ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਵਿੱਚ ਕਰੀਬ ਤਿੰਨ ਹਫਤਿਆਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਧੁੰਦ ਹੋਰ ਸੰਘਣੀ ਹੋ ਗਈ ਤੇ ਠੰਡ ਵੀ ਵਧ ਗਈ। ਬੀਤੇ ਸੋਮਵਾਰ ਨਵਾਂਸ਼ਹਿਰ ਵਿੱਚ ਤਾਪਮਾਨ ਸਿਫਰ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ। ਇਸ ਤਰ੍ਹਾਂ ਪਿਛਲੇ ਤਕਰੀਬਨ ਇੱਕ ਹਫਤੇ ਦਾ ਦਿਨ-ਰਾਤ ਦਾ ਤਾਪਮਾਨ 12-13 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ। ਅਖ਼ਬਾਰੀ ਰਿਪੋਰਟਾਂ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਧੁੰਦ ਦਾ ਪ੍ਰਕੋਪ ਪੰਜਾਬ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਪਹੁੰਚ ਗਿਆ।
ਇਸ ਨਾਲ ਦਿੱਲੀ ਅਤੇ ਪੰਜਾਬ ਦੇ ਹਵਾਈ ਅੱਡਿਆਂ ਤੋਂ ਆਵਾਜਾਈ ਪ੍ਰਭਾਵਿਤ ਹੋਈ ਅਤੇ ਬਹੁਤ ਸਾਰੀਆਂ ਉਡਾਣਾਂ ਰੱਦ ਵੀ ਕਰਨੀਆਂ ਪਈਆਂ। ਇਸ ਕਾਰਨ ਹਵਾਈ ਕੰਪਨੀਆਂ ਅਤੇ ਮੁਸਾਫਰਾਂ ਵਿਚਕਾਰ ਝਗੜੇ ਵੀ ਵੇਖਣ ਨੂੰ ਮਿਲੇ। ਇਸ ਤੋਂ ਇਲਾਵਾ ਸੜਕੀ ਅਤੇ ਰੇਲਵੇ ਆਵਾਜਾਈ ਵੀ ਧੁੰਦ ਦੇ ਕਾਰਨ ਪ੍ਰਭਾਵਿਤ ਹੋਈ ਤੇ ਸੜਕ ਹਾਦਸੇ ਵਧ ਗਏ। ਬੀਤੇ ਦਿਨ ਜਲੰਧਰ ਵਿੱਚ ਹੋਏ ਇੱਕ ਕਾਰ ਹਾਦਸੇ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਅ ਮਾਰੇ ਗਏ। ਇਹ ਪਰਿਵਾਰ ਜਲੰਧਰ ਦਾ ਹੀ ਵਸਨੀਕ ਸੀ। ਇਸ ਤੋਂ ਇਲਾਵਾ ਹੋਰ ਖੇਤਰਾਂ ਵਿੱਚੋਂ ਵੀ ਸੜਕ ਹਾਦਸਿਆਂ ਦੀਆਂ ਰਿਪੋਰਟਾਂ ਹਨ।
ਉਂਝ ਤੇ ਪੋਹ-ਮਾਘ ਦੇ ਦਿਨਾਂ ਵਿੱਚ ਠੰਡ ਦਾ ਵਰਤਾਰਾ ਆਮ ਗੱਲ ਹੈ, ਪਰ ਜਿਸ ਤਰ੍ਹਾਂ ਪਹਾੜੀ ਖੇਤਰਾਂ ਦੇ ਮੁਕਾਬਲੇ ਮੈਦਾਨੀ ਇਲਾਕਿਆਂ ਵਿੱਚ ਠੰਡ ਵਧੀ ਹੈ, ਉਸ ਨੂੰ ਵੇਖ ਮੌਸਮ ਤੇ ਵਾਤਾਵਰਣ ਵਿਗਿਆਨੀ ਮੈਦਾਨੀ ਇਲਾਕਿਆਂ ਵਿੱਚ ਪੈ ਰਹੀ ਵਧੇਰੇ ਸੰਘਣੀ ਧੁੰਦ ਵਿੱਚ ਵਾਤਾਵਰਣਿਕ ਵਿਗਾੜਾਂ ਦਾ ਹੱਥ ਵੀ ਵੇਖ ਰਹੇ ਹਨ। ਜ਼ਿਕਰਯੋਗ ਹੈ ਕਿ ਲੰਘੀ 10 ਜਨਵਰੀ ਨੂੰ ਸ੍ਰੀਨਗਰ ਦਾ ਤਾਪਮਾਨ 14 ਡਿਗਰੀ ਸੈਲਸੀਅਸ ਤੋਂ ਵੱਧ ਸੀ, ਜਦਕਿ ਦਿੱਲੀ, ਚੰਡੀਗੜ੍ਹ ਅਤੇ ਲੁਧਿਆਣਾ ਵਿੱਚ ਇਹ 5-6 ਡਿਗਰੀ ਸੈਲਸੀਅਸ ਨੂੰ ਪਹੁੰਚ ਗਿਆ। ਵਾਤਾਵਰਣ ਤੇ ਮੌਸਮ ਮਾਹਿਰਾਂ ਅਨੁਸਾਰ ਘਟੀ ਹੋਈ ਬਰਫਬਾਰੀ ਅਤੇ ਵਧੇ ਤਾਪਮਾਨ ਦਾ ਕਾਰਨ ਸਮੁੰਦਰੀ ਖੇਤਰ ਵਿੱਚ ਬਣਿਆ ਏਲਨੀਨੋ ਵਰਤਾਰਾ ਅਤੇ ਹਿਮਾਲੀਅਨ ਖੇਤਰ ਵਿੱਚ ਬਦਲਿਆ ਹਵਾ ਦੇ ਵਗਣ ਦਾ ਪੈਟਰਨ ਹੈ।
ਜੰਮੂ-ਕਸ਼ਮੀਰ ਦੇ ਮੌਸਮ ਵਿਭਾਗ ਅਨੁਸਾਰ ਇਸ ਖੇਤਰ ਵਿੱਚ ਬੀਤੇ ਦਸੰਬਰ ਵਿੱਚ ਸਿਰਫ 13 ਐਮ.ਐਮ. ਬਰਫਬਾਰੀ ਹੋਈ ਹੈ, ਜਿਹੜੀ ਕਿ ਆਮ ਔਸਤ 60 ਐਮ.ਐਮ. ਤੋਂ ਕਾਫੀ ਘੱਟ ਹੈ। ਇੰਝ ਦਸੰਬਰ ਮਹੀਨੇ ਵਿੱਚ 79 ਫੀਸਦੀ ਘੱਟ ਬਰਫ ਹੋਈ ਹੈ। ਹਾਲੇ ਤੱਕ ਜਨਵਰੀ ਮਹੀਨਾ ਵੀ ਤਕਰੀਬਨ ਬਰਫਬਾਰੀ ਵੱਲੋਂ ਖੁਸ਼ਕ ਹੀ ਰਿਹਾ। ਉਂਝ ਕਸ਼ਮੀਰ ਦੀਆਂ ਉਚੀਆਂ ਚੋਟੀਆਂ ‘ਤੇ ਬਰਫਬਾਰੀ ਦੀਆਂ ਖਬਰਾਂ ਹਨ। ਸਰਕਾਰੀ ਮੌਸਮ ਵਿਭਾਗ ਅਨੁਸਾਰ ਘੱਟ ਬਰਫਬਾਰੀ ਹੋਣ ਕਾਰਨ ਜੰਮੂ-ਕਸ਼ਮੀਰ ਦਾ ਦਿਨ ਦਾ ਤਾਪਮਾਨ ਵਧੇਰੇ ਰਿਹਾ ਹੈ। ਯਾਦ ਰਹੇ, ਦਸੰਬਰ 2022 ਵੀ ਇੱਥੇ ਇਸੇ ਤਰ੍ਹਾਂ ਦਾ ਗੁਜ਼ਰਿਆ ਸੀ ਅਤੇ ਦਿਨ ਦਾ ਔਸਤ ਤਾਪਮਾਨ 12 ਡਿਗਰੀ ਸੈਲਸੀਅਸ ਦੇ ਕਰੀਬ ਰਿਹਾ ਸੀ। ਇਵੇਂ ਹੀ 2018 ਵਿੱਚ ਦਸੰਬਰ ਜਨਵਰੀ ਦੇ ਮਹੀਨੇ ਵਿੱਚ ਜੰਮੂ-ਕਸ਼ਮੀਰ ਵਿੱਚ 1.2 ਐਮ.ਐਮ. ਬਰਫਬਾਰੀ ਹੋਈ ਸੀ।
ਇਸ ਦੇ ਉਲਟ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਆਮ ਨਾਲੋਂ ਘੱਟ ਰਹਿ ਰਹੇ ਤਾਪਮਾਨ ਦਾ ਕਾਰਨ ਪੈ ਰਹੀ ਸੰਘਣੀ ਧੁੰਦ ਦੱਸੀ ਜਾ ਰਹੀ ਹੈ। ਧੁੰਦ ਕਾਰਨ ਦਿਨ ਦਾ ਤਾਪਮਾਨ ਵੀ ਡਿੱਗਿਆ ਹੈ। ਵਾਤਾਵਰਣ ਅਤੇ ਮੌਸਮ ਵਿਗਿਆਨੀਆਂ ਅਨੁਸਾਰ ਇਨ੍ਹਾਂ ਮੌਸਮੀ ਵਿਗਾੜਾਂ ਦਾ ਕਾਰਨ ਪੈਸਿਫਿਕ ਸਮੁੰਦਰੀ ਖੇਤਰ ਵਿੱਚ ਵਰਤ ਰਿਹਾ ਏਲਨੀਨੋ ਵਰਤਾਰਾ ਹੈ, ਜਿਸ ਕਾਰਨ ਪੈਸਿਫਿਕ ਸਮੁੰਦਰੀ ਖੇਤਰ ਵਿੱਚ ਸਤਹੀ ਤਾਪਮਾਨ 2 ਤੋਂ 3 ਡਿਗਰੀ ਵੱਧ ਰਿਹਾ ਹੈ। ਇਸ ਦੇ ਮੁਕਾਬਲੇ ਭਾਰਤੀ ਸਮੁੰਦਰੀ ਖੇਤਰ ਠੰਡਾ ਰਿਹਾ ਹੈ। ਕਸ਼ਮੀਰ ਯੂਨੀਵਰਸਿਟੀ ਵਿੱਚ ਇਨਵਾਇਰਮੈਂਟ ਸਾਇੰਸ ਦੇ ਅਸਿਸਟੈਂਟ ਪ੍ਰੋਫੈਸਰ ਮੁਹੰਮਦ ਮੁਸਲਿਮ ਅਨੁਸਾਰ ਜੰਮੂ-ਕਸ਼ਮੀਰ ਵਿੱਚ ਬਰਫਬਾਰੀ ਪੱਖੋਂ ਸੋਕਾ ਅਸਲ ਵਿੱਚ ਕਲਾਈਮੇਟ ਚੇਂਜ ਨਾਲ ਸਬੰਧਤ ਵਰਤਾਰਾ ਹੈ। ਇਸ ਵਿੱਚ ਗਲੋਬਲ ਕਾਰਨ ਸਥਾਨਕ ਕਾਰਨਾਂ ਨਾਲ ਰਲਗੱਡ ਹੋ ਗਏ ਹਨ। ਬਰਫਬਾਰੀ ਪੱਖੋਂ ਹਿਮਾਚਲ ਦਾ ਵੀ ਇਸ ਕਿਸਮ ਦਾ ਹੀ ਹਾਲ ਹੈ। ਇਸ ਕਾਰਨ ਸੇਬਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ, ਕਿਉਂਕਿ ਬਰਫਬਾਰੀ ਅਤੇ ਬਾਰਸ਼ ਇਸ ਫਸਲ ਲਈ ਅੰਮ੍ਰਿਤ ਸਮਾਨ ਹੈ।
ਹਿਮਾਚਲ ਦੇ ਮੌਸਮ ਵਿਭਾਗ ਅਨੁਸਾਰ ਕਮਜ਼ੋਰ ਵੈਸਟਰਨ ਡਿਸਟਰਬੈਂਸ ਵੀ ਇਸ ਖੁਸ਼ਕੀ ਦਾ ਕਾਰਨ ਹੈ। ਵਿਭਾਗ ਦੇ ਡਾਇਰੈਕਟਰ ਅਨੁਸਾਰ ਹਿਮਾਚਲ ਵਿੱਚ ਬਰਫਬਾਰੀ ਬੀਤੇ ਦਸੰਬਰ ਮਹੀਨੇ ਵਿੱਚ ਆਮ ਨਾਲੋਂ 85 ਫੀਸਦੀ ਘੱਟ ਰਹੀ ਹੈ। ਆਮ ਰੂਪ ਵਿੱਚ 38 ਐਮ.ਐਮ. ਦੇ ਮੁਕਾਬਲੇ 5.8 ਐਮ.ਐਮ. ਬਾਰਸ਼ ਹੋਈ। ਉਂਝ 2010, 2016 ਅਤੇ 2019 ਨੂੰ ਛੱਡ ਕੇ ਹਿਮਾਚਲ ਵਿੱਚ ਬਾਰਸ਼ ਅਤੇ ਬਰਫਬਾਰੀ ਘੱਟ ਹੀ ਰਹੀ ਹੈ। ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਪੱਛਮੀ ਗੜਬੜੀ ਕਾਰਨ ਬਾਰਸ਼ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਸੀ, ਪਰ ਮਾਹਿਰਾਂ ਅਨੁਸਾਰ ਤੇਜ਼ ਹਵਾ ਕਾਰਨ ਇਹ ਪੰਜਾਬ ਦੇ ਉਪਰੋਂ ਦੀ ਗੁਜ਼ਰ ਗਈ। ਬਾਰਸ਼ ਤਾਂ ਨਹੀਂ ਹੋਈ, ਪਰ ਸਿੱਲ੍ਹੀ ਹਵਾ ਧੁੰਦ ਨੂੰ ਹੋਰ ਗਾਹੜੀ ਕਰ ਗਈ। ਬੀਤੇ ਹਫਤੇ ਦੌਰਾਨ ਦੁਪਹਿਰ ਤੋਂ ਬਾਅਦ ਮਾੜਾ ਮੋਟਾ ਸੂਰਜ ਵਿਖਾਈ ਦਿੱਤਾ, ਪਰ ਸ਼ਾਮ ਹੁੰਦਿਆਂ ਹੀ ਫਿਰ ਧੁੰਦ ਪੈਣ ਲਗਦੀ।
ਪੰਜਾਬ ਵਿੱਚ ਪੈ ਰਹੀ ਧੁੰਦ ਤਾਂ ਭਾਵੇਂ ਫਸਲਾਂ ਲਈ ਲਾਹੇਵੰਦ ਦੱਸੀ ਜਾ ਰਹੀ ਹੈ, ਪਰ ਕੋਰਾ ਪੈਣ ਦੀਆਂ ਵੀ ਰਿਪੋਰਟਾਂ ਹਨ, ਜਿਸ ਕਰਨ ਫਸਲਾਂ ਨੂੰ ਨੁਕਸਾਨ ਹੋਣ ਦੇ ਖਦਸ਼ੇ ਪ੍ਰਗਟ ਕੀਤੇ ਜਾਣ ਲੱਗੇ ਹਨ। ਉੱਚੀਆਂ ਚੋਟੀਆਂ ‘ਤੇ ਬਰਫਬਾਰੀ ਹੋਣ ਕਾਰਨ ਕਸ਼ਮੀਰ ਵਾਦੀ ਵਿੱਚ ਵੀ ਠੰਡ ਵਧ ਗਈ ਹੈ ਅਤੇ ਸ੍ਰੀਨਗਰ ਦਾ ਤਾਮਮਾਨ ਗਿਰ ਕੇ -4.3 ਡਿਗਰੀ ਸੈਲਸੀਅਸ ਨੂੰ ਪਹੁੰਚ ਗਿਆ ਹੈ। ਪਹਿਲਗਾਮ ਦਾ ਘੱਟੋ ਘੱਟ ਤਾਮਮਾਨ -5.6 ਡਿਗਰੀ ਸੈਲਸੀਅਸ ਨੂੰ ਪਹੁੰਚ ਗਿਆ। ਕਸ਼ਮੀਰ ਵਾਦੀ ਹਾਲੇ ਵੀ ਬਰਫਬਾਰੀ ਲਈ ਤਰਸ ਰਹੀ ਹੈ।
ਪੰਜਾਬ ਅਤੇ ਨਾਲ ਲਗਦੇ ਮੈਦਾਨੀ ਇਲਾਕਿਆਂ ਵਿੱਚ ਵਧੀ ਧੁੰਦ ਅਤੇ ਦੂਰ ਤੱਕ ਦਿਸਣ ਦੀ ਹੱਦ ਬੇਹੱਦ ਘਟ ਜਾਣ ਕਾਰਨ ਹਵਾਈ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ। ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਮੁਸਾਫਰ ਵੱਲੋਂ ਹਵਾਈ ਕੰਪਨੀ ਇੰਡੀਗੋ ਦੇ ਪਾਇਲਟ ਨਾਲ ਝਗੜਾ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਸਾਹਿਲ ਕਟਾਰੀਆ ਨਾਂ ਦੇ ਇਸ ਮੁਸਾਫਰ ਖਿਲਾਫ ਕੇਸ ਦਰਜ ਕਰਕੇ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੋਰ ਹਵਾਈ ਅੱਡਿਆਂ ‘ਤੇ ਵੀ ਰੋਲੇ ਰੱਪੇ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਹਵਾਬਾਜ਼ੀ ਬਾਰੇ ਕੇਂਦਰੀ ਮੰਤਰੀ ਜਿਓਤੀ ਰਾਉ ਸਿੰਧੀਆ ਨੇ ਕਿਹਾ ਹੈ ਕਿ ਇਹ ਅਣਕਿਆਸੀ ਸਥਿਤੀ ਹੈ। ਮੁਸਾਫਰਾਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਹਵਾਈ ਕੰਪਨੀਆਂ ਨੂੰ ਉਡਾਣਾਂ ਦੇ ਲੇਟ ਹੋਣ ਦੀ ਸੰਭਵਾਨਾ ਦੇ ਸੰਦਰਭ ਵਿੱਚ ਮੁਸਾਫਰਾਂ ਨੂੰ ਅਗਾਊਂ ਸੂਚਿਤ ਕਰਨਾ ਚਾਹੀਦਾ ਹੈ।