“ਭਾਰਤ ਵਿੱਚ ਮੀਡੀਆ: ਰੁਝਾਨ ਅਤੇ ਪੈਟਰਨ” ਬਾਰੇ ਰਿਪੋਰਟ
ਤਰਲੋਚਨ ਸਿੰਘ ਭੱਟੀ
ਪੀ. ਸੀ. ਐਸ. (ਸੇਵਾ ਮੁਕਤ)
ਫੋਨ: +91-9876502607
ਮੀਡੀਆ ਨੇ ਭਾਰਤ ਦੀ ਰਾਜਨੀਤੀ ਦਾ ਮੁਹਾਂਦਰਾ ਬਣਾਉਣ, ਵਿਗਾੜਨ ਅਤੇ ਬਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਸ਼ਾਇਦ ਇਸੇ ਲਈ ਇਸਨੂੰ ਰਾਜ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਅਤੇ ਅੱਜ-ਕੱਲ ਚੌਥਾ ਥੰਮ੍ਹ ਜ਼ਿਆਦਾਤਰ ਗੋਦੀ ਮੀਡੀਆ ਗਰਦਾਨਿਆ ਗਿਆ ਹੈ। ਰਾਜ ਦੇ ਇਸ ਚੌਥੇ ਥੰਮ੍ਹ ਬਾਰੇ ਇੱਕ ਖੋਜੀ ਸੰਸਥਾ ਲੋਕਨੀਤੀ (ਸੈਂਟਰ ਫਾਰ ਸਟੱਡੀਜ਼ ਆਫ਼ ਡਿਵੈਲਪਿੰਗ ਸੁਸਾਇਟੀਜ਼) ਨਵੀਂ ਦਿੱਲੀ ਵੱਲੋਂ “ਭਾਰਤ ਵਿੱਚ ਮੀਡੀਆ: ਰੁਝਾਨ ਅਤੇ ਪੈਟਰਨ” ਬਾਰੇ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ 206 ਪੱਤਰਕਾਰਾਂ ਦੇ ਸਰਵੇਖਣ `ਤੇ ਆਧਾਰਤ ਹੈ,
ਜੋ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਮੀਡੀਆ ਦੀ ਭਾਰੀ ਮੌਜੂਦਗੀ, ਖਪਤਕਾਰਾਂ ਅਤੇ ਪੱਤਰਕਾਰਾਂ ਉਤੇ ਇਸ ਦੇ ਪ੍ਰਭਾਵ ਦਾ ਵੀ ਮੁਲੰਕਣ ਕਰਨ ਦੀ ਇੱਕ ਕੋਸ਼ਿਸ਼ ਵੀ ਲੱਗਦੀ ਹੈ। ਸਰਵੇਖਣ ਪੱਤਰਕਾਰੀ ਦੇ ਸਾਰੇ ਮਾਧਿਅਮਾਂ– ਟੀ.ਵੀ., ਪ੍ਰਿੰਟ (ਅਖਬਾਰ) ਤੇ ਡਿਜ਼ੀਟਲ ਅਤੇ ਸਾਰੇ ਰਾਜਾਂ ਨਾਲ ਸਬੰਧਤ ਹੈ। 75% ਭਾਗੀਦਾਰ ਪੁਰਸ਼ ਹਨ, ਜਦਕਿ 25% ਔਰਤਾਂ; 18 ਤੋਂ 35 ਸਾਲਾਂ ਦੇ 30%, 36 ਤੋਂ 45 ਸਾਲਾਂ ਦੇ 33%, 46 ਸਾਲ ਜਾਂ ਵਧੇਰੀ ਉਮਰ ਦੇ 37% ਪੱਤਰਕਾਰ ਹਨ। ਹਿੰਦੀ ਭਾਸ਼ਾ ਦੇ 41%, ਅੰਗਰੇਜ਼ੀ ਦੇ 32% ਅਤੇ ਹੋਰ ਭਾਸ਼ਾਵਾਂ ਦੇ 27%। ਸ਼ੁਰੁਆਤੀ ਦੌਰ ਜਾਂ ਨਵੇਂ ਨਵੇਂ ਬਣੇ ਪੱਤਰਕਾਰ 3%, ਜੂਨੀਅਰ 6%, ਮਾਧਿਅਮ ਦਰਜੇ ਦੇ 35% ਅਤੇ ਸੀਨੀਅਰ 56% ਭਾਗੀਦਾਰ ਹਨ, ਜਦਕਿ 27% ਆਜ਼ਾਦ/ਫਰੀਲਾਂਸ ਪੱਤਰਕਾਰ, ਮੀਡੀਆ ਸੰਗਠਨਾਂ ਜਾਂ ਮੀਡੀਆ ਘਰਾਣਿਆਂ ਦੇ ਤਨਖਾਹੀਏ 64% ਅਤੇ ਦੋਵਾਂ ਤਰ੍ਹਾਂ ਦੇ ਬਾਕੀ 9% ਪੱਤਰਕਾਰ ਸਰਵੇ ਵਿੱਚ ਸ਼ਾਮਲ ਕੀਤੇ ਗਏ ਹਨ।
ਪੇਸ਼ੇਵਰ, ਤੰਦਰੁਸਤੀ ਅਤੇ ਕੰਮਕਾਰ ਦੀ ਆਰਥਿਕਤਾ ਦੇ ਖੇਤਰ ਵਿੱਚ ਰਿਪੋਰਟ ਅਨੁਸਾਰ 66% ਮਰਦਾਂ ਦੇ ਮੁਕਾਬਲੇ 85% ਔਰਤਾਂ ਦੇ ਨੌਕਰੀ ਦੇ ਨਤੀਜੇ ਵਜੋਂ ਉਨ੍ਹਾਂ ਦੀ ਮਾਨਸਿਕ ਸਿਹਤ ਉਤੇ ਪ੍ਰਭਾਵ ਦੀ ਰਿਪੋਰਟ ਕੀਤੀ ਹੈ। ਅੰਗਰੇਜ਼ੀ ਸਮਾਚਾਰ ਸੰਗਠਨਾਂ ਅਤੇ ਡਿਜ਼ੀਟਲ ਪਲੇਟਫਾਰਮਾਂ ਤੇ ਮੱਧ ਪੱਧਰ ਦੇ ਪੱਤਰਕਾਰਾਂ ਨੇ ਆਪਣੇ ਹਮਰੁਤਬਾ ਨਾਲੋਂ ਉਨ੍ਹਾਂ ਦੀ ਮਾਨਸਿਕ ਸਿਹਤ `ਤੇ ਵਧੇਰੇ ਪ੍ਰਭਾਵ ਦੀ ਰਿਪੋਰਟ ਕੀਤੀ ਹੈ। ਚਾਰ ਵਿੱਚੋਂ ਤਿੰਨ ਪੱਤਰਕਾਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀਆਂ ਨੌਕਰੀਆਂ ਨੇ ਉਨ੍ਹਾਂ ਦੀ ਸਰੀਰਕ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ। ਅੰਗਰੇਜ਼ੀ ਭਾਸ਼ਾ ਦੇ ਉਦਯੋਗ ਨਾਲ ਸਬੰਧਤ ਨੌਜਵਾਨ ਪੱਤਰਕਾਰਾਂ ਨੇ ਸਰੀਰਕ ਸਿਹਤ ਉਤੇ ਮਾੜੇ ਪ੍ਰਭਾਵ ਨੂੰ ਰਿਪੋਰਟ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਦੇ ਪੇਸ਼ੇਵਰ ਓਵਰਲੋਡ ਦੀ ਕੀਮਤ ਉਨ੍ਹਾਂ ਦੇ ਪਰਿਵਾਰਕ ਸਬੰਧਤਾਂ ਨੂੰ ਵੀ ਪ੍ਰਭਾਵਤ ਕਰਦੀ ਹੈ। ਕੋਵਿਡ ਮਹਾਂਮਾਰੀ ਅਤੇ ਵਿਸ਼ਵ ਆਰਥਿਕ ਮੰਦੀ ਤੋਂ ਬਾਅਦ ਮੀਡੀਆ ਉਦਯੋਗ ਨੂੰ ਛਾਂਟੀ ਦਾ ਸਾਹਮਣਾ ਵੀ ਕਰਨਾ ਪਿਆ ਹੈ। 45% ਪੱਤਰਕਾਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਸੰਗਠਨਾਂ ਦੇ ਲੋਕਾਂ ਨੂੰ ਲਾਗਤ ਘਟਾਉਣ ਅਤੇ ਕੰਮ ਦੀ ਆਰਥਿਕਤਾ ਨੂੰ ਕਾਇਮ ਰੱਖਣ ਲਈ ਨੌਕਰੀ ਛੱਡਣ ਨੂੰ ਕਿਹਾ ਗਿਆ ਹੈ। 69% ਮੱਧ ਉਮਰ ਦੇ ਪੱਤਰਕਾਰ ਅਤੇ ਅੰਗਰੇਜ਼ੀ ਮੀਡੀਆ ਉਦਯੋਗ ਦੇ 77% ਪੱਤਰਕਾਰਾਂ ਨੇ ਇਹ ਪ੍ਰਭਾਵ ਕਬੂਲਿਆ ਹੈ। ਮੀਡੀਆ ਸੰਸਥਾਵਾਂ ਦੇ 75% ਪੱਤਰਕਾਰਾਂ ਨੇ ਕਿਹਾ ਹੈ ਕਿ ਉਹ ਆਪਣੀਆਂ ਮੌਜੂਦਾ ਨੌਕਰੀਆਂ ਗਵਾਉਣ ਬਾਰੇ ਫਿਕਰਮੰਦ ਹਨ। ਇਹ ਚਿੰਤਾ ਮੱਧ ਵਰਗ ਦੇ ਪੱਤਰਕਾਰਾਂ ਵਿੱਚ ਵਧੇਰੇ ਪ੍ਰਚਲਿਤ ਹੈ।
ਨਿਊਜ਼ ਮੀਡੀਆ ਤੇ ਰਾਜਨੀਤੀ ਨਾਲ ਸਬੰਧਤ 75% ਪੱਤਰਕਾਰਾਂ ਨੇ ਸਵਿਕਾਰਿਆ ਹੈ ਕਿ ਉਹ ਇੱਕ ਰਾਜਸੀ ਪਾਰਟੀ ਪ੍ਰਤੀ ਪੱਖਪਾਤੀ ਹਨ। ਇਸ ਦੇ ਨਾਲ ਕੁੱਝ ਹੋਰ ਪੱਤਰਕਾਰਾਂ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਦੀਆਂ ਮੀਡੀਆ ਸੰਸਥਾਵਾਂ ਕਿਸੇ ਵਿਸ਼ੇਸ਼ ਪਾਰਟੀ ਦਾ ਪੱਖ ਪੂਰਦੀਆਂ ਹਨ। 82% ਪੱਤਰਕਾਰਾਂ ਨੇ ਮੰਨਿਆ ਹੈ ਕਿ ਉਹ ਕੇਂਦਰ ਵਿੱਚ ਸ਼ਾਸ਼ਕ ਰਾਜਸੀ ਪਾਰਟੀ ਦਾ ਪੱਖ ਪੂਰਦੇ ਹਨ। 16% ਪੱਤਰਕਾਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਲੋਕਾਂ ਨੂੰ ਰਾਜਨੀਤਿਕ ਝੁਕਾਅ ਕਾਰਨ ਨੌਕਰੀ ਛੱਡਣ ਲਈ ਵੀ ਕਿਹਾ ਗਿਆ ਹੈ। ਵਧੇਰੇ ਪੱਤਰਕਾਰ ਚਿੰਤਿਤ ਹਨ ਕਿ ਉਹ ਆਪਣੇ ਸਿਆਸੀ ਝੁਕਾਅ ਕਾਰਨ ਨੌਕਰੀ ਗਵਾ ਸਕਦੇ ਹਨ। 80% ਪੱਤਰਕਾਰਾਂ ਨੇ ਕਿਹਾ ਹੈ ਕਿ ਮੀਡੀਆ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਅਨੁਕੂਲ ਕਵਰ ਕਰਦਾ ਹੈ, ਜਦਕਿ 61% ਪੱਤਰਕਾਰਾਂ ਨੇ ਮੰਨਿਆ ਹੈ ਕਿ ਵਿਰੋਧੀ ਪਾਰਟੀਆਂ ਨੂੰ ਬਹੁਤ ਮਾੜੇ ਢੰਗ ਨਾਲ ਕਵਰ ਕੀਤਾ ਜਾਂਦਾ ਹੈ। ਸਰਵੇਖਣ ਕੀਤੇ ਗਏ 71% ਸੁਤੰਤਰ ਪੱਤਰਕਾਰਾਂ ਨੇ ਸਮਾਚਾਰ ਸੰਗਠਨਾਂ ਵਾਲੇ ਪੱਤਰਕਾਰਾਂ ਦੇ ਮੁਕਾਬਲੇ ਇੱਕ ਅਣਉਚਿਤ ਪੱਖਪਾਤ ਨੂੰ ਮਹਿਸੂਸ ਕਰਨ ਦੀ ਜ਼ਿਆਦਾ ਸੰਭਾਵਨਾ ਜਤਾਈ ਹੈ। ਰਿਪੋਰਟ ਅਨੁਸਾਰ ਸੁਤੰਤਰ ਪੱਤਰਕਾਰ ਆਮ ਤੌਰ `ਤੇ ਇੱਕ ਮਜ਼ਬੂਤ ਵਿਸ਼ਵਾਸ ਰੱਖਦੇ ਹਨ ਕਿ ਮੀਡੀਆ ਮੋਦੀ ਸਰਕਾਰ ਨੂੰ ਅਨੁਕੂਲ ਰੌਸ਼ਨੀ ਵਿੱਚ ਪੇਸ਼ ਕਰਦਾ ਹੈ ਅਤੇ ਵਿਰੋਧੀ ਪਾਰਟੀਆਂ ਦੀ ਅਣਉਚਿਤ ਕਵਰੇਜ਼ ਪ੍ਰਦਾਨ ਕਰਦਾ ਹੈ।
ਡਿਜ਼ੀਟਲ ਮੀਡੀਆ ਵਿੱਚ 69% ਪੱਤਰਕਾਰਾਂ ਨੇ ਵਿਰੋਧੀ ਪਾਰਟੀਆਂ ਦੀ ਕਵਰੇਜ਼ ਨੂੰ ਅਨੁਕੂਲ ਮੰਨਿਆ ਹੈ, ਜਦਕਿ 57% ਪ੍ਰਿੰਟ ਅਤੇ 42% ਟੀ.ਵੀ. ਮੀਡੀਆ ਨੇ ਬਹੁਤ ਅਨੁਕੂਲ ਨਹੀਂ ਮੰਨਿਆ। ਪੰਜਾਂ ਵਿੱਚੋਂ ਚਾਰ ਪੱਤਰਕਾਰਾਂ ਨੇ ਭਾਰਤੀ ਮੀਡੀਆ ਨੂੰ ਮੋਦੀ ਦਾ ਉਪਾਸਕ ਮੰਨਿਆ, ਜਦਕਿ 61% ਨੇ ਮੰਨਿਆ ਹੈ ਕਿ ਵਿਰੋਧੀ ਪਾਰਟੀਆਂ ਮੋਦੀ ਦਾ ਅਣਉਚਿਤ ਵਿਰੋਧ ਕਰ ਰਹੀਆਂ ਹਨ। 26% ਨਿਊਜ਼ ਮੀਡੀਆ ਮੁਸਲਿਮ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਣਾ ਹੈ। ਲੋਕਨੀਤੀ ਸੀ. ਐਸ. ਡੀ. ਐਸ. ਦੁਆਰਾ ਸਰਵੇਖਣ ਕੀਤੇ ਗਏ ਅੱਧੇ ਪੱਤਰਕਾਰਾਂ ਨੇ ਕਿਹਾ ਹੈ ਕਿ ਉਹ ਨਿਰਪੱਖ ਹਨ, ਜਦਕਿ 55% ਨੇ ਮੰਨਿਆ ਹੈ ਉਨ੍ਹਾਂ ਦੀਆਂ ਮੀਡੀਆ ਸੰਸਥਾਵਾਂ ਕੋਲ ਸ਼ੋਸ਼ਲ ਮੀਡੀਆ ਨੀਤੀ ਦਾ ਕੁੱਝ ਰੂਪ ਹੈ। 30% ਪੱਤਰਕਾਰ ਸ਼ੋਸ਼ਲ ਮੀਡੀਆ ਅਤੇ ਲੋਕਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਦਾ ਜਵਾਬ ਦੇਣ ਤੋਂ ਝਿਜਕਦੇ ਹਨ, ਜਦਕਿ ਹਿੰਦੀ ਪੱਤਰਕਾਰ ਇਸ ਬਾਰੇ ਮੁਕਾਬਲਤ ਘੱਟ ਡਰੇ ਹੋਏ ਹਨ। ਆਨਲਾਈਨ ਜਾਅਲੀ ਖਬਰਾਂ ਦੇ ਪ੍ਰਸਾਰ ਬਾਰੇ ਚਾਰ ਵਿੱਚੋਂ ਤਿੰਨ ਪੱਤਰਕਾਰਾਂ ਨੇ ਸ਼ੋਸ਼ਲ ਮੀਡੀਆ `ਤੇ ਗਲਤ ਜਾਣਕਾਰੀ ਪ੍ਰਾਪਤ ਕਰਨ ਬਾਰੇ ਗੰਭੀਰ ਚਿੰਤਾ ਜਾਹਰ ਕੀਤੀ ਹੈ। ਸਰਵੇਖਣ ਵਿੱਚ ਸ਼ਾਮਲ ਕੁੱਲ ਪੱਤਰਕਾਰਾਂ ਵਿੱਚੋਂ ਦੋ-ਤਿਹਾਈ ਪੱਤਰਕਾਰਾਂ ਨੇ ਮੰਨਿਆ ਹੈ ਕਿ ਸ਼ੋਸ਼ਲ ਮੀਡੀਆ ਪਲੇਟਫਾਰਮ ਦਾ ਇੰਟਰਨੈਟ `ਤੇ ਪੋਸਟ ਕੀਤੀ ਗਈ ਗਲਤ ਜਾਣਕਾਰੀ ਦੁਆਰਾ ਲੋਕਾਂ ਨੂੰ ਗੁੰਮਰਾਹ ਹੋਣ ਤੇ ਡਰ ਤੋਂ ਉਹ ਬਹੁਤ ਚਿੰਤਿਤ ਹਨ।
ਦੋ-ਤਿਹਾਈ ਟੀ.ਵੀ. ਪੱਤਰਕਾਰਾਂ ਅਨੁਸਾਰ ਸ਼ੋਸ਼ਲ ਮੀਡੀਆ ਰੁਝਾਨ ਇੱਕ ਹੱਦ ਤੱਕ ਨਿਊਜ਼ ਮੀਡੀਆ ਸਮਗਰੀ ਨੂੰ ਵੀ ਪ੍ਰਭਾਵਿਤ ਕਰਦਾ ਹੈ। 10 ਵਿੱਚੋਂ 7 ਪੱਤਰਕਾਰਾਂ ਨੇ ਇਸ ਨੂੰ ਚਿੰਤਾਜਨਕ ਦੱਸਿਆ ਹੈ। 64% ਪੱਤਰਕਾਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਘੱਟੋ ਘੱਟ ਇੱਕ ਵਾਰ ਉਨ੍ਹਾਂ ਦੀਆਂ ਪੋਸਟਾਂ ਅਤੇ ਟੀਕਾ ਟਿੱਪਣੀਆਂ ਲਈ ਪ੍ਰੇਸ਼ਾਨ ਕੀਤਾ ਗਿਆ। 78% ਡਿਜ਼ੀਟਲ ਪੱਤਰਕਾਰਾਂ ਨੇ ਆਪਣੀਆਂ ਆਨਲਾਈਨ ਪੋਸਟਾਂ ਲਈ ਪ੍ਰੇਸ਼ਾਨੀ ਦਾ ਅਨੁਭਵ ਕੀਤਾ। ਟੀ.ਵੀ. ਪੱਤਰਕਾਰਾਂ ਲਈ ਇਹ ਅੰਕੜਾ 55% ਅਤੇ ਪ੍ਰਿੰਟ ਪੱਤਰਕਾਰਾਂ ਲਈ 54% ਹੈ।
ਅੱਧ ਤੋਂ ਵੱਧ ਔਰਤ ਪੱਤਰਕਾਰਾਂ ਨੇ ਕਿਹਾ ਹੈ ਕਿ ਉਹ ਟਵਿੱਟਰ ਅਤੇ ਫੇਸਬੁੱਕ `ਤੇ ਆਪਣੀ ਗੋਪਨੀਯਤਾ (ਪ੍ਰਾਈਵੇਸੀ) ਬਾਰੇ ਬਹੁਤ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਵੱਟਸਐਪ ਦੀ ਵਰਤੋਂ ਕਰਦੇ ਸਮੇਂ ਉਹ ਪੁਰਸ਼ ਹਮਰੁਤਬਾ ਨਾਲੋਂ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਪ੍ਰੈੱਸ ਦੀ ਆਜ਼ਾਦੀ ਬਾਰੇ 72% ਪੱਤਰਕਾਰਾਂ ਨੇ ਕਿਹਾ ਹੈ ਕਿ ਨਿਊਜ਼ ਚੈਨਲ ਹੁਣ ਆਪਣਾ ਕੰਮ ਕਰਨ ਲਈ ਘੱਟ ਹੀ ਆਜ਼ਾਦ ਹਨ। ਹਿੰਦੀ ਮੀਡੀਆ ਦੇ ਮੁਕਾਬਲੇ ਅੰਗਰੇਜ਼ੀ ਮੀਡੀਆ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਵਿੱਚ ਇਹ ਚਿੰਤਾਵਾਂ ਵਧੇਰੇ ਹਨ। 55% ਪ੍ਰਿੰਟ ਪੱਤਰਕਾਰ ਅਤੇ 36% ਡਿਜ਼ੀਟਲ ਪੱਤਰਕਾਰਾਂ ਨੇ ਆਪਣੇ ਕੰਮ ਸਹੀ ਢੰਗ ਨਾਲ ਕਰਨ ਲਈ ਘੱਟ ਸੁਤੰਤਰ ਮਹਿਸੂਸ ਕੀਤਾ ਹੈ। ਮਹੱਤਵਪੂਰਨ ਤੌਰ `ਤੇ 71% ਸੁਤੰਤਰ ਪੱਤਰਕਾਰਾਂ ਨੇ ਲੋਕਨੀਤੀ ਸੀ. ਐਸ. ਡੀ. ਐਸ. ਨੂੰ ਦੱਸਿਆ ਕਿ ਅੱਜ ਅਖਬਾਰ ਆਪਣੇ ਸਹੀ ਢੰਗ ਨਾਲ ਪਰੱਖਣ ਲਈ ਘੱਟ ਆਜ਼ਾਦ ਹਨ। ਪੰਜਾਂ ਵਿੱਚੋਂ ਤਿੰਨ ਪੱਤਰਕਾਰ ਰਾਸ਼ਟਰੀ ਨਿਊਜ਼ ਚੈਨਲਾਂ ਦੀ ਬਜਾਏ ਖੇਤਰੀ ਚੈਨਲਾਂ ਵਿੱਚ ਕੰਮ ਕਰਕੇ ਵਧੇਰੇ ਸੰਤੁਸ਼ਟ ਹਨ।
ਪੱਤਰਕਾਰਾਂ ਨੇ ਆਪਣੇ ਮੀਡੀਆ ਸੰਗਠਨਾਂ ਵਿੱਚ ਲਿੰਗ ਅਤੇ ਸਿਆਸੀ ਵਿਤਕਰਾ ਵੀ ਮਹਿਸੂਸ ਕੀਤਾ ਹੈ। ਪੁਰਸ਼ ਅਜੇ ਵੀ ਪ੍ਰਿੰਟ, ਡਿਜ਼ੀਟਲ ਅਤੇ ਪ੍ਰਸਾਰ ਮੀਡੀਆ `ਤੇ ਹਾਵੀ ਹਨ। ਰਿਪੋਰਟ ਵਿੱਚ ਸੁਨੇਹਾ ਦਿੱਤਾ ਗਿਆ ਹੈ ਕਿ ਹੁਣ ਇੱਕ ਪੇਸ਼ੇ ਵਜੋਂ ਪੱਤਰਕਾਰੀ ਪਹਿਲਾਂ ਵਰਗੀ ਸਤਿਕਾਰ ਅਤੇ ਸਾਖ ਨਹੀਂ ਰੱਖਦੀ। 45% ਪੱਤਰਕਾਰਾਂ ਨੇ ਮੰਨਿਆ ਹੈ ਕਿ ਨਿਊਜ਼ ਚੈਨਲਾਂ ਦੀ ਭਵਿੱਖ ਦੀ ਆਜ਼ਾਦੀ ਬਾਰੇ ਬਹੁਤ ਨਿਰਾਸ਼ਾਵਾਦੀ ਹਨ, ਜਦਕਿ ਅਖਬਾਰੀ 22% ਅਤੇ ਡਿਜ਼ੀਟਲ ਮੀਡੀਆ 16% ਨੇ ਆਪਣੇ ਆਪ ਨੂੰ ਘੱਟ ਨਿਰਾਸ਼ਾਵਾਦੀ ਦੱਸਿਆ ਹੈ।
ਰਿਪੋਰਟ ਨੇ ਸਿੱਟਾ ਕੱਢਿਆ ਹੈ ਕਿ ਮੀਡੀਆ ਨਾਲ ਜੁੜੇ ਪੱਤਰਕਾਰ ਅਕਸਰ ਸੰਤੁਸ਼ਟ ਨਹੀਂ ਜਾਪਦੇ। ਲੋੜ ਹੈ ਕਿ ਮੀਡੀਆ ਸੰਸਥਾਵਾਂ ਨੂੰ ਕਰਮਚਾਰੀ ਸਹਾਇਤਾ ਪ੍ਰੋਗਰਾਮਾਂ, ਮਾਨਸਿਕ ਸਿਹਤ ਸਰੋਤਾਂ ਅਤੇ ਪੇਸ਼ੇਵਰ ਵਿਕਾਸ ਦੇ ਸੋਮਿਆਂ ਦੇ ਨਾਲ ਨਾਲ ਕੰਮ-ਜੀਵਨ ਸੰਤੁਲਨ ਨੂੰ ਉਤਸ਼ਾਹਿਤ ਕਰਨ ਵਰਗੇ ਸਹਾਇਤਾ ਪ੍ਰਣਾਲੀਆਂ ਨਾਲ ਆਪਣੇ ਕਰਮਚਾਰੀਆਂ ਦੀ ਭਲਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ। ਮੀਡੀਆ ਨੂੰ ਆਪਣੀ ਹੋਂਦ ਅਤੇ ਜ਼ਮੀਰ ਨੂੰ ਲੋਕ ਹਿੱਤ ਵਿੱਚ ਜਗਾਈ ਰੱਖਣ ਲਈ ਅਤੇ ਲੋਕਾਂ ਸਾਹਮਣੇ ਸੱਚ ਰੱਖਣ ਦੀ ਬੇਹੱਦ ਲੋੜ ਹੈ। ਭਾਰਤੀ ਮੀਡੀਆ ਤੋਂ ਆਸ ਰੱਖੀ ਜਾਂਦੀ ਹੈ ਕਿ ਸਰਕਾਰਾਂ ਅਤੇ ਰਾਜਸੀ ਪਾਰਟੀਆਂ ਦੀ ਭਾਰਤ ਦੇ ਨਾਗਰਿਕਾਂ ਪ੍ਰਤੀ ਜਵਾਬਦੇਹੀ ਅਤੇ ਪਾਰਦਰਸ਼ੀ ਕਾਰਜਪ੍ਰਣਾਲੀ ਨੂੰ ਸੁਨਿਸ਼ਚਿਤ ਕਰਨ।