ਪਰਮਜੀਤ ਢੀਂਗਰਾ
ਫੋਨ: +91-9417358120
ਫ਼ਾਰਸੀ ਕੋਸ਼ਾਂ ਅਨੁਸਾਰ ਬੁਰਜ ਦਾ ਅਰਥ ਹੈ– ਗੁੰਬਦ, ਗੁਮਟੀ, ਕਿਲ੍ਹਾ, ਅਸਮਾਨ ਦਾ ਬਾਰਵਾਂ ਹਿੱਸਾ, ਬਾਰਾਂ ਬੁਰਜਾਂ ਵਿੱਚੋਂ ਕੋਈ ਇੱਕ ਬੁਰਜ, ਘੜੀ; ਬੁਰਜ-ਏ-ਔਲੀਆ=ਬਗਦਾਦ, ਜਿੱਥੇ ਕਈ ਮਹਾਨ ਪੁਰਸ਼ਾਂ ਦੇ ਮਕਬਰੇ ਹਨ; ਬੁਰਜ-ਏ-ਸੁਰੱਈਯਾ=ਇੱਕ ਬੁਰਜ ਦਾ ਨਾਂ, ਮਾਸ਼ੂਕ ਦਾ ਮੂੰਹ; ਬੁਰਜ-ਏ-ਜ਼ਹਰਮਾਰ=ਫਨੀਅਰ ਸੱਪ ਦਾ ਫਣ; ਬੁਰਜ-ਏ-ਤਰਬ=ਸੁਰਾਹੀ, ਪਿਆਲਾ; ਬੁਰਜ-ਏ-ਕਬੂਤਰ=ਕਬੂਤਰਾਂ ਲਈ ਬਣਾਏ ਡੱਬੇ ਅਥਵਾ ਖਾਨੇ; ਸ਼ਰਾਬ ਦਾ ਮਟਕਾ, ਕਬੂਤਰਖਾਨਾ; ਬੁਰਜ-ਏ-ਮਸੀਹ=ਚੌਥਾ ਅਸਮਾਨ; ਬੁਰਜ-ਖਲੀਫਾ= ਡੁਬਈ ਦੀ ਇੱਕ ਪ੍ਰਸਿੱਧ ਬਹੁਮੰਜ਼ਿਲਾ ਇਮਾਰਤ।
ਇੱਕ ਲੋਕ ਗੀਤ ਵੀ ਪ੍ਰਸਿੱਧ ਹੈ- ਉੱਚਾ ਬੁਰਜ ਲਾਹੌਰ ਦਾ, ਵਿੱਚ ਦੀਵਾ ਬਲੇ। ਮਹਾਨ ਕੋਸ਼ ਅਨੁਸਾਰ- ਸੰਗਿ. ਰਾਸ਼ੀ ਚੱਕਰ, ਗੋਲ ਅਕਾਰ ਦਾ ਮੰਡਪ, ਚੁਕੋਣੀ, ਅੱਠ ਪਹਿਲੂ ਜਾਂ ਗੋਲ ਇਮਾਰਤ, ਜੋ ਉੱਚੇ ਤੇ ਕਿਲ੍ਹੇ ਦੀਆਂ ਕੂਣਾਂ `ਤੇ ਹੋਵੇ। ਬੁਰਜ ਸਾਹਿਬ- ਫੱਤੇਨੰਗਲ (ਗੁਰਦਾਸਪੁਰ) ਦੇ ਕੋਲ ਗੁਰੂ ਅਰਜਨ ਦੇਵ ਜੀ ਦਾ ਪ੍ਰਸਿੱਧ ਗੁਰਦੁਆਰਾ; ਬੁਰਜ ਸੰਗੂ ਸਿੰਘ ਵਾਲਾ; ਬੁਰਜ ਬਾਬਾ ਆਲਾ ਸਿੰਘ, ਬੁਰਜ ਮਾਤਾ ਗੁਜਰੀ ਜੀ ਅਥਵਾ ਠੰਡਾ ਬੁਰਜ, ਬੁਰਜ ਮਾਨਾਵਾਲਾ, ਬੁਰਜ ਅਕਾਲੀ ਫੂਲਾ ਸਿੰਘ (ਅੰਮ੍ਰਿਤਸਰ) ਆਦਿ ਪ੍ਰਸਿੱਧ ਇਤਿਹਾਸਕ ਇਮਾਰਤਾਂ ਹਨ।
ਪੰਜਾਬੀ ਕੋਸ਼ਾਂ ਅਨੁਸਾਰ– ਬੁਰਜ (ਅਰਬੀ ਬੁਰਜ) ਮੁਨਾਰਾ, ਮੀਨਾਰ, ਗੁੰਬਦ, ਗੁੰਮਟੀ, ਗੁੰਬਦ ਦੀ ਸ਼ਕਲ ਦਾ ਮਕਾਨ, ਰਾਸ, ਰਾਸ਼ੀ, ਗ੍ਰਹਿ, ਨਛੱਤਰ, ਕਾਗਜ਼ ਦਾ ਫਲੂਸ ਜਿਸ ਵਿੱਚ ਅੱਗ ਦੀ ਲਾਟ ਬਾਲ ਕੇ ਹਵਾ ਵਿੱਚ ਉਡਾ ਦਿੱਤਾ ਜਾਂਦਾ ਹੈ। ਖੂਹ ਦੀ ਵੇਲਣ ਜਾਂ ਤੁਰ; ਇਸ ਨਾਲ ਕਈ ਮੁਹਾਵਰੇ ਵੀ ਜੁੜੇ ਹੋਏ ਹਨ; ਬੁਰਜ ਵਾਂਗ ਢਹਿਣਾ=ਧੜੰਮ ਕਰਕੇ ਡਿੱਗਣਾ, ਬੁਰਜੀ-ਛੋਟਾ ਬੁਰਜ, ਹੱਦਬੰਦੀ ਲਈ ਗੱਡਿਆ ਨਿਸ਼ਾਨ, ਪਾਣੀ ਦੇ ਵਹਿਣ ਨੂੰ ਨਾਪਣ ਲਈ ਪੁੱਲ ਤੋਂ ਹੇਠਾਂ ਸੁੱਟੀ ਜਾਂਦੀ ਨੋਕ; ਕੋਈ ਉੱਚੀ ਥਾਂ; ਬੁਰਜੀ-ਨੁਮਾ=ਬੁਰਜੀ ਦੀ ਸ਼ਕਲ ਵਾਲਾ; ਸੰਮਨ ਬੁਰਜ=ਲਾਹੌਰ ਦੇ ਕਿਲ੍ਹੇ ਦਾ ਪ੍ਰਸਿੱਧ ਬੁਰਜ ਆਦਿ। ਪਹਾੜ ਹਮੇਸ਼ਾ ਹੀ ਮਨੁੱਖ ਦੇ ਓਟ ਆਸਰੇ ਰਹੇ ਹਨ, ਸੰਸਕ੍ਰਿਤ ਦੀ /ਕੁਟੑ/ ਧਾਤੂ ਦਾ ਇੱਕ ਅਰਥ ਪਹਾੜ ਹੈ, ਇਸ ਤੋਂ ਹੀ ਕੋਟ ਅਥਵਾ ਕਿਲ੍ਹਾ ਸ਼ਬਦ ਬਣਿਆ ਹੈ। ਪਹਾੜਾਂ ਦੀ ਉਚਾਈ ’ਤੇ ਬਸੇਰਾ ਮਨੁੱਖਾਂ ਨੂੰ ਦੁਸ਼ਮਣਾਂ ਤੋਂ ਬਚਾਉਂਦਾ ਸੀ, ਕਿਉਂਕਿ ਪਹਾੜੀ ਰਸਤੇ ਬੜੇ ਦੁਰਗਮ ਹੁੰਦੇ ਹਨ। ਦੁਰਗਮ ਅਥਵਾ ਜਿੱਥੇ ਜਾਣਾ ਮੁਸ਼ਕਿਲ ਜਾਂ ਬਿਖੜਾ ਹੋਵੇ। ਇਸੇ ਲਈ ਪਹਾੜ ਦਾ ਇੱਕ ਨਾਂ ਦੁਰਗ ਵੀ ਹੈ, ਜੋ ਬਾਅਦ ਵਿੱਚ ਪਹਾੜੀ ਕਿਲ੍ਹੇ ਲਈ ਵਰਤਿਆ ਗਿਆ। ਪਹਾੜ ’ਤੇ ਵਸਣ ਕਰਕੇ ਹੀ ਇੱਕ ਦੇਵੀ ਦਾ ਨਾਂ ਦੁਰਗਾ ਹੈ, ਜਿਸਨੂੰ ਕਈ ਪਹਾੜਾਂਵਾਲੀ ਮਾਤਾ ਵੀ ਕਹਿੰਦੇ ਹਨ। ਭਾਵ ਇਹੀ ਹੈ ਕਿ ਸੁਰੱਖਿਅਤ ਤੇ ਉਚਾਈ ਉਤੇ ਆਸਰਾ ਮਨੁੱਖ ਲਈ ਹਮੇਸ਼ਾ ਮਹੱਤਵਪੂਰਨ ਰਿਹਾ ਹੈ। ਇਸੇ ਲਈ ਮੁਢਲਾ ਮਨੁੱਖ ਉਚਾਈਆਂ ’ਤੇ ਰਹਿ ਕੇ ਖ਼ੁਸ਼ ਸੀ। ਬਾਅਦ ਵਿੱਚ ਉਹਨੇ ਪਹਾੜੀ ਕਿਲ੍ਹੇ ਬਣਾਏ।
ਇਸੇ ਕੜੀ ਵਿੱਚ ਅਰਬੀ-ਫ਼ਾਰਸੀ ਦਾ ਬੁਰਜ ਸ਼ਬਦ ਆਉਂਦਾ ਹੈ, ਜੋ ਮੂਲ ਰੂਪ ਵਿੱਚ ਇੰਡੋ-ਇਰਾਨੀ ਦਾ ਹੈ। ਕਈ ਭਰੋਪੀ ਪਰਿਵਾਰ ਦੀਆਂ ਭਾਸ਼ਾਵਾਂ ਵਿੱਚ ਇਸ ਸ਼ਬਦ ਦਾ ਵਿਸਥਾਰ ਮਿਲਦਾ ਹੈ। ਪ੍ਰਚਲਤ ਅਰਥਾਂ ਵਿੱਚ ਇਹ ਮੀਨਾਰ, ਟਾਵਰ ਜਾਂ ਗੁੰਬਦ ਲਈ ਵਰਤਿਆ ਜਾਂਦਾ ਹੈ। ਬੁਰਜ ਦੀ ਸਕੀਰੀ ਸੰਸਕ੍ਰਿਤ ਧਾਤੂ /ਬਰਿਹ/ ਜਾਂ /ਬਾਰਹ/= /ਬਰਿਹ, ਬਅਰਹ/ ਨਾਲ ਹੈ, ਜਿਸ ਵਿੱਚ ਉਚਾਈ, ਵਿਸਥਾਰ, ਖੁਰਚਨਾ, ਵੱਡਾ ਕਰਨ ਦੇ ਅਰਥ ਹਨ। ਵੇਦਿਕ ਵਿੱਚ ਇਹਦਾ ਇੱਕ ਰੂਪ ‘Virh’ ਵੀ ਹੈ। ਬ੍ਰਹਿਸਪਤੀ ਸ਼ਬਦ ਇਸੇ ਮੂਲ ਦਾ ਹੈ, ਜਿਸ ਵਿੱਚ ਗੁਰੂਤਾ ਅਤੇ ਵਿਸ਼ਾਲਤਾ- ਦੋਵੇਂ ਹਨ। ਇਸੇ ਕ੍ਰਮ ਵਿੱਚ ਆਉਂਦੀ ਹੈ ਪ੍ਰਾਚੀਨ ਭਰੋਪੀ ਧਾਤੂ ‘bhergh’ ਜਿਸਦਾ ਅਰਥ ਹੈ, ਕਿਲ੍ਹਾ ਜਾਂ ਉਚਾਈ ’ਤੇ ਬਣਿਆ ਆਸਰਾ। ਵੇਦਿਕ ਵਿੱਚ ਇਸੇ ਅਰਥਾਂ ਵਿੱਚ ‘ਬਰਹਯਤਿ’ ਸ਼ਬਦ ਮਿਲਦਾ ਹੈ, ਜਿਸ ਵਿੱਚ ਵਿਸਥਾਰ, ਵਿਸ਼ਾਲ, ਉਚਾਈ, ਬਾਰਿਸ਼ ਵਰਗੇ ਭਾਵ ਹਨ।
ਮੋਨੀਅਰ ਵਿਲੀਅਮ ਮੋਨੀਅਰ ਦੀ ਸੰਸਕ੍ਰਿਤ-ਇੰਗਲਿਸ਼ ਡਿਕਸ਼ਨਰੀ ਵਿੱਚ ‘ਬਰਹਣ’ ਅਤੇ ‘ਬਰਹਿਸਥ’ ਵਰਗੇ ਸ਼ਬਦ ਹਨ, ਜਿਨ੍ਹਾਂ ਵਿੱਚ ਉਚਾਈ, ਬੁਲੰਦੀ, ਪਹਾੜ ਵਰਗੇ ਭਾਵ ਹਨ। ਅਵੇਸਤਾ (ਪੁਰਾਤਨ ਫ਼ਾਰਸੀ) ਵਿੱਚ ਇਹਦਾ ਇੱਕ ਰੂਪ- ‘ਬਰਜੰਤ’ ਹੈ, ਜੋ ਫ਼ਾਰਸੀ ਵਿੱਚ ਬੁਰਜ ਹੋ ਗਿਆ। ਤੁਰਕੀ ਵਿੱਚ ‘ਬਰਹ’ (barh) ਦਾ ਰੂਪ ਬਦਲ ਕੇ ਬੋਰਾ (bora) ਹੋ ਗਿਆ। ਅਫਗਾਨਿਸਤਾਨ ਵਿੱਚ ਇੱਕ ਪ੍ਰਸਿੱਧ ਪਹਾੜੀ ਇਲਾਕਾ ਹੈ, ਜਿਸਦਾ ਨਾਂ ਤੋਰਾ ਬੋਰਾ ਹੈ। ਮੰਗੋਲੀ, ਕਜ਼ਾਖ ਤੇ ਤੁਰਕੀ ਭਾਸ਼ਾਵਾਂ ਵਿੱਚ ਬੋਰਾ ਦਾ ਅਰਥ ਹੈ– ਬਾਰਿਸ਼, ਭਾਰੀ ਮੀਂਹ, ਬਰਫਬਾਰੀ। ਮੂਲ ਰੂਪ ਵਿੱਚ ਭਾਵ ਉਚਾਈ ਦਾ ਹੈ। ਬਾਰਸ਼ ਵੀ ਧਰਤੀ ’ਤੇ ਬੁਰਜਨੁਮਾ ਰੂਪ ਵਿੱਚ ਡਿੱਗਦੀ ਹੈ। ਮੀਂਹ ਅਕਾਸ਼ ਤੋਂ ਵਰ੍ਹਦਾ ਹੈ, ਬਰਫ਼ ਪਹਾੜਾਂ ’ਤੇ ਡਿਗਦੀ ਹੈ, ਪਹਾੜ ਹਮੇਸ਼ਾ ਉਚੇ ਹੁੰਦੇ ਹਨ। ਭਾਵ ਬਰਹ ਵਿੱਚ ਉਚਾਈ ਦਾ ਭਾਵ ਬੁਰਜ ਜਾਂ ਮੀਨਾਰ ਲਈ ਸਥਿਰ ਹੋ ਗਿਆ। ਬਾਅਦ ਵਿੱਚ ਬੁਰਜ ਨਗਰ, ਕਿਲਿਆਂ, ਬਸਤੀਆਂ ਦੇ ਅਰਥਾਂ ਵਿੱਚ ਪ੍ਰਚਲਤ ਹੋ ਗਿਆ।
ਆਰਮੀਨੀਆਈ ਭਾਸ਼ਾ ਵਿੱਚ ਇਹ ‘burgn’ ਹੈ। ਇਹਦਾ ਇੱਕ ਰੂਪ ਬੁਰਗਾਨਾ ਵੀ ਮਿਲਦਾ ਹੈ, ਜਿਸਦਾ ਅਰਥ ਹੈ– ਪਹਾੜੀ ਕਿਲ੍ਹਾ। ਬਾਬਰ ਦੇ ਜਨਮ ਸਥਾਨ ਫਰਗਾਨਾ ਵਿੱਚ ਵੀ ਇਹੀ ਭਰਗ, ਬੁਰਜ ਜਾਂ ਬਰਗ ਦਾ ਭਾਵ ਹੈ। ਇਹ ਭਰੋਪੀ ‘bhergh’ ਤੋਂ ਹੀ ਉਤਪੰਨ ਹੋਇਆ ਹੈ। ਅੰਗਰੇਜ਼ੀ ਦੇ Fort ਸ਼ਬਦ ਜਿਸਦਾ ਅਰਥ ਕਿਲ੍ਹਾ, ਕੋਟ ਜਾਂ ਦੁਰਗ ਹੈ। ਫੋਰਟ ਦੀ ਵਿਓਤਪਤੀ ਲੈਟਿਨ ਦੇ ਫੋਰਟਿਸ ਤੋਂ ਹੋਈ ਹੈ। ਇਨ੍ਹਾਂ ਸਾਰੇ ਸ਼ਬਦਾਂ ਵਿੱਚ /ਪ/ ਵਰਗ ਦੀਆਂ ਧੁਨੀਆ ਦਾ ਵਟਾਂਦਰਾ ਹੋਇਆ ਹੈ। ਉੱਤਰੀ ਇਰਾਨ ਦੇ ਇੱਕ ਪਹਾੜ ਦਾ ਨਾਂ ਐਲਬੁਰਜ ਹੈ, ਜੋ ਸਾਢੇ ਪੰਜ ਹਜ਼ਾਰ ਮੀਟਰ ਉੱਚਾ ਹੈ। ਇਸ ਵਿੱਚ ਬੁਰਜ ਦੇ ਅਰਥ ਸਪਸ਼ਟ ਹਨ। ਨੱਕ ਲਈ ਵੀ ਏਸੇ ਮੂਲ ਤੋਂ ਉਪਜਿਆ ਸ਼ਬਦ ਹੈ। ਜਿਵੇਂ ਰੂਸੀ ਵਿੱਚ ਬੁਰੂਨ (burun) ਅਤੇ ਪਰਸ਼ੀਅਨ ਵਿੱਚ ਬੁਰਜ (burz) ਨੱਕ ਦੀ ਉਚਾਈ ਦਾ ਭਾਵ ਦਿੰਦਾ ਹੈ। ਇਸ ਲਈ ਮੁਹਾਵਰਾ ਕਿ ਉਹਦਾ ਨੱਕ ਬੜਾ ਉਚਾ ਹੈ, ਵਿੱਚ ਇਹ ਭਾਵ ਸਪਸ਼ਟ ਹੈ। ਯੂਰਪ ਵਿੱਚ ਬਰਗ ਉਪਨਾਮ ਵਜੋਂ ਵੀ ਮਿਲਦਾ ਹੈ। ਇਹ ਪਦਵੀ ਵਾਂਗ ਧਾਰਨ ਕੀਤਾ ਜਾਂਦਾ ਹੈ। ਜਰਮਨੀ ਵਿੱਚ ਇਹਦਾ ਉਚਾਰਨ ‘ਬੋਰਗ’ ਹੈ। ਯੂਰਪੀ ਭਾਸ਼ਾਵਾਂ ਵਿੱਚ ਬੁਰਜ ਦਾ ਕਾਫੀ ਵਿਸਥਾਰ ਮਿਲਦਾ ਹੈ।
ਜਰਮਨ ਵਿੱਚ ਇਹਦਾ ਇੱਕ ਰੂਪ ਬੁਰਗ (burg) ਤੇ ਅੰਗਰੇਜ਼ੀ ਵਿੱਚ ਬਰਗ (berg) ਦਾ ਅਰਥ ਜਾਂ ਭਾਵ ਉਹੀ ਹੈ- ਘਿਰਿਆ ਹੋਇਆ ਸਥਾਨ, ਮਹੱਲ ਜਾਂ ਕਿਲ੍ਹੇਨੁਮਾ ਬਿਲਡਿੰਗ। ਬਰਗ ਨਾਂ ਵਾਲੇ ਕਈ ਕਿਲ੍ਹੇ, ਕਸਬੇ ਤੇ ਸ਼ਹਿਰ ਮਿਲਦੇ ਹਨ, ਜਿਵੇਂ ਸਟ੍ਰਾਸਬਰਗ, ਪੀਟਰਸਬਰਗ, ਓਲਡੇਨਬਰਗ। ਅੰਗਰੇਜ਼ੀ ਵਿੱਚ ਇਹਦਾ ਇੱਕ ਰੂਪ ‘borough’ ਬਰੋ ਜਾਂ ਬਰਾ ਵੀ ਹੈ, ਜਿਵੇਂ ਐਡਿਨਬਰਾ। ਔਰਤਾਂ ਦੇ ਅੰਗ ਵਸਤਰ ਬਰਾ ਨੂੰ ਵੀ ਇਸ ਸੰਦਰਭ ਵਿੱਚ ਦੇਖਿਆ ਜਾ ਸਕਦਾ ਹੈ, ਜਿਸਦੀ ਬਣਤਰ ਬੁਰਜ ਵਰਗੀ ਹੁੰਦੀ ਹੈ। ਸਕਾਟਿਸ਼ ਵਿੱਚ ਇਹ ਬਰਘ ਹੈ। ਬਾਅਦ ਵਿੱਚ ਬਰਗ, ਬਰੋ ਤੇ ਬਰਘ ਮਨੁੱਖੀ ਵਸੇਬਿਆਂ ਦੇ ਰੂਪ ਵਿੱਚ ਪ੍ਰਚਲਤ ਹੋਏ। ਇਸੇ ਲੜੀ ਵਿੱਚ ਆਉਂਦਾ ਹੈ– ਪੁਰਗ ਜਾਂ ਪਰਗ (purg), ਜੋ ਜਰਮਨ ਅਤੇ ਗਰੀਕ ਵਿੱਚ ਘੱਟ ਪ੍ਰਚਲਤ ਸ਼ਬਦ ਹੈ, ਪਰ ਇਸਦਾ ਭਾਵ ਵੀ ਉਹੀ ਹੈ, ਤੁਰਕੀ ਵਿੱਚ ਅੰਨਾ-ਤੋਲਿਆ ਪ੍ਰਦੇਸ਼ ਦੀ ਭਾਸ਼ਾ ਹੈ– ਲੀਸੀਅਨ, ਜਿਸ ਵਿੱਚ ਇਹਦੇ pirje-ਪ੍ਰਿਜ ਜਾਂ ਪਰੂਵਾ (pruwa) ਵਰਗੇ ਰੂਪ ਮਿਲਦੇ ਹਨ। ਇਹ ਸੰਸਕ੍ਰਿਤ ਵਿੱਚ ਨਗਰ, ਬਸਤੀ ਦੇ ਅਰਥ ਦਿੰਦੇ ਹਨ।
ਵੇਦਾਂ ਵਿੱਚ ਇੰਦਰ ਨੂੰ ਪੁਰੰਦਰ ਕਿਹਾ ਗਿਆ ਹੈ, ਜਿਸਦਾ ਅਰਥ ਕਿਲਿ੍ਹਆਂ ਨੂੰ ਨਸ਼ਟ ਕਰਨ ਵਾਲਾ। ਵੇਦਿਕ ਸਾਹਿਤ ਵਿੱਚ ਇੰਦਰ ਦੁਆਰਾ ਅਸੁਰਾਂ ਦੇ ਸ਼ਾਨਦਾਰ ਦੁਰਗਾਂ ਨੂੰ ਨਸ਼ਟ ਕਰਨ ਦਾ ਜ਼ਿਕਰ ਮਿਲਦਾ ਹੈ। ਮੋਨੀਅਰ ਵਿਲੀਅਮ ਮੋਨੀਅਰ ਦੀ ਇੰਗਲਿਸ਼-ਸੰਸਕ੍ਰਿਤ ਡਿਕਸ਼ਨਰੀ ਵਿੱਚ /ਪੁਰੂ/ ਧਾਤੂ ਦਾ ਅਰਥ ਵਿਸ਼ਾਲ ਦੁਰਗ ਕੀਤਾ ਗਿਆ ਹੈ। ਇਸ ਵਿੱਚ ਪੁਰ ਜਾਂ ਪੁਰੀ ਦਾ ਨਗਰ, ਬਸਤੀ, ਦੁਰਗ, ਕਿਲ੍ਹਾ, ਚਾਰ-ਦੀਵਾਰੀ ਨਾਲ ਘਿਰੀ ਥਾਂ, ਵਸੇਬਾ, ਕੋਠੀ ਆਦਿ ਕੀਤਾ ਗਿਆ ਹੈ। ਪੁਰ ਤੋਂ ਕਈ ਸ਼ਬਦ ਬਣੇ- ਪੁਰਜਨ, ਪੁਰਵਾਸੀ। ਪ੍ਰਾਚੀਨ, ਕਲਿੰਗਾ ਰਾਜ ਦੀ ਰਾਜਧਾਨੀ ਦਾ ਨਾਂ ਹੀ ਪੁਰੀ ਸੀ, ਜੋ ਬਾਅਦ ਵਿੱਚ ਜਗਨਨਾਥ ਪੁਰੀ ਦੇ ਰੂਪ ਵਿੱਚ ਪ੍ਰਸਿੱਧ ਹੋਈ। ਸ਼ਹਿਰਾਂ ਵਿੱਚ ਅਨੰਦਪੁਰ, ਕਰਨਪੁਰ, ਰਸੂਲਪੁਰ, ਮੁਰਦਾਪੁਰਾ, ਈਸਾਪੁਰ, ਚੇਤਨਪੁਰਾ, ਧਿਆਨਪੁਰ, ਖਵਾਸਪੁਰ, ਤਾਲਬਪੁਰ, ਬਹਿਰਾਮਪੁਰ, ਮਾਧੋਪੁਰ, ਗੋਪਾਲਪੁਰ, ਮੂਸਾਪੁਰ, ਮਹਿਤਪੁਰ, ਹੁਸੈਨਪੁਰ, ਭੋਗਪੁਰ, ਭੋਡੀਪੁਰ, ਪਰਤਾਬਪੁਰਾ, ਦਿਆਲਪੁਰ, ਦੁਪਾਲਪੁਰ, ਰਾਏਪੁਰ ਛੱਬਾ, ਮੁਕੰਦਪੁਰ, ਜਗਤਪੁਰਾ, ਦੌਲਤਪੁਰ, ਕਿਸ਼ਨਪੁਰਾ, ਹਕੀਮਪੁਰ, ਮੀਰਪੁਰ ਲੱਖਾ, ਮਹਿੰਦੀਪੁਰ, ਸ਼ੇਖਪੁਰ, ਸ਼ੇਖੂਪੁਰਾ, ਪਰਾਗਪੁਰ, ਕਰੀਮਪੁਰ, ਗੁਲਪੁਰ, ਭਾਗਪੁਰ, ਖਾਨਪੁਰ, ਗੁਜਰਪੁਰ, ਬਹਿਬਲਪੁਰ, ਬੀਰਮਪੁਰ, ਬੇਗਮਪੁਰਾ, ਸਾਹ-ਦੂਲਾਪੁਰ, ਹਿੰਮਤਪੁਰਾ, ਕਿਲ੍ਹਾ ਰਾਏਪੁਰ, ਸ਼ਾਹਬਾਜ਼ਪੁਰਾ, ਰਾਮਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਗੁਰਦਾਸਪੁਰ, ਕਰਤਾਰਪੁਰ, ਕਲਿਆਣਪੁਰ, ਗੱਜਪੁਰ, ਲੋਦੀਪੁਰ, ਅਗੰਮਪੁਰ, ਆਜ਼ਮਪੁਰ, ਆਸਪੁਰ, ਮੀਆਂਪੁਰ, ਸਿੰਘਪੁਰ, ਬ੍ਰਹਮਪੁਰਾ, ਲਾਲਪੁਰਾ, ਮਾਨਪੁਰ, ਸ਼ਮਸਪੁਰ, ਹਰਪਾਲਪੁਰ, ਰਜਿੰਦਰਾ ਪੁਰੀ, ਬਹਾਦਰਪੁਰ, ਗੋਬਿੰਦਪੁਰਾ, ਨਾਨਕਪੁਰਾ, ਭਗਵਾਨਪੁਰਾ ਆਦਿ ਵਿਚਲਾ ਪੁਰ, ਪੁਰਾ, ਪੁਰੀ ਨਾਲ ਜੁੜੇ ਪੰਜਾਬ ਦੇ ਏਨੇ ਸ਼ਹਿਰ ਪਿੰਡ ਦੇਖ ਕੇ ਲਗਦਾ ਹੈ ਕਿ ਇਨ੍ਹਾਂ ਦੇ ਨਾਮਕਰਨ ਪਿੱਛੇ ਵਸੇਬੇ ਦੀ ਸੋਚ ਪਈ ਹੋਈ ਹੈ।
ਲੀਸੀਅਨ ਭਾਸ਼ਾ ਦੇ ਸ਼ਬਦ ਪਰੂਵਾ (pruwa) ਦੀ ਤੁਲਨਾ ਪੁਰਵਾ ਨਾਲ ਕੀਤੀ ਜਾਂਦੀ ਹੈ। ਪੁਰਵਾ ਦਾ ਅਰਥ ਮੁਹੱਲਾ ਜਾਂ ਟੋਲਾ ਕੀਤਾ ਜਾਂਦਾ ਹੈ। ਪੁਰ ਦੀ ਸਕੀਰੀ ਕਿਸੇ ਨਾ ਕਿਸੇ ਰੂਪ ਵਿੱਚ ਭਰਗ, ਬਰਗ, ਬੁਰਜ ਜਾਂ ਪੁਰਗ ਨਾਲ ਜਾ ਜੁੜਦੀ ਹੈ, ਸੰਸਕ੍ਰਿਤ ਦੇ ਪ-ਵਰਗ ਵਿਚਲੀਆਂ ਸਾਰੀਆਂ ਧੁਨੀਆਂ ਸੁਰੱਖਿਆ, ਘੇਰੇ, ਚੌਕਸੀ ਦੇ ਭਾਵਾਂ ਨਾਲ ਜੁੜੀਆਂ ਹੋਈਆਂ ਹਨ। ਜੇ ਗਰੀਕ ਵਿੱਚ ਪਾਲਿਸ ਨੂੰ ਦੇਖੀਏ ਜਿਸ ਵਿੱਚ ਨਗਰ ਦੇ ਭਾਵ ਹਨ ਤੇ ਬਰਗ ਵਿੱਚ ਵੀ ਅਜਿਹੇ ਹੀ ਭਾਵ ਪਏ ਹਨ। ਇਸ ਤਰ੍ਹਾਂ ਬੁਰਜ ਸ਼ਬਦ ਸਿਰਫ਼ ਟਾਵਰ ਜਾਂ ਮੀਨਾਰ ਦੇ ਅਰਥਾਂ ਵਿੱਚ ਹੀ ਸਥਿਰ ਨਹੀਂ ਹੁੰਦਾ, ਸਗੋਂ ਇਹਦੀ ਲੰਮੀ-ਚੌੜੀ ਸਕੀਰੀ ਤੇ ਵੱਡਾ ਪਰਿਵਾਰ ਹੈ, ਜੋ ਵਸੇਬਿਆਂ ਦੀ ਵਿਭਿੰਨਤਾ ਨਾਲ ਜੁੜਿਆ ਹੋਇਆ ਹੈ।