ਦਿਲਜੀਤ ਸਿੰਘ ਬੇਦੀ
ਭਾਰਤ ਵੀ ਮਹਾਂਸ਼ਕਤੀ ਵਜੋਂ ਉਭਰਨ ਲਈ ਯਤਨਸ਼ੀਨ ਹੈ। ਉਸ ਵੱਲੋਂ ਕੀਤੇ ਗਏ ਨਵੀਨਤਮ ਪ੍ਰਯੋਗ ਵੀ ਸਫਲ ਹੋਏ ਹਨ, ਯੂਰਪੀਨ ਦੇਸ਼ਾਂ ਨਾਲ ਉਸ ਦੀ ਸਾਂਝ ਪੁਰਾਣੀ ਹੈ। ਜੰਗੀ ਸਮਾਨ ਖਰੀਦਣ ਤੋਂ ਇਲਾਵਾ ਭਾਰਤ ਨੇ ਅਨੇਕਾਂ ਕਿਸਮ ਦੇ ਵਪਾਰਕ ਰਾਹ ਮੋਕਲੇ ਕੀਤੇ ਹਨ। ਚੰਦਰਯਾਨ `ਤੇ ਪਹੁੰਚਣ ਤੋਂ ਬਾਅਦ ਸਿੱਧੀ ਸੂਰਜ ਗਿਆਨ ਵੱਲ ਸੇਧ ਦਾਗੀ ਹੈ, ਪਰ ਹੁਣ ਆਪਣੇ ਪੁਰਾਤਨ ਸਨਾਤਨੀ ਗ੍ਰੰਥਾਂ ਨੂੰ ਖੋਜਣ ਦੀ ਵਿਧੀ ਅਪਨਾਈ ਹੈ।
ਹੁਣੇ ਭਾਰਤੀ ਫ਼ੌਜੀ ਅਧਿਕਾਰੀਆਂ ਨੂੰ ਸਨਾਤਨੀ ਪ੍ਰਾਚੀਨ ਗ੍ਰੰਥਾਂ ਬਾਰੇ ਸਿੱਖਿਅਤ ਕੀਤੇ ਜਾਣ ਸਬੰਧੀ ਬਣੇ ਪੈਨਲ ਵੱਲੋਂ ਇੱਕ ਵਿਚਾਰ-ਚਰਚਾ ਦੌਰਾਨ ਇਹ ਮਹਿਸੂਸ ਕੀਤਾ ਗਿਆ ਹੈ ਕਿ ਭਾਰਤ ਦੀ ਰਣਨੀਤਕ ਤੇ ਫ਼ੌਜੀ ਵਿਰਾਸਤ ਬੇਹੱਦ ਅਮੀਰ ਹੈ, ਪਰ ਉਸ `ਤੇ ਕਦੇ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ। ਇਸ ਅਧੀਨ ਅਜੌਕੇ ਫ਼ੌਜੀ ਅਧਿਕਾਰੀਆਂ ਨੂੰ ਦੇਸ਼ ਦੀ ਪ੍ਰਾਚੀਨ ਸੂਝ-ਬੂਝ ਦੀ ਵਿਹਾਰਕ ਵਰਤੋਂ ਕਰਨ ਲਈ ਉਤਸ਼ਾਹਿਤ ਤੇ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਜਿੱਥੇ ਕੌਮਾਂਤਰੀ ਸਬੰਧਾਂ ਤੇ ਵਿਦੇਸ਼ੀ ਸੱਭਿਆਚਾਰਾਂ ਦੀ ਸਮਝ ਹੋਰ ਮਜ਼ਬੂਤ ਕਰਨ `ਚ ਮਦਦ ਮਿਲੇਗੀ, ਉਥੇ ਅਕਾਲ ਰਣਨੀਤਕ ਸੋਚਣੀ `ਤੇ ਖ਼ਾਸ ਤੌਰ ਉੱਤੇ ਧਿਆਨ ਕੇਂਦਰਿਤ ਹੋਵੇਗਾ।
ਭਾਰਤੀ ਫ਼ੌਜ ਦਾ ਪ੍ਰਾਜੈਕਟ ‘ਉਦਭਵ` ਇਸ ਵੇਲੇ ਚਰਚਾ `ਚ ਹੈ। ਇਸ ਅਧੀਨ ਆਰਮੀ ਟ੍ਰੇਨਿੰਗ ਕਮਾਂਡ ਵੱਲੋਂ ਯੂਨਾਈਟਿਡ ਸਰਵਿਸ ਇੰਸਟੀਚਿਊਸ਼ਨ ਆਫ ਇੰਡੀਆ ਨਾਲ ਮਿਲ ਕੇ ਉੱਚ ਪੱਧਰੀ ਪੈਨਲ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਦਾ ਮੰਤਵ ਉਸ ਪ੍ਰਾਚੀਨ ਗਿਆਨ ਤੇ ਸੂਝ-ਬੂਝ ਨੂੰ ਮੌਜੂਦਾ ਸ਼ਾਸਨ ਕਲਾ, ਰਣਨੀਤੀ, ਕੂਟਨੀਤੀ ਵਿਚ ਵਰਤਣਾ ਹੈ, ਜੋ ਪ੍ਰਾਚੀਨ ਇਤਿਹਾਸਕ ਭਾਰਤੀ ਗ੍ਰੰਥਾਂ `ਚ ਮੌਜੂਦ ਹੈ। ਇਸ ਲਈ ਪ੍ਰਾਚੀਨ ਗ੍ਰੰਥਾਂ ਵਿਚ ਮੌਜੂਦ ਦੇਸ਼ ਦੇ ਇਤਿਹਾਸਕ ਬਿਰਤਾਂਤਾਂ ਦੀ ਖੋਜ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਤਹਿਤ ਪ੍ਰਾਚੀਨ ਸਮਿਆਂ `ਚ ਭਾਰਤ ਦੇ ਵੱਖੋ-ਵੱਖਰੇ ਖਿੱਤਿਆਂ ਦੀਆਂ ਫ਼ੌਜੀ ਪ੍ਰਣਾਲੀਆਂ, ਖੇਤਰੀ ਗ੍ਰੰਥਾਂ, ਰਾਜਾਂ, ਵਿਸ਼ਾਗਤ ਅਧਿਐਨਾਂ ਤੇ ਕੋਟਲਿਆ, ਕਾਮੰਦਕਾ ਤੇ ਕੁਰਲ ਦੀਆਂ ਸਿੱਖਿਆਵਾਂ ਦਾ ਖ਼ਾਸ ਤੌਰ ਉੱਤੇ ਅਧਿਐਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਦੀਆਂ ਤੱਕ ਚੱਲਦੀ ਰਹੀ ਅਕਾਲ ਰਣਨੀਤਕ ਸੋਚਣੀ ਉਤੇ ਖਾਸ ਤੌਰ `ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਦਰਅਸਲ ਪ੍ਰਾਚੀਨ ਰਣਨੀਤੀਆਂ ਦਾ ਸੁਮੇਲ ਆਧੁਨਿਕ ਫ਼ੌਜੀ ਸਿੱਖਿਆ ਨਾਲ ਕੀਤਾ ਜਾਣਾ ਹੈ। ਫੌਜ ਦੇ ਗਲਿਆਰਿਆਂ ‘ਚ ਇਹ ਵੀ ਵੇਖਿਆ-ਪਰਖਿਆ ਜਾ ਰਿਹਾ ਹੈ ਕਿ ਅਜਿਹਾ ਸੁਮੇਲ ਵਿਹਾਰਕ ਤੌਰ `ਤੇ ਕਿੰਨਾ ਕੁ ਵਾਜਬ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਜਾਣਕਾਰੀ ਮੁਤਾਬਕ ਭਾਰਤੀ ਦਰਸ਼ਨ ਤੇ ਸੱਭਿਆਚਾਰਕ ਵਿਰਾਸਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਸੇ ਲਈ 12 ਲੱਖ ਜਵਾਨਾਂ ਵਾਲੀ ਭਾਰਤੀ ਫੌਜ ਸਾਲ 2021 ਤੋਂ ਪ੍ਰਾਚੀਨ ਗ੍ਰੰਥਾਂ ਤੋਂ ਰਣਨੀਤਕ ਮਦਦ ਲੈ ਰਹੀ ਹੈ। ਇਨ੍ਹਾਂ ਗ੍ਰੰਥਾਂ ਤੋਂ ਲਏ 75 ਸੂਤਰਾਂ ਦੀ ਇੱਕ ਕਿਤਾਬ ‘ਟਰੈਡੀਸ਼ਨਲ ਇੰਡੀਅਨ ਫਿਲਾਸਫ਼ੀ-ਇਟਰਨਲ ਰੂਲਜ਼ ਆਫ ਵਾਰਫੇਅਰ ਐਂਡ ਲੀਡਰਸ਼ਿਪ` ਪਹਿਲਾ 2022 `ਚ ਹੀ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਇਹ ਭਾਰਤ ਦੀ ਸਨਾਤਨੀ ਵਿਰਾਸਤ ਤੋਂ ਸਿਰਜੇ ਗਿਆਨ ਨੂੰ ਨਵਾਂ ਰੂਪ ਦੇਣ ਦੀ ਕਵਾਇਦ ਹੈ। ਇਸ ਕਵਾਇਦ ਨੂੰ ਸਫਲ ਬਣਾਉਣ ਲਈ ਖਾਸ ਤੌਰ `ਤੇ ਚੌਥੀ ਸਦੀ ਈਸਾ ਪੂਰਵ ਤੋਂ ਲੈ ਕੇ ਅੱਠਵੀਂ ਸਦੀ ਈਸਵੀ ਤੱਕ ਦੇ ਗ੍ਰੰਥਾਂ ਉੱਤੇ ਵਿਸ਼ੇਸ਼ ਤੌਰ `ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਇਸ ਕਵਾਇਦ ਦੌਰਾਨ ਕੀਤੀ ਖੋਜ ਦੀ ਵਰਤੋਂ ਭਵਿੱਖ ਦੀਆਂ ਫ਼ੌਜੀ ਪਹਿਲਕਦਮੀਆਂ ਲਈ ਕੀਤੀ ਜਾਵੇਗੀ, ਜਿਨ੍ਹਾਂ `ਚ ਫ਼ੌਜੀ ਵਿਰਾਸਤ ਮੇਲਾ ਵੀ ਸ਼ਾਮਲ ਹੈ, ਜਿਸ ਦੀ ਚਿਰੋਕਣੀ ਉਡੀਕ ਕੀਤੀ ਜਾ ਰਹੀ ਹੈ। ਇਸ ਨਿਵੇਕਲੀ ਕਿਸਮ ਦੀ ਵਿਚਾਰ-ਚਰਚਾ ਪ੍ਰਤੀ ਦਿਲਚਸਪੀ ਹੁਣ ਫੌਜ ਵਿੱਚ ਵਧਦੀ ਜਾ ਰਹੀ ਹੈ। ਇਹ ਵਿਚਾਰ-ਵਟਾਂਦਰਾ ਕਰਨ ਵਾਲੇ ਪੈਨਲ ਵਿਚ ਫੌਜੀ ਵਿਦਵਾਨ, ਸਾਬਕਾ ਫ਼ੌਜੀ, ਮੌਜੂਦਾ ਫ਼ੌਜੀ ਅਧਿਕਾਰੀ ਤੇ ਫ਼ੌਜੀ ਸਿੱਖਿਆ ਦੇ ਮਾਹਰ ਡਾ. ਕਜਰੀ ਕਮਲ ਜਿਹੀਆਂ ਸ਼ਖ਼ਸੀਅਤਾਂ ਵੀ ਮੌਜੂਦ ਹਨ। ਨਵੀਂ ਦਿੱਲੀ `ਚ ਹੋਏ ਇੱਕ ਖ਼ਾਸ ਸਮਾਰੋਹ ਦੌਰਾਨ ਆਮ ਰਣਨੀਤਕ ਯੋਜਨਾਬੰਦੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੂ ਬੈਜਲ ਨੇ ਕੂੰਜੀਵਤ ਭਾਸ਼ਣ ਦਿੱਤਾ ਤੇ ਪ੍ਰਧਾਨਗੀ ਰੱਖਿਆ ਮੰਤਰਾਲੇ ਦੇ ਪ੍ਰਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਵਿਨੋਜ ਖੰਡਾਰੇ ਨੇ ਕੀਤੀ। ਫੌਜ ਇਸ ਪ੍ਰਯੋਗ ਵਿੱਚੋਂ ਕਿਹੜੇ ਨਵੇਂ ਵਿਹਾਰਕ ਪੈਂਤੜੇ ਲੈ ਕੇ ਸਾਹਮਣੇ ਆਉਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂ!