ਖ਼ਵਾਹਿਸ਼ਾਂ ਕਦੇ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ, ਸਗੋਂ ਇੱਕ ਖ਼ਵਾਹਿਸ਼ ਪੂਰੀ ਹੋਣ `ਤੇ ਦੂਜੀ ਪੈਦਾ ਹੋ ਜਾਂਦੀ ਹੈ ਅਤੇ ਇੰਜ ਬੰਦਾ ਖ਼ਵਾਹਿਸ਼ਾਂ ਪੂਰੀਆਂ ਕਰਦਾ ਕਰਦਾ ਤਾਉਮਰ ਲਾਲਸਾ ਦੀ ਉਲਝਣ ਵਿੱਚ ਫਸਿਆ ਰਹਿੰਦਾ ਹੈ ਤੇ ਆਪਣੀ ਜ਼ਿੰਦਗੀ ਦਾ ਸਕੂਲ ਗਵਾ ਬੈਠਦਾ ਹੈ; ਇਨਸਾਨੀ ਰਿਸ਼ਤਿਆਂ ਤੋਂ ਖੁਦ ਨੂੰ ਮਹਿਰੂਮ ਕਰ ਲੈਂਦਾ ਹੈ ਅਤੇ ਕਾਇਨਾਤ ਦੇ ਸਾਰੇ ਸੁੱਖ-ਅਰਾਮ ਤੇ ਖੁਸ਼ੀਆਂ ਆਪਣੀ ਛੋਟੀ ਜਿਹੀ ਝੋਲੀ ਵਿੱਚ ਪਾਉਣ ਲਈ ਤਤਪਰ ਰਹਿੰਦਾ ਹੈ।
ਹਥਲੇ ਲੇਖ ਵਿੱਚ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਨੂੰ ਅਣਜਾਣ ਖੁਸ਼ੀਆਂ ਲਈ ਮ੍ਰਿਗ ਤ੍ਰਿਸ਼ਨਾ ਦਾ ਸ਼ਿਕਾਰ ਹੋ ਜਾਣਾ ਮੰਨਿਆ ਹੈ। ਉਨ੍ਹਾਂ ਠੀਕ ਹੀ ਲਿਖਿਆ ਹੈ ਕਿ ਆਪਣੇ ਹਾਸੇ ਅਤੇ ਦਿਲ ਦਾ ਚੈਨ ਗਵਾ ਕੇ ਕੋਈ ਵੀ ਵਿਅਕਤੀ ਸਫ਼ਲਤਾ ਦੇ ਸਿਖ਼ਰ ਉੱਪਰ ਪਹੁੰਚ ਕੇ ਵੀ ਕਦੇ ਖੁਸ਼ ਨਹੀਂ ਰਹਿ ਸਕਦਾ; ਪਰ ਸਿਦਕ, ਸਬਰ, ਸ਼ੁਕਰ ਅਤੇ ਸਹਿਜ ਦੇ ਰਸਤੇ ਉੱਪਰ ਚਲਣ ਵਾਲੇ ਲੋਕ ਹਰ ਹਾਲ ਵਿੱਚ ਖ਼ੁਸ਼ ਅਤੇ ਪੁਰਸਕੂਨ ਰਹਿਣ ਦਾ ਹੁਨਰ ਰੱਖਦੇ ਹਨ। ਪੇਸ਼ ਹੈ, ਨਸੀਹਤ ਭਰਪੂਰ ਇਹ ਲੇਖ…
ਡਾ. ਅਰਵਿੰਦਰ ਸਿੰਘ ਭੱਲਾ
ਫੋਨ: +91-9463062603
ਇਨਸਾਨ ਦੇ ਖ਼ਵਾਬਾਂ ਅਤੇ ਹਸਰਤਾਂ ਦੀ ਫਹਿਰਿਸਤ ਬੜੀ ਲੰਮੀ ਹੁੰਦੀ ਹੈ। ਸੁੱਖ ਤੇ ਖੁਸ਼ੀ ਦੇ ਅਸਲ ਅਰਥਾਂ ਤੋਂ ਬੇਖ਼ਬਰ ਮਨੁੱਖ ਨੂੰ ਉਸ ਦੀ ਬੇਕਰਾਰੀ ਨਾ ਤਾਂ ਕਿਤੇ ਠਹਿਰਨ ਦਿੰਦੀ ਹੈ ਅਤੇ ਨਾ ਹੀ ਉਸ ਨੂੰ ਆਪਣੇ ਨੁਕਤਾ-ਏ-ਨਿਗਾਹ ਤੇ ਅਮਲਾਂ ਨੂੰ ਦੁਰਸਤ ਕਰਨ ਦਿੰਦੀ ਹੈ। ਜਦੋਂ ਕੋਈ ਸ਼ਖ਼ਸ ਖ਼ਵਾਹਿਸ਼ਾਂ ਦੀ ਮੰਝਧਾਰ ਵਿੱਚ ਫ਼ਸਣ ਪਿਛੋਂ ਸਕੂਨ ਦੇ ਸਾਹਿਲ ਦੀ ਖੋਜ ਵਿੱਚ ਨਿਕਲਦਾ ਹੈ ਤਾਂ ਖ਼ਵਾਬਾਂ ਦੇ ਚੱਕਰਵਿਊ ਵਿੱਚੋਂ ਬਾਹਰ ਨਿਕਲਣ ਦੇ ਹੁਨਰ ਤੋਂ ਅਣਜਾਣ ਮਨੁੱਖ ਆਪਣੇ ਆਪ ਨੂੰ ਬੇਬੱਸ ਅਤੇ ਲਾਚਾਰ ਮਹਿਸੂਸ ਕਰਦਾ ਹੈ। ਆਪਣੀ ਹਯਾਤੀ ਦੌਰਾਨ ਅਧੂਰੇਪਣ ਦਾ ਸੰਤਾਪ ਹੰਢਾਉਂਦੇ ਹੋਏ ਮਨੁੱਖ ਆਪਣੀ ਤਕਦੀਰ ਦੀ ਪਹਿਲਾਂ ਤੋਂ ਤੈਅਸ਼ੁਦਾ ਤਹਿਰੀਰ ਨੂੰ ਬਦਲਣ ਦੀ ਜੁਸਤਜੂ ਵਿੱਚ ਭਟਕਦੇ ਹੋਏ ਤਉਮਰ ਦਰ-ਬਦਰ ਜ਼ਲੀਲ-ਓ-ਖ਼ੁਆਰ ਹੁੰਦਾ ਹੈ। ਮ੍ਰਿਗ ਤ੍ਰਿਸ਼ਨਾ ਦਾ ਸ਼ਿਕਾਰ ਮਨੁੱਖ ਅਣਜਾਣ ਖੁਸ਼ੀਆਂ ਦੇ ਕਿਸੇ ਜਜ਼ੀਰੇ ਦੀ ਤਲਾਸ਼ ਵਿੱਚ ਆਪਣੇ ਹੱਥੀਂ ਆਪਣਾ ਸਹਿਜ ਤੇ ਸਕੂਨ ਭੰਗ ਕਰਕੇ ਕਦੇ ਆਪਣੇ ਆਸ-ਪਾਸ ਦੇ ਲੋਕਾਂ, ਕਦੇ ਦੋਸਤਾਂ, ਕਦੇ ਰਕੀਬਾਂ, ਕਦੇ ਮੁਕੱਦਰਾਂ ਅਤੇ ਕਦੇ ਫ਼ਿਰ ਆਪਣੇ ਉਸ ਸੋਹਣੇ ਰੱਬ ਨੂੰ ਦੋਸ਼ ਦਿੰਦਾ ਹੈ। ‘ਦੁਨੀਆਂ ਭਰ ਦੀਆਂ ਖੁਸ਼ੀਆਂ ਉਸ ਦੀ ਦਸਤਰਸ ਵਿੱਚ ਹੋਣ’ ਬਸ ਮਨੁੱਖ ਦੀ ਇਹ ਹੀ ਸੋਚ ਇੱਕ ਦਿਨ ਉਸ ਦੇ ਜ਼ਵਾਲ ਦਾ ਕਾਰਨ ਬਣਦੀ ਹੈ। ਜੇ ਸਾਰੇ ਵਰਤਾਰੇ ਨੂੰ ਜ਼ਰਾ ਕੁ ਗੌਰ ਨਾਲ ਵਿਚਾਰਿਆ ਜਾਵੇ ਤਾਂ ਇਹ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ- ਇਹ ਕੋਈ ਜਰੂਰੀ ਨਹੀਂ ਹੈ ਕਿ ਇਨਸਾਨ ਦੀ ਛੋਟੀ ਜਿਹੀ ਝੋਲੀ ਵਿੱਚ ਇਸ ਕਾਇਨਾਤ ਦੇ ਸਾਰੇ ਸੁੱਖ-ਅਰਾਮ ਅਤੇ ਖੁਸ਼ੀਆਂ ਸਮਾ ਜਾਣ। ਇਹ ਵੀ ਇੱਕ ਸਦੀਵੀਂ ਸੱਚਾਈ ਹੈ ਕਿ ਇਸ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕਰਨ ਪਿਛੋਂ ਵੀ ਹੋਰ ਬਹੁਤ ਕੁਝ ਹਾਸਲ ਕਰਨ ਦੀ ਤਮੰਨਾ ਰਹਿੰਦੀ ਹੈ ਅਤੇ ਇਸੇ ਤਰ੍ਹਾਂ ਹਸਰਤਾਂ ਦੇ ਸੈਲਾਬ ਦੇ ਬੇਰਹਿਮ ਵਹਾਉ ਵਿੱਚ ਵਹਿੰਦੇ ਹੋਏ ਇਨਸਾਨ ਇੱਕ ਦਿਨ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਕੂਚ ਕਰ ਜਾਂਦਾ ਹੈ।
ਹਰ ਪੁਰਕਸ਼ਿਸ਼ ਸ਼ੈਅ ਨੂੰ ਭੋਗਣ ਜਾਂ ਆਪਣੀ ਗ੍ਰਿਫ਼ਤ ਵਿੱਚ ਰੱਖਣ ਦੀ ਬੇਲਗਾਮ ਆਰਜ਼ੂ ਇਨਸਾਨ ਅੰਦਰ ਇੱਕ ਅਜਿਹੇ ਖ਼ਲਾਅ ਨੂੰ ਜਨਮ ਦਿੰਦੀ ਹੈ, ਜਿਸ ਦੀ ਭਰਪਾਈ ਕਦੇ ਵੀ ਕਿਸੇ ਸੂਰਤ ਵਿੱਚ ਮੁਮਕਿਨ ਦਿਖਾਈ ਨਹੀਂ ਦਿੰਦੀ ਹੈ। ਇਨਸਾਨ ਹਸਰਤਾਂ ਦੇ ਜੰਗਲ ਵਿੱਚ ਤਨਹਾ ਭਟਕਦੇ ਹੋਏ ਹੌਲੀ-ਹੌਲੀ ਹਰੇਕ ਖੁਸ਼ੀ, ਸਕੂਨ ਅਤੇ ਇਨਸਾਨੀ ਰਿਸ਼ਤਿਆਂ ਤੋਂ ਖੁਦ ਨੂੰ ਮਹਿਰੂਮ ਕਰ ਲੈਂਦਾ ਹੈ। ਮਨੁੱਖ ਇਹ ਭੁੱਲ ਹੀ ਜਾਂਦਾ ਹੈ ਕਿ ਹਵਸ ਦੀ ਭੱਠੀ ਵਿੱਚ ਉਸ ਨੂੰ ਇਕੱਲਿਆਂ ਹੀ ਸੜਨਾ ਨਹੀਂ ਪੈਂਦਾ, ਸਗੋਂ ਉਹ ਆਪਣੇ ਨਾਲ ਆਪਣੀ ਅਤੇ ਆਪਣੇ ਨਾਲ ਜੁੜੇ ਹੋਏ ਲੋਕਾਂ ਦੀ ਜ਼ਿੰਦਗੀ ਦੇ ਬੇਸ਼ੁਮਾਰ ਬੇਸ਼ਕੀਮਤੀ ਕਹਿਕਹਿਆਂ, ਛੋਟੀਆਂ-ਛੋਟੀਆਂ ਖੁਸ਼ੀਆਂ ਅਤੇ ਅਨਮੋਲ ਲਮਹਿਆਂ ਨੂੰ ਵੀ ਇਸ ਭੱਠੀ ਵਿੱਚ ਝੋਕ ਦਿੰਦਾ ਹੈ। ਇਹ ਆਪਣੇ ਆਪ ਵਿੱਚ ਕਿੰਨੀ ਹੈਰਤ ਦੀ ਗੱਲ ਹੈ ਕਿ ਸਾਡੇ ਤਾਲੀਮੀ ਅਦਾਰਿਆਂ, ਮਜ਼ਹਬੀ ਤਨਜ਼ੀਮਾਂ ਅਤੇ ਮੁਕੱਦਸ ਸਥਾਨਾਂ ਤੋਂ ਇਨਸਾਨ ਨੂੰ ਆਪਣੇ ਤਰਜ਼-ਏ-ਅਮਲ ਵੱਲ਼ ਗੌਰ ਕਰਦੇ ਹੋਏ ਆਪਣੀ ਤਰਜ਼-ਏ-ਜ਼ਿੰਦਗੀ ਨੂੰ ਅਕਸਰ ਇਸ ਤਰ੍ਹਾਂ ਸੇਧ ਦੇਣ ਦਾ ਦਰਸ ਦਿੱਤਾ ਜਾਂਦਾ ਹੈ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਕਿਸੇ ਵੀ ਪੜਾਅ ਉੱਤੇ ਕਦੇ ਵੀ ਨਿਦਾਮਤ ਦੇ ਹੰਝੂ ਨਾ ਵਹਾਉਣੇ ਪੈਣ।
ਬਚਪਨ ਤੋਂ ਹੀ ਇਹ ਸਬਕ ਪੜ੍ਹਾਇਆ ਜਾਂਦਾ ਹੈ ਕਿ ਅਸੀਂ ਹਰ ਹਾਲ ਵਿੱਚ ਖ਼ੁਸ਼ ਅਤੇ ਪੁਰਸਕੂਨ ਰਹਿੰਦੇ ਹੋਏ ਹਰ ਪਲ ਖੁਦ ਨੂੰ ਮੁਤਮੀਨ ਮਹਿਸੂਸ ਕਰੀਏ, ਪਰ ਅਫ਼ਸੋਸ ਕਿ ਇਨਸਾਨ ਨਿੱਤ ਨਵੇਂ ਬਹੁਤ ਸਾਰੇ ਸਬਕ ਹਾਸਲ ਕਰਨ ਮਗਰੋਂ ਵੀ ਆਪਣੀ ਜ਼ਹਾਲਤ ਦਾ ਸ਼ਿਕਾਰ ਹੋ ਕੇ ਅਜਿਹੀਆਂ ਬੰਦ ਗਲੀਆਂ ਵੱਲ ਅੱਗੇ ਵਧਣ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ, ਜੋ ਉਸ ਨੂੰ ਕਿਤੇ ਵੀ ਨਹੀਂ ਪਹੁੰਚਾ ਪਾਉਂਦੀਆਂ ਹਨ। ਅਸਲ ਵਿੱਚ ਇਨਸਾਨ ਦੀ ਇਹ ਬੁਨਿਆਦੀ ਫ਼ਿਤਰਤ ਹੈ ਕਿ ਉਹ ਉੱਚੇ ਤੋਂ ਉੱਚਾ ਮਰਤਬਾ ਹਾਸਲ ਕਰਕੇ ਵੀ ਜਾਂ ਫਿਰ ਦੁਨੀਆਂ ਭਰ ਦੀ ਦੌਲਤ ਇਕੱਠੀ ਕਰਕੇ ਵੀ ਆਪਣੇ ਆਪ ਨੂੰ ਖਾਲੀ ਹੱਥ ਹੀ ਮਹਿਸੂਸ ਕਰਦਾ ਹੈ। ਉਸ ਦੀ ਦੌਲਤ, ਸ਼ੋਹਰਤ, ਤਾਕਤ, ਵੱਕਾਰ ਅਤੇ ਮਰਤਬਾ ਦੂਜਿਆਂ ਨਾਲੋਂ ਉਸ ਨੂੰ ਕਿਸੇ ਹੱਦ ਤੱਕ ਵਕਤੀ ਤੌਰ ਉੱਪਰ ਮੁਨਫ਼ਰਿਦ ਮੁਕਾਮ ਤਾਂ ਪ੍ਰਦਾਨ ਕਰਦਾ ਹੈ, ਲੇਕਿਨ ਇਹ ਹਰਗਿਜ਼ ਜ਼ਰੂਰੀ ਨਹੀਂ ਕਿ ਇਹ ਸਭ ਕੁਝ ਹਾਸਲ ਕਰਨ ਮਗਰੋਂ ਇਨਸਾਨ ਦੇ ਅੰਦਰ ਵਿਸਮਾਦ ਜਾਂ ਖੇੜਾ ਵੀ ਪੈਦਾ ਹੋਵੇ। ਦਰਅਸਲ ਇਨਸਾਨ ਜਿਨ੍ਹਾਂ ਮਨਸੂਈ ਖੁਸ਼ੀਆਂ ਨੂੰ ਹਾਸਲ ਕਰਨ ਲਈ ਤੜਪਦਾ ਰਹਿੰਦਾ ਹੈ, ਅਸਲ ਵਿੱਚ ਉਹੋ ਹੀ ਉਸ ਦੇ ਧੁਰ ਅੰਦਰ ਮਹਿਰੂਮੀਅਤ ਅਤੇ ਗਮ ਦਾ ਅਹਿਸਾਸ ਪੈਦਾ ਕਰਦੀਆਂ ਹਨ। ਇਨ੍ਹਾਂ ਛਿਨ ਭਰ ਦੀਆਂ ਦਿਲ ਫ਼ਰੇਬ ਖ਼ੁਸ਼ੀਆਂ ਦੀ ਤਲਬ ਤੇ ਤਲਾਸ਼ ਮਨੁੱਖ ਨੂੰ ਨਾ ਤਾਂ ਕਦੇ ਆਰਾਮ ਨਾਲ ਬੈਠਣ ਦਿੰਦੀ ਹੈ ਅਤੇ ਨਾ ਹੀ ਉਸ ਨੂੰ ਉਨ੍ਹਾਂ ਖੁਸ਼ੀਆਂ ਨੂੰ ਮਾਨਣ ਦਿੰਦੀ ਹੈ, ਜਿਨ੍ਹਾਂ ਨੂੰ ਹਾਸਲ ਕਰਨ ਲਈ ਪਤਾ ਨਹੀਂ ਉਹ ਕਿੰਨਾ ਤੜਪਿਆ, ਉਦਾਸ ਤੇ ਪ੍ਰੇਸ਼ਾਨ ਰਿਹਾ ਹੁੰਦਾ ਹੈ।
ਜ਼ਰਾ ਸੋਚੋ ਕਿ ਜੇ ਅਸੀਂ ਲੋਕ ਸਾਰੀ ਉਮਰ ਆਪਣੀਆਂ ਖ਼ਵਾਹਿਸ਼ਾਂ ਦੇ ਇਸੇ ਤਰ੍ਹਾਂ ਗੁਲਾਮ ਬਣੇ ਰਹਾਂਗੇ ਤਾਂ ਫਿਰ ਜ਼ਿੰਦਗੀ ਨੂੰ ਕਦੋਂ ਜੀਅ ਪਾਵਾਂਗੇ? ਜੇ ਇਸੇ ਤਰ੍ਹਾਂ ਅਸੀਂ ਸਾਰੀ ਉਮਰ ਆਪਣੇ ਅਧੂਰੇ ਖ਼ਵਾਬਾਂ ਦਾ ਮਾਤਮ ਮਨਾਉਂਦੇ ਰਹਾਂਗੇ ਤਾਂ ਫਿਰ ਉਸ ਪਰਵਦਗਾਰ ਦੀਆਂ ਦਾਤਾਂ ਦਾ ਸ਼ੁਕਰਾਨਾ ਕਦੋਂ ਕਰਾਂਗੇ? ਜੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੇਰਵਿਆਂ, ਵਸਵਸਿਆਂ ਅਤੇ ਅੰਦੇਸ਼ਿਆਂ ਵਿੱਚ ਗੁਜ਼ਰ ਗਈ ਤਾਂ ਫਿਰ ਆਪਣਿਆਂ ਦੇ ਸੰਗ ਮਿਲ ਬੈਠ ਕੇ ਸੁੱਖ-ਦੁੱਖ ਕਦੋਂ ਸਾਂਝੇ ਕਰਾਂਗੇ? ਜੇ ਇਸੇ ਤਰ੍ਹਾਂ ਹਰੇਕ ਅੱਗੇ ਆਪਣੀ ਖਾਲੀ ਝੋਲੀ ਦਾ ਰੋਣਾ ਰੋਂਦੇ ਰਹਾਂਗੇ ਤਾਂ ਫਿਰ ਕੁਦਰਤ ਨੇ ਜਿਨ੍ਹਾਂ ਨਿਆਮਤਾਂ ਨਾਲ ਸਾਨੂੰ ਨਿਵਾਜਿਆ ਹੈ, ਉਨ੍ਹਾਂ ਨਿਆਮਤਾਂ ਦਾ ਲੁਤਫ਼ ਕਦੋਂ ਲਵਾਂਗੇ? ਜੇ ਇਸੇ ਤਰ੍ਹਾਂ ਨਾਸ਼ੁਕਰੇ ਬਣ ਕੇ ਅਸੀਂ ਆਪਣੀ ਜ਼ਿੰਦਗੀ ਜਿਊਂਦੇ ਰਹੇ ਤਾਂ ਫਿਰ ਮਰ ਕੇ ਵੀ ਸੁਰਖੁਰੂ ਕਿਦਾਂ ਹੋਵਾਂਗੇ? ਜੇ ਇਸੇ ਤਰ੍ਹਾਂ ਦੇ ਜਿਊਣ ਨੂੰ ਅਸੀਂ ਜ਼ਿੰਦਗੀ ਸਮਝ ਲਿਆ ਤਾਂ ਫਿਰ ਉਸ ਸੋਹਣੇ ਰੱਬ ਨੂੰ ਕੀ ਮੂੰਹ ਦਿਖਾਵਾਂਗੇ? ਜੇ ਇਸੇ ਤਰ੍ਹਾਂ ਪਲ ਭਰ ਦੀਆਂ ਖੁਸ਼ੀਆਂ ਨੂੰ ਹਾਸਲ ਨਾ ਕਰਨ ਕਰਕੇ ਅਸੀਂ ਮਾਯੂਸੀ ਦੇ ਆਲਮ ਵਿੱਚ ਰਹਾਂਗੇ ਤਾਂ ਫਿਰ ਜ਼ਿੰਦਗੀ ਦੀ ਕਦਰ ਨੂੰ ਕਦੋਂ ਜਾਣਾਂਗੇ? ਅਤੇ ਜੇ ਇਸੇ ਤਰ੍ਹਾਂ ਉਤੇਜਨਾ ਭਰੀ, ਬੇਚੈਨ ਅਤੇ ਬੇਸਕੂਨ ਜ਼ਿੰਦਗੀ ਵਿੱਚ ਅਸੀਂ ਦਿਲ ਨੂੰ ਸਕੂਨ ਜਾਂ ਰਾਹਤ ਪ੍ਰਦਾਨ ਕਰਨ ਵਾਲੇ ਕੁਝ ਪਲਾਂ ਦੀ ਤਲਾਸ਼ ਨਾ ਕੀਤੀ ਤਾਂ ਤਉਮਰ ਜਮਾਂ-ਘਟਾਉ ਦੇ ਸਮੀਕਰਣਾਂ ਵਿੱਚ ਅਸੀਂ ਸਭ ਸਦਾ ਉਲਝੇ ਰਹਾਂਗੇ।
ਸੱਚ ਜਾਣਿਓ! ਬੇਸ਼ੱਕ ਕਿਸੇ ਵੀ ਸ਼ਖ਼ਸ ਲਈ ਆਪਣੇ ਜ਼ਮੀਰ ਦੇ ਕਟਹਿਰੇ ਵਿੱਚ ਖੜ੍ਹੇ ਹੋ ਕੇ ਆਪਣੀ ਨਫ਼ਸ ਨਾਲ ਲੜਦੇ ਹੋਏ ਆਪਣੇ ਅੰਦਰੋਂ ਆਪਣੇ-ਆਪ ਨੂੰ ਤਲਾਸ਼ ਕਰਨ ਦਾ ਸਫ਼ਰ ਬੇਹੱਦ ਦੁਸ਼ਵਾਰ, ਤਵੀਲ ਅਤੇ ਤਕਲੀਫ਼ਦੇਹ ਹੁੰਦਾ ਹੈ, ਲੇਕਿਨ ਆਪਣੀ ਹਵਸ ਦੇ ਗੁਲਾਮ ਲੋਕਾਂ ਲਈ ਇਹ ਸਫ਼ਰ ਤੈਅ ਕਰਨਾ ਹੋਰ ਵੀ ਮੁਸ਼ਕਲ ਹੁੰਦਾ ਹੈ। ਯਾਦ ਰਹੇ, ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ, ਜਦੋਂ ਕਦੇ ਸਾਨੂੰ ਇਹ ਅਹਿਸਾਸ ਹੋਵੇਗਾ ਕਿ ਜ਼ਿੰਦਗੀ ਇੱਕ ਅਨਮੋਲ ਦਾਤ ਸੀ ਅਤੇ ਅਸੀਂ ਆਪਣੀ ਬੇਸਮਝੀ ਵਿੱਚ ਇਸ ਨੂੰ ਕੌਡੀਆਂ ਦੇ ਭਾਅ ਅਜਾਈਂ ਗੁਆ ਦਿੱਤਾ। ਲਿਹਾਜ਼ਾ ਵਕਤ ਰਹਿੰਦਿਆਂ ਸਾਨੂੰ ਆਪਣੀ ਜ਼ਿੰਦਗੀ ਨੂੰ ਅਧੂਰੀਆਂ ਖਾਹਿਸ਼ਾਂ ਦੇ ਹੇਰਵੇ ਤੋਂ ਜਲਦ ਤੋਂ ਜਲਦ ਆਜ਼ਾਦ ਕਰਨ ਦਾ ਕੋਈ ਯਤਨ ਕਰਨਾ ਚਾਹੀਦਾ ਹੈ ਅਤੇ ਛੋਟੀਆਂ-ਛੋਟੀਆਂ ਖੁਸ਼ੀਆਂ ਦੀ ਕਦਰ ਪਛਾਣਦੇ ਹੋਏ ਬੰਦ ਗਲੀਆਂ ਤੋਂ ਬਾਹਰ ਆ ਕੇ ਜ਼ਿੰਦਗੀ ਦਾ ਪੁਰਜੋਸ਼ ਢੰਗ ਨਾਲ ਅਨੰਦ ਮਾਨਣ ਦਾ ਹੁਨਰ ਸਿੱਖਣਾ ਚਾਹੀਦਾ ਹੈ। ਅਸੀਂ ਜੇ ਹਰ ਮੈਦਾਨ ਫ਼ਤਿਹ ਕਰਕੇ ਵੀ ਖ਼ੁਦ ਨੂੰ ਤਨਹਾ ਜਾਂ ਖਾਲੀ ਹੱਥ ਮਹਿਸੂਸ ਕਰਦੇ ਰਹਾਂਗੇ ਤਾਂ ਸਾਡੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਕਿਤੇ ਸ਼ਾਂਤਚਿੱਤ ਬੈਠ ਕੇ ਆਪਣੀ ਜ਼ਿੰਦਗੀ ਦੀਆਂ ਤਰਜ਼ੀਹਾਂ ਦੀ ਤਰਤੀਬ ਨੂੰ ਇਸ ਤਰ੍ਹਾਂ ਦੁਰਸਤ ਕਰੀਏ ਕਿ ਸਾਡੇ ਲਈ ਆਪਣੇ ਦਿਲ ਦਾ ਸਕੂਨ ਅਤੇ ਰੂਹ ਦਾ ਖੇੜਾ ਸਭ ਤੋਂ ਵੱਧ ਅਹਿਮੀਅਤ ਰੱਖੇ। ਸਾਨੂੰ ਇਸ ਅਹਿਮ ਸੱਚਾਈ ਨੂੰ ਤਹਿ ਦਿਲੋਂ ਤਸਲੀਮ ਕਰਨਾ ਚਾਹੀਦਾ ਹੈ ਕਿ ਆਪਣੇ ਹਾਸੇ ਅਤੇ ਦਿਲ ਦਾ ਚੈਨ ਗਵਾ ਕੇ ਕੋਈ ਵੀ ਵਿਅਕਤੀ ਸਫ਼ਲਤਾ ਦੇ ਸਿਖ਼ਰ ਉੱਪਰ ਪਹੁੰਚ ਕੇ ਵੀ ਕਦੇ ਖੁਸ਼ ਨਹੀਂ ਰਹਿ ਸਕਦਾ ਹੈ।
ਸਾਨੂੰ ਇਹ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਆਪਣੀਆਂ ਖਾਹਿਸ਼ਾਂ ਨੂੰ ਆਪਣੇ ਦਿਲ ਦੇ ਸਕੂਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਾ ਦੇਈਏ। ਜੇ ਅਸੀਂ ਆਪਣੇ ਧੁਰ ਅੰਦਰੋਂ ਖੁਸ਼ ਅਤੇ ਮੁਤਮੀਨ ਨਹੀਂ ਤਾਂ ਫਿਰ ਹੁਣ ਤੱਕ ਦੀਆਂ ਸਾਡੀਆਂ ਸਾਰੀਆਂ ਪ੍ਰਾਪਤੀਆਂ ਅਤੇ ਸਫ਼ਲਤਾਵਾਂ ਬੇਮਾਇਨੇ ਹਨ। ਇਸ ਗੱਲ ਦਾ ਸਾਨੂੰ ਹਮੇਸ਼ਾ ਅਹਿਸਾਸ ਰਹੇ ਕਿ ਸਾਡੀ ਜ਼ਿੰਦਗੀ ਦਾ ਹਰ ਲਮਹਾ ਬੇਸ਼ਕੀਮਤੀ ਹੈ ਅਤੇ ਜੇ ਹੋ ਸਕੇ ਤਾਂ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਸਾਨੂੰ ਇਸ ਤਰ੍ਹਾਂ ਜਿਊਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਰਵਦਗਾਰ ਨੇ ਜਿਨ੍ਹਾਂ ਖੁਸ਼ੀਆਂ, ਨਿਆਮਤਾਂ ਅਤੇ ਬਰਕਤਾਂ ਨਾਲ ਸਾਨੂੰ ਨਿਵਾਜਿਆ ਹੈ, ਅਸੀਂ ਉਨ੍ਹਾਂ ਬਰਕਤਾਂ ਲਈ ਆਪਣੇ ਸੋਹਣੇ ਰੱਬ ਦਾ ਸ਼ੁਕਰ ਮਨਾਉਂਦੇ ਹੋਏ ਉਨ੍ਹਾਂ ਖੁਸ਼ੀਆਂ ਦਾ ਭਰਪੂਰ ਸਵਾਗਤ ਕਰਦਿਆਂ ਅਨੰਦ ਮਾਣੀਏ। ਸਾਡੀਆਂ ਜਿਹੜੀਆਂ ਖਾਹਿਸ਼ਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ, ਉਨ੍ਹਾਂ ਦੀ ਵਜ੍ਹਾ ਕਰਕੇ ਕਦੇ ਵੀ ਮਾਯੂਸ ਜਾਂ ਪ੍ਰੇਸ਼ਾਨ ਨਾ ਹੋਈਏ ਅਤੇ ਨਾ ਹੀ ਆਪਣੇ ਕਿਸੇ ਅਧੂਰੇਪਣ ਦੀ ਵਜ੍ਹਾ ਕਰਕੇ ਅਹਿਸਾਸ-ਏ-ਕਮਤਰੀ ਨੂੰ ਆਪਣੇ ਉੱਪਰ ਭਾਰੂ ਹੋਣ ਦੇਈਏ। ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਜਾਂ ਸਭ ਤੋਂ ਵੱਡਾ ਪੁਰਸਕਾਰ ਇਹ ਹੀ ਹੈ ਕਿ ਅਸੀਂ ਸਿਰਜਣਾਤਮਕ ਜਾਂ ਰਚਨਾਤਮਕ ਅਤੇ ਸਕਾਰਾਤਮਕ ਨੁਕਤਾ-ਏ-ਨਜ਼ਰ ਰੱਖਦੇ ਹੋਏ ਇੱਕ ਪੁਰਸਕੂਨ ਜ਼ਿੰਦਗੀ ਗੁਜ਼ਾਰਨ ਦਾ ਹੁਨਰ ਸਿੱਖੀਏ ਅਤੇ ਹਵਸ ਦੀ ਭੱਠੀ ਦੇ ਸੇਕ ਤੋਂ ਹਮੇਸ਼ਾ ਦੂਰ ਰਹਿਣ ਵਿੱਚ ਸਫ਼ਲਤਾ ਹਾਸਲ ਕਰੀਏ; ਤੇ ਅਸੀਂ ਕਦੇ ਵੀ ਆਪਣੀ ਖਾਲੀ ਝੋਲੀ ਨੂੰ ਦੇਖ ਕੇ ਆਪਣਾ ਸਹਿਜ ਅਤੇ ਸਕੂਨ ਨਾ ਗਵਾਈਏ। ਉਹ ਨਿਰੰਕਾਰ ਬੜਾ ਬੇਅੰਤ ਹੈ, ਵਿਸ਼ਵਾਸ ਰੱਖੋ ਕਿ ਸਹੀ ਸਮਾਂ ਆਉਣ ਉੱਪਰ ਉਹ ਸਾਡੇ ਜਰਫ, ਲੋੜ, ਸੰਘਰਸ਼ ਅਤੇ ਘਾਲਣਾ ਨੂੰ ਦੇਖਦੇ ਹੋਏ ਸਾਨੂੰ ਕਿਸੇ ਸ਼ੈਅ ਦੀ ਤੋਟ ਮਹਿਸੂਸ ਨਹੀਂ ਹੋਣ ਦੇਵੇਗਾ। ਯਾਦ ਰਹੇ ਕਿ ਸਿਦਕ, ਸਬਰ, ਸ਼ੁਕਰ ਅਤੇ ਸਹਿਜ ਦੇ ਰਸਤੇ ਉੱਪਰ ਚਲਣ ਵਾਲੇ ਲੋਕ ਹਰ ਹਾਲ ਵਿੱਚ ਖ਼ੁਸ਼ ਅਤੇ ਪੁਰਸਕੂਨ ਰਹਿਣ ਦਾ ਹੁਨਰ ਰੱਖਦੇ ਹਨ।