ਕਾਂਗਰਸ ਪਾਰਟੀ ਦੇ ਪੁਨਰ-ਉਥਾਨ ਲਈ ਫੈਸਲਾਕੁੰਨ ਹੋਣਗੀਆਂ ਪੰਜ ਰਾਜਾਂ ਦੀਆਂ ਚੋਣਾਂ

Uncategorized

ਰਾਹੁਲ ਵਰਮਾ
ਛਤੀਸਗੜ੍ਹ ਅਤੇ ਮੀਜ਼ੋਰਮ ਦੀਆਂ ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਦੇ ਨਾਲ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਆਰੰਭ ਹੋ ਗਈਆਂ ਹਨ। ਇਹ ਵਿਧਾਨ ਸਭਾ ਚੋਣਾਂ ਕਿਉਂਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋ ਰਹੀਆਂ ਹਨ ਤਾਂ ਇਨ੍ਹਾਂ ਨੂੰ ਆਮ ਚੋਣਾਂ ਦਾ ਇੱਕ ਟਰੇਲਰ ਸਮਝਣਾ ਵੀ ਸੁਭਾਵਕ ਹੈ। ਹਾਲਾਂ ਕਿ ਅਤੀਤ ਦੇ ਰੁਝਾਨ ਤਾਂ ਇਹੋ ਦਰਸਾਉਂਦੇ ਹਨ ਕਿ ਲੋਕ ਸਭਾ ਤੋਂ ਠੀਕ ਪਹਿਲਾਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ, ਪਾਰਲੀਮਾਨੀ ਦੀ ਚੋਣਾਂ ਬਾਰੇ ਕੋਈ ਸਪਸ਼ਟ ਸੰਕੇਤ ਨਹੀਂ ਦਿੰਦੀਆਂ।

ਇਸ ਦੇ ਬਾਵਜੂਦ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਿਲੰਗਾਨਾ ਅਤੇ ਮੀਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਦੇ ਮਹੱਤਵ ਨੂੰ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਕਾਂਗਰਸ ਲਈ ਇਹ ‘ਕਰੋ ਜਾਂ ਮਰੋ’ ਵਾਲੀ ਸਥਿਤੀ ਹੈ ਅਤੇ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਨਜ਼ਰੀਏ ਨਾਲ ਅੰਤਿਮ ਮੌਕਾ ਵੀ ਹੈ। ਇੱਕ ਸਮਾਂ ਸੀ ਜਦੋਂ ਕਈ ਦਹਾਕਿਆਂ ਤੱਕ ਕਾਂਗਰਸ ਦੀ ਦੇਸ਼ ਭਰ ਵਿੱਚ ਤੂਤੀ ਬੋਲਦੀ ਸੀ। ਇਸ ਦਾ ਕਾਰਨ ਸੀ, ਆਜ਼ਾਦੀ ਸੰਗਰਾਮ ਵਿੱਚ ਕਾਂਗਰਸ ਦੀ ਨਿਭਾਈ ਗਈ ਅਹਿਮ ਭੂਮਿਕਾ।
ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਤਾਂ ਦੇਸ਼ ਵਾਸੀਆਂ ਦੀ ਜ਼ੁਬਾਨ ‘ਤੇ ਇਕੋ ਸਵਾਲ ਸੀ, “ਨਹਿਰੂ ਤੋਂ ਬਾਅਦ ਕੌਣ?” ਹੌਲੀ-ਹੌਲੀ ਕਾਂਗਰਸ ਪਰਿਵਾਰਵਾਦ ਦਾ ਸ਼ਿਕਾਰ ਹੋ ਗਈ। ਇਸ ਨੇ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਜਮਾਤ ਨੂੰ ਵੱਡੀ ਢਾਹ ਲਾਈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦਾ ਕਾਫੀ ਕੁਝ ਦਾਅ ‘ਤੇ ਲੱਗਿਆ ਹੋਇਆ ਹੈ, ਕਿਉਂਕਿ ਦੇਸ਼ ਦੇ ਕੁਝ ਸੂਬਿਆਂ ਦੇ ਰਾਜਨੀਤਿਕ ਮੁਹਾਂਦਰੇ ਵਿੱਚ ਹਾਸ਼ੀਏ ‘ਤੇ ਪੁੱਜੀ ਇਹ ਪਾਰਟੀ ਇਨ੍ਹਾਂ ਪੰਜ ਸੂਬਿਆਂ ਵਿੱਚ ਅਸਰਦਾਰ ਭੂਮਿਕਾ ਵਿੱਚ ਦਿਸਦੀ ਹੈ।
ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਨਾਲ ਕਾਂਗਰਸ ਦਾ ਸਿੱਧਾ ਮੁਕਾਬਲਾ ਹੈ। ਇਵਂੇ ਤਿਲੰਗਾਨਾ ਵਿੱਚ ਕਾਂਗਰਸ ਆਪਣੀ ਸਿਆਸੀ ਜ਼ਮੀਨ ਵਾਪਸ ਹਾਸਲ ਕਰਕੇ ਮੁਕਾਬਲੇ ਵਿੱਚ ਪਰਤਦੀ ਦਿਸ ਰਹੀ ਹੈ। ਮੀਜ਼ੋਰਮ ਵਿੱਚ ਵੀ ਕਾਂਗਰਸ ਨੂੰ ਖ਼ਾਰਜ ਨਹੀਂ ਕੀਤਾ ਜਾ ਸਕਦਾ। ਪਾਰਟੀ ਲਈ ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਆਪਣੀ ਸੱਤਾ ਬਚਾਈ ਰੱਖਣ ਦੀ ਚੁਣੌਤੀ ਹੈ ਤਾਂ ਮੱਧ ਪ੍ਰਦੇਸ਼ ਨੂੰ ਉਹ ਵਾਪਸ ਹਾਸਲ ਕਰਨ ਦੀ ਯੋਜਨਾ ਵਿੱਚ ਲੱਗੀ ਹੋਈ ਹੈ। ਤਿਲੰਗਾਨਾ ਵਿੱਚ ਵੀ ਕਾਂਗਰਸ ਸੂਬੇ ਦੇ ਨਿਰਮਾਣ ਨੂੰ ਲੈ ਕੇ, ਭਾਵਨਾਤਮਕ ਕਾਰਡ ਖੇਡ ਕੇ ਮੁੱਖ ਮੰਤਰੀ ਕੇ.ਸੀ.ਆਰ. ਨੂੰ ਉਨ੍ਹਾਂ ਦੀ ਹੀ ਖੇਡ ਵਿੱਚ ਮਾਤ ਦੇਣਾ ਚਹੁੰਦੀ ਹੈ। ਇਸ ਤੋਂ ਇਲਾਵਾ ਮੀਜ਼ੋਰਮ ਵਿੱਚ ਐਨ.ਡੀ.ਏ. ਅੰਦਰਲੇ ਮਨ-ਮੁਟਾਵ ਦਾ ਫਾਇਦਾ ਚੁੱਕਣ ਦੇ ਚੱਕਰ ਵਿੱਚ ਹੈ।
ਚੋਣ ਸੰਭਾਵਨਾਵਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਦਾ ਗਣਿਤ ਕਈ ਦਹਾਕਿਆਂ ਤੋਂ ਬਿਲਕੁਲ ਸਿੱਧਾ ਰਿਹਾ ਹੈ। ਸੂਬੇ ਦੀ ਜਨਤਾ ਵਿਧਾਨ ਸਭਾ ਵਿੱਚ ਕਿਸੇ ਵੀ ਪਾਰਟੀ ਨੂੰ ਲਗਾਤਾਰ ਦੋ ਵਾਰ ਸੱਤਾ ਸੁਖ ਦਾ ਮੌਕਾ ਨਹੀਂ ਦਿੰਦੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਇਸ ਰੁਝਾਨ ਨੂੰ ਨਕਾਰਨ ਦੇ ਯਤਨ ਵਿੱਚ ਲੱਗੇ ਹੋਏ ਹਨ। ਸਚਿਨ ਪਾਇਲਟ ਦੇ ਨਾਲ ਵੀ ਉਨ੍ਹਾਂ ਦੀ ਅਸਥਾਈ ਜੰਗਬੰਦੀ ਜਿਹੀ ਹੋ ਗਈ ਹੈ। ਹਾਲਾਂਕਿ ਮਾੜੇ ਮੋਟੇ ਟਕਰਾਅ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਦੇ ਬਾਵਜੂਦ ਭਾਜਪਾ ਵਿੱਚ ਅੰਦਰੂਨੀ ਖਿੱਚੋਤਾਣ ਅਤੇ ਗਹਿਲੋਤ ਦੀਆਂ ਕਲਿਆਣਕਾਰੀ ਯੋਜਨਾਵਾਂ ਦੇ ਬਲਬੂਤੇ ਕਾਂਗਰਸ ਸੱਤਾ ਵਿੱਚ ਵਾਪਸ ਪਰਤਣ ਲਈ ਜੱਦੋਜਹਿਦ ਕਰ ਰਹੀ ਹੈ।
ਰਾਜਸਥਾਨ ਵਿੱਚ ਦੋਵੇਂ ਪਾਰਟੀਆਂ ਭਾਵੇਂ ਹੀ ਵਾਰੋ-ਵਾਰੀ ਸੱਤਾ ਵਿੱਚ ਆਉਂਦੀਆਂ ਹੋਣ, ਪਰ ਦੋਵਾਂ ਦੀ ਜਿੱਤ ਵਿੱਚ ਇੱਕ ਵੱਡਾ ਫਰਕ ਸਪਸ਼ਟ ਦਿਸਦਾ ਹੈ। ਉਹ ਫਰਕ ਇਹ ਹੈ ਕਿ ਜਦੋਂ ਭਾਜਪਾ ਜਿੱਤਦੀ ਹੈ ਤਾਂ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਉਂਦੀ ਹੈ ਤੇ ਕਾਂਗਰਸ ਦੀ ਸਰਕਾਰ ਮਾਮੂਲੀ ਫਰਕ ਨਾਲ ਬਣਦੀ ਹੈ। ਇਸ ਦਾ ਮਤਲਬ ਇਹੋ ਹੈ ਕਿ ਭਾਜਪਾ ਦਾ ਸੂਬੇ ਵਿੱਚ ਵਿਆਪਕ ਆਧਾਰ ਹੈ। ਅਜਿਹੇ ਵਿੱਚ ਦੇਖਣਾ ਇਹੀ ਹੋਵੇਗਾ ਕਿ ਕੀ ਗਹਿਲੋਤ ਜਿਨ੍ਹਾਂ ਯੋਜਨਾਵਾਂ ‘ਤੇ ਦਾਅ ਲਾ ਰਹੇ ਹਨ, ਉਹ ਭਾਜਪਾ ਦੇ ਆਧਾਰ ਵਿੱਚ ਇਸ ਵਾਰ ਕੋਈ ਸੰਨ੍ਹਮਾਰੀ ਕਰ ਸਕਣਗੀਆਂ ਜਾਂ ਨਹੀਂ?
ਸੰਗਠਨਾਤਮਕ ਕੌਸ਼ਲ ਅਤੇ ਸ਼ਿਵਰਾਜ ਸਿੰਘ ਚੌਹਾਨ ਦਾ ਲੋਕ ਲੁਭਾਊ ਚਿਹਰਾ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਵੱਡੀ ਤਾਕਤ ਰਹੀ ਹੈ। ਇੱਥੋਂ ਤੱਕ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਭਾਜਪਾ ਮਾਮੂਲੀ ਫਰਕ ਨਾਲ ਹੀ ਹਾਰੀ ਸੀ। ਭਾਜਪਾ ਦੀ ਇਹੋ ਤਾਕਤ ਉਸ ਦੀ ਕਮਜ਼ੋਰੀ ਦਿਸ ਰਹੀ ਹੈ। ਹਾਲਾਂਕਿ ਸੂਬੇ ਵਿੱਚ ਸ਼ਿਵਰਾਜ ਮਕਬੂਲ ਨੇਤਾ ਬਣੇ ਹੋਏ ਹਨ, ਪਰ ਇਸ ਕਾਰਜਕਾਲ ਵਿੱਚ ਉਨ੍ਹਾਂ ਦਾ ਕੱਦ ਕੁਝ ਘਟਦਾ ਹੋਇਆ ਵਿਖਾਈ ਦਿੱਤਾ ਹੈ। ਵਿਧਾਨ ਸਭਾ ਚੋਣਾਂ ਵਿੱਚ ਕਈ ਘਾਗ ਨੇਤਾਵਾਂ ਨੂੰ ਚੋਣ ਪਿੜ ਵਿੱਚ ਉਤਾਰ ਕੇ ਭਾਜਪਾ ਨੇ ਇੱਕ ਵੱਡਾ ਦਾਅ ਖੇਡਿਆ ਹੈ। ਇਸ ਨੂੰ ਕੁਝ ਵਿਸ਼ਲੇਸ਼ਕ ਹਮਲਾਵਰ ਅਤੇ ਕੁਝ ਰੱਖਿਆਤਮਕ ਦੱਸ ਰਹੇ ਹਨ। ਜੋ ਵੀ ਹੋਵੇ, ਉਸ ਨਾਲ ਬਤੌਰ ਮੁੱਖ ਮੰਤਰੀ ਸ਼ਿਵਰਾਜ ਦੀ ਸ਼ਾਖ ਜ਼ਰੂਰ ਪ੍ਰਭਾਵਤ ਹੋਈ ਹੈ, ਕਿਉਂਕਿ ਇਸ ਵਾਰ ਭਾਜਪਾ ਦੇ ਹੋਰ ਨੇਤਾ ਵੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਵਿੱਚ ਗਿਣੇ ਜਾ ਰਹੇ ਹਨ। ਇੱਥੇ ਕਾਂਗਰਸ ਲਈ ਮੌਕਾ ਭਾਜਪਾ ਦੀ ਕਮਜ਼ੋਰੀ ਅਤੇ ਕੁਝ ਵੱਡੇ ਐਲਾਨਾਂ ਦੇ ਆਧਾਰ ‘ਤੇ ਬਣ ਸਕਦਾ ਹੈ।
ਛੱਤੀਸਗੜ੍ਹ ਵਿੱਚ ਕਾਂਗਰਸ ਕੁਝ ਚੜ੍ਹਤ ਵਾਲੀ ਸਥਿਤੀ ਵਿੱਚ ਦਿਸ ਰਹੀ ਹੈ। ਇਸ ਦਾ ਕਾਰਨ ਇਹ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਪੂਰੇ ਕਾਰਜਕਾਲ ਵਿੱਚ ਵਿਰੋਧੀ ਭਾਜਪਾ ਨੂੰ ਸਿਰ ਚੁੱਕਣ ਦਾ ਮੌਕਾ ਨਹੀਂ ਦਿੱਤਾ। ਪਿਛਲੀਆਂ ਚੋਣਾਂ ਵਿੱਚ ਇੱਥੇ ਕਾਂਗਰਸ ਨੂੰ ਪ੍ਰਚੰਡ ਬਹੁਮਤ ਮਿਲਿਆ ਸੀ। ਅਜਿਹੇ ਵਿੱਚ ਜੇ ਭਾਜਪਾ ਨੇ ਜਿੱਤ ਹਾਸਲ ਕਰਨੀ ਹੈ ਤਾਂ ਉਸ ਨੂੰ ਪੂਰਾ ਜ਼ੋਰ ਲਾਉਣਾ ਪਵੇਗਾ। ਦੇਖਣਾ ਹੋਵੇਗਾ ਕਿ ਭਾਜਪਾ ਦੇ ਵੱਡੇ-ਵੱਡੇ ਐਲਾਨ ਅਤੇ ਮਹਾਂਦੇਵ ਐਪ ਦੇ ਮਾਧਿਅਮ ਨਾਲ ਬਘੇਲ ਦੀ ਘੇਰਾਬੰਦੀ ਵਿੱਚ ਕਿੰਨਾ ਕੁ ਕਾਮਯਾਬ ਹੁੰਦੀ ਹੈ! ਤਿਲੰਗਾਨਾ ਵਿੱਚ ਭਾਜਪਾ ਇੱਕ ਉਭਰਦੀ ਤਾਕਤ ਦਿਸ ਰਹੀ ਸੀ, ਪਰ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ਮਗਰੋਂ ਪਾਰਟੀ ਵਿੱਚ ਅੰਦਰੂਨੇ ਕਲੇਸ਼ ਨੇ ਉਸ ਦੀਆਂ ਸੰਭਾਵਨਾਵਾਂ ‘ਤੇ ਕੁਝ ਗ੍ਰਹਿਣ ਲਗਾ ਦਿੱਤਾ ਹੈ। ਇਸ ਦੌਰਾਨ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅਤੇ ਕਰਨਾਟਕ ਵਿੱਚ ਕਾਂਗਰਸ ਦੇ ਜਿੱਤਣ ਨਾਲ ਵੀ ਇੱਥੇ ਪਾਰਟੀ ਨੂੰ ਨਵੀਂ ਤਾਕਤ ਮਿਲੀ ਹੈ ਤੇ ਉਹ ਚੋਣ ਟੱਕਰ ਵਿੱਚ ਵਾਪਸ ਪਰਤੀ ਹੈ। ਅਜਿਹਾ ਦਿਸ ਰਿਹਾ ਹੈ ਕਿ ਦੱਖਣ ਵਿੱਚ ਕਾਂਗਰਸ ਇੱਕ ਅਲੱਗ ਪਾਰਟੀ ਦੇ ਰੂਪ ਵਿੱਚ ਕੰਮ ਕਰਦੀ ਹੈ। ਦੇਖਣਾ ਇਹੀ ਹੋਵੇਗਾ ਕਿ ਉਹ ਕੇ.ਸੀ.ਆਰ. ਦੀ ਰਾਜ ‘ਤੇ ਪਕੜ ਢਿੱਲ੍ਹੀ ਕਰ ਸਕਣ ਵਿੱਚ ਕਾਮਯਾਬ ਹੋ ਪਾਉਂਦੀ ਹੈ ਜਾਂ ਨਹੀਂ?
ਮੀਜ਼ੋਰਮ ਵਿੱਚ ਟੱਕਰ ਭਾਵੇਂ ਸਿੱਧੀ ਹੀ ਦਿਸਦੀ ਹੋਵੇ, ਪਰ ਇੱਥੇ 6 ਪਾਰਟੀਆਂ ਦੇ ਗੱਠਜੋੜ ‘ਜ਼ੋਰਮ ਪੀਪਲਜ਼ ਮੂਵਮੈਂਟ’ ਵਰਗੀ ਤੀਜੀ ਤਾਕਤ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਇੱਥੋਂ ਦੀਆਂ ਚੋਣਾਂ ‘ਤੇ ਮਨੀਪੁਰ ਦੇ ਘਟਨਾ ਚੱਕਰ ਦੀ ਛਾਪ ਵੀ ਵਿਖਾਈ ਦਿੱਤੀ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਦੋ ਮੁਹਾਂਦਰੇ ਉਭਰ ਸਕਦੇ ਹਨ। ਜੇ ਕਾਂਗਰਸ ਬਿਹਤਰ ਕਰਦੀ ਹੈ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਸ ਦਾ ਹੌਸਲਾ ਵਧੇਗਾ। ਸੰਭਵ ਹੈ ਕਿ ਆਪਣੇ ਪੱਖ ਵਿੱਚ ਮਾਹੌਲ ਬਣਾਉਣ ਅਤੇ ਉਸ ਦਾ ਫਾਇਦਾ ਚੁੱਕਣ ਲਈ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਦਾ ਦੂਜਾ ਦੌਰ ਸ਼ੁਰੂ ਹੋਵੇਗਾ। ਇਸ ਸਥਿਤੀ ਵਿੱਚ ਜੇ ਕਾਂਗਰਸ ਹਮਲਾਵਰ ਹੁੰਦੀ ਹੈ ਤਾਂ ਭਾਜਪਾ ਵਿਰੋਧੀ ਮੋਰਚੇ ‘ਇੰਡੀਆ’ ਲਈ ਮੁਸ਼ਕਿਲਾਂ ਖੜੀਆਂ ਹੋਣਗੀਆਂ। ਅਖਲੇਸ਼ ਯਾਦਵ ਅਤੇ ਨਿਤਿਸ਼ ਕੁਮਾਰ ਨਾਲ ‘ਇੰਡੀਆ’ ਮੋਰਚੇ ਅੰਦਰ ਪਹਿਲਾਂ ਹੀ ਖਿੱਚੋਤਾਣ ਸ਼ੁਰੂ ਹੋ ਚੁੱਕੀ ਹੈ। ਉਕਤ ਮੋਰਚੇ ਦੇ ਹੋਰ ਭਾਈਵਾਲਾਂ ਨਾਲ ਵੀ ਕਾਂਗਰਸ ਦੀ ਬਹੁਤੀ ਨਹੀਂ ਬਣਦੀ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਤਾਂ ਕਾਂਗਰਸ ‘ਤੇ ਤਨਜ਼ ਕਸਦਿਆਂ ਕਿਹਾ ਹੈ ਕਿ ਉਸ ਨੂੰ ‘ਇੰਡੀਆ’ ਗੱਠਜੋੜ ਦੀ ਮਜ਼ਬੂਤੀ ਦਾ ਕੋਈ ਫਿਕਰ ਨਹੀਂ ਹੈ। ਉਹ ਤਾਂ ਵਿਧਾਨ ਸਭਾ ਚੋਣਾਂ ਲੜਨ ਵਿੱਚ ਮਸ਼ਰੂਫ ਹੈ।
ਦੂਜੇ ਪਾਸੇ ਜੇ ਜਿੱਤ ਦੇ ਬਾਵਜ਼ੂਦ ਕਾਂਗਰਸ ਨਰਮ ਰਹਿੰਦੇ ਹੋਏ ਸਹਿਯੋਗੀ ਪਾਰਟੀਆਂ ਨਾਲ ਕੁੱਝ ਸਿਆਸੀ ਤਾਲਮੇਲ ਕਰਦੀ ਹੈ ਤਾਂ ਸੰਭਵ ਹੈ ਕਿ ਵਿਰੋਧੀ ਏਕਤਾ ਦੀ ਗੱਡੀ ਕੁਝ ਅੱਗੇ ਤੁਰੇਗੀ। ਹਾਲਾਂਕਿ ਕਾਂਗਰਸ ਦੀ ਇਨ੍ਹਾਂ ਸੂਬਿਆਂ ਵਿੱਚ ਸੰਭਾਵੀ ਜਿੱਤ ਦੇ ਬਾਵਜੂਦ ਲੋਕ ਸਭਾ ਚੋਣਾਂ ਦੇ ਲਿਹਾਜ਼ ਨਾਲ ਭਾਜਪਾ ਨੂੰ ਪੂਰੀ ਤਰ੍ਹਾਂ ਖ਼ਾਰਜ ਨਹੀਂ ਕੀਤਾ ਜਾ ਸਕਦਾ। ਕਿਉਂਕਿ 2018 ਵਿੱਚ ਤਿੰਨ ਸੂਬਿਆਂ ਵਿੱਚ ਚੋਣਾਂ ਹਾਰਨ ਤੋਂ ਬਾਅਦ ਭਾਜਪਾ ਨੇ ਕਿਸਾਨ ਸਨਮਾਨ ਨਿਧੀ ਤੋਂ ਲੈ ਕੇ ਈ.ਡਬਲਿਊ.ਐਸ. ਰਾਖਵਾਂਕਰਨ ‘ਤੇ ਸਰਗਰਮੀ ਦਿਖਾਉਣ ਵਰਗੇ ਅਜਿਹੇ ਕਦਮ ਚੁੱਕੇ, ਜਿਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਜੇ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਹਾਰਦੀ ਹੈ ਤਾਂ ਲੋਕ ਸਭਾਂ ਚੋਣਾਂ ਲਈ ਉਸ ਦਾ ਰਾਹ ਹੋਰ ਮੁਸ਼ਕਿਲ ਹੋ ਜਾਵੇਗਾ।

Leave a Reply

Your email address will not be published. Required fields are marked *