ਇੰਡੀਅਨਐਪੋਲਿਸ, ਇੰਡੀਆਨਾ (ਪੰਜਾਬੀ ਪਰਵਾਜ਼ ਬਿਊਰੋ): ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨੌਂਵਾਂ ਸਾਲਾਨਾ ਮਹਾਨ ਨਗਰ ਕੀਰਤਨ ਲੰਘੀ 7 ਅਕਤੂਬਰ ਨੂੰ ਸਜਾਇਆ ਗਿਆ, ਜਿਸ ਵਿੱਚ ਮਿਡਵੈਸਟ ਦੀਆਂ ਸੰਗਤਾਂ ਹੁੰਮਹੁਮਾ ਕੇ ਸ਼ਾਮਲ ਹੋਈਆਂ।
ਨਗਰ ਕੀਰਤਨ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਤੇ ਸ਼ੈਰਿਫ ਡਿਪਾਰਟਮੈਂਟ ਦੇ ਸਹਿਯੋਗ ਨਾਲ ਅਰੰਭ ਹੋਇਆ। ਮਹਾਰਾਜ ਦੇ ਸਰੂਪ ਨੂੰ ਡਾਊਨ ਟਾਊਨ ਦੇ ਵਾਰ ਮੈਮੋਰੀਅਲ ਪਾਰਕ ਵਿੱਚ ਲਿਜਾਇਆ ਗਿਆ ਸੀ। ਪਹਿਲੇ ਫਲੋਟ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸ਼ੁਸ਼ੋਭਿਤ ਸੀ ਅਤੇ ਦੂਜੇ ਫਲੋਟ ਵਿੱਚ ਸਾਂਝੀਵਾਲਤਾ ਦੇ ਸੁਨੇਹੇ ਸਮੇਤ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਸਨ। ਤੀਜੇ ਫਲੋਟ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਤੇ ਮਹਾਨ ਜਰਨੈਲ ਜ਼ੋਰਾਵਰ ਸਿੰਘ ਬਾਰੇ ਤਸਵੀਰਾਂ ਤੇ ਉਨ੍ਹਾਂ ਦਾ ਜੀਵਨ-ਵੇਰਵਾ ਲਿਖਿਆ ਹੋਇਆ ਸੀ। ਚੌਥਾ ਫਲੋਟ ਸਿੱਖ ਪੰਥ ਦੇ ਸ਼ਹੀਦਾਂ ਬਾਰੇ ਸੀ ਅਤੇ ਇੱਕ ਫਲੋਟ ਸਿੱਖ ਰਾਜ ਦੀ ਮੰਗ ਭਾਵ ਖਾਲਿਸਤਾਨ ਬਾਰੇ ਵੀ ਸੀ। ਰਸਤੇ ਵਿੱਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸ਼ਰਧਾ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਪਿੱਛੇ ਪਿੱਛੇ ਚੱਲ ਰਹੀਆਂ ਸਨ।
ਸਿੰਘਾਂ ਨੇ ਗਤਕੇ ਦੇ ਜੌਹਰ ਵੀ ਦਿਖਾਏ। ਇਸ ਤੋਂ ਇਲਾਵਾ ਪਾਰਕ ਵਿੱਚ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ, ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰਨਾਂ ਸ਼ਹੀਦਾਂ ਦੇ ਬੁੱਤ ਲਾਏ ਗਏ ਸਨ ਅਤੇ ਸੰਗਤ ਨੂੰ ਸਬੰਧਤ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ। ਬੁੱਤਾਂ ਦੇ ਨਾਲ ਸੰਖੇਪ ਵਿੱਚ ਸ਼ਹੀਦ ਸਿੰਘਾਂ ਦਾ ਵੇਰਵਾ ਵੀ ਦਿੱਤਾ ਗਿਆ ਸੀ। ਸੰਗਤ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਬਹੁਤੇ ਸੰਗਤ ਮੈਂਬਰਾਂ ਦਾ ਕਹਿਣਾ ਸੀ ਕਿ ਸਿੱਖ ਕੌਮ ਦੇ ਇਤਿਹਾਸ ਬਾਰੇ ਸਾਨੂੰ ਆਪ ਵੀ ਪਤਾ ਹੋਣਾ ਚਾਹੀਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਇਸ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ।
ਕਰੀਬ ਤਿੰਨ ਵਜੇ ਨਗਰ ਕੀਰਤਨ ਪਾਰਕ ਵਿੱਚ ਪਹੁੰਚਿਆ। ਇੱਥੇ ਇੰਡੀਅਨਐਪੋਲਿਸ ਦੇ ਮੇਅਰ ਜੋਅ ਹੌਗਸੈਟ ਨੇ ਸੰਗਤ ਨੂੰ ਵਧਾਈ ਦਿੰਦਿਆਂ ਆਪਣੇ ਤਰਫੋਂ ਕਿਸੇ ਵੀ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਮੇਅਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਂ ਇੱਥੇ ਕਿਸੇ ਲੀਡਰ ਦੀ ਹੈਸੀਅਤ ਨਾਲ ਨਹੀਂ, ਬਲਕਿ ਤੁਹਾਡਾ ਭਰਾ ਬਣ ਕੇ ਆਇਆ ਹਾਂ। ਜੇ ਤੁਹਾਨੂੰ (ਸਿੱਖ ਭਾਈਚਾਰੇ ਨੂੰ) ਕੋਈ ਵੀ ਸਮੱਸਿਆ ਆਉਂਦੀ ਹੈ, ਤਾਂ ਉਹ ਉਸ ਦੇ ਹੱਲ ਲਈ ਪਹਿਲ ਦੇ ਆਧਾਰ `ਤੇ ਯਤਨ ਕਰਨਗੇ। ਇਸ ਮੌਕੇ ਪ੍ਰਬੰਧਕਾਂ ਨੇ ਮੇਅਰ ਦਾ ਸਨਮਾਨ ਕਰਦਿਆਂ ਉਸ ਨੂੰ ਇੱਕ ਤੋਹਫਾ ਭੇਟ ਕੀਤਾ, ਜਿਸ ਵਿੱਚ ਦਰਬਾਰ ਸਾਹਿਬ ਬਣਿਆ ਹੋਇਆ ਸੀ।
ਮੇਅਰ ਨਾਲ ਆਏ ਪਬਲਿਕ ਅਟਰਾਨੀ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਜਥੇਦਾਰ ਤਾਰਾ ਸਿੰਘ ਨੇ ਗੁਰਬਾਣੀ ਦੇ ਹਵਾਲੇ ਨਾਲ ਤਕਰੀਰ ਕੀਤੀ। ਸ਼ੈਰਿਫ ਡਿਪਾਰਟਮੈਂਟ ਦੇ ਦੋ ਡਿਪਟੀ ਚੀਫ ਵੀ ਆਏ ਹੋਏ ਸਨ, ਉਨ੍ਹਾਂ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ।
ਅਖੀਰ ਵਿੱਚ ਸਿੱਖ ਸੁਸਾਇਟੀ ਦੇ ਬੁਲਾਰੇ ਨੇ ਸੰਗਤਾਂ ਅਤੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦਾ ਅਗਲਾ ਨਗਰ ਕੀਰਤਨ ਆਉਂਦੀ ਵਿਸਾਖੀ ਤੋਂ ਅਗਲੇ ਹਫਤੇ ਯਾਨਿ 20 ਅਪਰੈਲ ਨੂੰ ਸਜਾਇਆ ਜਾਵੇਗਾ।
ਨਗਰ ਕੀਰਤਨ ਦੌਰਾਨ ਸੰਗਤ ਲਈ ਲੰਗਰ ਦਾ ਪ੍ਰਬੰਧ ਸੀ। ਜਲੇਬੀਆਂ ਦਾ ਵੱਖਰੇ ਤੌਰ `ਤੇ ਲੰਗਰ ਚੱਲ ਰਿਹਾ ਸੀ। ਇਸ ਤੋਂ ਇਲਾਵਾ ਵੱਖ ਵੱਖ ਖਾਣ-ਪਦਾਰਥ ਵੀ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਸਨ।
ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਸਵੇਰੇ ਕਰੀਬ ਗਿਆਰਾਂ ਵਜੇ ਖੁੱਲ੍ਹੇ ਪਾਠ ਦੇ ਭੋਗ ਪਾਏ ਗਏ ਅਤੇ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਕੀਰਤਨ ਦਰਬਾਰ ਸਜਿਆ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਵਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਭਾਈ ਕੁਲਵੰਤ ਸਿੰਘ ਪੰਡੋਰੀ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਦਾ ਗਾਇਨ ਕੀਤਾ ਅਤੇ ਭਾਈ ਬਲਜੀਤ ਸਿੰਘ ਨੇ ਕਥਾ ਵਿਆਖਿਆ ਰਾਹੀਂ ਸੰਗਤ ਨੂੰ ਗੁਰ-ਸ਼ਬਦ ਨਾਲ ਜੁੜਨ ਦਾ ਸੁਨੇਹਾ ਦਿੱਤਾ। ਪੰਜਾਬੀ ਫਿਲਮ “ਬੈਟਲ ਆਫ ਅੰਮ੍ਰਿਤਸਰ” ਵੀ ਸੰਗਤ ਨੂੰ ਦਿਖਾਈ ਗਈ।
ਨਗਰ ਕੀਰਤਨ ਨਾਲ ਸਬੰਧਤ ਪ੍ਰਬੰਧਾਂ ਵਿੱਚ ਵਿਸ਼ੇਸ਼ ਕਰ ਕੇ ਭਾਈ ਜਗਜੀਤ ਸਿੰਘ, ਭਾਈ ਤਰਲੋਕ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਜਰਨੈਲ ਸਿੰਘ, ਭਾਈ ਰਜਿੰਦਰ ਸਿੰਘ ਤੇ ਭਾਈ ਧਰਮ ਸਿੰਘ ਅਤੇ ਹੋਰਨਾਂ ਸੰਗਤ ਮੈਂਬਰਾਂ ਨੇ ਉਚੇਚੀ ਸੇਵਾ ਨਿਭਾਈ। ਪ੍ਰਬੰਧਕਾਂ ਅਨੁਸਾਰ ਇਹ ਨਗਰ ਕੀਰਤਨ ਮਿਡਵੈਸਟ ਦੀਆਂ ਸਮੂਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਪ੍ਰਬੰਧਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਜਾਇਆ ਗਿਆ।