ਮਣਾਂ ਮੂੰਹੀਂ ਮੈਡਲ ਜਿੱਤਣ ਵਾਲਾ ਮਹਿੰਦਰ ਸਿੰਘ ਗਿੱਲ

Uncategorized

ਖਿਡਾਰੀ ਪੰਜ ਆਬ ਦੇ-6
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਇਸ ਕਾਲਮ ਵਿੱਚ ਲੇਖਕ ਨੇ ਅਥਲੈਟਿਕਸ ਫੀਲਡ ਵਿੱਚ ਮੈਡਲਾਂ ਦੇ ਮੱਥੇ ਚੁੰਮਣ ਵਾਲੇ ‘ਅਲਸੀ ਦੇ ਫੁੱਲ’ ਵਰਗੇ ਅਥਲੀਟ ਮਹਿੰਦਰ ਸਿੰਘ ਗਿੱਲ ਦੀਆਂ ਪ੍ਰਾਪਤੀਆਂ ਗਿਣਾਈਆਂ ਹਨ।

ਨਵਦੀਪ ਸਿੰਘ ਗਿੱਲ

ਮਹਿੰਦਰ ਸਿੰਘ ਗਿੱਲ ਅਮਰੀਕਾ ਦੀ ਧਰਤੀ ਉਤੇ ਵਸਿਆ ਉਹ ਅਥਲੀਟ ਹੈ, ਜਿਸ ਨੇ ਅਥਲੈਟਿਕਸ ਫੀਲਡ ਵਿੱਚ ਭਾਰਤ ਲਈ ਮਣਾਂ ਮੂੰਹੀਂ ਮੈਡਲ ਜਿੱਤੇ ਹਨ। ਸੱਤਰਵਿਆਂ ਦੇ ਦਹਾਕੇ ਵਿੱਚ ਉਸ ਦੀ ਗੁੱਡੀ ਇੰਨੀ ਚੜ੍ਹੀ ਸੀ ਕਿ ਏਸ਼ੀਆ ਵਿੱਚ ਉਸ ਦੇ ਮੁਕਾਬਲੇ ਦਾ ਕੋਈ ਅਥਲੀਟ ਨਹੀਂ ਸੀ। ਤੀਹਰੀ ਛਾਲ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ। ਪੰਜਾਬ ਦੀਆਂ ਸਕੂਲ ਨੈਸ਼ਨਲ ਖੇਡਾ ਤੋਂ ਪ੍ਰੀ ਓਲੰਪਿਕ ਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੀ ਨੈਸ਼ਨਲ ਤੋਂ ਇਨਵੀਟੇਸ਼ਨ ਟੂਰਨਾਮੈਂਟ ਅਤੇ ਏਸ਼ੀਅਨ ਗੇਮਜ਼ ਤੋਂ ਏਸ਼ੀਅਨ ਚੈਂਪੀਅਨਸ਼ਿਪ ਤੇ ਰਾਸ਼ਟਰਮੰਡਲ ਖੇਡਾਂ ਤੱਕ ਮਹਿੰਦਰ ਸਿੰਘ ਗਿੱਲ ਨੇ ਡੇਢ ਦਹਾਕੇ ਦੇ ਕਰੀਅਰ ਵਿੱਚ ਮੈਡਲਾਂ ਦਾ ਸੈਂਕੜਾ ਪਾਰ ਕਰ ਦਿੱਤਾ। ਸਾਢੇ ਸਤਵੰਜਾ ਫੁੱਟ ਦੀ ਛਾਲ ਨਾਲ ਉਸ ਨੇ ਵਿਸ਼ਵ ਰਿਕਾਰਡ ਨੂੰ ਵੀ ਤੋੜ ਦਿੱਤਾ ਸੀ, ਜੇ ਵਿਵਾਦਮਈ ਫਾਊਲ ਉਸ ਦੇ ਉਲਟ ਨਾ ਗਿਆ ਹੁੰਦਾ। ਸ. ਗਿੱਲ ਨੇ 19 ਨਵੇਂ ਮੀਟ ਰਿਕਾਰਡ ਵੀ ਸਥਾਪਤ ਕੀਤੇ। ਸਾਰੀ ਉਮਰ ਉਹ ਆਪਣੇ ਦਮ ’ਤੇ ਅਮਰੀਕਾ ਰਹਿ ਕੇ ਪ੍ਰੈਕਟਿਸ ਕਰਦਾ ਰਿਹਾ, ਪਰ ਤਮਗਿਆਂ ਨਾਲ ਝੋਲੀ ਭਾਰਤ ਦੀ ਭਰਦਾ ਰਿਹਾ।
ਅਮਰੀਕਾ ਪੜ੍ਹਦਾ ਹੋਇਆ ਉਹ ਪੰਜ ਵਾਰ ਤਾਂ ਅਮਰੀਕਾ ਦਾ ਚੈਂਪੀਅਨ ਬਣਿਆ। ਇੱਥੋਂ ਤੱਕ ਕਿ ਲੰਬੀ ਛਾਲ ਦੇ 52 ਵਰਿ੍ਹਆਂ ਤੋਂ ਵਿਸ਼ਵ ਰਿਕਾਰਡ ਹੋਲਡਰ ਚੱਲੇ ਆ ਰਹੇ ਵਿਸ਼ਵ ਦੇ ਮਹਾਨ ਅਥਲੀਟ ਬਾਬ ਬੀਮਨ ਦਾ ਤੀਹਰੀ ਛਾਲ ਦਾ ਰਿਕਾਰਡ ਮਹਿੰਦਰ ਸਿੰਘ ਗਿੱਲ ਨੇ ਹੀ ਤੋੜਿਆ। ਭਾਰਤ ਦਾ ਝੰਡਾ ਬੁਲੰਦ ਕਰਨ ਵਾਲੇ ਇਸ ਮਹਾਨ ਅਥਲੀਟ ਦੀ ਉਸ ਵੇਲੇ ਦੇ ਅਥਲੈਟਿਕਸ ਫੈਡਰੇਸ਼ਨ ਦੇ ਕਰਤਾ ਧਰਤਾਵਾਂ ਨੇ ਕਦਰ ਤਾਂ ਕੀ ਪਾਉਣੀ ਸੀ, ਬਲਕਿ ਸਾਰਾ ਜ਼ੋਰ ਉਸ ਦਾ ਕਰੀਅਰ ਤਬਾਹ ਕਰਨ ਉਤੇ ਲਾਈ ਰੱਖਿਆ, ਪਰ ਮਾਂ ਦਾ ਸ਼ੇਰ ਮਹਿੰਦਰ ਵੀ ਹਰ ਧੱਕੇ ਤੋਂ ਬਾਅਦ ਹੋਰ ਤਕੜਾ ਹੋ ਕੇ ਅਥਲੈਟਿਕਸ ਫੀਲਡ ਵਿੱਚ ਨਿਤਰਦਾ ਅਤੇ ਆਪਣੀ ਛਾਲ ਵਿੱਚ ਇਜਾਫਾ ਕਰਕੇ ਜਵਾਬ ਦਿੰਦਾ। ਭਾਰਤ ਦਾ ਖੇਡਾਂ ਵਿੱਚ ਨਾਂ ਚਮਕਾਉਣ ਲਈ ਉਸ ਨੂੰ ਅਮਰੀਕਾ ਵਿੱਚ ਆਪਣੀ ਨੌਕਰੀ ਵੀ ਗਵਾਉਣੀ ਪਈ। ਉਸ ਨੂੰ ਖੇਡਾਂ ਵਿੱਚ ਕੁਝ ਕਰ ਦਿਖਾਉਣ ਲਈ ਖੇਡ ਮੈਦਾਨ ਦੀ ਬਜਾਏ ਬਾਹਰ ਖੇਡਾਂ ਦੇ ਅਲੰਬਰਦਾਰਾਂ ਨਾਲ ਜਦੋ ਜਹਿਦ ਵਿੱਚ ਵੱਧ ਪਸੀਨਾ ਵਹਾਉਣਾ ਪਿਆ।
ਮਹਿੰਦਰ ਨੂੰ ਦੇਖ ਕੇ ਅਮਰੀਕਾ ਤੇ ਕੈਨੇਡਾ- ਦੋਵਾਂ ਦੇਸ਼ਾਂ ਨੇ ਉਸ ਨੂੰ ਆਪਣੇ ਦੇਸ਼ ਵੱਲੋਂ ਖੇਡਣ ਲਈ ਸਿਟੀਜ਼ਨਸ਼ਿਪ ਵੀ ਆਫਰ ਕੀਤੀ। ਮਹਿੰਦਰ ਨੇ ਵੀ ਧਿਆਨ ਚੰਦ ਵਾਂਗ ਤਾਉਮਰ ਭਾਰਤ ਵੱਲੋਂ ਕੌਮਾਂਤਰੀ ਮੁਕਾਬਲਿਆਂ ਵਿੱਚ ਪ੍ਰਤੀਨਿਧਤਾ ਕੀਤੀ। ਤ੍ਰਾਸਦੀ ਦੇਖੋ, ਭਾਰਤੀ ਅਥਲੈਟਿਕਸ ਦਾ ਸੁਨਹਿਰੀ ਪੰਨਾ ਲਿਖਣ ਵਾਲੇ ਇਸ ਅਥਲੀਟ ਨੂੰ ਕਦੇ ਵੀ ਉਸ ਦੀਆਂ ਪ੍ਰਾਪਤੀਆਂ ਕਰਕੇ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ।
ਮਹਿੰਦਰ ਸਿੰਘ ਗਿੱਲ ਦਾ ਸੰਘਰਸ਼ ਉਸ ਦੇ ਜਨਮ ਤੋਂ ਕੁੱਝ ਸਮੇਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਕਾਗਜ਼ਾਂ ਵਿੱਚ ਉਸ ਦੀ ਜਨਮ ਮਿਤੀ 12 ਅਪਰੈਲ 1947 ਹੈ, ਪਰ ਅਸਲ ਵਿੱਚ ਉਸ ਦਾ ਜਨਮ ਦਸੰਬਰ 1944 ਜਾਂ ਜਨਵਰੀ 1945 ਦਾ ਹੈ, ਜਿਸ ਬਾਰੇ ਪੱਕਾ ਪਤਾ ਉਸ ਨੂੰ ਹੁਣ ਤੱਕ ਵੀ ਨਹੀਂ ਲੱਗਿਆ। ਇੰਨਾ ਕੁ ਪਤਾ ਸੰਤਾਲੀ ਦੀ ਵੰਡ ਵੇਲੇ ਜਦੋਂ ਉਸਦਾ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਭਾਰਤ ਆਇਆ ਸੀ ਤਾਂ ਉਹ ਢਾਈ-ਪੌਣੇ ਦੋ ਸਾਲਾਂ ਦਾ ਸੀ, ਜਿਸ ਤੋਂ ਉਹ ਆਪਣੀ ਜਨਮ ਮਿਤੀ ਦਾ ਅੰਦਾਜ਼ਾ ਲਾਉਂਦਾ ਹੈ। ਅਥਲੀਟ ਮਿਲਖਾ ਸਿੰਘ ਤੇ ਫੁਟਬਾਲਰ ਜਰਨੈਲ ਸਿੰਘ ਵਾਂਗ ਉਹ ਵੀ ਮਸਾਂ ਬਚਦਾ ਬਚਾਉਂਦਾ ਭਾਰਤ ਆਇਆ ਸੀ। ਧੰਨਾ ਸਿੰਘ ਗਿੱਲ ਦੇ ਘਰ ਮਾਤਾ ਨਸੀਬ ਕੌਰ ਦੀ ਕੁੱਖੋਂ ਜਨਮੇ ਮਹਿੰਦਰ ਸਿੰਘ ਦੇ ਵੱਡੇ ਵਡੇਰਿਆਂ ਦਾ ਪਿੰਡ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸਿਆ ਪਿੰਡ ਜਮਸ਼ੇਰ ਸੀ। ਉਸ ਦਾ ਦਾਦਾ-ਪੜਦਾਦਾ ਨਨਕਾਣਾ ਸਾਹਿਬ ਦੇ ਨੇੜੇ ਜੜ੍ਹਾਂ ਆਲੀ ਕੋਲ ਲਾਇਲਪੁਰ ਦੇ ਚੱਕ 95/96 ਵਿੱਚ ਜਾ ਵਸੇ ਸਨ।
ਵੱਢ-ਟੁੱਕ ਦੇ ਮਾਹੌਲ ਵਿੱਚ ਮਹਿੰਦਰ ਦੇ ਮਾਸੜ ਦੇ ਪਿਉ ਦਾ ਕਤਲ ਹੋ ਗਿਆ। ਪਰਿਵਾਰ ਨੇ ਗੱਡਿਆਂ ਉਤੇ ਭਾਂਡੇ-ਟੀਂਡੇ ਲੈ ਕੇ ਚਾਲੇ ਪਾ ਦਿੱਤੇ। ਨਿੱਕੇ ਨਿਆਣੇ ਗੱਡਿਆਂ ਵਿੱਚ ਸਮਾਨ ਹੇਠਾਂ ਲੁਕਾ ਕੇ ਬਿਠਾ ਦਿੱਤੇ। ਜਿਸ ਗੱਡੇ ਉਤੇ ਨਿੱਕਾ ਮਹਿੰਦਰ ਬੈਠਾ ਆ ਰਿਹਾ ਸੀ, ਉਸੇ ਉਤੇ ਬੈਠਾ ਇੱਕ ਵੱਡਾ ਨਿਆਣਾ ਹਜ਼ੂਮੀਆਂ ਦਾ ਸ਼ਿਕਾਰ ਹੋ ਕੇ ਜਾਨ ਤੋਂ ਹੱਥ ਧੋ ਬੈਠਾ। ਰਾਵੀ ਦਰਿਆ ਵਿੱਚ ਹੜ੍ਹ ਆਉਣ ਕਾਰਨ ਉਨ੍ਹਾਂ ਦੇ ਗੱਡੇ ਰਾਵੀ ਦੇ ਕੰਢੇ ਬੱਲੋ ਦੇ ਹੈਡ ਕੋਲ ਮਹੀਨਾ ਭਰ ਰੁਕੇ ਰਹੇ। ਮਸਾਂ ਕਿਤੇ ਜਾ ਕੇ ਉਨ੍ਹਾਂ ਦਾ ਪਰਿਵਾਰ ਭਾਰਤ ਆਇਆ, ਜਿੱਥੇ ਉਨ੍ਹਾਂ ਜਲੰਧਰ ਦੀ ਬੁੱਕਲ ਵਿੱਚ ਹੀ ਪਿੰਡ ਫੋਲੜੀਵਾਲ ਡੇਰਾ ਲਾ ਲਿਆ। ਮਹਿੰਦਰ ਹੁਰੀਂ ਛੇ ਭਰਾ ਤੇ ਇੱਕ ਭੈਣ ਹਨ। ਸੱਤਾਂ ਜੀਆਂ ਵਿੱਚੋਂ ਉਹ ਚੌਥੇ ਨੰਬਰ ’ਤੇ ਹੈ। ਦੋ ਭਰਾ ਤੇ ਇਕੌਲਤੀ ਭੈਣ ਵੱਡੀ ਹੈ। ਛੋਟੇ ਹੁੰਦਿਆਂ ਤਾਂ ਉਸ ਦਾ ਕੁਝ ਸਮਾਂ ਬੰਗਾਲ ਵੀ ਬੀਤਿਆ ਜਦੋਂ ਘਰਦਿਆਂ ਨੇ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਸੀ।
ਛੋਟੇ ਹੁੰਦੇ ਮਹਿੰਦਰ ਦੀ ਚੋਣ ਸਪੋਰਟਸ ਸਕੂਲ ਜਲੰਧਰ ਵਿੱਚ ਵਾਲੀਬਾਲ ਖੇਡ ਵਿੱਚ ਹੋਈ ਸੀ। ਵਾਲੀਬਾਲ ਵਾਲੇ ਉਸ ਨੂੰ ਬਾਹਰ ਬਿਠਾ ਦਿੰਦੇ, ਜਿਸ ਕਾਰਨ ਉਸ ਨੇ ਬੇਇੱਜ਼ਤੀ ਮਹਿਸੂਸ ਕਰਨੀ। ਉਸ ਦਾ ਦਿਲ ਅਥਲੈਟਿਕਸ ਸ਼ੁਰੂ ਕਰਨ ਲਈ ਲੋਚਣਾ, ਪਰ ਉਸ ਦੀ ਚੋਣ ਵਾਲੀਬਾਲ ਵਿੱਚ ਹੋਈ ਹੋਣ ਕਰਕੇ ਅਥਲੈਟਿਕਸ ਵਾਲੇ ਉਸ ਨੂੰ ਮੂੰਹ ਨਾ ਲਾਉਂਦੇ। ਉਨ੍ਹਾਂ ਦਿਨਾਂ ਵਿੱਚ ਜਲੰਧਰ ਦੇ ਭਾਰਗੋ ਕੈਂਪ ਮਿਡਲ ਸਕੂਲ ਵਿੱਚ ਖੇਡਾਂ ਹੋਈਆਂ ਤਾਂ ਮਹਿੰਦਰ ਨੂੰ ਫੁਟਬਾਲ ਟੀਮ ਵਿੱਚ ਗੋਲ ਕੀਪਰ ਬਣਾ ਕੇ ਲੈ ਗਏ। ਉਥੇ ਜਾ ਕੇ ਉਸ ਨੇ ਸਾਢੇ 34 ਫੁੱਟ ਦੀ ਤੀਹਰੀ ਛਾਲ ਅਤੇ ਸਵਾ ਪੰਜ ਫੁੱਟ ਦੀ ਉਚੀ ਛਾਲ ਲਾ ਕੇ ਪਹਿਲਾ ਸਥਾਨ ਹਾਸਲ ਕਰ ਲਿਆ। ਇੰਝ ਉਹ ਅਥਲੈਟਿਕਸ ਦੇ ਰਾਹ ਪੈ ਗਿਆ।
ਸਪੋਰਟਸ ਸਕੂਲ ਜਲੰਧਰ ਤੋਂ ਕਪੂਰਥਲਾ ਵਾਲੇ ਪਾਸੇ ਟਿੱਬੇ ਹੁੰਦੇ ਸਨ, ਜਿੱਥੇ ਉਹ ਨਿਰੰਤਰ ਅਭਿਆਸ ਕਰਦਾ। ਪਹਿਲੇ ਦਿਨ ਉਹ ਇੱਕ ਲੱਤ ਉਤੇ 100 ਮੀਟਰ ਤੱਕ ਟੱਪਦਾ ਤੇ ਦੂਜੇ ਦਿਨ ਦੂਜੀ ਲੱਤ ਉਤੇ। ਪੰਜਾਬ ਸਟੇਟ ਖੇਡਾਂ ਹੋਈਆਂ ਤਾਂ ਮਹਿੰਦਰ ਨੇ ਉਚੀ ਛਾਲ ਵਿੱਚ ਪਹਿਲਾ ਤੇ ਤੀਹਰੀ ਛਾਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਮਹਿੰਦਰ ਨੇ ਸਕੂਲੀ ਦਿਨਾਂ ਵਿੱਚ 48 ਫੁੱਟ ਸਾਢੇ ਚਾਰ ਇੰਚ ਦੀ ਤੀਹਰੀ ਛਾਲ ਲਗਾ ਦਿੱਤੀ ਸੀ। ਸਕੂਲੇ ਪੜ੍ਹਦਾ ਉਹ ਜੂਨੀਅਰ ਨੈਸ਼ਨਲ ਲਈ ਚੁਣਿਆ ਗਿਆ। ਉਸ ਨੇ ਕੁਰੂਕਸ਼ੇਤਰਾ ਯੂਨੀਵਰਸਿਟੀ ਵਿਖੇ ਇਕਨਾਮਿਕਸ ਦੀ ਗਰੈਜੂਏਸ਼ਨ ਵਿੱਚ ਦਾਖਲਾ ਲੈ ਲਿਆ। ਉਸ ਨੇ ਪਹਿਲੇ ਹੀ ਸਾਲ ਅਨਾਮਲਾਈ ਨਗਰ ਵਿਖੇ ਹੋਈ ਆਲ ਇੰਡੀਆ ਇੰਟਰ ’ਵਰਸਿਟੀ ਵਿੱਚ 51 ਫੁੱਟ ਦੀ ਤੀਹਰੀ ਛਾਲ ਲਗਾ ਕੇ ਨਵਾਂ ਰਿਕਾਰਡ ਰੱਖ ਦਿੱਤਾ। ਉਸ ਨੇ ਉਚੀ ਤੇ ਲੰਬੀ ਛਾਲ ਵਿੱਚ ਵੀ ਸੋਨ ਤਮਗਾ ਜਿੱਤ ਲਿਆ। ਦੂਜੇ ਸਾਲ ਜੈਪੁਰ ਅਤੇ ਤੀਜੇ ਸਾਲ ਪਟਿਆਲਾ ਵਿਖੇ ਤਿੰਨੇ ਈਵੈਂਟ ਜਿੱਤੇ। ਪਟਿਆਲਾ ਵਿਖੇ ਤਾਂ ਉਸ ਲਈ ਤੀਹਰੀ ਛਾਲ ਦੀ ਪਿੱਟ ਵੀ ਛੋਟੀ ਪੈ ਗਈ ਅਤੇ ਉਹ ਰੇਤੇ ਤੋਂ ਅਗਾਂਹ ਜਾ ਕੇ ਡਿੱਗਿਆ।
ਯੂਨੀਵਰਸਿਟੀ ਪੜ੍ਹਦਿਆਂ ਹੀ ਉਹ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ। 1965 ਵਿੱਚ ਭਾਰਤ-ਰੂਸ ਦੁਵੱਲੀ ਅਥਲੈਟਿਕਸ ਮੀਟ ਵਿੱਚ ਤਿੰਨ ਥਾਂਈਂ ਮੁਕਾਬਲੇ ਹੋਏ। ਮਹਿੰਦਰ ਨੇ ਦੋ ਸੋਨੇ ਤੇ ਇੱਕ ਚਾਂਦੀ ਦਾ ਤਮਗਾ ਜਿੱਤਿਆ। ਮਹਾਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਦੇ ਕੌਮਾਂਤਰੀ ਅਥਲੈਟਿਕਸ ਕਰੀਅਰ ਦਾ ਆਖਰੀ ਸਮਾਂ ਸੀ ਅਤੇ ਮਹਿੰਦਰ ਦਾ ਸ਼ੁਰੂਆਤੀ। ਦੋਵੇਂ ਇਸ ਮੀਟ ਦੌਰਾਨ ਰੂਮ ਮੇਟ ਸਨ। ਇੱਕ ਭਾਰਤੀ ਅਥਲੈਟਿਕਸ ਦਾ ਸਿਖਰ ਦੇਖ ਚੁੱਕਾ ਸੀ ਤੇ ਦੂਜੇ ਨੇ ਸਿਖਰ ਲਈ ਹਾਲੇ ਉਡਾਣ ਭਰੀ ਸੀ। 1966 ਵਿੱਚ ਕੋਲੰਬੋ ਵਿਖੇ ਹੋਈ ਏਸ਼ੀਅਨ ਅਥੈਲਟਿਕਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। ਮਹਿੰਦਰ ਨੂੰ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਰੇਲਵੇ ਵਾਲਿਆਂ ਨੇ ਉਸ ਨੂੰ ਧੱਕੇ ਨਾਲ ਲਿਜਾ ਕੇ ਰੇਲਵੇ ਵੱਲੋਂ ਖੇਡਣ ਲਈ ਥਰੋਅਰ ਭੇਜੇ। ਮਹਿੰਦਰ ਦਾ ਮਨ ਸਟੀਲ ਦੀ ਨੌਕਰੀ ਲਈ ਬਣ ਗਿਆ। ਟਾਟਾ ਸਟੀਲ ਵੱਲੋਂ ਉਸ ਨੂੰ ਖੁੱਲ੍ਹੀ ਆਫਰ ਸੀ। 1967 ਵਿੱਚ ਭਾਰਤ-ਜਰਮਨੀ ਮੀਟ ਦੌਰਾਨ ਮਹਿੰਦਰ ਨੇ ਲੰਬੀ ਛਾਲ ਵਿੱਚ ਸੋਨੇ ਦਾ ਤਮਗਾ ਜਿੱਤ ਲਿਆ। ਤੀਹਰੀ ਛਾਲ ਦਾ ਤਾਂ ਉਹ ਪਹਿਲਾ ਹੀ ਤਕੜਾ ਦਾਅਵੇਦਾਰ ਸੀ। ਐਨ ਆਖਰੀ ਮੌਕੇ ਇਹ ਈਵੈਂਟ ਰੱਦ ਕਰ ਦਿੱਤਾ। ਮਹਿੰਦਰ ਇਸ ਧੱਕੇ ਤੋਂ ਗੁੱਸੇ ਵਿੱਚ ਪੂਰਾ ਭਰਿਆ ਪੀਤਾ ਚੰਡੀਗੜ੍ਹ ਆਪਣੇ ਅੰਕਲ ਕੋਲ ਆ ਗਿਆ। ਉਸ ਦੇ ਅੰਕਲ ਨੇ ਉਸ ਨੂੰ ਸ਼ਾਂਤ ਕਰਦਿਆਂ ਦੱਸਿਆ, “ਤੈਨੂੰ ਅਮਰੀਕਾ ਦੀਆਂ ਛੇ ਯੂਨੀਵਰਸਿਟੀਆਂ ਤੋਂ ਸਕਾਲਰਸ਼ਿਪ ਦੀ ਆਫਰ ਆਈ ਹੈ।” ਕਿਸਮਤ ਨੇ ਇੱਕ ਰਾਹ ਬੰਦ ਕੀਤਾ ਸੀ, ਛੇ ਹੋਰ ਖੋਲ੍ਹ ਦਿੱਤੇ।
1968 ਵਿੱਚ ਮਹਿੰਦਰ ਨੇ ਅਮਰੀਕਾ ਦੀ ਉਡਾਣ ਭਰ ਲਈ। ਮਹਿੰਦਰ ਨੇ ਸੈਨ ਲੂਇਸ ਓਬਿਸਪੋ ਸਥਿਤ ਕੈਲੀਫੋਰਨੀਆ ਸਟੇਟ ਪੌਲੀਟੈਕਨਿਕ ਯੂਨੀਵਰਸਿਟੀ (ਕੈਲ ਪੋਲੀ) ਵਿੱਚ ਬੀ.ਐਸ. (ਬਿਜਨਸ ਐਡਮਨਿਸਟ੍ਰੇਸ਼ਨ) ਵਿੱਚ ਦਾਖਲਾ ਲੈ ਲਿਆ। ਪਹਿਲੇ ਸਾਲ ਹੀ ਉਸ ਨੇ ਐਨ.ਸੀ.ਏ.ਏ. (ਅਮਰੀਕਾ ਦੇ ਕਾਲਜਾਂ ਦੀ ਨੈਸ਼ਨਲ ਚੈਂਪੀਅਨਸ਼ਿਪ) ਜਿੱਤ ਲਈ ਅਤੇ ਫੇਰ ਲਗਾਤਾਰ ਪੰਜ ਸਾਲ ਉਹ ਜਿੱਤਦਾ ਹੀ ਰਿਹਾ। 1970 ਵਿੱਚ ਸਕਾਟਲੈਂਡ ਦੇ ਸ਼ਹਿਰ ਇਡਨਬਰਗ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਮਹਿੰਦਰ ਸਿੰਘ ਨੇ 52 ਫੁੱਟ ਪੌਣੇ ਦੋ ਇੰਚ ਤੀਹਰੀ ਛਾਲ ਲਗਾ ਕੇ ਕਾਂਸੀ ਦਾ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਇਹ ਭਾਰਤੀ ਅਥਲੈਟਿਕਸ ਟੀਮ ਵੱਲੋਂ ਜਿੱਤਿਆ ਇਹ ਤੀਜਾ ਤਮਗਾ ਸੀ। ਇਸ ਤੋਂ ਪਹਿਲਾਂ 1958 ਵਿੱਚ ਕਾਰਡਿਫ ਵਿਖੇ ਮਿਲਖਾ ਸਿੰਘ ਨੇ ਸੋਨੇ ਅਤੇ 1966 ਵਿੱਚ ਕਿੰਗਸਟਨ ਵਿਖੇ ਪਰਵੀਨ ਕੁਮਾਰ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਇਸੇ ਸਾਲ ਬੈਕਾਂਕ ਏਸ਼ੀਅਨ ਗੇਮਜ਼ ਵਿੱਚ ਪੌਣੇ 53 ਫੁੱਟ ਤੀਹਰੀ ਛਾਲ ਮਾਰ ਕੇ ਮਹਿੰਦਰ ਨੇ ਨਵੇਂ ਏਸ਼ੀਅਨ ਰਿਕਾਰਡ ਨਾਲ ਸੋਨੇ ਦਾ ਤਮਗਾ ਜਿੱਤਿਆ।
ਵੈਨਕੂਵਰ ਵਿਖੇ ਕੈਨੇਡੀਅਨ ਚੈਂਪੀਅਨਸ਼ਿਪ ਵਿੱਚ ਮਹਿੰਦਰ ਨੇ ਤੀਹਰੀ ਤੇ ਲੰਬੀ ਛਾਲ- ਦੋਵਾਂ ਦਾ ਸੋਨ ਤਮਗਾ ਜਿੱਤ ਕੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ। ਤੀਹਰੀ ਛਾਲ ਵਿੱਚ ਤਾਂ ਉਸ ਨੇ ਨਵਾਂ ਰਿਕਾਰਡ ਵੀ ਕਾਇਮ ਕੀਤਾ। ਕੈਨੇਡਾ ਵੱਲੋਂ ਉਸ ਨੂੰ ਸਿਟੀਜਨਸ਼ਿਪ ਦੀ ਆਫਰ ਵੀ ਹੋਈ। ਉਤਰੀ ਅਮਰੀਕਾ ਤੋਂ ਬਾਹਰ ਯੂਰਪ ਦੀਆਂ ਮੀਟਾਂ ਵਿੱਚ ਵੀ ਉਸ ਦੀਆਂ ਧੁੰਮਾਂ ਪੈ ਗਈਆਂ। ਆਸਟਰੀਆ, ਸਿਆਨਾ, ਬੂਨ, ਫਰੈਂਕਫਰਟ, ਬਾਰਸੀਲੋਨਾ, ਇਡਨਬਰਗ- ਜਿਧਰੇ ਵੀ ਕੋਈ ਮੀਟ ਹੋਣੀ, ਮਹਿੰਦਰ ਨੇ ਸੋਨੇ ਦਾ ਤਮਗਾ ਜਿੱਤਣਾ, ਉਹ ਵੀ ਨਵੇਂ ਰਿਕਾਰਡ ਦੇ ਨਾਲ। ਸਿਆਨਾ ਇਨਵੀਟੇਸ਼ਨਲ ਮੀਟ ਵਿੱਚ 54 ਫੁੱਟ 10 ਇੰਚ ਦੀ ਛਾਲ ਲਗਾ ਕੇ ਨਵਾਂ ਰਿਕਾਰਡ ਰੱਖਣ ਲਈ ਮਹਿੰਦਰ ਨੂੰ ਸ਼ੁੱਧ ਸੋਨੇ ਦਾ ਮੈਡਲ ਅਤੇ ਸ਼ੁੱਧ ਚਾਂਦੀ ਦੀ ਟਰਾਫੀ ਮਿਲੀ।
1971 ਵਿੱਚ ਮਿਊਨਿਖ ਵਿਖੇ ਪ੍ਰੀ ਓਲੰਪਿਕਸ ਵਿੱਚ ਮਹਿੰਦਰ ਨੇ ਆਪਣਾ ਜਲਵਾ ਦਿਖਾਉਂਦਿਆਂ ਚਾਂਦੀ ਦਾ ਤਮਗਾ ਜਿੱਤ ਕੇ ਪੂਰੇ ਦੇਸ਼ ਵਿੱਚ ਸਨਸਨੀ ਮਚਾ ਦਿੱਤੀ। ਪ੍ਰੀ ਓਲੰਪਿਕਸ ਦੇ ਇਤਿਹਾਸ ਵਿੱਚ ਵੀ ਇਹ ਭਾਰਤ ਦਾ ਅਥਲੈਟਿਕਸ ਵਿੱਚ ਪਹਿਲਾ ਤਮਗਾ ਸੀ। ਅਮਰੀਕਾ ਵੱਲੋਂ 1960, 1964 ਤੇ 1968 ਦੀਆਂ ਓਲੰਪਿਕ ਖੇਡਾਂ ਦੇ ਲੰਬੀ ਛਾਲ ਮੁਕਾਬਲਿਆਂ ਵਿੱਚ ਕ੍ਰਮਵਾਰ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤਣ ਵਾਲਾ ਰੈਲਫ ਬੋਸਟਨ ਖੇਡ ਕੁਮੈਂਟੇਟਰ ਵਜੋਂ ਮਿਊਨਿਖ ਓਲੰਪਿਕਸ ਵਿੱਚ ਆਇਆ ਸੀ। ਉਹ ਉਚੇਚੇ ਤੌਰ ’ਤੇ ਓਲੰਪਿਕਸ ਖੇਡਣ ਆਏ ਮਹਿੰਦਰ ਨੂੰ ਮਿਲਿਆ ਅਤੇ ਉਸ ਕੋਲੋਂ ਪ੍ਰੈਕਟਿਸ ਸ਼ਡਿਊਲ ਪੁੱਛਿਆ। ਮਹਿੰਦਰ ਵੱਲੋਂ ਦੱਸਣ ’ਤੇ ਉਸ ਨੇ ਵੇਟ ਟਰੇਨਿੰਗ ਤੋਂ ਵਰਜਦਿਆਂ ਕਿਹਾ ਕਿ ਹੁਣ ਉਹ ਸਿਰਫ ਜੌਗਿੰਗ ਕਰੇ, ਜ਼ਿਆਦਾ ਜ਼ੋਰ ਵਾਲੀਆਂ ਕਸਰਤਾਂ ਨਾ ਕਰੇ। ਵੱਡੇ ਅਥਲੀਟ ਦੇ ਕਹੇ ਬੋਲਾਂ ਤੋਂ ਬਾਅਦ ਮਹਿੰਦਰ ਦਾ ਮੱਥਾ ਉਸੇ ਵੇਲੇ ਠਣਕ ਗਿਆ। ਮੁਕਾਬਲੇ ਵਾਲੇ ਦਿਨ ਤੋਂ ਪਹਿਲਾਂ ਮਹਿੰਦਰ ਦਾ ਜ਼ਿਆਦਾ ਵੇਟ ਟਰੇਨਿੰਗ ਕਰਕੇ ਹੈਮਸਟਰਿੰਗ ਪੁੱਲ ਹੋ ਗਿਆ। ਮਹਿੰਦਰ ਨੇ ਰਿਕਵਰੀ ਲਈ ਜੀਅ ਜਾਨ ਲਾਈ। ਤੈਰਾਕੀ ਪੂਲ ਵਿੱਚ ਵੀ ਉਹ ਤੈਰਿਆ। ਮਹਿੰਦਰ ਨੇ ਜਿਵੇਂ ਕਿਵੇਂ ਆਪਣੇ ਆਪ ਨੂੰ ਮੁਕਾਬਲੇ ਲਈ ਤਿਆਰ ਤਾਂ ਕਰ ਲਿਆ, ਪਰ ਛਾਲਾਂ ਲਾਉਂਦੇ ਸਮੇਂ ਉਸ ਕੋਲੋਂ ਪਹਿਲਾ ਵਾਲੀ ਗੱਲ ਨਾ ਬਣੀ ਅਤੇ ਫਾਊਲ ਜੰਪਾਂ ਕਰਕੇ ਫਾਈਨਲ ਲਈ ਕੁਆਲੀਫਾਈ ਨਾ ਕਰ ਸਕਿਆ। ਮਹਿੰਦਰ ਨੂੰ ਮਿਊਨਿਖ ਦੇ ਉਹ ਦਿਨ ਸਾਰੀ ਉਮਰ ਲਈ ਡਰਾਉਣੇ ਸੁਫਨੇ ਵਾਂਗ ਲੱਗਦੇ ਹਨ। ਫਾਈਨਲ ਲਈ ਕੁਆਲੀਫਾਈ ਹੋਣ ਵਾਲੇ ਆਖਰੀ ਜੰਪਰ ਨੇ ਸਵਾ 53 ਫੁੱਟ ਛਾਲ ਲਗਾਈ ਸੀ, ਜਦਕਿ ਮਹਿੰਦਰ ਪ੍ਰੈਕਟਿਸ ਕਰਦਾ ਹੀ 55 ਫੁੱਟ ਦੇ ਕਰੀਬ ਛਾਲ ਲਗਾ ਦਿੰਦਾ ਸੀ। ਕਾਂਸੀ ਦਾ ਤਮਗਾ ਜਿੱਤਣ ਵਾਲੇ ਅਥਲੀਟ ਨੇ ਪੌਣੇ 56 ਫੁੱਟ ਦੀ ਛਾਲ ਲਗਾਈ, ਜਿਹੜੀ ਕਿ ਮਹਿੰਦਰ ਨੂੰ ਆਪਣੀ ਤਿਆਰੀ ਦੇ ਹਿਸਾਬ ਨਾਲ ਪਹੁੰਚ ਵਿੱਚ ਲੱਗਦੀ ਸੀ।
ਮਿਊਨਿਖ ਤੋਂ ਬਾਅਦ ਮਹਿੰਦਰ ਇੱਕ ਵਾਰ ਫੇਰ ਅਗਲੀ ਤਿਆਰੀ ਵਿੱਚ ਜੁੱਟ ਗਿਆ। ਕੈਨੇਡੀ ਗੇਮਜ਼, ਮਾਊਂਟ ਸਾਕ ਰਿਲੇਅ, ਇਨਵੀਟੇਸ਼ਨਲ ਮੀਟ ਐਰੀਜ਼ੋਨਾ ਵਿਖੇ ਮਹਿੰਦਰ ਨੇ ਫੇਰ ਸੋਨੇ ਦੇ ਤਮਗੇ ਜਿੱਤੇ। ਟੈਕਸਸ ਵਿਖੇ ਹੋਈ ਯੂ.ਟੀ.ਈ.ਪੀ. ਇਨਵੀਟੇਸ਼ਨਲ ਮੀਟ ਵਿੱਚ ਉਸ ਨੇ ਨਵੇਂ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ। ਇਸੇ ਮੀਟ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਪੋਲ ਵਾਲਟਰ ਸਰਗੇਈ ਬਬੂਕਾ ਨੇ ਵੀ ਨਵਾਂ ਵਿਸ਼ਵ ਰਿਕਾਰਡ ਬਣਾਇਆ। ਲੰਡਨ ਵਿਖੇ ਕੋਕਾ ਕੋਲਾ ਇਨਵੀਟੇਸ਼ਨਲ ਮੀਟ, ਆਲ ਅਮਰੀਕਨ ਇਨਡੋਰ ਗੇਮਜ਼ ਵਿੱਚ ਵੀ ਉਸ ਨੇ ਸੋਨੇ ਦਾ ਤਮਗਾ ਜਿੱਤਿਆ। ਲਾਂਸ ਏਂਜਲਸ ਇਨਡੋਰ ਮੀਟ ਜਿੱਥੇ ਉਦੋਂ ਤੱਕ ਸੌ ਤੋਂ ਵੀ ਵੱਧ ਓਲੰਪਿਕ ਚੈਂਪੀਅਨ ਹਿੱਸਾ ਲੈ ਚੁੱਕੇ ਸਨ, ਵਿੱਚ ਉਸ ਨੇ ਪਹਿਲੇ ਸਾਲ ਚਾਂਦੀ ਤੇ ਦੂਜੇ ਸਾਲ ਸੋਨੇ ਦਾ ਤਮਗਾ ਜਿੱਤਿਆ।
1973 ਵਿੱਚ ਮਨੀਲਾ ਵਿਖੇ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿੰਦਰ ਨੇ ਭਾਰਤ ਲਈ ਫੇਰ ਸੋਨੇ ਦਾ ਤਮਗਾ ਜਿੱਤਿਆ। 1974 ਵਿੱਚ ਕ੍ਰਾਈਸਟਚਰਚ ਵਿਖੇ ਰਾਸ਼ਟਰਮੰਡਲ ਖੇਡਾਂ ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਖਲ ਨਾਲ ਹਿੱਸਾ ਲੈਣ ਗਿਆ। ਅਮਰੀਕਾ ਵਿੱਚ ਉਸ ਨੂੰ ਕੰਪਨੀ ਤੋਂ ਛੁੱਟੀ ਨਾ ਮਿਲੀ ਤਾਂ ਉਹ ਸੱਟ ਦਾ ਬਹਾਨਾ ਲੈ ਕੇ ਛੁੱਟੀ ਉਤੇ ਗਿਆ। 20 ਘੰਟਿਆਂ ਦੀ ਫਲਾਈਟ ਤੋਂ ਬਾਅਦ ਥੱਕੇ ਟੁੱਟੇ ਮਹਿੰਦਰ ਨੇ ਪੌਣੇ 54 ਫੁੱਟ ਤੋਂ ਵੱਧ ਛਾਲ ਲਗਾ ਕੇ ਚਾਂਦੀ ਦਾ ਤਮਗ਼ਾ ਜਿੱਤਿਆ। ਮਹਿੰਦਰ ਅਮਰੀਕਾ ਪੁੱਜਦਿਆਂ ਹੀ ਆਪਣੀ ਲੱਤ ਉਤੇ ਪੱਟੀ ਬੰਨ੍ਹ ਕੇ ਦਫਤਰ ਹਾਜ਼ਰ ਹੋਇਆ। ਅਥਲੈਟਿਕਸ ਫੀਲਡ ਵਿੱਚ ‘ਲੁੱਕ ਲੁੱਕ ਲਾਈਆਂ ਪ੍ਰੀਤਾਂ’ ਦੇ ਢੋਲ ਨਗਾਰੇ ਖੁੱਲ੍ਹੇਆਮ ਵੱਜ ਗਏ। ਅਖਬਾਰਾਂ ਦੀਆਂ ਸੁਰਖੀਆਂ ਨਾਲ ਉਸ ਦਾ ਚੋਰੀ ਛਿਪੇ ਜਾਣਾ ਕਿੱਥੇ ਲੁੱਕਿਆ ਜਾਣਾ ਸੀ! ਬੌਸ ਨੇ ਮਹਿੰਦਰ ਨੂੰ ਕਿਹਾ ਕਿ ਉਸ ਨੇ ਝੂਠ ਬੋਲਿਆ ਅਤੇ ਸੱਟ ਦਾ ਬਹਾਨਾ ਲਗਾ ਕੇ ਨਿਊਜ਼ੀਲੈਂਡ ਜਾ ਕੇ ਖੇਡਾਂ ਵਿੱਚ ਹਿੱਸਾ ਲਿਆ, ਜਿਸ ਕਰਕੇ ਕੰਪਨੀ ਨੂੰ ਉਸ ਦੀ ਕੋਈ ਲੋੜ ਨਹੀਂ। ਮਹਿੰਦਰ ਨੂੰ ਟਰਮੀਨੇਟ ਕਰ ਦਿੱਤਾ। ਉਹ ਕੰਪਨੀ ਦੇ ਦਫਤਰ ਤੋਂ ਸਿੱਧਾ ਸਟੇਡੀਅਮ ਗਿਆ, ਜਿੱਥੇ ਜਾ ਕੇ ਉਹ ਟਰੈਕ ਉਤੇ ਲੰਬਾ ਲੇਟ ਗਿਆ।
ਮਹਿੰਦਰ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਵੱਲੋਂ 1970 ਵਿੱਚ ਅਰਜੁਨਾ ਐਵਾਰਡ ਲਈ ਚੁਣਿਆ ਗਿਆ। ਅਥਲੈਟਿਕਸ ਫੈਡਰੇਸ਼ਨ ਨਾਲ ਖਟਾਸ ਦੇ ਰਿਸ਼ਤਿਆਂ ਦੇ ਚੱਲਦਿਆਂ ਉਹ ਇਹ ਐਵਾਰਡ ਲੈਣ ਵੀ ਭਾਰਤ ਨਾ ਗਿਆ। ਅਰਜੁਨਾ ਐਵਾਰਡ ਦੀ ਟਰਾਫੀ ਉਸ ਨੂੰ ਚਾਰ ਵਰਿ੍ਹਆਂ ਬਾਅਦ 1974 ਦੀਆਂ ਤਹਿਰਾਨ ਏਸ਼ਿਆਈ ਖੇਡਾਂ ਵਿੱਚ ਮਿਲਣੀ ਸੀ। ਤਹਿਰਾਨ ਵਿਖੇ ਮਹਿੰਦਰ ਨੇ ਸਵਾ 53 ਫੁੱਟ ਤੀਹਰੀ ਛਾਲ ਲਗਾ ਕੇ ਏਸ਼ੀਅਨ ਗੇਮਜ਼ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 1975 ਵਿੱਚ ਸੀਬੂ ਆਈਲੈਂਡ ਵਿਖੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਮੈਡਲ ਜਿੱਤ ਕੇ ਤਹਿਰਾਨ ਵਿਖੇ ਖੁੱਸੀ ਆਪਣੀ ਬਾਦਸ਼ਾਹਤ ਹਾਸਲ ਕੀਤੀ। ਇਸ ਦੇ ਨਾਲ ਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਉਸ ਦੀ ਗੋਲਡਨ ਹੈਟਟ੍ਰਿਕ ਵੀ ਪੂਰੀ ਹੋ ਗਈ। ਇਹ ਮਹਿੰਦਰ ਦਾ ਆਖਰੀ ਵੱਡਾ ਟੂਰਨਾਮੈਂਟ ਸੀ ਅਤੇ 1976 ਵਿੱਚ ਮਾਸਟਰ ਡਿਗਰੀ ਕਰਨ ਤੋਂ ਬਾਅਦ ਉਸ ਨੇ ਕੁੱਲਵਕਤੀ ਬਿਜਨਸ ਸ਼ੁਰੂ ਕਰ ਲਿਆ।
ਮਹਿੰਦਰ ਦੇ ਕਾਇਮ ਕੀਤੇ ਰਿਕਾਰਡ ਕਈ ਸਾਲ ਲਈ ਨਹੀਂ ਟੁੱਟੇ। ਤੀਹਰੀ ਛਾਲ ਵਿੱਚ ਮਹਿੰਦਰ ਦਾ ਕੌਮੀ ਰਿਕਾਰਡ 40 ਸਾਲ ਉਸ ਦੇ ਨਾਂ ਰਿਹਾ। ਕੈਲੀਫੋਰਨੀਆ ਪੌਲੀਟੈਕਨਿਕ ਸਟੇਟ ਯੂਨੀਵਰਸਿਟੀ ਵੱਲੋਂ ਉਸ ਨੂੰ 1993 ਵਿੱਚ ‘ਹਾਲ ਆਫ ਫੇਮ’ ਵਿੱਚ ਸ਼ਾਮਲ ਕੀਤਾ ਗਿਆ। ‘ਹਾਲ ਆਫ ਫੇਮ’ ਵਿੱਚ ਸ਼ਾਮਲ ਹੋਣ ਵਾਲਾ ਉਹ ਏਸ਼ੀਆ ਦਾ ਇਕਲੌਤਾ ਅਥਲੀਟ ਹੈ। ਮਹਿੰਦਰ ਇਲੱਸਟ੍ਰੇਟਿਡ ਵੀਕਲੀ ਪੰਨੇ ਦੇ ਟਾਈਟਲ ਪੰਨੇ ਉਤੇ ਵੀ ਛਪਦਾ ਰਿਹਾ। ਇੱਕ ਵਾਰ ਇਸ ਮੈਗਜ਼ੀਨ ਵੱਲੋਂ 10 ਚੋਟੀ ਦੇ ਜੱਟ ਸਿੱਖ ਕੱਢੇ ਗਏ, ਜਿਨ੍ਹਾਂ ਵਿੱਚੋਂ ਮਹਿੰਦਰ ਸਿੰਘ ਗਿੱਲ ਇੱਕ ਸੀ। ਸਿਲੀਕਨ ਵੈਲੀ ਵਿੱਚ 2015 ’ਚ ਗਲੋਬ ਫਿਲਮ ਫੈਸਟੀਵਲ ਵਿੱਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ ਹੈ। ਅਮਰੀਕਾ ਰਹਿੰਦਿਆਂ ਉਸ ਨੇ ਭਾਰਤ ਦੇ 15 ਅਥਲੀਟਾਂ ਨੂੰ ਅਮਰੀਕਾ ਲਈ ਸਕਾਲਰਸ਼ਿਪ ਦਿਵਾਈ। ਪ੍ਰਿੰਸੀਪਲ ਸਰਵਣ ਸਿੰਘ ਉਸ ਨੂੰ ‘ਅਲਸੀ ਦਾ ਫੁੱਲ’ ਕਹਿੰਦੇ ਹਨ।

Leave a Reply

Your email address will not be published. Required fields are marked *