ਪੰਜਾਬੀਪੁਣੇ ਦਾ ਮਾਣ

ਅਦਬੀ ਸ਼ਖਸੀਅਤਾਂ ਆਮ-ਖਾਸ

ਡਾ. ਨਿਰਮਲ ਸਿੰਘ
ਕਹਿੰਦੇ ਨੇ ਕਿ ਇਨਸਾਨ ਯਾਦਾਂ ਦੇ ਸਹਾਰੇ ਈ ਜ਼ਿੰਦਗੀ ਦੀਆਂ ਲੰਮੀਆਂ ਵਾਟਾਂ ਨਿਬੇੜਦਾ ਹੈ। ਅਜਿਹੀ ਹੀ ਕਿਸੇ ਸੁਖਦਾਈ ਯਾਦ ਦਾ ਜ਼ਿਕਰ ਵੀ ਉਤਸ਼ਾਹ ਨਾਲ ਨੱਕੋ-ਨੱਕ ਭਰ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿਣ ਲਈ ਸਾਡਾ ਪ੍ਰੇਰਨਾ ਸਰੋਤ ਬਣਿਆ ਰਹਿੰਦਾ ਹੈ। ਕਥਾ 1994 ਦੇ ਸਤੰਬਰ ਅਰਥਾਤ ਅੱਸੂ ਮਹੀਨੇ ਦੀ ਹੈ। ਆਪਣੀ ਹਮਸਫਰ ਤੇ ਇਕਲੌਤੇ ਪੁੱਤਰ ਨਾਲ ਅਸੀਂ ਆਪਣੇ ਸਹੁਰੇ ਨਗਰ ਵਿੰਡਸਰ (ਕੈਨੇਡਾ) ਤੋਂ ਭਾਣਜੀ ਨੂੰ ਮਿਲਣ ਅਮਰੀਕਾ ਦੇ ਹੀ ਨਹੀਂ, ਕੁੱਲ ਜਗਤ ਦੇ ਸਿਰਮੌਰ ਸ਼ਹਿਰ ਨਿਊ ਯਾਰਕ ਗਏ।

ਅੰਧ ਮਹਾਂਸਾਗਰ ਦੇ ਕੰਢੇ ਵਸਿਆ ਇਹ ਧੜਵੈਲ ਸ਼ਹਿਰ ਅਮਰੀਕਾ ਦਾ ਹੀ ਨਹੀਂ, ਸੰਸਾਰ ਭਰ ਦੀਆਂ ਸਰਕਾਰਾਂ ਤੇ ਧਨਵਾਨ ਕਾਰੋਬਾਰੀਆਂ, ਸ਼ੇਅਰ ਬਾਜ਼ਾਰਾਂ, ਅਜਾਇਬਘਰਾਂ, ਵਪਾਰੀਆਂ ਅਤੇ ਜਗਤ ਦੇ ਲੱਗਭਗ ਦੋ ਸੌ ਦੇਸ਼ਾਂ ਦੀ ਪੰਚਾਇਤ (ਯੂ.ਐਨ.ਓ.) ਦਾ ਮੁੱਖ ਕੇਂਦਰ ਹੈ। ਅਸੀਂ ਕਈ ਦਿਨ ਇੱਥੋਂ ਦੇ ਅਜਾਇਬ ਘਰਾਂ, ਸਮੁੰਦਰੀ ਘਾਟਾਂ, ਬਾਗ ਬਗੀਚਿਆਂ, ਪਾਤਾਲੀ ਸੁਰੰਗਾਂ, ਆਜ਼ਾਦੀ ਦੀ ਦੇਵੀ ਦਾ ਬੁੱਤ (ਸਟੈਚੂ ਆਫ ਲਿਬਰਟੀ) ਵੇਖ ਰੱਜ ਕੇ ਆਨੰਦ ਮਾਣਿਆ। ਇੱਕ ਦਿਨ ਅਸੀਂ ਤਿੰਨੇ ਜਾਣੇ, ਨਾਲ ਭਾਣਜੀ ਤੇ ਉਹਦਾ ਪ੍ਰਹੁਣਾ ਜ਼ਮੀਨਦੋਜ਼ ਰੇਲ ਗੱਡੀ (ਸਬਵੇਅ) ਰਾਹੀਂ ਮੈਨਹਾਟਨ ਵਿਖੇ ਯੂ.ਐਨ.ਓ. ਦੇ ਦਫਤਰ ਵੇਖਣ ਦੀ ਵਿਉਂਤ ਬਣਾ ਲਈ। ਨਿਊ ਯਾਰਕ ਸ਼ਹਿਰ ਦੀਆਂ ਗਲੀਆਂ (ਸਟਰੀਟਾਂ) ਤੇ ਕੂਚਿਆਂ (ਐਵੀਨਿਊ) ਵਿੱਚ ਅੰਤਾਂ ਦੇ ਭੀੜ-ਭੜੱਕੇ ਕਰਕੇ ਹਰ ਇੱਕ ਨੂੰ ਆਪਣੀ ਕਾਰ ਖੜ੍ਹੀ ਕਰਨ ਲਈ ਜਗ੍ਹਾ (ਪਾਰਕਿੰਗ) ਲੱਭਣੀ ਮੁਹਾਲ ਹੁੰਦੀ ਏ।
ਜਦੋਂ ਅਸੀਂ ਯੂ.ਐਨ.ਓ. ਦੇ ਦਫਤਰ ਨੇੜਲੇ ਜ਼ਮੀਨਦੋਜ਼ ਸਟੇਸ਼ਨ `ਤੇ ਉਤਰ ਕੇ, ਪੌੜੀਆਂ ਚੜ੍ਹ ਉਪਰ ਸੜਕ `ਤੇ ਪੁੱਜੇ ਤਾਂ ਟੈਕਸੀ ਲੈਣ ਦੀ ਲੋੜ ਸੀ। ਅਸੀਂ ਕੁੱਲ ਸਾਢੇ ਚਾਰ ਸਵਾਰੀਆਂ ਸਾਂ। ਇੱਕ ਮੈਂ ਤੇ ਮੇਰੀ ਘਰਵਾਲੀ, ਦੂਜੇ ਮੇਰੀ ਭਾਣਜੀ ਤੇ ਭਾਣਜ ਜਵਾਈ ਅਤੇ ਨਾਲ ਸਾਡਾ ਅੱਠ ਵਰਿ੍ਹਆਂ ਦਾ ਨਿਆਣਾ ਮੁੰਡਾ। ਕਿੰਨੀਆਂ ਹੀ ਟੈਕਸੀਆਂ ਨੂੰ ਰੋਕ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਹਰ ਟੈਕਸੀ ਵਾਲਾ ਚਾਰ ਦੀ ਥਾਂ ਸਾਢੇ ਚਾਰ ਸਵਾਰੀਆਂ ਤੱਕ ਕੇ ਨਾਂਹ ਕਹਿੰਦਿਆਂ ਤੁਰਦਾ ਬਣੇ। ਅਸੀਂ ਹੌਲੀ-ਹੌਲੀ ਤੁਰ ਪਏ, ਪਰ ਉਥੋਂ ਦੇ ਚੌਰਾਹੇ ਤੇ ਜ਼ੈਬਰਾ ਕਰਾਸਿੰਗ ਲੰਘਣੇ ਵੀ ਖਾਲਾ ਜੀ ਦਾ ਵਾੜਾ ਨਹੀਂ। ਸਾਨੂੰ ਤੁਰੇ ਜਾਂਦਿਆਂ ਵੇਖ ਇੱਕ ਟੈਕਸੀ ਕੁਝ ਹੌਲੀ ਹੋ ਕੇ ਰੁਕੀ। ਡਰਾਇਵਰ ਨੇ ਬਾਰੀ ਖੋਲ੍ਹਦਿਆਂ ਈ ਉਚੀ ਆਵਾਜ਼ ’ਚ ਆਖਿਆ, “ਭਾਅ ਜੀ ਸਾਸਰੀ ਕਾਲ! ਦਬਾ ਦਬ ਟੈਕਸੀ ’ਚ ਬਹਿ, ਅਹਿ ਕਾਕੇ ਨੂੰ ਆਪਣੇ ਪੱਟਾਂ ’ਚ ਰਤਾ ਕੁ ਟੇਢਾ ਕਰ ਕੇ ਲੁਕਾ ਲਓ।”
ਅਸੀਂ ਡਰਾਈਵਰ ਦੇ ਆਖੇ ਲੱਗ ਸੱਚੇ ਰੱਬ ਦਾ ਸ਼ੁਕਰਾਨਾ ਕੀਤਾ। ਅੰਦਰ ਬਹਿੰਦਿਆਂ ਈ ਜਦੋਂ ਅਸੀਂ ਆਪਣੀ ਮੰਜਲ ਦੱਸ ਕੇ ਸੌਖ ਮਹਿਸੂਸ ਕੀਤੀ, ਉਦੋਂ ਈ ਡਰਾਇਵਰ ਬੋਲਿਆ, “ਤੁਹਾਨੂੰ ਪਤਾ ਏ ਕਿ ਮੈਂ ਟੈਕਸੀ ਵਿੱਚ ਸਾਰਿਆਂ ਨੂੰ ਬਿਠਾਉਣ ਦਾ ਜ਼ੋਖਮ ਮੁੱਲ ਕਿਉਂ ਲਿਆ ਏ? ਮੈਨੂੰ ਕਿਸੇ ਵੀ ਪੁਲਸੀਏ ਨੇ ਵੇਖ ਲਿਆ ਤਾਂ ਮੇਰਾ ਸੌ ਡਾਲਰ ਜ਼ੁਰਮਾਨੇ ਵਾਲਾ ਟਿਕਟ (ਚਲਾਨ) ਵੱਟ `ਤੇ ਪਿਆ ਏ।” ਮੈਂ ਪਹਿਲੋਂ ਸਮਝ ਤੇ ਗਿਆ ਸਾਂ ਕਿ ਜਿਸ ਟੈਕਸੀ ਵਾਲੇ ਨੇ ਮੈਨੂੰ ਵੇਖ ਟੈਕਸੀ ਰੋਕੀ ਤੇ ਸਾਸਰੀ ਕਾਲ ਬੁਲਾਈ, ਉਹ ਪੰਜਾਬੀ ਹੀ ਹੋਵੇਗਾ। ਉਂਝ ਚਲਾਨ ਦੇ ਤੌਖਲੇ ਦਾ ਮੈਨੂੰ ਇਲਮ ਨਹੀਂ ਸੀ। ਮੈਂ ਡਰਾਈਵਰ ਨੂੰ ਜਵਾਬ ਦਿੱਤਾ, “ਭਾਊ! ਸਾਨੂੰ ਉੱਕਾ ਈ ਨਹੀਂ ਪਤਾ ਕਿ ਤੂੰ ਇੰਨੀ ਮਿਹਰਬਾਨੀ ਕਿਉਂ ਕੀਤੀ?” ਉਹਦਾ ਕਹਿਣਾ ਸੀ, “ਮੈਂ ਤੁਹਾਡੀ ਪਗੜੀ ਵੇਖ ਕੇ ਸੋਚਿਆ, ਅੱਜ ਮੈਂ ਕਾਨੂੰਨ ਤੋੜਨ ਦੀ ਕੋਤਾਹੀ ਕਰਨੀ ਹੀ ਕਰਨੀ ਏ। ਮੈਂ ਇਸ ਪੰਜਾਬੀ ਸਰਦਾਰ ਭਰਾ ਨਾਲ ਆਪਣੀ ਬੋਲੀ ਵਿੱਚ ਰੱਜ ਕੇ ਗੱਲਾਂ ਤਾਂ ਕਰ ਸਕਾਂਗਾ! ਮੈਂ ਲਾਹੌਰੀਆਂ ਵਾਂ ਤੇ ਅੱਠ ਸਾਲਾਂ ਤੋਂ ਰੋਟੀ ਰਿਜ਼ਕ ਦੇ ਚੱਕਰ ਵਿੱਚ ਇੱਥੇ ਖਾਕ ਛਾਣ ਰਿਹਾਂ। ਅੰਗਰੇਜ਼ੀ ਬੋਲ ਬੋਲ ਮੂੰਹ ਡਿੰਗਾ ਕਰ ਕਰ ਕੇ ਮੇਰੇ ਜਬਾੜ੍ਹੇ ਪੀੜ ਪਏ ਕਰਦੇ ਨੇ। ਤੁਸੀਂ ਚੜ੍ਹਦੇ ਤੇ ਮੈਂ ਲਹਿੰਦੇ ਪੰਜਾਬੋਂ ਹੈਗਾ ਵਾਂ ਤੇ ਹੈ ਤਾਂ ਪੰਜਾਬੀ ਈ ਆਂ। ਮੈਨੂੰ ਜੁਰਮਾਨੇ ਦੀ ਕੋਈ ਪਰਵਾਹ ਨਹੀਂ।”
ਉਤਰਨ ਲੱਗਿਆਂ ਅਸੀਂ ਉਹਨੂੰ ਵੱਧ ਕਿਰਾਇਆ ਦੇਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਪੰਜਾਬਣ ਮਾਂ ਦੇ ਜਾਏ ਨੇ ਨਿੱਘੀ ਨਾਂਹ ਕਰ ਕੇ ਸਿਰਫ ਬਣਦਾ ਕਿਰਾਇਆ ਹੀ ਲਿਆ। ਪੰਜਾਬ, ਪੰਜਾਬੀਅਤ ਤੇ ਪੰਜਾਬੀ ਹੋਣ `ਤੇ ਅੰਤਾਂ ਦਾ ਮਾਣ ਮਹਿਸੂਸ ਕਰਕੇ ਸਾਨੂੰ ਮਣਾਂ ਮੂੰਹੀ ਖੁਸ਼ੀ ਦਾ ਜਿਹੜਾ ਅਹਿਸਾਸ ਹੋਇਆ ਉਹਦੀ ਯਾਦ ਅੱਜ ਵੀ ਸਰਸ਼ਾਰ ਕਰ ਦਿੰਦੀ ਏ।

ਸਤਲੁਜ ਨੂੰ ਮਿਲ ਕੇ ਰਹਿਣਗੇ, ਪਾਣੀ ਝਨਾਬ ਦੇ
ਕਿੱਸਾ ਬੜਾ ਪੁਰਾਣਾ ਹੈ। ਸੰਨ 1981 ਦੇ ਮਾਰਚ ਮਹੀਨੇ (ਚੇਤ) ਦੇ ਮੁਢਲੇ ਦਿਨਾਂ ਵਿੱਚ ਆਪਣੇ ਪੁੱਤਰ ਅਨੂਪ ਸਿੰਘ ਦੇ ਜਨਮ ਸਮੇਂ ਮੇਰਾ ਕੈਨੇਡਾ ਜਾਣ ਦਾ ਸਬੱਬ ਬਣ ਗਿਆ। ਮੇਰੇ ਵੱਡੇ ਸਾਲਾ ਸਾਹਿਬ ਕੈਨੇਡਾ ਦੇ ਧੁਰ ਦੱਖਣ ਦੇ ਸ਼ਹਿਰ ਵਿੰਡਸਰ ਰਹਿੰਦੇ ਸਨ। ਜਦੋਂ ਕਾਕਾ ਡੇਢ ਦੋ ਮਹੀਨੇ ਦਾ ਹੋ ਗਿਆ ਤਾਂ ਮੈਂ ਤੇ ਉਹਦੇ ਮਾਮੇ ਨੇ ਲੰਮੀਆਂ ਸੈਰਾਂ ਦਾ ਮਨਸੂਬਾ ਬਣਾ ਲਿਆ। ਵਿੰਡਸਰ ਤੋਂ ਕਾਰ ਰਾਹੀਂ ਟੋਰਾਂਟੋ ਆਟਵਾ, ਮਾਂਟ੍ਰੀਆਲ ਹੁੰਦੇ ਹੋਏ ਕਿਊਬਿਕ ਸੂਬੇ ਤੋਂ ਅੱਗੇ ਨਿਊਬਰਾਂਜ਼ਵਿਕ ਘੁੰਮਦੇ ਨੋਵਾ ਸਕੌਸ਼ੀਆ ਸੂਬੇ ’ਚ ਰਾਜਧਾਨੀ ਸ਼ਹਿਰ ਹੈਲੀਫੈਕਸ ਪੁੱਜ ਗਏ। ਉਨ੍ਹਾਂ ਦਿਨਾਂ ਵਿੱਚ ਭਾਰਤੀਆਂ ਦੀ ਤਾਂ ਇੱਕ ਪਾਸੇ ਸਾਡੇ ਪੰਜਾਬੀਆਂ ਦੀ ਕੈਨੇਡਾ ਵਿੱਚ ਵੱਸੋਂ ਵੀ ਵਿਰਲੀ ਵਾਂਝੀ ਹੀ ਸੀ। ਟੋਰਾਂਟੋ ਵਿੱਚ ਵੀ ਪੇਪ ਸਟਰੀਟ ’ਤੇ ਇੱਕੋ ਇੱਕ ਨਿੱਕਾ ਜਿਹਾ ਗੁਰਦੁਆਰਾ ਸੀ। ਓਂਟਾਰੀਓ ਤੋਂ ਅੱਗੇ ਤਾਂ ਸਿਰਫ ਤੇ ਸਿਰਫ ਗੋਰਿਆਂ ਦੀ ਹੀ ਬੋਲੀ ਤੇ ਸਭਿਆਚਾਰ ਦੇ ਦ੍ਰਿਸ਼ ਸਨ। ਕਦੀ ਕਦਾਈਂ ਕੋਈ ਮੂਲ ਨਿਵਾਸੀ (ਨੇਟਿਵ) ਬੰਦਾ ਨਜ਼ਰ ਆ ਜਾਂਦਾ। ਅੰਗਰੇਜ਼ੀ ਤੇ ਫਰੈਂਚ ਬੋਲੀਆਂ ਦੀ ਸਰਦਾਰੀ ਸੀ। ਨੋਵਾ ਸਕੌਸ਼ੀਆ ਤੋਂ ਅਗਾਹ ਅਸੀਂ ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ਹਿਰ ਤੇ ਰਾਜਧਾਨੀ ਸ਼ਾਰਲਟਟਾਊਨ ਜਾਣਾ ਸੀ। ਇੱਥੇ ਪੁੱਜਣ ਲਈ ਫੈਰੀ (ਛੋਟੇ ਸਮੁੰਦਰੀ ਜਹਾਜ਼) ਰਾਹੀਂ ਜਾਣਾ ਪੈਂਦਾ ਸੀ। ਅਸੀਂ ਫੈਰੀ ਫੜਨ ਤੋਂ ਪਹਿਲਾਂ ਇੱਕ ਨਿੱਕੇ ਜਿਹੇ ਸ਼ਹਿਰ ਦੇ ਵੱਡੇ ਮਾਲ (ਬਾਜ਼ਾਰ) ਵਿੱਚ ਕੁਝ ਖਰੀਦਣ ਲਈ ਰੁਕੇ। ਜਦੋਂ ਅਜੇ ਅੰਦਰ ਵੇੜੇ ਹੀ ਸਾਂ ਸਾਡੇ ਕੰਨਾਂ ਵਿੱਚ ਇਸ ਦੂਰ ਦਰਾਡੇ ਤੇ ਓਪਰੇ ਥਾਂ ਇੱਕ ਬੇਹੱਦ ਮਕਬੂਲ ਪੰਜਾਬੀ ਗੀਤ ਦੇ ਬੋਲ ਪਏ,
ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ,
ਗਲੀ ਭੁੱਲ ਨਾ ਜਾਏ ਮਾਹੀ ਮੇਰਾ।
ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ! ਕਿਉਂਕਿ ਕੈਨੇਡਾ ਦੀ ਦੂਰ ਦਰਾਡੀ ਇਸ ਨੁੱਕਰ ਵਿੱਚ ਪੰਜਾਬੀਆਂ ਦਾ ਤੇ ਨਾਮੋਨਿਸ਼ਾਨ ਵੀ ਨਹੀਂ ਸੀ। ਸੁਭਾਵਿਕ ਹੈ ਕਿ ਗੀਤ ਦੇ ਬੋਲਾਂ ਨੇ ਸਾਨੂੰ ਮਿਕਨਾਤੀਸ ਵਾਂਗ ਆਪਣੇ ਵੱਲ ਖਿੱਚ ਲਿਆ। ਜਦੋਂ ਅਸੀਂ ਆਵਾਜ਼ ਦੇ ਸੋਮੇ ਕੋਲ ਪੁੱਜਣ ਹੀ ਵਾਲੇ ਸਾਂ ਤਾਂ ਇੱਕ ਕੱਦਾਵਰ ਪੰਜਾਬੀ ਗੱਭਰੂ ਉੱਚੀ ਆਵਾਜ਼ ਵਿੱਚ ਬੋਲਿਆ, “ਭਾਅ ਜੀ ਸਾਸਰੀ ਕਾਲ, ਸਲਾਮ!” ਮੈਂ ਤੁਹਾਡੀ ਪਗੜੀ ਦੂਰੋਂ ਵੇਖ ਕੇ ਈ ਅਹਿ ਗੀਤ ਜਾਣ ਬੁੱਝ ਕੇ ਲਾਇਆ ਸੀ। ਮੈਨੂੰ ਯਕੀਨ ਸੀ ਕਿ ਤੁਸੀਂ ਜ਼ਰੂਰ ਮੇਰੇ ਵੱਲ ਆਉਂਗੇ। ਇੱਥੇ ਕਿੰਨੇ ਈ ਵਕਤ ਤੋਂ ਲਗਾਤਾਰ ਅੰਗਰੇਜ਼ੀ ਬੋਲ ਬੋਲ ਕੇ ਮੈਂ ਅੱਕ ਤੇ ਥੱਕ ਗਿਆ ਵਾਂ। ਮੈਨੂੰ ਜਾਪਦਾ ਸੀ ਕਿ ਮੂੰਹ ਡਿੰਗਾ ਕਰ ਕਰ ਕੇ ਬੋਲਣ ਕਾਰਨ ਮੇਰੀ ਜੀਭ ਤੇ ਜਬਾੜਾ ਪੀੜ ਪਿਆ ਕਰਦਾ ਏ। ਮੈਂ ਜਾਣਦਾ ਸਾਂ ਕਿ ਤੁਸੀਂ ਮੇਰੇ ਨਾਲ ਆਪਣੀ ਮਾਖਿਓਂ ਮਿੱਠੀ ਜ਼ੁਬਾਨ ’ਚ ਗੱਲ ਕਰੋਂਗੇ ਤੇ ਆਪਾਂ ਰਲ ਕੇ ਗਲਵੱਕੜੀ ਪਾਉਂਦੇ ਹੋਏ ਗੋਰਿਆਂ ਦੀ ਅੰਗਰੇਜ਼ੀ ਨੂੰ ਕੋਸਾਂਗੇ।”
ਅਸੀਂ ਉਸ ਸੋਹਣੇ ਸੁਨੱਖੇ ਉੱਚੇ ਲੰਮੇ ਜਵਾਨ ਨੂੰ ਪੁੱਛਿਆ, “ਭਾਅ! ਤੇਰਾ ਜ਼ਿਲ੍ਹਾ ਤੇ ਇਲਾਕਾ ਆਪਣੇ ਪੁਸ਼ਤੈਨੀ ਵਤਨ ’ਚ ਕਿਹੜਾ ਏ?” ਉਸ ਜਵਾਬ ਦਿੰਦਿਆਂ ਦੱਸਿਆ ਕਿ ਉਹ ਸਿਆਲਕੋਟੀਆ ਏ। ਸਾਨੂੰ ਆਪਣੀ ਮਾਂ ਬੋਲੀ ਤੇ ਪੰਜਾਬੀਪੁਣੇ ਦਾ ਜਿਹੜਾ ਮਾਣ ਤੇ ਅਹਿਸਾਸ ਹੋਇਆ, ਉਹਨੇ ਸਾਰੀਆਂ ਹੱਦਾਂ ਸਰਹੱਦਾਂ, ਜਨੂੰਨੀ ਵਲਗਣਾਂ, ਨਫਰਤਾਂ, ਰੰਜਸ਼ਾਂ, ਰੋਸੇ ਤੇ ਕਾਲੇ ਸੰਤਾਲੀ ਦੀਆਂ ਕਾਲੀਆਂ ਕਰਤੂਤਾਂ ਦੀਆਂ ਯਾਦਾਂ ਨੂੰ ਕਾਫੂਰ ਕਰ ਦਿੱਤਾ। ਅਸੀਂ ਹੌਲੇ ਫੁੱਲ ਮਹਿਸੂਸ ਕਰਦੇ ਆਪਣੀ ਮਾਂ ਬੋਲੀ ਦੀਆਂ ਬਰਕਤਾਂ ਦੀ ਖੁਸ਼ੀ ’ਚ ਖੀਵੇ ਹੋ ਅਗਲੇਰੇ ਪੜਾਅ ਲਈ ਫੈਰੀ ’ਚ ਸਮੇਤ ਕਾਰ ਸਵਾਰ ਹੋ ਗਏ। ਪਰਦੇਸਾਂ ਵਿੱਚ ਹੋਈ ਇਹ ਮੋਹ ਭਿੱਜੀ ਅਚਨਚੇਤ ਮਿਲਣੀ ਦਾ ਸਰੂਰ ਅੱਜ ਚਾਲੀ ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਓਵੇਂ ਦਾ ਓਵੇਂ ਹੈ।

Leave a Reply

Your email address will not be published. Required fields are marked *