(ਕਹਾਣੀ)
ਆਪਣਿਆਂ ਤੋਂ ਵਿਛੜ ਕੇ ਪਰਦੇਸ ਆ ਵੱਸਣ ਵਾਲਿਆਂ ਦੇ ਦਿਲ ਅੰਦਰ ਇਹ ਆਸ ਰਹਿੰਦੀ ਹੈ ਕਿ ਉਹ ਕਦੋਂ ਉਡ ਕੇ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਜਾ ਮਿਲਣ; ਖਾਸ ਕਰ ਮਾਂ-ਪਿਓ ਦੀਆਂ ਦੀਆਂ ਅਸੀਸਾਂ ਤੇ ਉਨ੍ਹਾਂ ਦੀ ਗਲਵੱਕੜੀ ਦਾ ਨਿੱਘ ਮਾਣਨ ਦੀ ਤਾਂਘ ਤਾਂ ਹਮੇਸ਼ਾ ਹੀ ਰਹਿੰਦੀ ਹੈ। ਪਰਦੇਸ ਆ ਵੱਸੇ ਮਾਂਵਾਂ ਦੇ ਧੀਆਂ-ਪੁੱਤ ਕਿਨ੍ਹਾਂ ਘਾਲਣਾਵਾਂ ਦੇ ਗ੍ਰੱਸੇ ਮਾਪਿਆਂ ਦੇ ਵਿਛੋੜੇ ਦਾ ਸੱਲ ਸਹਿੰਦੇ ਹਨ, ਇਸ ਦਾ ਬਿਆਨ ਉਹ ਹੀ ਕਰ ਸਕਦੇ ਹਨ, ਜਿਹੜੇ ਇਸ ਤਕਲੀਫ ਵਿੱਚੋਂ ਲੰਘੇ ਹਨ; ਤੇ ਮਾਪੇ ਆਪਣੀ ਔਲਾਦ ਨੂੰ ਮਿਲਣ ਲਈ ਤੜਫਦੇ ਰਹਿੰਦੇ ਹਨ। ਅਜਿਹੇ ਹੀ ਅਹਿਸਾਸ ਨਾਲ ਗੁੰਨ੍ਹੀ ਇਸ ਕਹਾਣੀ ਵਿੱਚ ਦਰਸਾਇਆ ਗਿਆ ਹੈ ਕਿ ਪਰਦੇਸਾਂ ਵਿੱਚ ਸੈਟਲ ਹੋਣ ਲਈ ਬੱਚੇ ਪਰਿਵਾਰਾਂ ਤੋਂ ਦੂਰ ਹੋ ਜਾਂਦੇ ਹਨ ਤੇ ਪਿੱਛੇ ਰਹਿ ਗਏ ਮਾਪੇ ਉਨ੍ਹਾਂ ਨੂੰ ਤਾਂਘਦੇ ਦਮ ਤੋੜ ਜਾਂਦੇ ਹਨ। ਇਹ ਕਹਾਣੀ ਜੇ ਸਾਰਿਆਂ ਦੀ ਨਹੀਂ, ਤਾਂ ਬਹੁਤਿਆਂ ਦੀ ਜ਼ਰੂਰ ਹੀ ਆਪਣੀ ਆਪਣੀ ਹੈ।
ਸ਼ਿਵਚਰਨ ਜੱਗੀ ਕੁੱਸਾ
ਪ੍ਰੀਤ ਡਬਲ-ਡਿਊਟੀ ਕਰ ਕੇ ਮੁੜਿਆ। ਸਾਰੀ ਰਾਤ ਅਤੇ ਅੱਧੇ ਦਿਨ ਦੇ ਕੰਮ ਨੇ ਉਸ ਨੂੰ ਮਧੋਲ ਸੁੱਟਿਆ ਸੀ। ਉਸ ਦੀ ਘਰਵਾਲੀ ‘ਹਨੀ’ ਨੇ ਅੱਜ ਦੋ ਘੰਟੇ ਅਟਕ ਕੇ ਆਪਣੀ ਡਿਊਟੀ ਤੋਂ ਪਰਤਣਾ ਸੀ। ਹਨੀ ਹਮੇਸ਼ਾ ਸਵੇਰੇ ਛੇ ਵਜੇ ਤੋਂ ਦੋ ਵਜੇ ਤੱਕ ਡਿਊਟੀ ਕਰਦੀ ਸੀ। ਦੋਨੋਂ ਬੱਚੇ ਵੀ ਸਕੂਲੋਂ ਨਹੀਂ ਪਰਤੇ ਸਨ।
ਪ੍ਰੀਤ ਨੇ ਗਰਮ-ਗਰਮ ਪਾਣੀ ਨਾਲ ਨਹਾ ਕੇ ਬੋਤਲ ਖੋਲ੍ਹ ਲਈ। ਇੱਕ ਤਕੜਾ ਪੈੱਗ ਮਾਰ ਕੇ ਉਸ ਨੇ ਆਪਣੇ ਆਪ ਨੂੰ ਕੁਝ ਹਲਕਾ-ਹਲਕਾ ਮਹਿਸੂਸ ਕੀਤਾ। ਜਿਵੇਂ ਉਹ ਹੌਲਾ ਫੁੱਲ ਹੋ ਗਿਆ ਸੀ। ਆਪਣੀ ਪਤਨੀ ਹਨੀ ਆਉਣ ਤੱਕ ਉਸ ਨੇ ਅੱਧੀ ਬੋਤਲ ਨੇੜੇ ਲਾ ਦਿੱਤੀ ਸੀ।
“ਕਿਵੇਂ ਅੱਜ ਢਿੱਲੇ ਜਿਹੇ ਬੈਠੇ ਓ?” ਹਨੀ ਨੇ ਪੁੱਛਿਆ। ਉਸ ਨੇ ਅੱਧੀ ਹੋਈ ਬੋਤਲ ਤੇ ਨਜ਼ਰ ਮਾਰ ਲਈ ਸੀ। ਹਨੀ ਦੀ ਸੋਚ ਮੁਤਾਬਿਕ ਤਾਂ ਪ੍ਰੀਤ ਦੋ ਪੈੱਗ ਲਾ ਕੇ ‘ਬਾਬੂ’ ਬਣ ਜਾਂਦਾ ਸੀ। ਉਸ ਦੇ ਆਉਂਦੀ ਨੂੰ ਜੇ ਪ੍ਰੀਤ ਦੀ ਪੀਤੀ ਹੋਈ ਹੁੰਦੀ ਤਾਂ ਉਹ ਹਨੀ ਨੂੰ ਲੱਕੋਂ ਚੁੱਕ ਕੇ ‘ਬਾਲਾ’ ਕੱਢ ਦਿੰਦਾ ਅਤੇ ਆਖਦਾ, “ਧਰਮ ਨਾਲ ਤੇਰਾ ਤਾਂ ਜਮਾਂ ਈ ਭਾਰ ਨਹੀਂ ਲੱਗਦਾ-ਪੱਚੀਆਂ ਫੁੱਲਾਂ ਨਾਲ ਤੋਲਣ ਵਾਲੀ ਐ ਤੂੰ-ਤੇਰਾ ਇੱਕ ਹੱਥ ਨਾਲ ਬਾਲਾ ਕੱਢ ਕੇ ਦਿਖਾਵਾਂ?” ਤਾਂ ਹਨੀ ਦੁਹਾਈ ਦਿੰਦੀ, “ਤੁਸੀਂ ਮੇਰਾ ਕੁਛ ਤੋੜਨੈਂ?” ਤਾਂ ਪ੍ਰੀਤ ਉਸ ਨੂੰ ਥੱਲੇ ਉਤਾਰਦਾ ਕਹਿੰਦਾ, “ਤੀਮੀ ਵੀ ਕੋਈ ਟੁੱਟਣ ਆਲੀ ਚੀਜ਼ ਐ? ਤੀਮੀ ਤਾਂ ਇੱਕ ਉਪਜਾਊ ਜ਼ਮੀਨ ਵਰਗੀ ਹੁੰਦੀ ਐ-ਜਿੰਨੀ ਵਾਹੋ ਉਨੀ ਈ ਫ਼ਲਦੀ ਐ।” ਹਾਸਾ-ਮਖੌਲ ਜਾਰੀ ਰਹਿੰਦਾ।
ਪਰ ਅੱਜ ਗੱਲ ਉਲਟ ਸੀ।
“ਮੈਖਿਆ ਜਨਾਬ ਹੁਰੀਂ ਕਿਵੇਂ ਘੁੱਟੇ ਘੁੱਟੇ ਜਿਹੇ ਬੈਠੇ ਐ? ਨਾਲੇ ਉਹ ਵੀ ਦਾਰੂ ਪੀ ਕੇ?” ਹਨੀ ਫਰਾਂ ਵਾਲਾ ਕੋਟ ਉਤਾਰ ਕੇ ਪ੍ਰੀਤ ਦੇ ਬਿਲਕੁਲ ਸਾਹਮਣੇ ਬੈਠ ਮੋਮਬੱਤੀ ਵਾਂਗ ਜਗਣ ਲੱਗ ਪਈ।
“ਬੱਸ ਉਈਂ ਅੱਜ ਦਿਲ ਜਿਹਾ ਨਹੀਂ ਲੱਗਦਾ। ਮਨ ਬਹੁਤ ਈ ਉਦਾਸ ਐ। ਪਤਾ ਨਹੀਂ ਕਿਉਂ?” ਉਸ ਨੇ ਗਲਾਸ ਖਾਲੀ ਕਰ ਦਿੱਤਾ।
“ਫੈਕਟਰੀ ਵਿੱਚ ਤਾਂ ਨਹੀਂ ਤਕਰਾਰ ਹੋ`ਗੀ ਕਿਸੇ ਨਾਲ?”
“ਫੈਕਟਰੀ ਵਿੱਚ ਤਾਂ ਤਕਰਾਰ ਕਿਸੇ ਨਾਲ ਕਿਉਂ ਹੋਣੀ ਸੀ, ਆਪਣਾ ਕਿਹੜਾ ਕਿਸੇ ਨਾਲ ਕੋਈ ਵੈਰ ਐ?”
“ਹੋਰ ਫੇਰ ਕੀ ਗੱਲ ਐ ਜਨਾਬ?”
“ਹਨੀ ਪਤਾ ਨਹੀਂ ਕਿਉਂ ਅੱਜ ਮੇਰਾ ਰੋਣ ਨੂੰ ਜੀਅ ਜਿਹਾ ਕਰੀ ਜਾਂਦੈ।”
“ਸੁੱਖੀ-ਸਾਂਦੀਂ ਰੋਣਾ ਕਾਹਤੋਂ ਐ! ਰੱਬ ਸੁੱਖਾਂ ਈ ਬਖਸ਼ੇ। ਅੰਡੇ ਬਣਾ ਕੇ ਦਿਆਂ?” ਹਨੀ ਨੂੰ ਭਲੀਭਾਂਤ ਪਤਾ ਸੀ ਕਿ ਪ੍ਰੀਤ ਕਦੇ ਸੁੱਕੀ ਨਹੀਂ ਪੀਂਦਾ ਸੀ। ਦਾਰੂ ਨਾਲ ਮੁਰਗੇ ਦੀ ਟੰਗ ਜਾਂ ਭੁਰਜੀ ਉਸ ਦੀ ਖੁਰਾਕ ਸੀ।
“…।” ਜਦ ਪ੍ਰੀਤ ਨੇ ਕੋਈ ਉੱਤਰ ਨਾ ਦਿੱਤਾ ਤਾਂ ਹਨੀ ਕਿਚਨ ਵਿੱਚ ਅੰਡੇ ਬਣਾਉਣ ਤੁਰ ਗਈ।
ਪ੍ਰੀਤ ਦਾ ਨਾਂ ਅਸਲ ਵਿੱਚ ਕੁਦਰਤਪ੍ਰੀਤ ਸਿੰਘ ਸੀ ਅਤੇ ਹਨੀ ਦਾ ਨਾਂ ਸੀ ਹਰਿੰਦਰ। ਆਸਟਰੀਅਨ ਯੁੱਗ ਨੇ ਕਿਸੇ ਨੂੰ ‘ਪ੍ਰੀਤ’ ਅਤੇ ਕਿਸੇ ਨੂੰ ‘ਹਨੀ’ ਬਣਾ ਧਰਿਆ ਸੀ। ਹਨੀ ਦੇ ਮਾਂ-ਬਾਪ ਕਰੀਬ ਪੱਚੀ ਸਾਲ ਤੋਂ ਇੱਥੇ ਵਸੇ ਹੋਏ ਸਨ ਅਤੇ ਉਹ ਇੱਥੋਂ ਦੀ ਹੀ ਜੰਮਪਲ ਸੀ। ਪਰ ਮਾਂ ਬਾਪ ਸਾਬਤ ਸੂਰਤ ਹੋਣ ਕਰ ਕੇ ਹਨੀ ਦੇਸੀ-ਮਾਹੌਲ ਵਿੱਚ ਢਲੀ ਹੋਈ ਸੀ। ਪ੍ਰੀਤ ਪਲੱਸ-ਟੂ ਵਿੱਚੇ ਹੀ ਛੱਡ ਕੇ ਰੁਲਦਾ-ਖੁਲਦਾ ਕਿਵੇਂ ਨਾ ਕਿਵੇਂ ਆਸਟਰੀਆ ਪੁੱਜ ਗਿਆ ਸੀ। ਆਸਟਰੀਆ ਵਿੱਚ ਹੋਰ ਕੋਈ ਟਿਕਾਣਾ ਨਾ ਹੋਣ ਕਾਰਨ ਉਸ ਨੇ ‘ਪੋਲੀਟੀਕਲ ਸਟੇਅ’ ਲਈ ਅਪਲਾਈ ਕੀਤਾ ਅਤੇ ਹਰ ਹਫਤੇ ਵਿਆਨਾ ਗੁਰੂ ਘਰ ਸੇਵਾ ਲਈ ਹਾਜ਼ਰ ਹੋਣ ਲੱਗ ਪਿਆ। ਵਿਆਨਾ ਗੁਰੂ ਘਰ ਦਾ ਮਾਹੌਲ ਬੜਾ ਨਿੱਘਾ ਅਤੇ ਧਾਰਮਿਕ ਸੀ। ਸੱਚੇ ਸੁੱਚੇ ਪ੍ਰਬੰਧਕ ਅਤੇ ਸੇਵਾਦਾਰ ਸਨ। ਕਿਸੇ ਨਾਲ ਕੋਈ ਦਰਿਆਦਰੀ ਨਹੀਂ ਕਰਦਾ ਸੀ। ਕਿਸੇ ਦਾ ਅਨਾਦਰ ਨਹੀਂ ਹੁੰਦਾ ਸੀ। ਇਥੇ ਆ ਕੇ ਹਰ ਧਰਮ, ਹਰ ਕੌਮ ਦਾ ਬੰਦਾ ਸ਼ਰਧਾ ਨਾਲ ਲੀਨ ਹੋ ਜਾਂਦਾ ਸੀ। ਪੂਰਨ ਰਹਿਤ ਮਰਿਆਦਾ ਸੀ ਅਤੇ ਸਭ ਤੋਂ ਜ਼ਿਆਦਾ ਇਸ ਗੁਰੂ ਘਰ ਦੀ ਇਹ ਖੂਬੀ ਸੀ ਕਿ ਇਥੇ ਬਰਾਬਰਤਾ ਸੀ। ਪਵਿੱਤਰ ਗੁਰਬਾਣੀ ਅਨੁਸਾਰ “ਸਭੇ ਸਾਂਝੀਵਾਲ ਸਦਾਇਨ॥ ਕੋਈ ਨਾ ਦਿਸੈ ਬਾਹਰਾ ਜੀਉ॥” ਦਾ ਬੋਲਬਾਲਾ ਸੀ।
ਇੱਕ ਦਿਨ ਹਨੀ ਦੇ ਬਾਪ ਦੀ ਨਜ਼ਰ ਸੋਹਣੇ ਸੁਨੱਖੇ ਪ੍ਰੀਤ `ਤੇ ਪਈ ਤਾਂ ਉਸ ਨੇ ਉਸ ਨੇ ਅੰਦਰੋਂ ਅੰਦਰੀ ਉਸ ਨੂੰ ਹਨੀ ਲਈ ਚੁਣ ਲਿਆ। ਹਨੀ ਦਾ ਬਾਪ ਸਰਮੁਖ ਸਿੰਘ ਨੇ ਗੱਲ ਚਲਾਈ ਅਤੇ ਪ੍ਰਬੰਧਕਾਂ ਦੀ ਸਰਪ੍ਰਸਤੀ ਸਦਕਾ ਕਾਰਜ ਰਾਸ ਆ ਗਿਆ। ਗੁਰੂ ਘਰ ਵਿਖੇ ਹੀ ਅਤਿ-ਸੰਖੇਪ ਸਾਧਨਾਂ ਨਾਲ ਆਨੰਦ-ਕਾਰਜ ਰਚਾ ਦਿੱਤਾ ਅਤੇ ‘ਏਕ ਜੋਤਿ ਦੋਇ ਮੂਰਤਿ॥ ਧੰਨਿ ਪਿਰ ਕਹੀਐ ਸੋਇ॥’ ਨਾਲ ਜੋੜੀ ਨੂੰ ਅਸ਼ੀਰਵਾਦ ਮਿਲ ਗਿਆ। ਦੋ ਹਫਤੇ ਦੇ ਵਿੱਚ ਵਿੱਚ ਵਿਆਹ ਦੀ ਰਜਿਸਟਰੇਸ਼ਨ ਹੋ ਗਈ ਅਤੇ ਪ੍ਰੀਤ ‘ਕੱਚੇ’ ਤੋਂ ‘ਪੱਕਾ’ ਹੋ ਗਿਆ।
ਮਿੱਤਰ-ਪਿਆਰਿਆਂ ਦੇ ਸਹਿਯੋਗ ਸਦਕਾ ਸਰਮੁਖ ਸਿੰਘ ਨੇ ਬੰਨ੍ਹ-ਸੁੱਬ ਕਰ ਕੇ ਧੀਅ-ਜਵਾਈ ਨੂੰ ਮਕਾਨ ਦਾ ਢਾਣਸ ਕਰ ਦਿੱਤਾ। ਸੁੱਘੜ, ਸੁਆਣੀ ਵਾਂਗ ਹਨੀ ਨੇ ਆਪਣਾ ਘਰ ਸਾਂਭ ਲਿਆ। ਉਹ ਯੂਰਪ ਵਿੱਚ ਜੰਮੀਆਂ-ਪਲੀਆਂ ਹੋਰ ਕੁੜੀਆਂ ਵਾਂਗ ‘ਫੁਕਰੀ’ ਨਹੀਂ ਸੀ। ਆਮ ਕੁੜੀਆਂ ਵਾਂਗ ਉਸ ਦੇ ਪੈਰਾਂ ਹੇਠ ਅੱਗ ਨਹੀਂ ਮੱਚਦੀ ਸੀ। ਉਹ ਸੁਭਾਅ ਦੀ ਨਿਰਲੇਪ ਅਤੇ ਆਦਤ ਤੋਂ ਸੰਜੀਦਾ ਸੀ। ਪ੍ਰੀਤ ਦੀ ਦਾਰੂ ਉਸ ਨੂੰ ਕਦੇ ਚੁਭੀ ਨਹੀਂ ਸੀ। ਵੈਸੇ ਪ੍ਰੀਤ ਵੀ ਨਿੱਤ ਦਾ ਲੰਡਰ-ਪਿਆਕੜ ਨਹੀਂ ਸੀ। ਉਹ ਕਦੇ ਥੱਕਿਆ ਹੋਇਆ ਜਾਂ ਕਿਤੇ ਲਾਚੜਿਆ ਹੋਇਆ ਪੀਣ ਦਾ ਸ਼ੌਕੀਨ ਸੀ।
ਜਦ ਹਨੀ ਅੰਡਿਆਂ ਦੀ ਆਮਲੇਟ ਬਣਾ ਕੇ ਲਿਆਈ ਤਾਂ ਪ੍ਰੀਤ ਉਪਰ ਪਿਸ਼ਾਬ ਕਰਨ ਗਿਆ ਹੋਇਆ ਸੀ। ਜਦ ਉਹ ਮੁੜਿਆ ਤਾਂ ਹਨੀ ਨੇ ਪੁੱਛਿਆ, “ਤੁਹਾਨੂੰ ਕੋਈ ਪੰਜਾਬੀ ਗੀਤ ਲਾ ਕੇ ਦਿਆਂ?” ਪ੍ਰੀਤ ਪੰਜਾਬੀ ਅਤੇ ਪੰਜਾਬੀ ਗੀਤਾਂ ਦਾ ਆਸ਼ਕ ਸੀ।
“ਹਨੀ ਅਕਤੂਬਰ ਵਿੱਚ ਆਪਾਂ ਇੰਡੀਆਂ ਚੱਲਾਂਗੇ।” ਉਸ ਨੇ ਗੱਲ ਵੱਲੋਂ ਬੇਧਿਆਨਾ ਹੋ ਕੇ ਕਿਹਾ।
“ਮੇਰੇ ਵੱਲੋਂ ਅਗਲੇ ਹਫਤੇ ਹੀ ਚੱਲੋ, ਅਕਤੂਬਰ ਵਿੱਚ ਤਾਂ ਅਜੇ ਦੋ ਮਹੀਨੇ ਪਏ ਐ। ਨਾਲੇ ਮੈਂ ਬੇਜੀ ਨੂੰ ਮਿਲ ਆਊਂ। ਮੈਂ ਤਾਂ ਉਨ੍ਹਾਂ ਨੂੰ ਹਾਲੀ ਤੱਕ ਦੇਖਿਆ ਵੀ ਨਹੀਂ।”
“ਨਹੀਂ ਅਕਤੂਬਰ ਤੱਕ ਹੱਥ ਖੁੱਲ੍ਹਾ ਜਿਹਾ ਹੋ ਜਾਊ। ਜਦੋਂ ਦੇ ਬਾਪੂ ਜੀ ਮਰੇ ਐ, ਜਾਣੀ ਦੀ ਘਰ ਵਿੱਚ ਬਰਕਤ ਜਿਹੀ ਨਹੀਂ ਆਈ। ਇੱਕ ਤਾਂ ਭਰਾ ਕਿਸੇ ਕੰਮ ਦੇ ਨਹੀਂ-ਆਨੇ ਕੱਢਦੇ ਐ। ਉਨ੍ਹਾਂ ਨੂੰ ਤਾਂ ਇਉਂ ਈ ਐਂ ਬਈ ਬਾਹਰ ਈ ਕਿਤੇ ਮਰ ਖਪ ਜਾਵੇ ਤੇ ਸਾਰੀ ਜ਼ਮੀਨ ਦੇ ਅਸੀਂ ਵਾਰਿਸ ਬਣੀਏ। ਉਹ ਤਾਂ ਬੇਬੇ ਬੈਠੀ ਕਰ ਕੇ ਈ ਚੁੱਪ ਐ, ਜਿੱਦੇ ਪੂਰੀ ਹੋ`ਗੀ, ਦੇਖ`ਲੀਂ ਕੀ ਸੱਪ ਕੱਢ ਕੇ ਦਿਖਾਉਂਦੇ ਐ। ਕੋਈ ਨਹੀਂ ਮੇਰਾ ਸਾਲਾ ਅੱਜ ਕੱਲ੍ਹ ਕਿਸੇ ਦਾ, ਸਭ ਪੈਸੇ ਦੇ ਪੁੱਤ ਐ।”
“ਤੁਸੀਂ ਜਨਾਬ ਕਿਉਂ ਐਵੇਂ ਬੱਕੜਵਾਹ ਕਰਨ ਲੱਗ ਪਏ। ਬਥੇਰੀਆਂ ਥੋਨੂੰ ਚਿੱਠੀਆਂ ਆਉਂਦੀਐ ਉਨ੍ਹਾਂ ਦੀਆਂ।”
“ਚਿੱਠੀਆਂ ਆਉਂਦੀਐ ਟੱਲ ਬਾਬੇ ਦਾ! ਕਦੇ ਦਸ ਹਜ਼ਾਰ ਭੇਜ ਦਿਓ, ਕਦੇ ਪੰਜਾਹ ਭੇਜ ਦਿਓ। ਐਥੇ ਦਰੱਖਤਾਂ ਨੂੰ ਲੱਗਦੇ ਐ? ਕੰਮ ਕਾਰ ਕਰ-ਕਰ ਅੱਟਣ ਪਏ ਹੋਏ ਐ ਹੱਥਾਂ `ਤੇ। ਪੈਨਸ਼ਨ ਹੋਣ ਤੱਕ ਬੰਦਾ ਜੁਲਾਹੇ ਦੀ ਤਾਣੀ ਵਾਂਗੂੰ ਹਿੱਲਣ ਲੱਗ ਪੈਂਦੇ।” ਪੈੱਗ ਪੀ ਕੇ ਪ੍ਰੀਤ ਨੇ ਭੁਰਜੀ ‘ਗਲੱਪ-ਗਲੱਪ’ ਕਰ ਕੇ ਸਮੇਟਣੀ ਸ਼ੁਰੂ ਕਰ ਦਿੱਤੀ।
“ਕੋਈ ਗੱਲ ਨਹੀਂ ਜਨਾਬ, ਜੇ ਭਰਾ ਹੈ ਤਾਂ ਹੀ ਲਿਖਦੇ ਐ!” ਹਨੀ ਖੁਦ ਭੈਣ ਭਰਾਵਾਂ ਵੱਲੋਂ ਸੱਖਣੀ ਸੀ।
“ਸੁਆਹ ਐ ਭਰਾ, ਸਾਲੇ ਮੋਕਮਾਰ! ਸਾਡੀ ਇੱਕ ਆਰੀ ਸ਼ਰੀਕਾਂ ਨਾਲ ਖੜਕ ਪਈ, ਸਾਲੇ ਦੋਨੋਂ ਲੁਕਦੇ ਫਿਰਨ। ਮੈਂ ਕਾਲਜ ‘ਚੋਂ ਕਰ ਲਿਆਂਦੀ ਫਿਰ ਹਨੂੰਮਾਨ ਦੀ ਸੈਨਾ ‘ਕੱਠੀ, ਮਾਰ ਮਾਰ ਸ਼ਰੀਕਾਂ ਦੇ ਮੌਰਾਂ ਵਿੱਚ ਚਿੱਬ ਪਾ`ਤੇ, ਮੁੜਕੇ ਮੂਹਰੇ ਸਾਹ ਨਹੀਂ ਕੱਢਿਆ ਸਾਲਿਆਂ ਨੇ। ਹਨੀ ਤੈਨੂੰ ਨਹੀਂ ਇਸ ਕੁੱਤੀ ਦੁਨੀਆਂ ਦਾ ਪਤਾ…! ਮੈਂ ਸ਼ਰਾਬੀ ਸ਼ਰੂਬੀ ਕੋਈ ਨਹੀਂ, ਮੇਰੇ ਸ਼ਰੀਕ ਮੂਹਰੇ ਲਾਏ ਹੁਣ ਤੱਕ ਨਹੀਂ ਕੁਸਕੇ। ਡਰਦੇ ਮਾਰੇ ਪੁਲਸ ਕੋਲੇ ਵੀ ਨਹੀਂ ਗਏ। ਇੱਥੇ ਕੋਈ ਕਿਸੇ ਦਾ ਨਹੀਂ, ਸਾਰੇ ਸਾਲੇ ਲੰਡੇ ਮਤਲਬੀ ਐ। ਕੋਈ ਨੀ ਕਿਸੇ ਦਾ ਬੇਲੀ ਦੁਨੀਆਂ ਮਤਲਬ ਦੀ…।” ਕਵੀਸ਼ਰੀ ਕਰਦਾ ਉਹ ਸੋਫੇ `ਤੇ ਟੇਢਾ ਹੋ ਗਿਆ।
ਜਦ ਹਨੀ ਰੋਟੀ ਲੈ ਕੇ ਆਈ ਤਾਂ ਪ੍ਰੀਤ ਘੁਰਾੜਿਆਂ ਦੀ ਚੱਕੀ ਪੀਸੀ ਜਾ ਰਿਹਾ ਸੀ। ਉਹ ਮੁਸਕਰਾਉਂਦੀ ਰੋਟੀ ਵਾਪਸ ਲੈ ਗਈ। ਸ਼ਾਮ ਨੂੰ ਸੱਤ ਕੁ ਵਜੇ ਫੋਨ ਖੜਕਿਆਂ। ਫੋਨ ਹਨੀ ਨੇ ਹੀ ਚੁੱਕਿਆ।
“ਹੈਲੋ! ਭਾਬੀ ਜੀ ਬੋਲਦੇ ਐ?” ਉਧਰੋਂ ਪ੍ਰੀਤ ਦੀ ਮਾਸੀ ਦੇ ਲੜਕੇ ਸ਼ਿਕੰਦਰ ਦੀ ਆਵਾਜ਼ ਸੀ।
“ਹਾਂ! ਮੈਂ ਹਨੀ ਬੋਲਦੀ ਐ।”
“ਭਾਬੀ ਜੀ, ਸਤਿ ਸ਼੍ਰੀ ਅਕਾਲ।”
“ਸਾਸਰੀਕਾਲ, ਕੀ ਹਾਲ ਐ ਸਿਕੰਦਰ?”
“ਹਾਲ ਬਹੁਤ ਮਾੜੇ ਐ ਭਾਬੀ ਜੀ। ਬਾਈ ਕਿਥੇ ਐ?”
“ਸੁੱਤੇ ਪਏ ਐ। ਕੀ ਗੱਲ ਐ, ਸੁੱਖ ਐ?”
“ਸੁੱਖ ਕਿੱਥੇ ਭਾਬੀ ਜੀ! ਬਾਈ ਨੂੰ ਜਲਦੀ ਜਗਾਓ! ਬਾਈ ਜੀ ਦੀ ਬੇਬੇ, ਮੇਰਾ ਮਤਲਬ ਮਾਸੀ ਜੀ ਦੀ ਮੌਤ ਹੋ ਗਈ।”
“ਕਿਵੇਂ, ਕਦੋਂ?” ਹਨੀ ਸਿਰ ਜਿਵੇਂ ਬਿਜਲੀ ਡਿੱਗ ਪਈ। ਉਸ ਨੂੰ ਆਪਣੇ ਪੈਰ ਜਿਵੇਂ ਘੁਕਦੇ ਪ੍ਰਤੀਤ ਹੋ ਰਹੇ ਸਨ।
“ਦੋ ਕੁ ਘੰਟੇ ਹੋ ਗਏ, ਬੱਸ ਦੌਰਾ ਜਿਹਾ ਪਿਆ, ਅਸੀਂ ਚੁੱਕ ਕੇ, ਬੂਟੇ ਦੀ ਗੱਡੀ ਵਿੱਚ ਪਾ ਹਸਪਤਾਲ ਲੈ ਗਏ, ਬੱਸ ਰਾਹ ਵਿੱਚ ਈ…।”
“ਸਿਕੰਦਰ ਤੂੰ ਇਉਂ ਕਰ, ਮੈਂ ਉਨ੍ਹਾਂ ਨੂੰ ਜਗਾ ਦਿਨੀ ਆਂ, ਤੂੰ ਪੰਦਰਾਂ ਕੁ ਮਿੰਟਾਂ ਬਾਅਦ ਫੋਨ ਕਰੀਂ; ਪਰ ਤੂੰ ਉਨ੍ਹਾਂ ਨੂੰ ਇੱਕ ਦਮ ਨਾ ਦੱਸੀਂ, ਜਜ਼ਬਾਤੀ ਬਹੁਤੇ ਐਂ।”
“ਭਾਬੀ ਜੀ ਚਾਹੇ ਹੌਲੀ ਦੱਸ ਲੋ, ਜਿਵੇਂ ਮਰਜ਼ੀ ਐ ਕਰ ਲਵੋ, ਭਾਣਾ ਤਾਂ ਵਰਤ ਗਿਆ।”
“ਤੂੰ ਪੰਦਰਾਂ-ਵੀਹ ਮਿੰਟ ਤੱਕ ਫੋਨ ਕਰੀਂ, ਮੈਂ ਉਨ੍ਹਾਂ ਨੂੰ ਜਗਾਉਂਨੀ ਆਂ।” ਉਹ ਬੜੀ ਤੇਜ਼ੀ ਨਾਲ ਗੱਲਾਂ ਕਰ ਰਹੇ ਸਨ।
ਫੋਨ ਬੰਦ ਕਰਨ ਤੋਂ ਬਾਅਦ ਹਨੀ ਦਾ ਪ੍ਰੀਤ ਨੂੰ ਜਗਾਉਣ ਦਾ ਹੀਆ ਨਹੀਂ ਪੈ ਰਿਹਾ ਸੀ। ਉਹ ਘੁਰਾੜੇ੍ਹ ਮਾਰਦੇ ਪ੍ਰੀਤ ਸਿਰਹਾਣੇ ਅੱਖਾਂ ਭਰੀ ਖੜ੍ਹੀ ਸੀ। ਉਸ ਦੇ ਦਿਮਾਗ ਅੰਦਰ ਵਦਾਣ ਚੱਲੀ ਜਾ ਰਹੇ ਸਨ। ਸੱਸ ਦੀਆਂ ਚਿੱਠੀਆਂ ਤੇ ਲਿਖਵਾਈਆਂ ਮਿੱਠੀਆਂ-ਮਿੱਠੀਆਂ, ਪਿਆਰੀਆਂ-ਪਿਆਰੀਆਂ ਗੱਲਾਂ ਕੰਨਾਂ ਵਿੱਚ ਵੈਣ ਬਣ, ਕੂਕ ਰਹੀਆਂ ਸਨ।
“ਮੈਖਿਆਂ ਜੀ! ਸਿਕੰਦਰ ਦਾ ਫੋਨ ਆਇਐ ਬਠਿੰਡੇ ਤੋਂ।” ਉਸ ਨੇ ਪ੍ਰੀਤ ਨੂੰ ਬਾਹੋਂ ਫੜ ਬੈਠਾ ਕਰ ਲਿਆ ਅਤੇ ਪਿੱਛੋਂ ਢੋਹ ਲਾ ਕੇ ਬੈਠ ਗਈ। ਕੁੜੀ ਦਿਲ ਦੇ ਦਰਦ ਨੂੰ ਬੜੀ ਤਾਕਤ ਨਾਲ ਜਜ਼ਬ ਕਰੀ ਬੈਠੀ ਸੀ।
“ਹੂੰਅ… ਕਿੱਥੇ ਐ?” ਉਹ ਊਂਘਦਾ ਪੁੱਛ ਰਿਹਾ ਸੀ।
“ਤੁਸੀ ਉਠ ਕੇ ਮੂੰਹ ਹੱਥ ਧੋਵੋ ਕੁਰਲੀ ਕਰੋ।” ਉਸ ਨੇ ਬੜੀ ਹਿੰਮਤ ਕਰਕੇ ਉਸ ਦੀਆਂ ਲੱਤਾਂ ਸੋਫੇ ਤੋਂ ਥੱਲੇ ਲਾਹ ਦਿੱਤੀਆਂ। ਪ੍ਰੀਤ ਕੁਝ ਸੁਰਤ ਫੜ ਗਿਆ।
“ਕੀ ਐ…?”
“ਸਿਕੰਦਰ ਦਾ ਫੋਨ ਆਇਆ ਸੀ, ਉਹ ਪੰਦਰਾਂ ਕੁ ਮਿੰਟਾਂ ਬਾਅਦ ਫੇਰ ਕਰੂਗਾ। ਤੁਸੀ ਮੂੰਹ ਹੱਥ ਧੋ ਲਵੋ।”
ਪ੍ਰੀਤ ਉਠ ਕੇ ਮੂੰਹ ਹੱਥ ਧੋਣ ਚਲਾ ਗਿਆ।
“ਅੱਜ ਥੋੜ੍ਹੀ ਜ਼ਿਆਦਾ ਪੀ ਲਈ, ਬੱਸ! ਹੁਣ ਦਾਰੂ ਨਹੀਂ ਪੀਣੀ।” ਉਹ ਮੂੰਹ ਪੂੰਝਦਾ ਕਹਿ ਰਿਹਾ ਸੀ।
“…।”
“ਆਹਏਂ ਬੈਠੀ ਐਂ? ਮੈਂ ਪੀ ਕੇ ਤੈਨੂੰ ਕੁਛ ਬੋਲਿਆ ਤਾਂ ਨਹੀਂ?” ਉਸ ਨੇ ਗੰਭੀਰ ਬੈਠੀ ਹਨੀ ਨੂੰ ਪੁੱਛਿਆ।
“…।” ਕੁੜੀ ਦਾ ਰੋਣ ਨਿਕਲ ਗਿਆ।
“ਕੀ ਹੋ ਗਿਆ? ਹੈਂ! ਤੈਨੂੰ ਕਿਹਾ ਬਈ ਮੇਰੀ ਦਾਰੂ ਅੱਜ ਤੋਂ ਬੰਦ!” ਉਹ ਸਮਝ ਰਿਹਾ ਸੀ ਕਿ ਹਨੀ ਮੇਰੀ ਦਾਰੂ ਕਰ ਕੇ ਦੁਖੀ ਸੀ। ਉਸ ਨੇ ਅੰਦਰੋਂ ਆਪੇ ਨੂੰ ਲਾਹਨਤ ਪਈ।
ਟੈਲੀਫੋਨ ਫਿਰ ਖੜਕ ਪਿਆ।
ਪ੍ਰੀਤ ਨੇ ਹੀ ਚੁੱਕਿਆ। ਭਿਆਨਕ ਖਬਰ ਸਿਰ ਵਿੱਚ ਇੱਟ ਵਾਂਗ ਵੱਜੀ। ਪ੍ਰੀਤ ਦੇ ਦਿਮਾਗ ਵਿੱਚ ਬੇਬੇ ਯਾਦਾਂ ਬਣ, ਘੁੰਮਣ ਘੇਰੀਆਂ ਵਾਂਗ ਵਹਿਣ ਲੱਗ ਪਈ। ਉਹ ਇੱਕੋ ਰੱਟ ਹੀ ਰੱਟੀ ਜਾ ਰਿਹਾ ਸੀ, “ਬੇਬੇ ਦਾ ਸਸਕਾਰ ਨਾ ਕਰਿਓ! ਉਹਦੀ ਲਾਸ਼ ਨੂੰ ਕਿਸੇ ਹਸਪਤਾਲ ਵਿੱਚ ਫਰੀਜ਼ਰ ਵਿੱਚ ਹੀ ਲੁਆ ਦਿਓ! ਚਾਹੇ ਲੱਖ ਰੁਪਈਆ ਲੱਗ ਜਾਵੇ, ਮੈਂ ਕੱਲ੍ਹ ਨੂੰ ਹੀ ਪਹੁੰਚੂ। ਮੈਂ ਬੇਬੇ ਦੇ ਆਖਰੀ ਦਰਸ਼ਨ ਜਰੂਰ ਕਰਨੇ ਐਂ। ਸਸਕਾਰ ਨਾ ਕਰਿਓ ਬਾਈ ਬਣ ਕੇ। ਮੈਂ ਜਿਨੀ ਜਲਦੀ ਹੋ ਸਕਿਆ, ਪਹੰਚੂਗਾ। ਬੇਬੇ ਨੇ ਮੇਰੇ ਬਾਰੇ ਕੁਛ ਕਿਹਾ ਸੀ?”
“ਬਾਈ ਸਸਕਾਰ ਅਸੀਂ ਬਿਲਕੁਲ ਨਹੀਂ ਕਰਦੇ, ਤੂੰ ਜਲਦੀ ਪਹੁੰਚ। ਤੇਰੇ ਆਏ ਤੋਂ ਦਾਗ ਦਿਆਂਗੇ।” ਉਧਰੋਂ ਆਵਾਜ਼ ਆ ਰਹੀ ਸੀ।
“ਚਾਹੇ ਲੱਖ ਰੁਪਈਆ ਲੱਗ ਜੇ, ਮੈਂ ਦਿਊਂ ਆਪੇ, ਬੇਬੇ ਨੂੰ ਫਰੀਜ਼ਰ ਵਿੱਚ ਲੁਆ ਦਿਓ, ਸਸਕਾਰ ਮੇਰੇ ਆਏ ਤੋਂ ਕਰਨੈਂ। ਸੁਣ ਗਿਆ?” ਪਾਗਲਾਂ ਵਾਂਗ ਗੱਲਾਂ ਕਰਦੇ ਪ੍ਰੀਤ ਨੇ ਫੋਨ ਰੱਖ ਦਿੱਤਾ ਤੇ “ਹਾਏ ਬੇਬੇ ਮੇਰੀਏ…!” ਆਖ ਕੇ ਧੜੰ੍ਹਮ ਸੋਫੇL `ਤੇ ਡਿੱਗ ਪਿਆ।
ਉਹ ਸੋਫੇ ਦੀ ਕੰਨੀ `ਤੇ ਪਿਆ ਧਰਾਲੀਂ ਰੋ ਪਿਆ, ਜਿਵੇਂ ਬੇਬੇ ਦੀ ਬੁੱਕਲ ਵਿੱਚ ਪਿਆ ਰੋ ਰਿਹਾ ਹੋਵੇ। ਇੱਕ ਖੂੰਜੇ ‘ਤੇ ਬੈਠੀ ਹਨੀ ਰੋ ਰਹੀ ਸੀ। ਉੱਚੀ ਉੱਚੀ ਰੋਂਦੇ ਪਾਪਾ ਨੂੰ ਸੁਣ ਕੇ ਬੱਚੇ ਹੇਠਾਂ ਉੱਤਰ ਆਏ।
“ਕੀ ਹੋਇਆ ਮੰਮੀ? ਤੁਸੀਂ ਦੋਨੋਂ ਰੋਂਦੇ ਕਿਉਂ ਹੋ?”
“ਬੇਟੇ ਤੁਹਾਡੀ ਦਾਦੀ ਮਰ ਗਈ।” ਹਨੀ ਨੇ ਦੱਸਿਆ ਤਾਂ ਬੱਚੇ ਵੀ ਮਸੋਸੇ ਗਏ। ਹਨੀ ਉਨ੍ਹਾਂ ਨੂੰ ਹਮੇਸ਼ਾ ਦਾਦੀ ਵੱਲੋਂ ਲਿਖੀਆਂ ਚਿੱਠੀਆਂ ਪੜ੍ਹ ਕੇ ਸੁਣਾਇਆ ਕਰਦੀ ਸੀ। ਜਿਨ੍ਹਾਂ ਵਿੱਚ ਦਾਦੀ ਵੱਲੋਂ ਪੋਤਿਆਂ ਨੂੰ ਸੋਨੇ ਦੀਆਂ ਚੈਨੀਆਂ ਬਣਾ ਕੇ ਦੇਣ ਦੇ ਵਾਅਦੇ ਹੁੰਦੇ, ਸੋਹਣੇ-ਸੋਹਣੇ ਕੱਪੜੇ ਸੰਵਾਅ ਕੇ ਦੇਣ ਬਾਰੇ ਲਿਖਿਆ ਹੁੰਦਾ, ਪੋਤਿਆਂ ਬਿਨਾ ਦਿਲ ਨਾ ਲੱਗਣ ਬਾਰੇ ਲਿਖਵਾਇਆ ਹੁੰਦਾ। ਪੁੱਤ, ਨੂੰਹ ਅਤੇ ਫੁੱਲ ਵਰਗੇ ਪੋਤਰਿਆਂ ਦੇ ਮੁਖੜੇ ਦੇਖਣ ਨੂੰ ਤਰਸਦੀ ਦਾਦੀ, ਸਦਾ ਲਈ ਤੁਰ ਗਈ ਸੀ। ਸਭ ਕੁਝ ਦਿਲ ਦੀਆਂ ਦਿਲ ਵਿੱਚ ਲੈ, ਜਹਾਨੋਂ ਕੂਚ ਕਰ ਗਈ ਸੀ।
ਪ੍ਰੀਤ ਨੇ ਟਿਕਟਾਂ ਵਾਲੇ ਦਫਤਰ ਨੂੰ ਫੋਨ ਘੁਮਾਇਆ। ਫੋਨ ਕਿਸ ਨੇ ਚੁੱਕਣਾ ਸੀ? ਰਾਤ ਦੇ ਅੱਠ ਤਾਂ ਵੱਜ ਚੁੱਕੇ ਸਨ। ਏਅਰਪੋਰਟ `ਤੇ ਫੋਨ ਕੀਤਾ। ਕੋਈ ਸੀਟ ਖਾਲੀ ਨਹੀਂ ਸੀ। ਫਲਾਈਟਾਂ ਬੁੱਕ ਜਾ ਰਹੀਆਂ ਸਨ। ਹਾਰ ਕੇ ਪ੍ਰੀਤ ਨੇ ਦਾਰੂ ਫਿਰ ਝੋਅ ਲਈ।
ਹਨੀ ਨੇ ਆਪਣੇ ਮਾਂ-ਬਾਪ ਨੂੰ ਫੋਨ ਕਰ ਦਿੱਤਾ। ਦਾਰੂ ਪੀਂਦੇ ਪ੍ਰੀਤ ਨੂੰ ਬੇਬੇ ਦੀਆਂ ਉਹ ਗੱਲਾਂ ਯਾਦ ਆ ਰਹੀਆਂ ਸਨ, ਜਦ ਉਹ ਕਾਲਜ ਪੜ੍ਹਦਾ ਸੀ ਅਤੇ ਕਬੱਡੀ ਖੇਡਦਾ ਹੁੰਦਾ ਸੀ। ਬੇਬੇ ਨੇ ਸਵੇਰੇ ਸਵੇਰੇ ਪ੍ਰੀਤ ਨੂੰ ਦਹੀਂ ਦਾ ਕਟੋਰਾ ਪਿਆ ਕੇ ਉਠਾਉਣਾ। ਚਾਹ ਕਦੇ ਨਾ ਪੀਣ ਦੇਣੀ, “ਇਹ ਕਾਲਜਾ ਸਾੜਦੀ ਐ ਅੱਗ ਲੱਗੜੀ ਪੁੱਤ!” ਕਦੇ ਕਹਿਣਾ, “ਤੂੰ ਰੋਟੀ ਅੱਜ ਥੋੜ੍ਹੀ ਖਾਧੀ ਐ ਸ਼ੇਰਾ?” ਕਦੇ ਕਹਿਣਾ, “ਪੁੱਤ ਤੂੰ ਰਾਤ ਆਇਆ ਨਹੀਂ ਟੂਲਾਮੈਂਟ ਤੋਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਮੈਂ ਕੱਲ੍ਹ ਰੋਟੀ ਵੀ ਨਹੀਂ ਖਾਧੀ।” ਤਾਂ ਪ੍ਰੀਤ ਨੇ ਹੱਸ ਕੇ ਅੱਗੋਂ ਆਖ ਦੇਣਾ, “ਬੇਬੇ ਟੂਰਨਾਮੈਂਟ ਤੇ ਟਾਇਮ ਲੱਗ ਹੀ ਜਾਂਦੈ, ਪਰ ਬੇਬੇ ਤੇਰੇ ਰੋਟੀ ਨਾ ਖਾਣ ਨਾਲ ਮੈਨੂੰ ਤਾਂ ਕੋਈ ਫਇਦਾ ਨਹੀਂ ਹੋਇਆ।” ਤਾਂ ਬੇਬੇ ਬੱਸ, “ਜਾਹ ਵਗ`ਜਾ ਪਰ੍ਹੇ ਕੁੱਤਾ ਕਿਸੇ ਥਾਂ ਦਾ!” ਆਖ ਕੇ ਪੁੱਤਰ ਨੂੰ ਪਿਆਰ ਕਰਦੀ।
ਫਿਰ ਪ੍ਰੀਤ ਨੂੰ ਯਾਦ ਆਇਆ ਜਦ ਉਹ ਵਿਆਹ ਕਰਵਾ ਕੇ ਪੱਕਾ ਹੋਣ ਤਂੋ ਬਾਅਦ ਇੰਡੀਆ ਗਿਆ ਸੀ। ਤਾਂ ਬੇਬੇ ਨੇ ਮੂੰਹ ਵੱਟ ਲਿਆ ਸੀ, “ਕਿਵੇਂ ਦੁੱਧ ਮੱਖਣਾਂ ਨਾਲ ਪਾਲਿਆ ਸੀ, ਦੇਖ ਕਿਮੇਂ ਸੁੱਕੀ ਜਿਹੀ ਬੂਥੀ ਕੱਢ ਕੇ ਆ ਗਿਐ ਕੋਹੜ੍ਹੀ!” ਤਾਂ ਪ੍ਰੀਤ ਨੇ ਚਾਂਭਲ ਕੇ ਕਿਹਾ, “ਉਏ ਬੇਬੇ ਹੁਣ ਤਾਂ ਨਾ ਮੈਨੂੰ ਵੱਢੂ ਖਾਊਂ ਕਰਿਆ ਕਰ, ਹੁਣ ਤਾਂ ਮੈਂ ਬਾਪੂ ਬਣਨ ਵਾਲਾ ਐ।” ਤਾਂ ਬੇਬੇ ਨੇ ਮੂਹਰਿਓਂ ਹੂਰਾ ਸਿੰਨ੍ਹ ਲਿਆ, “ਮਾਰ ਕੇ ਲਫੇੜਾ ਮੂੰਹ ਭੰਨਦੂੰ ਮੈਂ, ਵੱਡਾ ਬਾਪੂ! ਹੁਣ ਨ੍ਹੀਂ ਜਾਣ ਦੇਣਾ ਤੈਨੂੰ ਮੈਂ ਬਾਹਰ, ਹਨਿੰਦਰ ਨੂੰ ਵੀ ਮੈਂ ਐਥੇ ਈ ਮੰਗਵਾ ਲੈਣੈਂ। ਘਰੇ ਕੀ ਘਾਟਾ ਐ? ਆਬਦਾ ਕਰਿਓ ਖਾਇਓ। ਉਸ ਚੰਦਰੇ ਮੁਲਕ ਦਾ ਕੀ ਆਸਰਾ ਜਿਹੜਾ ਬੰਦੇ ਨੂੰ ਘੁਣ ਮਾਂਗੂੰ ਖਾਂਦੈ? ਐਹੋ ਜਿਹਾ ਪੈਸਾ ਅਸੀਂ ਅੱਗ ਲਾਉਣੈਂ! ਕਿਵੇਂ ਪਾਲ ਪਲੋਸ ਕੇ ਵੱਡਾ ਕੀਤਾ ਸੀ, ਹੁਣ ਮੂੰਹ ਕੱਢੀ ਫਿਰਦੈ, ਜਿਵੇਂ ਅਮਲੀ ਹੁੰਦੈ-ਉਹ ਤਾਂ ਬਾਹਰ ਭੇਜਣ ਲਈ ਵੱਡੇ ਈ ਮਗਰ ਪੈ ਗਏ। ਤੇਰੇ ਬਾਪੂ ਜੀ ਜਿਉਂਦੇ ਹੁੰਦੇ, ਤੈਨੂੰ ਮੈਂ ਜਮਾ ਨਾ ਜਾਣ ਦਿੰਦੀ। ਸੱਚੀ ਗੱਲ ਐ ਸਿਰ ਦੇ ਸਾਈਂ ਬਿਨਾ ਤੀਮੀ ਕੱਖ ਦੀ ਨਹੀਂ।” ਬੇਬੇ ਡੁਸਕ ਪਈ।
“ਬੇਬੇ ਤੂੰ ਕਿਹੜੀਆਂ ਗੱਲਾਂ ਛੇੜ ਕੇ ਬਹਿ ਗਈ? ਹੁਣ ਕਿਵੇਂ ਮੇਰਾ ਖਹਿੜਾ ਵੀ ਛੱਡੇਂਗੀ?” ਪ੍ਰੀਤ ਦਿਲੋਂ ਦੁਖੀ ਹੋ ਗਿਆ।
“ਹੁਣ ਤੂੰ ਮੈਨੂੰ ਇਹ ਦੱਸ ਬਈ ਬਾਹਰ ਹੋਰ ਕਿੰਨਾ ਕੁ ਚਿਰ ਧੱਕੇ ਖਾਣੇ ਐਂ?” ਬੇਬੇ ਤੁਰੰਤ ਇੱਕ ਪਾਸਾ ਚਾਹੁੰਦੀ ਸੀ।
“ਬੱਸ ਬੇਬੇ! ਆਹ ਹੋਰ ਚਾਰ ਸਾਲ ਲਾ ਲਈਏ, ਫਿਰ ਮੋੜੇ ਪਾ ਲਵਾਂਗੇ।” ਪ੍ਰੀਤ ਨੇ ਫੋਕਾ ਧਰਵਾਸ ਦਿੱਤਾ। ਨਾਲੇ ਉਸ ਨੂੰ ਪਰਪੱਕ ਪਤਾ ਸੀ ਕਿ ਉਹ ਯੂਰਪ ਦੀ ਸੁਨਹਿਰੀ ਜੇਲ੍ਹ ਤੋਂ ਕਦੇ ਵੀ ਆਜ਼ਾਦ ਨਹੀਂ ਹੋਵੇਗਾ।
“ਉਦੋਂ ਨੂੰ ਮੈਂ ਤੁਰ`ਜੂੰ।”
“ਓ ਬੇਬੇ! ਅਸੀਂ ਐਨੇ ਜਾਣੇ ਤੈਨੂੰ ਐਡੀ ਛੇਤੀ ਤੁਰਨ ਦਿੰਨੇ ਐਂ? ਅਜੇ ਤਾਂ ਤੂੰ ਛੋਟੇ ਪੋਤੇ ਖਿਡਾਉਣੇ ਐਂ।”
“ਚੰਗਾ! ਹੁਣ ਤੂੰ ਲੰਗਰ ਝੁਲਸ ਲੈ।”
ਬੇਬੇ ਪ੍ਰੀਤ ਦੇ ਰੋਟੀ ਖਾਣ ਤੋਂ ਬਾਅਦ ਆਮ ਹੀ ਆਖਦੀ, “ਤੂੰ ਅੱਜ ਰੋਟੀ ਬਲਾਅ ਥੋੜ੍ਹੀ ਖਾਧੀ ਐ ਪੁੱਤ, ਦਾਲ ਸੁਆਦ ਨਹੀਂ ਸੀ?” ਤਾਂ ਪ੍ਰੀਤ ਆਖਦਾ, “ਬੇਬੇ ਜਿੰਨੀ ਭੁੱਖ ਸੀ ਖਾ ਲਈ, ਹੋਰ ਅੰਨ ਨਾਲ ਕੋਈ ਵੈਰ ਐ?” ਤੇ ਫਿਰ ਵਾਪਸੀ ਤੇ ਤੁਰਦੇ ਪ੍ਰੀਤ ਨੂੰ ਅੱਖਾਂ ਭਰ ਕੇ ਬੇਬੇ ਨੇ ਆਖਿਆ ਸੀ, “ਜਲਦੀ ਮਿਲ ਜਾਇਆ ਕਰ ਪੁੱਤ! ਅਗਲੀ ਵਾਰੀ ਹਨਿੰਦਰ ਨੂੰ ਨਾਲ ਲੈ ਕੇ ਆਈਂ, ਖਬਰੇ ਕਿੰਨੇ ਦਿਨ ਦਾ ਮੇਲਾ ਗੇਲਾ ਐ? ਨਾਲੇ ਹਨਿੰਦਰ ਕੋਲੇ ਪੁੱਤ ਹੋਵੇ ਚਾਹੇ ਧੀ, ਦਿਲ ਤੇ ਨਾ ਲਾਈਂ-ਸਭ ਗੁਰੂ ਦੀਆਂ ਦਾਤਾਂ ਐ ਸ਼ੇਰਾ। ਮੇਰੇ ਵਲੋਂ ਹਨਿੰਦਰ ਨੂੰ ਪਿਆਰ ਦੇਈਂ, ਬੱਚਾ-ਬੱਚੀ ਹੋਣ `ਤੇ ਮੈਨੂੰ ਜਲਦੀ ਚਿੱਠੀ ਪਾਈਂ। ਨਾਲੇ ਸ਼ੇਰਾ ਖਾ ਪੀ ਲਿਆ ਕਰੋ, ਨਿਰਾ ਪੈਸਾ ਈ ਨਹੀਂ ਸਾਰਾ ਕੁਛ ਹੁੰਦਾ। ਸਿਹਤ ਐ ਤਾਂ ਸਾਰਾ ਕੁਝ ਐ।” ਤੇ ਬੇਬੇ ਦੇ ਹੰਝੂ ‘ਪਰਲ-ਪਰਲ’ ਵਹਿ ਰਹੇ ਸਨ।
ਤੁਰਦੇ ਪ੍ਰੀਤ ਨੂੰ ਬੇਬੇ ਨੇ ਦੁੱਧ ਦਾ ਛੰਨਾ ਪਿਆਇਆ ਅਤੇ ਸ਼ਗਨ ਕਰਨ ਲਈ ਗੱਡੀ ਦੇ ਟਾਇਰਾਂ `ਤੇ ਪਾਣੀ ਡੋਲਿ੍ਹਆ ਸੀ। ਗੱਡੀ ਦਿੱਲੀ ਨੂੰ ਤੁਰ ਗਈ ਸੀ, ਪਰ ਬੇਬੇ ਦੀਆਂ ਅੱਖਾਂ ਦਾ ਹੜ੍ਹ ਨਹੀਂ ਰੁਕਿਆ ਸੀ। ਸਾਰੀ ਰਾਤ ਅਤੇ ਸਾਰਾ ਦਿਨ ਬੇਬੇ ਨੇ ਕੁਝ ਖਾਧਾ-ਪੀਤਾ ਨਹੀਂ ਸੀ। ਚਾਹੇ ਬੇਬੇ ਕੋਲ ਦੋ ਪੁੱਤ ਤੇ ਦੋ ਨੂੰਹਾਂ ਸਨ। ਪਰ ਬੇਬੇ ਸਾਰਿਆਂ ਤੋਂ ਛੋਟੇ ਨੂੰ ਬੜਾ ਮੋਹ ਕਰਦੀ ਸੀ।
ਸਮਾਂ ਪਾ ਕੇ ਹਨੀ ਨੇ ਪਹਿਲਾਂ ਇੱਕ ਅਤੇ ਫਿਰ ਦੂਜੇ ਪੁੱਤ ਨੂੰ ਜਨਮ ਦਿੱਤਾ।
ਖਬਰ ਪੁੱਜਣ `ਤੇ ਮੰਜੇ ਨਾਲ ਜੁੜੀ ਬੇਬੇ ‘ਊਰੀ’ ਬਣ ਗਈ। ਉਸ ਨੇ ਗੁਰਦੁਆਰੇ ਦੇਗ ਕਰਵਾ ਕੇ ਸਾਰੇ ਪਿੰਡ ਵਿੱਚ ਲੱਡੂ ਵੰਡੇ। ਲੋਹੜੀ `ਤੇ ਕੁੜੀਆਂ ਸੰਗ ਰਲ ਕੇ ਖੁਦ ਗਿੱਧਾ ਪਾਇਆ ਸੀ।
ਹੁਣ ਤਾਂ ਬੇਬੇ ਦੀ ਬੱਸ ਇੱਕੋ ਖਾਹਿਸ਼ ਸੀ ਕਿ ਪੁੱਤ, ਨੂੰਹ ਅਤੇ ਪੋਤਰੇ ਉਸ ਨੂੰ ਮਿਲ ਜਾਣ। ਚਿੱਠੀਆਂ ਤੇ ਪ੍ਰੀਤ ਨੂੰ ਤਾਕੀਦਾਂ ਕੀਤੀਆਂ ਹੁੰਦੀਆਂ, ਨਿਹੋਰੇ ਦਿੱਤੇ ਹੁੰਦੇ ਤੇ ਕਦੇ ਕਦੇ ਗਾਹਲਾਂ ਵੀ ਕੱਢੀਆਂ ਹੁੰਦੀਆਂ। ਪੋਤਰਿਆਂ ਦੀਆਂ ਫੋਟੋਆਂ ਬੇਬੇ ਦੇ ਸਿਰਹਾਣੇ ਰੱਖੀਆਂ ਹੁੰਦੀਆਂ। “ਮੈਨੂੰ ਜਿਉਂਦੀ ਨੂੰ ਮਿਲ ਜਾਵੋ-ਫੇਰ ਕੀ ਫਾਇਦਾ?” ਕਦੇ ਕਦੇ ਬੇਬੇ ਦਾ ਅਜਿਹਾ ਡਰ ਵੀ ਦਿੱਤਾ ਹੁੰਦਾ, ਪਰ ਯੂਰਪ ਦੀ ਜ਼ਿੰਦਗੀ ਹੀ ਅਜਿਹੀ ਸੀ ਕਿ ਪ੍ਰੀਤ ਅਤੇ ਹਨੀ ਦਿਲੋਂ ਚਾਹੁੰਦੇ ਹੋਏ ਵੀ ਜਾ ਨਾ ਸਕੇ। ਕਦੇ ਛੁੱਟੀ ਦੀ ਮੁਸੀਬਤ ਹੁੰਦੀ ਅਤੇ ਹੱਥ ਤੰਗ ਹੁੰਦਾ…।
ਸੱਸ ਅਤੇ ਸਹੁਰੇ ਦੀ ਘੰਟੀ ਦੀ ਆਵਾਜ਼ ਨਾਲ ਪ੍ਰੀਤ ਦੀ ਸੋਚ ਟੁੱਟੀ।
ਹਨੀ ਨੇ ਦਰਵਾਜ਼ਾ ਖੋਲਿ੍ਹਆ।
ਸੱਸ ਅਤੇ ਸਹੁਰਾ ਦਿਲੋਂ ਘੋਰ ਦੁਖੀ ਅੰਦਰ ਆਏ ਤਾਂ ਪ੍ਰੀਤ ਦੇ ਜਜ਼ਬੇ ਦਾ ਬੱਝਿਆ ਬੰਨ੍ਹ ਫਿਰ ਹਿੱਲ ਪਿਆ, “ਹਾਏ ਬਾਪੂ ਜੀ, ਮੇਰੀ ਬੇਬੇ ਮਰਗੀ…!” ਉਸ ਨੇ ਹਮਦਰਦ ਸਹੁਰੇ ਗਲ ਲੱਗ ਕੇ ਧਾਹ ਮਾਰੀ।
“ਘੱਲੇ ਆਵਹਿ ਨਾਨਕਾ…॥” “…ਜਲ ਕਾ ਜਲ ਹੂਆ ਰਾਮ॥” ਸਹੁਰੇ ਸਰਮੁਖ ਸਿੰਘ ਨੇ ਪ੍ਰੀਤ ਨੂੰ ਜੱਫੀ ਵਿੱਚ ਲੈ ਕੇ ਥਾਪੜਿਆ।
“ਬਾਪੂ ਜੀ, ਮੈਨੂੰ ਜਲਦੀ ਟਿਕਟ ਦਾ ਪ੍ਰਬੰਧ ਕਰ ਕੇ ਤੋਰ ਦਿਓ-ਤੁਹਾਨੂੰ ਇਥੇ ਬੜੀ ਦੁਨੀਆ ਜਾਣਦੀ ਐ।”
“ਤੂੰ ਕੱਲਾ ਈ ਕਿਉਂ ਪੁੱਤਰਾ, ਹਨੀ ਤੇ ਬੱਚੇ ਵੀ ਨਾਲ ਜਾਣਗੇ।”
“ਨਹੀਂ ਬਾਪੂ ਜੀ ਸਾਡੇ ਕੋਲੇ ਐਨੇ ਪੈਸੇ ਹੈਨੀ।”
“ਅਸੀਂ ਬੈਠੇ ਐਂ ਅਜੇ।” ਸੱਸ ਨੇ ਕਿਹਾ।
ਮੁਸ਼ਕਿਲ ਹੱਲ ਹੋ ਗਈ।
ਪ੍ਰੀਤ ਦਾਰੂ ਪੀਂਦਾ, ਰੋਂਦਾ ਰਿਹਾ। ਸੱਸ, ਸਹੁਰਾ ਅਤੇ ਹਨੀ ਗੱਲਾਂ ਕਰਦੇ ਰਹੇ। ਉਹ ਪ੍ਰੀਤ ਦਾ ਦੁੱਖ ਆਪਣਾ ਦੁੱਖ ਸਮਝ ਰਹੇ ਸਨ। ਪ੍ਰੀਤ ਨੇ ਉਨ੍ਹਾਂ ਨੂੰ ਕਦੇ ਕੰਡੇ ਦੀ ਤਕਲੀਫ ਨਹੀਂ ਦਿੱਤੀ ਸੀ। ਸੱਤਾਂ ਧੀਆਂ ਵਰਗਾ ਇਕੋ ਇੱਕ ਜਮਾਈ ਸੀ।
ਅਗਲੇ ਦਿਨ ਟਿਕਟਾਂ ਲਈ ਭੱਜ-ਨੱਠ ਸ਼ੁਰੂ ਹੋ ਗਈ। ਦੋ ਦਿਨ ਸੀਟਾਂ ਨਾ ਮਿਲੀਆਂ। ਇੰਡੀਆ ਤੋਂ ਫੋLਨ `ਤੇ ਫੋLਨ ਆ ਰਹੇ ਹਨ। ਪ੍ਰੀਤ ਉਸ ਦੇ ਪੁੱਜਣ ਤੱਕ ਬੇਬੇ ਦਾ ਸਸਕਾਰ ਨਹੀਂ ਚਾਹੁੰਦਾ ਸੀ। ਪਿਛਲੇ ਰਿਸ਼ਤੇਦਾਰ ਲਾਸ਼ ਦੀ ਖੱਜਲ ਖੁਆਰੀ ਤੋਂ ਤੰਗ ਸਨ। ਉਹ ਜਲਦੀ ਸਸਕਾਰ ਦੇ ਹੱਕ ਵਿੱਚ ਸਨ। ਬੁੜ੍ਹੀਆਂ ਆਪਣੀ-ਆਪਣੀ ਵਿਚਾਰ ਕਰ ਰਹੀਆਂ ਸਨ। ਉਨ੍ਹਾਂ ਮੁਤਾਬਿਕ ਲਾਸ਼ ਨੂੰ ਰੋਲਣਾ ਨਹੀਂ ਚਾਹੀਦਾ ਸੀ।
ਤੀਜੇ ਦਿਨ ਸੀਟਾਂ ਮਿਲੀਆਂ।
ਪ੍ਰੀਤ ਪਰਿਵਾਰ ਸਮੇਤ ਪਿੰਡ ਪੁੱਜਿਆ ਤਾਂ ਬੇਬੇ ਦਾ ਸਸਕਾਰ ਕਰ ਦਿੱਤਾ ਗਿਆ ਸੀ। ਉਹ ਭਰਾਵਾਂ ਅਤੇ ਰਿਸ਼ਤੇਦਾਰਾਂ ਨਾਲ ਲੜਿਆ ਤੇ ਫਿਰ ਬੇਵੱਸ ਹੋ ਕੇ ਰੱਜ ਕੇ ਬੇਬੇ ਨੂੰ ਰੋਇਆ, ਔਰਤਾਂ ਵਾਂਗ! ਸਾਰੀ ਰਾਤ ਅਤੇ ਸਾਰਾ ਦਿਨ ਉਹ ਰੋਂਦਾ ਰਿਹਾ, ਬੱਚਿਆਂ ਵਾਂਗ ਕਲੇਸ਼ ਜਿਹਾ ਕਰਦਾ ਰਿਹਾ।
ਅਗਲੀ ਰਾਤ ਉਹ ਬੇਸਬਰਾ ਜਿਹਾ ਹੋ ਕੇ ਬੇਬੇ ਦੇ ਸਿਵੇ `ਤੇ ਚਲਾ ਗਿਆ। ਬੇਬੇ ਇੱਕ ਸੁਆਹ ਦੀ ਢੇਰੀ ਬਣੀ ਪਈ ਸੀ। ਉਸ ਦੇ ਹੰਝੂ ਸੁਆਹ `ਤੇ ਕਿਰਦੇ ਰਹੇ।
“ਬੇਬੇ…!” ਉਸ ਨੇ ਪਾਗਲਾਂ ਵਾਂਗ ਹਾਕ ਮਾਰੀ।
“…।”
“ਬੇਬੇ…!!” ਉਹ ਹੋਰ ਉੱਚੀ ਬੋਲਿਆ। ਉਸ ਦੀ ਆਵਾਜ਼ ਅਗਲੇ ਪਿੰਡ ਦੀ ਜੂਹ ਨਾਲ ਟਕਰਾ ਕੇ ਪਰਤ ਆਈ।
“….।”
“ਮੈਨੂੰ ਕੱਲ੍ਹ ਦੀ ਕਿਸੇ ਨੇ ਰੋਟੀ ਤਾਂ ਕੀ ਪੁੱਛਣੀ ਸੀ, ਚਾਹ ਵੀ ਨਹੀਂ ਪੁੱਛੀ ਬੇਬੇ!…ਬੇਬੇ…!!” ਉਹ ਚੀਕਿਆ ਤਾਂ ਪਿੱਛੋਂ ਕਿਸੇ ਨੇ ਉਸ ਦਾ ਮੋਢਾ ਆ ਘੁੱਟਿਆ। ਉਸ ਨੇ ਪਿੱਛੇ ਪਰਤ ਕੇ ਦੇਖਿਆ ਤਾਂ ਹਨੀ ਖੜ੍ਹੀ ਸੀ। ਉਸ ਦੀ ਜੀਵਨ-ਜੋਤੀ, ਜੀਵਨ-ਸਾਥਣ, ਹਮਦਰਦੀ ਦੀ ਇੱਕ ਮੂਰਤ! ਉਹ ਧਾਹ ਮਾਰ ਕੇ ਹਨੀ ਦੇ ਗਲ ਲੱਗ ਗਿਆ। ਉਸ ਨੂੰ ਮਾਂ ਦੀ ਬੁੱਕਲ ਵਰਗਾ ਨਿੱਘ ਆਇਆ।
“ਚੱਲੋ ਘਰ ਚੱਲੀਏ!”
“ਤੇ ਬੇਬੇ…?”
“ਜਾਣ ਵਾਲੇ ਕਦੇ ਨਹੀਂ ਮੁੜਦੇ, ਚਾਹੇ ਉਹ ਕਿਤਨੇ ਵੀ ਆਪਣੇ ਹੋਣ। ਕੁਦਰਤ ਦਾ ਗੇੜ ਹੀ ਐਸਾ ਹੈ।”
“ਹੁਣ ਬੇਬੇ ਜਮਾ ਈ ਨਹੀਂ ਮੁੜਦੀ?”
“ਚਲੋ ਘਰ ਚਲੋ, ਆਪਣਾ ਉਨ੍ਹਾਂ ਨਾਲ ਇਤਨਾ ਕੁ ਹੀ ਨਾਤਾ ਸੀ।” ਤੇ ਹਨੀ ਦੇ ਤੋਰਨ ‘ਤੇ ਉਹ ਬੇਬੇ ਦੀਆਂ ਯਾਦਾਂ ਦੇ ਫੁੱਲ ਅਤੇ ਵਿਛੋੜੇ ਦਾ ਸੱਲ ਦਿਲ ਵਿੱਚ ਲੈ, ਕਿਸੇ ਗ਼ੈਬੀ ਦਰਿਆਵਾਂ ਦੇ ਵਹਿਣ ਵਿੱਚ ਵਹਿੰਦਾ ਘਰ ਨੂੰ ਤੁਰ ਪਿਆ।
ਉਪਰ ਅਕਾਸ਼ ਵਿਚੋਂ ਘੋਰ ਉਦਾਸ ਚੰਦਰਮਾ ਉਨ੍ਹਾਂ ਨੂੰ ਚੁੱਪ ਚਾਪ ਤੱਕ ਰਿਹਾ ਸੀ। ਪੰਦਰਾਂ ਜੀਆਂ ਦੀ ਬੇਬੇ ਸ਼ਮਸ਼ਾਨ ਭੂਮੀ ਦੀ ਬੁੱਕਲ ਵਿੱਚ ਹਮੇਸ਼ਾ ਲਈ ਇਕੱਲੀ ਸੁੱਤੀ ਪਈ ਸੀ।