ਜਸਵੰਤ ਸਿੰਘ ਨੇਕੀ ਕਾਵਿ ਦਾ ਅਧਿਆਤਮਕ ਪਰਿਪੇਖ

ਸਾਹਿਤਕ ਤੰਦਾਂ

ਡਾ. ਰਾਮ ਮੂਰਤੀ
ਜਸਵੰਤ ਸਿੰਘ ਨੇਕੀ ਇੱਕ ਦਾਰਸ਼ਨਿਕ ਕਵੀ ਵਜੋਂ ਪ੍ਰਸਿੱਧ ਹੈ। ਉਸ ਦੇ ਕਾਵਿ-ਦਰਸ਼ਨ ਦੇ ਅਧਿਆਤਮਕ ਪੱਖ ਦੀ ਸਾਡੇ ਆਲੋਚਕ ਵਰਗ ਵੱਲੋਂ ਹਮੇਸ਼ਾ ਅਣਦੇਖੀ ਕੀਤੀ ਜਾਂਦੀ ਰਹੀ ਹੈ। ਭਾਵੇਂ ਕਿ ਉਸਨੇ ਆਪਣੇ ਪਹਿਲੇ ਕਾਵਿ-ਸੰਗ੍ਰਿਹ ‘ਅਸਲੇ ਤੇ ਉਹਲੇ’ ਵਿੱਚ ਹੀ ਇੱਕ ਅਧਿਆਤਮਕ ਕਵੀ ਹੋਣ ਦੇ ਪੁਖ਼ਤਾ ਸਬੂਤ ਦੇ ਦਿੱਤੇ ਸਨ। ਇਸ ਪੁਸਤਕ ਤੋਂ ਪਿੱਛੋਂ ਛਪਣ ਵਾਲੀਆਂ ਪੁਸਤਕਾਂ ਜਿਵੇਂ ‘ਸਿਮਰਤੀ ਦੇ ਕਿਰਨ ਤੋਂ ਪਹਿਲਾਂ’, ‘ਕਰੁਣਾ ਦੀ ਛੋਹ ਤੋਂ ਮਗਰੋਂ’, ‘ਗੀਤ ਮੇਰਾ ਸੋਹਿਲਾ ਤੇਰਾ’, ‘ਬਿਰਖੇ ਹੇਠ ਸਭਿ ਜੰਤ’ ਆਦਿ ਵਿੱਚ ਵੀ ਅਧਿਆਤਮਕ ਜਗਤ ਦੇ ਰਹੱਸਾਤਮਕ ਝਲਕਾਰੇ ਵੇਖਣ ਨੂੰ ਮਿਲ ਜਾਂਦੇ ਹਨ।

ਪਾਰ-ਜਗਤ ਦੇ ਇਹ ਝਲਕਾਰੇ ਉਸ ਨੂੰ ਨਵ-ਰਹੱਸਵਾਦੀ ਕਵੀਆਂ ਦੀ ਕਤਾਰ ਵਿੱਚ ਲਿਆ ਖੜ੍ਹਾਉਂਦੇ ਹਨ। ਇਸ ਖੋਜ-ਪੱਤਰ ਦਾ ਮਨੋਰਥ ਉਸ ਦੀ ਕਵਿਤਾ ਦੇ ਅਧਿਆਤਮਕ ਤੇ ਰਹੱਸਾਤਮਕ ਪਰਿਪੇਖ ਨੂੰ ਉਭਾਰਨ ਅਤੇ ਆਧੁਨਿਕ ਅਧਿਆਤਮਵਾਦੀ ਕਵੀਆਂ ਵਿੱਚ ਉਸ ਦੀ ਵੱਖਰੀ ਨੁਹਾਰ ਤੇ ਉਸ ਦੇ ਬਣਦੇ ਸਥਾਨ ਦੀ ਨਿਸ਼ਾਨਦੇਹੀ ਕਰਨ ਦਾ ਹੈ।
ਨੇਕੀ ਦੀ ਮੁਢਲੀ ਕਵਿਤਾ ਸੰਕਲਪਾਤਮਿਕ ਕਵਿਤਾ ਹੈ। ਪਹਿਲੇ ਉਸ ਨੇ ਇਸ ਸੰਸਾਰ ਦੇ ‘ਅਸਲੇ’ ਦਾ ਸੰਕਲਪ ਲਿਆ ਹੈ, ਫਿਰ ‘ਉਹਲੇ’ ਦਾ। ਉਸ ਤੋਂ ਬਾਅਦ ਉਸ ਨੇ ਆਧੁਨਿਕ ਮਨੁੱਖ ਦੀਆਂ ਪੈੜਾਂ ਨੂੰ ਅੰਕਿਤ ਕਰਦੇ ‘ਪੈਰ ਚਿੱਤਰ’ ਲਏ ਹਨ ਤੇ ਮਨੁੱਖ ਦੀਆਂ ਦੁਨਿਆਵੀ ਪ੍ਰਾਪਤੀਆਂ/ਅਪ੍ਰਾਪਤੀਆਂ ‘ਕਿੰਗਰੇ’ ਵਿੱਚ ਸੰਕਲਪਾਤਮਿਕ ਰੂਪ ਵਿੱਚ ਪ੍ਰਗਟ ਹੋਈਆਂ ਹਨ। ਇਸ ਅਨੁਭਾਗ ਵਿੱਚ ਉਸ ਨੇ ਮਨੁੱਖ ਦੀ ਹੋਣੀ ਦੇ ਅੰਤਿਮ-ਸੱਚ ਨੂੰ ਦ੍ਰਿਸ਼ਟਮਾਨ ਕੀਤਾ ਹੈ। ਇਹ ਤਰਤੀਬ ਭਾਵੇਂ ਉਸਦੀ ਪਹਿਲੀ ਕਾਵਿ-ਪੁਸਤਕ ‘ਅਸਲੇ ਤੇ ਉਹਲੇ’ ਦੀ ਹੈ, ਪਰ ਧਿਆਨ ਨਾਲ ਦੇਖੀਏ ਤਾਂ ਇਹ ਤਰਤੀਬ ਉਸ ਦੇ ਸਮੁੱਚੇ ਕਾਵਿ-ਸਫ਼ਰ ਦੀ ਵੀ ਕਹੀ ਜਾ ਸਕਦੀ ਹੈ।
ਅਸਲੇ ਦਾ ਸੰਕਲਪ ਲੈ ਕੇ ਉਸ ਅਜਿਹੀਆਂ ਕਵਿਤਾਵਾਂ ਲਿਖਿਆਂ ਹੈ, ਜੋ ਮਨੁੱਖ ਦੀ ਦੁਨਿਆਵੀ ਅਸਲੀਅਤ/ਅਸਲੇ ਦੁਆਲੇ ਘੁੰਮਦੀਆਂ ਹਨ। ਮਨੁੱਖੀ ਅਸਲੇ ਦਾ ਇੱਕ ਰੂਪ ਉਸਦੀ ਸੰਸਾਰਨ ਪੀੜਾ ਦਾ ਹੈ। ਆਪਸੀ ਕਲੇਸ਼, ਵੈਰ-ਵਿਰੋਧ, ਨਫ਼ਰਤ, ਦੂਜੇ ਨੂੰ ਹੜੱਪ ਕਰ ਜਾਣ ਦੀ ਬਿਰਤੀ ਇਸਦੇ ਹੋਰ ਰੂਪ ਹਨ। ਮਨੁੱਖ ਦੇ ਇਸ ਅਸਲੇ ਭਾਵ ਅਜਿਹੀ ਖਸਲਤ ਨੇ ਹੀ ਉਸ ਨੂੰ ਸੰਸਾਰਕ ਤੌਰ ’ਤੇ ਬੌਣਾ ਬਣਾ ਦਿੱਤਾ ਹੈ। ‘ਅਸ਼ਰਫ-ਉਲ-ਮਖਲੂਕਾਤ’ ਕਹੇ ਜਾਂਦੇ ਇਸ ਬ੍ਰਹਿਮੰਡੀ ਸਰਦਾਰ ਦੀ ਕੋਝੀ ਅਸਲੀਅਤ ਨੂੰ ਉਸਨੇ ਆਪਣੀ ਕਵਿਤਾ ‘ਦੰਦਕੀੜਾ’ ਤਹਿਤ ਅਸਲਵਾਦੀ ਦ੍ਰਿਸ਼ਟੀ ਤੋਂ ਚਿਤਰਿਆ ਹੈ। ਆਧੁਨਿਕ ਮਨੁੱਖ ਪੇਟ ਦੀ ਭੁੱਖ, ਮਾਨਸਿਕ ਦੁੱਖ ਤੇ ਆਪਣੇ ਲੋਭ-ਲਾਲਚ ਵਿੱਚ ਫਸਿਆ ‘ਹੜਬੂ-ਹੜਬੂ’ ਕਰ ਰਿਹਾ ਹੈ। ਇਸ ਸੰਸਾਰ ’ਤੇ ਇੱਕ ਪਲ ਵੀ ਉਸ ਨੂੰ ਸੁਖ ਸ਼ਾਂਤੀ ਨਸੀਬ ਨਹੀਂ। ਆਧੁਨਿਕ ਮਨੁੱਖ ਦੇ ਇਸ ਦ੍ਰਿਸ਼ ਨੂੰ ਉਹ ਇਸ ਤਰ੍ਹਾਂ ਕਲਮ-ਬੱਧ ਕਰਦਾ ਹੈ:
ਲਾਲ ਬਿੰਬ ਬੰਦਿਆਂ ਦੇ ਮੂੰਹ
ਮੱਥੇ ਵੱਟ ਅੱਖਾਂ ਵਿੱਚ ਖੂਨ
ਮਰਦ ਪਿਆ ਔਰਤ ਨੂੰ ਖਾਏ
ਔਰਤ ਬੱਚਿਆਂ ਨੂੰ ਹਲਕਾਏ। *1
ਜਾਂ
ਹੜਬੂੰ ਹੜਬੂੰ ਕਰਦੇ ਦੇਸ
ਸਭ ਦੇਸਾਂ ਦੀਆਂ ਦਿੱਸਣ ਹੱਦਾਂ
ਖਿੱਚੀਆਂ ਹੋਈਆਂ ਨਕਸ਼ਿਆਂ ਉੱਤੇ
ਪਰ ਧਰਤੀ `ਤੇ ਇਹ ਸਰਹੱਦਾਂ
ਨਿੱਤ ਪੱਸਰਦੀਆਂ ਜਾਣ। *2
ਜਾਂ
ਅੱਜ ਜੁਆਨੀ ਹੁਸਨ ਦਾ ਨਾਂ ਨਹੀਂ
ਅੱਜ ਜੁਆਨੀ ਇਸ਼ਕ ਦਾ ਨਾਂ ਨਹੀਂ
ਹੜਬਾਂ ਵਾਲੀਆਂ ਅੱਜ ਹੁਸਨਾ ਨਾਂ
ਗਿਣੀਆਂ ਜਾਣ ਹੁਸੀਨ…
ਮੁੱਠ ਹੱਡੀਆਂ ਦੀ ਮਜਨੂੰ ਅੱਜ ਦੇ
ਇਸ਼ਕ ਨੂੰ ਸਮਝਣ ਕਾਮ!
ਅਣਚਾਹੇ-ਅਣਲੋਚੇ ਬੱਚੇ
ਪੈਦਾ ਕਰਦੇ ਜਾਣ। *3
ਉਪਰੋਕਤ ਕਾਵਿ-ਟੁਕੜਿਆਂ ਵਿੱਚ ਅਜੋਕੇ ਦੌਰ ਦੇ ਮਨੁੱਖ ਦਾ ਦੁਨਿਆਵੀ ਯਥਾਰਥ ਪੇਸ਼ ਕੀਤਾ ਗਿਆ ਹੈ। ਮਨੁੱਖ ਦੇ ਅਜਿਹੇ ਸੰਕਟ ਦਾ ਕਾਰਨ ਉਸਦਾ ਨੈਤਿਕ ਪਤਨ ਹੀ ਹੈ। ਅਧਿਆਤਮਕ ਦ੍ਰਿਸ਼ਟੀ ਅਨੁਸਾਰ ਸੰਭੋਗ ਕੇਵਲ ਔਲਾਦ ਪ੍ਰਾਪਤੀ ਲਈ ਕਰਨਾ ਵਾਜਬ ਹੈ। ਇਸ ਤੋਂ ਬਿਨਾਂ ਕੀਤਾ ਗਿਆ ਸੰਭੋਗ ਪਾਪ ਤੇ ਵਿਭਚਾਰ ਮੰਨਿਆ ਜਾਂਦਾ ਹੈ। ਪਰ ਅਜੋਕਾ ਮਨੁੱਖ ਇਸ ਦ੍ਰਿਸ਼ਟੀ ਤੋਂ ਇਨਕਾਰੀ ਹੋ ਕੇ ਕਾਮ ਦੇ ਖੂਹ ਵਿੱਚ ਡੂੰਘਾ ਲੱਥ ਗਿਆ ਹੈ। ਇਸੇ ਲਈ ਇਹ ਅਣਚਾਹੇ ਤੇ ਅਣਲੋਚੇ ਬੱਚੇ ਪੈਦਾ ਕਰ ਬੈਠਦਾ ਹੈ ਤੇ ਜੰਮਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਮਾਰ ਰਿਹਾ ਹੈ।
ਅਧਿਆਤਮਕ ਦ੍ਰਿਸ਼ਟੀ ਅਨੁਸਾਰ ਇਹ ਸ੍ਰਿਸ਼ਟੀ ਕਿਸੇ ਉਚੇਰੀ ਆਸ ਦੇ ਬਲ ’ਤੇ ਹੀ ਅੱਗੇ ਵਧ ਰਹੀ ਹੈ, ਵਿਕਸਿਤ ਹੋ ਰਹੀ ਹੈ। ਚੰਦ, ਸੂਰਜ ਤੇ ਧਰਤੀ ਕਿਸੇ ਆਸ ਸਹਾਰੇ ਹੀ ਇੱਕ-ਦੂਜੇ ਦੁਆਲੇ ਚੱਕਰ ਕੱਟ ਰਹੇ ਹਨ। ਕਵੀ ਦੱਸਦਾ ਹੈ:
ਸਦਾ ਆਪਣੇ ਰਾਹੀਂ ਤੁਰਦ ਰਹਿੰਦੀ
ਉਸੇ ਪੁਰਾਣੀ ਪਗਡੰਡੀ ਦੇ, ਮੁੜ ਮੁੜ ਗੇੜੇ ਲੈਂਦੀ
ਕਿਉਂ ਨਹੀਂ ਧਰਤੀ ਰਸਤੇ ਤੋਂ ਨੱਸ ਜਾਂਦੀ…
ਨਿੱਤ ਨਿੱਤ ਚੜ੍ਹਦਾ ਨਿੱਤ ਨਿੱਤ ਲਹਿੰਦਾ
ਸਦਾ ਤਪਸ਼ ਵਿੱਚ ਤਪਦਾ ਰਹਿੰਦਾ
ਕਿਉਂ ਨਹੀਂ ਸੂਰਜ ਤਪਣਾ ਛੱਡਦਾ?…
ਨਿੱਤ ਨਿੱਤ ਨਵੀਆਂ ਦੁੱਖਾਂ ਦੀਆਂ ਵਾਟਾਂ
ਸਦਾ ਸਹਾਰੇ ਜੀਵਨ ਪੀੜਾਂ, ਜੰਮਣ ਦੀਆਂ ਤੱਰਾਟਾਂ
ਕਿਉਂ ਨਹੀਂ ਛੱਡਦਾ ਜੀਵਨ ਨੂੰ ਇਨਸਾਨ?…
ਆਸ ਦੇ ਬਲ `ਤੇ ਹੈ ਕਾਇਮ ਕੁੱਲ ਨਿਜ਼ਾਮ!
ਆਸ ਹੈ ਅਸਲਾ ਕੁੱਲ ਜੀਵਨ ਦਾ
ਆਸ ਆਸਰਾ ਹਰ ਹਸਤੀ ਦਾ। *4
ਕਵੀ ਦੇ ਇਸ ਕਥਨ ਨੂੰ ਪ੍ਰੋੜਤਾ ਗੁਰਮਤਿ ਦੇ ਇਸ ਵਿਚਾਰ ਤੋਂ ਸਹਿਜੇ ਹੀ ਮਿਲ ਜਾਂਦੀ ਹੈ:
ਆਸਾ ਆਸ ਕਰੇ ਸਭ ਕੋਈ॥
ਹੁਕਮੈ ਬੂਝੈ ਨਿਰਾਸਾ ਹੋਈ॥
ਆਸਾ ਵਿੱਚ ਸੁੱਤੇ ਕਈ ਲੋਈ॥
ਸੋ ਜਾਗੈ ਜਾਗਾਵੇ ਸੋਈ॥ *5
ਇੱਕ ਵਿਸ਼ੇਸ਼ ਕਿਸਮ ਦੀ ਆਸ, ਖਿੱਚ ਜਾਂ ਜਿਗਿਆਸਾ ਹੀ ਇਸ ਸ੍ਰਿਸ਼ਟੀ ਦੀ ਗਤੀਸ਼ੀਲਤਾ ਦਾ ਕਾਰਨ ਹੈ। ਭਾਈ ਵੀਰ ਸਿੰਘ ਨੇ ਆਪਣੀ ਇੱਕ ਕਵਿਤਾ ਵਿੱਚ ਇਸ ਆਸ ਨੂੰ ਹੀ ਖਿੱਚ ਦਾ ਨਾਂ ਦਿੱਤਾ ਹੈ, ਜਿਵੇਂ:
ਤੁਸਾਂ ਬੰਨਿ੍ਹਆ ਨੇਮ ਵੱਡੇ ਖਿੱਚਣ ਛੋਟਿਆਂ
ਸੂਰਜ ਖਿੱਚੇ ਧਰਤਿ, ਧਰਤਿ ਫਿਰ ਚੰਦ ਨੂੰ,
ਚੰਦ ਮਾਰਦਾ ਖਿੱਚ, ਉਛਾਲੇ ਸਾਗਰਾਂ। *6
ਪ੍ਰਕਿਰਤੀ ਦੀਆਂ ਵਸਤਾਂ ਦੀ ਨਾਸ਼ਮਾਨਤਾ ਵੀ ਇਸ ਸ੍ਰਿਸ਼ਟੀ ਦਾ ਅਸਲਾ ਹੈ। ਮਨੁੱਖ ਇਸ ਪ੍ਰਤੀ ਸੁਚੇਤ ਹੁੰਦਾ ਹੋਇਆ ਵੀ ਉਦਾਸੀਨਤਾ ਵਾਲਾ ਰਵੱਈਆ ਅਖਤਿਆਰ ਕਰੀ ਬੈਠਾ ਹੈ। ਉਹ ਇੱਕ ਦੂਸਰੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮਨੁੱਖ ਜਾਤ-ਪਾਤ, ਰੰਗ-ਨਸਲ, ਧਰਮ-ਮਜ਼ਹਬ ਦੀਆਂ ਵਿੱਥਾਂ ਵਿਚਕਾਰ ਹੀ ਮਰ ਜਾਂਦਾ ਹੈ। ਮਨੁੱਖ ਦੀ ਇਸ ਯਥਾਰਥਕ ਹੋਣੀ ਨੂੰ ਕਵੀ ਨੇ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਪ੍ਰਸਤੁਤ ਕੀਤਾ ਹੈ। ਉਦਾਹਰਣ ਸਰੂਪ ਇੱਕ ਕਾਵਿ-ਬੰਦ ਪ੍ਰਸਤੁਤ ਹੈ:
ਸੂਰਜਾਂ ’ਚੋਂ ਕਿਰ ਜਾਣੀ ਧੁਪੜੀ ਦੁਪਹਿਰ ਦੀ,
ਚੰਦਰਮੇ ਨੂੰ ਟੁੱਕ ਟੁੱਕ ਖਾ ਜਾਣਾ ਹੋਈਆਂ
ਆਪ ਭਾਵੇਂ ਸਮੇਂ ਨੇ ਵੀ ਸਦਾ ਨਹੀਂ ਘੱਟ ਰਹਿਣਾ
ਹੱਥ ਲਾ ਲਾ ਕਰੀ ਜਾਏ ਕੁਦਰਤਾਂ ਕੁਸੁਹਾਣੀਆਂ। *7
ਭਾਵ ਧਰਤੀ, ਸੂਰਜ, ਚੰਦਰਮਾ ਅਤੇ ਖੁਦ ਵਕਤ ਇੱਕ ਨਾ ਇੱਕ ਦਿਨ ਨਾਸ਼ ਹੋ ਜਾਣ ਵਾਲੇ ਹਨ। ਸਮਾਂ ਸਾਪੇਖਕ ਹੈ ਤੇ ਸ੍ਰਿਸ਼ਟੀ ਦੇ ਰੂਪ ਧਾਰਨ ਨਾਲ ਸ਼ੁਰੂ ਹੁੰਦਾ ਹੈ। ਸ੍ਰਿਸ਼ਟੀ ਦੇ ਵਿਨਾਸ਼ ਨਾਲ ਇਹਨੇ ਵੀ ਖ਼ਤਮ ਹੋ ਜਾਣਾ ਹੈ। ਸ੍ਰਿਸ਼ਟੀ ਦੀ ਛਿਣ ਭੰਗੁਰਤਾ ਅਤੇ ਚਲਾਇਮਾਨਤਾ ਦੀ ਸਥਿਤੀ ਵਿੱਚ ਰਹਿਣ ਵਾਲੇ ਜੀਵ ਵੀ ਛਿਣ-ਭੰਗੁਰ ਤੇ ਚਲਾਇਮਾਨਤਾ ਵਾਲੀ ਸਥਿਤੀ ਵਿੱਚ ਹੀ ਰਹਿੰਦੇ ਹਨ। ਇਹ ਸਥਿਤੀ ਮਨੁੱਖ ਲਈ ਸਭ ਤੋਂ ਵੱਡਾ ਦੁੱਖ ਬਣੀ ਹੋਈ ਹੈ, ਕਿਉਂਕਿ ਇੱਕ ਚੇਤੰਨ ਪ੍ਰਾਣੀ ਹੋਣ ਦੇ ਨਾਤੇ ਇਹ ਆਪਣੇ ਆਦਿ ਅਤੇ ਅੰਤ ਪ੍ਰਤੀ ਸੁਚੇਤ ਹੈ। ਮੌਤ ਹਰ ਮਨੁੱਖ ਅੱਗੇ ਵਿਕਰਾਲ ਰੂਪ ਵਿੱਚ ਖੜ੍ਹੀ ਹੈ, ਪਰ ਮਨੁੱਖ ਇਸ ਜਗਤ ਤੋਂ ਕਿਸੇ ਵੀ ਸੂਰਤ ਵਿੱਚ ਜਾਣਾ ਨਹੀਂ ਚਾਹੁੰਦਾ। ਇਸ ਲਈ ਮੌਤ ਦਾ ਖਿਆਲ ਤੱਕ ਹੀ ਉਸ ਅੰਦਰ ਅਕਹਿ ਪੀੜਾ ਜਗਾ ਦਿੰਦਾ ਹੈ।
‘ਸਿਮਰਤੀ ਦੇ ਕਿਰਨ ਤੋਂ ਪਹਿਲਾਂ’ ਕਾਵਿ-ਪੁਸਤਕ ਦਾ ਵਕਤਾ ਇਸੇ ਅੰਤਿਮ ਛਿਣ ਦੀ ਪੀੜਾ ਨੂੰ ਭੋਗਦਾ ਦਿਖਾਇਆ ਗਿਆ ਹੈ।
ਨੇਕੀ-ਕਾਵਿ ਮਨੁੱਖ ਦੇ ‘ਅਸਲੇ’ ਦੇ ਨਿਰਧਾਰਨ ਦੇ ਮਸਲੇ ਨਾਲ ਗਹਿਰ-ਗੰਭੀਰ ਰੂਪ ਵਿੱਚ ਜੁੜਿਆ ਹੋਇਆ ਹੈ। ਮਨੁੱਖ ਦਾ ਅਸਲਾ, ਅਸਲ ਵਿੱਚ ਇਹ ਦ੍ਰਿਸ਼ਟਮਾਨ ਜਗਤ ਨਹੀਂ। ਮਨੁੱਖ ਦਾ ਅਸਲਾ ਕਿਸੇ ਉਹਲੇ ਵਿੱਚ ਲੁਕਿਆ ਹੋਇਆ ਹੈ। ਅਧਿਆਤਮਕ ਦ੍ਰਿਸ਼ਟੀ ਅਨੁਸਾਰ ਮਨੁੱਖ ਦਾ ਅਸਲਾ ਅਰਾਮ ਤੇ ਅਗੋਚਰ ਸੰਸਾਰ ਹੈ। ਉਸ ਸੰਸਾਰ ਵਿੱਚ ਪਹੁੰਚ ਕੇ ਹੀ ਉਸ ਨੂੰ ਸਦੀਵੀ ਸੁੱਖ ਪ੍ਰਾਪਤ ਹੋਣਾ ਹੈ। ‘ਅਸਲੇ ਤੋਂ ਉਹਲੇ’ ਵਿਚਲੀ ਕਵਿਤਾ ‘ਆਓ ਪੰਛੀਓ’ ਇਸੇ ਸਤਿ ਦੀ ਭਾਵ-ਅਭਿਵਿਅਕਤੀ ਨਾਲ ਜੁੜੀ ਹੋਈ ਹੈ। ਇਸ ਤਰ੍ਹਾਂ ਨੇਕੀ ਦੀ ਕਵਿਤਾ ਅਧਿਆਤਮਵਾਦ ਦੀਆਂ ਅਜਿਹੀਆਂ ਮਿੱਥਾਂ ਦਾ ਅਨੁਸਰਣ ਹੀ ਕਰਦੀ ਹੈ। ਇਹ ਅਨੁਸਰਣ ਵੈਦਿਕ-ਰੂੜੀਆਂ ਦਾ ਵੀ ਹੈ, ਉਪਨਿਸ਼ਦਾਂ ਦਾ ਵੀ ਤੇ ਗੁਰਮਤਿ ਸਾਹਿਤ ਦੀਆਂ ਵਿਚਾਰ-ਰੂੜੀਆਂ ਦਾ ਵੀ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸ਼ਬਦਾਂ ਵਿੱਚ ਪ੍ਰਗਟਾਈਆਂ ਗਈਆਂ ਇਨ੍ਹਾਂ ਵਿਚਾਰ ਰੂੜੀਆਂ ਦਾ ਅਨੁਸਰਣ ਵੀ ਨੇਕੀ ਆਪਣੇ ਕਾਵਿ ਸਿਰਜਣ ਵਿੱਚ ਕਰਦਾ ਹੋਇਆ ਦਿਖਾਈ ਦਿੰਦਾ ਹੈ। ਮਿਸਾਲ ਵਜੋਂ ਉਸ ਦੀ ਹੇਠ ਲਿਖੀ ਕਵਿਤਾ ਦੇਖੀ ਜਾ ਸਕਦੀ ਹੈ:
ਸਹਿਜੇ ਸਹਿਜੇ ਪਰ ਬੁਲ੍ਹੀਆਂ ਨੇ,
ਨਿੱਘ ਦੀ ਖਾਤਰ ਦੁੱਧ ਦੀ ਖਾਤਰ,
ਮਾਂ ਥਣ ਲਏ ਪਛਾਣ।
ਸਹਿਜੇ ਸਹਿਜੇ ਫਿਰ ਅੱਖੀਆਂ ਨੇ,
ਅੰਮਾਂ ਲਈ ਸਿੰਦਾਣ।
ਆ ਗਈ ਮੁੜ ਹਵਾ ਦੀ ਜਾਈ
ਆਦਮ ਪੁੱਤ ਭਰਮਾਣ,
ਉਸ ਨੂੰ ਅਰਸ਼ੀ ਬਾਗ ’ਚੋਂ ਕੱਢ ਕੇ,
ਫਰਸ਼ਾਂ `ਤੇ ਸੁੱਟ ਮਾਣ।
ਪਿਆਰ ਦੀ ਖਾਤਰ, ਦੁੱਧ ਦੀ ਖਾਤਰ,
ਨਿੱਘ ਦੀ ਖਾਤਰ, ਸੁਆਦ ਦੀ ਖਾਤਰ,
ਮੀਟੇ ਅੱਖਾਂ, ਖੋਲ੍ਹੇ ਬਾਹਵਾਂ,
ਮਿੱਠੇ ਨਿੱਘੇ ਥਣਾਂ ਨੇ ਆਖਰ,
ਖੁਹ ਲਿਆ ਉਸਦਾ ਧਿਆਨ। *8
ਨੇਕੀ ਨੇ ਇਸ ਕਵਿਤਾ ਨੂੰ ਗੁਰੂ ਨਾਨਕ ਦੇਵ ਜੀ ਦੀ ‘ਵਾਰ ਮਾਲ ਕੀ’ ਦੇ ਵਿਚਾਰ ਮਾਡਲ ਉਪਰ ਉਸਾਰਿਆ ਹੈ, ਜਿਸ ਅਨੁਸਾਰ ਜੀਵਾਤਮਾ ਮਾਂ ਦੇ ਪੇਟ ਵਿੱਚ ਵਿਚਰਦੀ ਹੋਈ ਪ੍ਰਭੂ ਨਾਲ ਜੁੜੀ ਹੋਈ ਸੀ। ਇਸ ਸੰਸਾਰ ਵਿੱਚ ਜਨਮ ਧਾਰਨ ਕਰਨ ਸਾਰ ਉਸ ਦਾ ਧਿਆਨ ਪਰਮਾਤਮਾ ਨਾਲੋਂ ਟੁੱਟ ਗਿਆ। ਨੇਕੀ ਦੀ ਉਪਰੋਕਤ ਕਵਿਤਾ ਅਨੁਸਰਣ ਨੂੰ ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਦੇ ਪ੍ਰਸੰਗ ਵਿੱਚ ਵਿਚਾਰਿਆ ਜਾ ਸਕਦਾ ਹੈ:
ਪਹਿਲੈ ਪਿਆਰਿ ਲਗਾ ਥਣ ਦੁਧਿ॥
ਦੂਜੇ ਮਾਇ ਬਾਪ ਕੀ ਸੁਧਿ॥
ਤੀਜੈ ਭਯਾ ਭਾਭੀ ਬੇਬ॥
ਚਉਥੇ ਪਿਆਰਿ ਉਪੰਨੀ ਖੇਡ॥
ਪੰਜਵੈ ਖਾਣ ਪੀਅਣ ਕੀ ਧਾਤੁ॥
ਛਿਵੈ ਕਾਮੁ ਨ ਪੁੱਛੈ ਜਾਤਿ॥
ਸਤਵੈ ਸੰਜਿ ਕੀਆ ਘਰ ਵਾਸੁ॥
ਅਠਵੈ ਕ੍ਰੋਧ ਹੋਆ ਤਨ ਨਾਸੁ॥
ਨਾਵੈ ਧਉਕੇ ਉਤੇ ਸਾਹ॥
ਦਸਵੈ ਦਧਾ ਹੋਆ ਸੁਹਾਹ॥ *9
ਅਜਿਹੇ ਅਨੁਸਰਣ ਸਦਕਾ ਹੀ ਉਸਦੀ ਕਵਿਤਾ ਅਧਿਆਤਮਿਕਤਾ ਤੋਂ ਰਹੱਸਾਤਮਕਤਾ ਤੱਕ ਦਾ ਸਫ਼ਰ ਤੈਅ ਕਰਦੀ ਹੈ। ਆਪਣੇ ਇਸ ਸੁਭਾਅ ਸਦਕਾ ਹੀ ਉਹ ਸਫ਼ੀਰ ਦੀ ਕਵਿਤਾ ਵਿੱਚ ਮਿਲਦੀ ਪਾਰ-ਦੇਸ਼ ਦੀ ਭਾਵ-ਅਭਿਵਿਅਕਤੀ ਵਾਲੀ ਕਵਿਤਾ ਲਿਖਦਾ ਹੈ। ਪਾਰ-ਲੌਕਿਕ ਸਰੋਕਾਰਾਂ ਨਾਲ ਜੁੜੀ ਹੋਣ ਕਰਕੇ ਹੀ ਇਹ ਕਵਿਤਾ ਰਹੱਸਵਾਦੀ ਕਵਿਤਾ ਕਹੀ ਜਾ ਸਕਦੀ ਹੈ। ਆਧੁਨਿਕ ਸਮੇਂ ਵਿੱਚ ਧਾਰਮਿਕ ਰੰਗ ਦੀ ਕਵਿਤਾ ਲਿਖ ਚੁੱਕੇ/ ਲਿਖਦੇ ਬਹੁਤੇ ਕਵੀ ਅਧਿਆਤਮਕਤਾ ਤੱਕ ਹੀ ਮਸਾਂ ਪੁੱਜਦੇ ਹਨ।
ਪਰਮਾਤਮਾ ਵੱਲੋਂ ਧਿਆਨ ਹਟਣ ਤੋਂ ਬਾਅਦ ਭੋਗੇ ਦੁਨਿਆਵੀ ਰਸ ਤੇ ਸੁਆਦ ਹੀ ਮਨੁੱਖ ਦੇ ਦੁੱਖ ਤੇ ਉਸ ਦੇ ਨਾਸ਼ ਦਾ ਕਾਰਨ ਬਣਦੇ ਹਨ। ਸਦੀਵੀ ਸੁੱਖ ਮਨੁੱਖ ਨੂੰ ਉਸ ਅਵਸਥਾ ’ਤੇ ਪਹੁੰਚ ਕੇ ਹੀ ਪ੍ਰਾਪਤ ਹੋਵੇਗਾ, ਜਿੱਥੋਂ ਉਹ ਆਇਆ ਹੈ। ਕਵੀ ਨੇ ਉਪਰੋਕਤ ਕਵਿਤਾ ਦੇ ਬਾਕੀ ਹਿੱਸੇ ਵਿੱਚ ਅਧਿਆਤਮ ਦੇਣ ਇਸੇ ਸਾਰ ਉਪਰ ਰੌਸ਼ਨੀ ਪਾਈ ਹੈ। ਇਸ ਕਵਿਤਾ ਦੇ ਬਾਕੀ ਬੱਚਦੇ ਹਿੱਸੇ ਵਿੱਚ ਉਸ ਗੁਰਮਤਿ ਦੇ ਇਸੇ ਵਿਚਾਰ-ਭਾਵ ਦਾ ਅਨੁਸਰਣ ਕੀਤਾ ਹੈ:
ਭਰਮੇ ਭੁਲਾ ਸਭ ਜਗੁ ਫਿਰੈ ਮਨਮੁਖਿ ਪਤਿ ਗਵਾਈ॥
ਘਰ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ॥
ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ॥
ਜਿਨੀ ਘਰੁ ਜਾਤਾ ਆਪਣਾ ਸੇ ਮੁਖੀਏ ਭਾਈ॥ *10
ਗੁਰਬਾਣੀ ਮਨੁੱਖ ਨੂੰ ਪਰਮਾਤਮਾ ਦੇ ਘਰ ਤੋਂ ਆਉਂਦੀ ਸ਼ਬਦ ਧੁਨ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਇਹ ਸ਼ਬਦ-ਧੁਨ ਹੀ ਪਰਮਾਤਮਾ ਦੇ ਘਰ ਵੱਲ ਜਾਂਦੀ ਪਗਡੰਡੀ ਹੈ। ਇਸ ਵਿੱਚ ਕੋਸ਼ਿਸ਼ ਤੇ ਮਿਕਨਾਤੀਸੀ-ਖਿੱਚ ਦੀ ਗੱਲ ਕੀਤੀ ਗਈ ਹੈ। ਇਸ ਨੂੰ ਅਨਹਦ-ਬਾਣੀ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਧੁਨ ਨੂੰ ਨਾ ਸੁਣਨ ਵਾਲਾ ਮਨੁੱਖ ਅੰਨ੍ਹਾ, ਬੋਲਾ ਅਤੇ ਮਾਇਆਧਾਰੀ ਦੱਸਿਆ ਗਿਆ ਹੈ। ਉਦਾਹਰਣ ਪ੍ਰਸਤੁਤ ਹੈ:
ਮਾਇਆਧਾਰੀ ਅਤਿ ਅੰਨਾ ਬੋਲਾ॥
ਸ਼ਬਦ ਨ ਸੁਣਦੀ ਬਹੁ ਰੋਲ ਘਚੋਲਾ॥
ਗੁਰਮੁਖਿ ਜਾਪੈ ਸਬਦਿ ਲਿਵ ਲਾਇ॥
ਹਰਿਨਾਮੁ ਸੁਣੈ ਮੰਨੇ ਹਰਿ ਨਾਮਿ ਸਮਾਇ॥
ਜੋ ਤਿਸੁ ਭਾਵੇ ਸੇ ਕਰੇ ਕਰਾਇਆ॥
ਨਾਨਕ ਵਜਦਾ ਜੰਤੁ ਵਜਾਇਆ॥ *11
ਕਵੀ ਨੇ ਅਧਿਆਤਮ ਦੇ ਇਸ ਸਿਧਾਂਤ ਦਾ ਕਾਵਿ-ਰੂਪਾਂਤਰਣ ਆਪਣੀ ਕਵਿਤਾ ‘ਆਓ ਪੰਛੀਓ’ ਵਿੱਚ ਬੜੇ ਖੂਬਸੂਰਤ ਅੰਦਾਜ਼ ਵਿੱਚ ਕੀਤਾ ਹੈ। ਉਹ ਪੰਛੀਆਂ ਨੂੰ ਆਵਾਜ਼ ਦਿੰਦਾ ਹੋਇਆ ਅਜਿਹੀ ਧੁਨ ਤੇ ਅਜਿਹਾ ਗੀਤ ਸੁਣਾਉਣ ਲਈ ਕਹਿੰਦਾ ਹੈ, ਜਿਸਦੀ ਮਾਰਫ਼ਤ ਉਹ ਆਪਣੇ ਅਸਲੇ ਨੂੰ ਮਿਲ ਸਕੇ। ਕਵੀ ਆਖਦਾ ਹੈ:
ਜਾਂ ਕੋਈ ਐਸਾ ਗੀਤ ਸੁਣਾਓ
ਕੱਢ ਕੇ ਆਪਣੀ ਵਾਜ ਸੁਰੀਲੀ
ਛੋੜੋ ਤਾਨ ਜਿਹੀ ਦਰਦੀਲੀ
ਮੇਰੀ ਸੁਰਤ ਉਡਾਰੀ ਤਾਈਂ
ਮੁੜ ਅਸਲੇ ਦੀ ਯਾਦ ਦਿਵਾਓ
ਇਸਦੇ ਸੂਖਮ ਸੀਨੇ ਅੰਦਰ
ਬਿਹਬਲਤਾ ਦੀ ਅੱਗ ਲਗਾਓ
ਤਾਂ ਜੋ ਇਸ ਬਿਹਬਲਤਾ ਸਦਕੇ
ਤੋੜੇ ਸੰਗਲ ਇਹ ਜੜਤਾ ਦੇ
ਖੰਭ ਲਗਾ ਫਿਰ ਚੇਤਨਤਾ ਦੇ
ਘਰ ਆਪਣੇ ਉੱਡ ਜਾਏ। *12
ਇਹ ਘਰ ਇੱਕ ਮਿੱਥਕ ਅਵਸਥਾ ਹੈ, ਜਿਥੇ ਪਹੁੰਚ ਕੇ ਜੀਵਾਤਮਾ ਹਮੇਸ਼ਾ ਲਈ ਸੁਖੀ ਹੋ ਜਾਂਦੀ ਦੱਸੀ ਜਾਂਦੀ ਹੈ। ਇਹ ਕਵਿਤਾ ਕਦੀ ਵੀ ਇਸੇ ਅਸਲ ਘਰ ਪਹੁੰਚਣ ਦੀ ਬਿਹਬਲਤਾ ਤੇ ਕੁਦਰਤੀ ਖਿੱਚ ਦਾ ਕਰੁਣਾਮਈ ਬਿਰਤਾਂਤ ਪ੍ਰਸਤੁਤ ਕਰਦੀ ਹੈ। ਆਪਣੇ ਇਸੇ ਦੁਖਦਾਈ ਤੱਤ ਸਦਕਾ ਇਹ ਗੁਰਮਤਿ ਵਿੱਚ ਮਿਲਦੀ ਬ੍ਰਿਹ-ਭਾਵਨਾ ਦੀ ਅਨੁਸਰਣਕਾਰੀ ਬਣ ਜਾਂਦੀ ਹੈ।
ਜਸਵੰਤ ਸਿੰਘ ਨੇਕੀ ਨੇ ਜਿਸ ਤਰ੍ਹਾਂ ਦੀ ਪਰਮ ਸੱਤਾ ਵਿੱਚ ਵਿਸ਼ਵਾਸ ਰੱਖਿਆ, ਉਹ ਨਿਰਗੁਣ ਦੀ ਹੈ ਤੇ ਸਰਗੁਣ ਵੀ। ਉਹ ਉਸਨੂੰ ਇਸ ਪ੍ਰਕ੍ਰਿਰਤੀ ਵਿੱਚ ਰੱਖਿਆ ਹੋਇਆ ਵੀ ਦੇਖਦਾ ਹੈ ਤੇ ਕਿਤੇ ਲੁਕਿਆ ਹੋਇਆ ਵੀ ਕਰਾਰ ਦਿੰਦਾ ਹੈ। ਉਸਦੀ ਕਵਿਤਾ ਹੈ:
ਕਿਤੇ ਨਾਦ ਹੋ ਕਿਤੇ ਨਾਮ ਹੋ, ਕਿਤੇ ਸ਼ਬਦ ਹੋ ਵੱਸਦਾ!
ਅੰਦਰ ਸਾਡੇ ਬੈਠਾ ਧੜਕੇ, ਅਸਾਂ ਪਤਾ ਨ ਲੱਗੇ।
ਕਿਤੇ ਪਾਸਿਓਂ ਤੇ ਲੁਕਿਆ ਜਾਏ, ਹੋ ਕੇ ਅੱਖੀਆਂ ਅੱਗੇ। *13
ਜਾਂ
ਅੱਖਾਂ ਦੀਆਂ ਬੇਨੂਰ ਖਿੜਕੀਆਂ ਖੋਲ੍ਹ ਨ ਭਾਵੇਂ ਖੋਲ੍ਹ
ਆਪਣੇ ਦਿਲ ਦੀ ਬੁੱਕਲ ’ਚੋਂ ਇਹ ਜੋਤ ਪੁਰਾਣੀ ਫੋਲ। *14
ਨੇਕੀ ਨੇ ਆਪਣੀ ਸਮੁੱਚੀ ਕਵਿਤਾ ਵਿੱਚ ਇਸ ਪਰਮ-ਸੱਤਾ/ਅਦਿੱਖ ਸ਼ਕਤੀ ਨੂੰ ਕੋਈ ਵਿਸ਼ੇਸ਼ ਨਾਮ ਨਹੀਂ ਦਿੱਤਾ, ਪਰ ਇਸ ਸ੍ਰਿਸ਼ਟੀ ਦੀ ਵਿਕਾਸ ਸੇਧ ਵੀ ਇਸੇ ਸ਼ਕਤੀ ਦੁਆਰਾ ਸੰਚਾਲਿਤ ਹੋ ਰਹੀ ਮੰਨਦਾ ਹੈ। ਉਚੇਚਾ ਵਿਕਾਸ ਇਸ ਸ੍ਰਿਸ਼ਟੀ ਦਾ ਮੂਲ ਮਨੋਰਥ ਹੈ। ਡਾ. ਵਜ਼ੀਰ ਸਿੰਘ ਦਾ ਮਤ ਹੈ, “ਜਗਤ ਪ੍ਰਪੰਚ ਕਿਸੇ ਅੰਤਿਮ ਉਦੇਸ਼ ਵੱਲ ਵਧ ਰਿਹਾ ਹੈ ਅਤੇ ਇਸ ਦਿਸ਼ਾ ਵੱਲ ਵਧਦਿਆਂ ਉਸ ਦਾ ਹਰ ਪਲ ਨਵ-ਨਿਰਮਾਣ ਹੋ ਰਿਹਾ ਹੈ। ਸਿੱਖ-ਸਿਧਾਂਤ ਨੂੰ ਵਿਸ਼ਵਮਈ ਪ੍ਰਯੋਜਨ ਦਾ ਅਜਿਹਾ ਦ੍ਰਿਸ਼ਟੀਕੋਨ ਪ੍ਰਵਾਨ ਹੈ, ਕਿਉਂਕਿ ਇਸ ਵਿੱਚ ਕਰਤਾਰੀ ਸ਼ਕਤੀ ਰਾਹੀਂ ਨਿਰੰਤਰ ਰਚਨਾਕਾਰੀ ਦੀ ਗੱਲ ਕੀਤੀ ਗਈ ਹੈ? ਇਥੋਂ ਤਕ ਕਿ ਰਚਣਹਾਰ ਆਪ ਵੀ ਨਿੱਤ ਨਵੇਂ ਰੂਪ ਵਿੱਚ ਵਿਅਕਤ ਹੁੰਦਾ ਹੈ, ‘ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ।’ ਸਮਕਾਲੀ ਦਾਰਸ਼ਨਿਕ ਵਾਈਟਹੇੱਡ ਦਾ ਵਿਚਾਰ ਹੈ ਕਿ ਸਾਡੀ ਦੁਨੀਆਂ ਨਵੀਨਤਾ ਦੀ ਸੇਧ ਵਿੱਚ ਰਚਨਾਤਮਕ ਉੱਨਤੀ ਕਰ ਰਹੀ ਹੈ, ਸਿੱਖ ਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ।” *15
ਗੁਰਮਤਿ ਦਰਸ਼ਨ ਅਨੁਸਾਰ ਪਰਮਾਤਮਾ ਦਾ ਹੁਕਮ ਖੁਦਮੁਖਤਾਰ, ਅਧਿਕਾਰ-ਸੰਪਨ ਤੇ ਦੈਵੀ ਪੁਰਖ ਦਾ ਪੱਖ ਹੈ, ਜੋ ਜਗਤ ਰਚਨਾ ਦੀ ਨੇਮ-ਬੱਧਤਾ, ਨਵੀਨਤਾ ਅਤੇ ਪ੍ਰਯੋਜਨ ਦਾ ਮੂਲ ਸਰੋਤ ਹੈ। ਜਗਤ ਦੇ ਸਾਰੇ ਕਾਰ-ਵਿਹਾਰ ਤੇ ਧੰਦੇ, ਜੀਵਨ ਤੇ ਮੌਤ (ਜੀਵਨ ਮਰਨਾ ਸਭੁ ਤੁਧੇ ਤਾਈਂ), ਉਮਰ ਦੇ ਖਪਤ (ਉਸਪਤ ਮਰਲੋ ਸ਼ਬਦੇ ਹੋਏ, ਸ਼ਬਦੇ ਹੀ ਫਿਰ ਉਤਪਤ ਹੋਵੈ), ਨੇਕੀ ਤੇ ਬਦੀ ਉਸਦੀ ਸੁਤੰਤਰ ਮਰਜ਼ੀ ਤੇ ਮੌਜ ਅਨੁਸਾਰ ਕਾਰਜਸ਼ੀਲ ਹਨ। “ਬ੍ਰਹਿਮੰਡ ਦੇ ਰਹੱਸ ਤੇ ਸੁਹਜਾਂ ਸਬੰਧੀ ਇਸ ਮਤ ਦਾ ਰਵੱਈਆ ਵਿਸ਼ਵਾਸ ਤੇ ਸ਼ਰਧਾ ਵਾਲਾ ਹੈ। ਇਸ ਲਈ ਉਚੇਰੇ ਗਿਆਨ ਦੇ ਦਾਅਵਿਆਂ ਦੀ ਜਾਂ ਸ਼ੰਕਾਵਾਦੀ ਬਿਰਤੀ ਦੀ ਅਹਿਮੀਅਤ ਨਾਲ ਨਿਹਾਰਨ ਦੀ, ਵਾਹਵਾ ਕਰ ਉੱਠਣ ਦੀ ਬਿਰਤੀ ਨੂੰ ਸਲਾਹਿਆ ਗਿਆ ਹੈ… ਸਿੱਖ ਚਿੰਤਨ ਫਿਲਾਸਫਰਾਂ ਵਾਲੀ ਕਿਆਸਅਰਾਈ ਦੀ ਥਾਂ ਕੇਵਲ ਵਿਸ਼ਵਾਸ ਦਾ ਰਵੱਈਆ ਧਾਰਨ ਕਰਦਾ ਹੈ। *16 ਇਸ ਪੱਖ ਤੋਂ ਨੇਕੀ-ਕਾਵਿ ਆਪਣੀ ਅਲੱਗ ਧਾਰਨਾ ਰੱਖਦਾ ਹੈ। ਇੱਕ ਦਾਰਸ਼ਨਿਕ ਤੇ ਵਿਗਿਆਨੀ ਹੋਣ ਕਰਕੇ ਉਹ ਤਰਕ ਅਤੇ ਬੁੱਧੀ-ਵਿਵੇਕ ਨੂੰ ਵੀ ਅਹਿਮੀਅਤ ਦਿੰਦਾ ਹੈ।
ਤਰਕ ਵੀ ਤਾਂ ਰੱਬਾ ਮੇਰੀ ਸੋਹਣੀ ਦਾ ਸੋਚ,
ਕਿਹੜੇ ਭੋਰੇ ਵਿੱਚ ਦੱਸ ਇਹ ਪਾਵਾਂ ਮੈਂ। *17
ਇਸ ਤਰ੍ਹਾਂ ਪ੍ਰਕਿਰਤੀ ਦੀ ਚਲਾਇਮਾਨਤਾ ਤੇ ਵਿਸ਼ਾਲਤਾ ਸਬੰਧੀ ਉਸਦੀ ਦ੍ਰਿਸ਼ਟੀ ਇੱਕ ਸ਼ਰਧਾਵਾਨ ਸਾਧਾਰਨ ਸਿੱਖ ਦੀ ਸ਼ਰਧਾ ਵਾਲੀ ਨਹੀਂ, ਸਗੋਂ ਇੱਕ ਦਾਰਸ਼ਨਿਕ ਤੇ ਵਿਸ਼ਲੇਸ਼ਣੀ ਦ੍ਰਿਸ਼ਟੀ ਅਤੇ ਬੌਧਿਕ ਇਨਸਾਨ ਦੀ ਹੈ। ਖੋਜ ਦੀ ਸਿਖਰ ’ਤੇ ਪੁੱਜਾ ਵਿਗਿਆਨੀ ਜਦੋਂ ਪ੍ਰਕ੍ਰਿਤੀ ਦੇ ਵਿਸ਼ਾਲ ਤੇ ਸੂਖਮ ਭੇਦਾਂ ਨੂੰ ਪੂਰੀ ਤਰ੍ਹਾਂ ਜਾਣ ਸਕਣ ਤੋਂ ਅਸਮਰੱਥ ਹੋ ਜਾਂਦਾ ਹੈ ਤਾਂ ਉਸਦਾ ਵਿਸ਼ਵਾਸ ਸ਼ਰਧਾ ਵਿੱਚ ਤਬਦੀਲ ਹੋ ਕੇ ਕਿਸੇ ਸਿਰਜਣਸ਼ੀਨ ਸ਼ਕਤੀ ਨੂੰ ਮਾਨਤਾ ਦੇ ਦਿੰਦਾ ਹੈ। ਇਸੇ ਲਈ ਉਹ ਆਖਦਾ ਹੈ:
ਖੋਜ ’ਚੋਂ ਬਣਿਆ ਜਿਹੜਾ ਕਾਫ਼ਰ,
ਖੋਜ ’ਚੋਂ ਹੀ ਮੁੜ ਬਣਦਾ ਜਾਪੇ।
ਕਿਸੇ ਨਰੋਈ ਸ਼ਰਧਾ ਵਾਲਾ,
ਮੋਮਨ ਗਹਿਰ-ਗੰਭੀਰ। *18
ਜਾਂ
ਬੀਤ ਰਹੇ ਜੁੱਗ ਚਾਰ
ਅੱਜ ਬੰਦਾ ਮੁੜ ਬਣਦਾ ਜਾਪੇ।
ਰੱਬ ਦਾ ਸਿਰਜਣਹਾਰ। *19
ਉਪਰੋਕਤ ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਜਸਵੰਤ ਸਿੰਘ ਨੇਕੀ ਦੀ ਕਵਿਤਾ ਦੀ ਅਧਿਆਤਮਕ ਤੇ ਰਹੱਸਾਤਮਕ ਸੁਰ ਪ੍ਰਕਿਰਤੀ ਦੀ ਵਿਸ਼ਾਲਤਾ ਦੇ ਸਨਮੁਖ ਵਿਗਿਆਨ ਅਤੇ ਦਰਸ਼ਨ ਦੀ ਅਲਪਤਾ ਤੇ ਬੇਵਸੀ ’ਚੋਂ ਜਨਮ ਧਾਰਦੀ ਹੈ। ਨੇਕੀ ਦੀ ਕਵਿਤਾ ਅਸਤ੍ਰਿਤਵਵਾਦ, ਪ੍ਰਭਾਵਵਾਦ, ਵਿਕਾਸਵਾਦ ਤੇ ਅਧਿਆਤਮਵਾਦ ਆਦਿ ਵਿਚਾਰਧਾਰਾਵਾਂ ਦਾ ਵਿਸ਼ਲੇਸ਼ਣੀ ਜਾਇਜ਼ਾ ਲੈਂਦੀ ਹੋਈ ਅੰਤ ਰਹੱਸ ਵਿੱਚ ਸ਼ਰਧਾ ਤੇ ਵਿਸ਼ਵਾਸ ਦੀ ਮੁਢਲੀ ਬਣ ਜਾਂਦੀ ਹੈ। ਭਾਵੇਂ ਉਸਦੀ ਇਸ ਸ਼ਰਧਾ ਵਿੱਚ ਵੀ ਤਰਕ-ਵਿਤਕਰ ਕਰਨ ਵਾਲੇ ਫਿਲਾਸਫਰ ਵਾਲੀ ਖੋਟ ਅਜੇ ਬਾਕੀ ਹੈ। ਇਹ ਲੌਕਿਕ ਦਵੰਦ ਹੀ ਉਸ ਨੂੰ ਰਹੱਸਵਾਦੀ ਕਵੀ ਦਾ ਦਰਜਾ ਪ੍ਰਦਾਨ ਕਰਦਾ ਹੈ। ਭਾਵੀ ਵੀਰ ਸਿੰਘ ਦੇ ਰਹੱਸ ਤੇ ਪ੍ਰੀਤਮ ਸਿੰਘ ਸਫ਼ੀਰ ਦੇ ਰਹੱਸ ਤੋਂ ਇਹੋ ਤੱਤ ਨੇਕੀ ਨੂੰ ਵੱਖ ਕਰਦਾ ਹੈ। ਨੇਕੀ ਦੀ ਸ਼ਰਧਾ ਉਨ੍ਹਾਂ ਵਾਂਗ ਕਿਸੇ ਅਨਿਨ ਤੋਂ ਨਿਮਾਣੇ ਸਿੱਖ ਵਾਲੀ ਸ਼ਰਧਾ ਨਹੀਂ, ਮਜੱਸ ਤੇ ਵਿਵੇਕਸ਼ੀਲ ਸ਼ਰਧਾ ਹੈ।
ਹਵਾਲੇ ਤੇ ਟਿੱਪਣੀਆਂ:
1. ਜਸਵੰਤ ਸਿੰਘ ਨੇਕੀ, ਅਸਲੇ ਤੇ ਉਹਲੇ, ਪੰਨਾ-22
2. ਜਸਵੰਤ ਸਿੰਘ ਨੇਕੀ, ਅਸਲੇ ਤੇ ਉਹਲੇ, ਪੰਨਾ-23
3. ਜਸਵੰਤ ਸਿੰਘ ਨੇਕੀ, ਅਸਲੇ ਤੇ ਉਹਲੇ, ਪੰਨਾ-24
4. ਜਸਵੰਤ ਸਿੰਘ ਨੇਕੀ, ਅਸਲੇ ਤੇ ਉਹਲੇ, ਪੰਨਾ-32-34
5. ਆਦਿ ਗ੍ਰੰਥ ਪੰਨਾ-425
6. ਭਾਈ ਵੀਰ ਸਿੰਘ, ਮੇਰੇ ਸਾਈਆਂ ਜੀਓ, ਪੰਨਾ-52
7. ਜਸਵੰਤ ਸਿੰਘ ਨੇਕੀ, ਨਾ ਇਹ ਗੀਤ ਨ ਬਿਰਹੜਾ ਪੰਨੇ-37, 38
8. ਜਸਵੰਤ ਸਿੰਘ ਨੇਕੀ, ਅਸਲੇ ਤੇ ਉਹਲੇ ਪੰਨਾ-38
9. ਆਦਿ ਗ੍ਰੰਥ ਪੰਨਾ-138
10. ਆਦਿ ਗ੍ਰੰਥ ਪੰਨਾ-428
11. ਆਦਿ ਗ੍ਰੰਥ ਪੰਨਾ-314
12. ਜਸਵੰਤ ਸਿੰਘ ਨੇਕੀ, ਅਸਲੇ ਤੇ ਉਹਲੇ ਪੰਨਾ-40
13. ਜਸਵੰਤ ਸਿੰਘ ਨੇਕੀ, ਗੀਤ ਮੇਰਾ ਸੋਹਿਲਾ ਤੇਰਾ ਪੰਨਾ-46
14. ਜਸਵੰਤ ਸਿੰਘ ਨੇਕੀ, ਅਸਲੇ ਤੇ ਉਹਲੇ ਪੰਨਾ-80
15. ਡਾ. ਵਜ਼ੀਰ ਸਿੰਘ, ਸਿੱਖ ਦਰਸ਼ਨਧਾਰਾ, ਪੰਨਾ-09
16. ਡਾ. ਵਜ਼ੀਰ ਸਿੰਘ, ਸਿੱਖ ਦਰਸ਼ਨਧਾਰਾ, ਪੰਨਾ-09
17. ਜਸਵੰਤ ਸਿੰਘ ਨੇਕੀ, ਨਾ ਇਹ ਗੀਤ ਨਾ ਬਿਰਹੜਾ, ਪੰਨਾ-37
18. ਜਸਵੰਤ ਸਿੰਘ ਨੇਕੀ, ਅਸਲੇ ਤੇ ਉਹਲੇ, ਪੰਨਾ-65
19. ਜਸਵੰਤ ਸਿੰਘ ਨੇਕੀ, ਅਸਲੇ ਤੇ ਉਹਲੇ, ਪੰਨਾ-66

Leave a Reply

Your email address will not be published. Required fields are marked *