਨੇ ਬੀਬੀ ਭਾਨੀ ਦੇ ਨਾਮ 22 ਪਿੰਡਾਂ ਦੀ ਜਾਗੀਰ ਵੀ ਦਿੱਤੀ ਸੀ।

ਉਂਝ ਅਕਬਰ ਤੱਕ ਸਾਰੇ ਮੁਗ਼ਲ ਬਾਦਸ਼ਾਹ ਗੁਰੂ ਘਰ ਪ੍ਰਤੀ ਸ਼ਰਧਾ ਰੱਖਦੇ ਸਨ; ਪਰ ਜਹਾਂਗੀਰ ਕੰਨਾਂ ਦਾ ਕੱਚਾ ਸੀ, ਜਿਸ ਕਰਕੇ ਉਹ ਗੁਰੂ ਘਰ ਦੇ ਖ਼ਿਲਾਫ਼ ਹੋ ਗਿਆ। ਜਹਾਂਗੀਰ ਦੇ ਸਮੇਂ ਚੰਦੂ ਦੀ ਚੜ੍ਹਤ ਹੋ ਗਈ ਤੇ ਅਨਹੋਣੀਆਂ ਵਾਪਰ ਗਈਆਂ। ਵਿਗਾੜ ਦੇ ਕਾਰਨ ਇਤਿਹਾਸ ਵਿੱਚ ਦਰੁਸਤ ਇੰਦਰਾਜ਼ ਨਹੀਂ ਮਿਲਦੇ, ਪਰ ਅਨਹੋਣੀਆਂ ਘਟਨਾਵਾਂ ਦਾ ਜ਼ਿਕਰ ਹੁਣ ਤੱਕ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਤੁਫ਼ਰਕਾ ਪੈਦਾ ਕਰਦਾ ਆਉਂਦਾ ਹੈ। ਜਹਾਂਗੀਰ ਦੀਆਂ ਰਾਜਨੀਤਕ ਚਾਲਾਂ, ਕੁਚਾਲਾਂ ਵਿੱਚ ਬਦਲ ਗਈਆਂ। ਇਹ ਰਾਜਨੀਤੀ ਸੀ, ਜਿਸ ਨੂੰ ਇੱਕ ਬਾਦਸ਼ਾਹ ਚਲਾ ਰਿਹਾ ਸੀ। ਆਮ ਜਨਤਾ ਇਸ ਵਿਗਾੜ ਨੂੰ ਸਿੱਖਾਂ ਤੇ ਮੁਸਲਮਾਨਾਂ ਵਿੱਚ ਨਫ਼ਰਤ ਵਿੱਚ ਢਾਲਦੀ ਰਹੀ। ਜੇ ਮੁਸਲਮਾਨਾਂ ਅਤੇ ਸਿੱਖਾਂ ਵਿੱਚ ਦੁਸ਼ਮਣੀ ਹੁੰਦੀ ਤਾਂ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਸਮੇਤ ਦਸ਼ਮੇਸ਼ ਪਿਤਾ ਲਈ ਕੁਰਬਾਨੀ ਨਾ ਕਰਦਾ। ਦਸ਼ਮੇਸ਼ ਪਿਤਾ ਤੱਕ ਵੀ ਆਮ ਮੁਸਲਮਾਨ ਤੇ ਹਿੰਦੂ, ਸਿੱਖ ਜਨਤਾ ਵਿੱਚ ਦੁਸ਼ਮਣੀ ਭਾਵ ਨਹੀਂ ਸਨ।

‘ਦਸਮ ਗ੍ਰੰਥ ਪੰਨਾ 64’ ’ਤੇ ਦਰਜ ਮਿਲਦਾ ਹੈ:

ਬਾਬੇ ਕੇ ਬਾਬਰ ਕੇ ਦੋਊ॥ ਆਪ ਕਰੇ ਪਰਮੇਸਰ ਸੋਊ॥

ਦੀਨ ਸਾਹ ਇਨ ਕੋ ਪਹਿਚਾਨੋ॥ ਦੁਨੀ ਪਤਿ ਉਨ ਕੋ ਅਨੁਮਾਨੋ॥

ਜੋ ਬਾਬੇ ਕੇ ਦਾਸ ਨ ਦੈ ਹੈ। ਤਿਨ ਕੇ ਗ੍ਰਹਿ ਬਾਬਰ ਕੇ ਲੈ ਹੈ॥

ਸੁਲੱਖਣ ਸਰਹੱਦੀ ਦੇ ਲਿਖੇ ਇੱਕ ਲੇਖ ਅਨੁਸਾਰ, ਵੇਖਿਆ ਜਾਵੇ ਤਾਂ ਸਿੱਖ ਇਤਿਹਾਸਕਾਰਾਂ ਨੇ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਨਹੀਂ ਲਿਖਿਆ। ਉਹ ਇਹ ਗੱਲ ਧਾਰ ਕੇ ਹੀ ਕਲਮ ਚੁੱਕਦੇ ਹਨ ਜਾਂ ਇਹ ਕਹਿ ਲਉ, ਲਕੀਰ ਦੇ ਫ਼ਕੀਰ ਨਜ਼ਰ ਆਉਂਦੇ ਹਨ ਕਿ ਮੁਸਲਮਾਨਾਂ ਅਤੇ ਸਿੱਖਾਂ ਦਾ ਜਨਮ-ਜਨਮਾਂਤਰਾਂ ਦਾ ਸਿਰ ਵੱਢਵਾਂ ਵੈਰ ਹੈ, ਪਰ ਐਸੀ ਗੱਲ ਨਹੀਂ ਹੈ। ਆਮ ਜਨਤਾ ਦਾ ਭਾਵੇਂ ਉਹ ਮੁਸਲਮਾਨ ਸੀ ਤੇ ਭਾਵੇਂ ਸਿੱਖ, ਕੋਈ ਵੈਰ ਨਹੀਂ ਬੇਸ਼ੱਕ ਜਹਾਂਗੀਰ ਦੇ ਬਾਦਸ਼ਾਹੀ ਕਾਲ਼ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਪਰੀ, ਪਰ ਇਸ ਪਿੱਛੇ ਵੀ ਚੰਦੂ ਦਾ ਹੱਥ ਸੀ। ਜਹਾਂਗੀਰ ਨੇ ਗੁਰੂ ਘਰ ਨੂੰ ਜਗੀਰਾਂ ਦਿੱਤੀਆਂ ਸਨ। ਮਿਸਾਲ ਲਈ ਜਿਵੇਂ…:

ਅਕਬਰ ਦੇ ਜ਼ਮਾਨੇ ਸ਼ਾਹਜ਼ਾਦਾ ਸਲੀਮ (ਜਹਾਂਗੀਰ) ਨੇ ਇਸ (ਕਰਤਾਰਪੁਰ) ਦੀ ਮੁਆਫ਼ੀ ਦਾ ਪਟਾ ਧਰਮਸ਼ਾਲਾ ਦੇ ਨਾਉਂ ਸੰਮਤ 1655 ਵਿੱਚ ਦਿੱਤਾ, ਜਿਸ ਵਿੱਚ ਰਕਬਾ 9946 ਘੁਮਾਉਂ, 7 ਕਨਾਲ, 15 ਮਰਲੇ ਦਰਜ ਹੈ, ਜਿਸ ਦਾ ਜ਼ਿਕਰ ਮਹਾਨ ਕੋਸ਼ ਪੰਨਾ ਨੰ. 902 ਤੇ ਗੁਰਦੁਆਰਾ ਗਜ਼ਟ, ਸਤੰਬਰ 1976 ਵਿੱਚ ਮਿਲਦਾ ਹੈ।

ਯਾਦ ਰੱਖਣਯੋਗ ਤੱਥ ਇਹ ਵੀ ਹੈ ਕਿ ਜਹਾਂਗੀਰ ਵੱਲੋਂ ਬਖ਼ਸ਼ੀ ਉਕਤ ਜਗੀਰ ਦਾ ਵਰਨਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਸ ਹੱਥ-ਲਿਖਤ ਬੀੜ ਦੇ ਵਾਧੂ ਪਤਰਿਆਂ ਉੱਤੇ ਵੀ ਲਿਖਤੀ ਰੂਪ ਵਿੱਚ ਹੈ, ਜੋ ਅੱਜਕਲ੍ਹ ਕਰਤਾਰਪੁਰ ਦੇ ਮੋਢੀਆਂ ਕੋਲ਼ ਹੈ। ਕਈ ਵਿਦਵਾਨ ਇਸ ਨੂੰ ਅਸਲ ਬੀੜ ਵੀ ਲਿਖਦੇ ਹਨ। ਵੇਖੋ,

*ਰਾਗਮਾਲਾ ਖੰਡਨ, ਪੰਨਾ 7

*ਪ੍ਰਾਚੀਨ ਬੀੜਾਂ, ਪੰਨਾ 165

*ਸਿੱਖ ਇਤਿਹਾਸ ਭਾਗ 1, ਪੰਨਾ 203

ਇਸ ਲੇਖਕ ਜ਼ਰੀਏ ਸਾਈਂ ਮੀਆਂ ਮੀਰ ਜੀ ਦਾ ਗੁਰੂ ਘਰ ਤੇ ਗੁਰੂਆਂ ਪ੍ਰਤੀ ਮੁਹੱਬਤ ਅਤੇ ਉਸ ਸ਼ਾਸਨ ਕਾਲ ਦੌਰਾਨ ਦਿੱਤੇ ਇਤਿਹਾਸਕ ਅੰਕੜਿਆਂ ਨੂੰ ਪੇਸ਼ ਕਰਨਾ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਨੂੰ ਦਰਸਾਇਆ ਗਿਆ ਹੈ। ਸਾਈਂ ਮੀਆਂ ਮੀਰ ਨੂੰ ਜਿੱਥੇ ਮੁਸਲਮਾਨ ਸਤਿਕਾਰਦੇ ਹਨ, ਉੱਥੇ ਹੀ ਸਿੱਖਾਂ ’ਚ ਵੀ ਸਤਿਕਾਰਤ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ।

ਮੀਆਂ ਮੀਰ ਜੀ ਸੰਖੇਪ ਬਿਮਾਰੀ ਤੋਂ ਉੱਭਰ ਨਾ ਸਕੇ ਅਤੇ 11 ਅਗਸਤ 1634 ਈ. (1045 ਹਿਜਰੀ) ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਏ। ਮੌਤ ਉਪਰੰਤ ਹਾਕਿਮ-ਏ-ਸ਼ਹਿਰ ਨੇ ਉਨ੍ਹਾਂ ਦੇ ਕਫਨ-ਦਫ਼ਨ ਦਾ ਪ੍ਰਬੰਧ ਕੀਤਾ ਅਤੇ ਵੱਡੀ ਸੰਖਿਆ ਵਿੱਚ ਲੋਕਾਂ ਨੇ ਉਨ੍ਹਾਂ ਦੀ ਨਮਾਜ਼-ਏ-ਜਨਾਜ਼ਾ ਪੜ੍ਹੀ। ਨਮਾਜ਼ ਤੋਂ ਬਾਅਦ ਉਨ੍ਹਾਂ ਨੂੰ ਉਸ ਥਾਂ ਲੈ ਕੇ ਗਏ, ਜਿੱਥੇ ਦਫ਼ਨ ਕਰਨ ਲਈ ਮੀਆਂ ਜੀ ਨੇ ਆਪਣੇ ਜੀਵਨ ਵਿੱਚ ਕਿਹਾ ਸੀ। ਇਹ ਉਹ ਥਾਂ ਸੀ, ਜਿੱਥੇ ਉਨ੍ਹਾਂ ਦੇ ਯਾਰ ਭਾਵ ਮੁਰੀਦ ਮੀਆਂ ਨੱਥਾ, ਹਾਜ਼ੀ ਸੁਲੇਮਾਨ ਸ਼ੇਖ਼, ਅਬੁਲਮਕਾਰਿਮ, ਹਾਜ਼ੀ ਮੁਸਤਫਾ ਅਤੇ ਕੁਝ ਹੋਰ ਦੂਜੇ ਲੋਕ ਦਫ਼ਨ ਸਨ। ਇਹ ਥਾਂ ਲਾਹੌਰ ਤੋਂ ਅੱਧੇ ਕੋਹ ਦੇ ਫ਼ਾਸਲੇ ’ਤੇ ਆਲਮ ਗੰਜ ਦੇ ਨੇੜੇ ਹੈ। ਇਥੇ ਅੱਜ ਵੀ ਮੀਆਂ ਮੀਰ ਜੀ ਦਾ ਮਜ਼ਾਰ ਸ਼ਾਂਤੀ ਅਤੇ ਇਨਸਾਨੀ ਭਾਈਚਾਰੇ ਦਾ ਪੈਗ਼ਾਮ ਦੇ ਰਿਹਾ ਹੈ। ਹੁਣ ਇਸ ਥਾਂ ਨੂੰ ਮੀਰ ਪੁਰਾ ਕਿਹਾ ਜਾਂਦਾ ਹੈ।

ਮੀਆਂ ਮੀਰ ਜੀ ਦੀ ਅਸਲ ਉਮਰ ਬਾਰੇ ਵਿਦਵਾਨ ਇੱਕ ਮਤ ਨਜ਼ਰ ਨਹੀਂ ਆਉਂਦੇ, ਹਰ ਕਿਸੇ ਨੇ ਆਪਣੇ ਜਾਂ ਹੱਥਲੇ ਤੱਥਾਂ ਦੇ ਆਧਾਰ ’ਤੇ ਲਿਖਿਆ ਹੈ। ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੀ ਉਮਰ 107 ਸਾਲ ਸੀ ਅਤੇ ਕੁਝ ਕਹਿੰਦੇ ਹਨ ਕਿ ਉਹ 97 ਸਾਲ ਦੇ ਸਨ ਤੇ ਕੁਝ ਹੋਰ ਕਹਿੰਦੇ ਹਨ। ਉਂਝ ਦਾਰਾ ਸ਼ਿਕੋਹ ਮੀਆਂ ਮੀਰ ਜੀ ਦੇ ਭਤੀਜੇ ਦੇ ਹਵਾਲੇ ਨਾਲ ਲਿਖਦੇ ਹਨ ਕਿ ਮੀਆਂ ਮੀਰ ਜੀ ਦੀ ਉਮਰ 88 ਵਰਿ੍ਹਆਂ ਦੀ ਸੀ। ਉਨ੍ਹਾਂ ਦੇ ਸਿੰਧ ਉੱਤੇ ਸਿਵਸਤਾਨ ਦੇ ਭਰੋਸੇਮੰਦ ਲੋਕਾਂ ਅਤੇ ਮੀਆਂ ਮੀਰ ਜੀ ਦੇ ਰਿਸ਼ਤੇਦਾਰਾਂ ਰਾਹੀਂ ਖੋਜ ਕਰਕੇ ਦੱਸਿਆ ਕਿ ਮੀਆਂ ਮੀਰ ਜੀ 957 ਹਿਜਰੀ ਵਿੱਚ ਪੈਦਾ ਹੋਏ ਸਨ ਅਤੇ 1045 ਹਿਜਰੀ ਵਿੱਚ ਦੁਨੀਆ ਨੂੰ ਅਲਵਿਦਾ ਆਖ ਗਏ। ਇਸ ਅਨੁਸਾਰ ਉਨ੍ਹਾਂ ਦੀ ਉਮਰ 88 ਵਰ੍ਹੇ ਬਣਦੀ ਹੈ।

ਪ੍ਰਿੰਸੀਪਲ ਸਤਿਬੀਰ ਸਿੰਘ ਐਮ.ਏ. ਦੇ ਇੱਕ ਲੇਖ ਅਨੁਸਾਰ, “ਨੂਰ ਜਹਾਂ ਨੇ ਆਪਣੀ ਨਿਗਰਾਨੀ ਵਿੱਚ ਮਕਬਰਾ ਬਣਾਇਆ। ਦਾਰਾ ਸ਼ਿਕੋਹ ਨੇ ਖ਼ੂਬਸੂਰਤ ਬਣਾਉਣ ਲਈ ਲਾਲ ਇੱਟਾਂ ਇਕੱਠੀਆਂ ਕੀਤੀਆਂ ਸਨ, ਪਰ! ਔਰੰਗਜ਼ੇਬ ਨੇ ਸਾਰੀਆਂ ਇੱਟਾਂ ਚੁਕਵਾ ਕੇ ਸ਼ਾਹੀ ਮਸਜਿਦ ਉੱਤੇ ਲਵਾ ਦਿੱਤੀਆਂ ਸਨ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਮੀਆਂ ਮੀਰ ਜੀ ਦੀ ਮਜ਼ਾਰ ਦੀ ਹਾਲਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੁਰੰਮਤ ਲਈ ਰੁਪਏ ਦੇ ਕੇ ਨੂਰਦੀਨ ਨੂੰ ਇਮਾਰਤ ਠੀਕ ਕਰਨ ਲਈ ਨਿਯਤ ਕੀਤਾ। ਫੇਰ ਮਹਾਰਾਜਾ ਰਣਜੀਤ ਸਿੰਘ ਆਪ ਵੀ ਦੇਖਣ ਪਹੁੰਚੇ। ਇਤਨੀ ਆਵਾਜਾਈ ਤੇ ਸ਼ਰਧਾਲੂਆਂ ਦੀ ਗਿਣਤੀ ਵਧ ਗਈ ਕਿ ਜੇ ਕੋਈ ਫ਼ਕੀਰ ਵੀ ਮਜ਼ਾਰ ਉੱਤੇ ਆਉਂਦਾ ਤਾਂ ਉਹ ਜੇਬਾਂ ਭਰ ਜਾਂਦਾ…।”

ਮੁਨਸ਼ੀ ਸੋਹਨ ਲਾਲ ਸੂਰੀ ਦੇ ਆਪਣੀ ‘ਤਾਰੀਖ਼ ਦੇ ਦਫ਼ਤਰ – ਹਿੱਸੇ ਤੀਜੇ’ ਪੰਨਾ ਨੰ. 298 ਉੱਤੇ ਦਰਜ ਮਿਲਦਾ ਹੈ ਕਿ ਮੀਆਂ ਮੀਰ ਜੀ ਨਾ ਸਿਰਫ਼ ਅੱਲਾਹ ਦੇ ਪਿਆਰੇ ਅੱਲਾਹ ਦੀਆਂ ਬਰਕਤਾਂ ਨਾਲ ਵਰੋਸਾਏ ਹੋਏ ਸਨ, ਸਗੋਂ ਉਨ੍ਹਾਂ ਦਾ ਦਿਲ ਸੂਰਜ ਰੌਸ਼ਨ ਸ਼ੀਸ਼ੇ ਵਾਂਗ ਸਾਫ ਸੀ। ਉਨ੍ਹਾਂ ਨੂੰ ਦੁਨੀਆ ਦੀ ਰਤਾ ਭਰ ਵੀ ਮੈਲ਼ ਨਹੀਂ ਲੱਗੀ ਸੀ।

Leave a Reply

Your email address will not be published. Required fields are marked *