ਜ਼ਮਾਨਾ ਆਪਣੀ ਪੈੜ-ਚਾਲ ਬਦਲਦਾ ਰਹਿੰਦਾ ਹੈ ਅਤੇ ਅਸੀਂ ਬੀਤੇ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕਰ ਕੇ ਖੁਸ਼ ਹੁੰਦੇ ਰਹਿੰਦੇ ਹਾਂ ਤੇ ਮਾੜੀਆਂ ਜਾਂ ਦੁੱਖ ਦੇਣ ਵਾਲੀਆਂ ਗੱਲਾਂ ਸਾਨੂੰ ਕ੍ਰਿਝਾਉਂਦੀਆਂ ਰਹਿੰਦੀਆਂ ਹਨ। ਇਸ ਲੇਖ ਵਿੱਚ ਬਜ਼ੁਰਗ ਲੇਖਕ ਡਾ. ਆਸਾ ਸਿੰਘ ਘੁੰਮਣ ਨੇ ਆਪਣੇ ਸਕੂਲ ਸਮੇਂ ਦੀਆਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਫਰੋਲੀਆਂ ਹਨ; ਯਕੀਨਨ ਅਜਿਹੀਆਂ ਮਿਲਦੀਆਂ-ਜੁਲਦੀਆਂ ਯਾਦਾਂ ਸਭ ਦੀਆਂ ਹੀ ਹੁੰਦੀਆਂ ਹਨ, ਜੋ ਸਕੂਨ ਦਿੰਦੀਆਂ ਹਨ।
ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: +91-9779853245
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਸਕੂਲੀ ਬੱਚਿਆਂ ਦੀ ਪੜ੍ਹਾਈ ਵਿੱਚ ਜਾਂ ਉਨ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਪੇਂਡੂ-ਮਾਪਿਆਂ ਦਾ ਕੋਈ ਖਾਸ ਵਾਹ-ਵਾਸਤਾ ਨਹੀਂ ਸੀ ਹੁੰਦਾ। ਬੱਚੇ ਨੂੰ ਪੜ੍ਹਾਉਣ ਦਾ ਫੈਸਲਾ ਕਰ ਲੈਣਾ ਹੀ ਆਪਣੇ-ਆਪ ਵਿੱਚ ਵੱਡੀ ਗੱਲ ਸੀ। ਸਰਕਾਰਾਂ ਉਦੋਂ ਵੀ ਮੁਫਤ ਵਿਦਿਆ ਪ੍ਰਦਾਨ ਕਰਨ ਦੀਆਂ ਪਾਬੰਦ ਸਨ ਭਾਵੇਂ ਕਿ ਵਰਦੀਆਂ, ਮਿਡ-ਡੇਅ ਮੀਲ਼, ਸਾਈਕਲ, ਕਿਤਾਬਾਂ ਵਗੈਰਾ ਉਨ੍ਹਾਂ ਜ਼ਮਾਨਿਆਂ ਵਿੱਚ ਮੁਫਤ ਨਹੀਂ ਸਨ ਮਿਲਦੀਆਂ, ਪਰ ਫਿਰ ਵੀ ਘਰਦਿਆਂ ਲਈ ਏਨੀ ਸਹੂਲਤ ਹੀ ਬਹੁਤ ਵੱਡੀ ਸੀ ਕਿ ਪ੍ਰਾਇਮਰੀ ਤੱਕ ਕੋਈ ਫੀਸ ਨਹੀਂ ਸੀ ਦੇਣੀ ਪੈਂਦੀ। ਹਾਂ, ਪਾਊਡਰ-ਦੁੱਧ ਜ਼ਰੂਰ ਮਿਲਣ ਲੱਗ ਪਿਆ ਸੀ। ਚੰਗੇ ਮਾਸਟਰ ਅਕਸਰ ਗਿਲਾ ਕਰਦੇ ਸਨ ਕਿ ਪੇਂਡੂ ਮਾਪੇ ਬੱਚਿਆਂ ਦਾ ਓਨਾ ਖਿਆਲ ਨਹੀਂ ਸਨ ਕਰਦੇ, ਜਿੰਨਾ ਉਹ ਆਪਣੇ ਪਸ਼ੂਆਂ ਦਾ ਕਰਦੇ ਸਨ। ਫਿਰ ਵੀ ਪੰਜਵੀਂ, ਅੱਠਵੀਂ ਅਤੇ ਦਸਵੀਂ ਵਿੱਚ ਜਦੋਂ ਬੱਚੇ ਬੋਰਡ ਦੀ ਦਾਖਲਾ ਫੀਸ ਮੰਗਦੇ ਤਾਂ ਘਰਦਿਆਂ ਨੂੰ ਵੀ ਥੋੜ੍ਹਾ ਫਿਕਰ ਹੋਣ ਲੱਗਦਾ ਕਿ ਹੁਣ ਇਨ੍ਹਾਂ ਦਾ ਇਮਤਿਆਨ ਆਪਣੇ ਸਕੂਲੇ ਨਹੀਂ ਹੋਣਾ, ਇਨ੍ਹਾਂ ਦਾ ਸੈਂਟਰ ਕਿਤੇ ਬਾਹਰ ਬਣੇਗਾ। ਜ਼ਮਾਨੇ ਚੰਗੇ ਸਨ, ਵਿਦਿਅਕ ਮਿਆਰ ਉੱਚੇ ਸਨ। ਅਧਿਆਪਕ ਬੜੇ ਸੁਹਿਰਦ ਅਤੇ ਸਮਰਪਿਤ ਸਨ।
ਜਦੋਂ ਅਸੀਂ ਪ੍ਰਾਇਮਰੀ ਵਿੱਚ ਪੜ੍ਹ ਰਹੇ ਸਾਂ ਤਾਂ ਭਾਵੇਂ ਸਾਰੇ ਹੀ ਅਧਿਆਪਕ ਬਹੁਤ ਮਿਹਨਤ ਨਾਲ ਪੜ੍ਹਾ ਰਹੇ ਸਨ, ਪਰ ਜਦ ਪਤਾ ਲੱਗਾ ਕਿ ਸਾਡਾ ਪੰਜਵੀਂ ਦਾ ਸੈਂਟਰ ਬਦਲ ਕੇ ਕਿਸੇ ਹੋਰ ਸਕੂਲ ਵਿੱਚ ਚਲਾ ਗਿਆ ਹੈ, ਜਿਥੇ ਦਾ ਹੈੱਡ-ਮਾਸਟਰ ਬੜਾ ਸਖਤ ਸੀ ਤਾਂ ਸਾਡੇ ਮਾਸਟਰ ਗੁਰਦੀਪ ਸਿੰਘ ਜੀ ਨੂੰ ਬੜਾ ਫਿਕਰ ਪਿਆ। ਉਹ ਹੈ ਤਾਂ ਸਰਹਾਲੀ ਤੋਂ ਸਨ, ਪਰ ਰਹਿੰਦੇ ਲੋਕਲ ਹੀ ਸਨ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਉਹ ਘਰਦਿਆਂ ਦੀ ਆਗਿਆ ਲੈ ਲੈਣ ਅਤੇ ਉਨ੍ਹਾਂ ਕੋਲ ਮੁਫਤ ਓਵਰ-ਟਾਈਮ ਲਾਉਣ ਲਈ ਰਾਤ ਉਨ੍ਹਾਂ ਦੇ ਘਰ ਹੀ ਠਹਿਰਿਆ ਕਰਨ। ਕੁੜੀਆਂ ਨੂੰ ਉਹ ਦਿਨੇ ਦਿਨੇ ਪੜ੍ਹਾ ਦਿੰਦੇ। ਲੋਕਲ ਬੱਚੇ ਰਾਤ ਕੁਝ ਸਮਾਂ ਪੜ੍ਹ ਕੇ ਆਪਣੇ ਆਪਣੇ ਘਰੀਂ ਚਲੇ ਜਾਂਦੇ, ਪਰ ਅਸੀਂ ਪੰਜ-ਚਾਰ ਜਣੇ ਰਾਤ ਵੀ ਉਨ੍ਹਾਂ ਕੋਲ ਹੀ ਠਹਿਰਦੇ। ਸਵੇਰ ਵੇਲੇ ਭੈਣ ਜੀ (ਉਨ੍ਹਾਂ ਦੇ ਪਤਨੀ) ਸਾਨੂੰ ਚਾਹ ਦਾ ਕੱਪ ਪਿਆ ਕੇ ਪਿੰਡ ਨੂੰ ਦੁੜਾ ਦਿੰਦੇ ਕਿ ਛੇਤੀ-ਛੇਤੀ ਤਿਆਰ ਹੋ ਕੇ ਮੁੜ ਸਕੂਲ਼ ਪਹੁੰਚ ਜਾਓ। ਇਮਤਿਹਾਨਾਂ ਵਿੱਚ ਅਸੀਂ ਸਾਰੇ ਮਾਸਟਰ ਜੀ ਦੇ ਨਾਲ ਚਾਰ-ਪੰਜ ਮੀਲ ਤੁਰ ਕੇ ਬਣੇ ਪ੍ਰੀਖਿਆ ਕੇਂਦਰ ਵਿੱਚ ਰੋਜ਼ ਪੇਪਰ ਦੇਣ ਜਾਂਦੇ।
ਮੈਟਰਿਕ ਤੱਕ ਪਹੁੰਚਦਿਆਂ ਨੂੰ ਅਧਿਆਪਕ ਸਾਨੂੰ ‘ਵੱਡੇ ਹੋ ਗਏ’ ਸਮਝਣ ਲੱਗੇ ਸਨ। ਦਸਵੀਂ ਦਾ ਪ੍ਰੀਖਿਆ-ਕੇਂਦਰ ਸਾਡੇ ਸਕੂਲ ਤੋਂ ਕੋਈ ਦੱਸ ਕੁ ਕਿਲੋਮੀਟਰ ਦੂਰ ਸੀ, ਜਿੱਥੇ ਕੋਈ ਬੱਸ ਸਰਵਿਸ ਨਹੀਂ ਸੀ। ਇਹ ਸੈਂਟਰ ਸਕੂਲੋਂ ਤਾਂ ਦੂਰ ਹੈ ਹੀ ਸੀ, ਸਾਡੇ ਪਿੰਡੋਂ ਹੋਰ ਵੀ ਦੂਰ ਪੈਂਦਾ ਸੀ। ਅਸੀਂ ਇਮਤਿਹਾਨਾਂ ਦੇ ਦਿਨਾਂ ਵਿੱਚ ਕਿੱਥੇ ਰਹਿਣਾ ਸੀ, ਕਿਵੇਂ ਰਹਿਣਾ ਸੀ? ਨਾ ਘਰਦਿਆਂ ਨੂੰ ਫਿਕਰ ਸੀ, ਨਾ ਸਾਡੇ ਅਧਿਆਪਕਾਂ ਨੂੰ। ਫਿਕਰ ਤਾਂ ਸਾਨੂੰ ਹੀ ਕਰਨਾ ਪੈਣਾ ਸੀ! ਮੈਨੂੰ ਯਾਦ ਆਉਂਦੈ, ਇੱਕ ਕਾਨੂੰਨਗੋ ਦਾ ਮੁੰਡਾ ਹੀ ਸੀ, ਜਿਸਦੀ ਮਾਂ ਨੇ ਉਸਦੇ ਰੋਟੀ ਪਕਾਉਣ ਲਈ ਇੱਕ ਉਚੇਚੇ ਨੌਕਰ ਦਾ ਪ੍ਰਬੰਧ ਕੀਤਾ ਸੀ।
ਖੈਰ! ਅਸੀਂ ਏਧਰੋਂ-ਓਧਰੋਂ ਵਾਕਫੀਅਤਾਂ ਕੱਢਦੇ-ਕਢਾਉਂਦੇ, ਰਿਸ਼ਤੇਦਾਰੀਆਂ ਟਟੋਲਦੇ, ਇਮਤਿਹਾਨ ਤੋਂ ਕੁਝ ਦਿਨ ਪਹਿਲਾਂ ਸਾਈਕਲ ਚੁੱਕੇ ਤੇ ਮਕਾਨ ਕਿਰਾਏ ‘ਤੇ ਲੱਭਣ ਲਈ ਤੁਰ ਪਏ। ਇੱਕ ਵਾਕਫਕਾਰ ਨੂੰ ਜਾ ਮਿਲੇ, ਜਿਸ ਦੱਸਿਆ ਕਿ ਇੱਕ ਮਕਾਨ ਤਾਂ ਹੈ, ਜਿਸ ਵਿੱਚ ਦੋ-ਤਿੰਨ ਕਮਰੇ, ਰਸੋਈ ਵਗੈਰਾ ਮਿਲ ਜਾਵੇਗੀ, ਪਰ ਮਕਾਨ ਕਾਫੀ ਸਮੇਂ ਤੋਂ ਬੰਦ ਹੈ ਅਤੇ ਪੁਰਾਣੇ ਸਮੇਂ ਤੋਂ ਬੰਦ ਪਏ ਹੋਣ ਕਰਕੇ ਉਸ ਨਾਲ ਐਵੇਂ ਕੈਵੇਂ ਦੇ ਫਜ਼ੂਲ ਵਹਿਮ-ਭਰਮ ਵੀ ਜੁੜੇ ਹੋਏ ਹਨ। ਅਸੀਂ ਚੜ੍ਹਦੀ ਜਵਾਨੀ ਵਿੱਚ ਸਾਂ, ਜਿਸ ਉਮਰ ਵਿੱਚ ਆਪਣੇ ਬਾਰੇ ਵੀ ਬੜੇ ਭਰਮ-ਭੁਲੇਖੇ ਹੁੰਦੇ ਹਨ ਅਤੇ ਦੂਜਿਆਂ ਬਾਰੇ ਵੀ। ਅਸੀਂ ਘਰੋਂ ਬਾਹਰ ਪਿਤਾਮੀ-ਬੰਦਿਸ਼ ਤੋਂ ਦੂਰ ਰਹਿਣ ਦੇ ਹੁਲਾਸ ਵਿੱਚ, ਨਵੇਂ ਤਜਰਬੇ ਲੈਣ ਦੇ ਕਿਆਸ ਵਿੱਚ ਅਤੇ ਅਣਦੇਖੇ-ਅਣਭਾਲੇ ਦੇ ਰਹੱਸ ਜਾਣਨ ਦੇ ਉਤਸ਼ਾਹ ਵਿੱਚ ਸਾਂ। ਅਸੀ ਵਹਿਮਾਂ-ਭਰਮਾਂ ਨੂੰ ਕੀ ਸਮਝਦੇ ਸਾਂ? ਅਸੀਂ ਬਹੁਤ ਦੇਰ ਤੋਂ ਬੰਦ ਪਈ ਇਸ ਕਿਲ੍ਹਾਨੁਮਾ ਵੱਡੀ ਸਾਰੀ ਇਮਾਰਤ ਦੀ ਦੂਸਰੀ ਮੰਜ਼ਲ ‘ਤੇ ਦੋ ਕਮਰੇ ਲੈ ਲਏ। ਉੱਪਰ ਜਾਂਦੀਆਂ ਹਨੇਰੀਆਂ ਜਿਹੀਆਂ ਪੌੜੀਆਂ ਵਿੱਚ ਅਸੀਂ ਬੱਲਬ ਲੁਆ ਲਏ, ਪਰ ਜਦ ਬਿਜਲੀ ਨਾ ਹੁੰਦੀ ਤਾਂ ਸੱਚੀਂ ਮੁੱਚੀਂ ਸਹਿਮ ਜਿਹਾ ਲੱਗਣ ਲੱਗਦਾ। ਪੌੜੀਆਂ ਉੱਪਰ ਜਾ ਕੇ ਇੱਕ ਵੱਡੇ-ਲੰਬੇ ਬਰਾਂਡੇ ਵਿੱਚ ਖੁੱਲ੍ਹਦੀਆਂ ਜਿੱਥੇ ਬਰਾਂਡੇ ਵਿੱਚ ਖੁੱਲ੍ਹਦੇ ਦੋ ਕਮਰਿਆਂ ਵਿੱਚ ਅਸੀਂ ਤਿੰਨ-ਤਿੰਨ ਮੁੰਡਿਆਂ ਨੇ ਜਾ ਡੇਰੇ ਲਾਏ। ਸਾਹਮਣੀ ਦੀਵਾਰ ‘ਤੇ “ਤੂੰ ਮੇਰਾ ਰਾਖਾ ਸਭਨੀਂ ਥਾਈਂ” ਕਹਿ ਕੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦੀ-ਪੰਜੇ ਵਾਲਾ ਕਲੰਡਰ ਲਟਕਾ ਦਿੱਤਾ। ਇੱਕ ਭੂੰਡ ਜਿਹੇ ਟੈਂਪੂ ‘ਤੇ ਪਿੰਡੋਂ ਕੱਪੜਾ-ਟਾਕੀ, ਬਿਸਤਰਾ-ਬੁਸਤਰਾ, ਭਾਂਡਾ-ਟੀਂਡਾ, ਇੱਕ ਪੀਪੇ ਵਿੱਚ ਆਟਾ ਅਤੇ ਮਿੱਟੀ ਦੇ ਤੇਲ ਵਾਲਾ ਸਟੋਵ ਰੱਖ ਕੇ ਅਸੀਂ ਡੇਰਾ-ਡੰਡਾ ਚੁੱਕਿਆ ਤੇ ਨਵੇਂ ਟਿਕਾਣੇ ‘ਤੇ ਪਹੁੰਚ ਗਏ। ਘਰ ਵਾਲੇ ਅਸਚਰਜਤਾ ਵਿੱਚ ਸਾਡੇ ਵੱਲ ਵੇਖੀ ਤਾਂ ਗਏ, ਪਰ ਉਨ੍ਹਾਂ ਕੋਈ ਬਹੁਤਾ ਫਿਕਰ-ਫਾਕਾ ਨਾ ਕੀਤਾ। ਬੱਸ-ਕਾਰ-ਮੋਟਰਸਾਈਕਲ ਨਾ ਹੋਣ ਦੇ ਬਾਵਜੂਦ ਉਨ੍ਹਾਂ ਦਿਨਾਂ ਦਾ ਪੰਜਾਬ ‘ਜੁੜਤਾ ਪੰਜਾਬ’ ਹੀ ਸੀ। ਕਈ ਦਿਨ ਤੱਕ ਨਵੇਂ ਡੇਰੇ `ਤੇ ਵੀ “ਇਹ ਹਮਾਰਾ ਜੀਵਣਾ” ਵੇਖਣ ਲਈ ਕੋਈ ਘਰਦਾ ਨਾ ਬਹੁੜਿਆ ਅਤੇ ਨਾ ਹੀ ਸਾਨੂੰ ਉਨ੍ਹਾਂ ਦੇ ਬਹੁੜਨ ਦੀ ਕੋਈ ਉਡੀਕ ਸੀ, ਨਾ ਲੋੜ। ਅਸੀਂ ਆਪਣੀ ਰਸੋਈ ਸੈੱਟ-ਸੁੱਟ ਕੀਤੀ ਅਤੇ ਰੁਟੀਨ ਸ਼ੁਰੂ ਹੋ ਗਿਆ। ਸਵੇਰੇ ਉੱਠਦੇ ਹੀ ਅਸੀਂ ਪਿੰਡੋਂ ਦੂਰ ਜੰਗਲ-ਪਾਣੀ ਲਈ ਨਿਕਲ ਪੈਂਦੇ। ਕਈ ਸਾਡੀਆਂ ਕਲਾਸ ਫੈਲੋ ਵੀ ਓਧਰ ਹੀ ਨਿਕਲਦੀਆਂ, ਹਾਲਾਂਕਿ ਉਨ੍ਹਾਂ ਦਿਨਾਂ ਵਿੱਚ ਇੱਕ ਦੂਸਰੇ ਨਾਲ ਬੋਲਣ-ਚਾਲਣ ਦਾ ਰਿਵਾਜ਼ ਘੱਟ ਹੀ ਸੀ। ਵਾਪਸ ਆ ਕੇ ਅਸੀਂ ਰੋਟੀ-ਪਾਣੀ ਤਿਆਰ ਕਰਦੇ। ਪੇਪਰ ਵਾਲੇ ਦਿਨ ਗੱਤਾ-ਪੈੱਨ ਚੁੱਕਦੇ ਤੇ ਚਾਰ-ਪੰਜ ਸੌ ਗਜ਼ ਦੀ ਵਿੱਥ ‘ਤੇ ਸੈਂਟਰ ਵਿਖੇ ਪਹੁੰਚ ਜਾਂਦੇ। ਬੈੱਲ ਹੋਣ ਤੱਕ ਪਾਸੇ ਬੈਠ ਰਿਵੀਜ਼ਨ ਕਰਦੇ ਰਹਿੰਦੇ।
ਪ੍ਰੀਖਿਆ-ਸੈਂਟਰ ਦਾ ਸਟਾਫ, ਖਾਸ ਤੌਰ ‘ਤੇ ਸੁਪਰਡੈਂਟ ਬੜਾ ਸਖਤ ਸੀ। ਪਹਿਲੇ ਦਿਨ ਹੀ ਉਸ ਸਵੇਰ ਵੇਲੇ ਸਭ ਵਿਦਿਆਰਥੀਆਂ ਨੂੰ ਸਮੂਹਿਕ ਰੂਪ ਵਿੱਚ ਬੜਾ ਚੇਤਾਵਨੀ-ਭਰਿਆ ਲੈਕਚਰ ਦਿੱਤਾ ਅਤੇ ਸਖਤ ਤਾੜਨਾ ਕੀਤੀ ਕਿ ਖਬਰਦਾਰ ਕਿਸੇ ਨੇ ਅਣਉਚਿੱਤ ਸਾਧਨ ਵਰਤਣ ਦੀ ਜੁਅਰਤ ਕੀਤੀ। “ਮੈਂ ਇਨ੍ਹਾਂ ਮਾਮਲਿਆਂ ਵਿੱਚ ਬੜਾ ਬੁਰਾ ਜੇ” ਉਸ ਆਖਰੀ ਵਾਰਨਿੰਗ ਦਿੱਤੀ। ਮੈਨੂੰ ਕਾਹਦੀ ਚਿੰਤਾ ਸੀ ਉਹਦੇ ਸਖਤ ਹੋਣ ਦੀ! ਮੈਂ ਪੜ੍ਹਨ-ਲਿਖਣ ਵਿੱਚ ਚੰਗਾ ਸਾਂ। ਅੱਠਵੀਂ ਵਿੱਚੋਂ ਫਸਟ ਰਿਹਾ ਸਾਂ। ਇਹ ਗੱਲ ਵੱਖਰੀ ਹੈ ਕਿ ਨਾ ਕਦੀ ਘਰਦਿਆਂ ਹੀ ਖਾਸ ਉਤਸ਼ਾਹਿਤ ਕੀਤਾ ਸੀ ਅਤੇ ਨਾ ਹੀ ਕਦੀ ਅਧਿਆਪਕਾਂ ਨੇ ਕੋਈ ਖਾਸ ਹੱਲਾ-ਸ਼ੇਰੀ ਦਿੱਤੀ ਸੀ। ਬੱਸ, ਆਪੇ ਹੀ ਪੜ੍ਹਨ ਦਾ ਸ਼ੌਕ ਸੀ ਤੇ ਦਿਮਾਗ ਵੀ ਲੋੜ ਜੋਗਾ ਹੈ ਸੀ। ਗਾਈਡਾਂ ਵੀ ਜਲੰਧਰੋਂ ਜਾ ਕੇ ਆਪੇ ਲਿਆਂਦੀਆਂ ਸਨ। ਉਨ੍ਹਾਂ ਦਿਨਾਂ ਵਿੱਚ ਏਦਾਂ ਹੀ ਚੱਲਦਾ ਸੀ।
ਪਹਿਲੇ ਇੱਕ-ਦੋ ਪੇਪਰ ਵੀ ਠੀਕ ਹੋ ਗਏ ਅਤੇ ਮਕਾਨ ਵਿੱਚ ਵੀ ਪੰਜ-ਸੱਤ ਦਿਨ ਠੀਕ ਨਿਕਲ ਗਏ। ਅਸੀਂ ਹਰ ਪੇਪਰ ਦੇਣ ਤੋਂ ਬਾਅਦ ਘਰ ਜਾ ਕੇ ਕੁਝ ਬਣਾਉਂਦੇ, ਖਾਂਦੇ-ਪੀਂਦੇ ਅਤੇ ਅਗਲੇ ਪੇਪਰ ਦੀ ਤਿਆਰੀ ਲਈ ਕਿਤਾਬ ਫੜ ਚੁਬਾਰੇ ‘ਤੇ ਜਾ ਚੜ੍ਹਦੇ। ਪੜ੍ਹਦੇ ਵੀ ਅਤੇ ਆਲੇ-ਦੁਆਲੇ ਵੀ ਝਾਕ ਰੱਖਦੇ। ਵੇਖਣ ਵਾਲੀਆਂ ਚੀਜ਼ਾਂ ਬੜੇ ਗਹੁ ਨਾਲ ਵੇਖਦੇ ਤੇ ਫਿਰ ਵੇਖੀ ਹੀ ਜਾਂਦੇ। ਇੱਕ ਦਿਨ ਨਾਲ ਲੱਗਦੇ ਚੁਬਾਰੇ ਦੀ ਮਾਲਕਣ ਮੇਰੇ ਨਾਲ ਗੱਲੀਂ ਪੈ ਗਈ। ਥੋੜ੍ਹੀ ਚਿੰਤਤ ਜਿਹੀ। ਜੁਆਨ ਧੀਆਂ ਦੀਆਂ ਮਾਂਵਾਂ ਦੇ ਚਿਹਰਿਆਂ ‘ਤੇ ਚਿੰਤਾ ਦੇ ਪਰਛਾਵੇਂ ਅਕਸਰ ਨਜ਼ਰ ਆ ਜਾਂਦੇ ਹਨ। ਸਹਿਜੇ ਜਿਹੇ ਕਹਿਣ ਲੱਗੀ, “ਚੱਲ ਚੰਗਾ ਪੁੱਤ, ਲਾਗੇ ਰੌਣਕ ਹੋ ਗਈ ਏ ਤੁਹਾਡੇ ਆਉਣ ਨਾਲ। ਏਥੇ ਤਾਂ ਕਈ ਸਾਲਾਂ ਤੋਂ ਸੁੰਨ ਪਸਰੀ ਪਈ ਸੀ, ਪਤਾ ਨਹੀਂ ਮਾਲਕ ਨਾਲ ਕੀ ਅਣਹੋਣੀ ਹੋ ਗਈ ਸੀ, ਨਾ ਕਦੀ ਆਪ ਬਹੁੜਿਐ, ਨਾ ਕੋਈ ਇਹ ਮਕਾਨ ਕਿਰਾਏ ‘ਤੇ ਹੀ ਲੈਂਦੈ। ਤੁਸੀਂ ਪੁੱਤਰ ਰਾਤ ਬੱਤੀ ਜਗਾ ਕੇ ਸਵਿਆਂ ਕਰੋ…।”
ਮੈਂ ਥੋੜ੍ਹਾ ਖਿੱਝ ਕੇ ਪਿਆ, “ਓਹ ਕਿਉਂ?”…“ਚਲੋ ਪੁੱਤਰ, ਕੋਈ ਨਾ, ਚੰਗਾ ਚੰਗਾ ਪੜ੍ਹੋ।” ਬੜੀ ਚਲਾਕੀ ਨਾਲ ਉਹ ਪਰ੍ਹਾਂ ਨੂੰ ਹੋ ਤੁਰੀ। ਨਾਲੇ ਉੱਚੀ ਉੱਚੀ, ਮੈਨੂੰ ਸੁਣਾ ਕੇ ਅਰਦਾਸਾਂ ਕਰੀ ਜਾ ਰਹੀ ਸੀ, “ਰੱਬਾ! ਜਿਉਂਦੇ ਵੱਸਦੇ ਰਹਿਣ ਮਾਂਵਾਂ ਦੇ ਪੁੱਤਰ, ਤੱਤੀ ਵਾ ਨਾਂ ਲੱਗੇ…।” ਵਾਹਿਗੁਰੂ, ਵਾਹਿਗੁਰੂ ਕਰਦੀ ਉਹ ਥੱਲੇ ਨੂੰ ਉੱਤਰ ਗਈ। ਥੱਲੇ ਕਮਰੇ ਦੀ ਬਾਰੀ ਥਾਣੀਂ ਉਸਦੀ ਭਰ-ਜੁਆਨ ਧੀ ਸਾਰਾ ਕੁਝ ਸੁਣ ਰਹੀ ਲੱਗਦੀ ਸੀ।
ਮੈਂ ਨਾਲ ਦਿਆਂ ਨਾਲ ਗੱਲ ਸਾਂਝੀ ਕੀਤੀ ਤਾਂ ਸਾਰੇ ਚੁੱਪ ਜਿਹੇ ਹੋ ਸੋਚੀਂ ਪੈ ਗਏ। ਖੈਰ! ਥੋੜ੍ਹੀ ਚਿੰਤਾਜਨਕ ਉਤਸੁਕਤਾ ਬਾਅਦ ਅਸੀਂ ਸਾਰੇ ਛੇਤੀ ਹੀ ਰਜਾਈਆਂ ਵਿੱਚ ਮੂੰਹ ਲਕੋ ਕੇ ਸੌਂ ਗਏ। ਬੀਬੀ ਦੇ ਕਹਿਣ ਮੂਜ਼ਬ ਕਮਰੇ ਦੀ ਲਾਈਟ ਸਾਰੀ ਰਾਤ ਜਗਦੀ ਰਹੀ। ਸਵੇਰੇ ਅਸੀਂ ਆਮ ਵਾਂਗ ਉੱਠੇ, ਪਰ ਸਾਰੇ ਚੁੱਪ-ਚੁੱਪ ਸਨ। ਚਾਹ-ਪਾਣੀ ਪੀ ਕੇ ਅਸੀਂ ਪ੍ਰੀਖਿਆ ਕੇਂਦਰ ਨੂੰ ਚੱਲ ਪਏ। ਪੰਜਾਬੀ ਦਾ ਪੇਪਰ ਹੋਣ ਕਰਕੇ ਕੋਈ ਬਹੁਤੀ ਟੈਨਸ਼ਨ ਨਹੀਂ ਸੀ। ਪ੍ਰੀਖਿਆ-ਕੇਂਦਰ ਵਿੱਚ ਇਸ ਗੱਲ ਦਾ ਕੋਈ ਫਰਕ ਨਹੀਂ ਸੀ ਪੈਂਦਾ ਕਿ ਪੇਪਰ ਕਿਸ ਵਿਸ਼ੇ ਦਾ ਹੈ। ਸੁਪਰਡੈਂਟ ਆਮ ਵਾਂਗ ਕਮਰਿਆਂ ਵਿੱਚ ਫੂੰ-ਫੂੰ ਕਰਦਾ ਫਿਰਦਾ ਸੀ। ਪੰਜਾਬੀ ਵਿਸ਼ਾ ਉਨ੍ਹਾਂ ਦਿਨਾਂ ਵਿੱਚ ਵੀ ਅੱਜ ਵਾਂਗ ਸੰਜੀਦਗੀ ਨਾਲ ਨਹੀਂ ਸੀ ਪੜ੍ਹਿਆ-ਪੜ੍ਹਾਇਆ ਜਾਂਦਾ। ਸੌਖਾ ਵਿਸ਼ਾ ਹੋਣ ਕਰਕੇ ਨਾ ਅਧਿਆਪਕ ਵਿਸ਼ੇਸ਼ ਧਿਆਨ ਦਿੰਦੇ ਸਨ ਅਤੇ ਨਾ ਹੀ ਵਿਦਿਆਰਥੀ। ਵਿਆਕਰਣ ਦੇ ਸੁਆਲ ਮੈਂ ਆਪੇ ਸ਼ੌਕ ਨਾਲ ਤਿਆਰ ਕੀਤੇ ਸਨ, ਪਰ ਸੰਖੇਪ-ਰਚਨਾ ਦਾ ਕੰਮ ਕਦੀ ਨਹੀਂ ਸੀ ਕਰਾਇਆ ਗਿਆ। ਪ੍ਰਸ਼ਨ-ਪੱਤਰ ਵਿੱਚ “ਸੰਖੇਪ-ਰਚਨਾ ਕਰੋ” ਨੇ ਮੈਨੂੰ ਬੌਂਦਲਾ ਦਿੱਤਾ। ਮੈਂ ਸ਼ਾਇਦ “ਸੰਖੇਪ” ਲਫਜ਼ ਪਹਿਲੀ ਵਾਰੀ ਸੁਣਿਆ ਸੀ। ਸਮਝ ਨਹੀਂ ਸੀ ਲੱਗ ਰਹੀ ਕਿ ਇਸਦਾ ਕਰਨਾ ਕੀ ਹੈ? ਵਿਸਥਾਰ ਕਰਨਾ ਸੀ ਜਾਂ ਸਾਰ ਦੱਸਣਾ ਸੀ? ਮੈਨੂੰ ਪਤਾ ਨਹੀਂ ਕੀ ਸੁੱਝਿਆ ਕਿ ਮੈਂ ਖੜੇ ਹੋ ਕੇ ਲੰਘਦੇ ਜਾਂਦੇ ਸੁਪਰਡੈਂਟ ਤੋਂ ਪੁੱਛ ਬੈਠਾ ਕਿ ਇਸਦਾ ਕੀ ਕਰਨਾ ਹੈ? ਸੁਪਰਡੈਂਟ ਅੱਗ-ਭਬੂਕਾ ਹੋ ਉੱਠਿਆ। ਉਸ ਸਾਰੇ ਆਲੇ-ਦੁਆਲੇ ਨੂੰ ਸੰਬੋਧਿਤ ਹੁੰਦਿਆਂ ਲਫਜ਼ ਉੱਬਲੇ, “ ਆਹ ਵੇਖੋ, ਇਹਦੀ ਜੁਰੱਅਤ, ਮੈਨੂੰ ਪੁੱਛ ਰਿਐ!” ਖੈਰ! ਮੈਂ ਸ਼ਰਮਿੰਦਾ ਜਿਹਾ ਹੋ ਕੇ ਬੈਠ ਗਿਆ ਅਤੇ ਉਹ ਸੁਆਲ ਉਵੇਂ ਹੀ ਛੱਡ ਦਿੱਤਾ।
ਸ਼ਾਮ ਨੂੰ ਘਰ ਪਹੁੰਚੇ। ਮੈਂ ਅੰਦਰੋਂ ਕਾਫੀ ਉਦਾਸ ਸਾਂ। ਇੱਕ-ਦੋ ਹੋਰ ਮੁੰਡਿਆਂ ਦੇ ਕੰਨੀਂ ਵੀ ਸਾਡੇ ਮਕਾਨ ਦੇ ਭੂਤ-ਬੰਗਲਾ ਹੋਣ ਬਾਰੇ ਘੁਰ-ਘੁਰ ਪੈ ਗਈ ਸੀ। ਅਸੀਂ ਉਸ ਰਾਤ ਪੌੜੀਆਂ ਵਾਲਾ ਬੱਲਬ ਵੀ ਜਗਾ ਰੱਖਿਆ ਅਤੇ ਬਾਹਰਲੇ ਬਰਾਂਡੇ ਦਾ ਵੀ। ਰਾਤ ਨੂੰ ਵੀ ਬਾਬੇ ਨਾਨਕ ਦੇ ਅੱਗੇ ਹੱਥ ਜੋੜ ਕੇ ਪਹਿਲਾਂ ਨਾਲੋਂ ਜਲਦੀ ਹੀ ਅਸੀਂ ਬਿਸਤਰਿਆਂ ਵਿੱਚ ਪੈ ਗਏ। ਕਮਰੇ ਦਾ ਬੱਲਬ ਵੀ ਜਗਦਾ ਰੱਖਿਆ। ਅਗਲੇ ਦਿਨ ਪੇਪਰ ਤੋਂ ਛੁੱਟੀ ਸੀ। ਰੋਟੀ-ਪਾਣੀ ਛਕ ਕੇ ਅਸੀਂ ਹੋਰ ਕਮਰੇ ਦੀ ਭਾਲ ਵਿੱਚ ਨਿਕਲ ਪਏ। ਸ਼ਾਮ ਤੱਕ ਅਸੀਂ ਭੂਤ-ਬੰਗਲੇ ਨੂੰ ਅਲਵਿਦਾ ਕਹਿ ਹੋਰ ਥਾਂਏਂ ਜਾ ਟਿਕੇ। ਸ਼ਹਿਰ ਵਿੱਚ ਇਹ ਆਮ ਗੱਲ ਉੱਡ ਗਈ ਸੀ ਕਿ ਮੁੰਡਿਆਂ ਨੂੰ ਰਾਤ ਭੂਤ ਨਜ਼ਰ ਆਏ ਸਨ। ਇਸ ਤਰ੍ਹਾਂ ਭੂਤ-ਬੰਗਲੇ ਦੇ ਭੂਤ-ਬੰਗਲਾ ਹੋਣ ‘ਤੇ ਹੋਰ ਪੱਕੀ ਮੋਹਰ ਲੱਗ ਗਈ ਸੀ।
ਬਾਅਦ ਵਿੱਚ ਜਦ ਦਸਵੀਂ ਦਾ ਨਤੀਜਾ ਆਇਆ ਤਾਂ ਮੇਰੀ ਮੈਰਿਟ ਲਿਸਟ ਬਾਰਾਂ ਨੰਬਰਾਂ ‘ਤੇ ਉੱਕ ਗਈ ਸੀ। ਮੈਨੂੰ ਅੱਜ ਤੱਕ ਸਮਝ ਨਹੀਂ ਪੈਂਦੀ ਕਿ ਮੈਂ ਇਸ ਲਈ ਕਿਸ ਨੂੰ ਦੋਸ਼ੀ ਠਹਿਰਾਵਾਂ? ਭੂਤ-ਬੰਗਲੇ ਨੂੰ ਕਿ ਭੂਤਾਂ ਵਰਗੇ ਸੈਂਟਰ-ਸੁਪਰਡੈਂਟ ਨੂੰ?