ਤਰਲੋਚਨ ਸਿੰਘ ਭੱਟੀ
ਫੋਨ: +91-9876502607
ਕਾਮਸੂਤਰ ਰਿਸ਼ੀ ਵਾਤਸਾਯਨ ਦੀ ਸੰਸਕ੍ਰਿਤ `ਚ ਲਿਖੀਆਂ ਰਚਨਾਵਾਂ ਦਾ ਇੱਕ ਸੰਗ੍ਰਹਿ ਹੈ, ਜਿਸ ਨੂੰ ਕੋਕਸ਼ਾਸ਼ਤਰ ਜਾਂ ਕਾਮਸ਼ਾਸ਼ਤਰ ਵੀ ਕਿਹਾ ਜਾਂਦਾ ਹੈ। ਪੱਛਮੀ ਜਗਤ ਵਿੱਚ ਇਸ ਨੂੰ ਇੱਕ ਕਾਮਿਕ ਸਾਹਿਤ ਵਜੋਂ ਵੇਖਿਆ ਗਿਆ ਹੈ। ਭਾਰਤ ਵਿੱਚ ਬਹੁਤ ਸਾਰੇ ਲੋਕ ਇਸ ਨੂੰ ਮਹਿਜ਼ ਸਰੀਰਕ ਸਬੰਧਾਂ ਬਾਰੇ ਦੱਸਣ ਵਾਲੀ ਕਿਤਾਬ ਹੀ ਸਮਝਦੇ ਹਨ। ਆਧੁਨਿਕ ਧਰਮਾਂ ਮੁਤਾਬਕ ‘ਸਰੀਰ ਇੱਕ ਨਾਸ਼ਵਾਨ ਹੈ, ਸਰੀਰਕ ਸੁੱਖ ਵਿਅਰਥ ਹੈ ਅਤੇ ਇਸ ਦੀ ਇੱਛਾ ਇੱਕ ਪਾਪ ਹੈ।
ਸੈਕਸ ਦਾ ਇੱਕੋ ਉਦੇਸ਼ ਬੱਚੇ ਪੈਦਾ ਕਰਨਾ ਹੋਣਾ ਚਾਹੀਦਾ ਹੈ।’ ਇਸ ਧਾਰਨਾ ਦੇ ਉਲਟ ਪ੍ਰਾਚੀਨ ਭਾਰਤੀ ਰਿਸ਼ੀ ਵਾਤਸਯਾਨ ਗੰਗਾ ਕੰਢੇ ਬੈਠੇ ਕਾਮਸੂਤਰ ਵਰਗੇ ਗ੍ਰੰਥ ਦੀ ਰਚਨਾ ਕਰ ਸਕਦੇ ਸਨ ਅਤੇ ਉਨ੍ਹਾਂ ਨੇ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਸਰੀਰਕ ਸੁੱਖ ਚੰਗੀ ਚੀਜ਼ ਹੈ ਅਤੇ ਇਸ ਨੂੰ ਕਿਵੇਂ ਸਹੀ ਢੰਗ ਨਾਲ ਹਾਸਲ ਕੀਤਾ ਜਾ ਸਕਦਾ ਹੈ। ਲੱਗਦਾ ਹੈ, ‘ਕਾਮਸੂਤਰ’ ਕਿਤਾਬ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਗਿਆ ਜਾਂ ਗਲਤ ਸਮਝਿਆ ਗਿਆ ਹੈ। ਜੇ ਇਸ ਕਿਤਾਬ ਦੀ ਬਣਤਰ ਅਤੇ ਸਮੱਗਰੀ ਨੂੰ ਡੂੰਘਾਈ ਨਾਲ ਸਮਝੀਏ ਤਾਂ ਕਾਮਸੂਤਰ ਬਾਰੇ ਸਾਡੀਆਂ ਗਲਤ ਧਾਰਨਾਵਾਂ ਦੂਰ ਹੋ ਸਕਦੀਆਂ ਹਨ। ਬੀ.ਬੀ.ਸੀ. ਪੰਜਾਬੀ ਨੇ ਇਸ ਬਾਰੇ ਖੋਜ ਕੀਤੀ ਹੈ।
ਖੋਜੀ ਵਿਦਵਾਨਾਂ ਦੀ ਰਾਇ ਹੈ ਕਿ ਕਾਮਸੂਤਰ ਕਿਤਾਬ ਤੀਜੀ ਜਾਂ ਚੌਥੀ ਸਦੀ ਈਸਾ ਪੂਰਵ ਵਿੱਚ ਲਿਖੀ ਗਈ ਸੀ, ਪਰ ਰਚਨਾਕਾਲ ਬਾਰੇ ਸਹੀ ਜਾਣਕਾਰੀ ਉਪਲਬੱਧ ਨਹੀਂ ਹੈ। ਅਸਲ ਵਿੱਚ ਇਹ ਇੱਕ ਕਿਤਾਬ ਨਹੀਂ, ਸਗੋਂ ਸੱਤ ਕਿਤਾਬਾਂ ਦਾ ਸੰਗ੍ਰਹਿ ਹੈ, ਜਿਸ ਦੇ 64 ਭਾਗ, 36 ਅਧਿਆਏ ਅਤੇ 1250 ਆਇਤਾਂ/ਸਲੋਕ ਹਨ, ਜੋ ਕਵਿਤਾ ਅਤੇ ਗਲਪ ਦਾ ਮਿਸ਼ਰਣ ਹੈ। ਵਿਦਵਾਨਾਂ ਅਨੁਸਾਰ ਕਾਮਸੂਤਰ ਦੀਆਂ ਸੱਤ ਕਿਤਾਬਾਂ ਦੇ ਸੰਗ੍ਰਹਿ ਵਿੱਚ ਪਹਿਲੀ ਕਿਤਾਬ ਚੰਗੀ ਜ਼ਿੰਦਗੀ ਜਿਉਣ ਬਾਰੇ ਹੈ। ਇਹ ਧਰਮ, ਨੈਤਿਕ ਕਦਰਾਂ-ਕੀਮਤਾਂ, ਆਰਥਿਕ ਕਦਰਾਂ-ਕੀਮਤਾਂ, ਕਾਮ, ਭੌਤਿਕ ਮੁੱਲ ਅਤੇ ਸੈਕਸ ਬਾਰੇ ਗੱਲ ਕਰਦੀ ਹੈ, ਜਦਕਿ ਦੂਜੀ ਕਿਤਾਬ ਕਾਮ ਦੀ ਖੇਡ ਅਤੇ ਸੰਭੋਗ ਦੇ ਆਸਣਾਂ ਬਾਰੇ ਹੈ। ਸੱਤ ਕਿਤਾਬਾਂ ਦੇ ਸੰਗ੍ਰਹਿ ਦੀ ਇੱਕ ਹੋਰ ਕਿਤਾਬ ਘਰ ਦੀ ਸਜਾਵਟ ਅਤੇ ਵਾਸਤੂਕਲਾ ਬਾਰੇ ਵੀ ਹੈ। ਕਿਤਾਬ ਦੱਸਦੀ ਹੈ ਕਿ ਤੁਸੀਂ ਕਾਮ ਅਤੇ ਖੁਸ਼ੀ ਦੀ ਭਾਵਨਾ ਵਧਾਉਣ ਲਈ ਕਿਸੇ ਥਾਂ ਨੂੰ ਕਿਵੇਂ ਬਣਾ/ਸਜਾ ਸਕਦੇ ਹੋ। ਕਾਮਸੂਤਰ ਵਿੱਚਲੀ ਇੱਕ ਹੋਰ ਕਿਤਾਬ ਵਿੱਚ ਭਾਂਤ-ਭਾਂਤ ਦੀਆਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਹੈ। ਰਿਸ਼ੀ ਵਾਤਸਯਾਨ ਵੱਲੋਂ ਇਸਤਰੀ-ਪੁਰਸ਼ ਦੇ ਸਰੀਰਕ ਸਬੰਧਾਂ ਦੇ ਨਾਲ ਨਾਲ ਉਨ੍ਹਾਂ ਦੇ ਪਿਆਰ ਤੇ ਭਾਵਨਾਤਮਕ ਰਿਸ਼ਤਿਆਂ ਬਾਰੇ ਵੀ ਟਿੱਪਣੀ ਕੀਤੀ ਗਈ ਹੈ ਅਤੇ ਸਰੀਰਕ ਸਬੰਧਾਂ ਬਾਰੇ ਗਲਤ ਧਾਰਨਾਵਾਂ ਨੂੰ ਰੱਦ ਕੀਤਾ ਗਿਆ ਹੈ। ਉਸ ਅਨੁਸਾਰ ਸੈਕਸ ਮਰਦ ਅਤੇ ਔਰਤ- ਦੋਹਾਂ ਦੀ ਇੱਕ ਸਰੀਰਕ ਲੋੜ ਹੈ, ਪਰ ਇਸ ਬਾਰੇ ਦੋਹਾਂ ਦੀਆਂ ਭਾਵਨਾਵਾਂ, ਕਿਰਿਆਵਾਂ, ਪ੍ਰਤੀਕਰਮ ਅਤੇ ਕਾਮੁਕਤਾ ਦੇ ਸਰੋਤ ਵੱਖਰੇ ਹੋ ਸਕਦੇ ਹਨ।
ਵਾਤਸਯਾਨ ਅਨੁਸਾਰ ਪੁਰਸ਼ਾਂ ਦੀ ਸਰੀਰਕ ਇੱਛਾ ਅੱਗ ਵਰਗੀ ਹੈ, ਜੋ ਜਨਣ ਅੰਗਾਂ ਤੋਂ ਸ਼ੁਰੂ ਹੋ ਕੇ ਸਿਰ ਤੱਕ ਜਾਂਦੀ ਹੈ। ਅੱਗ ਵਾਂਗ ਆਸਾਨੀ ਨਾਲ ਬੱਲਦੀ ਹੈ, ਤੇਜੀ ਨਾਲ ਫੈਲਦੀ ਹੈ ਅਤੇ ਜਲਦੀ ਬੁਝ ਵੀ ਜਾਂਦੀ ਹੈ। ਇਸ ਦੇ ਉਲਟ ਔਰਤ ਦੀ ਕਾਮ-ਇੱਛਾ ਪਾਣੀ ਦੀ ਨਿਆਂਈ ਹੈ, ਜਿਸ ਨੂੰ ਜਗਾਉਣ ਅਤੇ ਉੱਤਰਨ ਵਿੱਚ ਵੀ ਸਮਾਂ ਲੱਗਦਾ ਹੈ। ਵਾਤਸਯਾਨ ਨੇ ਇਸਤਰੀ-ਪੁਰਸ਼ ਦੇ ਸਰੀਰਕ ਸਬੰਧਾਂ ਦੇ ਨਾਲ ਨਾਲ ਉਨ੍ਹਾਂ ਦੇ ਪਿਆਰ ਅਤੇ ਭਾਵਨਾਤਮਕ ਰਿਸ਼ਤਿਆਂ ਬਾਰੇ ਵੀ ਟਿੱਪਣੀ ਕੀਤੀ ਹੈ ਕਿ ਉਹ ਪਿਆਰ ਵਿੱਚ ਹੋਣ ਅਤੇ ਲੜਨ ਦੀਆਂ ਗੱਲਾਂ ਵੀ ਕਰਦੇ ਹਨ। ਰਿਸ਼ਤਿਆਂ ਵਿੱਚ ਰੋਮਾਂਚ ਅਤੇ ਤਾਜ਼ਗੀ ਬਰਕਰਾਰ ਰੱਖਣ ਲਈ ਦੋਹਾਂ ਵਿੱਚ ਲੜਨਾ ਵੀ ਜ਼ਰੂਰੀ ਹੈ। ਜੇ ਦੋਹਾਂ ਵਿੱਚ ਪਿਆਰ ਨਹੀਂ ਤਾਂ ਲੜਾਈ ਭਿਆਨਕ ਵੀ ਹੋ ਸਕਦੀ ਹੈ। ਤੀਸਰਾ ਲਿੰਗ ਜਾਂ ਟਰਾਂਸਜੈਂਡਰ (ਹੀਜੜਾ) ਲੋਕਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜੋ ਮਰਦ ਅਤੇ ਔਰਤ ਹੋ ਸਕਦੇ ਹਨ, ਪਰ ਉਨ੍ਹਾਂ ਦੇ ਜਨਣ ਅੰਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ। ਇਸੇ ਤਰ੍ਹਾਂ ਨਿਪੁੰਸਕਤਾ (ਸਰੀਰਕ ਸਬੰਧ ਬਣਾਉਣ ਵਿੱਚ ਅਸਮਰਥਾ) ਮਰਦ ਅਤੇ ਔਰਤ ਦੋਹਾਂ ਵਿੱਚ ਹੋ ਸਕਦੀ ਹੈ।
ਪ੍ਰਾਚੀਨ ਵੈਦਿਕ ਭਾਰਤ ਵਿੱਚ ਟਰਾਂਸਜੈਂਡਰ ਲੋਕਾਂ ਨੂੰ ਸਮਾਜ ਤੋਂ ਆਪਣੀ ਪਛਾਣ ਛੁਪਾਉਣ ਦੀ ਲੋੜ ਨਹੀਂ ਸੀ, ਸਗੋਂ ਉਨ੍ਹਾਂ ਦੀ ਪਛਾਣ ਨੂੰ ਸਵਿਕਾਰਿਆ ਗਿਆ ਸੀ ਅਤੇ ਰਾਜ ਦਰਬਾਰੇ ਵੀ ਮਾਨਤਾ ਦਿੱਤੀ ਗਈ ਸੀ। ਇਹ ਵੱਖਰੀ ਗੱਲ ਹੈ ਕਿ ਅਜੋਕੇ ਸਮਾਜ ਵਿੱਚ ਸਮਲਿੰਗਤਾ ਨੂੰ ਸਵਿਕਾਰ ਕਰਨ ਬਾਰੇ ਅਜੇ ਵੀ ਬਹੁਤੀ ਖੁੱਲ੍ਹ ਨਹੀਂ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਮਲਿੰਗਤਾ ਸਵੀਕਾਰੇ ਜਾਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕਾਮਸੂਤਰ ਵਿੱਚ ਵੀ ਤੀਜੀ ਪ੍ਰਕਿਰਤੀ ਸ਼ਬਦ ਦੀ ਵਰਤੋਂ ਟਰਾਂਸਜੈਂਡਰ ਲਈ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਪਹਿਰਾਵੇ ਵਿੱਚ ਵੀ ਬਹੁਤੀ ਵਿਲੱਖਣਤਾ ਨਹੀਂ ਸੀ।
ਵਿਡੰਬਨਾ ਹੈ ਕਿ ਭਾਰਤੀ ਗ੍ਰੰਥਾਂ ਵਿੱਚ ਲਿੰਗ ਅਤੇ ਲਿੰਗਕ ਵਖਰੇਵਿਆਂ ਦਾ ਸਥਾਨ ਹੋਣ ਅਤੇ ਭਾਰਤ ਦੇ ਲੋਕ ਇਸ ਨੂੰ ਸਮਝਦੇ ਹੋਣ ਦੇ ਬਾਵਜੂਦ ਕਾਮਸੂਤਰ ਤੇ ਤੀਜੇ ਲਿੰਗ ਬਾਰੇ ਗਲਤ ਧਾਰਨਾਵਾਂ ਕਿਉਂ ਪੈਦਾ ਹੋਈਆਂ? ਜਦੋਂ ਅੰਗਰੇਜ਼ ਭਾਰਤ ਆਏ ਤਾਂ ਇਸ ਬਾਰੇ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਸੀ ਕਿ ਮਰਦ ਔਰਤਾਂ ਵਾਲੇ ਤੇ ਔਰਤ ਮਰਦਾਂ ਵਾਲੇ ਕੱਪੜੇ ਕਿਵੇਂ ਪਾ ਸਕਦੇ ਹਨ ਅਤੇ ਟਰਾਂਸਜੈਂਡਰ ਆਮ ਵਿਅਕਤੀਆਂ ਵਾਂਗ ਨਹੀਂ ਹਨ! ਇਸ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਟਰਾਂਸਜੈਂਡਰਾਂ ਜਾਂ ਹਿਜੜਿਆਂ ਨੂੰ ‘ਜ਼ਰਾਇਮ ਪੇਸ਼ਾ ਕਬੀਲਾ ਐਕਟ’ ਪਾਸ ਕਰਕੇ ਵਿਵਸਥਾ ਕੀਤੀ ਗਈ ਕਿ ਜੇ ਕੋਈ ਵਿਅਕਤੀ ਜਨਤਕ ਤੌਰ `ਤੇ ਆਪਣੇ ਲਿੰਗ ਅਨੁਸਾਰ ਕੱਪੜੇ ਨਹੀਂ ਪਾਉਂਦਾ ਤਾਂ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਵਿਵਸਥਾ ਆਉਣ ਵਾਲੇ ਸਮੇਂ ਵਿੱਚ ਇੱਕ ਮਿਸਾਲ ਬਣ ਗਈ।
ਅੰਗਰੇਜ਼ਾਂ ਨੇ ਹਰ ਉਸ ਚੀਜ਼ ਦਾ ਅਪਰਾਧੀਕਰਨ ਕੀਤਾ, ਜੋ ਪ੍ਰਜਣਨ ਲਈ ਤਿਆਰ ਕੀਤੀ ਗਈ ਲਿੰਗਕਤਾ ਦੇ ਢਾਂਚੇ ਦੇ ਅੰਦਰ ਫਿੱਟ ਨਹੀਂ ਬੈਠਦੀ ਸੀ, ਪਰ ਉਹ ਭੁੱਲ ਗਏ ਕਿ ਪ੍ਰਾਚੀਨ ਭਾਰਤ ਵਿੱਚ ਲਿੰਗਕਤਾ ਪ੍ਰਤੀ ਉਦਾਰਵਾਦੀ ਦ੍ਰਿਸ਼ਟੀਕੌਣ ਹੈ। ਸਿਰਫ ਕਾਮਸੂਤਰ ਜਾਂ ਮੰਦਰਾਂ ਵਿਚਲੀਆਂ ਪ੍ਰਾਚੀਨ ਮੂਰਤੀਆਂ ਵਿੱਚ ਹੀ ਨਹੀਂ, ਸਗੋਂ ਕਈ ਹਿੰਦੂ ਗ੍ਰੰਥਾਂ ਅਤੇ ਸਾਹਿਤ ਵਿੱਚ ਵੀ ਸੈਕਸ ਜੀਵਨ ਅਤੇ ਲਿੰਗਕਤਾ ਬਾਰੇ ਕਈ ਗੱਲਾਂ ਹਨ। ਕਾਂਚੀਪੁਰਮ, ਖੁਜਰਾਹੋਂ ਵਰਗੇ ਮੰਦਰਾਂ ਦੀਆਂ ਕੰਧਾਂ `ਤੇ ਸਮਲਿੰਗੀ ਸੈਕਸ ਦੀਆਂ ਤਸਵੀਰਾਂ ਹਨ, ਜੋ ਔਰਤਾਂ ਨੂੰ ਇੱਕ ਦੂਜੇ ਦੇ ਭਾਵੁਕ ਸੰਪਰਕ ਵਿੱਚ ਦਰਸਾਉਂਦੀਆਂ ਹਨ। ਇਹ ਕੇਵਲ ਕਾਮ ਦੀ ਕਲਾ ਨਹੀਂ, ਸਗੋਂ ਸਮੁੱਚੇ ਤੌਰ `ਤੇ ਮਨੁੱਖੀ ਜੀਵਨ ਦਾ ਇੱਕ ਮਹੱਤਵਪੂਰਣ ਹਿੱਸਾ ਜਾਪਦੀਆਂ ਹਨ ਅਤੇ ਜੀਵਨ ਦੇ ਰਹੱਸ ਨੂੰ ਖੋਲ੍ਹਣ ਦੀ ਕੋਸ਼ਿਸ਼ ਹੈ।
ਕਾਲੀਦਾਸ ਦੀ ਰਚਨਾ ‘ਕੁਮਾਰਸੰਭਵ’ ਅਤੇ ਜੈਦੇਵ ਦੀ ‘ਗੀਤ ਗੋਵਿੰਦਾ’ ਆਦਿ ਵਰਗੀਆਂ ਸਾਹਿਤਕ ਰਚਨਾਵਾਂ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ। ਮਰਦ ਅਤੇ ਔਰਤ- ਦੋਵੇਂ ਬੱਚੇ ਪੈਦਾ ਕਰਨ ਦੇ ਇਰਾਦੇ ਨਾਲ ਸੰਭੋਗ ਕਰਦੇ ਹਨ, ਪਰ ਲਿੰਗ ਦੀ ਵਿਆਖਿਆ ਇਸ ਤੋਂ ਕਿਤੇ ਅੱਗੇ ਜਾ ਸਕਦੀ ਹੈ। ਰਿਸ਼ੀ ਵਾਤਸਯਾਨ ਨੇ ਕਾਮਸੂਤਰ ਸੰਗ੍ਰਹਿ ਲਿਖ ਕੇ ਉਸ ਸਮੇਂ ਦੀ ਭਾਰਤੀ ਸੱਭਿਅਤਾ ਦੀ ਪ੍ਰਤੀਨਿਧਤਾ ਕੀਤੀ ਹੈ, ਉਹ ਸੱਭਿਅਤਾ ਜੋ ਅਧਿਆਤਮਿਕਤਾ ਅਤੇ ਕਾਮੁਕਤਾ ਦਾ ਸੁਮੇਲ ਰਹੀ ਸੀ। ਕਾਮਸੂਤਰਾ ਦਾ ਅੰਗਰੇਜ਼ੀ ਭਾਸ਼ਾ ਵਿੱਚ ਤਰਜਮਾ ਰਿਚਰਡ ਬਰਟਨ ਦੁਆਰਾ 1883 ਵਿੱਚ ਨਿੱਜੀ ਤੌਰ `ਤੇ ਪ੍ਰਕਾਸ਼ਿਤ ਕੀਤਾ ਗਿਆ, ਪਰ ਇਸ ਨੂੰ 1963 ਤੱਕ ਇੰਗਲੈਂਡ ਅਤੇ ਅਮਰੀਕਾ ਵਿੱਚ ਪ੍ਰਕਾਸ਼ਿਤ ਕਰਨਾ ਗੈਰ-ਕਾਨੂੰਨੀ ਸੀ। ਮੁਗਲ ਸਾਮਰਾਜ ਵੇਲੇ ਕਾਮਸੂਤਰ ਦੇ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਗਏ। ਸਾਲ 1961 ਵਿੱਚ ਐਸ.ਸੀ. ਉਪਾਧਿਆਏ ਨੇ ਵਾਤਸਯਾਨ ਦੇ ਕਾਮਸੂਤਰ ਦਾ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਪ੍ਰਕਾਸ਼ਿਤ ਕੀਤਾ। ਖੋਜਕਾਰਾਂ ਦਾ ਮੰਨਣਾ ਹੈ ਕਿ ਵਾਤਸਯਾਨ ਦਾ ਕਾਮਸੂਤਰ ਸੈਕਸ ਪੁਜੀਸ਼ਨਾਂ ਅਤੇ ਇੱਕ ਸੈਕਸ ਮੈਨੂਅਲ ਨਾ ਹੋ ਕੇ ਚੰਗੀ ਤਰ੍ਹਾਂ ਰਹਿਣ ਦੀ ਕਲਾ, ਪਿਆਰ ਦੀ ਪ੍ਰਕਿਰਤੀ, ਜੀਵਨ ਸਾਥੀ ਲੱਭਣਾ, ਪਿਆਰ ਨੂੰ ਜ਼ਿੰਦਗੀ ਵਿੱਚ ਬਣਾਈ ਰੱਖਣਾ ਅਤੇ ਵਿਆਹੁਤਾ ਜੀਵਨ ਨੂੰ ਅਨੰਦਦਾਈ ਅਤੇ ਸੰਤੁਸ਼ਟੀ ਜਿਉਣ ਲਈ ਇੱਕ ਮਾਰਗਦਰਸ਼ਨ ਹੈ।