ਚਿੱਤਰਕਲਾ ਦੀ ਬੇਨਿਆਜ਼ ਹਸਤੀ

Uncategorized ਅਦਬੀ ਸ਼ਖਸੀਅਤਾਂ

ਤ੍ਰਿਲੋਕ ਸਿੰਘ ਚਿੱਤਰਕਾਰ ਉਰਫ ‘ਚਿੱਤਰਲੋਕ ਪਟਿਆਲਾ’
ਜੈਤੇਗ ਸਿੰਘ ਅਨੰਤ
ਫੋਨ: 778-385-8141
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਅਨੇਕਾਂ ਚਿੱਤਰਕਾਰ, ਮੁਸਬਰ ਸਰਗਰਮ ਸਨ। ਇਨ੍ਹਾਂ ਵਿੱਚ ਸਨ- ਸ. ਕੇਹਰ ਸਿੰਘ (1820-1882) ਤੇ ਸ. ਕ੍ਰਿਸ਼ਨ ਸਿੰਘ (1836-1895), ਜਿਨ੍ਹਾਂ ਨੇ ਸਿੱਖ ਸਭਿਆਚਾਰ ਨਾਲ ਜੁੜੇ ਅਨੇਕਾਂ ਯਾਦਗਾਰੀ ਸ਼ਾਹਕਾਰਾਂ ਨੂੰ ਸਿਰਜ ਕੇ ਸਿੱਖ ਕਾਲ ਦੀ ਕਲਾ ਵਿੱਚ ਇੱਕ ਕਵੀ ਅਧਿਆਏ ਸੁਰਜੀਤ ਕੀਤਾ। ਵੀਹਵੀਂ ਸਦੀ ਵਿੱਚ ਪੰਜਾਬ ਦੇ ਦੋ ਹੋਰ ਮਹਾਨ ਚਿੱਤਰਕਾਰਾਂ- ਐਸ.ਜੀ. ਠਾਕਰ ਸਿੰਘ ਤੇ ਅੰਮ੍ਰਿਤਾ ਸ਼ੇਰਗਿੱਲ ਨੇ ਵੀ ਅੰਤਰਰਾਸ਼ਟਰੀ ਕਲਾ ਜਗਤ ਵਿੱਚ ਪਹਿਲੇ ਦੋ ਵੱਕਾਰੀ ਐਵਾਰਡ ਲੈ ਕੇ ਪੰਜਾਬ ਦੀ ਕਲਾ ਦਾ ਸਿਰ ਉੱਚਾ ਕੀਤਾ।

ਇਸੇ ਤਰ੍ਹਾਂ ਪੰਜਾਬ ਦੇ ਕਲਾ ਪਿੜ ਵਿੱਚ ਸ. ਸੋਭਾ ਸਿੰਘ, ਸ. ਕ੍ਰਿਪਾਲ ਸਿੰਘ, ਸ. ਜਸਵੰਤ ਸਿੰਘ, ਸ੍ਰੀ ਬੋਧ ਰਾਜ, ਮਾਸਟਰ ਗੁਰਦਿੱਤ ਸਿੰਘ, ਜੀ.ਐਸ. ਸੋਹਨ ਸਿੰਘ ਤੇ ਦਵਿੰਦਰ ਸਿੰਘ ਅਜਿਹੇ ਚਿੱਤਰਕਾਰ ਹੋਏ ਜਿਨ੍ਹਾਂ ਨੇ ਸਿੱਖ ਇਤਿਹਾਸ, ਸ਼ਹੀਦ ਸੂਰਮੇ ਯੋਧੇ, ਸੂਰਬੀਰਾਂ ਦੇ ਜੀਵਨ ਦੇ ਅਨੇਕਾਂ ਬਚਿੱਤਰ ਤੇ ਪ੍ਰਭਾਵਸ਼ਾਲੀ ਚਿੱਤਰ ਸਿਰਜ ਕੇ ਆਪਣੀ ਅਮਿੱਟ ਛਾਪ ਛੱਡੀ ਹੈ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਨ੍ਹਾਂ ਚਿੱਤਰਕਾਰਾਂ ਨੇ ਜੋ ਕੁਝ ਵੀ ਚਿਤਾਰਿਆ ਹੈ, ਉਸ ਵਿੱਚ ਬਹੁਤ ‘ਕਮਿਸ਼ਨਡ ਵਰਕ’ ਜਾਂ ਆਡਰ ਦਾ ਕੰਮ ਕਿਹਾ ਜਾ ਸਕਦਾ ਹੈ, ਜਿਸ ਨੂੰ ਵੱਖ-ਵੱਖ ਸੰਸਥਾਵਾਂ ਦੀ ਲੋੜ ਤੇ ਮੰਗ ਅਨੁਸਾਰ ਦਿੱਤੇ ਆਡਰ ਦੀ ਪੂਰਤੀ ਹਿੱਤ ਕੀਤਾ ਗਿਆ ਸੀ -ਭਾਵੇਂ ਉਹ ਸਿੱਖ ਅਜਾਇਬ ਘਰ ਅੰਮ੍ਰਿਤਸਰ, ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਆਨੰਦਪੁਰ ਸਾਹਿਬ, ਸਿੱਖ ਅਜਾਇਬ ਘਰ ਬੰਗਲਾ ਸਾਹਿਬ ਜਾਂ ਪ੍ਰਕਾਸ਼ਨ ਵਿਭਾਗ ਪੰਜਾਬ ਸਿੰਘ ਬੈਂਕ ਨਵੀਂ ਦਿੱਲੀ।
ਪਰ ਇਨ੍ਹਾਂ ਦੇ ਇੱਕ ਸਮਕਾਲੀ ਸ. ਤ੍ਰਿਲੋਕ ਸਿੰਘ ਚਿੱਤਰਕਾਰ, ਜਿਸ ਨੂੰ ਚਿੱਤਰਲੋਕ ਪਟਿਆਲਾ ਵੀ ਆਖਦੇ ਹਨ, ਦੀ ਨਿਵੇਕਲੀ, ਵਿਲੱਖਣ ਤੇ ਵਚਿੱਤਰ ਪਹਿਚਾਣ ਹੈ। ਉਹ ਇੱਕ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਕਲਾ ਜਗਤ ਵਿੱਚ ਉਹ ਇੱਕ ਅਤਿ ਸਤਿਕਾਰ ਹਸਤੀ ਹੋਏ ਹਨ। ਜੋ ਨਾਮਬਾਣੀ ਦੇ ਰਸੀਏ, ਗੁਰਮਤਿ ਮਾਰਗ ਦੇ ਪਾਂਧੀ, ਸਦਾ ਗੁਰ ਸ਼ਬਦ ਦੇ ਗੂੜ੍ਹੇ ਰੰਗਾਂ ਵਿੱਚ ਰੰਗੇ ਅਤੇ ਗੁਰਮਤਿ ਜੀਵਨ ਦੇ ਧਾਰਨੀ ਸਨ। ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਸੱਚ ਅਤੇ ਹੱਕ ਉਤੇ ਪਹਿਲਾ ਦਿੱਤਾ, ਲੋੜਵੰਦ ਗਰੀਬਾਂ, ਮਜ਼ਲੂਮਾਂ ਦੀ ਬਾਂਹ ਫੜੀ। ਉਹ ਇੱਕ ਸੱਚੇ ਸੁੱਚੇ ਨਿਸ਼ਕਾਮ ਸੇਵਾ ਭਾਵਨਾ ਵਾਲੇ ਰੰਗਲੇ ਸੱਜਣ ਸਨ। ਉਹ ਇੱਕ ਸਿਦਕ, ਸਿਰੜ੍ਹ, ਮੂਰਤ, ਨਿਰਮਲ ਤੇ ਨਿਰਛਲ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦਾ ਦਗ ਦਗ ਕਰਦਾ ਰੂਹਾਨੀ ਤੇ ਗੋਰਾ ਚਿੱਟਾ ਚਿਹਰਾ, ਬੁੱਲ੍ਹਾਂ ’ਤੇ ਹਲਕੀ ਮੁਸਕਾਨ, ਅੱਖਾਂ ਵਿੱਚ ਚਮਕ, ਮਨ ਵਿੱਚ ਗੁਰੂ ਦਾ ਭੈਅ ਪ੍ਰਤੱਖ ਰੂਪ ਵਿੱਚ ਵੇਖਣ ਦਾ ਲੰਮਾ ਸਮਾਂ ਸੁਭਾਗ ਪ੍ਰਤਾਪ ਹੋਇਆ ਹੈ। ਉਹ ਕਲਾ ਦੇ ਪੁੰਜ, ਕਰਮਯੋਗੀ ਰੋਸ਼ਨ ਮੀਨਾਰ ਤੇ ਸਿੱਖ ਕੌਮ ਦੀ ਬੇਨਿਆਜ਼ ਹਸਤੀ ਹੋਏ ਹਨ।
ਚਿੱਤਰਕਾਰ ਤ੍ਰਿਲੋਕ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਨਵੰਬਰ 1970 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਦੀਨਾ ਕਾਂਗੜ ਵਿੱਚ ‘ਜ਼ਫਰਨਾਮਾ ਕਾਨਫਰੰਸ’ ਵਿੱਚ ਹੋਈ। ਪਹਿਲੀ ਨਜ਼ਰ ਵਿੱਚ ਹੀ ਮੈਂ ਉਨ੍ਹਾਂ ਦੀ ਸਾਦਗੀ ਅਤੇ ਫਕੀਰੀ `ਤੇ ਕਾਇਲ ਹੋ ਗਿਆ। ਉਨ੍ਹਾਂ ਦੀ ਪ੍ਰਤਿਭਾ ਦਾ ਮੇਰੇ `ਤੇ ਚੰਗਾ ਪ੍ਰਭਾਵ ਪਿਆ, ਜਿਸ ਤੋਂ ਸਾਡੀ ਦੋਸਤੀ ਦਾ ਮੁੱਢ ਬੱਝਾ। ਉਨ੍ਹਾਂ ਦਾ ਜਨਮ 10 ਦਸੰਬਰ 1914 ਨੂੰ ਪਿੰਡ ਜੜਤੌਲੀ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਦਿੱਤ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਨੇ ਮੇਉ ਕਾਲਜ ਲਾਹੌਰ ਵਿੱਚੋਂ ਸਿਵਲ ਇੰਜੀਨੀਅਰਿੰਗ ਕੀਤੀ। ਮਾਤਾ ਜਦੋਂ ਰੱਬ ਨੂੰ ਪਿਆਰੀ ਹੋ ਗਈ ਤਾਂ ਉਹ ਆਪਣੇ ਦਾਦਾ ਦਯਾ ਸਿੰਘ ਜੀ ਕੋਲ ਪਿੰਡ ਜੜਤੌਲੀ ਆ ਗਏ। ਸੰਨ 1929 ਵਿੱਚ ਦਾਦਾ ਜੀ ਦਾ ਦੇਹਾਂਤ ਹੋ ਗਿਆ। ਜ਼ਿੰਦਗੀ ਵਿੱਚ ਅਨੇਕਾਂ ਉਤਰਾਅ-ਚੜ੍ਹਾਅ ਆਏ, ਪਰ ਉਹ ਡੋਲੇ ਨਹੀਂ ਤੇ ਗੁਰੂ ਦਾ ਮਿੱਠਾ ਭਾਣਾ ਮੰਨ ਕੇ ਆਪਣਾ ਰਸਤਾ ਖੁਦ ਲੱਭਦੇ ਰਹੇ।
ਸੰਨ 1931 ਵਿੱਚ ਕਲੱਕਤਾ (ਬੰਗਾਲ) ਵਿਖੇ ਨਾਮਵਾਰ ਚਿੱਤਰਕਾਰ ਐਸ.ਜੀ. ਠਾਕਰ ਸਿੰਘ ਕੋਲ ਚਿੱਤਰਕਾਰੀ ਦੀ ਮੁਢਲੀ ਸਿੱਖਿਆ ਲਈ ਤੇ ਛੇਤੀ ਹੀ ਆਪਣੀ ਮਿਹਨਤ, ਲਗਨ ਤੇ ਹਿੰਮਤ ਨਾਲ ਇੱਕ ਆਰਟ ਸਟੂਡੀਓ ‘ਤ੍ਰਿਲੋਕ ਸ਼ਿਲਪ ਅਸਥਾਨ’ ਦੀ ਸਥਾਪਨਾ ਕੀਤੀ ਅਤੇ ਸੰਨ 1937 ਤੱਕ ਕਲਾ ਦੇ ਪਿੜ ਵਿੱਚ ਨਿੱਠ ਕੇ ਕੰਮ ਕੀਤਾ। ਸ. ਤ੍ਰਿਲੋਕ ਸਿੰਘ ਨੂੰ ਬਚਪਨ ਤੋਂ ਹੀ ਪੜ੍ਹਨ-ਲਿਖਣ ਦਾ ਸ਼ੌਕ ਸੀ। ਘਾਟ ਘਾਟ ਦਾ ਪਾਣੀ ਪੀਤਾ ਸੀ, ਜਿਸ ਕਾਰਨ ਉਹ ਅਨੇਕਾਂ ਭਾਸ਼ਾਵਾਂ ਦੇ ਗਿਆਤਾ ਸਨ। ਪੰਜਾਬੀ ਤਾਂ ਉਨ੍ਹਾਂ ਦੀ ਮਾਂ ਬੋਲੀ ਸੀ, ਪਰ ਆਸਾਮ ਤੇ ਬੰਗਾਲ ਵਿੱਚ ਰਹਿਣ ਕਾਰਨ ਅਸਾਮੀ, ਬੰਗਾਲੀ ਦਾ ਵੀ ਚੰਗਾ ਚੋਖਾ ਗਿਆਨ ਹੋ ਗਿਆ। ਅੰਗਰੇਜ਼ੀ ਤੋਂ ਉਰਦੂ ਦਾ ਵੀ ਲੋੜ ਅਨੁਸਾਰ ਡੰਗ ਟਪਾ ਲੈਂਦੇ ਸਨ। ਕਲਕੱਤਾ ਪੰਜਾਬੀਆਂ ਤੇ ਦੇਸ਼ ਭਗਤਾਂ ਦਾ ਗੜ੍ਹ ਸੀ ਅਤੇ ਇਨ੍ਹਾਂ ਦੀ ਦੋਸਤੀ ਤੇ ਸਨੇਹ ਭਾਈ ਮੁਨਸ਼ਾ ਸਿੰਘ ਦੁਖੀ, ਸ. ਸੁਦਾਗਰ ਸਿੰਘ ਭਿਖਾਰੀ (ਕਵੀ), ਸ. ਸਾਹਿਬ ਸਿੰਘ ਸਨੇਹੀ ਤੇ ਸ. ਨਿਰੰਜਨ ਸਿੰਘ ਤਾਲਿਬ ਨਾਲ ਹੋ ਗਈ, ਜੋ ਕਲਕੱਤੇ ਦੇ ਪੰਜਾਬ ਭਾਈਚਾਰੇ ਵਿੱਚ ਮੋਢੀ ਤੇ ਮਕਬੂਲ ਸਨ।
ਫਿਰ ਸ. ਤ੍ਰਿਲੋਕ ਸਿੰਘ ਨੂੰ ਸੰਨ 1937 ਤੋਂ 1943 ਤੱਕ ਨਵਗਾਂਵ ਅਤੇ ਸ਼ਿਲਾਂਗ (ਅਸਾਮ) ਤੋਂ ਸੰਨ 1943 ਤੋਂ 1948 ਤੱਕ ਪਿੰਡ ਜੜਤੋਲੀ (ਲੁਧਿਆਣਾ) ਅਤੇ ਕੁਝ ਸਮਾਂ ਮੇਰਠ ਰਹਿਣ ਦਾ ਮੌਕਾ ਮਿਲਿਆ। ਹੁਣ ਤੱਕ ਉਨ੍ਹਾਂ ਦੀ ਕਲਾ ਵਿੱਚ ਕਾਫੀ ਨਿਖਾਰ ਆ ਚੁੱਕਾ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦੀ ਮੁਲਾਕਾਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਹੋਈ। ਉਨ੍ਹਾਂ ਦੇ ਦਰਸ਼ਨ ਤੇ ਸੰਗਤ ਸ. ਤ੍ਰਿਲੋਕ ਸਿੰਘ ਲਈ ਸੋਨੇ `ਤੇ ਸੁਹਾਗਾ ਸਿੱਧ ਹੋਇਆ। ਉਨ੍ਹਾਂ ਭਾਈ ਰਣਧੀਰ ਸਿੰਘ ਦਾ ਨਿਹੰਗੀ ਬਾਣੇ ਸ਼ਸ਼ਤਰ ਵਸਤਰਾਂ ਨਾਲ ਸਾਹਮਣੇ ਖੜ੍ਹਾ ਕਰ ਇੱਕ ਲਾਈਫ ਸਾਈਜ਼ ਪੋਰਟਰੇਟ ਨੂੰ ਆਪਣੇ ਬੁਰਸ਼ ਦੀਆਂ ਛੋਹਾਂ ਨਾਲ ਸਾਕਾਰ ਕੀਤਾ। ਇਹ ਇਨ੍ਹਾਂ ਦੀ ਮੁਢਲੀ ਜ਼ਿੰਦਗੀ ਦਾ ਇੱਕ ਯਾਦਗਾਰੀ, ਮਿਆਰੀ ਤੇ ਇਤਿਹਾਸਕ ਸ਼ਾਹਕਾਰ ਹੈ, ਜਿਸ ਤੋਂ ਖੁਸ਼ ਹੋ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਇੱਕ ਵਿਸਤਾਰ ਪ੍ਰੇਮ ਪੱਤਰ ਕਲਾਕਾਰ ਨੂੰ ਲਿਖਿਆ, ਜੋ ਉਸ ਲਈ ਅਲਾਦੀਨ ਦੇ ਚਿਰਾਗ ਵਾਂਗ ਜਾਪਿਆ।
ਚਿੱਤਰਕਾਰ ਤ੍ਰਿਲੋਕ ਸਿੰਘ ਸੰਨ 1948-1956 ਤੱਕ ਪਟਿਆਲਾ, ਜੋ ਉਸ ਸਮੇਂ ਪੈਪਸੂ ਸੀ, ਵਿੱਚ ਸਟੇਟ ਆਰਟਿਸਟ ਲੱਗਣ ਦਾ ਮਾਣ ਮਿਲਿਆ। ਸੰਨ 1951 ਵਿੱਚ ਪੰਜਾਬੀ ਮਹਿਕਮੇ ਵਿੱਚ ਪ੍ਰਵੇਸ਼ ਕੀਤਾ। ਇੱਥੇ ਨਾਮਵਰ ਇਤਿਹਾਸਕਾਰ ਡਾ. ਗੰਡਾ ਸਿੰਘ ਤੇ ਸਵਾਮੀ ਕੇਸ਼ਵਾਨੰਦ ਦੇ ਸੰਪਰਕ ਵਿੱਚ ਆਏ। ਸਵਾਮੀ ਕੇਸ਼ਵਾਨੰਦ ਨੇ 33 ਪੇਟਿੰਗਾਂ ਲੈ ਕੇ ਸੰਘਰੀਆਂ (ਰਾਜਸਥਾਨ) ‘ਤ੍ਰਿਲੋਕ ਕਲਾ ਕਕਸ਼’ ਬਣਾ ਕੇ ਲਾਈਆਂ ਅਤੇ ਸਨਮਾਨਿਤ ਕੀਤਾ। ਡਾ. ਗੰਡਾ ਸਿੰਘ ਨਾਲ ਮਹਾਨ ਕੋਸ਼ ਦਾ ਕੰਮ ਕੀਤਾ ਤੇ ਅਨੇਕਾਂ ਕਿਤਾਬਾਂ ਦੇ ਟਾਈਟਲ ਤੇ ਅੰਦਰੂਨ ਨੂੰ ਕਲਾ ਦਾ ਰੂਪ ਦਿੱਤਾ। ਇਸੇ ਤਰ੍ਹਾਂ ਕਲਾਕਾਰ ਨੇ ਸੰਨ 1956 ਤੋਂ ਸੰਨ 1973 ਤੱਕ ਭਾਸ਼ਾ ਵਿਭਾਗ ਪੰਜਾਬ (ਪਟਿਆਲਾ) ਵਿਖੇ ਚਿੱਤਰਕਲਾ ਦੀ ਜੋਤ ਨੂੰ ਮਘਾਈ ਰੱਖਿਆ।
ਸੰਨ 1973 ਵਿੱਚ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਇੱਕ ਸਟੇਟ ਲੈਵਲ ਦਾ ਫੰਕਸ਼ਨ ਚਿੱਤਰਕਾਰ ਤ੍ਰਿਲੋਕ ਸਿੰਘ ਦੇ ਘਰ ਨੇੜੇ ਮੋਦੀ ਕਾਲਜ ਪਟਿਆਲਾ ਕੀਤਾ। ਗਿਆਨੀ ਜ਼ੈਲ ਸਿੰਘ ਨੇ ਘਰ ਵਿੱਚ ਸ. ਤ੍ਰਿਲੋਕ ਸਿੰਘ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਤੇ ਕਲਾਕਾਰ ਨੂੰ ਚੰਗਾ ਨਗਦ ਅਵਾਰਡ ਦੇ ਕੇ ਨਿਵਾਜਿਆ। ਪੰਜਾਬ ਦੇ ਕਲਾ ਜਗਤ ਦੇ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਸੀ, ਜਦੋਂ ਸੂਬੇ ਦਾ ਮੁਖੀ ਘਰ ਆ ਕੇ ਸਨਮਾਨ ਕਰੇ। ਇਹ ਕਲਾਕਾਰ ਲਈ ਇੱਕ ਬੜੇ ਮਾਣ ਦੀ ਗੱਲ ਸੀ।
ਜਦੋਂ ਅਸੀਂ ਚਿੱਤਰਕਾਰ ਦੀ ਕਲਾ ਦੇ ਵਿਸ਼ਾ ਵਸਤੂ ਵੱਲ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਉਸ ਨੇ ਸਿੱਖ ਇਤਿਹਾਸ, ਪੰਜਾਬੀ, ਸਭਿਆਚਾਰ, ਭੂੰ ਦ੍ਰਿਸ਼ (ਲੈਡਸਕੇਪ), ਪੋਰਟਰੇਟਸ, ਪਸ਼ੂ, ਪੰਛੀ, ਜਨ ਜੀਵਨ ਆਦਿ ਸਾਰਿਆਂ ਵਿਸ਼ਿਆਂ ਨੂੰ ਹੀ ਆਪਣੇ ਬੁਰਸ਼ਾਂ ਦੀਆਂ ਛੋਹਾਂ ਨਾਲ ਸਾਕਾਰ ਕੀਤਾ ਹੈ। ਕਲਾਕਾਰ ਵਿਰਸੇ ਵਿੱਚ ਸਿੱਖ ਧਰਮ ਦੇ ਸੰਸਕਾਰਾਂ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਗੁਰੂ ਸਾਹਿਬਾਨ ਦਾ ਜੀਵਨ, ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ, ਸ਼ਹੀਦਾਂ, ਸੂਰਮੇ ਯੋਧਿਆਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਬੜੇ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਹੈ। ਇੱਕ ਪੇਂਟਿੰਗ ਗੁਰੂ ਨਾਨਕ ਦੇਵ ਜੀ ਦਾ ਜੀਵਨ ਚਿੱਤਰਣ 19 ਸਿਤਾਰਾਂ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਕਲਾਕਾਰ ਦੀ ਸੋਚ ਉਡਾਰੀ ਨੇ ਦੁਨੀਆ ਦੇ ਲੋਕਾਂ ਨੂੰ ਵਹਿਮਾਂ-ਭਰਮਾਂ, ਅਗਿਆਨਤਾ ਦੀ ਧੁੰਧ ਨੂੰ ਹਟਾ ਕੇ ਗਿਆਨ ਦੀ ਰੋਸ਼ਨੀ ਦੇਣ ਲਈ ਦੁਨੀਆ `ਤੇ ਪ੍ਰਕਾਸ਼ ਧਾਰਿਆ। ਗੁਰੂ ਨਾਨਕ ਸਾਹਿਬ ਦਾ ਨੂਰੀ ਚਿਹਰਾ, ਅੱਖਾਂ ਵਿੱਚ ਨਾਮ ਖੁਮਾਰੀ ਤੇ ਅਧਿਆਤਮਕ ਰੰਗਾਂ ਵਿੱਚ ਰੰਗਿਆ ਗਿਆ। ਇਹ ਖੂਬਸੂਰਤ ਚਿੱਤਰ ਬਾ-ਕਮਾਲ ਹੈ। ਇਸੇ ਤਰ੍ਹਾਂ ‘ਤੀਰਥ ਨਾਵਨ ਜਾਉ ਤੀਰਥ ਨਾਮੁ ਹੈ’ ਗੁਰੂ ਨਾਨਕ ਦੇਵ ਜੀ ਦੇ ਚਿੱਤਰ ਵਿੱਚ ਵਿੱਚ ਕਲਾਕਾਰ ਦਾ ਡੂੰਘਾ ਰਹੱਸ ਲੁਕਿਆ ਹੋਇਆ ਹੈ। ਤਸਵੀਰ ਰਾਹੀਂ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਤੀਰਥਾਂ `ਤੇ ਜਾ ਕੇ ਇਸ਼ਨਾਨ ਕਰਨ ਨਾਲ ਕੇਵਲ ਬਾਰਹੀ ਸਰੀਰ ਨੂੰ ਹੀ ਧੋਇਆ ਜਾ ਸਕਦਾ ਹੈ। ਜੇ ਕਿਰਤ ਕਰਦੇ ਹੋਏ ਵੀ ਅਸੀਂ ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਕੇ ਰੱਖੀਏ ਤਾਂ ਉਹ ਹੀ ਤੀਰਥ ਹੈ ਤੇ ਮਨ ਦਾ ਇਸ਼ਨਾਨ ਕੀਤਾ ਜਾ ਸਕਦਾ ਹੈ। ਇਸ ਵਿੱਚ ਕਲਾਕਾਰ ਨੇ ਗੁਰੂ ਸਾਹਿਬ ਨੂੰ ਕਿਸੇ ਦਰਿਆ ਦੇ ਕੰਢੇ ਆਪਣੀ ਇੱਕ ਉਦਾਸੀ ਵਿੱਚ ਦੀਨ ਦੁਨੀਆ ਨੂੰ ਤਾਰਨ ਸਮੇਂ ਦੀ ਪੇਂਟਿੰਗ ਹੈ। ਹਲਕੇ-ਹਲਕੇ ਰੰਗਾਂ ਦੀਆਂ ਛੋਹਾਂ, ਗੁਰੂ ਸਾਹਿਬ ਦਾ ਸ਼ਾਂਤ ਚਿਤ ਚਿਹਰਾ ਤੇ ਅਕਾਸ਼ ਵੱਲ ਉਂਗਲ ਦਾ ਇਸ਼ਾਰਾ ਇੱਕੋ ਅਕਾਲ ਦਾ ਸੰਕੇਤ ਪ੍ਰਗਟ ਕਰਦਾ ਹੈ।
‘ਨਾਨਕ ਲੇਖੇ ਇੱਕ ਗਲ’ ਵਿੱਚ ਚਿੱਤਰਕਾਰ ਨੇ ਬਹੁਤ ਹੀ ਖੂਬਸੂਰਤੀ ਨਾਲ ਗੁਰੂ ਨਾਨਕ ਸਾਹਿਬ ਨੂੰ ਭਗਤੀ ਵਿੱਚ ਲੀਨ ਅਤੇ ਭਾਈ ਮਰਦਾਨੇ ਨੂੰ ਰਬਾਬ ਵਜਾਉਂਦੇ ਤੇ ਭਾਈ ਬਾਲੇ ਨੂੰ ਹੱਥ ਵਿੱਚ ਚੌਰ ਫੜੀ ਅਰਾਧਨਾ ਕਰਦੇ ਦਰਸਾਇਆ ਹੈ। ਪਿੱਠ ਭੂਮੀ ਵਿੱਚ ਪ੍ਰਾਕ੍ਰਿਤੀ ਦੇ ਸੁੰਦਰ ਜਲਵਿਆਂ ਨੂੰ ਮੂਰਤੀਮਾਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦਾ ਸਰੂਪ ਭਗਤੀ ਤੇ ਅਧਿਆਤਮਕ ਪੱਖਾਂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੇ ਹੋਰ ਵੀ ਅਨੇਕਾਂ ਚਿੱਤਰ ਗੁਰੂ ਦੇ ਸ਼ਬਦਾਂ ਦੀ ਹੀ ਵਿਆਖਿਆ ਕਰਨ ਵਿੱਚ ਸਫਲ ਉਤਰਦੇ ਹਨ। ਜਿਸ ਤਰ੍ਹਾਂ ਕਲਾਕਾਰ ਵੱਲੋਂ ਬਣਾਇਆ ਗਿਆ ਚਿੱਤਰ ‘ਜਿਉ ਕਰ ਸੂਰਜ ਨਿਕਲਿਆ’, ‘ਥਾਲ ਵਿਚਿ ਤਿਨਿ ਵਸਤੂ ਪਈਓ’, ‘ਏਕ ਨੂਰ ਤੇ ਸਭਿ ਜਗੁ ਉਪਜਿਓ’, ‘ਜੈਸੀ ਮੈ ਆਵੇ ਖਸਮੁ ਕੀ ਬਾਣੀ’ ਵਿਸ਼ਾ-ਵਸਤੂ `ਤੇ ਪੂਰੀ ਉਤਰਦੀ ਹੈ ਤੇ ਵੇਖਣ ਵਾਲਿਆਂ ਦੇ ਹਿਰਦੇ ਗੁਰੂ ਦੇ ਉਪਦੇਸ਼ ਅੱਗੇ ਸਿਰ ਨਿਵਾਉਂਦੇ ਹਨ।
ਚਿੱਤਰਕਾਰ ਤ੍ਰਿਲੋਕ ਸਿੰਘ ਅਜਿਹਾ ਚਿੱਤਰਕਾਰ ਹੈ, ਜਿਸ ਨੇ ਗੁਰੂ ਨਾਨਕ ਦੇਵ ਜੀ ਤੋਂ ਬਿਨਾ ਦੂਜੇ ਗੁਰੂ ਸਾਹਿਬਾਨ ਨੂੰ ਵੀ ਪੂਰੀ ਸ਼ਿੱਦਤ ਨਾਲ ਪੇਂਟ ਕੀਤਾ ਹੈ। ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ਤੇ ‘ਤੇਰਾ ਕੀਆ ਮੀਠਾ ਲਾਗੇ’, ‘ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਦਾ ਅਨੇਕਾਂ ਯਾਦਾਂ ਨੂੰ ਆਪਣੇ ਰੰਗਾਂ ਤੇ ਬੁਰਸ਼ਾਂ ਦੀ ਛੋਹ ਨਾਲ ਪ੍ਰਗਟ ਕੀਤਾ ਹੈ। ਜਿਨ੍ਹਾਂ ਵਿੱਚ ‘ਮਿੱਤਰ ਪਿਆਰੇ ਨੂੰ’, ‘ਉੱਚ ਦਾ ਪੀਰ’, ‘ਰੰਘਰੇਟਾ ਗੁਰੂ ਕਾ ਬੇਟਾ’, ‘ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ’, ‘ਗੁਰੂ ਗੋਬਿੰਦ ਸਿੰਘ ਡੱਲਾ’ ਵਿੱਚ ਕਲਾਕਾਰ ਦੀ ਕਲਾ ਕੌਸ਼ਲਤਾ ਨੇ ਉਸ ਨੂੰ ਕਲਾ ਪੁੰਜ ਦੇ ਤੌਰ `ਤੇ ਅਮਰ ਕਰ ਦਿੱਤਾ ਹੈ।
ਚਿੱਤਰਕਾਰ ਦਾ ਵਿਸ਼ਾ ਵਸਤੂ ਬਹੁਪੱਖੀ ਤੇ ਅਮੁਕ ਹੈ। ਉਸ ਨੇ ਈਸਾ ਮਸੀਹ, ਭਗਵਾਨ ਰਾਮ, ਬਾਬਾ ਰਾਮ ਸਿੰਘ, ਬੀਬੀ ਸ਼ਰਨ ਕੌਰ, ਵਾਰਿਸ਼ ਸ਼ਾਹ, ਭਾਈ ਸੰਤੋਖ ਸਿੰਘ, ਕਾਦਰਯਾਰ, ਪ੍ਰੋ. ਭਾਈ ਗੁਰਮੁਖ ਸਿੰਘ, ਸਾਧੂ ਦਿਆ ਸਿੰਘ ਆਰਿਫ, ਫਿਰੋਜ਼ਦੀਨ ਸ਼ਰਫ, ਲਾਲਾ ਕ੍ਰਿਪਾ ਸਾਗਰ, ਸੰਤ ਇੰਦਰ ਸਿੰਘ ਚਕਰਵਰਤੀ, ਸ. ਚਰਨ ਸਿੰਘ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਬੜੇ ਹੀ ਸ਼ਨਾਦਾਰ ਪੋਰਟਰੇਟ ਨੂੰ ਸਾਕਾਰ ਕਰ ਕੇ ਪੰਜਾਬੀ ਮਾਂ ਬੋਲੀ ਦੇ ਸੱਚੇ ਦੁਲਾਰਿਆਂ ਨੂੰ ਯਾਦ ਕੀਤਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਚਿੱਤਰ ਲੜੀ ਵਿੱਚ ਜੇ ਪੰਜਾਬ ਦੇ ਅਮੀਰ ਸਭਿਆਚਾਰ ਦੀ ਗੱਲ ਨਾ ਕਰੀਏ ਤਾਂ ਉਨ੍ਹਾਂ ਨਾਲ ਇਨਸਾਫ ਨਹੀਂ ਹੋਵੇਗਾ। ਹੀਰ-ਰਾਂਝਾ, ਸੱਸੀ-ਪੰਨੂ, ਸੋਹਣੀ-ਮਹੀਂਵਾਲ, ਪਿੰਡਾਂ ਦੇ ਜਨ ਜੀਵਨ ਵਿੱਚ ਕੰਮ ਕਰਨ ਵਾਲੇ ਕੋਹਲੂ, ਖਰਾਦ, ਗੱਡਾ, ਖੂਹ ਤੇ ਹਲਟ ਨੂੰ ਵੀ ਪੇਂਟ ਕਰਨ ਸਮੇਂ ਉਨ੍ਹਾਂ ਵਿਸਾਰਿਆ ਨਹੀਂ।
ਚਿੱਤਰਕਾਰ ਤ੍ਰਿਲੋਕ ਸਿੰਘ ਪੰਜਾਬ ਦਾ ਅਜਿਹਾ ਵਿਰਲਾ ਚਿੱਤਰਕਾਰ ਹੈ, ਜਿਨ੍ਹਾਂ ਦੀ ਕਲਾ ਤੇ ਜੀਵਨ ਉਤੇ ਪੰਜਾਬੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਵੱਲੋਂ ਉਨ੍ਹਾਂ ਦੀ ਨਿੱਘੀ ਯਾਦ ਵਿੱਚ ਐਮ.ਏ. ਫਾਈਨ ਆਰਟਸ ਦੇ ਅਵੱਲ ਆਉਣ ਵਾਲੇ ਵਿਦਿਆਰਥੀ ਨੂੰ ਹਰ ਸਾਲ ਗੋਲਡ ਮੈਡਲ ਦੇ ਕੇ ਨਿਵਾਜਿਆ ਜਾਂਦਾ ਹੈ। ਚਿੱਤਰਕਾਰ ਨਾਲ ਮੇਰਾ ਅਥਾਹ ਪਿਆਰ ਸੀ। ਉਹ ਅਨੇਕਾਂ ਖੁਸ਼ੀਆਂ ਵਿੱਚ ਮੈਨੂੰ ਆਪਣੀ ਅਸੀਸ ਦੇਣ ਹਿੱਤ ਮੇਰੇ ਸ਼ਹਿਰ ਚੰਡੀਗੜ੍ਹ ਆਉਂਦਾ ਰਿਹਾ। ਜ਼ਿੰਦਗੀ ਦੇ ਅੰਤਲੇ ਦਿਨਾਂ ਤੱਕ ਉਹ ਮੇਰੇ ਨਾਲ ਦਿਲੋਂ ਜੁੜੇ ਰਹੇ। ਅੰਤ 11 ਦਸੰਬਰ 1990 ਨੂੰ ਉਨ੍ਹਾਂ ਇਸ ਫਾਨੀ ਸੰਸਾਰ ਤੋਂ ਕੁਚ ਕੀਤਾ ਤੇ ਆਪਣੀਆਂ ਬੇਗਿਣਤ ਯਾਦਾਂ ਛੱਡ ਗਏ। ਆਪਣੀ ਹਯਾਤੀ ਵਿੱਚ ਉਨ੍ਹਾਂ ਮੈਨੂੰ ਕਰੀਬ ਤੀਹ ਖੱਤ (ਪੱਤਰ) ਲਿਖੇ, ਉਹ ਸਾਰੇ ਹੀ ਮੇਰੇ ਲਈ ਯਾਦਗਾਰੀ ਹਨ, ਜਿਨ੍ਹਾਂ ਨੂੰ ਮੈਂ ਦੂਜੀਆਂ ਚਿੱਠੀਆਂ ਦੇ ਨਾਲ ਸਿੱਖ ਆਰਕਾਈਵਜ਼ ਕੈਨੇਡਾ ਨੂੰ ਦੇਣ ਦਾ ਸੰਕਲਪ ਕੀਤਾ ਹੈ।
ਇੱਕ ਬੇਨਿਆਜ਼ ਹਸਤੀ, ਪਰਉਪਕਾਰੀ ਸੁਭਾਅ ਦੇ ਮਾਲਕ, ਬਹੁਪੱਖੀ ਪ੍ਰਤਿਭਾ ਦੇ ਲਖਾਇਕ ਮਹਾਨ ਚਿੱਤਰਕਾਰ ਸ. ਤ੍ਰਿਲੋਕ ਸਿੰਘ ਭਾਵੇਂ ਜਿਸਮਾਨੀ ਤੌਰ `ਤੇ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀਆਂ ਨਿੱਘੀਆਂ ਯਾਦਾਂ, ਉਨ੍ਹਾਂ ਦੀ ਮਹਿਕ ਸਦਾ ਸੱਤ ਸਮੁੰਦਰ ਪਾਰ ਵਾਲੇ ਵੀ ਮਾਣਦੇ ਰਹਿਣਗੇ। ਉਨ੍ਹਾਂ ਦਾ ਨਾਂ ਸਦਾ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ।

Leave a Reply

Your email address will not be published. Required fields are marked *